ਬੰਦੇ ਬਦੀ ਦਾ ਬੇਹੱਦ, ਬੰਦੋਬਸਤ ਕੀਤਾ ਸੀ।
ਘੇਰਾ ਬਦਬਖ਼ਤਾਂ ਦੇ ਦੁਆਲੇ, ਸਖ਼ਤ ਕੀਤਾ ਸੀ।
ਖੜਕਾਈ ਇੱਟ ਦੇ ਨਾਲ ਇੱਟ ਸੀ, ਸਰਹੰਦ ਦੀ ਉਹਨੇ,
ਚੜ੍ਹਦਾ ਜ਼ੁਲਮਾਂ ਦਾ ਸੂਰਜ ਚੜ੍ਹਨੋਂ ਅਸਤ ਕੀਤਾ ਸੀ।
ਮਾਧੋਦਾਸ ਤੋਂ ਬੰਦਾ ਸਿੰਘ ਬਣਾਇਆ ਬੰਦੇ ਨੂੰ।
ਤੀਰਾਂ ਤੇ ਤਲਵਾਰ ਦੇ ਨਾਲ ਸਜਾਇਆ ਬੰਦੇ ਨੂੰ।
ਪੰਜ ਸਿੰਘ ਵੀ ਦਿੱਤੇ, ਹੋ ਗਏ ਪੰਝੀ ਪੂਰੇ ਸੀ।
ਤੁਰਿਆ ਵੱਲ ਪੰਜਾਬ ਦੇ ਬੰਦਾ, ਹੋ ਕੇ ਮੂਹਰੇ ਸੀ।
ਥਾਪੀ ਦੇ ਨਾਂਦੇੜ ਤੋਂ ਘਲਾਇਆ ਬੰਦੇ ਨੂੰ।
ਤੀਰਾਂ ਤੇ ਤਲਵਾਰ …
ਸਾਹਿਬਜ਼ਾਦਿਆਂ ਵਾਲਾ ਜਾ ਕੇ, ਬਦਲਾ ਲੈਣਾ ਹੈ,
ਨਹੀਂ ਬਖ਼ਸ਼ਣਾ ਜ਼ਾਲਮਾਂ ਤਾਈਂ, ਮੁਕਾ ਕੇ ਰਹਿਣਾ ਹੈ।
ਤੁਰਨ ਲੱਗਿਆਂ ਇੰਨਾ ਗਿਆ ਸਮਝਾਇਆ ਬੰਦੇ ਨੂੰ,
ਤੀਰਾਂ ਤੇ ਤਲਵਾਰ …
ਪਹੁੰਚ ਗਿਆ ਸਰਹੰਦ ਨੂੰ ਆ ਕੇ, ਘੇਰ ਲਿਆ ਉਹਨੇ।
ਰਾਹ ਵਿਚ ਲੁੱਟ ਮਚਾਈ ਹੂੰਝਾ, ਫੇਰ ਲਿਆ ਉਹਨੇ।
ਅੱਗੇ ਕੋਈ ਨਾ ਰੋਕਣ ਦੇ ਲਈ ਆਇਆ ਬੰਦੇ ਨੂੰ।
ਤੀਰਾਂ ਤੇ ਤਲਵਾਰ …
ਚੱਪੜਚਿੜੀ ਮੈਦਾਨ ’ਚ ਜੰਮ ਕੇ, ਹੋਈ ਲੜਾਈ ਸੀ,
ਮੁਗ਼ਲ ਫੌਜ ਨੂੰ ਜੰਗ ’ਚ ਪੂਰੀ, ਧੂੜ ਚਟਾਈ ਸੀ।
ਕਰਨ ਲਈ ਇਤਿਹਾਸਕ ਕਾਰਜ ਲਾਇਆ ਬੰਦੇ ਨੂੰ,
ਤੀਰਾਂ ਤੇ ਤਲਵਾਰ …
ਸਰਹੰਦ ਵਾਲੀ ਉਸ ਇੱਟ ਦੇ ਨਾਲ ਸੀ, ਇੱਟ ਖੜਕਾ ਦਿੱਤੀ,
ਸੁੱਚੇ ਸਣੇ ਵਜੀਦਾ ਮਾਰੇ, ਅਲਖ ਮੁਕਾ ਦਿੱਤੀ।
ਉਹ ਕੀਤਾ ਜੋ ਗੁਰਾਂ ਨੇ ਕਰਨ ਘਲਾਇਆ ਬੰਦੇ ਨੂੰ,
ਤੀਰਾਂ ਤੇ ਤਲਵਾਰ …
ਸਰਹੰਦ ਫਤਹਿ ਕਰ ਝੰਡਾ ਫਤਹਿ ਦਾ, ਸੀ ਝੁਲਾ ਦਿੱਤਾ,
ਬਦਲਾ ਲੈ ਜ਼ਾਲਮਾਂ ਤੋਂ, ਗੁਰ ਬਚਨ ਦਿੱਤਾ।
‘ਸਿੱਖ ਜਗਤ ਦਾ’ ਗੁਰਾਂ ਕਿਹਾ ‘ਸਰਮਾਇਆ’ ਬੰਦੇ ਨੂੰ।
ਤੀਰਾਂ ਤੇ ਤਲਵਾਰ …
ਸਰਹੰਦ ਫਤਹਿ ਦਾ 300 ਸਾਲਾ ਦਿਵਸ ਮਨਾਇਆ ਏ,
ਬੰਦਾ ਸਿੰਘ ਬਹਾਦਰ ਯੋਧੇ ਦਾ ਜੱਸ ਗਾਇਆ ਏ।
ਹੋਇਆ ਜੱਗ ‘ਦੀਵਾਨਾ’ ਸੀਸ ਝੁਕਾਇਆ ਬੰਦੇ ਨੂੰ,
ਤੀਰਾਂ ਤੇ ਤਲਵਾਰ ਦੇ ਨਾਲ ਸਜਾਇਆ ਬੰਦੇ ਨੂੰ।
ਲੇਖਕ ਬਾਰੇ
ਜੋਤੀਸਰ ਕਲੋਨੀ, ਜੰਡਿਆਲਾ ਗੁਰੂ, ਅੰਮ੍ਰਿਤਸਰ।
- ਹੋਰ ਲੇਖ ਉਪਲੱਭਧ ਨਹੀਂ ਹਨ