editor@sikharchives.org
Bhagti Lehar Ate Kirtan Prampra

ਭਗਤੀ ਲਹਿਰ ਅਤੇ ਕੀਰਤਨ ਪਰੰਪਰਾ

ਸਿੱਖ ਕੀਰਤਨ ਸਾਧਨ ਮਾਤਰ ਨਹੀਂ ਸੀ, ਸਗੋਂ ਜੀਵਨ ਦਾ ਧਰਮ ਬਣ ਗਿਆ ਸੀ, ਫਿਰ ਇਸ ਵਿਚ ਕੇਵਲ ਰੱਬੀ ਸਿਫਤ-ਸਲਾਹ ਨੂੰ ਹੀ ਮਾਣਯੋਗ ਥਾਂ ਪ੍ਰਾਪਤ ਸੀ, ਹੋਰ ਵਿਅਕਤੀ ਨੂੰ ਨਹੀਂ ਜਿਵੇਂ ਕਿ ਵੈਸ਼ਨਵ ਮੰਡਲੀਆਂ ਵਿਚ ਸੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਭਾਰਤੀ ਧਰਮ-ਸਿਧਾਂਤਾਂ ਵਿਚ ਮੁੱਖ ਤੌਰ ’ਤੇ ਤਿੰਨ ਮਾਰਗਾਂ ਦੀ ਚਰਚਾ ਹੈ- ਗਿਆਨ ਮਾਰਗ, ਕਰਮ ਮਾਰਗ ਤੇ ਉਪਾਸਨਾ ਮਾਰਗ। ਗਿਆਨ ਮਾਰਗ ਦਾ ਪੰਧਾਊ ਬਣਨ ਲਈ ਜ਼ਰੂਰੀ ਹੈ ਪਰਮਾਰਥਕ ਵਿਸ਼ਿਆਂ ਦਾ ਦਾਰਸ਼ਨਿਕ ਅਧਿਐਨ ਕੀਤਾ ਜਾਵੇ ਤੇ ਵਿੱਦਿਆ-ਸਾਧਨਾ ਰਾਹੀਂ ਜੀਵਨ-ਤੱਤ ਨੂੰ ਜਾਣਿਆ ਜਾਵੇ। ਇਹ ਦ੍ਰਿਸ਼ਟੀਕੋਣ ਛੇ ਦਰਸ਼ਨਾਂ ਦੇ ਜ਼ਮਾਨੇ ਦੀ ਉਪਜ ਹੈ ਜਦੋਂ ਕਿ ਬੌਧਿਕ ਵਿਕਾਸ ਨਾਲ ਪ੍ਰਫੁਲਤ ਮੁਨੀਆਂ ਨੇ ਖਾਸ-ਖਾਸ ਵਿਚਾਰਧਾਰਾਵਾਂ ਨੂੰ ਰੂਪਮਾਨ ਕੀਤਾ। ਸਾਂਖ ਦਾ ਖਿਆਲ ਸੀ ਕਿ ਪੁਰਸ਼ ਤੇ ਪ੍ਰਕ੍ਰਿਤੀ ਦਾ ਭੇਦ ਜਾਣਨਾ ਜ਼ਰੂਰੀ ਹੈ, ਨਿਆਇ ਦੀ ਨਜ਼ਰ ਵਿਚ ਤਾਰਕਿਕ ਦ੍ਰਿਸ਼ਟੀ ਤੋਂ ਜੀਵ, ਈਸ਼ਵਰ ਤੇ ਬ੍ਰਹਮ ਦਾ ਗਿਆਨ ਲਾਹੇਵੰਦਾ ਸੀ। ਵੇਦਾਂਤ ਬ੍ਰਹਮ ਦੀ ਅਦਵੈਤਤਾ ਜਾਂ ਏਕਤਾ ਦੇ ਗਿਆਨ ਨੂੰ ਹੀ ਮੁਕਤੀ ਦਾ ਕਾਰਨ ਕਹਿੰਦਾ ਸੀ। ਪਰ ਇਹ ਮੰਨਣਾ ਪਵੇਗਾ ਕਿ ਹਰ ਕਿਸੇ ਲਈ ਅਜਿਹੇ ਗਿਆਨ ਦੀ ਪ੍ਰਾਪਤੀ ਔਖਾ ਜਿਹਾ ਕੰਮ ਸੀ। ਇਸ ਮਜਬੂਰੀ ਕਾਰਨ ਆਮ ਜਨਤਾ ਦੀ ਰੁਚੀ ‘ਕਰਮ-ਮਾਰਗ’ ਵੱਲ ਹੋਈ। ਧਰਮ-ਗਿਆਨੀਆਂ ਜਾਂ ਪ੍ਰੋਹਤਾਂ ਦੇ ਦੱਸੇ ਕੁਝ ਗਿਣੇ-ਮਿਥੇ ਪੂਜਾ-ਪਾਠ ਦੇ ਕਰਮ ਕਰ ਲੈਣੇ ਸਾਧਾਰਨ ਜਗਿਆਸੂ ਲਈ ਸੌਖਾ ਕੰਮ ਸੀ, ਇਸ ਕਰਕੇ ਕਰਮ-ਕਾਂਡ ਦਾ ਬੋਲਬਾਲਾ ਤਕੜਾ ਚਿਰ ਰਿਹਾ। ਹੋਮ-ਜੱਗ ਕਰਨਾ, ਵਰਤ ਰੱਖਣਾ, ਤੀਰਥ-ਇਸ਼ਨਾਨ, ਪੁੰਨ-ਦਾਨ, ਖਾਸ-ਖਾਸ ਮੰਤਰਾਂ ਦਾ ਜਾਪ ਤੇ ਤਾਪ ਤਾਪਣਾ, ਸਭ ਦੇ ਆਪਣੇ-ਆਪਣੇ ਤਰੀਕੇ ਸਨ। ਯੋਗੀਆਂ ਦਾ ਹਠ-ਮਾਰਗ ਵੀ ਇਕ ਤਰ੍ਹਾਂ ਦਾ ਕਰਮ-ਮਾਰਗ ਹੀ ਸੀ ਕਿਉਂਕਿ ਉਹ ਆਪਣੇ ਹਠ ਤਪ ਰਾਹੀਂ ਸਰੀਰ ਤੇ ਮਨ ਨੂੰ ਪ੍ਰਾਣਾਯਾਮ ਤੇ ਆਸਣਾਂ ਰਾਹੀਂ ਸਾਧਣ ਦਾ ਯਤਨ ਕਰਦੇ ਸਨ ਤੇ ਇਸ ਦੁਆਰਾ ਸੁੰਨ ਮੰਡਲ ਵਿਚ ਪਹੁੰਚਣਾ ਉਨ੍ਹਾਂ ਦਾ ਉਦੇਸ਼ ਸੀ। ਪਰ ਇਹ ਕਠਿਨ ਤਪੱਸਿਆ, ਗਿਆਨ-ਮਾਰਗ ਵਾਂਗ ਹਾਰੀ-ਸਾਰੀ ਦਾ ਕੰਮ ਨਹੀਂ ਸੀ, ਇਸ ਕਰਕੇ ਕੁਝ ਲੋਕ ਉਪਰਾਮਚਿੱਤ ਹੋ ਕੇ ‘ਉਪਾਸਨਾ-ਮਾਰਗ’ ਵੱਲ ਤੁਰ ਪਏ।

1. ਭਗਤੀ ਲਹਿਰ

ਜੇ ਗਿਆਨ-ਮਾਰਗ ਦਿਮਾਗ ਦੀ ਚੀਜ਼ ਸੀ, ਤਾਂ ਕਰਮ-ਮਾਰਗ ਸਰੀਰ ਦੀ। ਪਰ ਸ਼ਰਧਾ ਉਪਾਸਨਾ ਦਿਲ ਦੀ ਚੀਜ਼ ਸੀ ਤੇ ਇਹੋ ਸ਼ਰਧਾ, ਪ੍ਰੇਮ-ਭਾਵਨਾ, ਭਗਤੀ ਲਹਿਰ ਦਾ ਮੂਲ ਬਣੀ। ਇਹੋ ਕਾਰਨ ਹੈ ਕਿ ਇਸ ਨੇ ਪੜ੍ਹੇ, ਅਨਪੜ੍ਹ ਤੇ ਸਾਧਾਰਨ, ਅਸਾਧਾਰਨ ਸਭ ਨੂੰ ਪ੍ਰਭਾਵਿਤ ਕੀਤਾ। ਭਗਤੀ ਮਾਰਗ ਦਾ ਤੱਤ ਦੱਸਦਿਆਂ ਸੰਤਾਂ ਭਗਤਾਂ ਨੇ ਕਿਹਾ ਕਿ ਪ੍ਰੇਮ ਹੀ ਪ੍ਰਭੂ-ਪ੍ਰਾਪਤੀ ਦਾ ਇੱਕੋ ਇੱਕ ਸਾਧਨ ਹੈ: –

ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ॥
ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ॥ (ਪੰਨਾ 657)

ਜੇ ਇਤਿਹਾਸਕ ਨੁਕਤੇ ਨਾਲ ਵੇਖੀਏ ਤਾਂ ਭਾਰਤ ਵਿਚ ਧਾਰਮਿਕ ਉਦਾਰਤਾ ਕਾਰਨ ਕਈ ਅਨੋਖੇ ਮਤ ਪ੍ਰਚੱਲਤ ਰਹੇ ਹਨ। ਬੋਧੀ, ਜੈਨੀ, ਕਿਸੇ ਮਹਾਨ ਸੱਤਾ ਵਿਚ ਵਿਸ਼ਵਾਸ ਨਹੀਂ ਸੀ ਰੱਖਦੇ। ਸ਼ੈਵ ਤੇ ਵੈਸ਼ਨਵ ਮੂਰਤੀਆਂ ਬਣਾ ਕੇ ਆਪਣੀ ਤਰ੍ਹਾਂ ਭਗਵਾਨ ਦੀ ਪੂਜਾ ਕਰਨ ਲੱਗੇ। ਤਾਂਤ੍ਰਿਕ ਮਤ ਵਾਲਿਆਂ ਰਹਿਣੀ-ਬਹਿਣੀ ਦੀਆਂ ਅਨੋਖੀਆਂ ਖੁੱਲ੍ਹਾਂ ਦੇ ਕੇ ਧਰਮ-ਕਰਮ ਵਿਚ ਵਿਕਾਰੀ ਰੰਗ ਲੈ ਆਂਦਾ। ਅਜਿਹੀ ਹਾਲਤ ਵਿਚ ਪੂਜਣਯੋਗ ਮਹਾਨ ਸੱਤਾ ਬਾਰੇ ਸਪੱਸ਼ਟਤਾ ਦੀ ਕਮੀ ਸੀ, ਇਸ ਕਰਕੇ ਸ਼ੰਕਰਾਚਾਰੀਆ ਨੇ ‘ਨਿਰਗੁਣ ਬ੍ਰਹਮ’ ਦਾ ਸਿਧਾਂਤ ਨਿਰੂਪਣ ਕਰ ਕੇ ਸੁੰਨਵਾਦ ਜਾਂ ਨਾਸਤਕਵਾਦ ਦੀ ਜੜ੍ਹ ਉਖੇੜੀ। ਇਹ ਅਦ੍ਵੈਤਵਾਦ ਇੱਕ ਬ੍ਰਹਮ ਦਾ ਵਿਸ਼ਵਾਸੀ ਹੈ, ਜਿਸ ਦੀ ਸ਼ਕਤੀ ਮਾਇਆ ਹੈ, ਜੋ ਇਸ ਤੋਂ ਭਿੰਨ ਨਹੀਂ। ਇਸਲਾਮੀ ਤੌਹੀਦ ਰਾਹੀਂ ਵੀ ਇਸ ਦੀ ਇਕ ਤਰ੍ਹਾਂ ਪੁਸ਼ਟੀ ਹੋਈ। ਪਰ ਸ਼ੰਕਰਾਚਾਰੀਆ ਨੇ ਦੱਸਿਆ ਕਿ ਬ੍ਰਹਮ ਆਮ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਨਹੀਂ ਹੋ ਸਕਦਾ ਤੇ ਨਾ ਹੀ ਮੂਰਤੀ-ਪੂਜਾ ਮਾਤਰ ’ਤੇ ਗੱਲ ਮੁੱਕਦੀ ਸੀ। ਅਜਿਹੀ ਅਵਸਥਾ ਵਿਚ ਦੱਖਣ ਵੱਲ ਅਲਵਾਰ ਲੋਕਾਂ (ਅਧਿਆਤਮਕ ਸਾਗਰ ਦੇ ਗ਼ੋਤਾ-ਖੋਰਾਂ) ਨੌਵੀਂ, ਦਸਵੀਂ ਸਦੀ ਦੇ ਲਾਗੇ-ਚਾਗੇ ਵੈਸ਼ਨਵ ਭਗਤੀ ਦੀ ਬੁਨਿਆਦ ਰੱਖੀ। ਇਹ ਮਾਨੋ ਸ਼ੰਕਰਾਚਾਰੀਆ ਦੇ ਨਿਰਗੁਣ ਬ੍ਰਹਮ ਦੀ ਪ੍ਰਤੀਕ੍ਰਿਆ ਸੀ ਤੇ ਉਹ ਤਾਂ ਇਥੋਂ ਤਕ ਭੀ ਕਹਿੰਦੇ ਸਨ ਕਿ ਸ਼ੰਕਰ ਦਾ ਅਦ੍ਵੈਤਵਾਦ ਤਾਂ ਇਕ ਤਰ੍ਹਾਂ ਮਾਇਆਵਾਦ ਹੀ ਹੈ। ਦੂਜੇ, ਇਹ ਲੋਕ ਛੋਟੀਆਂ ਜਾਤਾਂ ਵਿੱਚੋਂ ਸਨ, ਬ੍ਰਾਹਮਣ ਇਨ੍ਹਾਂ ਨੂੰ ਧਰਮ-ਕਰਮ ਦੀ ਆਗਿਆ ਨਹੀਂ ਸੀ ਦਿੰਦਾ, ਇਸ ਕਰਕੇ ਇਨ੍ਹਾਂ ਭਗਤੀ ਦਾ ਰਾਹ ਅਪਣਾਇਆ ਤੇ ਪ੍ਰਭੂ ਦੇ ਗੁਣ ਗਾ-ਗਾ ਧਰਮ-ਕਰਮ ਦਾ ਨਵਾਂ ਰਾਹ ਚਲਾਇਆ। ਸ਼ੰਕਰ ਨੇ ਦਾਰਸ਼ਨਿਕ ਤੌਰ ’ਤੇ ਜੀਵ ਅਤੇ ਬ੍ਰਹਮ ਦੀ ਏਕਤਾ ਦਰਸਾਈ ਸੀ ਪਰ ਇਨ੍ਹਾਂ ਵੈਸ਼ਨਵ ਭਗਤਾਂ ਦੀ ਦਲੀਲ ਇਹ ਸੀ ਕਿ ਅਜਿਹਾ ਅਦ੍ਵੈਤ ਮੰਨ ਕੇ ਭਗਤੀ ਦੀ ਲੋੜ ਨਹੀਂ ਸੀ ਰਹਿ ਜਾਂਦੀ, ਇਕ ਭਗਤ ਹੈ ਤੇ ਇਕ ਭਗਵਾਨ, ਦੋਵੇਂ ਅੱਡ-ਅੱਡ ਹਨ। ਰਾਮਾਨੁਜਾਚਾਰਯ ਜੀਵ ਤੇ ਬ੍ਰਹਮ ਵਿਚ ਭੇਦ ਮੰਨਦੇ ਹਨ ਤੇ ਇਹ ਵੀ ਮੰਨਦੇ ਹਨ ਕਿ ਜੀਵ ਤੇ ਈਸ਼ਵਰ ਇਕ ਤਰ੍ਹਾਂ ਬ੍ਰਹਮ ਦੇ ਹੀ ਦੋ ਰੂਪ ਹਨ ਤੇ ਉਸ ਦੀ ਭਗਤੀ ਮੁਕਤੀ-ਦਾਤੀ ਹੈ। ਇਸੇ ਨੂੰ ਉਨ੍ਹਾਂ ‘ਵਿਸ਼ਿਸ਼ਟ ਅਦ੍ਵੈਤਵਾਦ’ ਦਾ ਨਾਂ ਦਿੱਤਾ। ਇਸ ਅਨੁਸਾਰ ਬ੍ਰਹਮ ਇਕ ਵਿਸ਼ੇਸ਼ ਪਦਾਰਥ ਹੈ ਤੇ ਜੀਵ ਅਤੇ ਪ੍ਰਕ੍ਰਿਤੀ ਤਾਂ ਉਸ ਦੇ ਵਿਸ਼ੇਸ਼ਣ ਮਾਤਰ ਹਨ। ਆਚਾਰਯ ਨਿੰਬਾਰਕ ਨੇ ‘ਦ੍ਵੈਤਾਦ੍ਵੈਤ’ ਦੀ ਨੀਂਹ ਰੱਖੀ, ਜਿਸ ਵਿਚ ਜੀਵ ਤੇ ਈਸ਼ਵਰ ਨੂੰ ਅਨਿੱਤ ਮੰਨ ਕੇ ਫਿਰ ਉਨ੍ਹਾਂ ਦਾ ਵਜੂਦ ਅੱਡ-ਅੱਡ ਬਿਆਨ ਕੀਤਾ ਹੈ। ਉਨ੍ਹਾਂ ਦਾ ਤਰਕ ਹੈ ਕਿ ਮਿੱਟੀ ਤੇ ਘੜਾ ਇੱਕੋ ਹਨ, ਕਿਉਂਕਿ ਦੋਹਾਂ ਦੀ ਵਸਤੂ ਇੱਕੋ ਹੈ। ਇਹ ਭਿੰਨ-ਭਿੰਨ ਵੀ ਹਨ ਕਿਉਂਕਿ ਨਾਮ ਕਰਕੇ ਵੱਖਰੇ ਹਨ। ਇਹੋ ਹਾਲ ਬ੍ਰਹਮ ਤੇ ਸ੍ਰਿਸ਼ਟੀ ਦਾ ਹੈ।

ਮਾਧਵਾਚਾਰਯ ਨਿਰਗੁਣ ਬ੍ਰਹਮ ਨੂੰ ਕਲਪਿਤ ਕਹਿ ਕੇ ਸਰਗੁਣ ਨੂੰ ਗੁਣਾਂ ਦਾ ਸਾਗਰ ਮੰਨਦਾ ਹੈ। ਉਸ ਦੇ ਖਿਆਲ ਵਿਚ ਦੋ ਪਦਾਰਥ ਹਨ- ਭਗਵਾਨ ਸੁਤੰਤਰ ਹੈ ਤੇ ਜੀਵ ਪਰਤੰਤਰ ਇਹ ਜੀਵ ਅਭੇਦ ਨਹੀਂ ਹੋ ਸਕਦਾ, ਕੇਵਲ ਸਿਮਰਨ-ਭਜਨ ਨਾਲ ਮੁਕਤ ਹੋ ਸਕਦਾ ਹੈ। ਇਨ੍ਹਾਂ ਦਾ ਮਾਰਗ ਦ੍ਵੈਤਵਾਦ ਕਹਾਉਂਦਾ ਹੈ ਜੋ ਕਿ ਅਦ੍ਵੈਤਵਾਦ ਦਾ ਉਲਟ ਹੈ।

ਵੱਲਭਾਚਾਰਯ ਨੇ ਹੋਰ ਮਨੌਤਾਂ ਦਾ ਖੰਡਨ ਕਰ ਕੇ ਮਾਇਆ ਨੂੰ ਭਰਮ ਸਿੱਧ ਕੀਤਾ ਤੇ ਬ੍ਰਹਮ ਨੂੰ ਇੱਕੋ ਇੱਕ ਸ਼ੁੱਧ ਰੂਪ ਦੱਸਿਆ, ਇਹੋ ‘ਸ਼ੁਧਾਦ੍ਵੈਤਵਾਦ’ ਹੈ, ਪੁਸ਼ਟੀ-ਮਾਰਗ ਵੀ ਇਸ ਨੂੰ ਕਹਿੰਦੇ ਹਨ। ਰਾਧਾ ਕ੍ਰਿਸ਼ਨ ਦੀ ਭਗਤੀ ਇਥੋਂ ਹੀ ਸ਼ੁਰੂ ਹੋਈ। ਇਹ ਬ੍ਰਹਮ ਨੂੰ ਕਾਰਨ ਤੇ ਜਗਤ ਨੂੰ ਕਾਰਜ ਮੰਨ ਕੇ ਇਹ ਕਹਿੰਦੇ ਹਨ ਕਿ ਜੇ ਕਾਰਨ ਸਤਿ ਹੈ ਤਾਂ ਕਾਰਜ ਸਤਿ ਹੈ, ਸੋ ਇਹ ਜਗਤ ਮਿਥਿਆ ਨਹੀਂ, ਭਗਵਾਨ ਦੀ ਲੀਲ੍ਹਾ ਹੈ। ਮੁਕਤੀ ਲਈ ਉਸੇ ਦੀ ਕਿਰਪਾ ਚਾਹੀਦੀ ਹੈ ਤੇ ਇਹ ਕਿਰਪਾ ਆਤਮ-ਸਮਰਪਣ ਨਾਲ ਹੋ ਸਕਦੀ ਹੈ ਜੋ ਕਿ ਭਗਤੀ ਦਾ ਮੁੱਖ ਅੰਗ ਹੈ।

ਵੇਦਾਂਤ ਦਾ ਨਿਸਚਾ ਸੀ ਕਿ ਆਤਮਾ ਬ੍ਰਹਮ ਰੂਪ ਹੈ, ਭਗਤੀ ਨੇ ਇਹ ਦ੍ਰਿੜ੍ਹਾਇਆ ਕਿ ਅਸੀਂ ਕੁਝ ਵੀ ਨਹੀਂ, ਸਾਡੇ ਨਿਮਾਣੇ ਯਤਨ ਵੀ ਤੁੱਛ ਹਨ, ਸਭ ਉਸ ਦੀ ਕਿਰਪਾ ’ਤੇ ਨਿਰਭਰ ਕਰਦਾ ਹੈ। ਨਦਰ ਦਾ ਇਹ ਸਿਧਾਂਤ ਸੂਫੀਆਂ, ਸੰਤਾਂ ਭਗਤਾਂ ਵਿਚ ਬਰਾਬਰ ਸਨਮਾਨਿਆ ਗਿਆ। ਅੰਤ ਨਤੀਜਾ ਇਹ ਹੋਇਆ ਕਿ ਇਕ ਤਰ੍ਹਾਂ ਦੀ ਦਾਰਸ਼ਨਿਕ ਵਿਚਾਰ-ਚਰਚਾ ਵਿੱਚੋਂ ਨਿਕਲ ਕੇ ਭਗਤੀ ਨੇ ਪ੍ਰੇਮ, ਸ਼ਰਧਾ ਤੇ ਤਪ ਸਾਧਨਾ ਦੀ ਅਮੁਲ ਘਾਲਣਾ ਸਦਕਾ ਇੱਕ ਨਿਖਰਵਾਂ ਰੂਪ ਧਾਰਨ ਕੀਤਾ। ਪੂਜਯ ਇਸ਼ਟ ਬਾਰੇ ਭਾਵੇਂ ਸਰਗੁਣ-ਨਿਰਗੁਣ ਦੀ ਕਲਪਨਾ ਭਿੰਨ-ਭਿੰਨ ਚਲਦੀ ਰਹੀ ਪਰ ਉਸ ਨੂੰ ਪ੍ਰਸੰਨ ਕਰਨ ਲਈ ਉਪਾਸਨਾ ਤੇ ਸ਼ਰਧਾ ਪ੍ਰੇਮ ਹੀ ਇੱਕੋ-ਇੱਕ ਸੱਚਾ ਮਾਰਗ ਪ੍ਰਵਾਨ ਕੀਤਾ ਗਿਆ। ਰਾਮਾਨੁਜ ਦੀ ਸ਼ਿਸ਼ ਪਰੰਪਰਾ ਵਿੱਚੋਂ ਭਗਤ ਰਾਮਾਨੰਦ ਜੀ ਪ੍ਰਸਿੱਧ ਭਗਤ ਹੋਏ ਜਿਨ੍ਹਾਂ ਉੱਤਰੀ ਹਿੰਦੁਸਤਾਨ ਵਿਚ ਭਗਤੀ ਲਹਿਰ ਨੂੰ ਪ੍ਰਸਾਰਿਆ ਅਤੇ ਭਗਤ ਕਬੀਰ ਜੀ ਇਸ ਦੇ ਪ੍ਰਧਾਨ ਪ੍ਰਚਾਰਕ ਬਣੇ। ਇਹ ਕਥਨ ਠੀਕ ਹੀ ਹੈ:

ਭਗਤਿ ਦ੍ਰਾਵੜ ਊਪਜੀ, ਲਾਏ ਰਾਮਾਨੰਦ।
ਪਰਗਟ ਕੀਆ ਕਬੀਰ ਨੇ, ਸਪਤ ਦੀਪ ਨਵਖੰਡ।

ਹੁਣ ਇਸ ਪਰਮਾਰਥਕ ਸਿਧਾਂਤ ਨੂੰ ਲੋਕ-ਜੀਵਨ ’ਤੇ ਵੀ ਲਾਗੂ ਕਰਨਾ ਜ਼ਰੂਰੀ ਸੀ। ਜਾਤ-ਪਾਤ ਦੇ ਵਰਨ-ਵੰਡ ਦੀਆਂ ਕੁਰੀਤਾਂ ਕਾਰਨ ਅਤੇ ਰਾਜਸੀ ਜਬਰ ਕਰਕੇ ਹਿੰਦੂ ਮੁਸਲਮਾਨ ਦੇ ਤਿੱਖੇ ਭਿੰਨ-ਭੇਦ ਸਮਾਜ ਵਿਚ ਖਿਚਾਓ ਪੈਦਾ ਕਰ ਰਹੇ ਸਨ। ਇਸ ਸਮੇਂ ਸੂਫੀ ਦਰਵੇਸ਼ਾਂ ਨੇ ਪ੍ਰੇਮ-ਪਿਆਰ ਦਾ ਹੋਕਾ ਦਿੱਤਾ ਤੇ ਭਗਤਾਂ ਸੰਤਾਂ ਨੇ ਰੱਬੀ ਏਕਤਾ ਦੇ ਨਾਲ-ਨਾਲ ਮਨੁੱਖੀ ਏਕਤਾ ਦੀ ਸੰਥਾ ਪੜ੍ਹਾਈ।

ਭਾਵੇਂ ਦਾਰਸ਼ਨਿਕ ਤੌਰ ’ਤੇ ਹਿੰਦੂ ਮਤ ਅਦ੍ਵੈਤਵਾਦੀ ਸੀ ਪਰ ਵਿਹਾਰਕ ਰੂਪ ਵਿਚ ਬਹੁਦੇਵਵਾਦ ਇਕ ਆਮ ਗੱਲ ਸੀ ਤੇ ਇਸ ਤੋਂ ਵੀ ਪਰ੍ਹੇ ਬੁੱਤਪ੍ਰਸਤੀ। ਸੂਫੀਆਂ ਦਾ ਰੱਬੀ ਭਰੋਸਾ ਏਕਤਾਵਾਦ ਨੂੰ ਬਲ ਦੇ ਰਿਹਾ ਸੀ ਪਰ ਉਹ ਭਗਤਾਂ ਵਾਂਗ ਸ਼ਰ੍ਹਾ- ਸ਼ਰੀਅਤ ਉੱਤੇ ਜ਼ੋਰ ਨਾ ਦੇ ਕੇ ਪ੍ਰੇਮ-ਮਾਰਗ ਨੂੰ ਵਧੀਆ ਰਸਤਾ ਦੱਸ ਰਹੇ ਸਨ, ਇਸ ਨਾਲ ਭਗਤੀ ਲਹਿਰ ਨੂੰ ਚੰਗੀ ਸ਼ਕਤੀ ਮਿਲੀ। ਹਿੰਦੂ ਸਾਧੂ ਸੰਤ ਤੇ ਮੁਸਲਮਾਨ ਸੂਫੀ ਦਰਵੇਸ਼ ਦੋ ਗੱਲਾਂ ਵਿਚ ਬਿਲਕੁਲ ਇੱਕੋ ਸਨ ਕਿ ਰੱਬ ਇੱਕ ਹੈ ਤੇ ਮਨੁੱਖ ਜਾਤੀ ਇੱਕ ਹੈ ਪਰ ਪ੍ਰੋਹਤ ਜਮਾਤ ਇਸ ਗੱਲ ਨਾਲ ਸਹਿਮਤ ਨਹੀਂ ਸੀ। ਬ੍ਰਾਹਮਣ ਤੇ ਕਾਜ਼ੀ, ਕਾਫ਼ਰ, ਮਲੇਛ ਅਤੇ ਸ਼ੂਦ੍ਰ, ਸਵਰਨ ਵਾਲੀ ਸੰਕੇਤਾਵਲੀ ਨੂੰ ਛੱਡਣ ਲਈ ਤਿਆਰ ਨਹੀਂ ਸਨ ਅਤੇ ਨਾ ਹੀ ਕਰਮਕਾਂਡ ਤੇ ਫੋਕੀ ਸ਼ਰੀਅਤ ਦੀ ਨਿਖੇਧੀ ਸੁਣ ਸਕਦੇ ਸਨ। ਪਰ ਭਗਤਾਂ-ਦਰਵੇਸ਼ਾਂ ਦਾ ਪ੍ਰੇਮ-ਮਾਰਗ ਬਲਵਾਨ ਸੀ, ਉਸ ਦੇ ਵਹਿਣ ਨੇ ਸਭ ਕੂੜਾ ਕਰਕਟ ਰੋੜ੍ਹ ਕੇ ਦੂਰ ਸੁੱਟ ਦਿੱਤਾ। ਭਗਤ ਕਬੀਰ ਜੀ ਉੱਚੀ-ਉੱਚੀ ਕਹਿ ਰਹੇ ਸਨ ਕਿ ਇਹ ਕਰਮਕਾਂਡ ਤੇ ਸ਼ਰ੍ਹਾ ਦੇ ਗ੍ਰੰਥ ਹੁਣ ਦੇ ਜ਼ਮਾਨੇ ਲਈ ਉਪਯੋਗੀ ਨਹੀਂ:

ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ॥
ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ॥ (ਪੰਨਾ 727)

2. ਭਗਤੀ ਤੇ ਕੀਰਤਨ

ਮਹਾਂਰਿਸ਼ੀ ਨਾਰਦ ਅਨੁਸਾਰ ਸਭ ਕੁਝ ਪਰਮੇਸ਼ਰ ਅੱਗੇ ਅਰਪਣ ਕਰ ਦੇਣਾ ਭਗਤੀ ਹੈ। ਭਗਤੀ ਲਹਿਰ ਦੇ ਉਹ ਮਹਾਂਪੁਰਸ਼ ਜਿਨ੍ਹਾਂ ਮਜ਼੍ਹਬੀ ਕਰਮ-ਕਾਂਡ ਤੇ ਸ਼ਰ੍ਹਾ-ਸ਼ਰੀਅਤ ਦੀ ਥਾਂ ਪ੍ਰੇਮਾ-ਭਗਤੀ ਤੇ ਸ਼ਰਧਾ-ਉਪਾਸਨਾ ’ਤੇ ਵਧੇਰੇ ਜ਼ੋਰ ਦਿੱਤਾ ਉਹ ‘ਭਗਤ’ ਕਹੇ ਜਾਂਦੇ ਹਨ। ਦਰਅਸਲ ਭਗਤੀ ਲਹਿਰ ਸਾਂਸਕ੍ਰਿਤਿਕ ਚੇਤਨਾ ਦੀ ਲਹਿਰ ਸੀ ਜਿਸ ਵਿਚ ਧਾਰਮਿਕ ਤੇ ਸਮਾਜਿਕ ਪ੍ਰਗਤੀ ਦੀ ਭਾਵਨਾ ਰਲੀ-ਮਿਲੀ ਸੀ। ਇਸ ਨੇ ਸਮੁੱਚੇ ਭਾਰਤ ਨੂੰ ਪ੍ਰਭਾਵਿਤ ਕੀਤਾ ਤੇ ਇਸ ਦਾ ਪ੍ਰਮੁੱਖ ਸਾਧਨ ‘ਕੀਰਤਨ’ ਸੀ। ਦੱਖਣ ਦੇ ਅਲਵਾਰ ਭਗਤ ਕਿਰਤ ਕਰਨ ਵਾਲੇ ਸਿੱਧੇ-ਸਾਦੇ ਭਲੇ ਲੋਕ ਸਨ। ਬਾਹਰੀ ਅਡੰਬਰ ਇਨ੍ਹਾਂ ਨੂੰ ਨਹੀਂ ਸੀ ਭਾਉਂਦੇ ਤੇ ਨਾ ਹੀ ਬ੍ਰਾਹਮਣ ਇਨ੍ਹਾਂ ਨੂੰ ਧਰਮ ਅਧਿਕਾਰ ਦਿੰਦਾ ਸੀ, ਇਸ ਕਰਕੇ ਇਨ੍ਹਾਂ ਆਪਣੀ ਸ਼ਰਧਾ-ਸਿਦਕ ਦੇ ਬਲ ਨਾਲ ਇਕ ਪ੍ਰੇਮ-ਲਹਿਰ ਚਲਾਈ, ਕੀਰਤਨ ਦੀ ਅੰਮ੍ਰਿਤ-ਧਾਰਾ ਵਗਾਈ, ਜਿਸ ਦਾ ਗੁਆਂਢੀ ਪ੍ਰਾਂਤਾਂ ’ਤੇ ਅਸਰ ਹੋਣਾ ਜ਼ਰੂਰੀ ਸੀ। ਮਹਾਂਰਾਸ਼ਟਰ ਵਿਚ ‘ਵਾਰਕਰੀ’ ਸੰਪਰਦਾ ਉੱਠੀ, ਪੰਡਰਪੁਰ ਇਨ੍ਹਾਂ ਦਾ ਕੇਂਦਰ ਸੀ। ਭਗਤ ਨਾਮਦੇਵ ਜੀ, ਭਗਤ ਗਿਆਨਦੇਵ, ਭਗਤ ਏਕਨਾਥ ਤੇ ਭਗਤ ਤੁਕਾਰਾਮ ਵਰਗੇ ਭਗਤ ਇਸ ਲਹਿਰ ਦੇ ਆਗੂ ਸਨ। ਇਹ ਲੋਕ ਕੀਰਤਨ ਕਰਦੇ-ਕਰਦੇ ਆਪਣੇ ਵਿਠਲ ਦੇ ਮੰਦਰ ਦੀ ਯਾਤਰਾ ਕਰਦੇ ਸਨ।‘ਵਾਰ’ ਦਾ ਅਰਥ ਹੈ ਯਾਤਰਾ, ਸੋ ਇਹ ‘ਵਾਰਕਰੀ’ ਸੰਪਰਦਾ ਇਕ ਕਿਸਮ ਦੀ ਭਜਨ ਮੰਡਲੀ ਜਾਂ ਕੀਰਤਨੀਆਂ ਦੀ ਟੋਲੀ ਸੀ, ਜਿਨ੍ਹਾਂ ਮਹਾਂਰਾਸ਼ਟਰ ਵਿਚ ਪ੍ਰਭੂ ਦੀ ਮਹਿਮਾ ਦੇ ਗੀਤ ਗਾ-ਗਾ ਕੇ ਉਸ ਵਾਤਾਵਰਨ ਨੂੰ ਸੁਹਾਵਣਾ ਬਣਾਇਆ। ਹੌਲੀ-ਹੌਲੀ ਇਹ ਰੂਹਾਨੀ ਸੰਗੀਤ ਦੀ ਲਹਿਰ ਭਗਤ ਰਾਮਾਨੰਦ ਜੀ ਦੀ ਬਦੌਲਤ ਬਨਾਰਸ ਵਿਚ ਪਹੁੰਚ ਗਈ। ਅਯੁੱਧਿਆ, ਮਥਰਾ ਇਸ ਦੇ ਹੋਰ ਕੇਂਦਰ ਬਣੇ। ਅਯੁੱਧਿਆ ਰਾਮ ਭਗਤੀ ਦਾ ਸੈਂਟਰ ਸੀ ਅਤੇ ਮਥਰਾ ਬ੍ਰਿੰਦਾਬਨ ਕ੍ਰਿਸ਼ਨ-ਭਗਤੀ ਦਾ। ਭਾਵੇਂ ਕੋਈ ਸਰਗੁਣਵਾਦੀ ਭਗਤ ਸੀ ਭਾਵੇਂ ਨਿਰਗੁਣਵਾਦੀ ਸਭ ਕੀਰਤਨ ਗਾਇਨ ਦੁਆਰਾ ਹੀ ਆਪਣੇ ਇਸ਼ਟ ਦੀ ਭਗਤੀ ਕਰਦੇ ਸਨ। ਇਸ ਸਮੇਂ ਵੈਸ਼ਨਵ ਭਗਤਾਂ ਨੇ ਕੀਰਤਨ ਪਰੰਪਰਾ ਨੂੰ ਬਹੁਤ ਅੱਗੇ ਵਧਾਇਆ ਤੇ ਦੇਵੀ ਦੇ ਸ਼ਰਧਾਲੂ ਵੀ ਦੇਵੀ ਯਾਤਰਾ ਸਮੇਂ ਮਾਈ ਦੀਆਂ ਭੇਟਾਂ ਗਾ-ਗਾ ਲੰਮੇ ਪੈਂਡੇ ਤੈਅ ਕਰਦੇ। ਬੰਗਾਲ ਵਿਚ ਭਗਤ ਚੇਤੰਨਯ ਮਹਾਂ ਕੀਰਤਨ ਦਾ ਪ੍ਰਵਾਹ ਚਲਾਉਂਦੇ, ਯੂ.ਪੀ. ਵਿਚ ਭਗਤ ਵੱਲਭਾਚਾਰਯ ਨੇ ਪ੍ਰੀਤ ਵੀਣਾ ਵਜਾਈ, ਪਿੱਛੋਂ ਇਧਰ ਭਗਤ ਸੂਰਦਾਸ ਤੇ ਮੀਰਾਂ ਦੇ ਭਜਨਾਂ ਦੀ ਗੂੰਜ ਪਈ। ਜੋਗੀ ਲੋਕ ਕਿੰਗਰੀ ’ਤੇ ‘ਸ਼ਬਦ’ ਤੇ ‘ਸਾਖੀ’ ਦੀ ਆਪਣੀ ਤਾਨ ਛੇੜਦੇ ਸਨ। ਸੂਫੀਆਂ ਦੀਆਂ ਮਹਿਫਲਾਂ ਦਾ ਸ਼ਿੰਗਾਰ ‘ਕੱਵਾਲੀ’ ਸੀ। ਇਹ ਲੋਕ ਗਾਉਂਦੇ ਤੇ ਗਾ-ਗਾ ਕੇ ਧਮਾਲਾਂ ਪਾਉਂਦੇ ਸਨ।

ਪੰਜਾਬ ਵਿਚ ਗੁਰੂ ਸਾਹਿਬਾਨ ਨੇ ਕੀਰਤਨ ਨੂੰ ਪ੍ਰਮੁੱਖ ਸਥਾਨ ਦਿੱਤਾ। ਉਨ੍ਹਾਂ ਕੇਵਲ ਇਸ ਨੂੰ ਸਾਧਨ ਮਾਤਰ ਹੀ ਨਹੀਂ ਬਣਾਇਆ ਸਗੋਂ ਇਸ ਦਾ ਰੁਤਬਾ ਹੋਰ ਵਧਾਇਆ ਤੇ ਇਸ ਨੂੰ ਜੀਵਨ ਦਾ ਅੰਗ ਬਣਾਇਆ।

ਦਰਅਸਲ ਭਗਤੀ ਲਹਿਰ ਸਮੇਂ ਅਧਿਆਤਮਵਾਦੀ ਲੋਕ, ਦੋ ਭਾਗਾਂ ਵਿਚ ਵੰਡੇ ਹੋਏ ਸਨ- ਇਕ ਗਿਆਨ-ਮਾਰਗੀ ਤੇ ਦੂਜਾ ਪ੍ਰੇਮ-ਮਾਰਗੀ। ਗਿਆਨ-ਮਾਰਗੀ ਭਗਤ, ਅਚਾਰਯ, ਜੀਵ ਅਤੇ ਬ੍ਰਹਮ ਦੀ ਏਕਤਾ ਦੇ ਗਿਆਨ ਉੱਤੇ ਵਧੇਰੇ ਨਿਰਭਰ ਕਰਦੇ ਸਨ ਤੇ ਇਹ ਬਹੁਤੇ ਦੱਖਣੀ ਭਾਰਤ ਤਕ ਹੀ ਸੀਮਤ ਸਨ। ਇਨ੍ਹਾਂ ਦਾ ਮੁੱਖ ਆਧਾਰ ਵਿਆਸ ਦਾ ‘ਬ੍ਰਹਮ ਸੂਤ੍ਰ’ ਸੀ, ਇਨ੍ਹਾਂ ਇਸ ਦੀ ਤਰ੍ਹਾਂ-ਤਰ੍ਹਾਂ ਦੀ ਵਿਆਖਿਆ ਕਰ-ਕਰ ਕੇ ਭਗਤੀ ਦਾ ਮਾਰਗ ਉਲੀਕਿਆ। ਦੂਜੇ ਪ੍ਰੇਮ-ਮਾਰਗੀ ਭਗਤ, ‘ਅਚਾਰਯ’ ਸ਼੍ਰੇਣੀ ਵਿੱਚੋਂ ਨਹੀਂ ਸਨ। ਇਹ ਜਨ-ਸਾਧਾਰਣ ਵਿੱਚੋਂ ਉੱਠੇ ਸਨ ਤੇ ਸ਼ਾਸਤਰੀ ਗਿਆਨ ਦੀ ਥਾਂ ਆਪਣਾ ਅਨੁਭਵ ਸਿੱਧੀ-ਸਾਦੀ ਬੋਲੀ ਵਿਚ ਪ੍ਰਗਟਾ ਕੇ ਖੁਸ਼ ਸਨ। ਪੁਰਾਣੇ ਅਚਾਰਯ ਸੰਸਕ੍ਰਿਤ ਵਿਚ ਉਪਦੇਸ਼ ਦਿੰਦੇ ਸਨ; ਨਵੇਂ ਭਗਤ ਲੋਕ-ਭਾਸ਼ਾ ਵਿਚ ਗੱਲ ਕਰਦੇ ਸਨ। ਪੁਰਾਣੇ ਪੰਡਿਤ, ਤਰਕ ਸ਼ਾਸਤਰ ਦਾ ਆਸਰਾ ਲੈਂਦੇ ਸਨ ਤੇ ਨਵੇਂ ਸੰਤ ਸਾਧੂ ਸਿਦਕ ਤੇ ਭਰੋਸੇ ਨੂੰ ਮੁੱਖ ਥਾਂ ਦਿੰਦੇ ਸਨ ਪਰ ਨਵੇਂ ਭਗਤ ਸਾਜ਼ ਵਜਾ ਕੇ ਤੇ ਬਾਣੀ ਗਾ ਕੇ ਜਗਿਆਸੂਆਂ ਦੇ ਮਨ ਵਿਚ ਆਪਣੀ ਗੱਲ ਵਸਾਉਂਦੇ ਸਨ।

3. ਕੀਰਤਨ ਤੇ ਸੰਗੀਤ

ਕਾਰਲਾਇਲ ਨੇ ਠੀਕ ਕਿਹਾ ਹੈ ਕਿ ਸੰਗੀਤ ਫਰਿਸ਼ਤਿਆਂ ਦੀ ਜ਼ਬਾਨ ਹੈ, ਮਾਰਟਨ ਲੂਥਰ ਅਨੁਸਾਰ, ‘ਸੰਗੀਤ ਪੈਗ਼ੰਬਰਾਂ ਦੀ ਕਲਾ ਹੈ ਜੋ ਆਤਮਾ ਦੀ ਅਸ਼ਾਂਤੀ ਦੂਰ ਕਰਦੀ ਹੈ। ਇਹ ਰੱਬ ਦੀਆਂ ਖਾਸ ਮਿਹਰਬਾਨੀਆਂ ਵਿੱਚੋਂ ਇਕ ਹੈ ਤੇ ਭਗਤੀ ਲਹਿਰ ਦੇ ਭਗਤਾਂ ਉੱਤੇ ਇਹ ਖਾਸ ਮਿਹਰ ਹੋਈ।’

ਭਾਵੇਂ ਵੈਦਕ ਸਮੇਂ ਤੋਂ ਸੰਗੀਤ ਦੀ ਰੀਤ ਚਲਦੀ ਆਈ ਹੈ, ਪਰ ‘ਕੀਰਤਨ’ ਵਰਗਾ ਸ਼ਕਤੀਸ਼ਾਲੀ ਸਾਧਨ ਅਜੇ ਮੂਰਤੀਮਾਨ ਨਹੀਂ ਸੀ ਹੋਇਆ। ਉਸ ਸਮੇਂ ਯੱਗ ਹੋਮ ਹੀ ਪ੍ਰਧਾਨ ਕਰਮ ਸੀ। ਸ੍ਰੀ ਮਦ ਭਾਗਵਤ (7,5,23) ਵਿਚ ਭਗਤੀ ਦੇ ਨੌਂ ਭੇਦ ਦੱਸੇ ਹਨ- ਸ੍ਰਵਣ, ਕੀਰਤਨ, ਸਿਮਰਨ, ਪਾਦ ਸੇਵਨ, ਅਰਚਨ,  ਬੰਦਨ, ਸਖੀਭਾਵ, ਦਾਸਭਾਵ ਤੇ ਆਤਮ-ਸਮਰਪਣ। ਇਥੇ ਵੀ  ਕੀਰਤਨ  ਨੂੰ ਮਾਮੂਲੀ ਦਰਜਾ ਪ੍ਰਾਪਤ ਹੈ ਪਰ ਮਾਲੂਮ ਹੁੰਦਾ ਹੈ ਕਿ ਭਗਤੀ ਲਹਿਰ ਦੇ ਜ਼ਮਾਨੇ ਕੀਰਤਨ ਦਾ ਸਾਧਨਾ-ਮਾਰਗ ਇਤਨਾ ਵਿਕਸਤ ਤੇ ਆਮ ਪ੍ਰਚਲਤ ਹੋਇਆ ਕਿ ਇਹ ਹੋਰ ਸਾਰੇ ਕਰਮਕਾਂਡਾਂ ’ਤੇ ਛਾ ਗਿਆ। ਇਹ ਇਕ ਥਾਂ ਦੀ ਗੱਲ ਨਹੀਂ; ਸਗੋਂ ਸਾਰਾ ਭਾਰਤ ਹੀ ਇਸ ਰਾਹ ਦਾ ਪਾਂਧੀ ਸੀ। ਗੁਰੂ ਸਾਹਿਬਾਨ ਨੇ ਇਸ ਤੱਤ ਨੂੰ ਪਛਾਣ ਲਿਆ ਸੀ। ਇਸੇ ਕਰਕੇ ਉਹ ਕਹਿ ਰਹੇ ਸਨ:

ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥(ਪੰਨਾ 747)

ਸੋ ਕੀਰਤਨ, ਭਗਤੀ ਲਹਿਰ ਸਮੇਂ ਵਿਕਸਤ ਹੋਈ ਇਕ ਅਜਿਹੀ ਵਿਧੀ ਸੀ ਜਿਸ ਦੁਆਰਾ ਪ੍ਰਭੂ-ਭਗਤੀ, ਮਾਨਵ-ਪ੍ਰੇਮ ਤੇ ਸ੍ਰਿਸ਼ਟਾਚਾਰ ਦਾ ਪ੍ਰਚਾਰ ਕੀਤਾ ਗਿਆ। ਚਾਹੇ ਨਿਰਗੁਣਵਾਦੀ ਸੰਤ ਸਨ ਚਾਹੇ ਸਰਗੁਣਵਾਦੀ, ਚਾਹੇ ਹਿੰਦੂ ਭਗਤ ਸਨ, ਚਾਹੇ ਸੂਫੀ ਫਕੀਰ- ਸਭ ਗਾ-ਗਾ ਕੇ ਆਪਣੇ ਇਸ਼ਟ ਦਾ ਅਰਾਧਨ ਕਰਦੇ ਸਨ। ਸੋ ਗੁਣ- ਗਾਇਨ ਜਾਂ ਕੀਰਤਨ ਦਾ ਮੁੱਖ ਮੰਤਵ ਮਾਨਸਿਕ ਇਕਾਗਰਤਾ ਦੀ ਸਥਾਪਨਾ ਸੀ, ਇਸ ਮਨੋਰਥ ਦੀ ਪ੍ਰਾਪਤੀ ਵਿਚ ਕੀਰਤਨ ਨੇ ਬਹੁਤ ਵੱਡਾ ਹਿੱਸਾ ਪਾਇਆ।

ਇਹੋ ਕਾਰਨ ਹੈ ਕਿ ਮੱਧ-ਕਾਲੀਨ ਰਹੱਸਵਾਦੀ ਕਾਵਿ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਇਹ ਵਧੇਰੇ ਰਾਗ ਵਿਚ ਹੀ ਹੈ ਭਾਵੇਂ ਇਹ ਭਗਤ-ਬਾਣੀ ਹੈ ਭਾਵੇਂ ਗੁਰੂ-ਬਾਣੀ ਜਾਂ ਸੰਤ ਬਾਣੀ। ਭਗਤੀ ਲਹਿਰ ਸਮੇਂ ਜਿਨ੍ਹਾਂ ਸੰਤਾਂ-ਭਗਤਾਂ ਨੇ ਰੂਹਾਨੀ ਗੀਤ ਗਾਏ, ਉਨ੍ਹਾਂ ਸਾਰਿਆਂ ਹੀ ਆਪਣੇ ਪਦਿਆਂ ਉੱਤੇ ਰਾਗ-ਤਾਲ ਦੇ ਸੰਕੇਤ ਦਿੱਤੇ ਹਨ। ਸਰਗੁਣਵਾਦੀ ਸੰਤ ਕਵੀਆਂ ਦੇ ਸਾਰੇ ਭਜਨ ਰਾਗਾਂ-ਤਾਲਾਂ ਨਾਲ ਸਜੇ ਹੋਏ ਹਨ, ਇਸੇ ਤਰ੍ਹਾਂ ਸ੍ਰੀ ਤੁਲਸੀ, ਭਗਤ ਸੂਰਦਾਸ, ਭਗਤੀ ’ਚ ਮਖਮੂਰ ਮੀਰਾਂ ਬਾਈ ਤੇ ਭਗਤ ਦਾਦੂ ਦਯਾਲ ਤਕ ਦੇ ਗੀਤਾਂ ਉੱਤੇ ਇਸੇ ਤਰ੍ਹਾਂ ਹੈ। ਇਸ ਤੋਂ ਪ੍ਰਗਟ ਹੈ ਕਿ ਉਸ ਸਮੇਂ ਦੇ ਭਗਤ ਕਵੀ, ਸੰਗੀਤ ਕਲਾ ਤੋਂ ਚੰਗੀ ਤਰ੍ਹਾਂ ਜਾਣੂ ਸਨ ਤੇ ਉਹ ਆਪਣੀ ਰਚਨਾ ਦੇ ਵਿਸ਼ੇ-ਵਸਤੂ ਅਨੁਸਾਰ ਸੰਗੀਤਕ ਧਾਰਨਾ ਦਾ ਆਸਰਾ ਲੈਂਦੇ ਸਨ। ਜੇਕਰ ਪੜਤਾਲ ਕੀਤੀ ਜਾਵੇ ਤਾਂ ਇਸ ਪਰੰਪਰਾ ਦੇ ਕਾਫੀ ਪੁਰਾਣੇ ਚਿੰਨ੍ਹ ਮਿਲਦੇ ਹਨ। ਰਿਗਵੇਦ ਦੇ ਮੰਤਰਾਂ ਨੂੰ ਜਦੋਂ ਗਾਉਣ-ਸੰਕੇਤਾਂ ਨਾਲ ਪੇਸ਼ ਕੀਤਾ ਗਿਆ ਤਾਂ ਉਹੋ ‘ਸਾਮਵੇਦ’ ਕਹਿਲਾਇਆ। ਵੈਦਿਕ ਰਿਸ਼ੀ ਗਾ-ਗਾ ਕੇ ਹੀ ਮੰਤਰ ਉਚਾਰਦੇ ਸਨ।

ਬੋਧੀ ਕਵੀ ਅਸ਼੍ਵਘੋਸ਼ ਬਾਰੇ ਪ੍ਰਸਿੱਧ ਹੈ ਕਿ ਉਹ ਆਪਣੇ ਨਾਲ ਸੰਗੀਤ ਮੰਡਲੀ ਰੱਖਦਾ ਸੀ ਤੇ ਗਾ ਗਾ ਕੇ ਹੀ ਬੋਧੀ ਵਿਚਾਰਾਂ ਦਾ ਪ੍ਰਚਾਰ ਕਰਦਾ ਸੀ। (B.A. Pingle- Indian Music (1898) P. 315.) ਇਸ ਤੋਂ ਅਠਵੀਂ, ਨੌਵੀਂ, ਦਸਵੀਂ ਸਦੀ ਦੀ ਲਿਖੀ ਜੋ ਸਿੱਧਾਂ ਦੀ ਬਾਣੀ ਮਿਲਦੀ ਹੈ, ਉਸ ਉੱਤੇ ਵੀ ਰਾਗਾਂ ਦੇ ਸਿਰਲੇਖ ਦਿੱਤੇ ਗਏ ਹਨ। (ਰਾਹੁਲ ਸਾਂਕ੍ਰਿਤਯਯਾਨ-ਦੋਹਾ ਕੋਸ਼ (1957), ਪੰਨਾ 358) ਤੇਰ੍ਹਵੀਂ ਸਦੀ ਦੇ ਕਵੀ ਭਗਤ ਜੈਦੇਵ ਦਾ ਸੰਸਕ੍ਰਿਤ ਕਾਵਿ ‘ਗੀਤ ਗੋਵਿੰਦ’ ਵੀ ਅਜਿਹੇ ਰਾਗਾਂ ਦੇ ਸਿਰਲੇਖਾਂ ਹੇਠ ਸੁਸ਼ੋਭਿਤ ਹੈ। ਜ਼ਾਹਰ ਹੈ ਕਿ ਭਗਤੀ ਲਹਿਰ ਤੋਂ ਪਹਿਲਾਂ ਵੀ ਰਾਗ-ਸੰਕੇਤ ਦੇਣ ਦਾ ਆਮ ਰਿਵਾਜ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਗਾਂ ਵਿਚ ਲਿਖੀ ਗਈ ਤੇ ਇਸ ਤੋਂ ਇਲਾਵਾ ਸਾਰੀ ਬਾਣੀ ਦਾ ਸੰਪਾਦਨ ਕਰਨ ਸਮੇਂ ਵੀ ਰਾਗ ਨੂੰ ਹੀ ਮੁੱਖ ਰੱਖਿਆ ਗਿਆ।

ਇਹ ਇਕ ਇਤਿਹਾਸਕ ਹਕੀਕਤ ਹੈ ਕਿ ਇਸ ਸਮੇਂ ਸਾਰਾ ਧਾਰਮਿਕ ਮੰਡਲ ਰੂਹਾਨੀ ਸੰਗੀਤ ਨਾਲ ਉਜਾਇਮਾਨ ਸੀ, ਸਾਰੇ ਮੰਦਰਾਂ, ਮਸਜਿਦਾਂ, ਦਰਗਾਹਾਂ, ਡੇਰਿਆਂ ਤੇ ਹੋਰ ਧਰਮ-ਸਥਾਨਾਂ ਵਿਚ ਕੀਰਤਨ ਤੇ ਭਜਨ ਸੁਣਾਈ ਦਿੰਦੇ ਸਨ। ਵੈਸ਼ਨਵ ਭਗਤ ਭਜਨ ਗਾਉਂਦੇ, ਸੂਫੀ ਫਕੀਰ ਕੱਵਾਲੀਆਂ ਗਾਉਂਦੇ ਤੇ ਸਿੱਖ, ਸ਼ਬਦ-ਕੀਰਤਨ ਕਰਦੇ ਸਨ। ਇਸ ਤਰ੍ਹਾਂ ਰਾਜ-ਦਰਬਾਰਾਂ ਵਿਚ ਵੀ ਸੰਗੀਤ ਦੀ ਬਹੁਤ ਚੜ੍ਹਤ ਸੀ। ਅਕਬਰ ਦਾ ਦਰਬਾਰ ਇਸ ਪੱਖੋਂ ਵਿਸ਼ੇਸ਼ ਸੀ ਜਿੱਥੇ ਕਿ ਤਾਨਸੈਨ ਤੇ ਬੈਜੂ ਬਾਵਰੇ ਵਰਗੇ ਗਵੱਈਏ ਵਚਿਤ੍ਰ ਸੰਗੀਤ ਕਲਾ ਨਾਲ ਸਾਰੇ ਦਰਬਾਰੀਆਂ ਦਾ ਮਨ ਮੋਹ ਲੈਂਦੇ ਸਨ। ਇਸ ਦਰਬਾਰੀ ਸੰਗੀਤ ਤੇ ਸੰਤ ਸੰਗੀਤ ਵਿਚ ਅੰਤਰ ਇਤਨਾ ਹੀ ਸੀ ਕਿ ਦੋਹਾਂ ਦਾ ਵਿਸ਼ਾ-ਵਸਤੂ ਭਿੰਨ-ਭਿੰਨ ਸੀ। ਦਰਬਾਰੀ ਸੰਗੀਤ ਕੇਵਲ ਮਾਨਸਿਕ ਬਿਲਾਸ ਮਾਤਰ ਸੀ ਤੇ ਸੰਤ-ਸੰਗੀਤ ਜ਼ਿੰਦਗੀ ਦਾ ਪਰਮਾਰਥਕ ਆਦਰਸ਼ ਦ੍ਰਿੜ੍ਹ ਕਰਾਉਂਦਾ ਸੀ। ਦੂਸਰਾ, ਦਰਬਾਰੀ ਸੰਗੀਤ ਵਧੇਰੇ ਸ਼ਾਸਤਰੀ ਤਕਨੀਕ ਤਕ ਮਹਿਦੂਦ ਸੀ ਤੇ ਸੰਤ ਸੰਗੀਤ ਨੇ ਲੋਕ-ਸੰਗੀਤ ਦਾ ਸੁਜਿੰਦ ਭਾਗ ਲੈ ਕੇ ਆਪਣੇ ਭਜਨ-ਕੀਰਤਨ ਨੂੰ ਵਧੇਰੇ ਲੋਕਪ੍ਰਿਯ ਬਣਾ ਲਿਆ ਸੀ।

4. ਸਿੱਖ ਸੰਗੀਤ ਪਰੰਪਰਾ

ਸਿੱਖ ਕੀਰਤਨ ਸਾਧਨ ਮਾਤਰ ਨਹੀਂ ਸੀ, ਸਗੋਂ ਜੀਵਨ ਦਾ ਧਰਮ ਬਣ ਗਿਆ ਸੀ, ਫਿਰ ਇਸ ਵਿਚ ਕੇਵਲ ਰੱਬੀ ਸਿਫਤ-ਸਲਾਹ ਨੂੰ ਹੀ ਮਾਣਯੋਗ ਥਾਂ ਪ੍ਰਾਪਤ ਸੀ, ਹੋਰ ਵਿਅਕਤੀ ਨੂੰ ਨਹੀਂ ਜਿਵੇਂ ਕਿ ਵੈਸ਼ਨਵ ਮੰਡਲੀਆਂ ਵਿਚ ਸੀ।

ਗਾਵਨਿ ਗੋਪੀਆ ਗਾਵਨਿ ਕਾਨ੍‍॥
ਗਾਵਨਿ ਸੀਤਾ ਰਾਜੇ ਰਾਮ॥ (ਪੰਨਾ 465)

ਇਸੇ ਤਰ੍ਹਾਂ ਸ਼ਾਸਤਰੀ ਸੰਗੀਤ ਤੇ ਲੋਕ ਸੰਗੀਤ ਦੇ ਸੁਮੇਲ ਨੇ ਇਸ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਤੇ ਹੌਲੀ-ਹੌਲੀ ਇਸ ਦੀ ਰਾਗਾਤਮਕ ਪਰੰਪਰਾ ਬਲਵਾਨ ਹੁੰਦੀ ਗਈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 31 ਮੁੱਖ ਰਾਗ ਆਏ ਹਨ: ਸਿਰੀ, ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਕਾਨੜਾ, ਮਲਾਰ, ਕਲਿਆਣ, ਪ੍ਰਭਾਤੀ ਤੇ ਜੈਜਾਵੰਤੀ। ਸਾਡਾ ਇਹ ਸੰਖਿਆ ਦੱਸਣ ਦਾ ਭਾਵ ਇਤਨਾ ਹੀ ਹੈ ਕਿ ਉਸ ਸਮੇਂ ਇਤਨੇ ਭਿੰਨ-ਭਿੰਨ ਕਿਸਮ ਦੇ ਰਾਗ ਆਮ ਗਾਏ ਜਾਂਦੇ ਸਨ। ਇਨ੍ਹਾਂ ਵਿਚ ਅੱਗੇ ਦੱਖਣੀ ਤੇ ਪੂਰਬੀ ਦਾ ਵੀ ਭੇਦ ਸੀ। ਫਿਰ ਇੰਨੀ ਕਿਸਮ ਦੀ ਵਿਵਿਧਤਾ ਹੈ ਕਿ ਉਸ ਤੋਂ ਪਤਾ ਲੱਗਦਾ ਹੈ ਕਿ ਘਰ ਤਾਲ ਵੀ ਭਿੰਨ-ਭਿੰਨ ਤਰ੍ਹਾਂ ਦੇ ਵਰਤੇ ਜਾਂਦੇ ਸਨ। ਹਰ ਸ਼ਬਦ ਵਿਚ ‘ਰਹਾਉ’ ਦੱਸਣਾ ਜ਼ਰੂਰੀ ਸੀ, ਪੜਤਾਲ ਦੇ ਸੰਕੇਤ ਤੋਂ ਜ਼ਾਹਰ ਹੈ ਕਿ ਇੱਕੋ ਸ਼ਬਦ ਦੀ ਗਵੈਸ਼ ਕਈ ਤਾਲ ਬਦਲ ਕੇ ਵੀ ਕੀਤੀ ਜਾਂਦੀ ਸੀ।

ਇਸ ਤੋਂ ਇਲਾਵਾ ਜਿੱਥੋਂ ਤਕ ਸਾਜ਼ਾਂ ਦਾ ਸੰਬੰਧ ਹੈ, ਉਹ ਭਗਤੀ ਲਹਿਰ ਸਮੇਂ ਅਨੇਕ ਕਿਸਮ ਦੇ ਸਨ- ਰਬਾਬ, ਮ੍ਰਿਦੰਗ, ਝਾਂਜ, ਕਿੰਨਰੀ, ਸਰੋਦ, ਵੀਣਾ, ਸੰਖ, ਭੇਰੀ, ਸ਼ਹਿਨਾਈ, ਤੁਰੀ, ਨਿਸ਼ਾਨ, ਚੰਗ, ਰੁੰਜ, ਮੁਰਜੀ, ਡਫ, ਪਟਾ, ਮੰਜੀਰ, ਢੋਲਕ, ਡਮਰੂ, ਡਿਮਡਿਮ, ਖੜਤਾਲ, ਛੈਣੇ, ਟੱਲੀਆਂ ਆਦਿ। ਲੇਕਿਨ ਸਿੱਖ ਸੰਗੀਤ ਪਰੰਪਰਾ ਵਿਚ ਰਬਾਬ, ਮ੍ਰਿਦੰਗ, ਪਖਾਵਜ ਆਦਿ ਦਾ ਹੀ ਚਰਚਾ ਆਇਆ ਹੈ। ਜਦੋਂ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਫੈਲਣ ਅਤੇ ਕੀਰਤਨ ਦਾ ਪ੍ਰਵਾਹ ਚੱਲਣ ਦਾ ਜ਼ਿਕਰ ਕੀਤਾ ਹੈ ਤਾਂ ਲਿਖਿਆ ਹੈ:

ਘਰਿ ਘਰਿ ਬਾਬਾ ਗਾਵੀਐ ਵਜਨਿ ਤਾਲ ਮ੍ਰਿਦੰਗੁ ਰਬਾਬਾ। (ਵਾਰ 24:4)

ਰਬਾਬ ਪੁਰਾਣਾ ਸਾਜ਼ ਹੈ ਜਿਸ ਦਾ ਜ਼ਿਕਰ ‘ਆਇਨਿ ਅਕਬਰੀ’ ਵਿਚ ਵੀ ਆਇਆ ਹੈ। ਇਸ ਦੀ ਕਾਢ ਸਿਕੰਦਰੁਲ ਜ਼ੁਨੈਨ ਨੇ ਕੱਢੀ ਸੀ। ਸਰਹੱਦ ਵਿਚ ਇਸ ਦੀ ਹੁਣ ਵੀ ਵਰਤੋਂ ਹੈ, ਪਠਾਣ ਗਵੱਈਏ ਇਸ ਨੂੰ ਸ਼ੌਕ ਨਾਲ ਵਜਾਉਂਦੇ ਹਨ। ਸਿੱਖ-ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਭਾਈ ਮਰਦਾਨਾ ਜੀ ਰਬਾਬ ਵਜਾਉਣ ਵਿਚ ਚੰਗੇ ਪ੍ਰਬੀਨ ਸਨ, ਜੈਸਾ ਕਿ ਲਿਖਿਆ ਹੈ:

ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ।   (ਵਾਰ 11:13)

ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ। (ਵਾਰ 1:35)

ਗੁਰੂ ਸਾਹਿਬਾਨ ਦੇ ਦਰਬਾਰੀ ਰਬਾਬੀ ਤੇ ਹੋਰ ਸਿੱਖ ਗਵੱਈਏ ਸੰਗੀਤ ਕਲਾ ਵਿਚ ਭਲੀ-ਭਾਂਤ ਨਿਪੁੰਨ ਸਨ। ਉਹ ਇਸ ਰਾਗ-ਵਿੱਦਿਆ ਨੂੰ ਕੇਵਲ ਗੁਰਬਾਣੀ-ਗਾਇਨ ਲਈ ਪ੍ਰਯੋਗ ਵਿਚ ਲਿਆਉਂਦੇ ਸਨ ਤੇ ਹੋਰ ਵਰਤੋਂ ਨੂੰ ਉਚਿਤ ਨਹੀਂ ਸਨ ਮੰਨਦੇ:

ਗਾਵਹਿ ਗੀਤੇ ਚੀਤਿ ਅਨੀਤੇ॥
ਰਾਗ ਸੁਣਾਇ ਕਹਾਵਹਿ ਬੀਤੇ॥
ਬਿਨੁ ਨਾਵੈ ਮਨਿ ਝੂਠੁ ਅਨੀਤੇ॥ (ਪੰਨਾ 414)

ਸੰਗੀਤ ਦੁਆਰਾ ਪ੍ਰਭੂ-ਜੱਸ ਗਾਉਣਾ ਹੀ ਕੀਰਤਨ ਹੈ, ਇਹ ਪੱਕੇ ਰਾਗ ਵਿਚ ਵੀ ਹੋ ਸਕਦਾ ਹੈ ਤੇ ਲੋਕ-ਤਰਜ਼ ਵਿਚ ਵੀ। ਗੁਰੂ ਸਾਹਿਬ ਦੀ ਹਦਾਇਤ ਹੈ:

ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ॥(ਪੰਨਾ 821)

ਰਾਗਾਂ ਵਿਚ ਹਰਿ-ਜਸ ਗਾਉਣ ਦੀ ਉਚੇਚੀ ਤਾਕੀਦ ਦੱਸਦੀ ਹੈ ਕਿ ਗੁਰੂ ਸਾਹਿਬਾਨ ਦੀ ਦ੍ਰਿਸ਼ਟੀ ਵਿਚ ਰਾਗਾਂ ਦਾ ਕੀ ਮਹੱਤਵ ਸੀ ਤੇ ਜ਼ਿੰਦਗੀ ਲਈ ਇਨ੍ਹਾਂ ਦੀ ਕਿਤਨੀ ਸਾਰਥਿਕਤਾ ਸੀ। ਗੁਰੂ ਸਾਹਿਬਾਨ ਖ਼ੁਦ ਕੀਰਤਨ ਕਰਦੇ ਰਹੇ ਤੇ ਸਾਥ ਲਈ ਚੰਗੇ-ਚੰਗੇ ਵਜੰਤ੍ਰੀ ਗਵੰਤ੍ਰੀ ਰੱਖਣੇ ਉਨ੍ਹਾਂ ਦਾ ਮਨਭਾਉਂਦਾ ਸ਼ੌਕ ਸੀ। ਭਾਈ ਮਰਦਾਨਾ ਜੀ, ਰਾਇ ਬਲਵੰਡ ਜੀ, ਹਰੀ ਰਾਮ, ਗੁਰਸਰਨ, ਸਾਹਿਬ ਰਾਮ ਤੇ ਹੋਰ ਅਨੇਕਾਂ ਰਾਗੀ ਰਬਾਬੀ ਸੇਵਾ ਨਿਭਾਉਂਦੇ ਰਹੇ। ਗੁਰੂ ਅਰਜਨ ਸਾਹਿਬ ਜੀ ਸਰੰਦੇ ਦੇ ਖਾਸ ਪ੍ਰੇਮੀ ਸਨ ਤੇ ਉਨ੍ਹਾਂ ਸੰਗੀਤ-ਵਿੱਦਿਆ ਵਿਚ ਨਿਪੁੰਨਤਾ ਪ੍ਰਾਪਤ ਕਰਨ ਦੀ ਭਰਪੂਰ ਪ੍ਰੇਰਨਾ ਦਿੱਤੀ ਤੇ ਸਿੱਖ ਇਵੇਂ ਰਬਾਬ ਤੇ ਮ੍ਰਿਦੰਗ ਵਜਾਉਣ ਵਿਚ ਮੁਹਾਰਤ ਹਾਸਲ ਕਰਦੇ ਗਏ। ਸਿੱਖ-ਸੰਗੀਤ ਦੇ ਇਸ ਅਮੀਰ ਵਿਰਸੇ ਦਾ ਹੀ ਸਿੱਟਾ ਸੀ ਕਿ ਮਹੰਤ ਮੱਜਾ ਸਿੰਘ, ਭਾਈ ਦੇਸਾ ਜੀ, ਭਾਈ ਲਾਲ ਜੀ, ਭਾਈ ਫੱਤੂ ਜੀ, ਭਾਈ ਚਾਂਦ ਜੀ, ਭਾਈ ਹਰਨਾਮ ਸਿੰਘ, ਭਾਈ ਹੀਰਾ ਸਿੰਘ, ਭਾਈ ਸੁਮੰਦ ਸਿੰਘ, ਭਾਈ ਸੁਰਜਨ ਸਿੰਘ, ਭਾਈ ਸੰਤਾ ਸਿੰਘ, ਭਾਈ ਪੂਰਨ ਸਿੰਘ ਆਦਿ ਨਾਮਵਰ ਕੁਸ਼ਲ ਰਬਾਬੀਏ ਤੇ ਕੀਰਤਨੀਏ ਇਸ ਖੇਤਰ ਵਿਚ ਹੋਏ। ਇਸ ਸਾਰੇ ਉੱਦਮ ਦਾ ਤਾਤਪਰਜ ਇਤਨਾ ਹੀ ਸੀ ਕਿ ਸਿੱਖ ਚੰਗਾ ਕੀਰਤਨ ਕਰ ਕੇ ਆਪਣੇ ਮਨ ਦੇ ਸਾਜ਼ ਨੂੰ ਸੁਰ ਕਰ ਸਕਣ। ਇਸ ਕਰਕੇ ਗੁਰਮਤਿ ਵਿਚ ਕੀਰਤਨ ਨੂੰ ਪ੍ਰਮੁੱਖ ਧਰਮ ਕਰਾਰ ਦਿੱਤਾ ਗਿਆ ਤੇ ਥਾਂ-ਥਾਂ ਕੀਰਤਨ ਕਰਨ ਉੱਤੇ ਜ਼ੋਰ ਹੈ:

ਜੋ ਜਨੁ ਕਰੈ ਕੀਰਤਨੁ ਗੋਪਾਲ॥
ਤਸ ਕਉ ਪੋਹਿ ਨ ਸਕੈ ਜਮਕਾਲੁ॥ (ਪੰਨਾ 867)

ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ॥
ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ॥ (ਪੰਨਾ 642)

ਕੀਰਤਨੁ ਨਿਰਮੋਲਕ ਹੀਰਾ॥
ਆਨੰਦ ਗੁਣੀ ਗਹੀਰਾ॥ (ਪੰਨਾ 893)

ਨਾਨਕੁ ਕਹੈ ਸੁਨਿ ਰੇ ਮਨਾ ਕਰਿ ਕੀਰਤਨੁ ਹੋਇ ਉਧਾਰੁ॥ (ਪੰਨਾ 214)

ਇਸ ਕੀਰਤਨ-ਮਹਿਮਾ ਨੂੰ ਵਰਣਨ ਕਰਦਿਆਂ ਕਈ ਥਾਂ ਕਈ ਰਾਗਾਂ ਦੇ ਉਚੇਚੇ ਨਾਂ ਲੈ ਕੇ ਉਨ੍ਹਾਂ ਦੀ ਵਡਿਆਈ ਕੀਤੀ ਗਈ ਹੈ ਪਰ ਗੁਰੂ-ਸਾਹਿਬਾਨ ਗਾਇਨ ਦੇ ਵਿਸ਼ੇ, ਰੱਬੀ ਸਿਫ਼ਤ-ਸਲਾਹ ਉੱਤੇ ਬਹੁਤ ਜ਼ੋਰ ਦਿੰਦੇ ਹਨ:

ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ॥ (ਪੰਨਾ 642)

ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ॥ (ਪੰਨਾ 83)

ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ॥ (ਪੰਨਾ 849)

ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ॥ (ਪੰਨਾ 311)

ਗਾਵਣਿ ਗਾਵਹਿ ਜਿਨ ਨਾਮ ਪਿਆਰੁ॥
ਸਾਚੀ ਬਾਣੀ ਸਬਦ ਬੀਚਾਰੁ॥ (ਪੰਨਾ 158)

ਗੁਰੂ ਸਾਹਿਬ ਦਾ ਦ੍ਰਿਸ਼ਟੀਕੋਣ ਸਪੱਸ਼ਟ ਹੈ ਕਿ ਉਹ ਜੀਵਨ ਦਾ ਵਿਕਾਸ ਮੁੱਖ ਮੰਨਦੇ ਹਨ ਤੇ ਸੰਗੀਤ ਨੂੰ ਉਸ ਵਿਕਾਸ ਦੀ ਉਸਾਰੀ ਵਿਚ ਸਹਾਇਕ ਸਾਧਨ ਬਣਾਉਂਦੇ ਹਨ, ਨਿਰਾ ਬਿਲਾਸ ਮਾਤ੍ਰ ਲਈ ਨਹੀਂ।

5. ਧਰਮ ਤੇ ਸੰਗੀਤ ਦਾ ਪ੍ਰਬੰਧ:

ਧਾਰਮਿਕ ਖੇਤਰ ਵਿਚ ਸੰਗੀਤ ਦਾ ਮਹੱਤਵ ਇਸ ਤਰ੍ਹਾਂ ਕਿਉਂ ਬਣਿਆ? ਇਸ ਬਾਰੇ ਥੋੜ੍ਹਾ ਜਿਹਾ ਵਿਚਾਰ ਕਰਨਾ ਜ਼ਰੂਰੀ ਹੈ ਕਿਉਂਕਿ ਕੀਰਤਨ ਦਾ ਇਸ ਰਾਗਾਤਮਕਤਾ ਨਾਲ ਘਣਾ ਸੰਬੰਧ ਹੈ।

ਮਨੁੱਖ ਭਾਵਕ ਪ੍ਰਾਣੀ ਹੈ, ਗਿਆਨਵੰਤ ਹੋਣ ਦੇ ਬਾਵਜੂਦ ਵੀ ਇਹ ਭਾਵਾਂ ਦੇ ਪ੍ਰਵਾਹ ਹੇਠ ਵਹਿਣ ਲੱਗਦਾ ਹੈ, ਗਿਆਨ ਨੂੰ ਪਹਿਲਾ ਦਰਜਾ ਨਹੀਂ ਮਿਲਦਾ, ਭਾਵਾਂ ਤੇ ਉਪਭਾਵਾਂ ਦਾ ਵੇਗ ਇਸ ਨੂੰ ਦੂਜੇ ਦਰਜੇ ’ਤੇ ਖੜ੍ਹਾ ਕਰਦਾ ਹੈ। ਮੌਜੂਦਾ ਮਨੋਵਿਗਿਆਨ ਵੀ ਇਹੋ ਮੰਨਦਾ ਹੈ ਕਿ ਮਨੁੱਖੀ ਮਨ ਜਜ਼ਬਿਆਂ ਦੇ ਵਹਿਣ ਵਿਚ ਵਹਿ ਕੇ ਅਮਲ ਕਰਦਾ ਹੈ, ਨਿਰਾ ਗਿਆਨ ਆਸਰੇ ਨਹੀਂ ਚੱਲਦਾ। ਜੇ ਇਹ ਨਿਰੋਲ ਗਿਆਨ ਦੀ ਅਗਵਾਈ ਵਿਚ ਚੱਲੇ ਤਾਂ ਸ਼ਾਇਦ ਕੋਈ ਭੁੱਲ ਨਾ ਹੀ ਹੋਵੇ ਪਰ ਐਸਾ ਹੁੰਦਾ ਨਹੀਂ ਕਿਉਂਕਿ ਮਨ ਮਨੋਭਾਵਾਂ ਅਨੁਸਾਰ ਪੱਕੇ ਸੰਸਕਾਰਾਂ ਦੀ ਲੀਹ ਵਿਚ ਤੁਰਦਾ ਰਹਿੰਦਾ ਹੈ। ਸੋ ਲੋੜ ਹੈ ਇਸ ਭਾਵੁਕ ਵਹਿਣ ਦਾ ਰੁਖ਼ ਮੋੜਨ ਲਈ ਮਨੋਭਾਵਾਂ ਨੂੰ ਪ੍ਰਭਾਵਿਤ ਕੀਤਾ ਜਾਵੇ। ਇਹ ਮਨੋਭਾਵ ਅਧਿਆਤਮਕ ਸੰਗੀਤ ਰਾਹੀਂ ਵਧੇਰੇ ਪ੍ਰਬਲਤਾ ਨਾਲ ਪਰਿਵਰਤਿਤ ਕੀਤੇ ਜਾ ਸਕਦੇ ਹਨ। ਭਗਤੀ ਲਹਿਰ ਦਾ ਇਹ ਇਕ ਵੱਡਾ ਸਫਲ ਤਜਰਬਾ ਸੀ ਜਿਸ ਨੂੰ ਗੁਰੂ ਸਾਹਿਬਾਨ ਨੇ ਸਵੀਕਾਰ ਕੀਤਾ ਤੇ ਆਪਣੇ ਧਰਮ ਦਾ ਮੁੱਖ ਮਾਧਿਅਮ ਬਣਾਇਆ। ਦੂਜੇ, ਇਹ ਵੀ ਗੱਲ ਹੈ ਕਿ ਹਰ ਸਾਧਕ ਆਪਣੇ ਇਸ਼ਟ ਦਾ ਆਦਰਸ਼ ਸਨਮੁਖ ਰੱਖਦਾ ਹੈ, ਉਸ ਵਰਗਾ ਬਣਨਾ ਚਾਹੁੰਦਾ ਹੈ। ਇਸ ਲਈ ਵਧੀਆ ਤਰੀਕਾ ਇਹੋ ਹੈ ਕਿ ਉਸ ਦੇ ਗੁਣ ਧਾਰੇ ਜਾਣ। ਕੀਰਤਨ ਨਾਲ ਇਹ ਗੁਣ ਪ੍ਰਤੱਖ ਹੁੰਦੇ ਅਤੇ ਅੰਦਰ ਵੱਸਦੇ ਹਨ। ਇਸ ਤਰ੍ਹਾਂ ਕੀਰਤਨ ਦੀ ਰਸਾਇਣ ਮਨੁੱਖਾਂ ਦੀ ਕਾਇਆ-ਕਲਪ ਕਰਦੀ ਆਈ ਹੈ। ਤੀਸਰਾ, ਕੀਰਤਨ ਦੀ ਗੁੰਜਾਰ ਅਜਿਹੇ ਰੂਹਾਨੀ ਵਾਤਾਵਰਨ ਦੀ ਸਾਜਨਾ ਕਰਦੀ ਹੈ ਜਿਸ ਦੁਆਰਾ ਰੂਹ ਆਪਣੇ ਆਪ ਪਰਮੇਸਰ ਨਾਲ ਜੁੜ ਜਾਂਦੀ ਹੈ ਤੇ ਬਾਕੀ ਵਾਧੂ ਖਿਆਲ ਆਪਣੇ ਆਪ ਛਾਈਂ-ਮਾਈਂ ਹੋ ਜਾਂਦੇ ਹਨ। ਜੇ ਸੱਚ ਪੁੱਛੋ ਸਿੱਖਾਂ ਨੇ ਜੀਵਨ ਦਾ ਢੰਗ ਤੇ ਉੱਚੇ ਆਦਰਸ਼ਾਂ ਲਈ ਮਰਨ ਦਾ ਢੰਗ ਇਸੇ ਕੀਰਤਨ ਦੇ ਪ੍ਰਭਾਵ ਤੋਂ ਗ੍ਰਹਿਣ ਕੀਤਾ ਹੈ। ਇਸੇ ਅਸਰ ਤੋਂ ਪ੍ਰੇਰਿਤ ਹੋ ਕੇ ਮੁਨਸ਼ੀ ਸੁਜਾਨ ਰਾਇ ਭੰਡਾਰੀ ਲਿਖਦਾ ਹੈ:

“ਅਲ ਕਿੱਸਾ ਅਜ਼ ਮੁਰੀਦਾਨਿ ਵ ਮੁਅਤਕਿਦਾਨਿ ਬਾਬਾ ਨਾਨਕ ਅਕਸਰਿ ਸਾਹਿਬਿ ਹਾਲ ਮਕਬੂਲੁ ਲ ਮਕਾਲ ਵ ਅਹਲਿ ਰਯਾਜ਼ਾਤ ਵ ਮੁਅਤ ਜਾਬੁਲ ਦਾਅਵਾਤ ਮੇਬਾਸ਼ੰਦ। ਖੁਲਾਸਾਇ ਅਬਦਾਤਿ ਬ ਤਾਇਫਾ ਮੁਤਾਲਇ ਅਸ਼ਆਰਿ ਮੁਰਸ਼ਦਿ ਖੇਸ਼ ਅਸਤ ਕਿ ਬ ਸਰੋਦੇ ਨਗਮਾ ਮੇਗੋਯੰਦ ਵ ਜ਼ਮਜ਼ਮਾਇ ਦਿਲ ਫਰ ਮੇਸਰਾਯੰਦ, ਅਕਸਰ ਕਦੂਰਤਿ ਅਲਾਇਕ ਅਜ਼ ਖਾਤਰ ਜ਼ਾਇਲ ਸਾਖ਼ਤਾ, ਵ ਪਰਦਾਇ ਜ਼ੱਲਾਮ ਅਵਾਇ ਅਜ਼ ਦਿਲਬਰ ਅੰਦ ਖ਼ਤਾ ਅੰਦ। ਖੇਸ਼ੋ ਬੇਗਾਨਾ ਦਰ ਨਜ਼ਰਿ ਏਸ਼ਾਂ ਯਕਸਾਂ, ਵ ਦੋਸਤੋ ਦੁਸ਼ਮਨ ਨਿਜ਼ਦਿ ਬਰਾਬਰ, ਬ ਦੋਸਤਾਂ ਯਕ ਰੰਗ ਬਦੁਸ਼ਮਨਾਂ ਬੇਜੰਦ ਜ਼ੀਸਤ ਮੇਕੁਨੰਦ।” (ਖੁਲਾਸਤੁਤ੍ਵਾਰੀਖ, ਪੰਨਾ 69-70)

ਮੁੱਕਦੀ ਗੱਲ, ਗੁਰੂ ਨਾਨਕ ਸਾਹਿਬ ਦੇ ਬਹੁਤ ਸਾਰੇ ਸ਼ਰਧਾਲੂ ਸਿੱਖ ਸੇਵਕ ਸੱਚੀਮੁੱਚੀ ਪਹੁੰਚੇ ਹੋਏ, ਰੱਬੀ ਰੰਗ ਵਿਚ ਰੰਗੇ ਲੋਕ ਹਨ, ਜਿਨ੍ਹਾਂ ਦੀਆਂ ਅਰਦਾਸਾਂ ਰੱਬ ਪ੍ਰਵਾਨ ਕਰਦਾ ਹੈ। ਇਨ੍ਹਾਂ ਦੀ ਪੂਜਾ ਪਾਵਨ ਗੁਰਬਾਣੀ ਦਾ ਵਿਚਾਰ ਹੈ ਜਿਸ ਨੂੰ ਇਹ ਆਕਰਸ਼ਕ ਮਿੱਠੀ ਸੁਰ ਨਾਲ ਪੜ੍ਹਦੇ ਤੇ ਗਾਉਂਦੇ ਹਨ। ਇਹ ਆਪਣੇ ਦਿਲ ਤੋਂ ਦ੍ਵੈਸ਼, ਭਰਮ ਦੇ ਪਰਦੇ ਲਾਹ ਕੇ ਤੰਗਦਿਲੀ ਤੇ ਅਗਿਆਨਤਾ ਨੂੰ ਛੱਡ ਕੇ ਆਪਣੇ ਬੇਗਾਨਿਆਂ ਨੂੰ ਇਕ ਨਜ਼ਰ ਨਾਲ ਤੱਕਦੇ ਹਨ। ਇਹ ਸਭ ਦੇ ਮਿੱਤਰ ਹਨ।

ਜਦ ਭਾਈ ਕਨ੍ਹਈਏ ਨੂੰ ਵੈਰੀ ਤੇ ਆਪਣੇ, ਬਰਾਬਰ ਦਿੱਸਦੇ ਸਨ ਤਾਂ ਇਹ ਹਰਿਕੀਰਤਨ ਦੇ ਡੂੰਘੇ ਪ੍ਰਭਾਵ ਦਾ ਹੀ ਨਤੀਜਾ ਸੀ। ਇਹ ਬਿਰਤੀ ਐਵੇਂ ਨਹੀਂ ਸੀ ਬਣਦੀ, ਇਹ ਕੀਰਤਨ ਦਾ ਕ੍ਰਿਸ਼ਮਾ ਸੀ।

ਜਿੱਥੇ ਵੀ ਸਿੱਖ ਧਰਮ-ਅਸਥਾਨ ਬਣਦਾ ਹੈ ਤੇ ਜਿੱਥੇ-ਜਿੱਥੇ ਸਿੱਖ ਸੰਗਤ ਇਕੱਤਰ ਹੁੰਦੀ ਹੈ, ਉਥੇ ਸਭ ਤੋਂ ਪਹਿਲਾਂ ਕੀਰਤਨ ਦਾ ਪ੍ਰਬੰਧ ਹੁੰਦਾ ਹੈ। ਇਹ ਕੀਰਤਨ ਅਜਿਹੀ ਭੱਠੀ ਹੈ, ਰੰਗ ਦੀ ਮੱਟੀ ਹੈ, ਜਿਸ ਵਿਚ ਜਗਿਆਸੂ ਆਪਣੇ ਆਪ ਰੰਗਿਆ ਜਾਂਦਾ ਹੈ, ਉਸ ਦੇ ਖਿਆਲ ਬਦਲਦੇ ਹਨ, ਉਸ ਦਾ ਰੁਝਾਨ ਹੋਰ ਦਾ ਹੋਰ ਹੁੰਦਾ ਹੈ। ਕੀਰਤਨ ਉਸ ’ਤੇ ਜਾਦੂ ਅਸਰ ਕਰਦਾ ਹੈ ਤੇ ਉਹ ਗੁਰੂ-ਘਰ ਦਾ ਪ੍ਰੇਮੀ ਬਣ ਜਾਂਦਾ ਹੈ। ਕੀਰਤਨ ਦੇ ਇਸ ਗੁਣ ਨੇ ਦੇਸ਼ਾਂ-ਵਿਦੇਸ਼ਾਂ ਵਿਚ ਜਿੱਥੇ ਸਿੱਖਾਂ ਦੇ ਈਮਾਨ ਨੂੰ ਆਸਰਾ ਦੇਈ ਰੱਖਿਆ ਹੈ ਉਥੇ ਅਨੇਕਾਂ ਹੋਰ ਲੋਕਾਂ ਨੂੰ ਵੀ ਆਪਣੇ ਰੰਗ ਵਿਚ ਰੰਗਿਆ ਹੈ। ਸਿੱਖ ਪ੍ਰਚਾਰ ਵੀ ਕਰਦੇ ਹਨ, ਕਥਾ-ਵਖਿਆਨ ਦੁਆਰਾ ਹੋਰਾਂ ਨੂੰ ਗੁਰਮਤਿ ਦੀ ਜਾਣ-ਪਛਾਣ ਕਰਾਉਂਦੇ ਹਨ ਪਰ ਸਿੱਖ ਕੌਮ ਦਾ ਜੋ ਪਰਿਚਯ, ਸਮੂਹ ਸੰਗਤ ਦੇ ਰਲਵੇਂ-ਮਿਲਵੇਂ ਕੀਰਤਨ ਦੁਆਰਾ ਹੁੰਦਾ ਹੈ, ਉਸ ਦਾ ਕੋਈ ਮੁਕਾਬਲਾ ਨਹੀਂ; ਉਸ ਨਾਲ ਗੁਰੂ-ਸਿਧਾਂਤ ਦਿਲ ਵਿਚ ਵੱਸਦਾ ਤੇ ਅੰਦਰ ਧੱਸਦਾ ਜਾਂਦਾ ਹੈ। ਇਕ ਹੋਰ ਗੱਲ, ਰੱਬ ਨੂੰ ਇਲਮ, ਲਿਆਕਤ ਜਾਂ ਧਨ-ਦੌਲਤ ਦੇ ਜ਼ੋਰ ਨਾਲ ਮਿਲਣਾ ਸੰਭਵ ਨਹੀਂ। ਵੀਹਵੀਂ ਸਦੀ ਦੇ ਮਹਾਨ ਸੰਤ ਕਵੀ ਤੇ ਗਵੱਈਏ ਡਾ. ਰਬਿੰਦਰ ਨਾਥ ਟੈਗੋਰ ਨੇ ਲਿਖਿਆ ਹੈ:

“ਮੈਂ ਗੀਤਾਂ ਦੇ ਆਸਰੇ ਤੇਰੀ ਹਜ਼ੂਰੀ ਵਿਚ ਬੈਠਣ ਦੇ ਯੋਗ ਹੋ ਸਕਿਆ ਹਾਂ। ਪ੍ਰਾਣ ਦੇ ਕੇ ਵੀ ਮੈਨੂੰ ਤੇਰੇ ਪਾਸ ਬੈਠਣ ਦੀ ਜਗ੍ਹਾ ਨਹੀਂ ਮਿਲੀ ਲੇਕਿਨ ਕੀਰਤਨ ਤੇ ਗਾਨ ਦੇ ਸਦਕਾ ਮੈਂ ਤੇਰੇ ਚਰਨਾਂ ਨੂੰ ਛੁਹਣ ਦਾ ਸੁਭਾਗ ਪਾ ਰਿਹਾ ਹਾਂ।” ਉਨ੍ਹਾਂ ਦੇ ਮੂਲ ਸ਼ਬਦ ਹਨ:

ਜਾਨਿਆਮਿ ਏਇ ਗਿਾਨੇਰ ਬਲੇ, ਬਸ ਗਇ ਤੋਮ੍ਹਾਰਿ ਸੰਮੁਖੇ।
ਪ੍ਰਾਣ ਦੀਏ ਜਾਹਗਲ ਨਾਇ ਪਾਇ।
ਗਾਨ ਦੀਏ ਸੇਇ ਚਰਣ ਛੁਇ ਜਾਇ। (ਗੀਤਾਂਜਲੀ)

ਅੱਜ ਵੀ ਜੇ ਅਸੀਂ ਆਪਣੇ ਮਨ ਨੂੰ ਸਿੱਖ ਬਣਾਉਣਾ ਹੈ, ਗੁਰਮਤਿ ਦ੍ਰਿੜ੍ਹ ਕਰਾਉਣੀ ਹੈ ਤਾਂ ਇਸ ਦਾ ਚੰਗਾ ਸਾਧਨ ਕੀਰਤਨ ਹੀ ਹੈ। ਇਸ ਤੋਂ ਇਲਾਵਾ ਜੇ ਅਸੀਂ ਹੋਰਾਂ ਦੇ ਹਿਰਦਿਆਂ ਵਿਚ ਵੀ ਇਹ ਗੁਰੂ-ਸਿੱਖਿਆ ਪਾਉਣੀ ਹੈ ਤਾਂ ਹਰਿ ਕੀਰਤਨ ਤੋਂ ਵਧੀਆ ਵਸੀਲਾ ਹੋਰ ਕੋਈ ਨਹੀਂ। ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਆਪਣੇ ਕੀਰਤਨੀਆਂ ਨੂੰ ਗੁਰਬਾਣੀ ਤੇ ਸੰਗੀਤ-ਵਿੱਦਿਆ ਦੋਹਾਂ ਵਿਚ ਨਿਪੁੰਨ ਕਰੀਏ। ਗੁਰੂ ਸਾਹਿਬਾਨ ਨੇ ਸਿੱਖੀ ਦੀ ਲਹਿਰ ਇਸੇ ਕੀਰਤਨ ਦੇ ਮਾਧਿਅਮ ਨਾਲ ਚਲਾਈ ਸੀ ਤੇ ਅਸੀਂ ਵੀ ਜੇ ਸਿੱਖ ਧਰਮ ਨੂੰ ਦੂਰ-ਦੂਰ ਫੈਲਾਉਣ ਦਾ ਸੰਕਲਪ ਰੱਖਦੇ ਹਾਂ ਤਾਂ ਵਧੀਆ ਕੀਰਤਨੀਏ ਪੈਦਾ ਕਰਨ ਦੀ ਵਧੀਆ ਟਕਸਾਲ ਬਣਾਉਣ ਦਾ ਸਾਡਾ ਪਹਿਲਾ ਕੰਮ ਹੋਣਾ ਚਾਹੀਦਾ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸਾਬਕਾ ਸੀਨੀਅਰ ਓਰੀਐਂਟਲ ਫੈਲੋ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਿਆਰਾ ਸਿੰਘ ਪਦਮ (ਪ੍ਰੋ) (28-05-1921-ਤੋਂ -01-05-2001) ਇੱਕ ਪੰਜਾਬੀ ਲੇਖਕ ਅਤੇ ਅਕਾਦਮਿਕ ਵਿਦਵਾਨ ਸਨ, ਜਿਨ੍ਹਾਂ ਦਾ ਜਨਮ ਨੰਦ ਕੌਰ ਅਤੇ ਗੁਰਨਾਮ ਸਿੰਘ ਦੇ ਘਰ ਪਿੰਡ ਘੁੰਗਰਾਣਾ ਪਰਗਨਾ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਉਨ੍ਹਾਂ ਦਾ ਵਿਆਹ ਜਸਵੰਤ ਕੌਰ ਨਾਲ ਹੋਇਆ ਸੀ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ (1943-1947) ਵਿੱਚ ਲੈਕਚਰਾਰ ਵਜੋਂ ਕੀਤੀ। ਉਹ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ (1948-1950) ਦੇ ਗੁਰਦੁਆਰਾ ਗਜ਼ਟ ਦੇ ਸੰਪਾਦਕ ਰਹੇ ਹਨ। ਇਸ ਤੋਂ ਬਾਅਦ ਉਹ ਭਾਸ਼ਾ ਵਿਭਾਗ ਪੰਜਾਬ, ਪਟਿਆਲਾ (1950-1965) ਵਿੱਚ ਸ਼ਾਮਲ ਹੋ ਗਏ ਅਤੇ ਇਸ ਦੇ ਰਸਾਲੇ ਪੰਜਾਬੀ ਦੁਨੀਆ ਦਾ ਸੰਪਾਦਨ ਵੀ ਕੀਤਾ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ (1966-1983) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦਾ ਵਿਸ਼ੇਸ਼ ਸੀਨੀਅਰ ਓਰੀਐਂਟਲ ਫੈਲੋ ਨਿਯੁਕਤ ਕੀਤਾ ਗਿਆ।

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)