editor@sikharchives.org

ਫਤਹਿਗੜ੍ਹ ਸਾਹਿਬ ਦੀ ਯਾਤਰਾ ਦੀਆਂ ਕੁੱਝ ਅਭੁੱਲ ਯਾਦਾਂ

ਬਾਬਾ ਬੰਦਾ ਸਿੰਘ ਬਹਾਦਰ ਨੇ ਦਸਮ ਪਿਤਾ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦਾ ਬਦਲਾ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਲਿਆ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਬਾਬਾ ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦੇ ਮਹਾਨ ਸਿਰਲੱਥ ਸੂਰਮੇ ਦਾ ਨਾਂ ਮੈਂ ਪਹਿਲੀ ਵਾਰ ਅਕਤੂਬਰ 1959 ਈ: ਨੂੰ ਆਪਣੀ ਚੌਥੀ ਜਮਾਤ ਦੀ ਅਧਿਆਪਕਾ ਮੈਡਮ ਗੁਰਦੀਸ਼ ਕੌਰ (ਜੋ ਸਾਨੂੰ ਛੋਟਾ ਭਕਨਾ, ਜ਼ਿਲ੍ਹਾ ਅੰਮ੍ਰਿਤਸਰ ਕੁੜੀਆਂ ਦੇ ਸਕੂਲ ਵਿਚ ਪੜ੍ਹਾਉਂਦੇ ਸਨ) ਤੋਂ ਸੁਣਿਆ ਸੀ। ਮੈਂ ਆਪਣੇ ਬਾਊ ਜੀ (ਪ੍ਰਿੰ. ਸੁਜਾਨ ਸਿੰਘ ਜੀ) ਵੱਲੋਂ ਸਕੂਲ ਛੱਡਣ ਦੀ ਅਰਜ਼ੀ ਲੈ ਕੇ ਗਈ ਸਾਂ। ਮੇਰੀ ਅਰਜ਼ੀ ਪੜ੍ਹਦਿਆਂ ਉਨ੍ਹਾਂ ਬੜੀ ਸ਼ਰਧਾ ਨਾਲ ਕਿਹਾ ਸੀ, “ਬੜੀ ਪਵਿੱਤਰ ਸ਼ਹੀਦਾਂ ਦੀ ਧਰਤੀ ਉੱਤੇ ਤੇਰੇ ਪਿਤਾ ਜੀ ਦੀ ਬਦਲੀ ਹੋ ਗਈ ਹੈ। ਬੜੇ ਕਰਮਾਂ ਵਾਲੇ ਹੋ ਤੁਸੀਂ ਸਾਰੇ। ਬਾਬਾ ਬੰਦਾ ਸਿੰਘ ਬਹਾਦਰ ਨੇ ਦਸਮ ਪਿਤਾ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦਾ ਬਦਲਾ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਲਿਆ ਸੀ। ਪਹਾੜ ਜਿੱਡੀਆਂ ਥੇਹਾਂ ਹੀ ਥੇਹਾਂ ਉਸ ਕੀਤੀਆਂ ਪਈਆਂ ਨੇ।” ਨਵੰਬਰ ਦੇ ਪਹਿਲੇ ਹਫਤੇ ਰੇਲ ਰਾਹੀਂ ਸਾਡਾ ਸਾਰਾ ਪਰਵਾਰ ਅੰਮ੍ਰਿਤਸਰ ਤੋਂ ਸਰਹਿੰਦ ਜੰਕਸ਼ਨ ’ਤੇ ਪਹੁੰਚਿਆ ਸੀ। ਰਾਤ ਅਸੀਂ ਸਰਹਿੰਦ ਸਟੇਸ਼ਨ ’ਤੇ ਕੱਟੀ। ਸਵੇਰੇ ਅਨੰਦਪੁਰ ਸਾਹਿਬ ਜਾਣ ਵਾਲੀ ਗੱਡੀ ’ਤੇ ਸਾਰਾ ਪਰਵਾਰ ਸਵਾਰ ਹੋ ਗਿਆ। ਥੋੜ੍ਹੀ ਦੇਰ ਬਾਅਦ ਗੱਡੀ ਫਤਹਿਗੜ੍ਹ ਸਾਹਿਬ ਸਟੇਸ਼ਨ ’ਤੇ ਪਹੁੰਚਣ ਵਾਲੀ ਸੀ। ਮੇਰੇ ਪਰਵਾਰ ਦੇ ਸਾਰੇ ਜੀਆਂ ਨੇ ਮੱਥਾ ਟੇਕਣ ਲਈ ਹੱਥ ਜੋੜੇ ਸਨ ਤਾਂ ਮੈਂ ਉੱਚੀ-ਉੱਚੀ ਰੌਲ਼ਾ ਪਾਇਆ, “ਦੇਖੋ ਕਿੱਡਾ ਵੱਡਾ ਪਹਾੜ, ਹੋਰ ਛੋਟੇ-ਛੋਟੇ ਪਹਾੜ ਵੀ।” ਮੇਰੀ ਵੱਡੀ ਭੈਣ ਨੇ ਮੈਨੂੰ ਚੁੱਪ ਕਰਾਉਂਦਿਆਂ ਮੇਰੇ ਵੀ ਹੱਥ ਗੁਰਦੁਆਰਾ ਫਤਹਿਗੜ੍ਹ ਸਾਹਿਬ ਵੱਲ ਜੋੜ ਦਿੱਤੇ ਸਨ। ਗੱਡੀ ਫਤਹਿਗੜ੍ਹ ਸਾਹਿਬ ਸਟੇਸ਼ਨ ਤੋਂ ਚੱਲ ਕੇ ਬੱਸੀ ਪਠਾਣਾਂ ਰੁਕ ਗਈ। ਅਸੀਂ ਸਾਰੇ ਬੱਸੀ ਸਟੇਸ਼ਨ ’ਤੇ ਉਤਰ ਗਏ ਅਤੇ ਬੱਸੀ ਪਠਾਣਾਂ ਕਿਰਾਏ ’ਤੇ ਲਏ ਮਕਾਨ ਵਿਚ ਰਹਿਣ ਲੱਗ ਪਏ। ਕੁਝ ਹੀ ਦਿਨਾਂ ਬਾਅਦ ਮੇਰੇ ਬਾਊ ਜੀ ਦੇ ਛੋਟੇ ਮਾਸੀ ਜੀ ਆਏ, ਜਿਨ੍ਹਾਂ ਨੂੰ ਉੱਚਾ ਸੁਣਾਈ ਦਿੰਦਾ ਸੀ, ਬੱਸੀ ਪਠਾਣਾਂ ਆਏ। ਉਹ ਵੀ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਸਨ। ਮੇਰੇ ਬਾਊ ਜੀ ਨੇ ਮੇਰੇ ਮਾਤਾ ਜੀ ਨੂੰ ਕਿਹਾ ਕਿ ਮਾਸੀ ਜੀ ਦੇ ਨਾਲ ਸਿੰਦਰ ਤੇ ਕਮਲਦੀਪ ਨੂੰ ਫਤਹਿਗੜ੍ਹ ਸਾਹਿਬ ਮਾਤਾ ਗੁਜਰੀ ਕਾਲਜ ਭੇਜ ਦਿਉ। ਅਸੀਂ ਆਪਣੇ ਦਾਦੀ ਜੀ ਨਾਲ ਠੀਕ ਟਾਈਮ ’ਤੇ ਫਤਹਿਗੜ੍ਹ ਸਾਹਿਬ ਪਹੁੰਚ ਗਈਆਂ।

ਬੱਸ ਤੋਂ ਉਤਰਦਿਆਂ ਸਾਰ ਮੇਰੀ ਨਜ਼ਰ ਫਿਰ ਪਹਾੜ ਵਰਗੀ ਥੇਹ ਉੱਤੇ ਪਈ। ਜਲਦੀ ਹੀ ਅਸੀਂ ਬਾਊ ਜੀ ਨੂੰ ਨਾਲ ਲੈ ਕੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਨੇੜੇ ਪਹੁੰਚ ਗਏ। ਦਰਸ਼ਨੀ ਡਿਉਢੀ ਦੇ ਸੱਜੇ ਹੱਥ ਖੜ੍ਹੇ ਪਹਾੜ ਵੱਲ ਮੇਰੀ ਨਜ਼ਰ ਸੀ। ਮੈਂ ਬਾਊ ਜੀ ਨੂੰ ਪਹਾੜ ’ਤੇ ਚੜ੍ਹਨ ਲਈ ਕਿਹਾ ਤਾਂ ਉਨ੍ਹਾਂ ਦੱਸਿਆ ਕਿ ਇਹ ਪਹਾੜ ਨਹੀਂ ਇਸ ਦੇ ਥੱਲੇ ਵੱਡੇ-ਵੱਡੇ ਘਰ ਦੱਬੇ ਪਏ ਹਨ। ਇਨ੍ਹਾਂ ਨੂੰ ਥੇਹ ਕਹਿੰਦੇ ਹਨ।

ਅਸੀਂ ਸਾਰਿਆਂ ਨੇ ਪੈਰ ਧੋਤੇ ਤਾਂ ਬਾਊ ਜੀ ਸਾਨੂੰ ਸਾਰਿਆਂ ਨੂੰ ਭੋਰਾ ਸਾਹਿਬ ਦੇ ਦਰਸ਼ਨ ਕਰਾਉਣ ਲਈ ਲੈ ਕੇ ਅੱਗੇ-ਅੱਗੇ ਤੁਰ ਪਏ। ਪੌੜੀਆਂ ਉਤਰ ਕੇ ਅਸੀਂ ਮੱਥਾ ਟੇਕਿਆ ਤਾਂ ਬਾਊ ਜੀ ਨੇ ਦੱਸਿਆ ਕਿ ਇਸ ਦੀਵਾਰ ਵਾਲੀ ਥਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਜਿਨ੍ਹਾਂ ਦੀ ਉਮਰ ਉਸ ਵੇਲੇ 7 ਸਾਲ ਅਤੇ 5 ਸਾਲ ਸੀ, ਕੰਧਾਂ ਵਿਚ ਖੜ੍ਹਾ ਕਰਕੇ ਵਜ਼ੀਰ ਖਾਨ ਨੇ ਸ਼ਹੀਦ ਕਰ ਦਿੱਤਾ ਸੀ। ਮੈਂ ਤੇ ਮੇਰੀ ਛੋਟੀ ਭੈਣ ਬਾਊ ਜੀ ਦੀ ਗੱਲ ਸੁਣ ਕੇ ਸਹਿਮ ਗਈਆਂ ਸਾਂ। ਮੇਰੀ ਦਾਦੀ, ਮੇਰੇ ਬਾਊ ਜੀ ਸ਼ਰਧਾਂਜਲੀ ਦੀ ਮੁਦਰਾ ਵਿਚ ਖੜ੍ਹੇ ਸਨ। ਜਲਦੀ ਹੀ ਅਸੀਂ ਭੋਰਾ ਸਾਹਿਬ ਤੋਂ ਬਾਹਰ ਆਏ ਤਾਂ ਬਾਊ ਜੀ ਸਾਨੂੰ ਗੁਰਦੁਆਰਾ ਠੰਡਾ ਬੁਰਜ ਵੱਲ ਲੈ ਤੁਰੇ। ਬਾਊ ਜੀ ਆਪਣੀ ਮਾਸੀ ਜੀ ਨੂੰ ਦੱਸ ਰਹੇ ਸਨ ਕਿ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਮੋਰਿੰਡੇ ਥਾਣੇ ਤੋਂ ਲਿਆ ਕੇ 11, 12 ਪੋਹ ਨੂੰ ਇਸ ਬੁਰਜ ਵਿਚ ਕੈਦ ਰੱਖਿਆ ਸੀ। ਇਸੇ ਥਾਂ ’ਤੇ ਮੋਤੀ ਰਾਮ ਮਹਿਰਾ ਜੀ ਗੁਰੂ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਵਜ਼ੀਰ ਖਾਨ ਤੋਂ ਚੋਰੀ-ਚੋਰੀ ਦੁੱਧ ਪਿਲਾਉਂਦਾ ਰਿਹਾ ਸੀ। ਅਸੀਂ ਦੋਵੇਂ ਭੈਣਾਂ, ਦਾਦੀ ਜੀ ਅਤੇ ਬਾਊ ਜੀ ਤੋਂ ਪਹਿਲਾਂ ਪੈਰ ਧੋ ਕੇ ਪੌੜੀਆਂ ਚੜ੍ਹ ਕੇ ਗੁਰਦੁਆਰਾ ਠੰਡਾ ਬੁਰਜ ਪਹੁੰਚ ਗਈਆਂ। ਦੂਰ ਤਕ ਉਜਾੜ ਹੀ ਉਜਾੜ ਸੀ। ਉੱਚੇ-ਨੀਵੇਂ ਟਿੱਬੇ ਦਿਖਾਈ ਦਿੰਦੇ ਸਨ। ਦਾਦੀ ਜੀ ਤੇ ਬਾਊ ਜੀ ਨੇ ਮੱਥਾ ਟੇਕਿਆ ਤਾਂ ਪਰਿਕਰਮਾ ਕਰਦਿਆਂ ਮੇਰੇ ਦਾਦੀ ਜੀ ਨੇ ਮੇਰੇ ਬਾਊ ਜੀ ਤੋਂ ਪੁੱਛਿਆ, “ਵੇ ਸੁਜਾਨ ਸਿੰਘ! ਕੀ ਮਸੀਤ ਜਿਹੀ ਖੜ੍ਹੀ ਏ! ਇਹਨੂੰ ਨਹੀਂ ਢਾਹਿਆ ਬੰਦਾ ਸਿੰਘ ਬਹਾਦਰ ਨੇ?”, “ਨਹੀਂ ਮਾਸੀ ਜੀ।” ਬਾਊ ਜੀ ਨੇ ਦਾਦੀ ਜੀ ਨੂੰ ਦੱਸਿਆ ਕਿ “ਬਾਬਾ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਦੇ ਹੁਕਮਾਂ ’ਤੇ ਚੱਲਣ ਵਾਲਾ ਸੀ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਕਹਿ ਕੇ ਭੇਜਿਆ ਸੀ ਕਿ ਸਾਡਾ ਦੂਜੇ ਧਰਮਾਂ ਦੇ ਧਾਰਮਿਕ ਅਸਥਾਨਾਂ ਨਾਲ ਕੋਈ ਵੈਰ ਨਹੀਂ, ਸਾਡਾ ਵਿਰੋਧ ਉਨ੍ਹਾਂ ਜ਼ਾਲਮਾਂ ਨਾਲ ਹੈ ਜੋ ਇਨਸਾਨੀਅਤ ਦੇ ਮਹਾਨ ਅਸੂਲਾਂ ਨੂੰ ਛਿੱਕੇ ਟੰਗ ਕੇ ਆਪਣੇ ਨਿੱਜੀ ਹਿੱਤਾਂ ਲਈ ਕੁਕਰਮ ਕਰਦੇ ਹਨ। ਇਸੇ ਕਰਕੇ ਮੁਸਲਮਾਨਾਂ ਦਾ ਰੋਜ਼ਾ ਸ਼ਰੀਫ ਅਤੇ ਸਰਹਿੰਦ ਸ਼ਹਿਰ ਅੰਦਰ ਹਿੰਦੂਆਂ ਦੇ ਪੁਰਾਣੇ ਮੰਦਰ ਲੱਭਦੇ ਹਨ। ਉਹ ਦੇਖੋ ਤਲਾਣੀਆ ਪਿੰਡ ਵਿਚ ਦੋ ਬੁਰਜ ਖੜ੍ਹੇ ਦਿੱਸਦੇ ਹਨ। ਰੋਜ਼ਾ ਸ਼ਰੀਫ ਦੇ ਨੇੜੇ ਬੰਦਗੀ ਸਾਹਿਬ ਵੀ ਮੁਸਲਮਾਨਾਂ ਦਾ ਹੀ ਅਸਥਾਨ ਹੈ।”

ਠੰਡੇ ਬੁਰਜ ਦੀਆਂ ਪੌੜੀਆਂ ਉਤਰਦਿਆਂ ਬਾਊ ਜੀ ਨੇ ਦੂਰ ਛੋਟੀਆਂ ਇੱਟਾਂ ਦੇ ਬਣੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵੱਲ ਇਸ਼ਾਰਾ ਕੀਤਾ। ਉਨ੍ਹਾਂ ਨੇ ਦਾਦੀ ਜੀ ਨੂੰ ਦੱਸਿਆ ਕਿ ਇਸ ਅਸਥਾਨ ਉੱਪਰ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸਸਕਾਰ ਕੀਤਾ ਗਿਆ ਸੀ। ਇਹ ਥਾਂ ਦੀਵਾਨ ਟੋਡਰ ਮੱਲ ਨੇ ਸੂਬੇਦਾਰ ਵਜ਼ੀਰ ਖਾਨ ਤੋਂ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਮੁੱਲ ਲਈ ਸੀ। ਦਾਦੀ ਜੀ ਨੇ ਇਹ ਗੁਰਦੁਆਰਾ ਵੀ ਦੇਖਣ ਦੀ ਇੱਛਾ ਜ਼ਾਹਰ ਕੀਤੀ। ਅਸੀਂ ਸਾਰੇ ਛੋਟੇ ਪਰ ਉਗੜ-ਦੁਗੜ, ਕੰਡਿਆਂ ਰੋੜਿਆਂ ਭਰੇ ਰਾਹ ਵੱਲ ਨੰਗੇ ਪੈਰੀਂ ਤੁਰ ਪਏ। ਥੋੜ੍ਹੀ ਦੂਰ ਜਾ ਕੇ ਬਾਊ ਜੀ ਨੇ ਖੱਬੇ ਹੱਥ ਵੱਲ ਦੱਸਿਆ ਕਿ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਸ਼ਹੀਦੀ ਤੋਂ ਬਾਅਦ ਉਨ੍ਹਾਂ ਦੇ ਸਰੀਰਾਂ ਨੂੰ ਇੱਥੇ ਸੁੱਟ ਦਿੱਤਾ ਸੀ। ਇਸ ਜਗ੍ਹਾ ਨੂੰ ਬਿਬਾਨਗੜ੍ਹ ਕਹਿੰਦੇ ਹਨ। ਮੈਂ ਫਿਰ ਬਾਊ ਜੀ ਨੂੰ ਪਹਾੜ ’ਤੇ ਚੜ੍ਹਨ ਲਈ ਕਿਹਾ। ਬਾਊ ਜੀ ਨੇ ਕਿਹਾ ਕਿ ਤੁਹਾਡੇ ਦਾਦੀ ਜੀ ਸਾਡੇ ਨਾਲ ਥੇਹ ਉੱਪਰ ਨਹੀਂ ਚੜ੍ਹ ਸਕਦੇ। ਫਿਰ ਕਿਸੇ ਦਿਨ ਥੇਹ ’ਤੇ ਚੜ੍ਹਾਂਗੇ। ਅਸੀਂ ਚੋਅ ਦੇ ਛੋਟੇ ਜਿਹੇ ਵਗਦੇ ਵਹਿਣ ਨੂੰ ਖਸਤਾ ਪੁਲ ਰਾਹੀਂ ਪਾਰ ਕੀਤਾ। ਰਾਹ ਵਿਚ ਕੰਡੇ-ਰੋੜੇ ਸਾਡੇ ਪੈਰਾਂ ਵਿਚ ਚੁੱਭ ਰਹੇ ਸਨ। ਫਿਰ ਵੀ ਅਸੀਂ ਦੋਨੋਂ ਭੈਣਾਂ ਟੁੱਟੇ ਭਾਂਡਿਆਂ ਦੀਆਂ ਠੀਕਰੀਆਂ ਇਕੱਠੀਆਂ ਕਰਦੀਆਂ ਰਹੀਆਂ। ਕਦੀ-ਕਦੀ ਸਾਨੂੰ ਕੋਈ ਹੱਡੀ ਵੀ ਲੱਭ ਜਾਂਦੀ। ਬਾਊ ਜੀ ਨੇ ਉਸ ਸਮੇਂ ਸਾਨੂੰ ਦੱਸਿਆ ਕਿ ਇਹ ਵੀ ਥੇਹ ਦਾ ਹੀ ਹਿੱਸਾ ਹੈ। ਦੋ-ਢਾਈ ਸਦੀਆਂ ਪਹਿਲਾਂ ਇਥੇ ਵੱਡੀ ਤੇ ਘਣੀ ਅਬਾਦੀ ਸੀ, ਜਿਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰ ਸਿੰਘ ਸੂਰਮਿਆਂ ਨੇ ਮੁਗ਼ਲਾਂ ਨੂੰ ਸਜ਼ਾ ਦੇਣ ਲਈ ਸਰਹਿੰਦ ਤਬਾਹ ਕਰ ਦਿੱਤੀ ਸੀ। ਜ਼ਾਲਮਾਂ ਦੇ ਵਿਰੁੱਧ ਜੋ ਕੋਈ ਬੋਲਦਾ, ਉਸ ਨੂੰ ਉਹ ਸਖ਼ਤ ਸਜ਼ਾਵਾਂ ਦਿੰਦੇ ਸਨ। ਗੁਰੂ ਨਾਨਕ ਪਾਤਸ਼ਾਹ ਦਾ ਘਰ ਜ਼ਾਲਮਾਂ ਦੀ ਇਸ ਵਿਚਾਰਧਾਰਾ ਦਾ ਡੱਟ ਕੇ ਵਿਰੋਧ ਕਰਦਾ ਸੀ। ਇਸੇ ਕਰਕੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ, ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸਰਹਿੰਦ ਸ਼ਹੀਦ ਕੀਤਾ ਗਿਆ।

ਅਸੀਂ ਸਾਰੇ ਗੁਰਦੁਆਰਾ ਜੋਤੀ ਸਰੂਪ ਦੇ ਅੱਗੋਂ ਲੰਘਦੇ ਕੱਚੇ ਪਹੇ ਨੂੰ ਪਾਰ ਕਰਕੇ ਆਪਣੇ ਪੈਰ ਧੋਤੇ ਤੇ ਮੱਥਾ ਟੇਕਿਆ। ਦਾਦੀ ਜੀ ਅਰਾਮ ਕਰਨ ਲਈ ਬੈਠ ਗਏ। ਜੋਤੀ ਸਰੂਪ ਗੁਰਦੁਆਰਾ ਸਾਹਿਬ ਦੀ ਉੱਪਰਲੀ ਛੱਤ ’ਤੇ ਜਾਣ ਲਈ ਅਸੀਂ ਪੌੜੀਆਂ ਚੜ੍ਹਨ ਲੱਗ ਪਈਆਂ। ਬਾਊ ਜੀ ਵੀ ਸਾਡੇ ਨਾਲ ਆ ਗਏ। ਦੂਰ ਤਕ ਕੋਈ ਅਬਾਦੀ ਨਹੀਂ ਸੀ ਦਿੱਸਦੀ। ਜਦੋਂ ਅਸੀਂ ਹੇਠਾਂ ਉੱਤਰੇ ਤਾਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਸਾਡੇ ਦਾਦੀ ਜੀ ਨੂੰ ਦੂਰ ਤੋਂ ਆਏ ਜਾਣ ਕੇ ਆਪਣੇ ਪਰਸ਼ਾਦਿਆਂ ਵਿੱਚੋਂ ਸਾਨੂੰ ਵੀ ਪਰਸ਼ਾਦਾ ਛਕਾ ਦਿੱਤਾ। ਅਸੀਂ ਉਸੇ ਛੋਟੇ ਰਾਹ ਰਾਹੀਂ ਫਿਰ ਗੁਰਦੁਆਰਾ ਫਤਹਿਗੜ੍ਹ ਸਾਹਿਬ ਪਹੁੰਚ ਗਏ। ਬਾਊ ਜੀ ਮਾਤਾ ਗੁਜਰੀ ਕਾਲਜ ਚਲੇ ਗਏ। ਅਸੀਂ ਆਪਣੇ ਦਾਦੀ ਜੀ ਨਾਲ ਬੱਸੀ ਜਾਣ ਵਾਲੀ ਬੱਸ ਉਡੀਕਣ ਲੱਗ ਪਈਆਂ। ਪਰ ਮੇਰੀਆਂ ਨਜ਼ਰਾਂ ਪਹਾੜ ਜਿੱਡੀਆਂ ਥੇਹਾਂ ਉੱਪਰ ਹੀ ਲੱਗੀਆਂ ਹੋਈਆਂ ਸਨ। ਮੈਂ ਆਪਣੀ ਉੱਚ-ਵਿੱਦਿਆ ਦੌਰਾਨ ਜਿਉਂ-ਜਿਉਂ ਬਾਬਾ ਬੰਦਾ ਸਿੰਘ ਬਹਾਦਰ ਦਾ ਅਧਿਐਨ ਕੀਤਾ ਤਾਂ ਮੇਰਾ ਉਸ ਮਹਾਨ ਪੁਰਖ ਪ੍ਰਤੀ ਸਨਮਾਨ ਵਧਦਾ ਹੀ ਗਿਆ।

ਕਈ ਵਾਰ ਇਤਿਹਾਸਕ ਥੇਹ ਉੱਤੇ ਰੰਮੀ ਸਾਈਕਲ ਵਾਲੇ ਆਪਣੇ ਸਾਈਕਲ ਦੀ ਮਸ਼ਹੂਰੀ ਲਈ ਸਾਈਕਲ ਦੇ ਪੁਤਲੇ ਲਾਉਂਦੇ ਰਹੇ। ਇਸ ਥੇਹ ਦੇ ਪਿਛਲੇ ਪਾਸੇ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਥੇਹ ਨੂੰ ਪੱਧਰਾ ਕਰਕੇ ਆਪਣਾ ਡੇਰਾ ਬਣਾ ਲਿਆ ਗਿਆ। ਪਿਛਲੇ ਕਈ ਸਾਲਾਂ ਤੋਂ ਪੰਜਾਬ ਪੁਲੀਸ ਇਸ ਥੇਹ ਨੂੰ ਸ਼ਹੀਦੀ ਜੋੜ-ਮੇਲੇ ਦੇ ਦਿਨੀਂ ਹੈੱਡ-ਕੁਆਰਟਰ ਬਣਾ ਲੈਂਦੀ ਹੈ। ਪੁਲੀਸ ਅਫਸਰਾਂ ਦੀਆਂ ਗੱਡੀਆਂ ਦੀ ਚੜ੍ਹਾਈ ਲਈ ਥੇਹ ਨੂੰ ਪੱਧਰਾ ਕੀਤਾ ਜਾਂਦਾ ਹੈ ਤੇ ਥੇਹ ਖਰਾਬ ਕੀਤਾ ਜਾ ਰਿਹਾ ਹੈ। ਇਹ ਥੇਹ ਸੰਭਾਲ ਖੁਣੋਂ ਖੁਰ ਰਹੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਰਣ-ਭੂਮੀ ਜੰਮੂ ਦੀਆਂ ਪਹਾੜੀਆਂ ਦਾ ਇਲਾਕਾ, ਹਿਮਾਚਲ ਦਾ ਬਹੁਤ ਵੱਡਾ ਹਿੱਸਾ, ਯੂ.ਪੀ. ਦਾ ਕਾਫੀ ਵੱਡਾ ਹਿੱਸਾ, ਹਰਿਆਣੇ ਅਤੇ ਪੰਜਾਬ ਦਾ ਬਹੁਤ ਸਾਰਾ ਹਿੱਸਾ ਅਤੇ ਦਿੱਲੀ ਰਾਜ ਦੀਆਂ ਹੱਦਾਂ ਰਿਹਾ ਹੈ। ਇਨ੍ਹਾਂ ਥਾਵਾਂ ਉੱਤੇ ਉਸ ਦੇ ਕੱਦ ਦੀ ਕੋਈ ਯਾਦਗਾਰ ਨਹੀਂ ਦਿੱਸਦੀ। ਸਿੱਖ ਜਗਤ ਦੀ ਬਹੁਤ ਥੋੜ੍ਹੀ ਸੰਗਤ ਨੇ ਚੱਪੜਚਿੜੀ ਦਾ ਉਹ ਮੈਦਾਨ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਵਜ਼ੀਰ ਖਾਨ ਨੂੰ ਮਾਰ ਕੇ ਸਿੰਘਾਂ ਨੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੇ ਕਤਲ ਦੀ ਸਜ਼ਾ ਦਿੱਤੀ ਸੀ। ਉਹ ਪਹਿਲਾ ਸੂਰਮਾ ਹੈ ਜੋ ਬਹੁਤ ਥੋੜ੍ਹੀ ਫੌਜ ਨਾਲ ਇੰਨੇ ਵੱਡੇ ਖੇਤਰ ਵਿਚ ਜਥੇਬੰਦਕ, ਹੰਕਾਰੀ ਅਤੇ ਮੁਤੱਸਬੀ ਸੂਬੇਦਾਰਾਂ ਅਤੇ ਜਰਨੈਲਾਂ ਨਾਲ ਭਿੜਦਾ ਰਿਹਾ ਅਤੇ ਜਿੱਤਾਂ ਪ੍ਰਾਪਤ ਕਰਦਾ ਰਿਹਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਖੌਤੀ ਸ਼ੂਦਰਾਂ ਤੇ ਅਤਿ ਸ਼ੂਦਰਾਂ ਨਾਲ ਜੋ ਵਾਅਦਾ ਕੀਤਾ ਸੀ, “ਇਨ ਗਰੀਬ ਸਿੱਖਨ ਕੋ ਦਉ ਪਾਤਸ਼ਾਹੀ” ਪੂਰਾ ਕੀਤਾ। ਅੱਜ ਜ਼ਮੀਨਾਂ ਦੇ ਮਾਲਕ ਭੁੱਲੇ ਬੈਠੇ ਹਨ ਕਿ ਇਹ ਜ਼ਮੀਨਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਹੀ ਦੇਣ ਹਨ।

ਬਾਬਾ ਬੰਦਾ ਸਿੰਘ ਬਹਾਦਰ ਇਕ ਸਧਾਰਨ ਮਨੁੱਖ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਈ ਥੋੜ੍ਹਚਿਰੀ ਮੁਲਾਕਾਤ ਨਾਲ ਬਾਬਾ ਬੰਦਾ ਸਿੰਘ ਬਹਾਦਰ ਵਿਚ ਹੈਰਾਨ ਕਰਨ ਵਾਲੀ ਤਬਦੀਲੀ ਅਤੇ ਗੁਰੂ-ਆਸ਼ਿਆਂ ਨੂੰ ਪੂਰਾ ਕਰਨ ਲਈ ਦ੍ਰਿੜ੍ਹਤਾ ਆਈ। ਉਸ ਦੀ ਜੰਗੀ ਤਰਤੀਬ ਨੂੰ ਦੇਖਦੇ ਹੋਏ ਉਸ ਵੇਲੇ ਦੇ ਉਸ ਦੇ ਵਿਰੋਧੀ ਜਰਨੈਲ ਤੇ ਇਤਿਹਾਸਕਾਰ ਮੂੰਹ ਵਿਚ ਉਂਗਲਾਂ ਪਾਉਂਦੇ ਸਨ। ਅੱਜ ਦੇ ਇਤਿਹਾਸਕਾਰ ਵੀ ਉਸ ਦੀਆਂ ਵੱਡੀਆਂ-ਜਿੱਤਾਂ ਤੇ ਥੋੜ੍ਹੇ ਜੰਗੀ ਸਾਧਨਾਂ ਨੂੰ ਦੇਖ ਕੇ ਅੱਸ਼-ਅੱਸ਼ ਕਰਦੇ ਹਨ। ਉਸ ਦੀ ਸ਼ਹੀਦੀ ਗੁਰੂ ਸਾਹਿਬਾਨ ਪ੍ਰਤੀ ਪ੍ਰਤੀਬੱਧਤਾ ਦਾ ਮਹਾਨ ਸਬੂਤ ਹੈ। ਆਓ! ਆਪਾਂ ਇਸ ਮਹਾਨ ਸੂਰਮੇ ਨੂੰ ਨਾ ਭੁੱਲੀਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ਵਿਚ ਸਰਹਿੰਦ ਫ਼ਤਹਿ ਤੀਸਰੀ ਸ਼ਤਾਬਦੀ ਸ਼ਰਧਾ ਤੇ ਜੋਸ਼ ਨਾਲ ਮਨਾਈ ਜਾ ਰਹੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਬਣਾਈ ਰੱਖਣ ਲਈ ਸਿੱਖ ਜਗਤ ਨੂੰ ਜਾਤ-ਪਾਤ ਦੇ ਕੋਹੜ ਤੋਂ ਬਚਣਾ ਚਾਹੀਦਾ ਹੈ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਭ ਤੇ ਮਹਾਨ ਕਾਰਜ ਲਈ ਪਹਿਲਕਦਮੀ ਕੀਤੀ ਹੈ। ਇਹ ਸ਼ਲਾਘਾਯੋਗ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਮੈਂਬਰ -ਵਿਖੇ: ਸ਼੍ਰੋ. ਗੁ. ਪ੍ਰ. ਕਮੇਟੀ, ਹਲਕਾ ਫਤਹਿਗੜ੍ਹ ਸਾਹਿਬ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)