editor@sikharchives.org

ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ – ਬਹੁਪੱਖੀ ਸ਼ਖ਼ਸੀਅਤ

ਦੇਸ਼ ਅਜ਼ਾਦ ਹੋਣ ਤੋਂ ਪਹਿਲਾਂ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜੀ ਦੀਆਂ ਕਹਾਣੀਆਂ ਵਿਚ ਅੰਗਰੇਜ਼ੀ ਸਰਕਾਰ ਵਿਰੁੱਧ ਇਕ ਜਜ਼ਬਾ ਫੈਲਾਇਆ ਗਿਆ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਦਾ ਜਨਮ ਪੰਜਾਬੀ ਅਦਬ ਵਿਚ ਪ੍ਰਸਿੱਧ ਦਰਿਆ ਸੁਹਾਂ ਦੇ ਕੰਢੇ ਵੱਸਦੇ ਇਕ ਪਿੰਡ ਅਧਵਾਲ ਵਿਚ 15 ਜਨਵਰੀ, 1890 ਈ. ਨੂੰ ਭਾਈ ਸੁਜਾਨ ਸਿੰਘ ਦੇ ਘਰ ਹੋਇਆ। ਭਾਈਆਂ ਦਾ ਇਹ ਘਰਾਣਾ, ਇਕ ਮਹਾਂਪੁਰਸ਼ ਦੇ ਭਜਨੀਕ ਸਾਧੂ ਸੰਤ ਭਾਈ ਮਨਸਾ ਸਿੰਘ ਦੀ ਸੰਤਾਨ ਕਰਕੇ ਮਸ਼ਹੂਰ ਸੀ। ਪਿੰਡ ਅਧਵਾਲ ਜ਼ਿਲ੍ਹਾ ਅਟਕ (ਕਮਲਪੁਰ) ਵਿਚ ਭਾਈ ਮਨਸ਼ਾ ਸਿੰਘ ਦੀ ਡੇਅਰੀ ਵੀ ਕਾਇਮ ਸੀ। ਅਧਵਾਲ ਦੇ ਉੱਜੜ ਜਾਣ ਤੋਂ ਬਾਅਦ ਹੁਣ ਭਾਈ ਮਨਸ਼ਾ ਸਿੰਘ ਦੀ ਡੇਅਰੀ ਸ਼ਰਧਾਲੂਆਂ ਨੇ ਜਗਾਧਰੀ ਜ਼ਿਲ੍ਹਾ ਅੰਬਾਲਾ ਵਿਚ ਸਥਾਪਤ ਕੀਤੀ ਜਿੱਥੇ ਹਰ ਸਾਲ ਜੋੜ-ਮੇਲਾ ਹੁੰਦਾ ਹੈ।

ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜੀ

ਗਿਆਨੀ ਗੁਰਮੁਖ ਸਿੰਘ ਜੀ ਦੇ ਪਿਤਾ ਸ. ਸੁਜਾਨ ਸਿੰਘ ਇਕ ਨਿੱਕੇ ਜਿਹੇ ਕਿਸਾਨ ਸਨ ਪਰ ਆਪਣੇ ਮਿੱਠੇ ਸੁਰਾਂ ਕਾਰਨ ਪਿੰਡ ਵਿਚ ਹਰਮਨਪਿਆਰੇ ਸਨ। ਆਪ ਨੇ ਮਿਡਲ ਦਾ ਇਮਤਿਹਾਨ ਅਧਵਾਲ ਸਕੂਲ ਤੋਂ ਪਾਸ ਕੀਤਾ ਤੇ ਫਿਰ ਜੇ.ਬੀ.ਟੀ. ਦੀ ਟ੍ਰੇਨਿੰਗ ਲਈ।

ਇਹ ਗੱਲ 1915 ਈ. ਦੀ ਹੈ। ਮੁਸਾਫ਼ਿਰ ਜੀ ਦੀ ਮਾਤਾ ਘਬਰਾ ਗਈ ਤੇ ਜਿਹੜੀ ਕਦੇ ਮੁਸਾਫ਼ਿਰ ਨੂੰ ਬਾਹਰ ਨਹੀਂ ਸੀ ਜਾਣ ਦਿੰਦੀ ਪਰ ਉਸ ਨੇ ਜ਼ਿਦ ਕਰ ਕੇ ਨਾਲ ਆਦਮੀ ਭੇਜ ਰਾਤੋ-ਰਾਤ ਮੁਸਾਫ਼ਿਰ ਨੂੰ ਘਰੋਂ ਟੋਰ ਦਿੱਤਾ ਤਾਂ ਜੋ ਥਾਣੇ ਵਾਲੇ ਫੜ ਨਾ ਲੈਣ। ਇਸ ਤੋਂ ਬਾਅਦ ਮੁਸਾਫ਼ਿਰ ਜੀ ਜਿੱਥੇ ਵੀ ਰਹੇ ਚਾਹੇ ਉਹ ਮਾਸਟਰ ਤਾਰਾ ਸਿੰਘ ਦੀ ਹੈੱਡਮਾਸਟਰੀ ਹੇਠਾਂ ਕੱਲਰ ਸਕੂਲ ਸੀ ਜਾਂ ਬਾਸਾਲੀ ਦਾ; ਲਾਹੌਰ ਜਾਂ ਅੰਮ੍ਰਿਤਸਰ; ਹਿੰਦੁਸਤਾਨ ਜਾਂ ਦੁਨੀਆਂ ਦਾ ਕੋਨਾ-ਕੋਨਾ; ਉਨ੍ਹਾਂ ਨੇ ਕਵਿਤਾ ਤੇ ਕਹਾਣੀਆਂ ਲਿਖੀਆਂ ਜੋ ਬਹੁਤ ਸਾਰੀਆਂ ਘਟਨਾਵਾਂ ਦੇ ਮਬਨੀ ਸਨ। ਮੁਸਾਫ਼ਿਰ ਜੀ ਨੇ ਮਨਘੜਤ ਜਾਂ ਕਲਪਿਤ ਕਥਾਵਾਂ ਨਹੀਂ ਲਿਖੀਆਂ ਬਲਕਿ ਆਪਣੇ ਨਾਲ ਜਾਂ ਦੇਸ਼ ਵਿਚ ਵਾਪਰੀਆਂ ਘਟਨਾਵਾਂ ਦੇ ਆਧਾਰ ’ਤੇ ਲਿਖੀਆਂ।

(ਮੁਸਾਫ਼ਿਰ ਜੀ ਦੀਆਂ ਹੁਣ ਤਕ ਛਪ ਚੁੱਕੀਆਂ ਕਹਾਣੀਆਂ ਦੀਆਂ 9 ਕਿਤਾਬਾਂ ਹਨ, ਜਿਨ੍ਹਾਂ ਦੇ ਨਾਂ ਹਨ-ਵੱਖਰੀ ਦੁਨੀਆਂ, ਕੰਧਾਂ ਬੋਲ ਪਈਆਂ, ਆਲ੍ਹਣੇ ਦੇ ਬੋਟ, ਸਤਾਈ ਜਨਵਰੀ, ਅੱਲ੍ਹਾ ਵਾਲੇ, ਗੁਟਾਰ, ਸਭ ਹੱਕ, ਸਸਤਾ ਤਮਾਸ਼ਾ ਤੇ ਉਰਵਾਰ ਪਾਰ। ‘ਵੱਖਰੀ ਦੁਨੀਆਂ’ ਵਿਚ ਸਾਰੀਆਂ ਕਹਾਣੀਆਂ ਜੇਲ੍ਹ ਦੀ ਜ਼ਿੰਦਗੀ ਨਾਲ ਤਅੱਲਕ ਰੱਖਦੀਆਂ ਹਨ।)

ਦੇਸ਼ ਅਜ਼ਾਦ ਹੋਣ ਤੋਂ ਪਹਿਲਾਂ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜੀ ਦੀਆਂ ਕਹਾਣੀਆਂ ਵਿਚ ਅੰਗਰੇਜ਼ੀ ਸਰਕਾਰ ਵਿਰੁੱਧ ਇਕ ਜਜ਼ਬਾ ਫੈਲਾਇਆ ਗਿਆ ਸੀ। ਇਨ੍ਹਾਂ ਦੁਆਰਾ ਉਸ ਰਾਜ ਦੀਆਂ ਖਾਮੀਆਂ ਨੂੰ ਲੋਕਾਂ ਸਾਹਮਣੇ ਉਜਾਗਰ ਕੀਤਾ ਤੇ ਇਸ ਤਰ੍ਹਾਂ ਦੇਸ਼-ਵਾਸੀਆਂ ਨੂੰ ਪ੍ਰੇਰਨਾ ਦਿੱਤੀ ਕਿ ਉਸ ਰਾਜ ਨੂੰ ਬਦਲ ਦੇਣਾ ਚਾਹੀਦਾ ਹੈ। ਅਜ਼ਾਦੀ ਤੋਂ ਬਾਅਦ ਵੀ ਜਦ ਸੁਤੰਤਰਤਾ-ਸੰਗਰਾਮ ਵਿਚ ਲਏ ਹੋਏ ਸੁਪਨੇ ਪੂਰੇ ਨਾ ਹੋਏ, ਸਮਾਜ ਵਿਚ ਭਿੰਨ-ਭੇਦ ਤੇ ਊਚ-ਨੀਚ ਦੇ ਅਸਾਰ ਬਾਕੀ ਰਹੇ ਤਾਂ ‘ਸਸਤਾ ਤਮਾਸ਼ਾ’, ‘ਹਿੰਦੂ ਪਾਣੀ ਮੁਸਲਮਾਨ ਪਾਣੀ’ ਤੇ ‘ਰੇਸ਼ਮੀ ਲੀਨ’ ਆਦਿ ਕਹਾਣੀਆਂ ਲਿਖ ਕੇ ਸਮਾਜਕ ਜਾਗ੍ਰਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ।

ਮੁਸਾਫ਼ਿਰ ਜੀ ਦੇ ਦਿਲ ਵਿਚ ਦੇਸ਼ ਪਿਆਰ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਆਪ ਨੂੰ ਪਹਿਲਾਂ ਜਲ੍ਹਿਆਂ ਵਾਲੇ ਬਾਗ਼ ਦੀ ਘਟਨਾ ਨੇ ਝੰਜੋੜਿਆ ਤੇ ਫਿਰ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਨੇ। ਸਾਕੇ ਦੇ ਵੇਲੇ ਆਪ ਨਨਕਾਣਾ ਸਾਹਿਬ ਪਹੁੰਚ ਗਏ। ਉਸ ਸਮੇਂ ਆਪ ਟਰੇਨਿੰਗ ਸਕੂਲ ਵਿਚ ਵਿਦਿਆਰਥੀ ਸਨ। ਆਪ ਦੇ ਹੈੱਡਮਾਸਟਰ ਦੇ ਕਹਿਣ ’ਤੇ ਆਪ ਨੂੰ ਵਾਪਸ ਭੇਜਿਆ ਗਿਆ ਕਿ ਪਹਿਲਾਂ ਇਮਤਿਹਾਨ ਪਾਸ ਕਰੋ ਤੇ ਫਿਰ ਇਸ ਪਾਸੇ ਆਓ। ਇਮਤਿਹਾਨ ਪਾਸ ਕਰ ਕੇ ਆਪ ਇਕ ਸਕੂਲ ਵਿਚ ਟੀਚਰ ਲੱਗ ਗਏ। ਪਰ ਛੇਤੀ ਹੀ ਗੁਰੂ ਕੇ ਬਾਗ਼ ਦਾ ਮੋਰਚਾ ਸ਼ੁਰੂ ਹੋ ਗਿਆ। ਮੁਸਾਫ਼ਿਰ ਜੀ ਦੇ ਖੂਨ ਨੇ ਫਿਰ ਉਬਾਲਾ ਖਾਧਾ ਤੇ ਆਪ ਨੌਕਰੀ ਛੱਡ ਕੇ ਆਪਣੇ ਪਿੰਡ ਆ ਗਏ। ਉਥੇ ਇਕ ਅਕਾਲੀ ਕਾਨਫਰੰਸ ਕੀਤੀ ਤੇ ਗੁਰੂ ਕੇ ਬਾਗ਼ ਜਾਣ ਲਈ ਇਕ ਜਥਾ ਤਿਆਰ ਕੀਤਾ। ਜਦ ਆਪ ਅੰਮ੍ਰਿਤਸਰ ਪੁੱਜੇ ਤਾਂ ਜਥਾ ਲੈ ਕੇ ਸਿੱਧੇ ਅਕਾਲ ਤਖ਼ਤ ਸਾਹਿਬ ਗਏ ਜਿੱਥੋਂ ਜਥੇ ਤੋਰੇ ਜਾਂਦੇ ਸਨ। ਪੇਸ਼ਤਰ ਇਸ ਦੇ ਕਿ ਉਨ੍ਹਾਂ ਦਾ ਜਥਾ ਰਵਾਨਾ ਹੁੰਦਾ ਆਪ ਨੇ ਭਰੇ ਦੀਵਾਨ ਵਿਚ ਆਪਣੀ ਇਕ ਕਵਿਤਾ ਸੁਣਾਈ:

ਦਿਲਾ ਉਠ ਖਾਂ ਗੁਰੂ ਦੇ ਬਾਗ਼ ਚੱਲੀਏ,
ਜਾ ਕੇ ਵੇਖੀਏ ਯਾਰ ਨਿਸ਼ਾਨੀਆਂ ਨੂੰ।
ਮੱਥਾ ਟੇਕੀਏ ਚੁੰਮੀਏਂ ਧਰਤ ਜਾ ਕੇ,
ਅੱਖੀਂ ਵੇਖੀਏ ਸੁਣੀਆਂ ਕਹਾਣੀਆਂ ਨੂੰ।

ਇਸ ਕਵਿਤਾ ਨੇ ਇਕੱਠ ਵਿਚ ਇਕ ਐਸਾ ਜੋਸ਼ ਪੈਦਾ ਕਰ ਦਿੱਤਾ ਕਿ ਜੈਕਾਰੇ ਛੱਡੇ ਗਏ।

ਮੁਸਾਫ਼ਿਰ ਜੀ ਬਹੁਤ ਦੇਰ ਬਾਹਰ ਨਾ ਰਹਿ ਸਕੇ ਕਿਉਂਕਿ ਆਪ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਸਨ ਤੇ ਇਹ ਦੋਵੇਂ ਜਮਾਤਾਂ ਚੂੰਕਿ ਗ਼ੈਰ-ਕਾਨੂੰਨੀ ਕਰਾਰ ਦੇ ਦਿੱਤੀਆਂ ਗਈਆਂ ਸਨ ਇਸ ਲਈ ਆਪ 1921 ਦੇ ਅੰਤ ਵਿਚ ਗ੍ਰਿਫ਼ਤਾਰ ਕਰ ਲਏ ਗਏ। ਆਪ ਆਪਣੇ ਮਿੱਤਰ ਤੇ ਪ੍ਰਸਿੱਧ ਦੇਸ਼ ਭਗਤ ਅਮਰ ਸ਼ਹੀਦ ਸ. ਦਰਸ਼ਨ ਸਿੰਘ ਫੇਰੂਮਾਨ ਦੇ ਨਾਲ ਹੀ ਗ੍ਰਿਫ਼ਤਾਰ ਹੋਏ ਤੇ ਦੋਹਾਂ ਨੂੰ ਸਾਂਝੀ ਹੱਥਕੜੀ ਲਗਾ ਕੇ ਜੇਲ੍ਹ ਲਿਜਾਇਆ ਗਿਆ।

ਅਕਾਲੀ ਲਹਿਰ ਭਾਵੇਂ ਗੁਰਦੁਆਰਾ ਸੁਧਾਰ ਲਹਿਰ ਸੀ ਪਰ ਲੜਾਈ ਤਾਂ ਅੰਗਰੇਜ਼ਾਂ ਨਾਲ ਹੀ ਸੀ ਇਸ ਲਈ ਇਸ ਲਹਿਰ ਨਾਲ ਹਰ ਇਕ ਦੀ ਹਮਦਰਦੀ ਸੀ। ਸੋ ਅਕਾਲੀ ਲਹਿਰ ਇਕ ਤਰ੍ਹਾਂ ਨਾਲ ਸੁਤੰਤਰਤਾ ਸੰਗਰਾਮ ਦਾ ਹਿੱਸਾ ਬਣ ਗਈ। ਅਜ਼ਾਦੀ ਦੀ ਤੜਪ ਲਈ ਜਿੱਥੇ ਮੁਸਾਫ਼ਿਰ ਜੀ ਦੀਆਂ ਕਵਿਤਾਵਾਂ ਵਿਚ ਅੰਗਰੇਜ਼ਾਂ ਵਿਰੁੱਧ ਗ਼ੁੱਸਾ ਤੇ ਦੇਸ਼ਵਾਸੀਆਂ ਲਈ ਉਤਸ਼ਾਹ ਸੀ ਉਥੇ ਰੱਬ ਪਾਸ ਪ੍ਰਾਰਥਨਾ ਵੀ ਸੀ। ਮੁਸਾਫ਼ਿਰ ਜੀ ਅਜ਼ਾਦੀ ਹਾਸਲ ਕਰਨ ਲਈ ਕਿੰਨੇ ਤਰਲੇ ਲੈਂਦੇ ਹਨ ਤੇ ਉਸ ਦੇ ਬਦਲੇ ਵਿਚ ਆਪਣੀ ਜਾਨ ਤਕ ਹਾਜ਼ਰ ਕਰਨ ਨੂੰ ਤਿਆਰ ਹਨ:

ਮਾਲਕਾ ਸੰਸਾਰ ਤੇਰਾ ਸੁਰਗ ਨਾਲੋਂ ਘੱਟ ਨਹੀਂ,
ਮੌਜਾਂ ਸਵਾਦਾਂ ਐਸ਼ ਦੀ ਇਹ ਖਾਣ ਬੇਸ਼ਕ ਖੱਸ ਲੈ।
ਬਖਸ਼ ਦੇ ਸਿਰਫ਼ ਇਕ, ਦੌਲਤ ਵਤਨ ਪਿਆਰ ਦੀ,
ਫਿਰ ਬੇਸ਼ਕ ਮਰਜ਼ੀ ਤੇਰੀ, ਜਿੰਦ ਜਾਨ ਬੇਸ਼ਕ ਖੱਸ ਲੈ।

1942 ਦੀ ਤਹਿਰੀਕ ਵਿਚ ਮੁਸਾਫ਼ਿਰ ਜੀ ਸ਼ਾਹਪੁਰ ਜੇਲ੍ਹ ਵਿਚ ਸਨ ਕਿ ਉਨ੍ਹਾਂ ਦੇ ਪਿਤਾ ਜੀ ਗੁਜ਼ਰ ਗਏ। ਜਦੋਂ ਸ਼ਾਹਪੁਰ ਜੇਲ੍ਹ ਟੁੱਟ ਜਾਣ ਕਰਕੇ ਉੱਚ ਸਿਆਲਕੋਟ ਜੇਲ੍ਹ ਵਿਚ ਆਏ ਤਾਂ ਪਹਿਲੀ ਰਾਤ ਉਹ ਮੇਰੀ ਕੋਠੜੀ ਵਿਚ ਹੀ ਰਹੇ। ਮੈਂ ਉਨ੍ਹਾਂ ਦੇ ਪਿਤਾ ਜੀ ਬਾਰੇ ਅਫ਼ਸੋਸ ਕੀਤਾ ਤਾਂ ਉਨ੍ਹਾਂ ਨੇ ਇਸ ਤਰ੍ਹਾਂ ਗੱਲ ਸੁਣਾਈ।

“ਪਿਤਾ ਜੀ ਦੀ ਬੜੀ ਖਾਹਿਸ਼ ਸੀ ਕਿ ਸੁਆਸ ਦੇਣ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਮਿਲਾਂ। ਮੈਂ ਤਾਂ ਮਜਬੂਰ ਸੀ। ਕਨਈਆ ਸਿੰਘ (ਮੁਸਾਫ਼ਿਰ ਜੀ ਦਾ ਛੋਟਾ ਭਰਾ) ਨੇ ਪੈਰੋਲ ਦੀ ਅਰਜ਼ੀ ਦਿੱਤੀ ਪਰ ਸਰਕਾਰ ਨੇ ਮਨਜ਼ੂਰ ਨਾ ਕੀਤੀ। ਪਿਤਾ ਜੀ ਮੈਨੂੰ ਮਿਲਣ ਲਈ ਲਿਲ੍ਹਕੜੀਆਂ ਕੱਢਦੇ ਤਰਸ-ਤਰਸ ਕੇ ਗਏ। ਕਨਈਆ ਸਿੰਘ ਦੱਸਦਾ ਹੈ ਕਿ ਜਦੋਂ ਅੰਤਮ ਸਮਾਂ ਨੇੜੇ ਆ ਗਿਆ ਤਾਂ ਕਹਿਣ ਲੱਗੇ, ‘ਕਨਈਆ, ਤੂੰ ਮੇਰੀ ਮੰਜੀ ਉਸ ਜੇਲ੍ਹ ਦੀ ਡਿਉਢੀ ਦੇ ਦਰਵਾਜ਼ੇ ਅੱਗੇ ਲੈ ਚੱਲ ਜਿੱਥੇ ਮੁਸਾਫ਼ਿਰ ਕੈਦ ਹੈ, ਮੈਂ ਉਥੇ ਹੀ ਪ੍ਰਾਣ ਦਿਆਂਗਾ। ਜਦ ਤਕ ਮੁਸਾਫ਼ਿਰ ਨਾ ਆ ਜਾਵੇ ਮੇਰੀਆਂ ਹੱਡੀਆਂ ਸਾਂਭ ਕੇ ਰੱਖਣੀਆਂ।’ ਇਹ ਕਹਿੰਦਿਆਂ-ਕਹਿੰਦਿਆਂ ਮੁਸਾਫ਼ਿਰ ਜੀ ਦੀਆਂ ਅੱਖਾਂ ਵਿੱਚੋਂ ਦੋ ਅੱਥਰੂ, ਤਿਪ-ਤਿਪ ਕਰਦੇ ਵਗੇ ਜੋ ਉਨ੍ਹਾਂ ਦੀ ਦੁੱਧ ਚਿੱਟੀ ਦਾਹੜੀ ਦੇ ਵਾਲਾਂ ਵਿਚ ਇਸ ਤਰ੍ਹਾਂ ਅਟਕ ਗਏ ਜਿਵੇਂ ਚਾਂਦੀ ਦੀਆਂ ਤਾਰਾਂ ਵਿਚ ਦੋ ਮੋਤੀ ਪਰੁੱਚ ਗਏ ਹੋਣ।

ਭਾਵੇਂ ਮੁਸਾਫ਼ਿਰ ਜੀ ਦੇ ਸਾਰੇ ਹੀ ਪੱਖ ਭਰਪੂਰ ਹਨ ਪਰ ਉਨ੍ਹਾਂ ਦਾ ਮਾਨਵਤਾ ਦਾ ਪੱਖ ਵੇਖ ਕੇ ਤਾਂ ਇਨਸਾਨ ਦੰਗ ਹੀ ਰਹਿ ਜਾਂਦਾ ਹੈ। ਇੰਞ ਲੱਗਦਾ ਹੈ ਕਿ ਉਹ ਅਵਸਥਾ ਜਿਸ ਦਾ ਨਾਂ ਸਹਿਜ ਅਵਸਥਾ ਹੈ ਉਹ ਉਨ੍ਹਾਂ ਨੂੰ ਪ੍ਰਾਪਤ ਸੀ। ਵੱਡੀ ਤੋਂ ਵੱਡੀ ਔਕੜ ਵੇਲੇ ਵੀ ਉਨ੍ਹਾਂ ਦਾ ਮਨ ਕਦੇ ਨਹੀਂ ਡੋਲਿਆ ਸੀ। ਉਨ੍ਹਾਂ ਸਦਾ ਹੋਣੀ ਨੂੰ ਪ੍ਰਬਲ ਅਤੇ ਭਾਣੇ ਨੂੰ ਮਿੱਠਾ ਕਰ ਕੇ ਮੰਨਿਆ। ਉਨ੍ਹਾਂ ਦੀ ਇਸ ਅਵਸਥਾ ਨੇ ਅੰਤਮ ਸਮੇਂ ਤਕ ਉਨ੍ਹਾਂ ਦਾ ਸਾਥ ਦਿੱਤਾ ਤੇ ਐਨ ਮੌਤ ਸਮੇਂ ਵੀ ਇਹ ਅਡੋਲ ਤੇ ਕਾਇਮ ਰਹੀ। 17 ਜਨਵਰੀ, 1976 ਨੂੰ ਆਪ ਸਾਰਾ ਦਿਨ ਆਪਣੇ ਰੁਝੇਵਿਆਂ ਵਿਚ ਸਰਗਰਮ ਰਹੇ। ਨਹਿਰੂ ਐਵਾਰਡ ਵਾਲੀ ਮੀਟਿੰਗ ਵਿਚ ਸ਼ਾਮਲ ਹੋਏ ਤੇ ਰਾਤ ਸਾਢੇ ਦਸ ਵਜੇ ਇਕ ਥਾਂ ਖਾਣਾ ਖਾ ਕੇ ਘਰ ਅੱਪੜੇ। ਸਾਢੇ ਬਾਰਾਂ ਵਜੇ ਤਕ ਰੇਡੀਓ ਤੋਂ ਨਸ਼ਰ ਕਰਨ ਲਈ ਤਕਰੀਰ ਲਿਖਦੇ ਰਹੇ ਤੇ ਫਿਰ ਸੌਂ ਗਏ। ਸਵਾ ਦੋ ਵਜੇ ਬੇਚੈਨੀ ਦੇ ਕਾਰਨ ਉੱਠੇ ਤੇ ਬੱਚਿਆਂ ਨੂੰ ਬੁਲਾ ਕੇ ਕਿਹਾ, “ਡਾਕਟਰ ਨੂੰ ਬੁਲਾਓ।” ਦੋ-ਤਿੰਨ ਡਾਕਟਰਾਂ ਨੂੰ ਫੋਨ ਕੀਤਾ ਗਿਆ। ਇਕ ਡਾਕਟਰ ਨੂੰ ਉਨ੍ਹਾਂ ਦਾ ਲੜਕਾ ਆਪ ਲੈਣ ਲਈ ਚਲਾ ਗਿਆ। ਉਸ ਦੇ ਜਾਣ ਬਾਅਦ ਕੁਝ ਮਿੰਟਾਂ ਵਿਚ ਹੀ ਪੁੱਛਿਆ ਕਿ ਛੋਟੂ ਕਿੱਥੇ ਹੈ? ਦੱਸਿਆ ਗਿਆ ਕਿ ਡਾਕਟਰ ਨੂੰ ਲੈਣ ਗਿਆ ਹੈ। ਕਹਿਣ ਲੱਗੇ ਕਿ ਹੁਣ ਕੋਈ ਲੋੜ ਨਹੀਂ। ਇੰਨੀ ਦੇਰ ਵਿਚ ਸਾਰੇ ਡਾਕਟਰ ਆ ਗਏ। ਉਨ੍ਹਾਂ ਦਾ ਆਪਣਾ ਡਾਕਟਰ ਵੀ ਪੁੱਜ ਗਿਆ। ਕਹਿਣ ਲੱਗੇ, “ਪਾਪਾ ਜੀ! ਮੈਂ ਆ ਗਿਆ ਹਾਂ।” ਉਸ ਦਾ ਹੱਥ ਆਪਣੇ ਹੱਥ ਵਿਚ ਲੈ ਕੇ ਠਰ੍ਹੰਮੇ ਨਾਲ ਕਿਹਾ, “ਹੁਣ ਕੋਈ ਲੋੜ ਨਹੀਂ, ਮੇਰਾ ਸਮਾਂ ਪੂਰਾ ਹੋ ਗਿਆ ਹੈ।” ਕੋਈ ਦੁਨਿਆਵੀ ਗੱਲ ਬੱਚਿਆਂ ਨਾਲ ਨਹੀਂ ਕੀਤੀ। ਭਾਵੁਕਤਾ ਨੂੰ ਨੇੜੇ ਤਕ ਨਹੀਂ ਫੜਕਨ ਦਿੱਤਾ ਤੇ ਨਾ ਹੀ ਕੋਈ ਹਦਾਇਤ ਆਦਿ ਕੀਤੀ। ਪੂਰੇ ਤਿੰਨ ਵਜੇ ਅੰਤਰ-ਧਿਆਨ ਹੋ ਕੇ ਸੁਆਸ ਦੇ ਦਿੱਤੇ। ਮੌਤ ਦੇ ਆਉਣ ਦਾ ਰੰਚਕ-ਮਾਤਰ ਵੀ ਅਸਰ ਉਨ੍ਹਾਂ ’ਤੇ ਨਹੀਂ ਸੀ। ਗਿਆਨੀ ਜੀ ਦੀ ਮੌਤ ਨਾਲ ਪੰਜਾਬੀ ਸਾਹਿਤ ਨੂੰ, ਪੰਜਾਬ ਦੀ ਰਾਜਨੀਤੀ ਨੂੰ ਬਹੁਤ ਧੱਕਾ ਲੱਗਾ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)