editor@sikharchives.org

ਗਿਆਨੀ ਸੋਹਣ ਸਿੰਘ ਸੀਤਲ : ਇਕ ਪ੍ਰਸੰਗਕਾਰ

ਗਿਆਨੀ ਸੋਹਣ ਸਿੰਘ ਸੀਤਲ ਨੇ ਆਪਣੇ ਜੀਵਨ ਦਾ ਬਹੁਤਾ ਹਿੱਸਾ ਸਿੱਖ ਸੰਗਤਾਂ ਨੂੰ ਗੁਰ-ਇਤਿਹਾਸ ਤੇ ਸਿੱਖ ਇਤਿਹਾਸ ਸਮਝਾਉਣ ਨੂੰ ਸਮਰਪਿਤ ਕੀਤਾ ਸੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਗਿਆਨੀ ਸੋਹਣ ਸਿੰਘ ਸੀਤਲ ਨੇ ਆਪਣੇ ਜੀਵਨ ਦਾ ਬਹੁਤਾ ਹਿੱਸਾ ਸਿੱਖ ਸੰਗਤਾਂ ਨੂੰ ਗੁਰ-ਇਤਿਹਾਸ ਤੇ ਸਿੱਖ ਇਤਿਹਾਸ ਸਮਝਾਉਣ ਨੂੰ ਸਮਰਪਿਤ ਕੀਤਾ ਸੀ। ਉਹ ਆਪਣੇ ਸਮੇਂ ਦੇ ਬਹੁਤ ਵੱਡੇ ਤੇ ਪ੍ਰਸਿੱਧ ਢਾਡੀ ਸਨ ਜੋ ਜਿੱਥੇ ਸਟੇਜ ਦੇ ਧਨੀ ਸਨ ਉਥੇ ਉਨ੍ਹਾਂ ਦੀ ਲੇਖਣੀ ਵਿਚ ਅੰਤਾਂ ਦਾ ਜੋਸ਼ ਸੀ। ਉਨ੍ਹਾਂ ਨੇ ਕਵਿਤਾ ਤੇ ਵਾਰਤਕ ਦੋਨਾਂ ਵਿਧਾਵਾਂ ਵਿਚ ਸਿੱਖ ਇਤਿਹਾਸ ਦੇ ਕਈ ਪੱਖਾਂ ਬਾਰੇ ਵਿਸਤਾਰ ਸਹਿਤ ਲਿਖਿਆ ਹੈ ਜੋ ਸਾਹਿਤਕ ਤੇ ਇਤਿਹਾਸਕ ਪੱਖੋਂ ਬਹੁਤ ਮੁਲਵਾਨ ਹੈ।

ਗਿਆਨੀ ਸੀਤਲ ਜੀ ਨੇ ਬਹੁਤ ਸਾਰੇ ਪ੍ਰਸੰਗ ਲਿਖੇ ਹਨ ਜਿਨ੍ਹਾਂ ਵਿਚ ਗੁਰ-ਇਤਿਹਾਸ ਜਾਂ ਸਿੱਖ ਇਤਿਹਾਸ ਵਿੱਚੋਂ ਕੋਈ ਘਟਨਾ ਨੂੰ ਲੈ ਕੇ ਉਸ ਦਾ ਸਰਸ ਵਰਣਨ ਕੀਤਾ ਹੈ। ਪ੍ਰਸੰਗ ਕੀ ਹੈ? ਇਸ ਬਾਰੇ ਪੰਜਾਬੀ ਦੇ ਆਲੋਚਕਾਂ ਨੇ ਆਪਣਾ ਨਿਰਣਾ ਨਹੀਂ ਦਿੱਤਾ ਅਤੇ ਨਾ ਹੀ ਇਸ ਵਿਧਾ ਬਾਰੇ ਖੋਜ-ਕਾਰਜ ਹੋਇਆ ਹੈ। ਪ੍ਰਸੰਗ, ਇਤਿਹਾਸ ਵਿੱਚੋਂ ਲਈ ਘਟਨਾ ਦੀ ਵਿਸਤ੍ਰਿਤ ਵਿਆਖਿਆ ਹੈ ਜਿਸ ਵਿਚ ਇਕ ਪਾਸੇ ਇਤਿਹਾਸ ਨੂੰ ਪੇਸ਼ ਕੀਤਾ ਜਾਂਦਾ ਹੈ, ਦੂਜੇ ਪਾਸੇ ਉਸ ਵਿਚ ਸੁਹਜ-ਸੁਆਦ ਭਰ ਕੇ ਪਾਠਕਾਂ/ਸ੍ਰੋਤਿਆਂ ਦੀ ਸੁਹਜ ਭਾਵਨਾ ਨੂੰ ਸ਼ਾਂਤ ਕੀਤਾ ਜਾਂਦਾ ਹੈ। ਇਉਂ ਇਹ ਵਿਧਾ ਇਤਿਹਾਸ ਤੇ ਸਾਹਿਤ ਦਾ ਸੁੰਦਰ ਸੁਮੇਲ ਹੈ। ਪੰਜਾਬੀ ਢਾਡੀਆਂ ਤੇ ਕਵੀਸ਼ਰਾਂ ਨੇ ਬੇਅੰਤ ਪ੍ਰਸੰਗ ਲਿਖੇ ਹਨ ਜੋ ਸ਼ਰਧਾਲੂਆਂ ਵਿਚ ਬਹੁਤ ਮਕਬੂਲ ਰਹੇ ਤੇ ਅੱਜ ਵੀ ਮੇਲਿਆਂ-ਸਮਾਗਮਾਂ ਵਿਚ ਹਨ। ਗੁਰਪੁਰਬਾਂ ’ਤੇ ਢਾਡੀ ਜਨ-ਸੰਗਤਾਂ ਨੂੰ ਸੁਣਾ ਕੇ ਨਿਹਾਲ ਕਰਦੇ ਹਨ।

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਜੀਵਨ ਵਿਚ ਅਜਿਹੇ ਕੌਤਕ ਕੀਤੇ ਜਿਨ੍ਹਾਂ ਨੇ ਜਨਤਾ ਨੂੰ ਪ੍ਰਭਾਵਿਤ ਹੀ ਨਹੀਂ ਕੀਤਾ ਸਗੋਂ ਸੱਚ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਨਾ ਵੀ ਦਿੱਤੀ। ਇਹੀ ਕਾਰਨ ਹੈ ਲੋਕਾਂ ਦੇ ਮਨ ਵਿਚ ਗੁਰੂ ਨਾਨਕ ਸਾਹਿਬ ਪ੍ਰਭੂ ਸਰੂਪ ਹਨ ਜਾਂ ਉਹ ਅਵਤਾਰ ਸਨ ਜੋ ਜਗਤ-ਜਲੰਦੇ ਨੂੰ ਤਾਰਨ ਲਈ ਆਏ ਸਨ। ਜਦੋਂ ਕੋਈ ਗੁਰੂ ਨਾਨਕ ਸਾਹਿਬ ਦਾ ਨਾਂ ਲੈਂਦਾ ਹੈ ਤਾਂ ਸਤਿਕਾਰ ਨਾਲ ਸਿਰ ਝੁਕ ਜਾਂਦਾ ਹੈ। ਇਹ ਸਭ ਤੋਂ ਵੱਡੀ ਸ਼ਰਧਾਂਜਲੀ ਹੈ। ਸੀਤਲ ਜੀ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚੋਂ ਵਿਭਿੰਨ ਘਟਨਾਵਾਂ ਲੈ ਕੇ ਪ੍ਰਸੰਗ ਸਿਰਜਣਾ ਕੀਤੀ ਹੈ ਤੇ ਸਤਿਗੁਰੂ ਜੀ ਦੀ ਮਹਿਮਾ ਦਾ ਗਾਇਨ ਕੀਤਾ ਹੈ। ਆਪ ਦੀ ਨਜ਼ਰ ਵਿਚ ਸਾਹਿਬ ਕਲਤਾਰਕ ਸਨ ਜਿਨ੍ਹਾਂ ਨੇ ਕਰਾਮਾਤੀ ਰੰਗ ਵਿਖਾ ਕੇ ਭਾਰਤੀਆਂ ਨੂੰ ਸਤਿ-ਮਾਰਗ ਦੇ ਸੁਨਹਿਰੀ ਅਸੂਲਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਸਤਿਗੁਰੂ ਨਾਲ ਸਬੰਧਿਤ ਪ੍ਰਮੁੱਖ ਪ੍ਰਸੰਗ ਹਨ:

ਪੀਰ ਹਮਜ਼ਾ ਗੌਸ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ, ਪ੍ਰਸੰਗ ਵਲੀ ਕੰਧਾਰੀ, ਸਤਿਗੁਰੂ ਨਾਨਕ ਪ੍ਰਗਟਿਆ, ਬਾਬਰ ਦੀ ਚੱਕੀ ਤੇ ਗੁਰੂ ਨਾਨਕ ਦੇਵ ਜੀ, ਸੱਜਣ ਠੱਗ, ਨਮਾਜ਼ ਦੌਲਤ ਖਾਂ ਤੇ ਗੁਰੂ ਨਾਨਕ ਦੇਵ ਜੀ, ਗੁਰੂ ਨਾਨਕ ਦੇਵ ਜੀ ਦੀ ਰੁਹੇਲਖੰਡ ਯਾਤਰਾ, ਮਿਟੀ ਧੁੰਧੁ ਜਗਿ ਚਾਨਣੁ ਹੋਆ ਆਦਿ।

ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਿਰਤਾਜ ਹਨ ਜਿਨ੍ਹਾਂ ਨੇ ਸੱਚ ਧਰਮ ਤੇ ਵਿਸ਼ਵਾਸ ਦੀ ਖਾਤਰ ਸ਼ਹੀਦੀ ਦਿੱਤੀ ਤੇ ਸਿੱਖਾਂ ਨੂੰ ਸਤਿ ਦੀ ਪ੍ਰਾਪਤੀ ਲਈ ਦ੍ਰਿੜ੍ਹ ਰਹਿਣ ਤੇ ਧਰਮ ਨੂੰ ਜੀਵਨ ਦਾ ਆਧਾਰ ਬਣਾ ਕੇ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਰਹਿਣ ਦਾ ਸੁਨੇਹਾ ਦਿੱਤਾ। ਗਿਆਨੀ ਜੀ ਨੇ ਬਹੁਤ ਹੀ ਭਾਵੁਕ ਢੰਗ ਨਾਲ ਇਤਿਹਾਸ ਦੀ ਸੀਮਾ ਅੰਦਰ ਰਹਿੰਦਿਆਂ ਸਤਿਗੁਰੂ ਅਰਜਨ ਦੇਵ ਜੀ ਦੀ ਸ਼ਾਂਤਮਈ ਸ਼ਹੀਦੀ ਦਾ ਵਰਣਨ ਕੀਤਾ ਹੈ। ਆਪ ਦਾ ਇਕ ਪ੍ਰਸੰਗ ਮਿਲਦਾ ਹੈ: ‘ਸ਼ਹੀਦੀ ਗੁਰੂ ਅਰਜਨ ਦੇਵ ਜੀ’।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮੀਰੀ-ਪੀਰੀ ਦੇ ਸੁਆਮੀ ਖੜਗਧਾਰੀ ਸਤਿਗੁਰੂ ਸਨ, ਜਿਨ੍ਹਾਂ ਨੇ ਮਾਲਾ ਦੇ ਨਾਲ ਤਲਵਾਰ ਰੱਖਣ ਦੀ ਪ੍ਰਥਾ ਪਾਈ ਤਾਂ ਕਿ ਧਰਮ, ਸਵੈ ਅਤੇ ਦੇਸ਼ ਕੌਮ ਦੀ ਰੱਖਿਆ ਕੀਤੀ ਜਾ ਸਕੇ। ਜਰਵਾਣੇ ਨੂੰ ਕੇਵਲ ਤਲਵਾਰ ਦੀ ਭਾਸ਼ਾ ਹੀ ਸਮਝ ਆਉਂਦੀ ਹੈ। ਗਿਆਨੀ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ਵਿੱਚੋਂ ਕੁਝ ਮਹੱਤਵਪੂਰਨ ਘਟਨਾਵਾਂ ਲੈ ਕੇ ਯੁੱਧ ਦੇ ਮੈਦਾਨ ਵਿਚ ਮੁਗ਼ਲਾਂ ਨੂੰ ਲੋਹੇ ਦੇ ਚਣੇ ਚਬਾਉਣ ਤੇ ਪੈਂਦੇ ਖਾਂ ਵਰਗੇ ਬਲੀ ਦੀ ਹਉਮੈ ਦਾ ਨਾਸ਼ ਕਰਕੇ ਤੇਗ ਦੇ ਘਾਟ ਉਤਾਰਨ ਤਕ ਨੂੰ ਚਿਤਰਿਆ ਹੈ। ਇਹ ਪ੍ਰਸੰਗ ਬਹੁਤ ਮੁੱਲਵਾਨ ਹਨ:

ਬੰਦੀ ਛੋੜ ਤੇ ਚੰਦੂ ਦੀ ਮੌਤ, ਜੰਗ ਸੰਗਰਾਣਾ ਸਾਹਿਬ ਤੇ ਬੀਬੀ ਵੀਰੋ ਦਾ ਵਿਆਹ, ਗੁਰੂ ਹਰਿਗੋਬਿੰਦ ਸਾਹਿਬ ਨੇ ਅਵਤਾਰ ਧਾਰਿਆ, ਲਲਾ ਬੇਗ ਦਾ ਯੁੱਧ ਗੁਰੂ ਹਰਿਗੋਬਿੰਦ ਸਾਹਿਬ ਨਾਲ, ਪੈਂਦੇ ਖਾਂ ਦਾ ਯੁੱਧ ਗੁਰੂ ਹਰਿਗੋਬਿੰਦ ਨਾਲ, ਸ੍ਰੀ ਹਰਿਗੋਬਿੰਦਪੁਰ- ਛੇਵੀਂ ਪਾਤਸ਼ਾਹੀ ਦਾ ਜੰਗ ਆਦਿ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੈਰਾਗ ਦੀ ਮੂਰਤੀ ਸਨ ਜਿਨ੍ਹਾਂ ਨੇ ਇਸ ਜਗਤ ਨੂੰ ਨਾਸ਼ਵਾਨ ਦੱਸ ਕੇ ਇਸ ਨਾਲ ਮੋਹ ਤੋੜਨ ਤੇ ਸਤਿ ਦੀ ਪ੍ਰਾਪਤੀ ਲਈ ਸਰਗਰਮ ਹੋਣ ਦਾ ਉਪਦੇਸ਼ ਦਿੱਤਾ। ਸਤਿਗੁਰੂ ਨੇ ਹਿੰਦੂ ਧਰਮ ਦੀ ਰੱਖਿਆ ਲਈ ਸ਼ਹੀਦੀ ਪ੍ਰਾਪਤ ਕੀਤੀ ਤੇ ਔਰੰਗਜ਼ੇਬ ਵਰਗੇ ਹੈਂਕੜਬਾਜ਼ ਬਾਦਸ਼ਾਹ ਦੀ ਈਨ ਨਹੀਂ ਮੰਨੀ। ਗਿਆਨੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਬੰਧਿਤ ਨਿਮਨ ਪ੍ਰਸੰਗ ਲਿਖੇ ਹਨ ਜਿਨ੍ਹਾਂ ਤੋਂ ਸਤਿਗੁਰੂ ਦੀ ਵਡਿਆਈ ਪ੍ਰਗਟ ਹੁੰਦੀ ਹੈ:

ਸ਼ਹੀਦੀ ਗੁਰੂ ਤੇਗ ਬਹਾਦਰ; ਗੁਰੂ ਤੇਗ ਬਹਾਦਰ ਜੀ ਦਾ ਗੁਰਗੱਦੀ ਬੈਠਣਾ ਆਦਿ।

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਮ ਤੇ ਕਿਰਪਾਨ ਦੇ ਧਨੀ ਸਨ ਜਿਨ੍ਹਾਂ ਨੇ ਖਾਲਸਾ ਸਾਜ਼ ਕੇ ਦੇਸ਼ ਦੀ ਹੋਣੀ ਨੂੰ ਹੀ ਬਦਲ ਕੇ ਰੱਖ ਦਿੱਤਾ। ਸਿੱਖਾਂ ਨੇ ਅਜਿਹਾ ਸੰਘਰਸ਼ ਕੀਤਾ ਕਿ ਮੁਗ਼ਲਾਂ ਦਾ ਰਾਜ-ਭਾਗ ਜਾਂਦਾ ਰਿਹਾ। ਸਿੱਖਾਂ ਨੇ ਪੰਜਾਬ ’ਤੇ ਰਾਜ ਸਥਾਪਿਤ ਕਰ ਲਿਆ। ਇਹ ਸਤਿਗੁਰੂ ਜੀ ਦੀ ਬਖ਼ਸ਼ਿਸ਼ ਕਰਕੇ ਹੀ ਸੀ। ਦਸਮ ਸਤਿਗੁਰੂ ਬਲੀ ਸਾਹਿਬ ਸਨ ਜਿਨ੍ਹਾਂ ਨੇ ਮੁਗ਼ਲਾਂ ਦੀ ਵੱਡੀ ਸੈਨਾ ਨਾਲ ਯੁੱਧ ਕੀਤੇ ਤੇ ਅਖੀਰ ਤਕ ਉਨ੍ਹਾਂ ਦੀ ਈਨ ਨਹੀਂ ਮੰਨੀ। ਸਾਹਿਬਜ਼ਾਦੇ ਸ਼ਹੀਦੀਆਂ ਪਾ ਗਏ। ਮਾਤਾ ਜੀ ਗੁਰ ਚਰਨਾਂ ਵਿਚ ਜਾ ਬਿਰਾਜੇ। ਆਪ ਨੇ ਮੁਗ਼ਲਾਂ ਨਾਲ ਕਈ ਯੁੱਧ ਕੀਤੇ। ਇਨ੍ਹਾਂ ਸਾਰੀਆਂ ਘਟਨਾਵਾਂ ਨੇ ਸੀਤਲ ਜੀ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਆਪ ਨੇ ਪੂਰੀ ਸਿਦਕਦਿਲੀ ਨਾਲ ਇਨ੍ਹਾਂ ਸਬੰਧੀ ਕਮਾਲ ਦੇ ਪ੍ਰਸੰਗ ਲਿਖੇ ਜੋ ਇਤਿਹਾਸਕ ਤੇ ਸਾਹਿਤਕ ਪੱਖੋਂ ਤਾਰੀਫ ਦੇ ਕਾਬਲ ਸਨ। ਕੁਝ ਪ੍ਰਮੁੱਖ ਪ੍ਰਸੰਗ ਹਨ:

ਉੱਚ ਦੇ ਪੀਰ ਗੁਰੂ ਗੋਬਿੰਦ ਸਿੰਘ ਜੀ, ਭੰਗਾਣੀ ਯੁੱਧ; ਰੁਸਤਮ ਖਾਂ ਦੀ ਅਨੰਦਪੁਰ ’ਤੇ ਚੜ੍ਹਾਈ, ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ, ਦਸਮੇਸ਼ ਉਸਤਤਿ, ਨਦੌਣ ਯੁੱਧ, ਵਿਦਾਇਗੀ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ, ਸਾਕਾ ਸਰਹੰਦ, ਸ਼ਹੀਦੀ ਛੋਟੇ ਸਾਹਿਬਜ਼ਾਦੇ ਆਦਿ।

ਗੁਰੂ ਸਾਹਿਬਾਨ ਦੇ ਸਮਕਾਲੀ ਸ਼ਰਧਾਲੂਆਂ ਸਿੱਖਾਂ ਤੇ ਉਨ੍ਹਾਂ ਦੇ ਆਦਰਸ਼ਾਂ ’ਤੇ ਚੱਲ ਕੇ ਸਿੱਖੀ ਦੀ ਸੇਵਾ ਕਰਨ ਜਾਂ ਕੋਈ ਕਾਰਨਾਮਾ ਕਰਨ ਜਾਂ ਸ਼ਹੀਦੀਆਂ ਪਾਉਣ ਵਾਲੇ ਸਿੱਖਾਂ ਸ਼ਰਧਾਲੂਆਂ ਨੂੰ ਸ਼ਰਧਾਂਜਲੀ ਦੇਣ ਲਈ ਸੀਤਲ ਜੀ ਨੇ ਕਈ ਪ੍ਰਸੰਗ ਲਿਖੇ ਹਨ। ਉਨ੍ਹਾਂ ਦੀ ਸਿਦਕਦਿਲੀ, ਸ਼ਰਧਾ, ਗੁਰ-ਸੇਵਾ ਜਾਂ ਗੁਰੂ ਸਾਹਿਬ ਦੇ ਸਥਾਪਿਤ ਆਦਰਸ਼ਾਂ ਨਮਿਤ ਮੌਤ ਦੀ ਪਰਵਾਹ ਨਾ ਕਰਦਿਆਂ ਦਿੱਤੀਆਂ ਸ਼ਹੀਦੀਆਂ ਬਾਰੇ ਆਪ ਨੇ ਬਹੁਤ ਡੂੰਘੀ ਤੇ ਸੱਚੀ-ਸੁੱਚੀ ਸ਼ਰਧਾ ਤੇ ਸਤਿਕਾਰ ਨਾਲ ਉਨ੍ਹਾਂ ਦੀ ਮਹਿਮਾ ਦਾ ਗਾਇਨ ਕਰਦਿਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਨੌਜਵਾਨਾਂ ਨੂੰ ਪ੍ਰੇਰਨਾ ਦੇਣ ਲਈ ਬਹੁਤ ਸਾਰੇ ਪ੍ਰਸੰਗ ਲਿਖੇ ਹਨ ਜਿਨ੍ਹਾਂ ਤੋਂ ਸਿੱਖਾਂ ਦੀ ਗੁਰੂ ਪ੍ਰਤੀ ਸ਼ਰਧਾ ਤੇ ਬਹਾਦਰੀ ਦਾ ਗਿਆਨ ਹੁੰਦਾ ਹੈ। ਆਪ ਨੇ ਇਤਿਹਾਸ ਤੇ ਸਾਹਿਤ ਦਾ ਸੁਮੇਲ ਕਰ ਕੇ ਕਮਾਲ ਦੇ ਪ੍ਰਸੰਗ ਲਿਖੇ ਹਨ, ਜਿਵੇਂ:

ਗੁਰੂ-ਘਰ ਦੇ ਨਿਕਟਵਰਤੀ ਤੇ ਬਹਾਦਰ ਸਿੰਘਾਂ ਦੇ ਪ੍ਰਸੰਗ, ਭਾਈ ਬਿਧੀ ਚੰਦ ਨੇ ਘੋੜੇ ਲਿਆਂਦੇ, ਸ਼ਹੀਦੀ ਭਾਈ ਮਨੀ ਸਿੰਘ, ਸ਼ਹੀਦ ਬਾਬਾ ਗੁਰਬਖਸ਼ ਸਿੰਘ, ਭਾਈ ਜੋਗਾ ਸਿੰਘ, ਸ਼ਹੀਦ ਊਧਮ ਸਿੰਘ, ਬਚਿੱਤਰ ਸਿੰਘ ਦਾ ਹਾਥੀ ਨਾਲ ਜੰਗ, ਸ਼ਹੀਦੀ ਬਾਬਾ ਬੰਦਾ ਸਿੰਘ ਬਹਾਦਰ, ਸ਼ਹੀਦੀ ਭਾਈ ਬੋਤਾ ਸਿੰਘ, ਅਘੜ ਸਿੰਘ ਦੀ ਬਹਾਦਰੀ ਤੇ ਮੋਮਨ ਖਾਂ ਦੀ ਮੌਤ, ਭਾਈ ਸੁੱਖਾ ਸਿੰਘ ਸ਼ਹੀਦ, ਸ਼ਹੀਦ ਗੰਜ ਸਿੰਘਣੀਆਂ, ਸ਼ਹੀਦ ਭਾਈ ਤਾਰੂ ਸਿੰਘ, ਬੰਦਾ ਸਿੰਘ ਦੀ ਸਰਹਿੰਦ ਉਤੇ ਫਤਹਿ ਅਤੇ ਵਜ਼ੀਰ ਖਾਂ ਦੀ ਮੌਤ, ਭਾਈ ਗੁਰਦਾਸ ਦੇ ਸਿਦਕ ਦੀ ਪਰਖ, ਭਾਈ ਲੱਧਾ ਪਰਉਪਕਾਰੀ ਤੇ ਰਬਾਬੀ ਸੱਤਾ ਬਲਵੰਡ, ਅਬਦਾਲੀ ਦਾ ਨੌਵਾਂ ਹਮਲਾ ਤੇ ਸਿੰਘ ਨੇ ਢੱਕਾਂ ਛਡਾਉਣੀਆਂ, ਸਿੰਘਾਂ ਨੇ ਜਲਾਲਾਬਾਦ ਮਾਰ ਕੇ ਪੰਡਤਾਂ ਦੀ ਕੁੜੀ ਛੁਡਾਉਣੀ, ਵੱਡਾ ਘੱਲੂਘਾਰਾ, ਰੁਸਤਮ ਖਾਂ ਦੀ ਆਨੰਦਪੁਰ ’ਤੇ ਚੜ੍ਹਾਈ, ਜਰਨੈਲ ਹੁਸੈਨੀ ਤੇ ਕ੍ਰਿਪਾਲ ਦੀ ਮੌਤ, ਸ਼ਹੀਦੀ ਬਾਬਾ ਦੀਪ ਸਿੰਘ, ਪ੍ਰਸੰਗ ਬਾਬਾ ਆਦਮ ਤੇ ਭਾਈ ਭਗਤੂ, ਸ਼ਹੀਦੀ ਸ. ਮਹਾਂ ਸਿੰਘ, ਜੰਗ ਰਾਮ ਰਉਣੀ, ਮੀਰ ਮੰਨੂ ਦੀ ਸਿੰਘਾਂ ਨਾਲ ਪਹਿਲੀ ਲੜਾਈ, ਅਬਦਾਲੀ ਦਾ ਅਠਵਾਂ ਹੱਲਾ, ਉਸਮਾਨ ਖਾਂ ਦਾ ਕਤਲ ਪੰਡਤਾਣੀ ਛੁਡਾਈ, ਭਾਈ ਡੱਲੇ ਦਾ ਸਿਦਕ, ਸ਼ਹੀਦੀ ਭਾਈ ਤਾਰਾ ਸਿੰਘ, ਵੱਡਾ ਘੱਲੂਘਾਰਾ, ਮੱਸੇ ਦੀ ਮੌਤ, ਸੈਦਖਾਨ ਆਦਿ।

ਅਠ੍ਹਾਰਵੀਂ ਸਦੀ ਵਿਚ ਸਿੱਖ-ਮੁਗ਼ਲ ਸੰਘਰਸ਼ ਬੜਾ ਭਿਆਨਕ ਰੂਪ ਧਾਰਨ ਕਰ ਗਿਆ। ਮੁਗਲਾਂ ਨੇ ਸਿੱਖਾਂ ਦਾ ਬੀਜ-ਨਾਸ ਕਰਨ ਦੀ ਸਹੁੰ ਖਾ ਲਈ ਪਰ ਗੁਰੂ-ਕਿਰਪਾ ਨਾਲ ਸਿੱਖਾਂ ਨੇ ਇਸ ਭਿਆਨਕ ਜ਼ੁਲਮੀ ਹਮਲਿਆਂ ਦਾ ਡੱਟ ਕੇ ਮੁਕਾਬਲਾ ਹੀ ਨਹੀਂ ਕੀਤਾ ਸਗੋਂ ਉਨ੍ਹਾਂ ਨੇ ਨੰਗੇ ਧੜ ਛੋਟੇ-ਮੋਟੇ ਹਥਿਆਰਾਂ ਨਾਲ ਮੁਗਲ ਸੈਨਾ ਦੀ ਨੀਂਦ ਹਰਾਮ ਨਹੀਂ ਕੀਤੀ ਸਗੋਂ ਵੱਡੀ ਗਿਣਤੀ ਵਿਚ ਸ਼ਹੀਦੀਆਂ ਪ੍ਰਾਪਤ ਕਰਦਿਆਂ ਉਨ੍ਹਾਂ ਉੱਪਰ ਮਾਰੂ ਵਾਰ ਵੀ ਕੀਤੇ ਅਤੇ ਆਖਰਕਾਰ ਸਿੱਖਾਂ ਨੇ ਜਿੱਤ ਹਾਸਲ ਕਰ ਕੇ ਮਹਾਰਾਜਾ ਰਣਜੀਤ ਸਿੰਘ ਦੀ ਕਮਾਨ ਹੇਠ ਖਾਲਸਾ ਰਾਜ ਕਾਇਮ ਕਰ ਲਿਆ। ਗਿਆਨੀ ਜੀ ਨੇ ਬਹੁਤ ਭਾਵਪੂਰਤ ਕੁਝ ਪ੍ਰਸੰਗ ਇਸ ਕਾਲ ਨਾਲ ਸਬੰਧਿਤ ਲਿਖੇ ਹਨ: ਸ਼ਾਹ ਜ਼ਮਾਨ ਦਾ ਆਖਰੀ ਹਮਲਾ ਰਣਜੀਤ ਸਿੰਘ ਦੀ ਬਹਾਦਰੀ, ਕਸ਼ਮੀਰ ਫਤਹਿ ਕਰ ਕੇ ਸਿੱਖ ਰਾਜ ਵਿਚ ਮਿਲਾਉਣਾ, ਜੰਗ ਹਜਰੋ, ਸਿੱਖਾਂ ਦਾ ਅਟਕ ’ਤੇ  ਕਬਜ਼ਾ, ਕੰਵਰ ਨੌਨਿਹਾਲ ਸਿੰਘ ਦਾ ਵਿਆਹ ਆਦਿ।

ਗਿਆਨੀ ਸੋਹਣ ਸਿੰਘ ਸੀਤਲ ਬਹੁਤ ਚੇਤੰਨ ਇਤਿਹਾਸਕਾਰ ਤੇ ਢਾਡੀ ਸਨ ਜਿਨ੍ਹਾਂ ਨੇ ਸਮਕਾਲੀ ਸੰਘਰਸ਼ ਨੂੰ ਵੀ ਆਪਣੀ ਰਚਨਾ ਦਾ ਵਿਸ਼ਾ ਬਣਾਇਆ ਤੇ ਪੂਰੀ ਸ਼ਰਧਾ ਤੇ ਦਿਲੀ ਸਤਿਕਾਰ ਨੂੰ ਦਰਸਾਉਣ ਲਈ ਕੁਝ ਪ੍ਰਸੰਗ ਲਿਖੇ ਜਿਵੇਂ:

ਗੱਡੀ ਪੰਜਾ ਸਾਹਿਬ, ਗੱਡੀ ਨਨਕਾਣਾ ਸਾਹਿਬ (ਤਿੰਨ ਭਾਗ), ਚਲ ਸਿੰਘਾ ਚੱਲੀਏ ਨਨਕਾਣੇ, ਸ਼ਹੀਦੀ ਸ. ਦਰਸ਼ਨ ਸਿੰਘ ਫੇਰੂਮਾਨ, ਸ਼ਹੀਦੀ ਊਧਮ ਸਿੰਘ, ਚਲੋ ਨਨਕਾਣੇ ਆਦਿ।

ਉਪਰੋਕਤ ਸਰਵੇਖਣ ਤੋਂ ਸਪੱਸ਼ਟ ਹੈ ਕਿ ਗਿਆਨੀ ਸੋਹਣ ਸਿੰਘ ਜੀ ਸੀਤਲ ਨੇ ਗੁਰ-ਉਪਮਾ, ਗੁਰ ਇਤਿਹਾਸ, ਸਿੱਖ ਇਤਿਹਾਸ ਬਾਰੇ ਕਾਫੀ ਪ੍ਰਸੰਗਾਂ ਦੀ ਰਚਨਾ ਕਰਕੇ ਜਿੱਥੇ ਸਿੱਖ ਇਤਿਹਾਸ ਨੂੰ ਕਾਵਿਕ-ਰੰਗ ਵਿਚ ਸਾਂਭਣ ਦਾ ਜਤਨ ਕੀਤਾ ਉੱਥੇ ਨਵੀਂ ਪੀੜ੍ਹੀ ਨੂੰ ਗੁਰ-ਇਤਿਹਾਸ ਤੇ ਸਿੱਖ-ਇਤਿਹਾਸ ਨਾਲ ਜੋੜਨ ਦਾ ਅਹਿਮ ਕਾਰਜ ਕੀਤਾ ਜਿਸ ਦੀ ਜਿੰਨੀ ਉਪਮਾ ਹੋਵੇ ਥੋੜ੍ਹੀ ਹੈ। ਭਵਿੱਖ ਵਿਚ ਵੀ ਇਹ ਰਚਨਾਵਾਂ ਸਿੱਖੀ ਨੂੰ ਵਿਗਸਿਤ ਤੇ ਪ੍ਰਭਾਵਿਤ ਕਰਨ ਵਿਚ ਸਹਾਈ ਹੋਣਗੀਆਂ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਖੋਜ ਅਫ਼ਸਰ, ਭਾਸ਼ਾ ਵਿਭਾਗ -ਵਿਖੇ: ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)