editor@sikharchives.org

ਹੱਡ-ਬੀਤੀ – ਅੱਖੀਂ ਡਿੱਠਾ ਜੂਨ 1984

4 ਜੂਨ ਨੂੰ ਅੰਧਾ-ਧੁੰਦ ਫਾਇਰਿੰਗ ਕਾਰਨ ਸ਼ਾਮ ਦੇ ਟਾਈਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸ੍ਰੀ ਅਕਾਲ ਤਖ਼ਤ ਸਾਹਿਬ ਨਹੀਂ ਜਾ ਸਕੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

1 ਜੂਨ, 1984 ਨੂੰ ਬਿਨਾਂ ਕਿਸੇ ਭੜਕਾਹਟ ਦੇ ਸੀ.ਆਰ.ਪੀ. ਨੇ ਹਰਿਮੰਦਰ ਸਾਹਿਬ ’ਤੇ ਪਰਕਰਮਾ ਵਿਚ ਦੁਪਹਿਰੇ 1:30 ਵਜੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ ਅਤੇ 30 ਗੋਲੀਆਂ ਹਰਿਮੰਦਰ ਸਾਹਿਬ ’ਤੇ ਲੱਗੀਆਂ ਸਨ। ਹਰਿਮੰਦਰ ਸਾਹਿਬ ਦੇ ਸੁਨਹਿਰੀ ਕਲਸ ਵਿਚ ਗੋਲੀ ਲੱਗਣ ਕਰਕੇ ਮੰਘੋਰਾ ਹੋ ਗਿਆ ਸੀ। ਬਾਹਰੋਂ ਆਏ ਕੁਝ ਸ਼ਰਧਾਲੂ ਇਸਤਰੀਆਂ ਬੱਚੇ ਵੀ ਫਾਇਰਿੰਗ ਨਾਲ ਸ਼ਹੀਦ ਹੋ ਗਏ ਸਨ। ਇਕ ਸਿੱਖ ਭਾਈ ਮਹਿੰਗਾ ਸਿੰਘ ਜਗਾਧਰੀ ਦੇ ਇਲਾਕੇ ਦਾ ਗੁਰਦੁਆਰਾ ਬਾਬਾ ਅਟੱਲ ਰਾਏ ਦੀ ਉਤਲੀ ਮੰਜ਼ਲ ’ਤੇ ਖੜ੍ਹਾ ਸੀ ਜੋ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਸੀ।

3 ਜੂਨ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ। ਦੂਰੋਂ-ਨੇੜਿਓਂ ਗੁਰਪੁਰਬ ਮਨਾਉਣ ਲਈ ਬਹੁਤ ਸੰਗਤ ਆਈ ਹੋਈ ਸੀ, ਜਿਨ੍ਹਾਂ ਵਿਚ ਬੱਚੇ, ਇਸਤਰੀਆਂ ਅਤੇ ਮਰਦ ਸਨ। ਧਰਮ ਯੁੱਧ ਮੋਰਚੇ ਵਿਚ ਹਿੱਸਾ ਲੈਣ ਲਈ ਕੁਝ ਜਥੇ ਆਏ ਹੋਏ ਸਨ। ਕੁਝ ਜਥੇ ਜੇਲ੍ਹਾਂ ਵਿੱਚੋਂ ਰਿਹਾਅ ਹੋ ਕੇ ਆਏ ਹੋਏ ਸਨ। ਇਸ ਕਰਕੇ ਪਰਕਰਮਾ, ਗੁਰੂ ਰਾਮਦਾਸ ਸਰਾਂ ਤੇ ਗੁਰੂ ਨਾਨਕ ਨਿਵਾਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਭੀੜ ਸੀ। ਦਿਨੇ ਕਰਫ਼ਿਊ ਲੱਗਣ ਕਰਕੇ ਕੋਈ ਵੀ ਬਾਹਰ ਨਹੀਂ ਜਾ ਸਕਿਆ। ਸਭ ਇਥੇ ਹੀ ਰੁਕ ਗਏ।

ਹਮਲਾ


4 ਜੂਨ ਨੂੰ ਹੁਕਮਨਾਮੇ ਮਗਰੋਂ ਲੱਗਭਗ 4:45 ਵਜੇ ਸਵੇਰੇ ਫੌਜੀਆਂ ਨੇ ਤੋਪ ਦਾ ਪਹਿਲਾ ਗੋਲਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮਾਰਿਆ ਸੀ। ਉਸ ਮਗਰੋਂ ਦਿਨੇ ਤੋਪ ਦੇ ਗੋਲੇ ਤੇ ਗੋਲੀਆਂ ਚੱਲਦੀਆਂ ਹੀ ਰਹੀਆਂ। ਫੌਜੀਆਂ ਵੱਲੋਂ ਪਹਿਲਾਂ ਕੋਈ ਵਾਰਨਿੰਗ ਨਹੀਂ ਦਿੱਤੀ ਗਈ ਸੀ ਕਿ ਅੱਤਵਾਦੀ ਆਤਮ-ਸਮਰਪਣ ਕਰ ਦੇਣ, ਨਹੀਂ ਤਾਂ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦਿਨ ਪਰਕਰਮਾ ਵਿਚ ਬਹੁਤ ਜ਼ਿਆਦਾ ਗਿਣਤੀ ਵਿਚ ਸ਼ਰਧਾਲੂ ਤੇ ਫੌਜੀ ਮਾਰੇ ਗਏ। 4 ਜੂਨ ਨੂੰ ਅੰਧਾ-ਧੁੰਦ ਫਾਇਰਿੰਗ ਕਾਰਨ ਸ਼ਾਮ ਦੇ ਟਾਈਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸ੍ਰੀ ਅਕਾਲ ਤਖ਼ਤ ਸਾਹਿਬ ਨਹੀਂ ਜਾ ਸਕੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਹਰਿ ਕੀ ਪੌੜੀ ਉੱਪਰਲੀ ਮੰਜ਼ਿਲ ’ਤੇ ਰੱਖ ਦਿੱਤੀ ਗਈ।

5 ਜੂਨ ਨੂੰ ਪਰਕਰਮਾ ਇਕ ਯੁੱਧ ਭੂਮੀ ਬਣੀ ਹੋਈ ਸੀ। ਪਰਕਰਮਾ ਸ਼ਰਧਾਲੂਆਂ ਸਮੇਤ ਹਰੀ ਵਰਦੀ ਦੇ ਸੈਨਿਕਾਂ ਦੀਆਂ ਲਾਸ਼ਾਂ ਨਾਲ ਭਰੀ ਪਈ ਸੀ। ਸਭ ਥਾਂ ਖੂਨ ਹੀ ਖੂਨ ਵਗ ਰਿਹਾ ਸੀ ਤੇ ਸਰੋਵਰ ਦੇ ਪਾਣੀ ਵਿਚ ਮਿਲ ਰਿਹਾ ਸੀ, ਜਿਸ ਕਰਕੇ ਪਾਣੀ ਦਾ ਰੰਗ ਵੀ ਤਬਦੀਲ ਹੁੰਦਾ ਜਾ ਰਿਹਾ ਸੀ। ਸਰੋਵਰ ਵਿਚ ਵੀ ਕਾਫੀ ਲਾਸ਼ਾਂ ਤੈਰ ਰਹੀਆਂ ਸਨ। ਇਸੇ ਦਿਨ ਸ਼ਾਮ ਤਕ ਸਿੰਘਾਂ ਦੇ ਲੱਗਭਗ ਸਾਰੇ ਮੋਰਚੇ ਟੁੱਟ ਚੁੱਕੇ ਸਨ, ਪਰ ਇਸ ਦਿਨ ਦਰਬਾਰ ਸਾਹਿਬ ’ਚ ਮਰਯਾਦਾ ਅਨੁਸਾਰ ਕੀਰਤਨ ਹੁੰਦਾ ਰਿਹਾ। 5 ਜੂਨ ਦੀ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਹੋਇਆ ਤੇ ਸ਼ਾਮ ਲੱਗਭਗ 8:50 ’ਤੇ ਸਮਾਪਤੀ ਕਰ ਦਿੱਤੀ ਗਈ। ਸਭ ਸਿੰਘ ਸ਼ਰਧਾਲੂ ਅਤੇ ਸੇਵਾਦਾਰ ਕਰਮਚਾਰੀ ਆਦਿ ਉਥੇ ਹੀ ਰਹੇ। ਉਸ ਸਮੇਂ ਬਿਜਲੀ, ਪਾਣੀ ਤੇ ਟੈਲੀਫੋਨ ਸਭ ਬੰਦ ਸਨ। ਸਖ਼ਤ ਗਰਮੀ ਦਾ ਦਿਨ ਸੀ ਤੇ ਤੋਪ ਦੇ ਗੋਲਿਆਂ ਅਤੇ ਗੋਲੀਆਂ ਦੇ ਧੂੰਏਂ ਨਾਲ ਵਾਯੂਮੰਡਲ ਭੱਠ ਵਾਂਗ ਤਪ ਰਿਹਾ ਸੀ। ਇਸੇ ਦਿਨ ਰਾਤ 8:50 ਵਜੇ ਟੈਂਕਾਂ ਨਾਲ ਫੌਜ ਪਰਕਰਮਾ ਵਿਚ ਦਾਖਲ ਹੋ ਗਈ। ਪਰਕਰਮਾ ਵਿਚ ਅੱਠ ਟੈਂਕ ਦਾਖਲ ਹੋਏ। ਗੁਰਦੁਆਰਾ ਬੁੰਗਾ ਬਾਬਾ ਦੀਪ ਸਿੰਘ ਸ਼ਹੀਦ ਦੇ ਪਾਸ ਖੜ੍ਹਾ ਟੈਂਕ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਗੋਲਾਬਾਰੀ ਕਰ ਰਿਹਾ ਸੀ। ਕਈ ਥਾਵਾਂ ’ਤੇ ਬਾਹਰ ਖੜ੍ਹੀਆਂ ਤੋਪਾਂ ਵੀ ਗੋਲਾਬਾਰੀ ਕਰ ਰਹੀਆਂ ਸਨ। ਅਸੀਂ ਉੱਪਰਲੀ ਮੰਜ਼ਲ ਵਿਚ ਬੈਠੇ ਖਿੜਕੀਆਂ ਤੇ ਝਰੋਖਿਆਂ ਵਿੱਚੋਂ ਇਹ ਸਭ ਕੁਝ ਵੇਖ ਰਹੇ ਸੀ।

6 ਜੂਨ, 1984 ਨੂੰ ਅੰਮ੍ਰਿਤ ਵੇਲੇ 4:00 ਵਜੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਮਰਯਾਦਾ ਅਨੁਸਾਰ ਪ੍ਰਕਾਸ਼ ਕੀਤਾ, ਸਵੇਰੇ 8 ਵਜੇ ਘੰਟਾ-ਘਰ ਅਤੇ ਲਾਇਬ੍ਰੇਰੀ ਵਾਲੇ ਪਾਸਿਓਂ ਹਰਿਮੰਦਰ ਸਾਹਿਬ ਉੱਤੇ ਗੋਲੀਆਂ ਵਰ੍ਹਨੀਆਂ ਸ਼ੁਰੂ ਹੋਈਆਂ। ਹੱਥ-ਲਿਖਤ ਬੀੜ ਜਿਸ ਦਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਪ੍ਰਕਾਸ਼ ਹੁੰਦਾ ਚਲਿਆ ਆ ਰਿਹਾ ਸੀ, ਉਸ ਵਿਚ ਇਕ ਗੋਲੀ ਲੱਗੀ, ਜੋ ਸੁਖਮਨੀ ਸਾਹਿਬ ਤਕ ਦੇ ਪੱਤਰੇ ਚੀਰ ਗਈ, ਉਹ ਗੋਲੀ ਉਸੇ ਪਾਵਨ ਬੀੜ ਵਿਚ ਹੀ ਹੈ, ਜੋ ਸੰਭਾਲ ਕੇ ਰੱਖੀ ਹੋਈ ਹੈ। ਇਹ ਪਾਵਨ ਬੀੜ ਅੱਜਕਲ੍ਹ ਤੋਸ਼ੇਖਾਨੇ ਵਿਚ ਸੰਭਾਲੀ ਹੋਈ ਹੈ।

ਦੋ ਗੋਲੀਆਂ ਇਕ ਅੰਦਰ ਬੈਠੇ ਸ਼ਰਧਾਲੂ ਭਾਈ ਅਵਤਾਰ ਸਿੰਘ ਅਖੰਡ ਕੀਰਤਨੀਏ ਦੇ ਲੱਗੀਆਂ। ਅਸੀਂ ਪੱਗਾਂ ਦੇ ਕੱਪੜੇ ਨਾਲ ਖੂਨ ਰੋਕਣ ਲਈ ਪੱਟੀਆਂ ਬੰਨ੍ਹੀਆਂ ਸਨ ਪਰ ਖੂਨ ਰੁਕ ਨਹੀਂ ਸੀ ਰਿਹਾ ਜਿਸ ਕਰਕੇ ਉਹ ਸ਼ਾਮ 7 ਵਜੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਅਕਾਲ ਚਲਾਣਾ ਕਰ ਗਏ। ਜੇਕਰ ਉਸ ਸਮੇਂ ਡਾਕਟਰੀ ਸਹਾਇਤਾ ਮਿਲ ਜਾਂਦੀ ਤਾਂ ਬਚ ਸਕਦੇ ਸਨ।

ਅਸੀਂ ਦੋ ਦਿਨ ਦੇ ਭੁੱਖੇ-ਪਿਆਸੇ ਬੈਠੇ ਸਾਂ। ਵਰ੍ਹਦੀਆਂ ਗੋਲੀਆਂ ਵਿਚ ਸਰੋਵਰ ਵਿੱਚੋਂ ਜਲ ਲਿਆਉਣਾ ਵੀ ਜਾਨ ਜੋਖਮ ਦਾ ਕੰਮ ਸੀ। ਫੱਟੜ ਹੋਏ ਭਾਈ ਅਵਤਾਰ ਸਿੰਘ ਦੀ ਪਿਆਸ ਬੁਝਾਉਣ ਲਈ ਲੇਟ-ਲੇਟ ਕੇ ਕੁਝ ਪਾਣੀ ਲਿਆਂਦਾ, ਜਿਸ ਵਿੱਚੋਂ ਸਭ ਘੁੱਟ-ਘੁੱਟ ਪੀ ਕੇ ਬੁੱਲ੍ਹ ਹੀ ਤਰ ਕਰ ਸਕੇ। ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ ਜੀ ਅਤੇ ਦੋ ਹੋਰ ਸਿੰਘ, ਬਲਵੰਤ ਸਿੰਘ ਅਤੇ ਅਵਤਾਰ ਸਿੰਘ ਲਾਚੀ ਬੇਰੀ ਦੇ ਪਾਸ ਗੋਲੀਆਂ ਨਾਲ ਸ਼ਹੀਦ ਹੋ ਗਏ ਸੀ। ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ ਸੂਰਮਾ ਸਿੰਘ ਸੀ, ਉਹ ਇਹ ਵੇਖ ਹੀ ਨਹੀਂ ਸਕਿਆ ਕਿ ਬਾਹਰ ਤਾਂ ਲਾਸ਼ਾਂ ਦੇ ਢੇਰ ਹਨ, ਮੈਂ ਕਿਵੇਂ ਬਚ ਸਕਾਂਗਾ?

ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਦੇਹ (ਇਮਾਰਤ) ’ਤੇ 350 ਤੋਂ ਵੀ ਵਧੇਰੇ ਗੋਲੀਆਂ ਦੇ ਨਿਸ਼ਾਨ ਸਭ ਨੇ ਗਿਣੇ ਸਨ। ਚਾਰ-ਚੁਫੇਰੇ ਪਰਕਰਮਾ ਦੇ ਬਰਾਂਡਿਆਂ ਤੇ ਥੰਮ੍ਹਾਂ ਅਤੇ ਹੋਰ ਕਮਰਿਆਂ ਦੀਆਂ ਦੀਵਾਰਾਂ ਗੋਲੀਆਂ ਦੇ ਨਿਸ਼ਾਨਾਂ ਨਾਲ ਮਾਤਾ ਦੇ ਦਾਗਾਂ ਵਾਂਗ ਭਰ ਗਈਆਂ ਸਨ, ਜੋ ਮਗਰੋਂ ਫੌਜੀਆਂ ਨੇ ਸਭ ਨਿਸ਼ਾਨ ਮੁਰੰਮਤ ਕਰ ਕੇ ਮਿਟਾ ਦਿੱਤੇ ਸਨ।

ਜਦ ਫਾਇਰਿੰਗ ਹੋ ਰਹੀ ਸੀ, ਗੋਲੀਆਂ ਸ੍ਰੀ ਹਰਿਮੰਦਰ ਸਾਹਿਬ ਦੇ ਤਖ਼ਤੇ ਭੰਨ੍ਹ ਕੇ ਅੰਦਰ ਜਾ ਰਹੀਆਂ ਸਨ। ਉੱਪਰਲੀ ਮੰਜ਼ਲ ਵਿਚ ਇਕ ਪਾਠੀ ਸਿੰਘ ਦੇ ਪਾਠ ਕਰਦਿਆਂ ਹੱਥ ’ਤੇ ਗੋਲੀ ਲੱਗੀ ਤੇ ਲਹੂ ਤਤੀਰੀਆਂ ਬਣ ਕੇ ਵਗ ਰਿਹਾ ਸੀ। ਉਸ ਦਾ ਲਹੂ ਲਿਬੜਿਆ ਹੱਥ ਪਾਵਨ ਬੀੜ ਦੇ ਪੱਤਰੇ ’ਤੇ ਜਾ ਲੱਗਿਆ ਜੋ ਹੁਣ ਤੀਕ ਕਾਇਮ ਹੈ। ਉਸ ਦਿਨ ਸ੍ਰੀ ਹਰਿਮੰਦਰ ਸਾਹਿਬ ’ਚ 15 ਮੁਲਾਜ਼ਮ ਤੇ 7 ਸ਼ਰਧਾਲੂ ਸਨ। ਉਥੇ 6 ਜੂਨ ਨੂੰ ਸ਼ਾਮ 4 ਵਜੇ ਤਕ ਸਭ ਥਾਵਾਂ ’ਤੇ ਫੌਜ ਦਾ ਕਬਜ਼ਾ ਹੋ ਚੁੱਕਾ ਸੀ ਤੇ ਫਾਇਰਿੰਗ ਬੰਦ ਹੋ ਗਈ ਸੀ।

ਜਨਰਲ ਬਰਾੜ ਨੇ ਮੈਗਾ ਫੋਨ ’ਤੇ ਅਨਾਊਂਸ ਕਰ ਦਿੱਤਾ ਕਿ ਹਰਿਮੰਦਰ ਸਾਹਿਬ ਵਿਚ ਜਿਤਨੇ ਵੀ ਸਿੱਖ ਹਨ, ਸਭ ਹੱਥ ਖੜ੍ਹੇ ਕਰ ਕੇ ਬਾਹਰ ਆ ਜਾਓ। ਜਦ ਸਭ ਬਾਹਰ ਆ ਗਏ, ਸਭਨਾਂ ਦੀਆਂ ਦਸਤਾਰਾਂ ਨਾਲ ਹੱਥ ਬੰਨ੍ਹ ਕੇ ਪਰਕਰਮਾ ਵਿਚ ਬਿਠਾ ਦਿੱਤੇ। ਦਾਸ ਨੂੰ ਅਤੇ ਭਾਈ ਪੂਰਨ ਸਿੰਘ ਜੀ ਨੂੰ ਕੁਝ ਖੁੱਲ੍ਹ ਦੇ ਦਿੱਤੀ ਤੇ ਪਾਣੀ ਪਿਲਾ ਦਿੱਤਾ। ਹੋਰ ਸਭ ਸਿੰਘ 24 ਘੰਟੇ ਉਥੇ ਹੀ ਬਿਠਾ ਛੱਡੇ। ਜਨਰਲ ਬਰਾੜ ਨੇ ਸਾਨੂੰ ਪੁੱਛਿਆ ਕਿ ਅੰਦਰ ਸ੍ਰੀ ਹਰਿਮੰਦਰ ਸਾਹਿਬ ’ਚ ਕੋਈ ਅੱਤਵਾਦੀ ਹੈ ਅਤੇ ਅੰਦਰ ਕਿਸ ਤਰ੍ਹਾਂ ਦੇ ਹਥਿਆਰ ਹਨ? ਅਸੀਂ ਕਿਹਾ, “ਅੰਦਰ ਕਦੀ ਵੀ ਕੋਈ ਵੀ ਅੱਤਵਾਦੀ ਨਹੀਂ ਆਇਆ ਤੇ ਨਾ ਹੀ ਕੋਈ ਹਥਿਆਰ ਹੈ।” ਉਨ੍ਹਾਂ ਪੰਜ ਫੌਜੀ ਸਾਡੇ ਨਾਲ ਅੰਦਰ ਭੇਜ ਕੇ ਤਲਾਸ਼ੀ ਲਈ, ਅੰਦਰ ਨਾ ਕੋਈ ਅੱਤਵਾਦੀ ਤੇ ਨਾ ਕੋਈ ਹਥਿਆਰ ਮਿਲਿਆ। ਜਦ ਅਸੀਂ ਅੰਦਰ ਗਏ ਤਾਂ ਭਾਈ ਅਵਤਾਰ ਸਿੰਘ ਅਕਾਲ ਚਲਾਣਾ ਕਰ ਚੁੱਕੇ ਸਨ।

7 ਜੂਨ ਨੂੰ ਅੰਮ੍ਰਿਤ ਵੇਲੇ ਪ੍ਰਕਾਸ਼ ਕਰਨ ਅਤੇ ਕੀਰਤਨ ਕਰਨ ਜਾਂ ਕੋਈ ਹੋਰ ਮਰਯਾਦਾ ਨਹੀਂ ਹੋਈ। ਇਹ ਮਰਯਾਦਾ ਦਾ ਭੰਗ ਹੋਣਾ ਮੁਗ਼ਲ ਰਾਜ ਦੇ 200 ਸਾਲਾਂ ਮਗਰੋਂ ਹੋਇਆ ਸੀ। ਇਸ ਦਿਨ ਆਸਾ ਜੀ ਦੀ ਵਾਰ ਦਾ ਕੀਰਤਨ ਨਹੀਂ ਹੋਇਆ। ਕੇਵਲ 9:00 ਵਜੇ ਹੋਰ ਬੀੜ ਲਿਆ ਕੇ ਪ੍ਰਕਾਸ਼ ਕਰ ਦਿੱਤਾ ਸੀ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰ ਲਿਆ ਸੀ।

8 ਜੂਨ ਨੂੰ ਮਰਯਾਦਾ ਸ਼ੁਰੂ ਹੋ ਗਈ ਸੀ ਤੇ ਜਲੰਧਰ ਵਾਲਿਆਂ ਨੇ ਬ੍ਰਾਡਕਾਸਟ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਦਿਨ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਜੀ ਆ ਗਏ ਸਨ। ਦਰਬਾਰ ਸਾਹਿਬ ਦੋ ਮਹੀਨੇ ਕੋਈ ਸ਼ਰਧਾਲੂ ਦਾਖ਼ਲ ਨਹੀਂ ਹੋਣ ਦਿੱਤਾ। ਫੌਜੀ ਹੁਕਮ ਨਾਲ ਕਿਸੇ ਵੀ ਸ਼ਰਧਾਲੂ ਨੂੰ ਅੰਦਰ ਜਾ ਕੇ ਮੱਥਾ ਟੇਕਣ ਦੀ ਆਗਿਆ ਨਹੀਂ ਸੀ।

ਪਰਕਰਮਾ ਵਿਚ ਟੈਂਕਾਂ ਦੇ ਦਾਖਲ ਹੋਣ ਨਾਲ, ਪਰਕਰਮਾ ਦੇ ਫਰਸ਼ਾਂ ਵਿਚ ਸੰਗਮਰਮਰ ਦੇ ਲੱਗੇ ਸਲੈਬ ਚੂਰ-ਚੂਰ ਹੋ ਗਏ ਸਨ। ਮਗਰੋਂ ਫੌਜੀਆਂ ਵੱਲੋਂ ਕੀਤੀ ਮੁਰੰਮਤ ਨਾਲ ਵੀ ਪਰਕਰਮਾ ਵਿਚ ਪਹਿਲੇ ਵਰਗੀ ਸੁੰਦਰਤਾ ਨਹੀਂ ਆ ਸਕੀ।

ਜਦ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਗੋਲਾਬਾਰੀ ਹੋ ਰਹੀ ਸੀ, ਉਸ ਸਮੇਂ ਕੁਝ ਗੋਲੇ ਦਰਸ਼ਨੀ ਡਿਓੜੀ ਉੱਪਰ ਵੀ ਲੱਗੇ ਜਿਨ੍ਹਾਂ ਨਾਲ ਦਰਸ਼ਨੀ ਡਿਓੜੀ ਦੇ ਉੱਪਰ ਇਸ ਪਾਸੇ ਬਣਿਆ ਗੁੰਬਦ ਅਤੇ ਤੋਸ਼ੇਖਾਨੇ ਦੇ ਕਮਰੇ ਉੱਤੇ ਵੀ ਗੋਲੇ ਵਰ੍ਹੇ ਜਿਸ ਕਾਰਨ ਗੁਰਦੁਆਰਾ ਲਾਚੀ ਬੇਰ ਸਮੇਤ ਬ੍ਰਿਛ ਤਬਾਹ ਹੋ ਗਏ। ਤੋਸ਼ੇਖਾਨਾ ਦੇ ਕਮਰੇ ਵਿਚ ਦੀਵਾਰ ਭੰਨ੍ਹ ਕੇ ਗੋਲਾ ਅੰਦਰ ਜਾ ਡਿੱਗਿਆ ਤੇ ਅੰਦਰ ਅੱਗ ਲੱਗ ਗਈ ਤੇ ਲੱਖਾਂ ਦੀ ਕੀਮਤੀ ਚਾਂਦਨੀ ਜਲ ਕੇ ਰਾਖ਼ ਹੋ ਗਈ। ਪਰ ਤੋਸ਼ੇਖਾਨੇ ਦੀਆਂ ਅਰਬਾਂ ਦੀ ਕੀਮਤ ਦੀਆਂ ਵਸਤੂਆਂ ਮਜ਼ਬੂਤ ਕਿਵਾੜ ਲੱਗੇ ਹੋਣ ਕਰਕੇ ਬਚ ਗਈਆਂ। ਪਰ ਸਭ ਧੁਆਂਖੀਆਂ ਗਈਆਂ ਜੋ ਬਾਅਦ ਵਿਚ ਸਾਫ ਸਫਾਈ ਤੇ ਪਾਲਸ਼ ਕਰਵਾ ਲਈਆਂ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸਾਬਕਾ ਗ੍ਰੰਥੀ, -ਵਿਖੇ: ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)