ਮਾਏ! ਤੂੰ ਵੀ ਕਦੀ ਏਦਾਂ ਹੀ, ਜੰਮੀ ਤੇ ਖੇਡੀਆਂ ਖੇਡਾਂ ਸੀ।
ਨਿੱਕੀ ਹੁੰਦੀ ਕੀਤੀਆਂ ਝੇਡਾਂ ਸੀ, ਵਿਚ ਬਚਪਨ ਲੱਗੀਆਂ ਠੇਡਾਂ ਸੀ।
ਹੁਣ ਕਿਉਂ ਲੱਗੀ ਬਣਨ ਗਦਾਰ? ਹਾਏ ਮਾਂ! ਐਵੇਂ ਨਾ ਮੈਨੂੰ ਮਾਰ!
ਮੈਂ ਕਦੇ ਨਾ ਤੈਨੂੰ ਸਤਾਵਾਂਗੀ, ਪਿਆਰ ਗਲਵਕੜੀ ਪਾਵਾਂਗੀ।
ਰੁੱਸੀ ਹੋਈ ਨੂੰ ਤੈਨੂੰ ਮਨਾਵਾਂਗੀ, ਤੈਨੂੰ ਸੱਚੀ ਸਖੀ ਬਣਾਵਾਂਗੀ।
ਬਸ ਪਾਈਂ ਨਾ ਫਿਟਕਾਰ, ਹਾਏ ਮਾਂ! ਐਵੇਂ ਨਾ ਮੈਨੂੰ ਮਾਰ!
ਤੇਰੀ ਸਾਊ ਧੀ ਅਖਵਾਉਂਗੀ, ਮੈਂ ਤੇਰਾ ਸਾਥ ਨਿਭਾਉਂਗੀ।
ਤੇਰੀ ਕੁੱਖ ਨੂੰ ਦਾਗ਼ ਨਾ ਲਾਊਂਗੀ, ਤੇਰਾ ਨਾਂ ਜੱਗ ਵਿਚ ਰੁਸ਼ਨਾਊਂਗੀ।
ਆਖਾਂ ਮੈਂ ਵਾਰ ਵਾਰ, ਹਾਏ ਮਾਂ! ਐਵੇਂ ਨਾ ਮੈਨੂੰ ਮਾਰ!
ਬੇਸ਼ੱਕ ਨੰਨ੍ਹੀ ਛਾਂ ਘਣੀ ਬਣੂੰਗੀ, ਔਕੜ ਵੇਲੇ ਤੇਰੇ ਨਾਲ ਠਣੂੰਗੀ।
ਧਰਮ ਦੇ ਚੰਗੇ ਕੰਮ ਕਰੂੰਗੀ, ਨੇਕੀ ਕਰਨੋਂ ਨਹੀਂ ਡਰੂੰਗੀ।
ਨੰਨ੍ਹੀਂ ਛਾਂ ਘਰ ਦਾ ਸ਼ਿੰਗਾਰ, ਹਾਏ ਮਾਂ! ਐਵੇਂ ਨਾ ਮੈਨੂੰ ਮਾਰ!
ਪਹਿਲੇ ਘੁੱਟਦੇ ਸੀ ਨੰਨ੍ਹੀ ਦਾ ਗਲ, ਦੂਜੇ ਮੂੰਹ ਪਾਉਂਦੇ ਅਫੀਮ ਦਾ ਡਲ੍ਹ।
ਤੀਜੇ ਅੱਕ ਦੀ ਰੂੰ ਵੱਟੀ ਅੰਦਰ ਘੱਲ, ਇੰਨੇ ਦੁੱਖ ਮੈਂ ਲੈਂਦੀ ਝੱਲ।
ਨੰਨ੍ਹੀ ਮਾਰ ਕੇ ਬਣਨ ਗੱਦਾਰ, ਹਾਏ ਮਾਂ! ਐਵੇਂ ਨਾ ਮੈਨੂੰ ਮਾਰ!
ਮਾਏ ਐਸਾ ਕਰਮ ਨਾ ਕਰ, ਕਿ ਜਾਵੇਂ ਦਰਗਾਹੋਂ ਹਰ।
ਮਨ ਵਿਚ ਚੰਗੀ ਸੋਚ ਧਰ, ਛੱਡ ਔਗੁਣ ਚੰਗੇ ਗੁਣ ਭਰ।
ਕਰਮ ਚੰਗਿਆਂ ਨਾ ਆਵੇ ਹਾਰ, ਹਾਏ ਮਾਂ! ਐਵੇਂ ਨਾ ਮੈਨੂੰ ਮਾਰ!
ਧੀ ਕਰਦੀ ਇਕ ਇਕਰਾਰ, ਮਾਂ! ਧੀ ਉੱਪਰ ਕਰ ਇਤਬਾਰ।
ਜਨਮ ਲੈਣ ਦੇ ਵਿਚ ਸੰਸਾਰ, ਕਦੇ ਨਾ ਖਾਵੇਂਗੀ ਫਿਰ ਮਾਰ।
ਧੀ ਇਕਰਾਰ ਮਾਂ ਇਤਬਾਰ ਸੱਚੀ ਸਾਰ, ਹਾਏ ਮਾਂ! ਐਵੇਂ ਨਾ ਮੈਨੂੰ ਮਾਰ!
ਜੇ ਟੁੱਟੇ ਨਾ ਤੇ ਕੱਚ ਨਹੀਂ, ਜੇ ਨੂੰਹ ਨਹੀਂ ਤਾਂ ਸੱਸ ਨਹੀਂ।
ਜੇ ਨੇਕੀ ਨਹੀਂ ਤਾਂ ਜੱਸ ਨਹੀਂ, ਜੇ ਪਿੰਡ ਨਹੀਂ ਤਾਂ ਸੱਥ ਨਹੀਂ।
ਕੱਚੇ ਕੱਚ ਦਾ ਨਾ ਇਤਬਾਰ, ਹਾਏ ਮਾਂ! ਐਵੇਂ ਨਾ ਮੈਨੂੰ ਮਾਰ!
ਨਾ ਨਾਨੀ ਰਹਿਣੀ ਨਾ ਮਾਸੀ, ਨਾ ਤਾਈ ਰਹਿਣੀ ਨਾ ਚਾਚੀ।
ਮਾਮੀ ਭੂਆ ਸੰਸਾਰ ਗੁਆਚੀ, ਰਹਿ ਜੂ ਦਾਦੀ ਦੀ ਇਕ ਸਾਖੀ।
ਭੈਣ ਭਤੀਜੀ ਨਾਮ ਖੁਆਰ, ਹਾਏ ਮਾਂ! ਐਵੇਂ ਨਾ ਮੈਨੂੰ ਮਾਰ!
ਜਿਹੜੇ ਭਰੂਣ ਹੱਤਿਆ ਨਹੀਂ ਕਰਦੇ, ਸੁੱਚੇ ਮੂੰਹ ਦਰਗਾਹ ਉਹ ਖੜ੍ਹਦੇ।
ਜਿਹੜੇ ਕੰਨਿਆ ਖਾਤਰ ਲੜਦੇ, ਦੋਹੀਂ ਜਹਾਨੀਂ ਨਾ ਉਹ ਹਰਦੇ।
ਭਰੂਣ ਹੱਤਿਆ ਮਨੋਂ ਬਿਮਾਰ, ਹਾਏ ਮਾਂ! ਐਵੇਂ ਨਾ ਮੈਨੂੰ ਮਾਰ!
ਹੋਵੋ ਸਿੱਖੀ ਤੋਂ ਖ਼ਬਰਦਾਰ, ਤਾਂ ਹੀ ਅਖਵਾਓਗੇ ਸਿੰਘ ਸਰਦਾਰ।
ਭਰੂਣ ਹੱਤਿਆ ਹੈ ਦੁਰਕਾਰ, ਇਹ ਦਸ ਗੁਰੂਆਂ ਦੀ ਵੰਗਾਰ।
ਖ਼ਬਰਦਾਰ! ਖ਼ਬਰਦਾਰ! ਖ਼ਬਰਦਾਰ! ਹਾਏ ਮਾਂ! ਐਵੇਂ ਨਾ ਮੈਨੂੰ ਮਾਰ!
ਜਿਸ ਘਰ ਕੋਈ ਭੈਣ ਨਾ ਹੋਵੇ, ਭਰਾ ਇਕੱਲਾ ਬੇਰੌਣਕੀ ਢੋਵੇ।
ਭਰਾਵਾਂ ਦੀ ਜੇ ਭੈਣ ਹੋਵੇ, ਵਿਹੜਾ ਬਾਬਲ ਭਰਿਆ ਸੋਹਵੇ।
ਭੈਣ ਵੀ ਹੋਵੇ ਕਰੋ ਪੁਕਾਰ, ਹਾਏ ਮਾਂ! ਐਵੇਂ ਨਾ ਮੈਨੂੰ ਮਾਰ!
300 ਸਾਲਾ ਫਤਹਿ ਦਿਵਸ ਮਨਾਈਏ, ਭਰੂਣ ਹੱਤਿਆ ਨੂੰ ਜੜ੍ਹੋਂ ਮੁਕਾਈਏ!
ਧੀਆਂ ਚੁੰਮ ਨਾਲ ਗਲ ਲਾਈਏ, ਨਿੱਘਰੀ ਸੋਚ ਮਨੋਂ ਭੁਲਾਈਏ।
ਭਰੂਣ ਹੱਤਿਆ ਤੋਂ ਕਰੋ ਇਨਕਾਰ, ਹਾਏ ਮਾਂ! ਐਵੇਂ ਨਾ ਮੈਨੂੰ ਮਾਰ!
ਕਿਰਦਾਰ ਇਨਸਾਨੀ ਬੋ ਹੋ ਗਿਆ, ਧੀ ਮਾਰਿਆਂ ਭਾਗ ਖੋ ਗਿਆ।
‘ਬਲਬੀਰ ਸਿੰਘਾ’ ਤੈਨੂੰ ਕੀ ਹੋ ਗਿਆ, ਕਿਉਂ ਤੂੰ ਗੂੜ੍ਹੀ ਨੀਂਦ ਸੌਂ ਗਿਆ?
ਨਾ ਵੇਚ ਇਨਸਾਨੀ ਕਿਰਦਾਰ, ਹਾਏ ਮਾਂ! ਐਵੇਂ ਨਾ ਮੈਨੂੰ ਮਾਰ।
ਲੇਖਕ ਬਾਰੇ
- ਬਲਬੀਰ ਸਿੰਘhttps://sikharchives.org/kosh/author/%e0%a8%ac%e0%a8%b2%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98/April 1, 2010