ਪੰਜਾਬ ਦਾ ਸਭਿਆਚਾਰ ਪਿਛਲੇ ਪੰਜ ਸੌ ਸਾਲ ਤੋਂ ਸਿੱਖ ਗੁਰੂ ਸਾਹਿਬਾਨ ਦੀ ਸੋਚ ਤੇ ਸਿਖਿਆਵਾਂ ਤੋਂ ਪ੍ਰਭਾਵਿਤ ਅਤੇ ਆਧਾਰਿਤ ਹੈ। ਸਿੱਖ ਗੁਰੂ ਸਾਹਿਬਾਨ ਨੇ ਧਰਮ ਦੇ ਜੋ ਅਸੂਲ ਸਥਾਪਤ ਕੀਤੇ ਸਨ, ਉਹ ਅੱਜ ਵੀ ਸਾਰੇ ਧਰਮਾਂ ਦੇ ਲੋਕ ਥੋੜ੍ਹੇ- ਬਹੁਤੇ ਫ਼ਰਕ ਨਾਲ ਮੰਨਦੇ ਹਨ, ਜਿਵੇਂ ਲੰਗਰ ਪ੍ਰਥਾ ਸਾਰੇ ਵਰਗਾਂ ਵਿਚ ਪ੍ਰਚਲਿਤ ਹੋ ਰਹੀ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਠੀਕ ਹੀ ਲਿਖਿਆ ਹੈ-ਪੰਜਾਬ ਨਾ ਹਿੰਦੂ, ਨਾ ਮੁਸਲਮਾਨ, ਪੰਜਾਬ ਜੀਂਦਾ ਗੁਰਾਂ ਦੇ ਨਾਂ ’ਤੇ। ਸਮਾਜ ਦੀ ਮਾਨਸਿਕ ਦਸ਼ਾ ਦੀ ਅੰਦਰਲੀ ਤਸਵੀਰ ਉਸ ਦੇ ਲੋਕ-ਗੀਤਾਂ ਵਿੱਚੋਂ ਪ੍ਰਗਟ ਹੁੰਦੀ ਹੈ। ਗੁਰੂ-ਕਾਲ ਵਿਚ ਬੀਰ ਰਸ ਦੀਆਂ ਕਵਿਤਾਵਾਂ ਤੇ ਵਾਰਾਂ ਗਾਉਣ ਦੀ ਪਰੰਪਰਾ ਅਰੰਭ ਹੋਈ। ਗੁਰੂ ਸਾਹਿਬਾਨ ਨੇ ਅਕਾਲ ਪੁਰਖ ਨੂੰ ਵੀ ਇਕ ਬਹਾਦਰ ਯੋਧੇ ਦੇ ਰੂਪ ਵਿਚ ਪੇਸ਼ ਕੀਤਾ ਤੇ ਉਸ ਦੀਆਂ ਵਡਿਆਈਆਂ ਦਾ ਗਾਇਨ ਵਾਰਾਂ ਰਾਹੀਂ ਕੀਤਾ। ਅੱਜ ਵੀ ‘ਆਸਾ ਕੀ ਵਾਰ’ ਅੰਮ੍ਰਿਤ ਵੇਲੇ ਗਾਉਣ ਦੀ ਮਰਯਾਦਾ ਗੁਰਦੁਆਰਾ ਸਾਹਿਬਾਨ ਵਿਚ ਪ੍ਰਚਲਿਤ ਹੈ। ਗੁਰੂ ਸਾਹਿਬਾਨ ਨੇ ਆਪਣੇ ਉਪਦੇਸ਼ਾਂ ਰਾਹੀਂ ਜੀਵਨ ਦੇ ਹਰ ਪਹਿਲੂ ਵਿੱਚੋਂ ਊਣਤਾਈਆਂ ਤੇ ਕਮਜ਼ੋਰੀਆਂ ਦੂਰ ਕਰ ਕੇ ਵਿਅਕਤੀ ਨੂੰ ਪੂਰਨ ਮਨੁੱਖ ਬਣਾਉਣ ਦਾ ਉੱਦਮ ਕੀਤਾ ਸੀ ਜਿਸ ਨਾਲ ਪੰਜਾਬ ਵਿਚ ਦੇਸ਼ ਤੇ ਕੌਮ ਦੀ ਰਾਖੀ ਲਈ ਸਿਰ ਤਲੀ ’ਤੇ ਰੱਖਣ ਵਾਲੇ ਯੋਧੇ ਪੈਦਾ ਹੋਏ।
ਸਮਾਜ ਵਿਚ ਸੋਮ ਰਸ, ਮਦਿਰਾ ਜਾਂ ਸ਼ਰਾਬ ਪੀਣ ਜਾਂ ਭੰਗ ਆਦਿ ਦਾ ਨਸ਼ਾ ਕਰਨ ਦਾ ਰਿਵਾਜ ਕਾਫ਼ੀ ਪੁਰਾਣਾ ਹੈ। ਯੱਗ ਵਿਚ ਸੋਮ ਰਸ ਦੀ ਵਰਤੋਂ ਅਤੇ ਬਿਰਤੀ ਜੋੜਨ ਲਈ ਭੰਗ, ਅਫ਼ੀਮ ਤੇ ਸੁਰਾਪਾਨ ਆਮ ਵਰਤੇ ਜਾਂਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਨਸ਼ਿਆਂ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ। ਜੋਗੀ ਜੋ ਸਮਾਧੀ ਲਾਉਣ ਲਈ ਸ਼ਰਾਬ ਦਾ ਸਹਾਰਾ ਲੈਂਦੇ ਸਨ, ਨੂੰ ਵੀ ਗੁਰੂ ਜੀ ਨੇ ਇਸ ਨਸ਼ੇ ਵੱਲੋਂ ਵਰਜਿਆ ਤੇ ਹੁਕਮ ਦਰਜ ਕੀਤੇ:
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ॥ (ਪੰਨਾ 553)
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ (ਪੰਨਾ 554)
ਕਹਿ ਕਬੀਰ ਸਗਲੇ ਮਦ ਛੂਛੇ ਇਹੈ ਮਹਾ ਰਸੁ ਸਾਚੋ ਰੇ॥ (ਪੰਨਾ 969)
ਅਤੇ ਪੰਚਮ ਪਾਤਸ਼ਾਹ ਨੇ:
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ॥
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ॥ (ਪੰਨਾ 399)
ਦੇ ਫ਼ਰਮਾਨ ਰਾਹੀਂ ਲੋਕਾਂ ਨੂੰ ਸ਼ਰਾਬ ਦੇ ਅਮਲ ਨੂੰ ਛੱਡ ਕੇ ਨਾਮ ਦੇ ਅਮਲ ਵੱਲ ਪ੍ਰੇਰਿਤ ਕੀਤਾ।
ਸੱਚਾ ਅਮਲ ਗੁਰੂ ਸਾਹਿਬ ਨੇ ਬਣਾਉਣ ਦਾ ਤਰੀਕਾ:
ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ॥
ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ॥ (ਪੰਨਾ 553)
ਦੇ ਫ਼ਰਮਾਨ ਰਾਹੀਂ ਬਿਆਨ ਕੀਤਾ ਹੈ। ਸਰੀਰ ਰੂਪੀ ਮੱਟੀ ਵਿਚ ਆਪੇ ਦੀ ਪਛਾਣ ਅੰਮ੍ਰਿਤ ਨਾਮ ਰੂਪੀ ਸ਼ਬਦ ਦੀ ਕਮਾਈ ਅਤੇ ਸਤਿਸੰਗ ਦੇ ਮਿਲਾਪ ਜਿੱਥੇ ਅੰਮ੍ਰਿਤ ਰੂਪੀ ਨਾਮ ਵੰਡਿਆ ਜਾਂਦਾ ਹੋਵੇ, ਵਿਚ ਸ਼ਾਮਲ ਹੋ ਕੇ ਸਾਰੇ ਦੋਸ਼ ਤੇ ਵਿਕਾਰ ਦੂਰ ਕਰ ਲਏ ਜਾਂਦੇ ਹਨ। ਗੁਰੂ ਸਾਹਿਬਾਨ ਦੇ ਹੁਕਮ ਅਨੁਸਾਰ ਨਸ਼ਾ ਕਰਨਾ ਵੱਡੀ ਕੁਰਹਿਤ ਹੈ। ਇਨ੍ਹਾਂ ਨਸ਼ਿਆਂ ਤੋਂ ਦੂਰ ਰਹਿਣ ਲਈ ਸਿੱਖ ਰਹਿਤਨਾਮਿਆਂ ਵਿਚ ਅਨੇਕ ਹੁਕਮ ਦਰਜ ਹਨ:
ਕੁੱਠਾ, ਹੁੱਕਾ, ਚਰਸ, ਤਮਾਕੂ।
ਗਾਂਜਾ, ਟੋਪੀ, ਤਾੜੀ, ਖਾਕੂ।
ਇਨਕੀ ਓਰ ਨ ਕਬਹੂੰ ਦੇਖੈ।
ਰਹਿਤਵੰਤ ਸੋ ਸਿੰਘ ਵਿਸੇਖੈ।
ਅਤੇ ਚੌਪਈ-
ਪਰ ਨਾਰੀ ਜੂਆ, ਅਸੱਤ, ਚੋਰੀ ਮਦਿਰਾ ਜਾਨ।
ਪਾਂਚ ਐਬ ਯੇ ਜਗਤ ਮੇਂ ਤਜੇ ਸੁ ਸਿੰਘ ਸੁਜਾਨ। (ਰਹਿਤਨਾਮਾ ਭਾਈ ਦੇਸਾ ਸਿੰਘ)
ਗੁਰੂ ਕਾ ਸਿੱਖ ਸ਼ਰਾਬ ਕਬੀ ਨਾ ਪੀਵੇ। (ਰਹਿਤਨਾਮਾ ਭਾਈ ਚੌਪਾ ਸਿੰਘ)
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥ (ਪੰਨਾ 554)
ਅਤੇ-
ਸਿੱਖ ਭੰਗ, ਅਫੀਮ, ਸ਼ਰਾਬ, ਤਮਾਕੂ ਅਤੇ ਨਸ਼ੇ ਨਾ ਵਰਤੇ। ਅਮਲ ਪ੍ਰਸ਼ਾਦੇ ਦਾ ਹੀ ਰੱਖੇ। (ਸਿੱਖ ਰਹਿਤ ਮਰਯਾਦਾ ਦਾ ਸਾਰ-ਅੰਸ਼)
ਗੁਰੂ ਸਾਹਿਬ ਨੇ ਅੱਜ ਦੇ ਡਾਕਟਰੀ ਤਜਰਬਿਆਂ ਤੋਂ 500 ਸਾਲ ਪਹਿਲਾਂ ਹੀ ਤਮਾਕੂ ਦੇ ਨਸ਼ੇ ਦੇ ਇਨਸਾਨੀ ਸਰੀਰ ’ਤੇ ਮਾੜੇ ਪ੍ਰਭਾਵ ਨੂੰ ਸਮਝ ਕੇ ਸਿੱਖ ਸੰਗਤ ਨੂੰ ਇਸ ਨਸ਼ੇ ਕਰਨ ਵਾਲੇ ਵਿਅਕਤੀ ਨਾਲ ਸਮਾਜਿਕ ਸਾਂਝ ਰੱਖਣ ਤੋਂ ਮਨਾਹੀ ਕੀਤੀ ਸੀ। ਇਹ ਵੀ ਗਵਾਹੀ ਮਿਲਦੀ ਹੈ ਕਿ ਗੁਰੂ ਸਾਹਿਬ ਦੇ ਘੋੜੇ ਵੀ ਤਮਾਕੂ ਦੇ ਖੇਤ ਵਿੱਚੋਂ ਨਹੀਂ ਲੰਘੇ ਸਨ।
ਅੱਜ ਵੀ ਸਮਾਜ ਵਿਚ ਹਰ ਵਰਗ ਨਸ਼ਿਆਂ ਵੱਲ ਪ੍ਰੇਰਿਤ ਹੋ ਰਿਹਾ ਹੈ। ਜਦੋ-ਜਹਿਦ ਵਾਲੀ ਜ਼ਿੰਦਗੀ ਵਿਚ ਬਹੁਤੇ ਲੋਕ ਬਿਨਾਂ ਉੱਦਮ ਕੀਤਿਆਂ ਸੱਚ ਅਤੇ ਮਿਹਨਤ ਤੋਂ ਬਚਣ ਦਾ ਰਾਹ ਲੱਭਦੇ ਹਨ ਕਿਉਂਕਿ ਮਿਹਨਤ ਅਤੇ ਲਗਨ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਜੇਕਰ ਉੱਦਮ ਕਰਨ ਦਾ ਯਤਨ ਹੀ ਨਾ ਹੋਵੇ, ਜਾਂ ਮਿਹਨਤ ਦਾ ਫਲ ਪੂਰਾ ਨਾ ਮਿਲੇ ਜਾਂ ਫਿਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੋਵੇ, ਜਿਸ ਬਾਰੇ ਇਨਸਾਨ ਨੇ ਕਦੇ ਸੋਚਿਆ ਵੀ ਨਾ ਹੋਵੇ ਅਤੇ ਜੇਕਰ ਤ੍ਰਿਸ਼ਨਾਵਾਂ ਦੀ ਪੂਰਤੀ ਨਾ ਹੋਵੇ ਤਾਂ ਆਦਮੀ ਨਿਰਾਸ਼ ਹੋ ਜਾਂਦਾ ਹੈ, ਫਿਰ ਉਹ ਸੱਚ ਦਾ ਰਾਹ ਛੱਡ ਕੇ ਦੂਸਰੇ ਸਾਧਨਾਂ (ਨਸ਼ਿਆਂ) ਵੱਲ ਪ੍ਰੇਰਿਤ ਹੋ ਜਾਂਦਾ ਹੈ। ਕਈ ਵਾਰ ਆਪਣੀ ਤਾਕਤ ਤੇ ਪੈਸੇ ਦਾ ਵਿਖਾਵਾ ਕਰਨ ਲਈ ਸਮਾਜਿਕ ਸਮਾਗਮਾਂ ਵਿਚ ਖੁੱਲ੍ਹੇ ਤੌਰ ’ਤੇ ਨਸ਼ੇ ਵੰਡੇ ਤੇ ਕੀਤੇ ਜਾਂਦੇ ਹਨ।
ਇਸ ਦਾ ਇਕ ਹੋਰ ਕਾਰਨ ਇਨਸਾਨ ਵਿਚ ਦੁਬਿਧਾ ਦਾ ਪ੍ਰਧਾਨ ਹੋਣਾ ਹੈ। ਆਤਮਾ ਹਮੇਸ਼ਾਂ ਚੰਗੇ ਕੰਮ ਕਰਨ ਨਾਲ ਖੁਸ਼ ਹੁੰਦੀ ਹੈ ਤੇ ਸਦੀਵੀ ਸੁਖ ਦਿੰਦੀ ਹੈ ਤੇ ਸਰੀਰ ਹਮੇਸ਼ਾਂ ਇੰਦਰੀਆਂ ਦੀ ਤ੍ਰਿਪਤੀ ਲੋੜਦਾ ਹੈ। ਪਹਿਲਾਂ ਨਸ਼ੇ ਸਿਆਣੀ ਉਮਰ ਦੇ ਲੋਕ ਜਾਂ ਬੀਮਾਰ ਲੋਕ ਕਰਦੇ ਸਨ। ਨਸ਼ਾ ਵੀ ਜ਼ਿਆਦਾ ਸ਼ਰਾਬ ਦਾ ਜਾਂ ਭੰਗ ਦਾ ਹੁੰਦਾ ਸੀ। ਫਿਰ ਅਫੀਮ, ਡੋਡੇ, ਪੋਸਤ ਦਾ ਨਸ਼ਾ ਪ੍ਰਚਲਿਤ ਹੋਇਆ। ਪਰ ਅੱਜ ਦਵਾਈਆਂ ਦੀ ਦੁਰਵਰਤੋਂ, ਹੈਰੋਇਨ, ਸਮੈਕ, ਕੋਕੀਨ, ਇਥੋਂ ਤਕ ਕਿ ਮਰੀਆਂ ਹੋਈਆਂ ਛਿਪਕਲੀਆਂ, ਆਇਓਡੈਕਸ, ਬੂਟ ਪਾਲਿਸ਼, ਚੂਨੇ ਦੀ ਗੈਸ ਵੀ ਨਸ਼ਿਆਂ ਵਿਚ ਸ਼ਾਮਲ ਹੋ ਗਈ ਹੈ। ਉੱਚੇ ਸਮਾਜ ਤੇ ਪੱਛਮੀ ਸਭਿਅਤਾ ਦੀ ਬਰਾਬਰੀ ਦਾ ਵਿਖਾਵਾ ਕਰਨ ਲਈ ਮਰਦਾਂ ਵਾਂਙ ਔਰਤਾਂ ਵੀ ਨਸ਼ਿਆਂ ਵੱਲ ਪ੍ਰੇਰਿਤ ਹੁੰਦੀਆਂ ਜਾ ਰਹੀਆਂ ਹਨ। ਇਹ ਨਸ਼ੇ ਹੁਣ ਸਕੂਲਾਂ, ਕਾਲਜਾਂ, ਪਿੰਡਾਂ ਤੇ ਸ਼ਹਿਰਾਂ ਵਿਚ ਘਰ-ਘਰ ਪੁੱਜਦੇ ਜਾ ਰਹੇ ਹਨ:
ਮਦਿਰਾ ਦੋ ਹਿਤਾ-ਏਕੁ ਕੁੱਲ, ਭਾਂਗ ਦਹੇ ਤਨ ਏਕ (ਤਮਾਕੂ)
\ਜਗਤ ਜੂਠ ਸਤ ਕੁਲ ਦਹੈ, ਨਿੰਦਾ ਦਹੈ ਅਨੇਕ।
ਪਰ ਇਸ ਵਿਚ ਹੈਰੋਇਨ, ਸਮੈਕ ਜੋ ਪਰਵਾਰਾਂ ਦੇ ਪਰਿਵਾਰ ਖ਼ਤਮ ਕਰਦੀਆਂ ਜਾ ਰਹੀਆਂ ਹਨ, ਬਾਰੇ ਨਹੀਂ ਲਿਖਿਆ ਕਿਉਂਕਿ ਇਹ ਉਦੋਂ ਪ੍ਰਚਲਿਤ ਨਹੀਂ ਸਨ। ਬਹਾਦਰ ਯੋਧਿਆਂ ਦੀਆਂ ਵਾਰਾਂ ਤੇ ਲੋਕ-ਗੀਤਾਂ, ਬੋਲੀਆਂ ਦੀ ਥਾਂ ਉਨ੍ਹਾਂ ਗੀਤਾਂ ਨੇ ਲੈ ਲਈ ਹੈ, ਜਿਸ ਰਾਹੀਂ ਗਾਇਕ ਤੇ ਗੀਤਕਾਰ ਇਹ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸ਼ਾਇਦ ਸ਼ਰਾਬ ਤੇ ਹੋਰ ਨਸ਼ੇ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ।
ਬਹੁਤ ਚੰਗੇ-ਚੰਗੇ ਗਾਇਕ ਵੀ-ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ-ਵਰਗੇ ਸ਼ਰਾਬ ਦੀ ਵਡਿਆਈ ਕਰਨ ਵਾਲੇ ਗੀਤ ਗਾਉਣ ਲੱਗ ਪਏ ਹਨ। ਇਸ ਨਾਲ ਸਾਡੇ ਸੱਭਿਆਚਾਰ ਦੀ ਗ਼ਲਤ ਤਸਵੀਰ ਲੋਕਾਂ ਸਾਹਮਣੇ ਪੇਸ਼ ਹੋ ਰਹੀ ਹੈ ਜਿਸ ਨਾਲ ਪੰਜਾਬ ਦਾ ਨੌਜਵਾਨ ਵਰਗ ਕੁਰਾਹੇ ਪੈਂਦਾ ਜਾ ਰਿਹਾ ਹੈ।
ਗੁਰੂ ਸਾਹਿਬਾਨ ਦੀ ਵਰੋਸਾਈ ਧਰਤੀ ’ਤੇ ਨਾਮ ਜਪਣ, ਲੋਕਾਂ ਦੀ ਸੇਵਾ ਕਰਨ, ਇਕ-ਦੂਜੇ ਨੂੰ ਪਿਆਰ ਕਰਨ, ਸਭ ਨੂੰ ਬਰਾਬਰ ਸਮਝਣ ਤੇ ਗ਼ਰੀਬ ਤੇ ਕਮਜ਼ੋਰ ਲਈ ਢਾਲ ਬਣਨ ਦਾ ਸਭਿਆਚਾਰ ਤਾਂ ਹੈ, ਪਰ ਇਸ ਸਭਿਆਚਾਰ ਵਿਚ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਨੂੰ ਗੁਰੂ ਸਾਹਿਬਾਨ ਨੇ ਕੋਈ ਥਾਂ ਨਹੀਂ ਦਿੱਤੀ। ਖੁਸ਼ੀ ਭਰਪੂਰ ਚੜ੍ਹਦੀ ਕਲਾ ਦਾ ਜੀਵਨ ਸਿੱਖੀ ਦੀ ਪਹਿਚਾਣ ਹੈ ਅਤੇ ਪੰਜਾਬ ਦਾ ਸੱਭਿਆਚਾਰ। ਹੁਕਮ ਹੈ, ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।’ ਜਦੋਂ ਇਨਸਾਨ ਚੜ੍ਹਦੀ ਕਲਾ ਵਿਚ ਹੋਵੇ ਤਾਂ ਫਿਰ ਉਸ ਨੂੰ ਆਪਣੇ ਮਨ ਨੂੰ ਖੁਸ਼ ਕਰਨ ਲਈ ਹੋਰ ਕਿਸੇ ਠੁੰਮ੍ਹਣੇ ਦੀ ਲੋੜ ਨਹੀਂ। ਗੁਰੂ ਸਾਹਿਬਾਨ ਦਾ ਨਿਸ਼ਾਨਾ ਮਨੁੱਖ ਨੂੰ ਆਤਮਿਕ ਅਤੇ ਮਾਨਸਿਕ ਤੌਰ ’ਤੇ ਤਕੜਾ ਕਰਨਾ ਸੀ, ਜਿਸ ਨਾਲ ਉਹ ਸਰੀਰ ਰੂਪੀ ਘੋੜੀ ਦਾ ਸਵਾਰ ਬਣੇ। ਮਨ ਦੀ ਮਜ਼ਬੂਤੀ ਲਈ ਗਿਆਨ ਦੀ ਸਹੀ ਰਾਹ, ਮਿਹਨਤ ਤੇ ਅਨੁਸ਼ਾਸਨ ਦੀ ਲੋੜ ਹੈ। ਨਸ਼ੇ ਦੀ ਆਦਤ ਤੋਂ ਬਚਾਉਣ ਲਈ ਕੀਤੇ ਜਾ ਰਹੇ ਯਤਨ ਸਾਰਥਿਕ ਹੁੰਦੇ ਨਜ਼ਰ ਨਹੀਂ ਆਉਂਦੇ ਕਿਉਂਕਿ ਨਸ਼ੇ ਕਰਨ ਵਾਲਿਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਪਰ ਇਸ ਦਾ ਭਾਵ ਇਹ ਨਾ ਲਿਆ ਜਾਵੇ ਕਿ ਅਸਾਂ ਯਤਨ ਕਰਨੇ ਛੱਡ ਦੇਣੇ ਹਨ ਸਗੋਂ ਵਕਤ ਦੀ ਮੰਗ ਇਹ ਹੈ ਕਿ ਯਤਨ ਬਹੁਤ ਵਧਾਉਣੇ ਚਾਹੀਦੇ ਹਨ। ਇਸ ਦੇ ਨਾਲ ਹੀ ਇਸ ਸਵਾਲ ਉੱਪਰ ਗੌਰ ਕਰਨ ਦੀ ਲੋੜ ਹੈ ਕਿ ਲੋਕ ਨਸ਼ਿਆਂ ਵੱਲ ਕਿਉਂ ਪ੍ਰੇਰਿਤ ਹੁੰਦੇ ਹਨ? ਉਨ੍ਹਾਂ ਦੇ ਸਮਾਜਿਕ, ਮਾਨਸਿਕ, ਧਾਰਮਿਕ ਅਤੇ ਆਰਥਿਕ ਕਾਰਨਾਂ ਨੂੰ ਲੱਭ ਕੇ ਉਨ੍ਹਾਂ ਵਿਰੁੱਧ ਲਾਮਬੰਦੀ ਭਾਵੇਂ ਅਜੇ ਦੂਰ ਦੀ ਗੱਲ ਜਾਪਦੀ ਹੈ ਪਰ ਇਸ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ। ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਲੋਕਾਂ ਵਿਚ ਚੇਤਨਾ ਤੇ ਜਾਗ੍ਰਤੀ ਪੈਦਾ ਕਰਨ, ਨਸ਼ਿਆਂ ਦੀ ਵਿਕਰੀ ’ਤੇ ਰੋਕ ਲਈ ਯਤਨ ਕਰਨ, ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਇਲਾਜ, ਪਰਵਾਰ ਤੇ ਸਮਾਜ ਵੱਲੋਂ ਉਸ ਨੂੰ ਮੁੜ ਸਤਿਕਾਰ ਮਿਲਣ ਵਾਲਾ ਨਸ਼ਾਬੰਦੀ ਦਾ ਪੰਜ-ਸੂਤਰੀ ਪ੍ਰੋਗਰਾਮ ਅਪਣਾਉਣਾ ਚਾਹੀਦਾ ਹੈ। ਨਸ਼ਾਬੰਦੀ ਅਸੰਭਵ ਨਹੀਂ ਹੈ ਪਰ ਉੱਦਮ ਕਰਨ ਦੀ ਲੋੜ ਹੈ।
ਲੇਖਕ ਬਾਰੇ
ਸਾਬਕਾ ਸੀਨੀਅਰ ਪੁਲਿਸ ਕਪਤਾਨ, ਅੰਮ੍ਰਿਤਸਰ (ਦਿਹਾਤੀ)
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਾਬਕਾ ਆਈਪੀਐੱਸ ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੇ ਹਿੰਦੂ, ਸਿੱਖ ਤੇ ਮੁਸਲਿਮ ਧਰਮ ਨਾਲ ਸਬੰਧਤ ਧਾਰਮਿਕ ਸਾਹਿਤ ਸੇਵਾਵਾਂ ਦੇ ਨਾਲ ਜੀਵਨ ਦਾ ਵੱਡਾ ਸਫ਼ਰ ਤੈਅ ਕੀਤਾ ਹੈ। ਉਹ ਸਿੱਖ ਫਿਲਾਸਫ਼ੀ ਤੇ ਇਤਿਹਾਸ ਬਾਰੇ ਕਈ ਕਿਤਾਬਾਂ ਲਿਖ ਕੇ ਸਾਹਿਤ ਸੇਵਾਵਾਂ ਵਿਚ ਆਪਣਾ ਯੋਗਦਾਨ ਪਾ ਚੁੱਕੇ ਹਨ। ਲਾਲਪੁਰਾ ਨੂੰ ਸ਼੍ਰੋਮਣੀ ਸਿੱਖ ਸਾਹਿਤਕਾਰ ਪੁਰਸਕਾਰ, ਸਿੱਖ ਸਕਾਲਰ ਪੁਰਸਕਾਰ, ਪ੍ਰੈਜ਼ੀਡੈਂਟਸ ਪੁਲਿਸ ਮੈਡਲ ਆਦਿ ਮਿਲ ਚੁੱਕੇ ਹਨ। ਉਹ ਸਿੱਖ ਇਤਿਹਾਸ ਨਾਲ ਸਬੰਧਿਤ 14 ਦੇ ਕਰੀਬ ਕਿਤਾਬਾਂ ਲਿਖ ਚੁੱਕੇ ਹਨ।
- ਸ. ਇਕਬਾਲ ਸਿੰਘ ਲਾਲਪੁਰਾhttps://sikharchives.org/kosh/author/%e0%a8%b8-%e0%a8%87%e0%a8%95%e0%a8%ac%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%b2%e0%a8%be%e0%a8%b2%e0%a8%aa%e0%a9%81%e0%a8%b0%e0%a8%be/April 1, 2008
- ਸ. ਇਕਬਾਲ ਸਿੰਘ ਲਾਲਪੁਰਾhttps://sikharchives.org/kosh/author/%e0%a8%b8-%e0%a8%87%e0%a8%95%e0%a8%ac%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%b2%e0%a8%be%e0%a8%b2%e0%a8%aa%e0%a9%81%e0%a8%b0%e0%a8%be/July 1, 2008
- ਸ. ਇਕਬਾਲ ਸਿੰਘ ਲਾਲਪੁਰਾhttps://sikharchives.org/kosh/author/%e0%a8%b8-%e0%a8%87%e0%a8%95%e0%a8%ac%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%b2%e0%a8%be%e0%a8%b2%e0%a8%aa%e0%a9%81%e0%a8%b0%e0%a8%be/July 1, 2009