editor@sikharchives.org

…ਜਿਤੁ ਜੰਮਹਿ ਰਾਜਾਨ

ਪੁਰਾਤਨ ਮਨੀਸ਼ੀਆਂ ਨੇ ਨਰ ਤੇ ਨਾਰੀ ਨੂੰ ਇਕ ਦੂਸਰੇ ਦਾ ਪੂਰਕ ਮੰਨਿਆ ਹੈ ਕਿਉਂਕਿ ਇਨ੍ਹਾਂ ਦੋਵਾਂ ਦੇ ਸੰਯੋਗ ਨਾਲ ਹੀ ਮਨੁੱਖੀ ਵੇਲ ਵਧਦੀ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਟੂਰ ਤੋਂ ਵਾਪਸ ਆਇਆ ਤਾਂ ਜਮ੍ਹਾਂ ਹੋਈ ਡਾਕ ਵਿਚ ਇਕ ਅਨਜਾਣ ਬੀਬੀ ਦਾ ਵੀ ਪੱਤਰ ਸੀ। ਪਿਛਲੇ ਦਿਨੀਂ ਮੈਂ ਉਨ੍ਹਾਂ ਦੇ ਨਗਰ ਵਿਚ ਹੋਏ ਗੁਰਮਤਿ ਸਮਾਗਮ ਵਿਚ ਕਥਾ-ਵਿਖਿਆਨ ਕੀਤਾ ਸੀ ਅਤੇ ਅੱਜ ਦੇ ਸਿੱਖ-ਸਮਾਜ ਦੀ ਅਧੋਗਤੀ ਦੇ ਪਰਿਪੇਖ ਵਿਚ ਗੁਰਬਾਣੀ ਦੇ ਦ੍ਰਿਸ਼ਟਾਂਤ ਦੇ ਕੇ, ਅੱਜ ਦੀ ‘ਮਾਂ’ ਦੀ ਨਕਾਰਾਤਮਕ ਭੂਮਿਕਾ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ ਸਨ। ਆਪਣੇ ਪੱਤਰ ਵਿਚ ਉਸ ਬੀਬੀ ਨੇ ਮੁੱਢ ਵਿਚ ਤਾਂ ਮੇਰੇ ਵੱਲੋਂ ਦਿੱਤੇ ਵਿਖਿਆਨ ਦੀ ਪ੍ਰਸ਼ੰਸਾ ਕੀਤੀ ਤੇ ਫਿਰ ਵਾਰਤਾ ਦੇ ਮੂਲ-ਤੱਤ ਅਰਥਾਤ ‘ਵਰਤਮਾਨ ਮਾਂ’ ਤੇ ਪ੍ਰਚਲਿਤ ਵਿਚਾਰ-ਬਿੰਦੂ ’ਤੇ ਹੀ ਕਿੰਤੂ ਲਾ ਦਿੱਤਾ। ਆਪਣੇ ਵੱਲੋਂ ਕੋਈ ਟਿੱਪਣੀ ਨਾ ਕਰਦਿਆਂ ਹੋਇਆਂ, ਉਸ ਦੀ ਅਪਰੋਖ ਇੱਛਾ ਅਨੁਸਾਰ, ਉਸ ਦਾ ਪੱਤਰ (ਅੱਖਰ-ਬ-ਅੱਖਰ) ਚਿੰਤਕਾਂ ਤੇ ਸਜਗ ਪਾਠਕਾਂ ਦੇ ਰੂ-ਬ-ਰੂ ਪੇਸ਼ ਕਰ ਰਿਹਾ ਹਾਂ। ਤਾਂ ਜੋ ਉਸ ਦੇ ਕਿੰਤੂ ਤੇ ਨਿਰਪੱਖਤਾ ਨਾਲ ‘ਕਿਛੁ ਸੁਣੀਐ ਕਿਛੁ ਕਹੀਐ’ ਦੇ ਗੁਰ-ਵਾਕ ਨੂੰ ਸਾਰਥਕ ਕਰਨ ਦਾ ਉਪਰਾਲਾ ਕਰ ਸਕੀਏ। ਸੋ ਪੇਸ਼ ਹੈ ਉਪਰੋਕਤ ਪੱਤਰ:

ਸਤਿਕਾਰਯੋਗ ਗਿਆਨੀ ਜੀਉ,
ਗੁਰੂ ਫ਼ਤਹ!

ਆਪ ਜੀ ਨੂੰ ਚੇਤੇ ਹੋਵੇਗਾ ਕਿ ਪਿਛਲੇ ਮਹੀਨੇ ਸਾਡੇ ਨਗਰ ਵਿਚ ਹੋਏ ਗੁਰਮਤਿ ਸਮਾਗਮ ਵਿਚ ਆਪ ਜੀ ਨੇ ਕਥਾ-ਵਿਖਿਆਨ ਕੀਤਾ ਸੀ ਤੇ ਅੱਜ ਦੇ ਸਿੱਖ ਸਮਾਜ/ ਸਭਿਆਚਾਰ ਦੀ ਅਧੋਗਤੀ ਲਈ ਮਾਂ ਦੀ ਨਕਾਰਾਤਮਕ ਭੂਮਿਕਾ ਨੂੰ ਦੋਸ਼ੀ ਠਹਿਰਾਉਂਦਿਆਂ ਹੋਇਆਂ, ਗੁਰਬਾਣੀ ਦੇ ਸ਼ਬਦਾਂ ਤੇ ਇਤਿਹਾਸ/ਗੁਰ ਇਤਿਹਾਸ ਦੇ ਦ੍ਰਿਸ਼ਟਾਂਤ ਦੇ ਕੇ, ਉਸ ਦੇ ਕਰਤੱਵ ਦਾ ਬੋਧ, ਬਹੁਤ ਸੁਚੱਜੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਸੀ।

ਅਜਿਹੇ ਅਮੁੱਲੇ ਵਿਚਾਰ ਅਕਸਰ ਪੜ੍ਹਨ ਤੇ ਸੁਣਨ ਨੂੰ ਮਿਲਦੇ ਹਨ। ਪਰ ਜਿਸ ਆਦਰਸ਼ ਮਾਂ ਨੂੰ ਮੁਖ ਰੱਖ ਕੇ ਇਨ੍ਹਾਂ ਸੱਚੇ-ਸੁੱਚੇ ਗੁਰ-ਸ਼ਬਦਾਂ ਦੀ ਰਚਨਾ ਹੋਈ ਹੋਵੇਗੀ, ਕੀ ਅੱਜ ਉਸ ਮਾਂ ਦਾ ਕੋਈ ਖੁਰਾ-ਖੋਜ ਵੀ ਬਾਕੀ ਬਚਿਆ ਹੈ?

ਅੱਜ ਜਦ ਅਧਿਕਾਂਸ਼ ਸਮਾਜ-ਦਰਦੀ, ਚਿੰਤਕ/ਵਿਚਾਰਕ ਸਮਾਜ ਦੇ ਪਤਨ ਲਈ ਨਾਰੀ (ਮਾਂ) ਨੂੰ ਦੋਸ਼ੀ ਠਹਿਰਾਉਂਦੇ ਹੋਏ ਫਾਰਮੂਲਾ-ਬਧ ਰਾਗ ਅਲਾਪਦੇ ਹਨ ਤਾਂ ਇਉਂ ਪ੍ਰਤੀਤ ਹੁੰਦਾ ਹੈ, ਜਿਵੇਂ ਉਨ੍ਹਾਂ ਦੀ ਸੋਚ ਆਕਾਸ਼ਾਚਾਰੀ ਹੋ ਕੇ ਰਹਿ ਗਈ ਹੋਵੇ; ਅਤੇ ਧਰਤੀ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਾ ਰਹਿ ਗਿਆ ਹੋਵੇ।

ਮੇਰੇ ਵੀਰਨੋ, ਮਾਂ, ਨਾਰੀ ਜਾਤੀ ਦਾ ਇਕ ਪਦ ਹੈ। ਸੋ ਇਹੋ ਉਚਿਤ ਹੈ ਕਿ ਗੱਲ ਨਾਰੀ-ਜਾਤੀ ਤੋਂ ਹੀ ਸ਼ੁਰੂ ਕੀਤੀ ਜਾਵੇ।

ਇਹ ਇਕ ਨਿਰਵਿਵਾਦ ਤੱਥ ਹੈ ਕਿ ਜਿਸ ਸਮਾਜ ਵਿਚ ਅਸੀਂ ਰਹਿ ਰਹੇ ਹਾਂ, ਉਹ ਅਧਿਕਾਂਸ਼ ਪੁਰਸ਼-ਪ੍ਰਧਾਨ ਹੈ। ਅਰਥਾਤ ਉਸ ਦਾ ਘਾੜਾ ਤੇ ਨੀਤੀ-ਨਿਰਧਾਰਕ ਪੁਰਸ਼ ਹੀ ਹੈ। ਜਦੋਂ ਹਰ ਸਫਲਤਾ ਦਾ ਸਿਹਰਾ ਪੁਰਸ਼ ਆਪਣੇ ਸਿਰ ’ਤੇ ਬੰਨ੍ਹਦਾ ਹੈ ਤਾਂ ਵਿਫਲਤਾ ਲਈ… ਵਿਚਾਰੀ ਨਾਰੀ!

ਪੁਰਾਤਨ ਮਨੀਸ਼ੀਆਂ ਨੇ ਨਰ ਤੇ ਨਾਰੀ ਨੂੰ ਇਕ ਦੂਸਰੇ ਦਾ ਪੂਰਕ ਮੰਨਿਆ ਹੈ ਕਿਉਂਕਿ ਇਨ੍ਹਾਂ ਦੋਵਾਂ ਦੇ ਸੰਯੋਗ ਨਾਲ ਹੀ ਮਨੁੱਖੀ ਵੇਲ ਵਧਦੀ ਹੈ। ਇਸ ਦੇ ਆਧਾਰ ’ਤੇ ਨਾਰੀ ਨੂੰ ਅਰਧਾਂਗਣੀ ਦਾ ਨਾਂ ਵੀ ਦਿੱਤਾ ਗਿਆ। ਪਰ ਸੱਚ ਕਹਿਣਾ ਕਿ ਉਸ ਨੂੰ ਉਸ ਦਾ ਉਚਿਤ ਸਥਾਨ ਪ੍ਰਾਪਤ ਹੋਇਆ?

ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਇਕ ਸਿਰੇ ’ਤੇ ਵੈਦਿਕ ਕਾਲ ਤੇ ਦੂਸਰੇ ਸਿਰੇ ’ਤੇ ਗੁਰਮਤਿ ਦੀ ਛਤਰ-ਛਾਇਆ ਹੇਠ ਵਿਕਸਤ ਹੋਏ ਬਰਾਬਰੀ ਦੇ ਵਿਚਾਰ/ਆਚਾਰ ਦੇ, ਮਾਤਰ ਦੋ ਨਖ਼ਿਲਸਤਾਨ ਰੂਪੀ ਖੰਡ ਦਿਸ ਆਉਂਦੇ ਹਨ। ਸ਼ੇਸ਼ ਕਾਲ ਵਿਚ ਨਾਰੀ-ਤ੍ਰਿਸਕਾਰ ਦੀ ਰੇਤ ਹੀ ਉੱਡਦੀ ਨਜ਼ਰ ਆਉਂਦੀ ਹੈ।

ਵੈਦਿਕ-ਕਾਲ ਤੋਂ ਬਾਅਦ ਉਪਨਿਸ਼ਦ-ਕਾਲ ਦੇ ਦੌਰਾਨ ਨਾਰੀ ਗਰਿਮਾ ਦੀ ਅਵਨਤੀ ਹੋਣੀ ਸ਼ੁਰੂ ਹੋ ਗਈ। ਵੈਦਿਕ ਕਾਲ ਵਿਚ, ਜੋ ਉਸ ਨੂੰ ਸਮਾਜਿਕ ਤੇ ਧਾਰਮਿਕ ਅਧਿਕਾਰ ਪ੍ਰਾਪਤ ਸਨ, ਹੌਲੀ-ਹੌਲੀ, ਉਨ੍ਹਾਂ ਨੂੰ ਕੁਤਰ ਦਿੱਤਾ ਗਿਆ। ਕਹਿਣ ਨੂੰ ਤਾਂ ਨਾਰੀ ਰੂਪੀ ਧੁਰੀ ਦੇ ਦੁਆਲੇ ਸਮਾਜ ਪ੍ਰਦੱਖਣਾ ਕਰਦਾ ਹੈ ਪਰ ਉਸ ਦੀ ਹੈਸੀਅਤ ਕਿਸੇ ਬੰਧੂਆ ਮਜ਼ਦੂਰ ਜਾਂ ਗ਼ੁਲਾਮ ਤੋਂ ਵੱਧ ਨਹੀਂ ਸੀ।

ਇਤਿਹਾਸ ਇਸ ਗੁਣੋਂ ਵਿਲੱਖਣ ਹੈ ਕਿ ਅਤੀਤ ਵਿਚ ਵਿਆਪਤ ਸੋਚ/ਸਮਝ/ਵਿਵਹਾਰ ਦੀ ਚੀਰ-ਫਾੜ ਲਈ ਸਦਾ ਤੱਤਪਰ ਰਹਿੰਦਾ ਹੈ।

ਕੁਝ ਨਾ ਕੁਝ ਕਾਰਣ ਜਾਂ ਗੰਢ-ਗ੍ਰੰਥੀ ਜ਼ਰੂਰੀ ਰਹੀ ਹੋਵੇਗੀ ਕਿ ਸ੍ਰਿਸ਼ਟੀ ਕਰਤਾ ਦੀ ਇਕ ਸੁੰਦਰ ਤੇ ਕਈ ਗੁਣਾਂ ਵਿਚ ਵਿਲੱਖਣ ਕ੍ਰਿਤੀ ‘ਨਾਰੀ’ ਨੂੰ ‘ਪਲੇਟੋ’ ਵਰਗਾ ਮਹਾਨ ਦਾਰਸ਼ਨਿਕ, ਨਰ ਤੋਂ ਹੀਨ ਕਹਿੰਦਾ ਹੈ ਅਤੇ ‘ਮਹਾਨ ਸੁਕਰਾਤ’ ਵੀ ਨਾਰੀ ਨੂੰ ਅਧੂਰਾ ਮੰਨਦਾ ਹੈ।

ਮਨੂੰ ਜੀ ਦੇ ਚਿੰਤਨ ਦੇ ਵਿਹੜੇ ਵਿਚ ਤਾਂ ਨਾਰੀ ਨੂੰ ਅਛੂਤਾਂ ਤੋਂ ਵੀ ਘਟੀਆ ਦਰਜਾ ਦਿੱਤਾ ਗਿਆ।

ਨਾਰੀ, ਜੀਵਨ ਦੇ ਹਰ ਪੜਾਅ ਵਿਚ ਨਿਰੀਹ-ਬੰਦੀ ਬਣਾ ਦਿੱਤੀ ਗਈ। ਬਚਪਨ ਵਿਚ ਪਿਤਾ ਦੇ ਅਧੀਨ ਤਾਂ ਜਵਾਨੀ ਵਿਚ ਪਤੀ ਦੀ ਤਾਬਿਆ ਵਿਚ ਤੇ ਬੁਢਾਪੇ ਵਿਚ ਪੁੱਤਰਾਂ ਦੇ ਰਹਿਮੋ-ਕਰਮ ’ਤੇ।

ਹਤ-ਭਾਗੀ ਨਾਰੀ! ਪੁੱਤ੍ਰੀ ਵਜੋਂ, ਕੰਨਿਆ-ਦਾਨ ਦਾ ਕਥਿਤ ਮਹਾਂਦਾਨ ਕਮਾਉਣ ਦਾ ਸ਼ੁਭ ਅਵਸਰ, ਮੋਖ ਦੀ ਪ੍ਰਾਪਤੀ ਲਈ ਪਤਨੀ-ਦਾਨ ਦਾ ਵਿਧਾਨ। ਕ੍ਰਿਤਾਰਥ ਹੋ ਗਿਆ, ਨਾਰੀ ਜਨਮ! ਜਦੋਂ ਪਤਨੀ ਜੂਏ ’ਤੇ ਲਾਈ ਗਈ ਅਤੇ ਪ੍ਰਤੀਸ਼ੋਧ ਲੈਣ ਲਈ, ਭਰੀ ਰਾਜ-ਸਭਾ ਵਿਚ ਧਰਮਾਚਾਰੀਆਂ ਦੇ ਸਾਹਮਣੇ ਆਪਣਿਆਂ ਹੱਥੋਂ, ਨਗਨ ਕਰਨ ਦੇ ਜਤਨ ਕੀਤੇ ਗਏ।

ਮਹਾਂਭਾਰਤ ਦੀ ਇਸ ਗਾਥਾ ਤੋਂ ਅਸੀਂ ਸਾਰੇ ਜਾਣੂ ਹਾਂ ਕਿ ਆਪਣੀ ਪਤਨੀ ਨੂੰ ਜੂਏ ’ਤੇ ਲਾਉਣ ਵਾਲੇ ਯੁਧਿਸ਼ਟਰ ਜਿਹੇ, ਧਰਮ-ਪੁੱਤਰ ਸਨ ਅਤੇ ਰਾਜ-ਸਭਾ ਵਿਚ ਵਿਦੁਰ ਜਿਹੇ ਭਗਤ-ਜਨ ਤੇ ਭੀਸ਼ਮ ਪਿਤਾਮਾ ਜੀ ਜਿਹੇ ਕਰਣਧਾਰ ਵੀ ਸਨ। ਸੁਖ ਨਾਲ ਭੀਸ਼ਮ ਪਿਤਾਮਾ ਜੀ ਵੀ ਨਾਰੀ ਨੂੰ ਬੁਰਾਈਆਂ ਦੀ ਜੜ੍ਹ ਕਹਿੰਦੇ ਸਨ। ਕੁੰਤੀ, ਦਰੋਪਦੀ ਤੇ ਗੰਧਾਰੀ ਆਦਿ ਨੇ ਜੋ ਤ੍ਰਾਸਦੀ ਭੋਗੀ, ਉਹ ਵਰਣਨ ਤੋਂ ਬਾਹਰ ਹੈ। ਇਹ ਤਾਂ ਦੁਆਪਰ ਯੁੱਗ ਦੀਆਂ ਟੀਸਾਂ ਨੇ। ਸਤਿਯੁਗ ਦੀ ਅਹੱਲਿਆ ਦੀ ਵਿਥਿਆ ਤੋਂ ਕੌਣ ਪ੍ਰਭਾਵਿਤ ਹੋਏ ਬਿਨਾਂ ਰਹਿ ਸਕਦਾ ਹੈ? ਦੋਸ਼ੀ ਨਾ ਹੁੰਦਿਆਂ ਹੋਇਆਂ ਵੀ, ਸਰਾਪ ਨੂੰ ਪ੍ਰਾਪਤ ਹੋ ਕੇ ਪੱਥਰ ਬਣਾ ਦਿੱਤੀ ਗਈ ਅਤੇ ਦੋਸ਼ੀ ਇੰਦਰ ਦੇਵ ਜੀ, ਕਰ-ਕਰਾ ਕੇ ਦੋਸ਼-ਮੁਕਤ ਹੋ ਗਏ। ਹਾਂ ਵਿਚਾਰੀ ਅਹੱਲਿਆ ’ਤੇ ਐਨੀ ਕਿਰਪਾ ਜ਼ਰੂਰ ਹੋਈ ਕਿ ਸ੍ਰੀ ਰਾਮ ਚੰਦਰ ਜੀ ਦੀ ਛੋਹ ਲਈ ਤ੍ਰੇਤਾ ਯੁੱਗ ਪਹਿਲੋਂ ਵਰਤਾ ਦਿੱਤਾ ਅਤੇ ਅਹੱਲਿਆ ਸਰਾਪ ਮੁਕਤ ਹੋ ਗਈ? ਇਹ ਸਤਿਯੁਗ ਦਾ ਨਿਆਂ ਹੈ ਜੋ ਤ੍ਰੇਤਾ ਯੁੱਗ ਦੇ ਹੱਥੋਂ ਹੋਇਆ। ਤ੍ਰੇਤਾ ਯੁੱਗ ਦੀ ਮਰਯਾਦਾ ਦੀ ਬਲਿਹਾਰੀ, ਵਿਚਾਰੀ ਸੀਤਾ ਜੀ ਜੋ ਅਗਨੀ ਪ੍ਰੀਖਿਆ ਵਿੱਚੋਂ ਲੰਘ ਕੇ ਵੀ ਪ੍ਰਵਾਨ ਨਾ ਹੋਈ। ਯੁੱਗ ਦੀ ਸਲੀਬ ’ਤੇ ਟੰਗਿਆ ਪ੍ਰਸ਼ਨ ਅੱਜ ਵੀ ਯਥਾਵਤ ਹੈ।

ਬੁੱਧ ਮਤ, ਈਸਾਈ ਮਤ ਕੀ ਇਸਲਾਮ ਵੀ ਨਾਰੀ ਪ੍ਰਤੀ ਪੱਖ-ਪਾਤੀ ਹੀ ਰਿਹਾ ਅਤੇ ਉਸ ਦੇ ਹਿੱਸੇ ਨਾ-ਬਰਾਬਰੀ ਦਾ ਗੁਣਾ ਹੀ ਪਿਆ।

ਸ਼ੈਕਸਪੀਅਰ ਵਰਗਾ ਮਹਾਨ ਅੰਗਰੇਜ਼ੀ ਲੇਖਕ ਵੀ ਔਰਤ ਨੂੰ ਬੇਵਫ਼ਾਈ ਦੀ ਮੂਰਤ ਕਹਿੰਦਾ ਹੈ।

ਸੋਚਦੀ ਹਾਂ ਕਿ ਕਦੇ ਕਿਸੇ ਸੱਚ ਦੇ ਖੋਜਾਰਥੀ ਨੇ ਨਾਰੀ-ਪੁਰਾਣ ਦੀ ਰਚਨਾ ਕਰਨ ਦਾ ਹੀਆ ਕੀਤਾ ਤਾਂ ਨਾਰੀ ਗਾਥਾ, ਧਰਤੀ ਦੀ ਗਾਥਾ ਹੋ ਕੇ ਨਿਬੜੇਗੀ।

ਅੱਜ ਦੇ ਯੱਗ ਦੇ ਚਲਨ-ਅਨੁਸਾਰ, ਕਦੇ ‘ਪੁਰਸ਼ ਦੀ ਜਾਤ’ ਦੀ ਸੋਚ ਵੀ ਮੋੜਾ ਖਾਵੇ ਅਤੇ ਆਪਣੇ ਅਤੇ ਆਪਣੇ ਪੂਰਵਜਾਂ ਵੱਲੋਂ ਨਾਰੀ ਜਾਤੀ ਪ੍ਰਤੀ ਕੀਤੀਆਂ ਵਧੀਕੀਆਂ ’ਤੇ ਸ਼ਰਮਸਾਰ ਹੋ ਕੇ, ਖਿਮਾ ਦਾ ਜਾਚਕ. ਕਿਹੀ ਖੁਸ਼ਫਹਿਮੀ ਹੈ। ਸ਼ਾਇਦ ਅਜਿਹੇ ਦਿਵਾ-ਸੁਫਨਿਆਂ ਨੂੰ ਹੀ ਮੂਰਖਾਂ ਦਾ ਸਵਰਗ ਕਿਹਾ ਜਾਂਦਾ ਹੈ।

ਮੇਰੇ ਕੁਝ ਅਧੀਰ ਵੀਰ, ਇਹ ਤਾਂ ਨਹੀਂ ਸੋਚ ਰਹੇ ਕਿ ਮੈਂ ਕੇਵਲ ਨਾਰੀ ਦੇ ਪੱਖ ’ਤੇ ਹੀ ਜ਼ੋਰ ਦਿੰਦੀ ਜਾ ਰਹੀ ਹਾਂ। ਨਹੀਂ ਬਿਲਕੁਲ ਨਹੀਂ। ਮੈਂ ਨਾਰੀ-ਜਾਤੀ ਨੂੰ ਕੋਈ ਦੁੱਧ ਦੀ ਧੋਤੀ ਨਹੀਂ ਮੰਨਦੀ। ਉਸ ਨੇ ਵੀ ਹੱਦਾਂ ਤੋੜਨੋਂ ਫਰਕ ਨਹੀਂ ਕੀਤਾ। ਪਰ ਉਸ ਨੂੰ ਅਪਵਾਦ ਸਰੂਪ ਜਾਂ ਆਟੇ ਵਿਚ ਲੂਣ ਹੀ ਕਿਹਾ ਜਾ ਸਕਦਾ ਹੈ। ਜੋ ਅਧਿਕਤਰ ਪ੍ਰਤੀਕ੍ਰਿਯਾ ਵਜੋਂ ਹੀ ਹੋਈਆਂ। ਵਿਸ਼-ਕੰਨਿਆਵਾਂ, ਨਗਰ ਵਧੂ, ਦੇਵ ਦਾਸੀਆਂ ਅਤੇ ਚਕਲਿਆਂ ਦੀ ਰੌਣਕ ਪਿੱਛੇ ਕੌਣ ਕਿਹਾ ਜਾਏਗਾ? ਧਰਮ, ਨੀਤੀ, ਸਮਾਜ ਦੀ ਵਾਗਡੋਰ ਤੁਹਾਡੇ ਹੱਥ ਸੀ। ਆਪਣੀ ਕਲਪਨਾ ਅਨੁਸਾਰ ਉਲੀਕਿਆ ਚਿਤ੍ਰਿਆ ਐਥੋਂ ਤਕ ਕਿ ਖੁਜਰਾਹੋ ਤੇ ਕੋਨਾਰਕ ਜਿਹੇ ਮੰਦਰਾਂ ਅੰਦਰ ਆਪਣੀ ਵਾਸ਼ਨਾ ਨੂੰ ਪੱਥਰਾਂ ਦੀਆਂ ਮੂਰਤੀਆਂ ਰਾਹੀਂ ਸਾਕਾਰ ਕਰ ਦਿੱਤਾ। ਖਿਮਾ ਕਰਨਾ, ਕੁਝ ਖਰ੍ਹਵੇ ਸ਼ਬਦਾਂ ਦੀ ਵਰਤੋਂ ਹੋ ਗਈ। ਪਰ ਇਹ ਤੁਸੀਂ ਵੀ ਜਾਣਦੇ ਹੋ ਕਿ ਇਹ ਬਿਲਕੁਲ ਸੱਚ ਹੈ ਅਤੇ ਇਸ ਵਿਚ ਰੱਤੀ ਭਰ ਵਿਚ ਮੁਗ਼ਾਲਤਾ ਨਹੀਂ। ਔਰਤ, ਬੇਵਫ਼ਾਈ ਦੀ ਪ੍ਰਤੀਕ ਬਣ ਕੇ ਰਹਿ ਗਈ ਅਤੇ ਲੋਕ-ਮਾਨਸ ਅਰਥਾਤ ਪੁਰਸ਼ ਜਾਤੀ ਦੇ ਮਨ ’ਤੇ ਉੱਕਰ ਗਈ। ਨਾਰੀ-ਚਲਿੱਤਰਾਂ ਦੇ ਮਨੋਕਲਪਿਤ ਰੰਗ-ਤਮਾਸ਼ਿਆਂ ਦੇ ਕਿੱਸੇ ਕੱਲ੍ਹ ਕੀ, ਅੱਜ ਵੀ ਚਟਕਾਰੇ ਲੈ ਕੇ ਕਹੇ-ਸੁਣੇ ਜਾਂਦੇ ਹਨ। ਨਾਰੀ ਕੇਵਲ ‘ਕਾਮ’ ਦੀ ਪੁਤਲੀ ਅਰਥਾਤ ਭੋਗ ਦੀ ਜਿਣਸ ਬਣ ਕੇ ਰਹਿ ਗਈ।

ਸਮੇਂ ਨੇ ਕਰਵਟ ਲਈ ਤੇ ਵੈਦਿਕ ਯੁੱਗ ਤੋਂ ਬਾਅਦ, ਪਹਿਲੀ ਵਾਰ ਜੇ ਕਿਸੇ ਯੁੱਗ-ਪਲਟਾਊ ਵਿਭੂਤੀ ਨੇ ਨਾਰੀ ਦੇ ਵਜੂਦ ਨੂੰ ਕਥਨੀ ਹੀ ਨਹੀਂ, ਅਮਲੀ ਰੂਪ ਵਿਚ ਪੂਰਾ ਆਦਰ-ਮਾਨ ਤੇ ਬਰਾਬਰੀ ਦਾ ਦਰਜਾ ਦਿੱਤਾ ਤਾਂ ਉਹ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਆਪਣੀ ਬਾਣੀ ‘ਆਸਾ ਕੀ ਵਾਰ’ ਵਿਚ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਦਾ ਹੋਕਾ ਦਿੱਤਾ ਤੇ ਤਰਕਪੂਰਨ ਢੰਗ ਨਾਲ ਆਪਣੀ ਗੱਲ ਕਹੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਅਗਲੇ ਨੌਂ ਜਾਮਿਆਂ ਵਿਚ ਇਸ ਨੂੰ ਸਾਕਾਰ ਕੀਤਾ ਗਿਆ।

ਨਾਰੀ-ਜਾਤੀ ਨੂੰ ਸਿੱਖ-ਮਤ ਵਿਚ ਬਰਾਬਰੀ ਦਾ ਦਰਜਾ ਮਿਲਣ ’ਤੇ ਇਕ ਨਵੇਂ ਯੁੱਗ ਦਾ ਸੂਤ੍ਰ-ਪਾਤ ਹੋਇਆ। ਨਾਰੀ ਜਾਤੀ ਦੇ ਸਦੀਆਂ ਤੋਂ ਦੱਬੇ ਗੁਣ ਪ੍ਰਫੁਲਤ ਹੋਣ ਲੱਗੇ ਅਤੇ ਗੁਰਸਿੱਖ ਬੀਬੀਆਂ ਨੇ ਜੀਵਨ ਦੇ ਹਰ ਖੇਤਰ ਵਿਚ ਆਪਣੀ ਸਾਰਥਿਕਤਾ ਸਿੱਧ ਕੀਤੀ। ਜਿੱਥੇ ਮਾਤਾ ਖੀਵੀ ਜੀ, ਬੀਬੀ ਅਮਰੋ ਜੀ, ਬੀਬੀ ਭਾਨੀ ਜੀ, ਬੀਬੀ ਦਾਨੀ ਜੀ, ਮਾਤਾ ਗੁਜਰੀ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਜਿਹੇ ਗੁਰੂ-ਘਰਾਂ ਵਿੱਚੋਂ ਚਾਨਣ-ਮੁਨਾਰੇ ਰੌਸ਼ਨ ਹੋਏ ਉੱਥੇ ਗੁਰਸਿੱਖ ਬੀਬੀਆਂ, ਬੀਬੀ ਪਾਲ ਜੀ, ਮਾਈ ਭਾਗੋ ਜੀ (ਭਾਗ ਕੌਰ ਜੀ), ਮਹਾਰਾਣੀ ਸਦਾ ਕੌਰ, ਮਹਾਰਾਣੀ ਜਿੰਦ ਕੌਰ (ਮਹਾਰਾਣੀ ਜਿੰਦਾਂ), ਰਾਣੀ ਦਯਾ ਕੌਰ, ਬੀਬੀ ਹਰਸ਼ਰਨ ਕੌਰ ਜਿਹੀਆਂ ਨੇ ਧਾਰਮਿਕ ਹੀ ਨਹੀਂ ਰਾਜਨੀਤਿਕ ਤੇ ਯੁੱਧ-ਖੇਤਰ ਵਿਚ ਵੀ ਮੱਲਾਂ ਮਾਰੀਆਂ।

ਲੱਗਭਗ ਤਿੰਨ ਸਦੀਆਂ ਦਾ ਇਹ ਸਮਾਂ ਗੁਰਸਿੱਖ ਬੀਬੀਆਂ ਲਈ ਸੁਨਹਿਰੀ-ਕਾਲ ਸੀ ਜਿਸ ਵਿਚ ਉਨ੍ਹਾਂ ਨੇ ਬਰਾਬਰੀ ਤੇ ਸੁਤੰਤਰਤਾ ਦਾ ਨਿੱਘ ਮਾਣਿਆ। ਇਹੋ ਸਮਾਂ ਸੀ, ਜਿਸ ਦੌਰਾਨ ਗੁਰੂ ਬਾਣੀ ਦੇ ਸ਼ਬਦਾਂ ਰਾਹੀਂ, ਗੁਰਸਿੱਖ ਬੀਬੀਆਂ ਨੂੰ ‘ਮਾਂ’ ਪ੍ਰਤੀ ਵੰਗਾਰ ਰੂਪੀ ਬਚਨ, ਦ੍ਰਿੜ੍ਹ ਕਰਵਾਉਣਾ ਸਾਰਥਕ ਰਿਹਾ।

ਗੁਰੂ ਜੀ ਨੇ ਪਤੀ ਤੇ ਪਤਨੀ ਦੇ, ਦੈਵੀ ਗੁਣ, ਪ੍ਰੇਮ-ਮਈ ਸੰਬੰਧਾਂ ਦੀ ਵਿਆਖਿਆ, ਜੀਵ ਨੂੰ ਇਸਤਰੀ ਤੇ ਅਕਾਲ ਪੁਰਖ ਨੂੰ ਪਤੀ ਦੇ ਰੂਪ ਦੀ ਸੰਗਿਆ ਦਿੰਦੇ ਹੋਏ, ‘ਏਕ ਜੋਤਿ ਦੁਇ ਮੂਰਤੀ… ਰਾਹੀਂ ਸ਼ਬਦ-ਬਧ ਕੀਤਾ। ਵੈਸੇ ਕੇਵਲ ਅਕਾਲ ਪੁਰਖ ਹੀ ਹੈ ਜੋ ‘ਨਾਰੀ’ ਦਾ ਅਵਲੰਬੀ ਨਹੀਂ ਹੈ। ਹੋਰ ਤਾਂ ਹੋਰ ਗੁਰਬਾਣੀ ਤਾਂ ਕੇਵਲ ਅਕਾਲ ਪੁਰਖ ਨੂੰ ਹੀ ਪੁਰਸ਼ ਮੰਨਦੀ ਹੈ ਤੇ ਬਾਕੀ ਸਭ ਨਾਰੀਆਂ ਹੀ ਹਨ। ‘ਠਾਕੁਰ ਏਕੁ ਸਬਾਈ ਨਾਰਿ’ ਫਿਰ ਵੀ ‘ਨਰ’ ਦਾ ਥੋਥਾ ਅਹਿਮ ਸਤਵੇਂ ਆਕਾਸ਼ ’ਤੇ ਕਿਉਂ ਰਹਿੰਦਾ ਹੈ? ‘ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ’ ਦੇ ਮਹਾਂਵਾਕ ਦੇ ਸਾਰ ’ਤੇ ਤਾਂ ਅੱਜ ਦਾ ਵਿਗਿਆਨ ਵੀ ਮੋਹਰ ਲਾ ਚੁੱਕਿਆ ਹੈ। ਹੋਰ ਤਾਂ ਹੋਰ ਨਰ ਦੇ ਵਜੂਦ ਦੇ ਨਿਰਧਾਰਣ ਦਾ ਤੱਤ-ਗੁਣ ਵੀ ਅਕਾਲ ਪੁਰਖ ਨੇ ਨਾਰੀ ਨੂੰ ਹੀ ਬਖਸ਼ਿਆ ਹੈ। ਇਸ ਤੱਥ ਬਾਰੇ ਅਗਿਆਨਤਾ ਹੋਣ ਕਾਰਣ, ਪੁਰਸ਼ ਨੇ ਨਾਰੀ ਨੂੰ ਰੱਜ ਕੇ ਰੁਲਾਇਆ ਹੈ।

ਇੱਥੇ ਮੇਰਾ ਮੰਤਵ, ਨਾਰੀ ਦੀ ਸ੍ਰੇਸ਼ਟਤਾ ਸਿੱਧ ਕਰਨਾ ਨਹੀਂ, ਨਾਰੀ ਪ੍ਰਤੀ ਪੁਰਸ਼ ਦੇ ਅਨਿਆਂ-ਪੂਰਣ ਵਰਤਾਵ ਦੀ ਝਲਕ ਪੇਸ਼ ਕਰਨਾ ਸੀ ਜਿਸ ਨੇ ਨਾਰੀ ਦੇ ਜ਼ਮੀਰ ਨੂੰ ਲੀਰੋ-ਲੀਰ ਕਰ ਦਿੱਤਾ। ਇੱਥੋਂ ਤਕ ਕਿ ਉਸ ਨੂੰ ਬਰਾਬਰੀ ਦੀ ਖੁੱਲ੍ਹੀ ਫਿਜ਼ਾ ਰਾਸ ਨਾ ਆਈ ਤੇ ਉਹ ਫਿਰ ਬੰਦੀਖਾਨੇ ਅਰਥਾਤ ਪਿੰਜਰੇ ਦੀਆਂ ਚਮਕਦਾਰ ਤੀਲਾਂ ’ਤੇ ਮੋਹੀ ਗਈ।

ਨਾਰੀ ਦੇ ਇਸ ਤੋਂ ਵੱਡੇ ਮੰਦ ਭਾਗ ਕੀ ਹੋ ਸਕਦੇ ਹਨ ਕਿ ਪੁਰਸ਼ ਦੀ ਲਾਲਸਾ ਦੇ ਅਨੁਰੂਪ ਫਿਰ ਉਸੇ ਦਲਦਲ ਵਿਚ ਜਾ ਫਸੀ!

ਅੱਜ ਅਸੀਂ ਫਿਰ ਉਸੇ ਚਰਿੱਤਰ ਨੂੰ ਅਪਣਾ ਲਿਆ ਹੈ ਜਿਸ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੀ ਅਵਸਥਾ ਬਿਆਨਦੇ ਹੋਏ ਇਉਂ ਸ਼ਬਦ-ਬਧ ਕੀਤਾ ਸੀ:

ਰੰਨਾ ਹੋਈਆਂ ਬੋਧੀਆ ਪੁਰਖੁ ਹੋਇ ਸਈਆਦ॥ (ਪੰਨਾ 1242)

ਅੱਜ ਨਾਰੀ ਚੇਤਨਾ ਦੀ ਭਾਵੇਂ ਕਿੰਨੀ ਵੀ ਕਾਵਾਂ ਰੌਲੀ ਪਈ ਹੋਵੇ ਸਮਾਚਾਰ ਪੱਤਰਾਂ ਵਿਚ ਨਿਤ-ਨਵੀਆਂ ਚਮਕਦੀਆਂ ਸੁਰਖੀਆਂ ਅਤੇ ਟੀ.ਵੀ. ਚੈਨਲਾਂ ’ਤੇ ਦਿਖਾਏ ਜਾਂਦੇ ਪ੍ਰਕਰਣ ਇਸ ਦਾ ਪਾਜ ਖੋਲ੍ਹਦੇ ਹਨ। ਹਕੀਕਤ ਤਾਂ ਇਹ ਹੈ ਕਿ ਅੱਜ ਨਾਰੀ ਘਰ ਹੋਵੇ ਜਾਂ ਬਾਹਰ, ਪੜ੍ਹੀ ਹੋਵੇ ਜਾਂ ਅਨਪੜ੍ਹ, ਅਬੋਧ ਕਿ ਅਧੇੜ, ਕਿਤੇ ਵੀ ਸੁਰੱਖਿਅਤ ਨਹੀਂ ਹੈ। ਕਿੰਨੇ ਵੀ ਕਾਨੂੰਨ ਬਣ ਜਾਣ, ਪੁਰਸ਼ ਦੀ ਬੀਮਾਰ ਮਾਨਸਿਕਤਾ ਅੱਗੇ ਹਾਰ ਜਾਣਗੇ। ਪੁਰਸ਼ ਆਪਣੀ ਖਿਝ ਜਾਂ ਮਰਦਾਨਗੀ ਵਿਖਾਉਣ ਲਈ ਨਾਰੀ ’ਤੇ ਹੀ ਕਿਉਂ ਵਾਰ ਕਰਦਾ ਹੈ?

ਅੱਜ, ਸਮਾਜ ਦੇ ਘਾੜਿਆਂ ਨੂੰ ਆਪਣੇ ਆਪ ’ਤੇ ਹੀ ਵਿਸ਼ਵਾਸ ਨਹੀਂ, ਤਾਂ ਹੀ ਤਾਂ ਨਾਰੀ ਨੂੰ ਇਕਾਈ ਮੰਨਣ ਤੋਂ ਤ੍ਰਹਿਕਦੇ ਹਨ ਅਤੇ ਭੀਖ ਵਿਚ ਕਿੰਨੀ ਸੁਤੰਤਰਤਾ ਦਿੱਤੀ ਜਾਵੇ, ਇਸ ’ਤੇ ਵੀ ਇਕਮਤ ਨਹੀਂ।

ਅੱਜ ਜਦ ਨਾਰੀ ਦਾ ਅਨੁਪਾਤ ਦਾ ਪ੍ਰਤੀਸ਼ਤ ਨਿਰੰਤਰ ਘਟਦਾ ਜਾ ਰਿਹਾ ਹੈ ਤਾਂ ਉਸ ਲਈ ਵੀ ਉਸ ਦੇ ਕਾਰਕ ਭਰੂਣ-ਹੱਤਿਆ ਲਈ ‘ਨਾਰੀ’ ਨੂੰ ਹੀ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਜਦਕਿ ਨਾਰੀ ਦਾ ਆਪਣੀ ਕੁੱਖ ’ਤੇ ਅਧਿਕਾਰ, ਨਾ ਕਦੇ ਸੀ, ਨਾ ਹੈ। ਵਿਧੀ ਦਾ ਵਿਧਾਨ ਤਾਂ ਵਿਧੀ-ਕਰਤਾ ਹੀ ਜਾਣੇ, ਪਰ ਭਗਤ, ਦਾਤਾ ਜਾਂ ਸੂਰਮੇ ਨੂੰ ਧਾਰਨ ਕਰਨ ਵਾਲੀਆਂ ਸੁਭਾਗੀਆਂ ਕੁੱਖਾਂ ਸੁਤੰਤਰ ਤੇ ਭੈਅ-ਮੁਕਤ ਹੋਣਗੀਆਂ, ਇਸ ਵਿਚ ਕੋਈ ਸ਼ੱਕ ਨਹੀਂ।

ਆਮ ਵਰਤਾਵੇ ਤੋਂ ਇਉਂ ਲੱਗਦਾ ਹੈ ਕਿ ਨਾਰੀ ਦੀ ਵਿਵੇਕ-ਬੁੱਧੀ ਗਵਾਚ ਗਈ ਹੈ। ਨਾਰੀ ਤਾਂ ਅਧਿਕਤਰ, ਪੁਰਸ਼ ਲਈ ਭੋਗ ਦੀ ਸਮੱਗਰੀ ਹੀ ਰਹੀ ਹੈ। ਹੁਣ ਤਾਂ ਨਾਰੀ ਨੇ ਆਪਣੇ ਜੀਵਨ ਦਾ ਮੁੱਖ ਉਦੇਸ਼ ਪੁਰਸ਼ ਨੂੰ ਰੀਝਾਉਣਾ ਹੀ ਮਿੱਥ ਲਿਆ ਹੈ। ਤਾਂ ਹੀ ਤੇ ਚਤੁਰ ਪੁਰਸ਼ ਵੱਲੋਂ ਇਸਤਰੀ ਨੂੰ ਨੁਮਾਇਸ਼ ਦੀ ਮਦ ਬਣਾਉਣ ਲਈ ਨਿੱਤ- ਨਵੇਂ ਹੱਥਕੰਡਿਆਂ ਵਿਚ ਵਧ-ਚੜ੍ਹ ਕੇ ਸਹਿਯੋਗ ਦੇ ਰਹੀ ਹੈ। ਉਹ ਜਗਤ-ਸੁੰਦਰੀ ਦੀ ਸਪਰਧਾ ਹੋਵੇ ਜਾਂ ਨਗਰ ਦੇ ਪੱਧਰ ’ਤੇ- ਬਾਜ਼ਾਰ ਵਿਚ ਵਿਕਾਊ ਹਰ ਵਸਤੂ ਲਈ ਨਾਰੀ-ਦੇਹ ਨੂੰ ਵੱਧ ਤੋਂ ਵੱਧ ਨੰਗਿਆਂ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਦੇਹ-ਦਰਸ਼ਨ ਦੇ ਦੌਰ ਵਿਚ, ਕਿੱਥੇ ਹੈ ਉਹ ਆਦਰਸ਼ ਮਾਂ, ਜਿਸ ਤੋਂ ਭਗਤ, ਦਾਤਾ ਜਾਂ ਸੂਰਮਾ ਜੰਮਣ ਦੀ ਅਪੇਖਿਆ ਹੈ? ਕਦੇ ਬੱਚਾ, ਮਾਂ ਦੀਆਂ ਲੋਰੀਆਂ, ਨਾਨੀ-ਦਾਦੀ ਦੀਆਂ ਬਾਤਾਂ/ਕਥਾਵਾਂ/ਸਾਖੀਆਂ ਦੇ ਸੰਸਕਾਰ ਗ੍ਰਹਿਣ ਕਰਦਾ ਸੀ। ਪਰ ਅੱਜ ਸੁਸੂ ਕਰਨ ਦੀ ਸੋਝੀ ਤੋਂ ਪਹਿਲਾਂ ਹੀ ਚੂਹਾ-ਦੌੜ ਵਿਚ ਧੱਕ ਦਿੱਤਾ ਜਾਂਦਾ ਹੈ। ਲੱਚਰ ਗਾਣਿਆਂ ਦੀ ਧੁਨ ਕੰਨੀਂ ਪੈਂਦਿਆਂ ਹੀ ਥਿਰਕਣ ਲੱਗ ਪੈਂਦਾ ਹੈ। ਮਾਂ-ਬਾਪ ਦਾ ਟੀਚਾ ਹੈ ਸੰਤਾਨ ਨੂੰ ਅੱਜ ਦੇ ਅਨੁਰੂਪ ਢਾਲਣਾ ਕਿ ਵੱਡੇ ਹੋ ਕੇ ਧਨ-ਉਪਰਾਜਨ ਵਿਚ ਪਿੱਛੇ ਨਾ ਰਹੇ।

ਗੁਰੂ ਦੇ ਪਿਆਰਿਓ! ਉਸ ਆਦਰਸ਼ ਮਾਂ ਲਈ, ਉਹ ਹਾਲਾਤ ਪੈਦਾ ਕਰਨ ਦਾ ਉਪਰਾਲਾ ਕਰੋ। ਤਾਂ ਹੀ ਫਿਟਕਾਰ ਫਲੀਭੂਤ ਹੋ ਸਕੇਗੀ। ਜੇ ਆਪਣੇ ਆਪ ’ਤੇ ਨਜ਼ਰ ਮਾਰੋਗੇ ਤਾਂ ਇਹ ਅਰਧ-ਅੰਗ, ਤੁਹਾਡਾ ਹਿੱਸਾ ਦਿੱਸ ਆਏਗਾ। ਕਿਉਂਕਿ ਤੁਹਾਡਾ ਸੰਪੂਰਨ ਵਿਅਕਤਿਤਵ, ਦੋਵਾਂ ਪੂਰਕ ਪੱਖਾਂ ਦੇ ਸੁਚਾਰੂ ਵਿਕਾਸ ਰਾਹੀਂ ਹੀ ਪੂਰਨ ਕਹਿਲਾਏਗਾ। ਪ੍ਰਕ੍ਰਿਤੀ ਦਾ ਵੀ ਇਹੋ ਸਪਸ਼ਟ ਸੰਕੇਤ ਹੈ ਜਦਕਿ ਸਾਡੀ ਅੱਜ ਦੀ ਤਰਸਯੋਗ ਹਾਲਤ ਹੂ-ਬ-ਹੂ ਉਵੇਂ ਹੀ ਹੈ, ਜੋ ਗੁਰੂ ਸਾਹਿਬ ਜੀ ਦੇ ਕਾਲ ਵਿਚ ਸੀ:

ਕਲੀ ਅੰਦਰਿ ਨਾਨਕਾ ਜਿਨਾ ਕਾ ਅਉਤਾਰ॥
ਪੂਤੁ ਜਿਨੂਰਾ ਧੀਆ ਜਿਨੂਰੀ ਜੋਰੂ ਜਿੰਨਾ ਦਾ ਸਿਕਦਾਰ॥

ਖਿਮਾ ਜਾਚਨਾ ਸਹਿਤ
ਸਦੀਆਂ ਤੋਂ ਦਗਧ, ਅਰਧ-ਅੰਗ ਦੀ ਪ੍ਰਤੀਕ
ਇਕ ਅਨਾਮ ਨਾਰੀ

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

#22, ਪ੍ਰਭੂ ਪਾਰਕ ਸੋਸਾਇਟੀ, ਪੁਰਾਣੀ ਛਾਨੀ ਰੋਡ, ਵਡੋਦਰਾ-2

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)