editor@sikharchives.org

ਕੰਢੇ ਗੋਦਾਵਰੀ ਦੇ

ਜੇ ਜੀਂਦਿਆਂ ਲੱਥਦੀ ਪੱਤ ਹੋਵੇ, ਖਾਣ-ਪੀਣ ਸਭ ਉਸ ਦਾ ਹਰਾਮ ਦਿੱਸੇ। ਰਿਧੀਆਂ-ਸਿਧੀਆਂ ਭਗਤੀਆਂ ਸ਼ਕਤੀਆਂ ਕੀ, ਕਾਹਦਾ ਓਸ ਦਾ ਜਗ ’ਤੇ ਨਾਮ ਦਿੱਸੇ!
ਬੁੱਕਮਾਰਕ ਕਰੋ (0)
Please login to bookmark Close

Satnam Singh Komal

ਪੜਨ ਦਾ ਸਮਾਂ: 1 ਮਿੰਟ

ਕੰਢੇ ਗੋਦਾਵਰੀ ਦੇ ਡੇਰਾ ਵੈਰਾਗੀਆਂ ਦਾ, ਮਾਧੋਦਾਸ ਨਾਮੀ ਡੇਰੇਦਾਰ ਹੈਸੀ।
ਰਿਧੀਆਂ-ਸਿਧੀਆਂ ਜਿਸ ਦੀਆਂ ਦਾਸੀਆਂ ਸੀ, ਵੈਰਾਗੀ ਹੋਣ ਦਾ ਬੜਾ ਹੰਕਾਰ ਹੈਸੀ।
ਟੁੱਟ ਸੰਸਾਰ ਨਾਲੋਂ ਰਾਹ ਵਿਚ ਭਟਕਿਆ ਸੀ, ਜੁੜ ਨਾ ਸਕਿਆ ਨਾਲ ਨਿਰੰਕਾਰ ਹੈਸੀ।
ਉਸ ਦੀ ਹਾਲਤ ’ਤੇ ਸਤਿਗੁਰੂ ਤਰਸ ਕੀਤਾ, ਡੇਰੇ ਪਹੁੰਚਿਆ ਦਸਮ ਦਾਤਾਰ ਹੈਸੀ।

ਸੁਣ ਬੰਦਿਆ ਬੰਦਿਆਂ ਵਾਂਗ ਰਹੀਏ, ਕੰਮ ਬੰਦਿਆਂ ਵਾਲੇ ਹੀ ਕਰੀਦੇ ਨੇ।
ਹੇਠੀ ਬੰਦਿਆਂ ਦੀ ਸਦਾ ਹੀ ਕਰਨ ਹੋਛੇ, ਬੰਦੇ ਸਾਰੇ ਉਸ ਮਾਲਕ ਹਰੀ ਦੇ ਨੇ।

ਬਖਸ਼ੇ ਰਹਿਮਤਾਂ ਸਵੱਲੀ ਨਜ਼ਰ ਹੋ ਜਾਏ, ਕਮੀ ਰਹਿੰਦੀ ਨਹੀਂ ਕਿਸੇ ਵੀ ਗੱਲ ਦੀ ਏ।
ਬਾਝ ਹੁਕਮ ਉਸ ਦੇ ਪੱਤਾ ਹਿੱਲਦਾ ਨਹੀਂ, ਕੂਮਤ ਓਸ ਦੀ ਹਰ ਥਾਂ ਚੱਲਦੀ ਏ।
ਸਭਨਾਂ ਥਾਵਾਂ ’ਤੇ ਰਾਖਾ ਸਦਾ ਏ ਉਹ, ਖ਼ਬਰ ਓਸ ਨੂੰ ਪਲ ਪਲ ਦੀ ਏ।
ਟੁੱਟੇ ਓਸ ਤੋਂ ਫਿਰੇ ਫਿਰ ਕਲਪਦਾ ਉਹ, ਦੁੱਖ ਉਮਰ ਸਾਰੀ ਜਿੰਦ ਝੱਲਦੀ ਏ।

ਜੇ ਜੀਂਦਿਆਂ ਲੱਥਦੀ ਪੱਤ ਹੋਵੇ, ਖਾਣ-ਪੀਣ ਸਭ ਉਸ ਦਾ ਹਰਾਮ ਦਿੱਸੇ।
ਰਿਧੀਆਂ-ਸਿਧੀਆਂ ਭਗਤੀਆਂ ਸ਼ਕਤੀਆਂ ਕੀ, ਕਾਹਦਾ ਓਸ ਦਾ ਜਗ ’ਤੇ ਨਾਮ ਦਿੱਸੇ!

ਸੁੱਤੀ ਪਈ ਹੈ ਅਣਖ ਅੱਜ ਹਿੰਦੀਆਂ ਦੀ, ਜਾਬਰ ਜ਼ੁਲਮ ਤੇ ਧਾੜਵੀ ਰਾਜ ਕਰਦੇ।
ਸਿਰ ਚੁੱਕਦਾ ਜੋ ਓਹੀ ਕਤਲ ਕਰਦੇ, ਤੇ ਜੋ ਉੱਠਦੀ ਬੰਦ ਆਵਾਜ਼ ਕਰਦੇ।
ਪੱਤ ਰੁਲਦੀ, ਪਰ ਮਰੀ ਜ਼ਮੀਰ ਵਾਲੇ, ਨਾ ਹਾਕਮਾਂ ਤਾਈਂ ਨਰਾਜ਼ ਕਰਦੇ।
ਰਾਜੇ ਸ਼ੀਹਾਂ ਮੁਕੱਦਮਾਂ ਕੁੱਤਿਆਂ ਦਾ, ਅਣਖੀ ਜੋਧੇ ਹੀ ਸਦਾ ਇਲਾਜ ਕਰਦੇ।

ਨਦੀਆਂ ਬਣ ਮਾਸੂਮਾਂ ਦੀ ਰੱਤ ਵਹਿੰਦੀ, ਹਉਕੇ ਭਰਦੀ ਧਰਤ ਸਰਹਿੰਦ ਦੀ ਏ।
ਤੇਰੀ ਲੋੜ ਮਹਿਸੂਸਦੀ ਡੁਸਕਦੀ ਏ, ਇੱਕ ਇੱਕ ਇੱਟ ਉਸ ਖੂਨੀ ਕੰਧ ਦੀ ਏ।

ਜਿੱਥੇ ਜ਼ਾਲਮਾਂ ਕੋਹੇ ਮਾਸੂਮ ਪੁੱਤਰ, ਚਿਤਾ ਓਸ ਥਾਂ ਦਿੱਸਣ ਬਲਦੀਆਂ ਨੇ।
ਬਿਰਧ ਮਾਤਾ ’ਤੇ ਭੋਰਾ ਨਾ ਤਰਸ ਕੀਤਾ, ਰਹੀਆਂ ਜ਼ੁਲਮੀ ਨ੍ਹੇਰੀਆਂ ਚੱਲਦੀਆਂ ਨੇ।
ਤਾਜ ਤਖ਼ਤ ਜੀਂਦੇ ਇਹ ਹਕੂਮਤਾਂ ਵੀ, ਪੀ ਕੇ ਖੂਨ ਮਜ਼ਲੂਮਾਂ ਦਾ ਪਲਦੀਆਂ ਨੇ।
ਭੇਜੇ ਚੁੰਮ ਮੱਥੇ ਦੋ ਚਮਕੌਰ ਅੰਦਰ, ਹੋਈਆਂ ਹੋਣੀਆਂ ਇਹ ਤਾਂ ਕੱਲ੍ਹ ਦੀਆਂ ਨੇ।

ਲਹੂ ਭਿੱਜੀ ਵੈਰਾਗੀ ਨੇ ਸੁਣੀ ਗਾਥਾ, ਛਿੜੀ ਕੰਬਣੀ, ਭਰਮ ਸਭ ਦੂਰ ਹੋ ਗਏ।
ਤਨ ਮਨ ਅਰਪਿਆ ਚਰਨਾਂ ’ਤੇ ਸੀਸ ਝੁਕਿਆ, ਉਸ ਹਉਮੈ ਹੰਕਾਰ ਸਭ ਚੂਰ ਹੋ ਗਏ।

ਤੁੱਠਿਐਂ ਪਾਤਸ਼ਾਹਾ ਮਿਹਰ ਦੀ ਨਜ਼ਰ ਕਰ ਦੇ, ਅੱਜ ਰਹਿਮਤਾਂ ਥੀਂ ਝੋਲੀ ਭਰ ਮੇਰੀ।
ਮੇਰੇ ਇਸ਼ਾਰਿਆਂ ’ਤੇ ਤੀਰ ਤਲਵਾਰ ਨੱਚਣ, ਇੱਛਾ-ਸ਼ਕਤੀ ਡੁਲ੍ਹਾਵੇ ਨਾ ਡਰ ਮੇਰੀ।
ਆਉਣ ਲੱਖ ਮੁਸੀਬਤਾਂ ਜਰਾਂ ਹੱਸ ਕੇ, ਹੋਵੇ ਭੁੱਲ ਕੇ ਅੱਖ ਨਾ ਤਰ ਮੇਰੀ।
ਜੋ ਦੁਸ਼ਮਣਾਂ ਦੇ ਸੀਨੇ ਚਾਕ ਕਰਦੀ, ਝੁਕਦੀ ਨਜ਼ਰ ਹੋਵੇ ਤੇਰੇ ਦਰ ਮੇਰੀ।

ਮੈਂ ਤਾਂ ਬਣਨਾ ਹੈ ਬਸ ਇਕ ਨਿਰਾ ਸਾਧਨ, ਹੋਣਾ ਹੁਕਮ ਤੇਰਾ ਹੋਣਾ ਬਲ ਤੇਰਾ।
ਗੁਰੂ ਸਾਹਵੇਂ ਹੈ ਕੀ ਔਕਾਤ ਸਿੱਖ ਦੀ(?) ਹੋਣਾ ਅੱਜ ਤੇਰਾ ਹੋਣਾ ਕੱਲ੍ਹ ਤੇਰਾ!

ਥਾਪ ਦੇਵੇਂ ਤੂੰ ਕੀੜੇ ਨੂੰ ਪਾਤਸ਼ਾਹੀ, ਤੇਰੇ ਹੁਕਮ ਨਾਲ ਲਸ਼ਕਰ ਸਵਾਹ ਹੋਵਣ।
ਦਰ ਤੇਰੇ ’ਤੇ ਝੁਕੇ ਜੋ ਸਿਰ ਹੁੰਦੇ, ਮੁੱਖ ਉੱਜਲ ਓਹੀ ਦਰਗਾਹ ਹੋਵਣ।
ਤੇਰੀ ਰਜ਼ਾ ਵਿਚ ਰਹਿਣ ਦੀ ਜਾਚ ਆ ਜੇ, ਇਸ ਜਗ੍ਹਾ ਦੇ ਉਹ ਸ਼ਹਿਨਸ਼ਾਹ ਹੋਵਣ।
ਬਖਸ਼ਣਹਾਰਿਆ ਮੈਂ ਹਾਂ ਸਿੱਖ ਆਖਿਰ, ਬਖਸ਼ ਦੇਵੀਂ ਜੋ ਹੋਏ ਗੁਨਾਹ ਹੋਵਣ।

ਢੱਠਿਆ ਪੈਰਾਂ ’ਤੇ ਗੁਰੂ ਚੁੱਕ ਗਲ਼ ਲਾਇਆ, ਪਾਰਸ ਛੋਹ ਦੇ ਲੱਖਾਂ ਦਾ ਕਰ ਦਿੱਤਾ।
ਮਾਧੋ ਦਾਸ ਬੰਦਾ ਬਣਿਆ ਗੁਰੂ ਦਾ ਹੈ, ਤੁੱਠੇ ਸਤਿਗੁਰੂ ਬਹਾਦਰ ਦਾ ਵਰ ਦਿੱਤਾ।
ਪੰਜ ਤੀਰ ਬਖਸ਼ੇ, ਲਿਖੇ ਸੀ ਹੁਕਮਨਾਮੇ, ਮਾਝੇ, ਮਾਲਵੇ ਅਤੇ ਦੁਆਬ ਦੇ ਨਾਂ।
ਤੁਰੇ ਸੂਰਮੇ ਉਹ, ਲਾਈ ਜਿੰਦ ਲੇਖੇ, ‘ਕੋਮਲ’ ਗੁਰੂ ਦੇ ਨਾਂ ਪੰਜਾਬ ਦੇ ਨਾਂ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

Satnam Singh Komal

# 248, ਅਰਬਨ ਅਸਟੇਟ, ਲੁਧਿਆਣਾ-10

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)