ਤੈਨੂੰ ਬਖਸ਼ਿਆ ਮਾਣ ਗੁਰਾਂ ਨੇ, ਸੁਹਣਾ ਸਿੱਖੀ ਦਾ।
ਹੁਣ ਕਰ ਲੈ ਸਤਿਕਾਰ ਤੂੰ, ਸਿੱਖੀ ਖੰਡਿਓਂ ਤਿੱਖੀ ਦਾ।
ਸਿੱਖਾ ਕਿਉਂ ਸਿੱਖੀ ਤੋਂ ਐਵੇਂ, ਮੁੱਖ ਤੂੰ ਭਵਾਉਨਾ ਏਂ?
ਕੇਸ ਗੁਰੂ ਦੀ ਮੋਹਰ, ਕਿਉਂ ਐਵੇਂ ਕਤਲ ਕਰਾਉਨਾ ਏਂ?
ਤਨ ਆਰੇ ਨੇ ਚੀਰਿਆ, ਵੇਖਿਆ ਸਿੱਖ ਘਬਰਾਇਆ ਨਾ।
ਉਬਲਿਆ ਦੇਗ ਦੇ ਵਿਚ ਦਿਆਲਾ, ਉਸ ਨੇ ਚਿੱਤ ਡੁਲ੍ਹਾਇਆ ਨਾ।
ਸਾਬਤ ਸੂਰਤ ਭੰਨ ਕੇ, ਐਵੇਂ ਮਾਣ ਘਟਾਉਨਾ ਏਂ।
ਕੇਸ ਗੁਰੂ ਦੀ ਮੋਹਰ… … …
ਕੇਸ ਕਟਾ ਕੇ ਰੋਹਬ ਹੈ ਘਟਦਾ, ਦੂਣਾ ਬੰਦੇ ਦਾ।
ਜਾਂਦਾ ਜਨਮ ਗਵਾਚ ਏ, ਕੀਤੇ ਕਰਮ ਜੋ ਮੰਦੇ ਦਾ।
ਕੇਸ ਕਟਵਾ ਕੇ ਕਾਹਨੂੰ, ਆਪਣੀ ਸ਼ਾਨ ਗਵਾਉਨਾ ਏਂ?
ਕੇਸ ਗੁਰੂ ਦੀ ਮੋਹਰ… … …
ਸਜੇ ਜੋ ਕੇਸਾਂ ਨਾਲ ਆਪ ਨੂੰ, ਸਿੱਖ ਅਖਵਾਉਂਦਾ ਏ।
ਕੇਸ ਕਟਾ ਕੇ ਲੱਗਦਾ, ਲਾਲੇ ਦਾ ਪੁੱਤਰ ਜਾਂਦਾ ਏ।
ਕਿਉਂ ਅਨਜਾਣੇ ਸਿੱਖੀ ਦਾ, ਸਬੂਤ ਮਿਟਾਉਨਾ ਏਂ?
ਕੇਸ ਗੁਰੂ ਦੀ ਮੋਹਰ… … …
ਕਵੀ ਕਹੇ ‘ਸਰਹਾਲੀ’ ਝੁਕ ਜੋ, ਪਿਆਰੀ ਸਿੱਖੀ ਨੂੰ।
ਸਾਡੇ ਵੱਡਿਆਂ ਸੀਸ ਝੁਕਾਇਆ, ਏਸ ਨਿਆਰੀ ਸਿੱਖੀ ਨੂੰ।
ਸੱਚਾ ਕਰ ਇਕਰਾਰ, ਮੈਂ ਵੀ ਇਸ ਰਾਹੇ ਆਉਣਾ ਏਂ।
ਕੇਸ ਗੁਰੂ ਦੀ ਮੋਹਰ, ਕਿਉਂ ਐਵੇਂ ਕਤਲ ਕਰਾਉਨਾ ਏਂ?
ਲੇਖਕ ਬਾਰੇ
ਭਾਈ ਨਿਰੰਜਨ ਸਿੰਘ 'ਸਰਹਾਲੀ' ਕਵੀਸ਼ਰੀ ਜਥੇ ਰਾਹੀ ਸਿੱਖ ਪੰਥ ਦਾ ਪ੍ਰਚਾਰ ਕਰ ਰਹੇ ਹਨ।
(ਪਿੰਡ ਤੇ ਡਾਕ. ਸਰਹਾਲੀ, ਤਹਿ. ਜ਼ੀਰਾ (ਫਿਰੋਜ਼ਪੁਰ) 98157-94450)
- ਹੋਰ ਲੇਖ ਉਪਲੱਭਧ ਨਹੀਂ ਹਨ