editor@sikharchives.org
ਖਾਲਸੇ ਦਾ ਹੋਲਾ

ਖਾਲਸੇ ਦਾ ਹੋਲਾ

ਹੱਸ ਹੱਸ ਪੀ ਜਾਂਦੇ, ਜਾਮ ਇਹ ਸ਼ਹਾਦਤਾਂ ਦੇ, ਕੇਸਰੀਏ ਰੰਗ ’ਚ, ਰੰਗਾਇਆ ਇਨ੍ਹਾਂ ਚੋਲਾ ਏ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਚੜ੍ਹਦੀ ਕਲਾ ਦੇ ਨਾਲ, ਹੈਨ ਪਰਨਾਏ ਸਿੰਘ, ਕਲਗੀਆਂ ਵਾਲਾ ਵਿਚ, ਬਣਿਆ ਵਿਚੋਲਾ ਏ।
ਅੰਮ੍ਰਿਤ ਨੂੰ ਛਕ ਇਨ੍ਹਾਂ, ਪਾਇਆ ਦੈਵੀ ਸ਼ਕਤੀਆਂ ਨੂੰ, ਨਾਲੇ ਪਾਇਆ ਨਾਮ ਰੂਪੀ, ਰਤਨ ਅਮੋਲਾ ਏ।
ਹੱਸ ਹੱਸ ਪੀ ਜਾਂਦੇ, ਜਾਮ ਇਹ ਸ਼ਹਾਦਤਾਂ ਦੇ, ਕੇਸਰੀਏ ਰੰਗ ’ਚ, ਰੰਗਾਇਆ ਇਨ੍ਹਾਂ ਚੋਲਾ ਏ।
ਬਿਨਾਂ ਸਿਰ ਤੋਂ ਵੀ ਸਿਰ ਲਾਹੀ ਜਾਂਦੇ ਵੈਰੀਆਂ ਦੇ, ਸੂਰਿਆਂ ਦੀ ਕੌਮ ਸਿਰਲੱਥਿਆਂ ਦਾ ਟੋਲਾ ਏ।
ਖਾਲਸਾ ਨਿਆਰਾ ਤੇ, ਨਿਆਰਾ ਗੁਰੂ ਖਾਲਸੇ ਦਾ, ਸੱਜਣਾਂ ਲਈ ਬਰਫ਼ ਅਤੇ, ਵੈਰੀਆਂ ਲਈ ਸ਼ੋਅਲਾ ਏ।
ਲ਼ੋਕ ਰੰਗ ਡੋਲ੍ਹਦੇ ਨੇ, ਇਹ ਰੱਤ ਡੋਲ੍ਹਦੇ ਨੇ, ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ।

ਹੋਲੇ ਦਾ ਮਹੱਲਾ ਹੈਸੀ, ਹੁੰਦਾ ਮਸਨੂਈ ਹੱਲਾ, ਨਕਲੀ ਨਜ਼ਾਰਾ ਇਕ, ਜੰਗ ਦਾ ਬਣਾਉਂਦੇ ਸੀ।
ਟੁਕੜੀਆਂ ਬਣਾ ਕੇ ਦੋ ਦੋ, ਆਪਣੇ ਹੀ ਸਿੰਘਾਂ ਦੀਆਂ, ਕਲਗੀਆਂ ਵਾਲੇ ਆਪ, ਫੌਜਾਂ ਨੂੰ ਲੜਾਉਂਦੇ ਸੀ।
ਵੱਖੋ ਵੱਖ ਵੇਖਣ ਨੂੰ ਚਿੱਟੀਆਂ ਤੇ ਕੇਸਰੀ ਉਹ, ਦੋਹਾਂ ਤਾਈਂ ਵੱਖੋ ਵੱਖ ਵਰਦੀਆਂ ਪਹਿਨਾਉਂਦੇ ਸੀ।
ਹੋਲਗੜ੍ਹ ਕਿਲ੍ਹੇ ਵਿਚ, ਇਕ ਨੂੰ ਸੀ ਵਾੜ ਦਿੰਦੇ, ਦੂਜੀ ਕੋਲੋਂ ਉਹਦੇ ਉੱਤੇ, ਹਮਲਾ ਕਰਾਉਂਦੇ ਸੀ।
ਬਖਸ਼ਿਸ਼ਾਂ ਦੇ ਨਾਲ ਸੂਰਬੀਰਾਂ ਨੂੰ ਨਿਵਾਜਦੇ ਸੀ, ਦੇ ਕੇ ਸਿਰਪਾਓ ਰੂਪੀ ਪ੍ਰੇਮ ਦਾ ਪਟੋਲਾ ਏ।
ਚੜ੍ਹ ਜਾਂਦਾ ਸੂਹਾ ਰੰਗ ਸਿੰਘਾਂ ਨੂੰ ਬਹਾਦਰੀ ਦਾ, ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ।

ਹਿੰਦੂ ਲੋਕ ਹੋਲਕਾ ਦੀ ਯਾਦ ’ਚ ਮਨਾਉਂਦੇ ਹੋਲੀ, ਦਿੱਤਾ ਜਿਹਨੂੰ ਸ਼ਿਵਾਂ ਨੇ, ਤਲਿਸਮੀ ਪਟੋਲਾ ਸੀ।
ਵਰ ਸੀ ਕਿ ਪਹਿਨ ਕੇ ਜੇ, ਬੈਠ ਜਾਵੇ ਅੱਗ ਵਿਚ, ਸਾੜ ਉਹਨੂੰ ਸਕਦਾ ਨਾ, ਅਗਨੀ ਦਾ ਸ਼ੋਅਲਾ ਸੀ।
ਗੋਦੀ ਵਿਚ ਬਾਲ ਲੈ ਕੇ, ਬੈਠ ਗਈ ਉਹ ਚਿਖ਼ਾ ਵਿਚ, ਕੁਦਰਤ ਦਾ ਖੇਲ ਇੱਕ, ਆਇਆ ਵਾਵਰੋਲਾ ਸੀ।
ਉੱਡਿਆ ਦੁਪੱਟਾ ਜਾ ਕੇ ਪਿਆ ਪ੍ਰਹਿਲਾਦ ਉੱਤੇ, ਪੜ੍ਹ ਦਿੱਤਾ ਭੂਆ ਦਾ ਹੀ, ਕੀਰਤਨ ਸੋਹਲਾ ਸੀ।
ਭਗਤਾਂ ਦੀ ਪੈਜ, ਭਗਵਾਨ ਆਪੇ ਰੱਖਦਾ ਹੈ, ਉਹ ਤਾਂ ਆਪ ਆਪਣਿਆਂ, ਭਗਤਾਂ ਦਾ ਗੋਲਾ ਏ।
ਖਾਲਸਾ ਹੈ ਵਰਦਾਨ ਗੁਰੂ ਦਸਮੇਸ਼ ਜੀ ਦਾ, ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ।

ਗੁਰੂ ਦੀਆਂ ਲਾਡਲੀਆਂ ਫੌਜਾਂ ਜੋ ਨਿਹੰਗ ਸਿੰਘ, ਹਰ ਸਾਲ ਹੋਲੇ ਵਾਲਾ ਕੱਢਦੇ ਮਹੱਲਾ ਨੇ।
ਬੀਰਰਸੀ ਕਰਤਬ, ਦਿਖਾਉਂਦੇ ਨੇ ਬਹਾਦਰੀ ਦੇ,ਘੋੜੇ ਵੀ ਦੁੜਾਉਂਦੇ ਅਤੇ ਪਾਉਂਦੇ ਤਰਥੱਲਾ ਨੇ।
ਤਾਣਾ-ਬਾਣਾ ਇਨ੍ਹਾਂ ਦਾ ਨਿਰਾਲਾ ਹੈ ਜਹਾਨ ਨਾਲੋਂ, ਹਰ ਕੰਮ ਕਰਦੇ ਇਹ ਜੱਗ ਤੋਂ ਅਵੱਲਾ ਨੇ।
ਇੱਕ ਇੱਕ ਸਿੰਘ ਨੂੰ ਇਹ ਸਵਾ ਲੱਖ ਦੱਸਦੇ ਨੇ, ਦਸ ਲੱਖ ਉੱਤੇ ਦਸ ਬੋਲ ਦਿੰਦੇ ਹੱਲਾ ਨੇ।
ਰੰਗਾਂ ਵਿਚ ਰੱਤਾ ਹੋਇਆ, ਮਸਤੀ ’ਚ ਮੱਤਾ ਹੋਇਆ, ਅੰਬਰਾਂ ‘ਚ ਉੱਡਦਾ ਜਿਉਂ ਉਡਣ ਖਟੋਲਾ ਏ।
ਰੰਗਾਂ ਦੇ ਸਰੋਵਰਾਂ ’ਚ ਲਾਉਂਦਾ ਸਦਾ ਤਾਰੀਆਂ ਇਹ, ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ।

ਮਿਰਚ ਨੂੰ ‘ਲੜਾਕੀ’ ਕਹਿੰਦੇ, ਗੰਢੇ ਤਾਈਂ ‘ਧੰਨਾ ਸਿੰਘ’, ਇੰਜਣ ਨੂੰ ‘ਤੇਜਾ ਸਿੰਘ’, ਰੇਲ ਗੱਡੀ ‘ਭੂਤਨੀ’।
ਖਾਂਦੇ ਹੋਣ ਛੋਲੇ ਕਹਿੰਦੇ ਛਕਦੇ  ‘ਬਦਾਮ’  ਸਿੰਘ, ਦੁੱਧ ਨੂੰ ‘ਸਮੁੰਦਰ’  ਤੇ ਚਾਹ ਨੂੰ  ‘ਢਿੱਡ ਫੂਕਨੀ’।
ਪੀਂਦਾ ਹੋਵੇ ਬੀੜੀ ਕੋਈ, ਕਹਿੰਦੇ ‘ਗਧੀ ਚੁੰਘਦਾ ਹੈਂ’, ਪਰ੍ਹਾਂ ਹੋ ਜਾ ਨਹੀਂ ਤਾਂ ਵਜਾ ਦਿਆਂਗੇ ਤੂਤਨੀ!
ਔਖਾ ਹੋਵੇ ਜਿਹੜਾ, ਉਹਨੂੰ ਚਾਹਟਾ ਵੀ ਛਕਾ ਦਿੰਦੇ, ਵੱਡੇ ਖੱਬੀਖਾਨਾਂ ਦੀ ਭੁਲਾ ਦਿੰਦੇ ਭੂਤਨੀ।
ਮਨ ਨੂੰ ਇਹ ਚੜ੍ਹਦੀ ਕਲਾ ’ਚ ਸਦਾ ਰੱਖਦੇ ਨੇ, ਲੋਕਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ ਏ।
ਹਰ ਗੱਲ ਸਿੰਘਾਂ ਦੀ ਨਿਰਾਲੀ ਹੁੰਦੀ ਦੂਜਿਆਂ ਤੋਂ, ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ।

ਹੋਲੇ ਦਾ ਤਿਉਹਾਰ, ਗੁਰੂ ਖਾਲਸੇ ਦੀ ਬੀਰਤਾ ਦਾ, ਚੜ੍ਹਦੀ ਕਲਾ ਤੇ ਨਿਆਰੇਪਣ ਦਾ ਪ੍ਰਤੀਕ ਹੈ।
ਮਾਤਾ ਇਹਦੀ ਸਾਹਿਬ ਕੌਰ, ਪਿਤਾ ਦਸਮੇਸ਼ ਇਹਦਾ, ਖਾਲਸਾ ਅਨੰਦਾਂ ਦੀ ਪੁਰੀ ਦਾ ਵਸਨੀਕ ਹੈ।
ਓਦੋਂ ਤਕ ਗੁਰੂ ਇਹਨੂੰ ਗੁਰੂ, ਤੇਜ ਸਾਰਾ ਬਖਸ਼ਦਾ ਹੈ, ਜੱਗ ਤੋਂ ਨਿਆਰਾ ਸਿੰਘ ਰਹਿੰਦਾ ਜਦੋਂ ਤੀਕ ਹੈ।
ਓਸ  ਵੇਲੇ  ਗੁਰੂ  ਵੀ  ਹੈ  ਛੱਡ  ਦਿੰਦਾ  ਬਾਂਹ  ਇਹਦੀ,  ਜਦੋਂ  ਮਰਯਾਦਾ  ਵਾਲੀ  ਟੱਪ  ਜਾਂਦਾ  ਲੀਕ  ਹੈ।
ਆਪਣਾ ਸਰੂਪ ਗੁਰਾਂ ਬਖਸ਼ਿਆ ਹੈ ਖਾਲਸੇ ਨੂੰ, ਗੁਰੂ ਚੇਲੇ ਵਿਚ ਕੋਈ ਰੱਖਿਆ ਨਾ ਉਹਲਾ ਏ।
‘ਨੂਰ’ ਦਸਤੂਰ ਇਹਦਾ ਵੱਖਰਾ ਹੈ ਜੱਗ ਨਾਲੋਂ, ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ।

ਗੁਰੂ ਸਾਹਿਬਾਨ ਵੇਲੇ ਸਿੱਖ ਸਨ ਭੋਲੇ-ਭਾਲੇ, ਅੱਜਕਲ੍ਹ ਸਿੱਖ ਹੋ ਗਏ ਬੜੇ ਹੁਸ਼ਿਆਰ ਨੇ।
ਬਾਣੀ ਦੇ ਵੀ ਅਰਥ ਮਨ-ਮਰਜ਼ੀ ਦੇ ਕੱਢ ਲੈਂਦੇ, ਵਰਤ ਲੈਂਦੇ ਓਸ ਨੂੰ ਵੀ ਲੋੜ ਅਨੁਸਾਰ ਨੇ।
ਗੁਰਾਂ ਕਿਹਾ ਖਾਲਸਾ ਹੈ ਸੋਈ ਜੋ ਚੜ੍ਹੇ ਤੁਰੰਗ, ਇਹ ਰਹਿੰਦੇ ਸਦਾ ਚੜ੍ਹੇ ਘੋੜੇ ਅਸਵਾਰ ਨੇ।
ਖਾਲਸਾ,ਜੋ ਵੈਰੀ ਸੰਗ, ਨਿੱਤ ਨਿੱਤ ਕਰੇ ਜੰਗ, ਰੱਖਣੇ ਬਚਾ ਕੇ ਆਪਾਂ ਇਹ ਸੰਸਕਾਰ ਨੇ।
ਪੰਥ  ਦਿਆ  ਪਹਿਰੇਦਾਰਾ,  ਕੌਮ  ਦਿਆਂ  ਰਾਖਿਆ  ਵੇ,  ਅੱਜ  ਥੋੜ੍ਹੀ  ਕਰ  ਲੈ  ਸਵੈ  ਦੀ  ਪੜਚੋਲਾ  ਏ।
ਚੜ੍ਹਦੀ ਕਲਾ ’ਚ ਆਖ ‘ਨੂਰ’ ਪੰਥ ਖਾਲਸੇ ਨੇ, ਅਨੰਦਪੁਰ ਜਾ ਕੇ ਤੇ ਮਨਾਉਣਾ ਅੱਜ ਹੋਲਾ ਏ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Karamjit Singh Noor

3/61, ਗਾਰਡਨ ਕਲੌਨੀ, ਜਲੰਧਰ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)