ਸਿੰਘਾ ਜੱਗ ਤੋਂ ਨਿਆਰਾ ਦਸਤੂਰ ਤੇਰੀ ਜ਼ਿੰਦਗੀ ਦਾ,
ਤਾਂਹੀਓਂ ਸਭ ਕਹਿੰਦੇ ਦਸਤਾਰ ਤੇਰੀ ਪੱਗ ਨੂੰ!
ਗੁਰੂ ਦੱਸੇ ਫਰਜ਼ ਨਿਭਾਏ ਜਾਨ ਹੂਲ ਕੇ ਤੂੰ,
ਤਾਂਹੀ ਅੱਜ ਲੱਗੇ ਚੰਨ ਚਾਰ ਤੇਰੀ ਪੱਗ ਨੂੰ!
ਆਰੇ ਨਾਲ ਚੀਰ ਅਤੇ ਦੇਗ ’ਚ ਉਬਾਲ ਕਦੇ,
ਵੈਰੀ ਨੇ ਅਜ਼ਮਾਇਆ ਵਾਰ-ਵਾਰ ਤੇਰੀ ਪੱਗ ਨੂੰ!
ਟੋਟੇ ਕਰਵਾ ਕੇ ਬੱਚੇ ਮੰਨਿਆ ਸੀ ਭਾਣਾ ਉਹਦਾ,
ਇੰਨਾ ਦਿੱਤਾ ਮਾਵਾਂ ਨੇ ਪਿਆਰ ਤੇਰੀ ਪੱਗ ਨੂੰ!
ਵੇਖ ਜਾ ਕੇ ਸਿੰਘਾ ਕਿਤੇ ਗੜ੍ਹੀ ਚਮਕੌਰ ਵਿਚ,
ਸਾਂਭੀ ਬੈਠੇ ਅਜੀਤ ਤੇ ਜੁਝਾਰ ਤੇਰੀ ਪੱਗ ਨੂੰ!
ਕੇਸਾਂ ਸਣੇ ਖੋਪਰੀ ਲੁਹਾ ਕੇ ਤਾਰੂ ਸਿੰਘ ਸੂਰਾ,
ਦੇ ਗਿਆ ਸੀ ਨਵੀਂ ਹੀ ਨੁਹਾਰ ਤੇਰੀ ਪੱਗ ਨੂੰ!
ਤਲੀ ਉੱਤੇ ਸੀਸ ਧਰ ਬਾਬਾ ਦੀਪ ਸਿੰਘ ਜੂਝ,
ਹੋਰ ਗਿਆ ਸੂਰਿਆ ਸ਼ਿੰਗਾਰ ਤੇਰੀ ਪੱਗ ਨੂੰ!
ਸਵਾ-ਸਵਾ ਲੱਖ ਨਾਲ ’ਕੱਲਾ ’ਕੱਲਾ ਲੜ ਕੇ ਵੀ,
ਕੋਈ ਵੀ ਨਾ ਸਕਿਆ ਵੰਗਾਰ ਤੇਰੀ ਪੱਗ ਨੂੰ!
ਸਿਰ ਦੇ ਕੇ ਲਈਆਂ ਜੋ ਤੂੰ ਮੁੱਲ ਸਰਦਾਰੀਆਂ,
ਤਾਂ ਹੀ ਸਭ ਕਹਿੰਦੇ ਸਰਦਾਰ ਤੇਰੀ ਪੱਗ ਨੂੰ!
ਸਿੱਖੀ ਦਿਆ ਵਾਰਸਾ ਕਿਉਂ ਦਿਲ ’ਚੋਂ ਭੁਲਾਇਆ ਹੁਣ,
ਬੜਾ ਕੁਝ ਦਿੱਤਾ ਸੀ ਦਾਤਾਰ ਤੇਰੀ ਪੱਗ ਨੂੰ!
ਵੈਰੀ ਦੀਆਂ ਸਾਜ਼ਿਸ਼ਾਂ ਨੇ ਕੰਡਿਆਂ ਦੀ ਵਾੜ ਵਾਂਗੂੰ,
ਵੇਖੀ ਕਿਤੇ ਆ ਜੇ ਨਾ ਲੰਗਾਰ ਤੇਰੀ ਪੱਗ ਨੂੰ!
ਬਾਣੀ ਅਤੇ ਬਾਣੇ ਵਿਚ ਹੋ ਜਾ ਪਰਪੱਕ ਸਿੰਘਾ,
ਕਰ ਨਾ ਕੋਈ ਜਾਵੇ ਕਿਤੇ ਵਾਰ ਤੇਰੀ ਪੱਗ ਨੂੰ!
‘ਰਾਜੋਕਿਆਂ ਵਾਲਾ’ ਕਹੇ ਲੋੜ ਕੁਰਬਾਨੀਆਂ ਦੀ ਏ,
ਫੇਰ ਰਹੇ ਨੇ ਵੈਰੀ ਲਲਕਾਰ ਤੇਰੀ ਪੱਗ ਨੂੰ!
ਲੇਖਕ ਬਾਰੇ
#1258 ਐਲ-2, ਗਲੀ ਨੰ:7, ਸੁੱਕੇ ਤਲਾਅ ਵਾਲਾ ਬਜ਼ਾਰ, ਗੁਰਨਾਮ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
- ਬਲਬੀਰ ਸਿੰਘ ਰਾਜੋਕਿਆਂ ਵਾਲਾhttps://sikharchives.org/kosh/author/%e0%a8%ac%e0%a8%b2%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%9c%e0%a9%8b%e0%a8%95%e0%a8%bf%e0%a8%86%e0%a8%82-%e0%a8%b5%e0%a8%be%e0%a8%b2%e0%a8%be/December 1, 2010