ਭਾਰਤ ਅੰਦਰ ਜ਼ੁਲਮ ਦਾ, ਪਸਰਿਆ ਅੰਧੇਰ ਸੀ।
ਬੀਮਾਰ ਹੋਈ ਜ਼ਿੰਦਗੀ, ਦੁੱਖਾਂ ਦਾ ਲੱਗਾ ਢੇਰ ਸੀ।
ਦਸਮੇਸ਼ ਦੀ ਤਲਵਾਰ ’ਚੋਂ, ਲਿਸ਼ਕੀ ਨਵੀਂ ਸਵੇਰ ਸੀ।
ਫਿਰ ਖੰਡੇ ਧਾਰ ’ਚੋਂ, ਪੈਦਾ ਹੋਏ ਕਈ ਸ਼ੇਰ ਸੀ।
ਪੰਥ ਖਾਲਸਾ ਗੁਰੂ ਤੋਂ, ਇਕ ਵਿਸਵਾ ਮਹਾਨ ਹੈ।
ਖਾਲਸੇ ਦੀ ਦੁਨੀਆਂ ’ਤੇ, ਵੱਖਰੀ ਹੀ ਸ਼ਾਨ ਹੈ।
ਜੀਵਨ ਗੁਰਾਂ ਨੂੰ ਸੌਂਪ ਕੇ, ਤਿਆਰ ਹੋਇਆ ਖਾਲਸਾ।
ਲੱਖਾਂ ਸਿਰਾਂ ਨੂੰ ਵਾਰ ਕੇ, ਸਰਦਾਰ ਹੋਇਆ ਖਾਲਸਾ।
ਜੰਗਲਾਂ ਤੇ ਮਾਰੂਥਲਾਂ ’ਚ, ਖੁਆਰ ਹੋਇਆ ਖਾਲਸਾ।
ਫੇਰ ਰਾਜ ਭਾਗ ਦਾ, ਹੱਕਦਾਰ ਹੋਇਆ ਖਾਲਸਾ।
ਜਮਰੌਦ ਦੇ ਕਿਲ੍ਹੇ ਵਿਚ, ਸੁੱਤਾ ਪਿਆ ਤੂਫਾਨ ਹੈ।
ਖਾਲਸੇ ਦੀ ਦੁਨੀਆਂ ’ਤੇ, ਵੱਖਰੀ ਹੀ ਸ਼ਾਨ ਹੈ।
ਤੇਜ਼ ਝੱਲਿਆ ਜਾਏ ਨਾ, ਸੂਰਜ ਤੋਂ ਸਿੰਘ ਸਰਦਾਰ ਦਾ।
ਚੰਨ ਵੀ ਦੂਰ-ਦੂਰ ਹੀ, ਅੰਬਰ ’ਚ ਲਿਸ਼ਕਾਂ ਮਾਰਦਾ।
ਲਖਸ਼ ਬੜਾ ਸਾਫ ਹੈ, ਖਾਲਸਾਈ ਕਿਰਦਾਰ ਦਾ।
ਮਜ਼ਲੂਮ ਲਈ ਪਿਆਰ ਦਾ, ਜ਼ਾਲਮ ਲਈ ਤਲਵਾਰ ਦਾ।
ਸੰਸਾਰ ਸਾਰਾ ਖਾਲਸੇ ਤੋਂ, ਹੋ ਰਿਹਾ ਕੁਰਬਾਨ ਹੈ।
ਖਾਲਸੇ ਦੀ ਦੁਨੀਆਂ ’ਤੇ, ਵੱਖਰੀ ਹੀ ਸ਼ਾਨ ਹੈ।
ਚੜ੍ਹਤ ਗੁਰੂ ਦੇ ਸਿੰਘਾਂ ਦੀ, ਤੂਫਾਨਾਂ ਤੋਂ ਵੀ ਵੱਧ ਹੈ।
ਵਿਸ਼ਵ ਦੇ ਇਤਿਹਾਸ ਅੰਦਰ, ਖਾਲਸਾ ਸਿਰਕੱਢ ਹੈ।
ਵੇਖੋ ਸਿੰਘ ਜਾ ਰਹੇ, ਪੀਲੇ ਦਸਤਾਰੇ ਬੰਨ੍ਹ ਕੇ,
ਮਾਨੋ ਰੱਖ ਦੇਣਗੇ, ਪਰਬਤ ਦਾ ਸਿਰ ਭੰਨ ਕੇ।
ਹੈਰਾਨ ਹੋ ਕੇ ਤੱਕ ਰਿਹਾ, ਸਾਰਾ ਹੀ ਹਿੰਦੁਸਤਾਨ ਹੈ।
ਖਾਲਸੇ ਦੀ ਦੁਨੀਆਂ ’ਤੇ, ਵੱਖਰੀ ਹੀ ਸ਼ਾਨ ਹੈ।
ਕੀ ਜੀਵਨ ਧਰਤੀ ’ਤੇ, ਦਿਲ ਦੇ ਕਮੀਣ ਦਾ?
ਖਾਲਸੇ ਨੂੰ ਸ਼ੌਕ ਹੈ, ਜਾਮ-ਏ-ਸ਼ਹਾਦਤ ਪੀਣ ਦਾ।
ਦੇਸ ਅਤੇ ਕੌਮ ਤੋਂ, ਸਿੰਘਾਂ ਨੇ ਜਾਨਾਂ ਰੋਲੀਆਂ।
ਖੁਰਾਕ ਇਨ੍ਹਾਂ ਦੀ ਹੈ, ਤੋਪਾਂ, ਸੰਗੀਨਾਂ, ਗੋਲੀਆਂ।
ਸਭ ਤੋਂ ਉੱਚਾ ਝੂਲਦਾ, ਪਿਆ ਕੇਸਰੀ ਨਿਸ਼ਾਨ ਹੈ।
ਖਾਲਸੇ ਦੀ ਦੁਨੀਆਂ ਤੋਂ, ਵੱਖਰੀ ਹੀ ਸ਼ਾਨ ਹੈ।
ਦੋ ਸਿੰਘਾਂ ਨੇ ਮਿਲ ਕੇ, ਸ਼ਕਤੀ ਵਿਖਾਈ ਆਪਣੀ।
ਲਾਹੌਰ ਦੇ ਹੋ ਸਾਹਮਣੇ, ਹਕੂਮਤ ਚਲਾਈ ਆਪਣੀ।
ਜ਼ੁਲਮ ਨੂੰ ਲਲਕਾਰ ਸੀ, ਮੌਤ ਨੂੰ ਵੰਗਾਰ ਸੀ।
ਫੌਜ ਨਾਲ ਭਿੜਨ ਲਈ, ਖੜ੍ਹੇ ਦੋ ਸਰਦਾਰ ਸੀ।
ਕਰਤਾ ਆਪਣੀ ਰਚਨਾ ’ਤੇ, ਹੋ ਰਿਹਾ ਹੈਰਾਨ ਹੈ।
ਖਾਲਸੇ ਦੀ ਦੁਨੀਆਂ ’ਤੇ, ਵੱਖਰੀ ਹੀ ਸ਼ਾਨ ਹੈ।
ਖਾਲਸੇ ਦਾ ਬੋਲਬਾਲਾ, ਖਾਲਸੇ ਦੇ ਨਾਲ ਹੈ।
ਅੰਮ੍ਰਿਤ ਦੀ ਕਰਾਮਾਤ ਨੇ, ਕੀਤਾ ਬੜਾ ਕਮਾਲ ਹੈ।
ਬਾਕੀ ਜੇਕਰ ਧਰਮ ਦਾ, ਪਿੱਛੇ ਕੋਈ ਨਿਸ਼ਾਨ ਹੈ।
ਸ਼ਹੀਦਾਂ ਵੱਲੋਂ ਹਿੰਦ ਨੂੰ, ਦਿੱਤਾ ਹੋਇਆ ਵਰਦਾਨ ਹੈ।
ਭਾਰਤ ਵਿਚ ਦਸਮੇਸ਼ ਦਾ, ਜਨਮ ਹੀ ਅਹਿਸਾਨ ਹੈ।
ਖਾਲਸੇ ਦੀ ਦੁਨੀਆਂ ’ਤੇ, ਵੱਖਰੀ ਹੀ ਸ਼ਾਨ ਹੈ।
ਜਿਥੇ ਵੀ ਜਾ ਪਹੁੰਚਿਆ, ਕੇਂਦਰ ਬਣਾਇਆ ਆਪਣਾ।
ਸਭ ਤੋਂ ਪਹਿਲਾਂ ਖਾਲਸੇ, ਝੰਡਾ ਝੁਲਾਇਆ ਆਪਣਾ।
ਫਿਰ ਗੁਰਾਂ ਦੇ ਨਾਮ ’ਤੇ, ਲੰਗਰ ਚਲਾਇਆ ਆਪਣਾ।
ਮੁਰਦਾ ਹੋਏ ਦਿਲਾਂ ਨੂੰ, ਅੰਮ੍ਰਿਤ ਛਕਾਇਆ ਆਪਣਾ।
ਖਾਲਸੇ ਦੀ ਘਾਲਣਾ, ਸੰਸਾਰ ’ਚ ਮਹਾਨ ਹੈ।
ਖਾਲਸੇ ਦੀ ਦੁਨੀਆਂ ’ਤੇ, ਵੱਖਰੀ ਹੀ ਸ਼ਾਨ ਹੈ।
ਚਰਨ ਗੁਰੂ ਦੇ ਸਿੱਖ ਦੇ, ਬੰਜਰੀਂ ਵੀ ਜਾ ਪਏ।
ਫਿਰ ਅੰਨ ਤੇ ਧਨ ਦੇ, ਭੰਡਾਰ ਉੱਤੇ ਲੱਗ ਗਏ।
ਬੋਲਬਾਲਾ ਸਿੰਘਾਂ ਦਾ, ਦੇਸਾਂ ਪਰਦੇਸਾਂ ਵਿਚ ਹੈ।
ਪਰ ਆਪਣਾ ਦੇਸ ਇਹਨੂੰ, ਸਮਝਦਾ ਕਿਉਂ ਟਿੱਚ ਹੈ(?)।
ਗੁਣ ਜਦਕਿ ਗਾ ਰਿਹਾ, ਅਮਰੀਕਾ ਤੇ ਇੰਗਲਿਸਤਾਨ ਹੈ।
ਖਾਲਸੇ ਦੀ ਦੁਨੀਆਂ ’ਤੇ, ਵੱਖਰੀ ਹੀ ਸ਼ਾਨ ਹੈ।
ਆਪਣੇ ਇਤਿਹਾਸ ਨੂੰ, ਸਦਾ ਦੁਹਰਾਇਆ ਖਾਲਸੇ।
ਹਰ ਮੈਦਾਨ ਫਤਹਿ ਦਾ, ਡੰਕਾ ਵਜਾਇਆ ਖਾਲਸੇ।
ਵਾਹਿਗੁਰੂ ਦੇ ਨਾਮ ਦਾ, ਜੈਕਾਰਾ ਬੁਲਾਇਆ ਖਾਲਸੇ।
ਜ਼ੁਲਮ ਦੇ ਮਿਟਾਉਣ ਦਾ, ਬੀੜਾ ਉਠਾਇਆ ਖਾਲਸੇ।
ਪੰਥ ਤੋਂ ਮਿਟ ਜਾਣ ਲਈ, ਤਿਆਰ ਨੌਜਵਾਨ ਹੈ।
ਖਾਲਸੇ ਦੀ ਦੁਨੀਆਂ ’ਤੇ, ਵੱਖਰੀ ਹੀ ਸ਼ਾਨ ਹੈ।
ਭੁਲੇਖਾ ਹੈ ਮਨਾਂ ਦਾ, ਖਾਲਸਾ ਝੁਕ ਜਾਏਗਾ।
ਦਰਿਆ ਸਿੱਖੀ ਜੋਸ਼ ਦਾ, ਝੀਲ ’ਚ ਰੁਕ ਜਾਏਗਾ।
ਚੀਰ ਕੇ ਸਮੁੰਦਰਾਂ ਨੂੰ, ਪਾਰ ਹੋਣਾ ਖਾਲਸੇ।
ਜ਼ਾਲਮਾਂ ਦੀ ਹਿਕ ’ਤੇ, ਕਟਾਰ ਹੋਣਾ ਖਾਲਸੇ।
ਜਿਸ ਕੌਮੀ ਜਹਾਜ਼ ਦਾ, ਗੁਰੂ ਗੋਬਿੰਦ ਸਿੰਘ ਕਪਤਾਨ ਹੈ।
ਖਾਲਸੇ ਦੀ ਦੁਨੀਆਂ ’ਤੇ, ਵੱਖਰੀ ਹੀ ਸ਼ਾਨ ਹੈ।
ਖਿੰਡਰੀ ਹੋਈ ਕੌਮ ਨੂੰ, ਇਕਮੁੱਠ ਹੋਣਾ ਚਾਹੀਦਾ।
ਗੁਰੂ ਦੇ ਹਰ ਸਿੱਖ ਨੂੰ, ਇਕਜੁੱਟ ਹੋਣਾ ਚਾਹੀਦਾ।
ਪੰਥ ਦੇ ਹਰ ਹੁਕਮ ’ਤੇ, ਕੁਰਬਾਨ ਹੋਣਾ ਚਾਹੀਦਾ।
ਹੁਣ ਖਾਲਸੇ ਨੂੰ ਹੋਰ ਵੀ, ਬਲਵਾਨ ਹੋਣਾ ਚਾਹੀਦਾ।
‘ਸੁਤੰਤਰ’ ਦੇ ਦਿਲ ਦਾ, ਬਸ ਇੱਕ ਹੀ ਅਰਮਾਨ ਹੈ।
ਖਾਲਸੇ ਦੀ ਦੁਨੀਆਂ ’ਤੇ, ਵੱਖਰੀ ਹੀ ਸ਼ਾਨ ਹੈ।
ਲੇਖਕ ਬਾਰੇ
ਮੁਹੱਲਾ ਗੁਰੂ ਗੋਬਿੰਦ ਸਿੰਘ ਨਗਰ, ਪਠਾਨਕੋਟ (ਜ਼ਿਲ੍ਹਾ ਗੁਰਦਾਸਪੁਰ)-145001
- ਹੋਰ ਲੇਖ ਉਪਲੱਭਧ ਨਹੀਂ ਹਨ