ਦੁਨੀਆਂ ਵਿਚ ਅਨੇਕਾਂ ਵੰਡਾਂ ਹੋਈਆਂ ਨੇ ਤੇ ਅੱਜ ਵੀ ਅਨੇਕਾਂ ਵੰਡਾਂ ਹੋ ਰਹੀਆਂ ਨੇ। ਇਨ੍ਹਾਂ ਵਿੱਚੋਂ ਭਾਰਤ-ਪਾਕਿਸਤਾਨ ਦੀ 1947 ਦੀ ਵੰਡ ਬੜੀ ਹੀ ਅਹਿਮੀਅਤ ਰੱਖਦੀ ਹੈ। ਸਿੱਖਾਂ ਨੇ ਇਸ ਵੰਡ ਵਿਚ ਆਪਣੇ ਘਰ, ਪਰਵਾਰ ਤਾਂ ਗਵਾਏ ਹੀ, ਨਾਲ ਹੀ ਆਪਣੇ ਸਭ ਤੋਂ ਪਿਆਰੇ ਗੁਰੂ-ਅਸਥਾਨਾਂ ਤੋਂ ਵੀ ਦੂਰ ਹੋ ਗਏ। ਹਰ ਪਰਵਾਰ ਨੇ ਆਪਣਾ ਤਨ, ਧਨ ਤੇ ਗਵਾਇਆ ਹੀ, ਨਾਲੇ ਕੁਛ ਵੀ ਆਪਣੇ ਨਾਲ ਨਾ ਲਿਆ ਸਕੇ। ਜੇ ਲਿਆਏ ਤਾਂ ਕੇਵਲ ਇਕ ਖ਼ਜ਼ਾਨਾ, ਜਿਸ ਨੂੰ ਇਨ੍ਹਾਂ ਕੋਲੋਂ ਕੋਈ ਖੋਹ ਨਾ ਸਕਿਆ ਜਿਸ ਨੇ ਇਨ੍ਹਾਂ ਵਿਚ ਪ੍ਰੇਮ-ਪਿਆਰ ਤੇ ਕਾਇਮ ਰੱਖਿਆ ਹੀ, ਨਾਲ ਹੀ ਗੁਰੂ-ਘਰ ਨਾਲ ਜੋੜੀ ਵੀ ਰੱਖਿਆ। ਇਹ ਖ਼ਜ਼ਾਨਾ ਇਨ੍ਹਾਂ ਨੇ ਆਪ ਤੇ ਵਰਤਿਆ ਹੀ ਨਾਲੋ-ਨਾਲ ਦੁਨੀਆਂ ਨੂੰ ਵੀ ਖ਼ੂਬ ਵਰਤਾਇਆ।
ਇਹ ਖ਼ਜ਼ਾਨਾ ਸੀ ਮਾਂ ਬੋਲੀ ਪੰਜਾਬੀ ਦਾ, ਜੋ ਸਾਡੇ ਬਜ਼ੁਰਗਾਂ ਨੇ ਆਪਣੇ ਮਾਪਿਆਂ ਤੋਂ ਲਿਆ ਤੇ ਸਾਨੂੰ ਵਰਤਾਇਆ। ਇਸੀ ਖ਼ਜ਼ਾਨੇ ਰਾਹੀਂ ਇਨ੍ਹਾਂ ਨੇ ਆਪਣੇ ਦੁੱਖ-ਸੁਖ ਵੰਡੇ ਤੇ ਆਪਣੇ ਵਿਰਸੇ ਨੂੰ ਸੰਭਾਲਿਆ। ਇਸੇ ਮਾਂ ਬੋਲੀ ਦੇ ਆਸਰੇ ਹੀ ਅੱਜ ਵੀ ਇਹ ਆਪਣੇ ਸੌਖੇ ਤੇ ਔਖੇ ਦਿਨਾਂ ਨੂੰ ਯਾਦ ਰੱਖਦੇ ਹਨ ਤੇ ਮਹਾਨ ਸਭਿਆਚਾਰ ਅਤੇ ਵਿਰਸੇ ਨੂੰ ਸਾਨੂੰ ਸਿਖਾਇਆ ਕਰਦੇ ਹਨ। ਇਸੇ ਦੇ ਆਸਰੇ ਹੀ ਸਿੱਖੀ ਦੀ ਮਹਾਨ ਸੋਚ ਨੂੰ ਅੱਜ ਤਕ ਜਿਊਂਦਾ-ਜਾਗਦਾ ਰੱਖਿਆ।
ਪਰ ਅਫ਼ਸੋਸ ਕਿ ਅੱਜ ਅਸੀਂ ਆਪਣੇ ਇਸ ਖ਼ਜ਼ਾਨੇ ਤੋਂ ਦੂਰੀ ਸਹੇੜੀ ਜਾ ਰਹੇ ਹਾਂ ਜਿਸ ਦਾ ਸਦਕਾ ਸਾਡੇ ਬੱਚਿਆਂ ਤੋਂ ਨੌਜਵਾਨਾਂ ਨੂੰ ਪੰਜਾਬੀ ਇਕ ਗ਼ਰੀਬ ਅਤੇ ਪੁਰਾਣੀ ਭਾਸ਼ਾ ਲੱਗਣ ਲੱਗ ਪਈ ਹੈ। ਅਸੀਂ ਆਪਣੀ ਨਵੀਂ ਪਨੀਰੀ ਨੂੰ ਇਹ ਦੱਸਣ ਦੀ ਖੇਚਲ ਹੀ ਨਹੀਂ ਕਰਦੇ ਕਿ ਜਿਸ ਨੂੰ ਅੱਜ ਦਾ ਨਵਾਂ (ਮਾਡਰਨ) ਸਮਾਜ ਗ਼ਰੀਬ ਤੇ ਪੁਰਾਣੀ ਭਾਸ਼ਾ ਕਹਿੰਦਾ ਹੈ, ਉਹ ਭਾਸ਼ਾ ਸਾਰੇ ਹੀ ਗੁਣਾਂ ਨਾਲ ਭਰਪੂਰ ਅਤੇ ਸਾਰੀਆਂ ਹੀ ਪ੍ਰਚਲਤ ਭਾਸ਼ਾਵਾਂ ਤੋਂ ਨਵੀਂ ਹੈ।
ਠੀਕ ਹੈ, ਸਮਾਂ ਬਦਲ ਰਿਹਾ ਹੈ ਤੇ ਅੱਜ ਸਾਡੇ ਪਾਸ ਧਨ ਵੀ ਹੈ ਤੇ ਸਮੇਂ ਦੀ ਲੋੜ ਵੀ ਕਿ ਸਾਡੇ ਬੱਚੇ ਚੰਗੇ ਸਕੂਲਾਂ ਵਿਚ ਪੜ੍ਹਨ ਜਿੱਥੇ ਉਹ ਦੁਨੀਆਂ ਦੀ ਚੰਗੀ ਤੋਂ ਚੰਗੀ ਤਾਲੀਮ ਹਾਸਲ ਕਰ ਸਕਣ। ਅੱਜ ਅਸੀਂ ਇਨ੍ਹਾਂ ਕਾਰਜਾਂ ਨੂੰ ਕਰਨ ਲਈ ਬੜੇ ਹੀ ਸੁਚੱਜੇ ਢੰਗ ਨਾਲ ਲੱਗੇ ਹੋਏ ਹਾਂ ਤੇ ਚੰਗਾ ਕਰ ਭੀ ਰਹੇ ਹਾਂ। ਦੂਜੇ ਪਾਸੇ ਅਸੀਂ ਆਪ ਆਪਣੇ ਪੈਰਾਂ ’ਤੇ ਕੁਹਾੜੀ ਮਾਰਦੇ ਹੋਏ, ਮਹਾਨ ਵਿਰਸੇ ਅਤੇ ਨਿਵੇਕਲੇ ਸਭਿਆਚਾਰ ਤੋਂ ਅਵੇਸਲੇ ਹੋ ਰਹੇ ਹਾਂ। ਇਸ ਖ਼ੂਨੀ ਸਭਿਆਚਾਰ ਦਾ ਆਧਾਰ ਸਾਡੀ ਆਪਣੀ ਮਾਂ ਬੋਲੀ ਪੰਜਾਬੀ ਹੀ ਹੈ। ਜਦ ਤਕ ਅਸੀਂ ਆਪਣੇ ਘਰਾਂ ਵਿਚ ਅਤੇ ਚਾਰ- ਚੁਫੇਰੇ ਪੰਜਾਬੀ ਦੀ ਵਰਤੋਂ ਨਹੀਂ ਕਰਾਂਗੇ ਤਦ ਤੋੜੀ ਅਸੀਂ ਆਪਣੀ ਨਵੀਂ ਪਨੀਰੀ ਨੂੰ ਵੀ ਪੰਜਾਬੀ ਦੀ ਵਰਤੋਂ ਦੀ ਆਦਤ ਨਹੀਂ ਪਾ ਸਕਦੇ।
ਅਸੀਂ ਆਪਣੇ ਨਿੱਕੇ-ਨਿੱਕੇ ਬੱਚਿਆਂ ਨੂੰ ਉਨ੍ਹਾਂ ਦੀ ਤੋਤਲੀ ਜ਼ੁਬਾਨ ਵਿਚ ਅੰਗਰੇਜ਼ੀ ਦੀਆਂ ਕਵਿਤਾਵਾਂ ਤਾਂ ਜ਼ਰੂਰ ਯਾਦ ਕਰਾਉਂਦੇ ਹਾਂ ਪਰ ਗੁਰਬਾਣੀ ਦੀਆਂ ਚਾਰ ਸਤਰਾਂ ਵੀ ਦੱਸਣੀਆਂ ਸਾਨੂੰ ਚੇਤੇ ਨਹੀਂ ਰਹਿੰਦੀਆਂ। ਭਾਈ ਤਾਰੂ ਸਿੰਘ ਜੀ ਤੇ ਛੋਟੇ ਸਾਹਿਬਜ਼ਾਦਿਆਂ ਬਾਰੇ ਤਾਂ ਉਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਪਰ ਹਾਲੀਵੁਡ ਤੇ ਬਾਲੀਵੁਡ ਦੇ ਛੋਟੇ-ਛੋਟੇ ਕਿਰਦਾਰਾਂ ਬਾਰੇ ਉਹ ਚੰਗੀ ਤਰ੍ਹਾਂ ਨਾਲ ਜਾਣਦੇ ਤੇ ਸਮਝਦੇ ਹਨ। ਅੱਜ ਸਾਡੀਆਂ ਬੀਬੀਆਂ ਬੱਚਿਆਂ ਨੂੰ ਸਿੱਖੀ ਵਿਰਾਸਤ ਬਾਰੇ ਦੱਸਣ ਵਿਚ ਨਾਕਾਮ ਹਨ। ਇਨ੍ਹਾਂ ਸਭ ਗੱਲਾਂ ਲਈ ਸਾਡਾ ਆਪਣੀ ਪੰਜਾਬੀ ਬੋਲੀ ਤੋਂ ਅਵੇਸਲਾਪਣ ਹੀ ਜ਼ਿੰਮੇਵਾਰ ਹੈ। ਜੇ ਅਸੀਂ ਆਪ ਹੀ ਪੰਜਾਬੀ ਨਾ ਜਾਣਨ ਕਰਕੇ ਗੁਰਮਤਿ ਅਤੇ ਇਤਿਹਾਸ ਬਾਰੇ ਨਹੀਂ ਜਾਣਦੇ ਹੋਵਾਂਗੇ ਤਾਂ ਬੱਚਿਆਂ ਨੂੰ ਕਿੱਦਾਂ ਭਾਈ ਸੁੱਖਾ ਸਿੰਘ, ਭਾਈ ਬੋਤਾ ਸਿੰਘ ਅਤੇ ਭਾਈ ਬਚਿੱਤਰ ਸਿੰਘ ਬਾਰੇ ਦੱਸਦੇ ਹੋਏ ਕਿਵੇਂ ਸਮਝਾਵਾਂਗੇ? ਅਸੀਂ ਉਨ੍ਹਾਂ ਨੂੰ ਕਿਵੇਂ ਸਮਝਾਵਾਂਗੇ ਕਿ ਵਰਤ, ਮੂਰਤੀ ਪੂਜਾ ਤੇ ਸਰਾਧਾਂ ਜਿਹੇ ਬਿਪਰਵਾਦੀ ਕਰਮਕਾਂਡਾਂ ਨਾਲ ਸਿੱਖ ਦਾ ਕੋਈ ਲੈਣ ਦੇਣ ਨਹੀਂ?
ਯਾਦ ਰਹੇ ਅਸੀਂ ਆਪਣੇ ਬੱਚਿਆਂ ਨੂੰ ਕੇਵਲ ਚੰਗੇ ਸਕੂਲਾਂ ਵਿਚ ਪੜ੍ਹਾ, ਵੱਡੇ ਬੰਦੇ (ਮਾਇਆਧਾਰੀ) ਤਾਂ ਬਣਾ ਸਕਦੇ ਹਾਂ ਪਰ ਅਸੀਂ ਉਨ੍ਹਾਂ ਨੂੰ ਚੰਗਾ ਗੁਰਸਿੱਖ ਬਣਾਉਣ ਵਿਚ ਨਾਕਾਮ ਹੋ ਜਾਵਾਂਗੇ। ਜੇ ਬੱਚੇ ਸਿੱਖ ਹੀ ਨਾ ਬਣ ਸਕੇ ਤਾਂ ਸਾਡਾ ਸਾਰਾ ਜੀਵਨ ਹੀ ਖ਼ੁਆਰ ਹੋ ਜਾਣਾ ਹੈ। ਆਪਣਾ ਜੀਵਨ ਆਪ ਹੀ ਸੰਵਾਰਨਾ ਹੈ ਤੇ ਆਉਣ ਵਾਲੇ ਕੱਲ੍ਹ ਨੂੰ ਵੀ ਅੱਜ ਹੀ ਸਾਂਭਣਾ ਹੈ। ਜੇ ਅਸੀਂ ਗੁਰੂ ਦੀਆਂ ਖ਼ੁਸ਼ੀਆਂ ਨੂੰ ਲੋਚਦੇ ਹਾਂ ਤਾਂ ਸਾਨੂੰ ਬੱਚਿਆਂ ਨੂੰ ਜਿੱਥੇ ਵੱਡਾ ਡਾਕਟਰ ਜਾਂ ਇੰਜੀਨੀਅਰ ਬਣਾਉਣ ਲਈ ਵਿਗਿਆਨ ਦੀ ਤਕਨੀਕ ਦੱਸਣੀ ਹੈ, ਉਥੇ ਨਾਲ ਹੀ ਨਾਲ ਗੁਰਮਤਿ ਬਾਰੇ ਵੀ ਜਾਣਕਾਰੀ ਜ਼ਰੂਰ ਦੇਈਏ। ਜਿਸ ਦਾ ਸਦਕਾ ਉਹ ਗੁਰਸਿੱਖ ਡਾਕਟਰ, ਇੰਜੀਨੀਅਰ ਅਤੇ ਵਕੀਲ ਬਣ ਸਕਣ!
ਲੇਖਕ ਬਾਰੇ
124-A/540, Block-II, Govind Nagar, Kanpur-208006
- ਸ. ਮਨਜੀਤ ਸਿੰਘhttps://sikharchives.org/kosh/author/%e0%a8%b8-%e0%a8%ae%e0%a8%a8%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/May 1, 2010