“ਪਿਛਲੀ ਉਮਰੇ ਬੁਢੇਪੇ ਦੀ ਕਮਜ਼ੋਰੀ ਨੇ ਢਾਹ ਲਿਆ ਹੈ। ਮੇਰੇ ਅੰਗ ਤੇ ਨੈਣ ਸ਼ਕਤੀਹੀਣ ਹੋ ਗਏ ਹਨ। ਮੈਂ ਇਕੱਲਾ ਆਇਆ ਸੀ ਤੇ ਇਕੱਲਾ ਹੀ ਜਾ ਰਿਹਾ ਹਾਂ। ਮੈਂ ਆਪਣੇ ਰਾਜ ਵਿਚ ਚੰਗੀ ਹਕੂਮਤ ਨਹੀਂ ਕਰ ਸਕਿਆ ਤੇ ਨਾ ਹੀ ਲੋਕਾਂ ਦਾ ਪਿਆਰ ਜਿੱਤ ਸਕਿਆ ਹਾਂ। ਮੈਂ ਦੁਨੀਆਂ ਵਿਚ ਖਾਲੀ ਹੱਥ ਆਇਆ ਸੀ ਪਰ ਜਾਂਦੀ ਵਾਰੀ ਪਾਪਾਂ ਦਾ ਭਾਰ ਲੈ ਕੇ ਜਾ ਰਿਹਾ ਹਾਂ। ਪਤਾ ਨਹੀਂ ਇਨ੍ਹਾਂ ਗੁਨਾਹਾਂ ਦੀ ਮੈਨੂੰ ਕਿਤਨੀ ਸਜ਼ਾ ਮਿਲੇਗੀ!”
ਅੰਤ ਸਮੇਂ ਉਪਰੋਕਤ ਚਿੱਠੀ ਮੈਂ ਆਪਣੇ ਪੁੱਤਰ ਨੂੰ ਲਿਖੀ ਸੀ।
“ਮੈਂ ਸ਼ਾਹ ਜਹਾਨ ਦਾ ਤੀਸਰਾ ਪੁੱਤਰ ਸੀ। ਮੇਰਾ ਜਨਮ ਅਰਜੰਦ ਬਾਨੂੰ ਜਿਸ ਨੂੰ ਮੁਮਤਾਜ ਬੇਗਮ ਵੀ ਕਿਹਾ ਜਾਂਦਾ ਸੀ, ਦੇ ਉਦਰ ਤੋਂ 3 ਨਵੰਬਰ, 1618 ਈਸਵੀ ਨੂੰ ਦੋਹਦ, ਜ਼ਿਲ੍ਹਾ ਪਾਂਚ ਮਹਾਲ-ਬੰਬਈ ਦੇ ਨਜ਼ਦੀਕ ਹੋਇਆ ਸੀ। ਮੇਰੇ ਪੰਜ ਪੁੱਤਰ- ਸੁਲਤਾਨ ਮੁਹੰਮਦ, ਬਹਾਦਰ ਸ਼ਾਹ, ਮੁਹੰਮਦ ਅਕਬਰ, ਕਾਮ ਬਖ਼ਸ਼ ਤੇ ਚਾਰ ਪੁੱਤਰੀਆਂ- ਜ਼ੇਬੁ ਨਿਸ਼ਾ, ਜੀਨਤ ਨਿਸ਼ਾ, ਬਦੁਰ ਨਿਸ਼ਾ ਅਤੇ ਮੇਹਰੂ ਨਿਸ਼ਾ ਸਨ।
ਜਦੋਂ ਮੈਂ ਛੋਟਾ (ਬੱਚਾ) ਹੀ ਸੀ ਤਾਂ ਮੇਰਾ ਇਕ ਮਿੱਤਰ ਜੋ ਕਿ ਪੰਡਤ ਸੀ, ਨੂੰ ਮੈਂ ਗੱਲਾਂ-ਗੱਲਾਂ ਵਿਚ ਕਿਹਾ ਕਿ ਇਕ ਦਿਨ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਬਣਾਂਗਾ ਤੇ ਤੁਹਾਡੇ ਉੱਤੇ ਰਾਜ ਕਰਾਂਗਾ। ਅੱਗੋਂ ਪੰਡਤ ਨੇ ਮੈਨੂੰ ਤਨਜ਼ ਕਰਦੇ ਕਿਹਾ ਸੀ ਕਿ ਤੂੰ ਆਪਣੇ ਵੱਡੇ ਭਰਾਵਾਂ ਨਾਲੋਂ ਛੋਟਾ ਹੈਂ, ਇਸ ਲਈ ਤੂੰ ਬਾਦਸ਼ਾਹ ਨਹੀਂ ਬਣ ਸਕਦਾ। ਇਹੀ ਤਨਜ਼ ਮੈਨੂੰ ਬਾਦਸ਼ਾਹ ਬਣਾਉਣ ਵਿਚ ਕਾਮਯਾਬ ਹੋਈ।
ਸੰਨ 1635 ਵਿਚ ਪਿਤਾ ਸ਼ਹਿਨਸ਼ਾਹ ਸ਼ਾਹ ਜਹਾਨ ਨੇ ਮੈਨੂੰ ਦਸਹਜ਼ਾਰੀ ਮਨਸਬਦਾਰ ਬਣਾ ਦਿੱਤਾ। ਸੰਨ 1636 ਤੋਂ 1644 ਤਕ ਦੱਖਣ ਦਾ ਸੂਬੇਦਾਰ ਰਿਹਾ। ਸੰਨ 1645 ਵਿਚ ਗੁਜਰਾਤ ਦਾ ਸੂਬੇਦਾਰ ਬਣਾ ਦਿੱਤਾ ਤੇ ਕੁਝ ਸਾਲਾਂ ਬਾਅਦ ਮੈਨੂੰ ਦੁਬਾਰਾ ਦੱਖਣ ਦਾ ਸੂਬੇਦਾਰ ਬਣਾ ਦਿੱਤਾ।
ਜਦ ਮੈਂ ਤਕਰੀਬਨ 40 ਸਾਲ ਦਾ (ਜੂਨ 1658 ਈ. ਨੂੰ) ਹੋਣ ਵਾਲਾ ਸੀ ਤਾਂ ਮੈਂ ਆਪਣੇ ਪਿਤਾ ਸ਼ਾਹ ਜਹਾਨ ਨੂੰ ਆਗਰੇ ਦੇ ਕਿਲ੍ਹੇ ਵਿਚ ਕੈਦ ਕਰ ਲਿਆ ਤੇ 21 ਜੁਲਾਈ 1658 ਈ. ਨੂੰ ਦਿੱਲੀ ਦੇ ਤਖ਼ਤ ’ਤੇ ਜਾ ਬੈਠਾ।
ਦਾਰਾ ਸ਼ਿਕੋਹ ਦਾ ਕਤਲ : ਮੇਰਾ ਛੋਟਾ ਭਾਈ ਮੁਰਾਦ ਜੋ ਤਖ਼ਤ ਦਾ ਅਭਿਲਾਸ਼ੀ ਸੀ, ਉਸ ਨੂੰ ਪਹਿਲਾਂ ਮੈਂ ਇਹ ਸਮਝਾਇਆ ਕਿ ਮੈਂ ਤਖ਼ਤ ਦਾ ਅਭਿਲਾਸ਼ੀ ਨਹੀਂ ਹਾਂ। ਮੈਂ ਬਾਦਸ਼ਾਹਤ ਨਹੀਂ ਚਾਹੁੰਦਾ, ਕੇਵਲ ਕਾਫ਼ਰ ਦਾਰਾ ਨੂੰ ਬਾਦਸ਼ਾਹ ਦੇਖਣਾ ਪਸੰਦ ਨਹੀਂ ਕਰਦਾ ਇਸ ਲਈ ਤੇਰੀ ਸਹਾਇਤਾ ਨਾਲ ਦਾਰਾ ਨੂੰ ਮਾਰ ਕੇ ਤਾਜ ਤੇਰੇ ਸਿਰ ’ਤੇ ਦੇ ਕੇ ਮੈਂ ਮੱਕੇ ਨੂੰ ਚਲਾ ਜਾਵਾਂਗਾ। ਮੁਰਾਦ ਮੇਰੇ (ਦੰਭੀ ਦੇ) ਦਾਅ-ਪੇਚ ਵਿਚ ਫਸ ਗਿਆ ਅਤੇ ਮੇਰੇ ਨਾਲ ਮਿਲ ਕੇ ਆਗਰੇ ਪਾਸ ਫ਼ਤਿਹਬਾਦ ਦੇ ਮੁਕਾਮ ’ਤੇ ਦਾਰਾ ਨੂੰ ਹਾਰ ਦਾ ਕਾਰਨ ਬਣਿਆ। ਰਾਜ ਵਿਚ ਆਪਣਾ ਦਬਦਬਾ ਕਾਇਮ ਰੱਖਣ ਲਈ ਦਾਰਾ ਸ਼ਿਕੋਹ ਨੂੰ ਮੈਂ ਬੁਰੇ ਢੰਗ ਨਾਲ ਮਰਵਾਇਆ। ਫਟੇ-ਪੁਰਾਣੇ ਮੰਗਤਿਆਂ ਵਾਲੇ ਕੱਪੜੇ ਪਹਿਨਾ ਕੇ ਸਾਰੇ ਸ਼ਹਿਰ ਵਿਚ ਉਸ ਦਾ ਹਾਥੀ ਉੱਤੇ ਜਲੂਸ ਕੱਢਿਆ। ਇਕ ਸਤੰਬਰ 1659 ਨੂੰ ਉਸ ਨੂੰ ਕਤਲ ਕਰਵਾ ਦਿੱਤਾ ਅਤੇ ਈਦ ਦੇ ਪਵਿੱਤਰ ਦਿਨ ਦਾਰਾ ਸ਼ਿਕੋਹ ਦਾ ਸਿਰ ਤੋਹਫ਼ੇ ਵਜੋਂ ਪਿਤਾ ਨੂੰ ਪੇਸ਼ ਕੀਤਾ। ਬਾਅਦ ਵਿਚ ਮੁਰਾਦ ਨੂੰ ਵੀ ਗਵਾਲੀਅਰ ਦੇ ਕਿਲ੍ਹੇ ਵਿਚ ਸ਼ਰਾਬੀ ਬਣਾ ਕੇ ਕੈਦ ਕਰਵਾ ਦਿੱਤਾ ਤੇ ਤਿੰਨ ਸਾਲ ਪਿੱਛੋਂ ਉਸ ਉੱਪਰ ਸੱਯਦ ਦੇ ਕਤਲ ਦਾ ਅਪਰਾਧ ਪਵਾ ਕੇ, ਉਸ ਨੂੰ ਵੀ ਕਤਲ ਕਰਵਾ ਦਿੱਤਾ।
ਇਸ ਤਰ੍ਹਾਂ ਪਰਵਾਰ ਨੂੰ ਕੈਦ ਅਥਵਾ ਕਤਲ ਕਰਵਾ ਕੇ ਮੈਂ ‘ਆਲਮਗੀਰ’ ਦਾ ਖ਼ਿਤਾਬ ਧਾਰਨ ਕੀਤਾ। ਮੇਰੀ ਇੱਛਾ ਸੀ ਕਿ ਮੈਂ ਹਿੰਦੁਸਤਾਨ ਦੇ ਸਾਰੇ ਪੰਡਤਾਂ ਤੇ ਹਿੰਦੂਆਂ ਨੂੰ ਮੁਸਲਮਾਨ ਬਣਾ ਕੇ ਉਨ੍ਹਾਂ ’ਤੇ ਰਾਜ ਕਰਾਂ। ਮੈਂ ਇਸ ਤਰ੍ਹਾਂ ਹੀ ਕੀਤਾ। ਬਹੁਤ ਸਾਰੇ ਪੰਡਤਾਂ ਦੇ ਜੰਞੂ ਉਤਰਵਾ ਕੇ ਤੇ ਹਿੰਦੂਆਂ ਨੂੰ ਤੰਗ ਕਰ ਕੇ ਮੈਂ ਆਪਣੇ ਦੀਨੀ ਭਾਈਆਂ ਤੋਂ ‘ਮੋ-ਹੀ-ਉ-ਦੀਨ’ ਦੀ ਪਦਵੀ ਵੀ ਪ੍ਰਾਪਤ ਕਰ ਲਈ।
ਮੈਂ ਸੂਫ਼ੀ ਤੇ ਸ਼ੀਆ ਮੁਸਲਮਾਨਾਂ ’ਤੇ ਬਹੁਤ ਕਹਿਰ ਕੀਤੇ। ਮੈਂ ਸੁੰਨੀ ਮੁਸਲਮਾਨ ਸੀ। ਸੂਫ਼ੀ ਫ਼ਕੀਰ ਸਰਮਦ ਨੂੰ ਵੀ ਮੈਂ ਕਤਲ ਕਰਵਾ ਦਿੱਤਾ ਸੀ। ਮੇਰੇ ਐਸੇ ਕੰਮਾਂ ਕਰਕੇ ਸਾਰੀ ਇਸਲਾਮੀ ਦੁਨੀਆਂ ਮੇਰੇ ਨਾਲ ਬਹੁਤ ਨਰਾਜ਼ ਹੋ ਗਈ। ਫਰਾਂਸ ਦਾ ਹੁਕਮਰਾਨ ਸ਼ਾਹ ਅਬਾਸ ਹਿੰਦੁਸਤਾਨ ਉੱਤੇ ਹਮਲਾ ਕਰਨ ਦੀਆਂ ਧਮਕੀਆਂ ਦੇਣ ਲੱਗਾ। ਮੁਸਲਮਾਨਾਂ ਦਾ ਵਿਰੋਧ ਖ਼ਤਮ ਕਰਨ ਲਈ ਮੈਂ ਕਾਅਬਾ ਸ਼ਰੀਫ (ਮੱਕਾ) ਦੇ ਵੱਡੇ ਮੁਫ਼ਤੀ ਦਾ ਆਸਰਾ ਲਿਆ। ਮੁਫ਼ਤੀ ਵੱਲ ਲੱਖਾਂ ਰੁਪਏ ਨਜ਼ਰਾਨੇ ਵਜੋਂ ਤੇ ਬਹੁਮੁੱਲੇ ਤੋਹਫ਼ੇ ਦੇ ਕੇ ਆਪਣਾ ਸਫ਼ੀਰ ਮੱਕੇ ਭੇਜਿਆ। ਪਰ ਕਾਅਬਾ ਸ਼ਰੀਫ਼ ਦੇ ਵੱਡੇ ਮੁਫ਼ਤੀ ਨੇ (ਮੇਰੇ ਭੇਜੇ ਹੋਏ) ਸਫ਼ੀਰ ਦੇ ਮੱਥੇ ਲੱਗਣਾ ਵੀ ਠੀਕ ਨਾ ਸਮਝਿਆ ਤੇ ਨਾ ਹੀ ਮੇਰਾ ਭੇਜਿਆ ਨਜ਼ਰਾਨਾ ਤੇ ਤੋਹਫ਼ੇ ਪ੍ਰਵਾਨ ਕੀਤੇ। ਮੈਨੂੰ ਬਹੁਤ ਫ਼ਿਕਰ ਹੋਇਆ ਤੇ ਮਨ ਵਿਚ ਸੋਚ ਕੇ ਮੈਂ ਫ਼ੈਸਲਾ ਕੀਤਾ ਕਿ ਮੈਨੂੰ ਸਿੱਧ ਕਰਨਾ ਪਵੇਗਾ ਕਿ ਮੈਂ ਇਸਲਾਮ ਦਾ ਸਭ ਤੋਂ ਵੱਡਾ ਤੇ ਸੱਚਾ ਖ਼ਿਦਮਤਗਾਰ ਹਾਂ। ਮੈਂ ਸਖ਼ਤੀ ਕਰ ਕੇ ਇਥੋਂ ਦੇ ਹਿੰਦੂਆਂ ਨੂੰ ਮੁਸਲਮਾਨ ਬਣਾਵਾਂਗਾ। (Aurangzeb by stanley Lane-Poole, Page 136)
ਸੋ ਮੈਂ ਹਿੰਦੂਆਂ ਉੱਤੇ ਦੁਬਾਰਾ ਜਜ਼ੀਆ ਲਗਾ ਦਿੱਤਾ। ਦੀਵਾਲੀ, ਹੋਲੀ ਆਦਿ ਤਿਉਹਾਰ ਮਨਾਉਣ ਦੀ ਮਨਾਹੀ ਕਰ ਦਿੱਤੀ ਤੇ ਹਿੰਦੁਸਤਾਨ ਦੇ ਕਈ ਮੰਦਰ ਢਾਹੁਣ ਦਾ ਹੁਕਮ ਦੇ ਦਿੱਤਾ। ਗੁਜਰਾਤ ਦੇ ਪ੍ਰਸਿੱਧ ਮੰਦਰ ‘ਕੇਸ਼ਵ’ ਨੂੰ ਢਾਹ ਕੇ ਉਥੇ ਮਸਜਿਦ ਉਸਾਰੀ ਗਈ। ਬਨਾਰਸ ਦਾ ਗੋਪੀ ਨਾਥ ਮੰਦਰ ਤੇ ਅਯੁੱਧਿਆ ਦਾ ਮੰਦਰ ਵੀ ਢਾਹ ਦਿੱਤਾ। ਮੰਦਰਾਂ ਵਿੱਚੋਂ ਉਖਾੜ ਕੇ ਲਿਆਂਦੇ ਬੁੱਤ ਆਗਰੇ ਦੀ ਮਸਜਿਦ ਦੀਆਂ ਪੌੜੀਆਂ ਥੱਲੇ ਦੱਬੇ ਗਏ ਤਾਂ ਕਿ ਮਸਜਿਦ ਵਿਚ ਆਉਂਦੇ-ਜਾਂਦੇ ਨਮਾਜ਼ੀ ਉਨ੍ਹਾਂ ਬੁੱਤਾਂ (ਧਾਰਮਿਕ ਮੂਰਤੀਆਂ) ਨੂੰ ਪੈਰਾਂ ਥੱਲੇ ਲਿਤਾੜ ਕੇ ਉਨ੍ਹਾਂ ਦੀ ਬੇਅਦਬੀ ਕਰ ਸਕਣ।
ਮੈਂ ਰਾਗ-ਵਿੱਦਿਆ ਦਾ ਪੱਕਾ ਵੈਰੀ ਸੀ। ਇਕ ਵਾਰ ਜਜ਼ੀਆ ਮਾਫ਼ ਕਰਾਉਣ ਵਾਸਤੇ ਹਜ਼ਾਰਾਂ ਹਿੰਦੂ ਦਿੱਲੀ ਇਕੱਠੇ ਹੋਏ। ਫਰਿਆਦ ਸੁਣਨ ਦੀ ਥਾਂ ਮੈਂ ਉਨ੍ਹਾਂ ਹਿੰਦੂਆਂ ਉੱਤੇ ਮਸਤ ਹਾਥੀ ਛੁਡਵਾ ਦਿੱਤੇ। ਕਈ ਫਰਿਆਦੀ ਹਾਥੀਆਂ ਦੇ ਪੈਰਾਂ ਹੇਠਾਂ ਕੁਚਲ ਕੇ ਮਰ ਗਏ। ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦੀ ਮੁਹਿੰਮ ਨੂੰ ਮੈਂ ਤੇਜ਼ ਕਰ ਦਿੱਤਾ। ਇਸ ਮੰਤਵ ਦੀ ਪੂਰਤੀ ਲਈ ਮੈਂ ਕਾਜ਼ੀਆਂ ਤੇ ਮੁਲਾਣਿਆਂ ਨੂੰ ਖੁੱਲ੍ਹੇ ਅਖ਼ਤਿਆਰ ਦੇ ਦਿੱਤੇ। ਕਸ਼ਮੀਰ ਵਿਚ ਵਿਦਵਾਨ ਪੰਡਤਾਂ ਦੀ ਗਿਣਤੀ ਵਧੇਰੇ ਸੀ, ਮੈਂ ਸੋਚਿਆ ਜੇ ਇਹ ਵਿਦਵਾਨ ਤਬਕਾ ਮੁਸਲਮਾਨ ਬਣਾ ਲਿਆ ਜਾਵੇ ਤਾਂ ਇਹ ਇਸਲਾਮ ਦੇ ਵੱਡੇ ਪ੍ਰਚਾਰਕ ਸਿੱਧ ਹੋਣਗੇ। ਇਹ ਸੋਚ ਕੇ ਮੈਂ ਬੜੇ ਸਖ਼ਤ ਤੇ ਨਿਰਦਈ ਸ਼ੇਰ ਅਫ਼ਗਾਨ ਖਾਂ ਨੂੰ ਕਸ਼ਮੀਰ ਦਾ ਹਾਕਮ ਥਾਪ ਦਿੱਤਾ। ਸ਼ੇਰ ਅਫ਼ਗਾਨ ਖਾਂ ਦੇ ਜ਼ੁਲਮ ਨੂੰ ਕਸ਼ਮੀਰੀ ਪੰਡਤ ਸਹਿ ਨਾ ਸਕੇ। ਉਹ ਨਿਤਾਣੇ ਹੋ ਗਏ ਤੇ (ਸ੍ਰੀ ਗੁਰੂ) ਤੇਗ ਬਹਾਦਰ (ਜੀ) ਦੀ ਸ਼ਰਨ ਵਿਚ ਚਲੇ ਗਏ ਤੇ ਆਪਣਾ ਦੁੱਖ ਦੱਸ ਕੇ ਮਦਦ ਮੰਗੀ।
(ਸ੍ਰੀ ਗੁਰੂ) ਤੇਗ ਬਹਾਦਰ (ਜੀ) ਨੇ ਪੰਡਤਾਂ ਨੂੰ ਕਿਹਾ ਕਿ ਆਪਣੇ ਹਾਕਮ ਨੂੰ ਕਹਿ ਦੇਵੋ ਕਿ ਜੇ ਹਿੰਦ ਦੇ ਪੀਰ ਨੂੰ ਸਰਕਾਰ ਮੁਸਲਮਾਨ ਕਰ ਲਵੇ ਤਾਂ ਸਾਰੇ ਭਾਰਤ ਦੇ ਹਿੰਦੂ ਮੁਸਲਮਾਨ ਹੋ ਜਾਣਗੇ ਪਰ ਜੇ (ਗੁਰੂ) ਤੇਗ ਬਹਾਦਰ ਮੁਸਲਮਾਨ ਨਾ ਬਣਾਏ ਜਾ ਸਕਣ ਤਾਂ ਨਿਤਾਣੀ ਪਰਜਾ ’ਤੇ ਜ਼ੁਲਮ ਨਾ ਕੀਤਾ ਜਾਵੇ। ਇਸ ’ਤੇ ਮੈਂ ਆਪਣੇ ਹਾਕਮ ਨੂੰ ਕਹਿ ਭੇਜਿਆ ਕਿ ਹਿੰਦ ਦੇ ਪੀਰ ਨੂੰ ਸਮਝਾ ਕੇ, ਲਾਲਚ ਦੇ ਕੇ, ਇਸਲਾਮ ਵਿਚ ਉੱਚੀ ਪਦਵੀ ਦਾ ਵਾਅਦਾ ਕਰ ਕੇ ਮੁਸਲਮਾਨ ਬਣਾ ਲਿਆ ਜਾਵੇ, ਜੇ ਨਾ ਮੰਨਣ ਤਾਂ ਜਿਤਨੀ ਮਰਜ਼ੀ ਸਖ਼ਤੀ ਕੀਤੀ ਜਾਵੇ। ਕੁਝ ਸਮੇਂ ਬਾਅਦ (ਸ੍ਰੀ ਗੁਰੂ) ਤੇਗ ਬਹਾਦਰ (ਜੀ) ਨੂੰ ਕੈਦ ਕਰਨ ਦਾ ਹੁਕਮ ਦੇ ਦਿੱਤਾ ਗਿਆ। ਦਿੱਲੀ ਵਿਖੇ (ਸ੍ਰੀ ਗੁਰੂ) ਤੇਗ ਬਹਾਦਰ (ਜੀ) ਨੂੰ ਲਾਲਚ ਦੇਣ ਤੋਂ ਬਾਅਦ ਡਰਾਉਣ ਦੀ ਖ਼ਾਤਰ ਉਨ੍ਹਾਂ ਨਾਲ ਗ੍ਰਿਫ਼ਤਾਰ ਕੀਤੇ (ਭਾਈ) ਮਤੀ ਦਾਸ (ਜੀ) ਨੂੰ ਪਹਿਲਾਂ ਧਰਮ ਛੱਡਣ ਤੋਂ ਨਾਂਹ ਕਰਨ ’ਤੇ ਉਨ੍ਹਾਂ (ਸ੍ਰੀ ਗੁਰੂ ਤੇਗ ਬਹਾਦਰ ਜੀ) ਦੇ ਸਾਹਮਣੇ ਆਰੇ ਨਾਲ ਚੀਰ ਕੇ ਦੋ-ਫਾੜ ਕੀਤਾ ਗਿਆ। ਫਿਰ (ਭਾਈ) ਦਿਆਲਾ (ਜੀ) ਨੂੰ ਦੇਗ ਵਿਚ ਉਬਾਲ ਕੇ ਸ਼ਹੀਦ ਕੀਤਾ ਗਿਆ। ਜ਼ੁਲਮ ਨੂੰ ਹੋਰ ਵਧਾਉਂਦਿਆਂ ਹੋਇਆਂ ਫਿਰ (ਭਾਈ) ਸਤੀ ਦਾਸ (ਜੀ) ਨੂੰ ਵੀ ਰੂੰ ਦੇ ਵਿਚ ਲਪੇਟ ਕੇ ਜਿਊਂਦਾ ਸਾੜ ਦਿੱਤਾ ਗਿਆ। ਇਨ੍ਹਾਂ ਸਭ ਬੇਕਸੂਰਾਂ ਨੂੰ (ਜੋ ਕਿ ਧਰਮ ਛੱਡਣ ਨੂੰ ਤਿਆਰ ਨਾ ਹੋਏ) (ਗੁਰੂ) ਤੇਗ ਬਹਾਦਰ (ਜੀ) ਦੇ ਸਾਹਮਣੇ ਕਤਲ ਕਰ ਦਿੱਤਾ ਗਿਆ ਤਾਂ ਕਿ ਉਹ ਡਰ ਕੇ ਇਸਲਾਮ ਕਬੂਲ ਕਰ ਲੈਣ। ਉਪਰੰਤ ਕਰਾਮਾਤ ਨਾ ਦਿਖਾਉਣ ਅਤੇ ਇਸਲਾਮ ਕਬੂਲ ਕਰਨ ਤੋਂ ਨਾਂਹ ਕਰਨ ’ਤੇ 11 ਨਵੰਬਰ, ਸੰਨ 1675 ਈ. ਨੂੰ ਚਾਂਦਨੀ ਚੌਂਕ ਵਿਖੇ (ਗੁਰੂ) ਤੇਗ ਬਹਾਦਰ (ਜੀ) ਨੂੰ ਸ਼ਹੀਦ ਕੀਤਾ ਗਿਆ। ਜਲਾਲ-ਉਦੀਨ ਸਮਾਣੇ ਵਾਲੇ ਜੱਲਾਦ ਨੇ ਤਲਵਾਰ ਨਾਲ ਉਸ (ਗੁਰੂ ਜੀ) ਦਾ ਸੀਸ ਧੜ ਨਾਲੋਂ ਵੱਖ ਕਰ ਦਿੱਤਾ। ਇਸ ਤੋਂ ਬਾਅਦ ਮੇਰੇ ਇਸ਼ਾਰੇ ’ਤੇ ਝੂਠੀਆਂ ਕਸਮਾਂ ਖਾ ਕੇ ਉਨ੍ਹਾਂ (ਗੁਰੂ ਤੇਗ ਬਹਾਦਰ ਜੀ) ਦੇ ਸਪੁੱਤਰ (ਗੁਰੂ ਗੋਬਿੰਦ ਸਿੰਘ ਜੀ) ਪਾਸੋਂ ਅਨੰਦਗੜ੍ਹ ਦਾ ਕਿਲ੍ਹਾ ਖਾਲੀ ਕਰਵਾਇਆ। ਉਨ੍ਹਾਂ ਨਾਲ ਵਿਸ਼ਵਾਸਘਾਤ ਕਰ ਕੇ ਚਮਕੌਰ ਦੀ ਜੰਗ ਕੀਤੀ। ਦੋ ਵੱਡੇ ਸਾਹਿਬਜ਼ਾਦੇ ਜੰਗ ਵਿਚ ਪਾਰ (ਸ਼ਹੀਦ) ਕਰ ਦਿੱਤੇ ਤੇ ਦੋ ਨੂੰ ਜ਼ਿੰਦਾ ਨੀਹਾਂ ਵਿਚ ਚਿਣਵਾ ਦਿੱਤਾ ਗਿਆ ਤੇ ਉਸ (ਗੁਰੂ ਜੀ) ਦੇ ਨਾਲ ਦੇ ਕਈ ਸਾਥੀ ਸਿੰਘਾਂ ਨੂੰ ਮਰਵਾ (ਸ਼ਹੀਦ ਕਰ) ਦਿੱਤਾ।
ਆਖ਼ਰੀ ਸਮੇਂ ਜਦੋਂ ਮੈਨੂੰ ਇਹ ਅਹਿਸਾਸ ਹੋ ਗਿਆ ਕਿ ਜੋ ਜੋ ਜ਼ੁਲਮ ਮੈਂ ਆਪਣੀ ਪਰਜਾ ਨਾਲ ਕੀਤੇ ਹਨ, ਉਸ ਦਾ ਹਿਸਾਬ ਚੁਕਾਉਣਾ ਹੀ ਪਵੇਗਾ। ਸੋ ਮੈਂ ਸਾਦਾ ਜੀਵਨ ਬਿਤਾਉਣਾ ਸ਼ੁਰੂ ਕਰ ਦਿੱਤਾ। ਕੁਰਾਨ ਦੀਆਂ ਆਇਤਾਂ ਹੱਥੀਂ ਲਿਖ ਕੇ ਅਤੇ ਟੋਪੀਆਂ ਹੱਥੀਂ ਬਣਾ ਕੇ ਆਪਣਾ ਗੁਜ਼ਾਰਾ ਕਰਨ ਲੱਗ ਪਿਆ। ਮੈਂ ਆਪਣੇ ਪੁੱਤਰਾਂ ਨੂੰ ਵੀ ਇਸ ਸਬੰਧੀ ਚਿੱਠੀ ਲਿਖੀ।
ਸਟੋਰੀਆ ਡੋਮੋ, ਜਿ: 3, ਹਿੱਸਾ 2, ਸਫ਼ਾ 5 ਤੋਂ ਲਿਖੇ ਅਨੁਸਾਰ ਔਰੰਗਜ਼ੇਬ ਕੀ ਤਰਫ਼ ਸੇ:- ਬਹੁਤ ਸੇ ਐਸੇ ਐਹਕਮਾਤ ਭੀ ਦੀਏ ਗਏ ਜਿਸ ਸੇ ਮੇਰੀ ਅਪਨੀ ਮਤਲਬ-ਬਰਾਰੀ ਹੋਤੀ ਥੀ। ਮਸਲਨ ਲੋਗੋਂ ਕੋ ਯਹ ਕਹਾ ਗਿਆ ਕਿ ਬੇਸ਼ਕ ਕਸਮੇਂ ਖਾ ਲੋ ਔਰ ਇਸ ਤਰਹ ਸੇ ਗਿਰਦੋ-ਨਵਾਹ ਕੀ ਸਲਤਨਤੋਂ ਮੇਂ ਬਗ਼ਾਵਤ ਕੀ ਆਗ ਭੜਕਾ ਕਰ ਲੋਗੋਂ ਕੋ ਆਪਣੀ ਤਰਫ਼ ਮਿਲਾ ਲੋ ਔਰ ਜਬ ਕਾਮ ਨਿਕਲ ਆਏ ਤੋ ਦਸ ਫੁਕਰਾ ਕੋ ਖਾਣਾ ਖਿਲਾ ਦੋ, ਔਰ ਕੁਰਾਨ ਕੀ ਹਜ਼ਾਰੋਂ ਕਸਮੇਂ ਖਾ ਕਰ ਭੀ ਤੁਮ ਨੇ ਵਾਅਦੇ ਕਿਉਂ ਨਾ ਕੀਏ ਹੋਂ ਤੁਮ ਸਬ ਸੇ ਬਰੀ ਹੋ ਜਾਉਗੇ।
ਸਟੋਰੀਆ ਡੋਮੋ; ਸਫ਼ਾ 320 ਅਨੁਸਾਰ ਗੋਲਕੰਡਾ ਕੇ ਬਾਦਸ਼ਾਹ ਨੇ ਔਰੰਗਜ਼ੇਬ ਕੀ ਚੜ੍ਹਾਈ ਕੀ ਖ਼ਬਰ ਪਾ ਕਰ ਉਸੇ ਪੈਗ਼ਾਮ ਭੇਜਾ ਕਿ ਆਪ ਜੰਗ ਨਾ ਕਰੇਂ। ਮੈਂ ਅਪਨੇ ਆਪ ਕੋ ਹਜ਼ੂਰ ਕੇ ਦੀਗਰ ਹੁਕਾਮ ਔਰ ਸੂਬੇਦਾਰੋਂ ਕੀ ਤਰਹ ਸਮਝਤਾ ਹੂੰ ਔਰ ਇਸੀ ਹੈਸੀਅਤ ਸੇ ਗੋਲਕੰਡਾ ਪਰ ਕਬਜ਼ਾ ਰਖਨਾ ਚਾਹਤਾ ਹੂੰ। ਇਸ ਕੇ ਜਵਾਬ ਮੇਂ ਮੈਂਨੇ (ਔਰੰਗਜ਼ੇਬ) ਉਸੇ ਕਹਿਲਾ ਭੇਜਾ ਕਿ ਆਪ ਫ਼ਿਕਰ ਮਤ ਕੀਜੀਏ, ਆਪ ਕੀ ਬਾਦਸ਼ਾਹਤ ਕੋ ਕੋਈ ਕੁਛ ਨਹੀਂ ਕਹੇਗਾ। ਹਮ ਸਿਰਫ਼ ਗੁਲਬਰਗ ਤਕ ਜਾਨਾ ਚਾਹਤੇ ਹੈਂ ਜਹਾਂ ਔਲੀਆ ਲੋਗੋਂ ਕੀ ਮਜਾਰੋਂ ਪਰ ਦੁਆ ਕਰਨੇ ਔਰ ਮਿੰਨਤ ਮਾਨਨੇ ਕੀ ਖਾਹਿਸ਼ ਹੈ। ਸ਼ਾਹਿ ਗੋਲਕੰਡਾ ਨੇ ਇਸ ਇਲਫਾਜ਼ ਕੋ ਸਚ ਜਾਨ ਕਰ ਹਮੇਂ ਪਾਂਚ ਲਾਖ ਰੁਪੈ ਮਜਾਰ ਪਰ ਫੁਕਰਾ ਕੋ ਤਕਸੀਮ ਕਰਨੇ ਕੇ ਲੀਏ ਭੇਜੇ ਜਿਸੇ ਵਸੂਲ ਕਰਕੇ ਬਜਾਏ ਗੁਲਬਰਗ ਕੀ ਤਰਫ ਕੂਚ ਕਰਨੇ ਕੇ ਸੀਧੇ ਗੋਲਕੰਡਾ ਕਾ ਰੁਖ਼ ਕੀਆ।
ਗੁਰੂ ਗੋਬਿੰਦ ਸਿੰਘ ਜੀ ਨੇ ਮੈਨੂੰ ਫ਼ਾਰਸੀ ਕਵਿਤਾ ਵਿਚ ਖ਼ਤ ਲਿਖਿਆ। ਇਸ ਖ਼ਤ ਵਿਚ ਉਨ੍ਹਾਂ ਨੇ (ਗੁਰੂ ਗੋਬਿੰਦ ਸਿੰਘ) ਮੈਨੂੰ ਫਿਟਕਾਰਾਂ ਪਾਈਆਂ। ਮੇਰੀਆਂ (ਕਾਲੀਆਂ) ਕਰਤੂਤਾਂ ਦਾ ਭਾਂਡਾ ਭੰਨਿਆ। ਮੈਂ ਜੋ ਇਸਲਾਮ ਦੇ ਨਾਮ ’ਤੇ ਪਰਜਾ ਅਤੇ ਇਨ੍ਹਾਂ (ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਤੇ ਬੇਅੰਤ ਸਿੰਘਾਂ) ਉੱਤੇ ਜੋ ਤਸੀਹੇ ਦਿੱਤੇ ਤੇ ਜ਼ੁਲਮ ਕੀਤੇ, ਬਾਬਤ ਮੈਨੂੰ ਫਿਟਕਾਰ ਪਾਈ। ਖ਼ਤ ਵਿਚ ਸ਼ੇਅਰ 5-6 ਵਿਚ ਔਰੰਗਜ਼ੇਬ ਦੇ ਅਰਥ ਰਾਜ ਸਿੰਘਾਸਨ ਦੀ ਸ਼ੋਭਾ ਦੱਸਦਿਆਂ ਲਿਖਿਆ ਹੈ ਕਿ ਤੈਨੂੰ ਇਹ ਨਾਮ ਸ਼ੋਭਾ ਨਹੀਂ ਦਿੰਦਾ। ਤੇਰੀ ਮਾਲਾ ਦੇ ਮਣਕੇ ਸ਼ਿਕਾਰ ਨੂੰ ਫਸਾਉਣ ਲਈ ਚੋਗਾ ਤੇ ਜਾਲ ਤੋਂ ਸਿਵਾ ਕੁਝ ਨਹੀਂ ਹਨ। ਮੈਂ ਹਿੰਦੁਸਤਾਨ ਦਾ ਬਾਦਸ਼ਾਹ ਹਾਂ, ਕਿਸੇ ਦੀ ਹਿੰਮਤ ਨਹੀਂ ਜੋ ਮੈਨੂੰ ਚੈਲੰਜ ਕਰ ਸਕੇ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਸਭ ਗੱਲਾਂ ਤੇ ਮੇਰੀਆਂ ਕਰਤੂਤਾਂ ਜਿਨ੍ਹਾਂ ਨੂੰ ਮੈਂ ਆਪਣੀ ਕਾਮਯਾਬੀ ਸਮਝਦਾ ਸੀ, ਚਿੱਠੀ ਵਿਚ ਮੇਰੀ ਹਾਰ ਤੇ ਆਪਣੀ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਦਾ ਇਹ ਖ਼ਤ ਪੜ੍ਹਨ ਤੋਂ ਬਾਅਦ ਮੈਂ ਹੇਠਾਂ-ਹੇਠਾਂ ਹੀ ਜਾ ਰਿਹਾ ਹਾਂ।
ਖ਼ਤ (ਜ਼ਫ਼ਰਨਾਮਾ) ਵਿਚ ਪਰਮਾਤਮਾ, ਸੱਚਾ ਧਰਮ ਬਾਬਤ ਲਿਖਿਆ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿਸੇ ਸੰਤ ਨੇ ਇਹ ਖ਼ਤ ਲਿਖਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਹੈ ਕਿ ਉਨ੍ਹਾਂ ਤਲਵਾਰ ਕਿਉਂ ਚੁੱਕੀ:
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।
ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ॥22॥
ਜਦੋਂ ਨੀਤੀ ਜੁਗਤੀ ਦੇ ਸਾਰੇ ਹੀਲੇ-ਚਾਰੇ ਅਸਫ਼ਲ ਹੋ ਜਾਣ ਤਾਂ ਤੇਗ ਦੀ ਵਰਤੋਂ ਜਾਇਜ਼ ਹੈ।
ਇਉਂ ਇਹ ਖ਼ਤ ਸੰਤ-ਸਿਪਾਹੀ ਦਾ ਜਾਪਦਾ ਹੈ ਪਰ ਅੱਗੋਂ ਲਿਖਿਆ ਹੈ ਕਿ ਮੇਰੇ ਨਾਲ 40 ਸਿੰਘ ਸਨ, ਜਿਨ੍ਹਾਂ ਨੇ ਲੱਖਾਂ ਪਹਾੜੀ ਤੇ ਮੁਗ਼ਲ ਸੈਨਿਕਾਂ ਦਾ ਭੁੱਖੇ- ਪਿਆਸੇ ਰਹਿ ਕੇ ਬਹਾਦਰੀ ਨਾਲ ਮੁਕਾਬਲਾ ਕੀਤਾ। ਸੋ ਇਸ ਤਰ੍ਹਾਂ ਜਾਪਦਾ ਹੈ ਕਿ ਖ਼ਤ ਲਿਖਣ ਵਾਲਾ (ਗੁਰੂ ਗੋਬਿੰਦ ਸਿੰਘ) ਸੰਤ-ਸਿਪਾਹੀ ਨਹੀਂ, ਸੰਤ ਜਰਨੈਲ ਹੈ।
ਅੱਗੇ ਲਿਖਿਆ ਹੈ; ਮੈਂ ਨਹੀਂ ਜਾਣਦਾ ਸੀ ਕਿ ਇਹ ਕਸਮਾਂ ਸਹੁੰਆਂ ਤੋੜਨ ਵਾਲਾ ਮਨੁੱਖ (ਔਰੰਗਜ਼ੇਬ) ਮਾਇਆਧਾਰੀ ਤੇ ਬੇ-ਈਮਾਨ ਹੈ:
ਨ ਦਾਨਮ ਕਿ ਈਂ ਮਰਦਿ ਪੈਮਾਂ ਸ਼ਿਕੱਨ।
ਕਿ ਦੌਲਤ-ਪਰੱਸਤ ਅਸਤੁ ਈਮਾਂ-ਫਿਕੱਨ॥45॥
ਐ ਔਰੰਗਜ਼ੇਬ! ਨਾ ਤੂੰ ਧਰਮੀ ਹੈਂ ਤੇ ਨਾ ਹੀ ਦੀਨ ਦੇ ਨੇਮਾਂ ਨੂੰ ਜਾਣਦਾ ਹੈਂ।ਨਾ ਤੈਨੂੰ ਵਾਹਿਗੁਰੂ ਦੀ ਪਛਾਣ ਹੈ ਤੇ ਨਾ ਹੀ ਹਜ਼ਰਤ ਮੁਹੰਮਦ ’ਤੇ ਭਰੋਸਾ ਹੈ:
ਨ ਈਮਾਂ ਪਰਸਤੀ ਨ ਅਉਜ਼ਾੱਇ ਦੀਂ।
ਨ ਸਾਹਿਬ ਸ਼ਨਾਸੀ ਨ ਮੁਹੱਮਦ ਯਕੀਂ॥46॥
ਜੇਕਰ ਇਕੱਲੇ ਆਦਮੀ ’ਤੇ ਲੱਖ ਆਦਮੀ ਵੀ ਹਮਲਾ ਕਰੇ ਤਾਂ ਵਾਹਿਗੁਰੂ ਆਪ ਉਸ ਦੀ ਰਖਵਾਲੀ ਕਰਦਾ ਹੈ:
ਅਗਰ ਬਰ ਯੱਕ ਆਯਦ ਦਹੋ ਦਹ ਹਜ਼ਾਰ।
ਨਿਗਾਹਬਾਨ ਊ ਰਾ ਸ਼ੁਵੱਦ ਕਿਰਦਗਾਰ॥104॥
ਜੇਕਰ ਤੇਰੀ ਨਜ਼ਰ ਆਪਣੀ ਫੌਜ ਅਤੇ ਦੌਲਤ ਵੱਲ ਹੈ ਤਾਂ ਮੇਰਾ ਧਿਆਨ ਅਕਾਲ ਪੁਰਖ ਦੇ ਧੰਨਵਾਦ ਵੱਲ ਹੈ:
ਤੁਰਾ ਗਰ ਨਜ਼ਰ ਹਸਤ ਬਰ ਫ਼ਉਜੋ ਜ਼ਰ।
ਕਿ ਮਾ ਰਾ ਨਿਗਾਹ ਅਸਤ ਯਜ਼ਦਾ ਸ਼ੁਕਰ॥105॥
ਜੇਕਰ ਵਾਹਿਗੁਰੂ ਮਿੱਤਰ ਹੋਵੇ ਤਾਂ ਦੁਸ਼ਮਣ ਕੀ ਕਰ ਸਕਦਾ ਹੈ, ਭਾਵੇਂ ਸੌ ਗੁਣਾ ਵੈਰ ਵੀ ਕਮਾਵੇ:
ਚੁ ਹੱਕ ਯਾਰ ਬਾਸ਼ਦ ਚਿਹਦੁਸ਼ਮਨ ਕੁਨਦ।
ਅਗਰ ਦੁਸ਼ਮਨੀ ਰਾ ਬਸਦ ਤਨ ਕਨਦ॥110॥
ਹਮੀਦ-ਉਦੀਨ ਨੇ ਆਪਣੀ ਪੁਸਤਕ ਦੇ ਪੰਨਾ 183 ’ਤੇ ਕੁਝ ਕਾਗਜ਼ਾਂ ਦੇ ਟੁਕੜੇ ਔਰੰਗਜ਼ੇਬ ਦੇ ਸਿਰਹਾਣੇ ਥੱਲਿਉਂ ਮਿਲਣ ਦਾ ਹਵਾਲਾ ਦੇ ਕੇ ਲਿਖਿਆ ਹੈ:
“ਕੋਈ ਸ਼ੱਕ ਨਹੀਂ ਕਿ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਰਿਹਾ ਹਾਂ ਪਰ ਅਫ਼ਸੋਸ ਹੈ ਕਿ ਕੋਈ ਭਲਾ ਕੰਮ ਨਹੀਂ ਕੀਤਾ। ਮੇਰੀ ਆਤਮਾ ਮੈਨੂੰ ਫਿਟਕਾਰ ਕੇ ਕਹਿ ਰਹੀ ਹੈ ਕਿ ਮੈਂ ਗੁਨਾਹਗਾਰ ਹਾਂ।
“ਮੇਰੀ ਕਬਰ ਦੇ ਨੇੜੇ-ਤੇੜੇ ਕੋਈ ਦਰੱਖ਼ਤ ਨਾ ਲਾਉਣਾ। ਮੇਰੇ ਜੈਸੇ ਪਾਪੀ ਨੂੰ ਕੋਈ ਹੱਕ ਨਹੀਂ ਕਿ ਉਸ ਦੀ ਲਾਸ਼ ਨੂੰ ਦਰੱਖ਼ਤ ਦੀ ਛਾਂ ਆਵੇ। ਰੱਬ ਕਿਸੇ ਨੂੰ ਬਾਦਸ਼ਾਹ ਨਾ ਬਣਾਵੇ! ਬਾਦਸ਼ਾਹ ਦੁਨੀਆਂ ਦਾ ਸਭ ਤੋਂ ਬਦ-ਬਖ਼ਤ ਮਨੁੱਖ ਹੁੰਦਾ ਹੈ। ਮੇਰੀ ਜ਼ਿੰਦਗੀ ਅਜਾਈਂ ਗਈ।”
ਲੇਖਕ ਬਾਰੇ
# 302, ਕਿਦਵਾਈ ਨਗਰ, ਲੁਧਿਆਣਾ
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/June 1, 2007
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/August 1, 2007
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/June 1, 2008
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/July 1, 2008
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/May 1, 2009
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/September 1, 2010