ਜੰਗ ਚਮਕੌਰ ਦੀ ਚੱਲ ਰਹੀ ਭਾਰੀ
ਅਜਬ ਨਜ਼ਾਰਾ ਵੇਖੋ ਇਸ ਜੰਗ ਦਾ ਏ।
ਸਵਾ ਲੱਖ ਨਾਲ ਇੱਕ ਸਿੰਘ ਲੜੀ ਜਾਵੇ,
ਚੀਰ ਵੈਰੀ ਨੂੰ ਸਿੰਘ ਵਿੱਚੋਂ ਦੀ ਲੰਘਦਾ ਏ।
ਮੈਂ ਵੀ ਦੁਸ਼ਮਣਾਂ ਦੇ ਆਹੂ ਲਾਹ ਦੇਣੇ,
ਆਗਿਆ ਪਿਤਾ ਤੋਂ ਅਜੀਤ ਸਿੰਘ ਮੰਗਦਾ ਏ।
ਜੌਹਰ ਜੰਗ ਵਿਚ ਮੈਂ ਵੀ ਦਿਖਾਉਣੇ ਜਾ ਕੇ,
ਤੇਗਾ ਮੇਰਾ ਵੀ ਅੱਜ ਖੂਨ ਪਿਆ ਮੰਗਦਾ ਏ।
ਦਸਮ ਪਿਤਾ ਹੱਥੀਂ ਪੁੱਤਰ ਜੰਗ ਲਈ ਤੋਰ ਦਿੱਤਾ,
ਚੋਲ਼ਾ ਖੂਨ ਨਾਲ ਜੰਗ ਵਿਚ ਆਪਣਾ ਰੰਗਦਾ ਏ।
ਮੁਕਾ ਕੇ ਕਈਆਂ ਨੂੰ ਓੜਕ ਸ਼ਹੀਦ ਹੋਇਆ,
ਲਾੜੀ ਮੌਤ ਤੋਂ ਜ਼ਰਾ ਨਾ ਸੰਗਦਾ ਏ।
ਫਿਰ ਜੁਝਾਰ ਸਿੰਘ ਜੰਗ ਵਿਚ ਜੂਝ ਕੇ ਜੀ,
ਘਸਮਾਨ ਮਚਾਇਆ ਉਸ ਜੰਗ ਦਾ ਏ।
ਵੱਡੇ ਵੀਰ ਵਾਂਗ ਹੀ ਸ਼ਹੀਦੀ ਪਾ ਦਿੱਤੀ,
ਦੇਸ਼ ਧਰਮ ਲਈ ਮਰਨਾ ਨਵੇਂ ਢੰਗ ਦਾ ਏ।
ਦੂਜੇ ਪਾਸੇ ਜਿੰਦਾਂ ਨਿੱਕੀਆਂ ਵੱਡਾ ਸਾਕਾ,
ਕਿੱਦਾਂ ਹੋਇਆ ਦੱਸਾਂ ਸਰਹੰਦ ਦਾ ਏ।
ਧਰਮ ਬਦਲਣ ਲਈ ਸੂਬੇ ਨੇ ਜੋਰ ਲਾਇਆ,
ਸੁਣ ਜਵਾਬ ਨੂੰ ਅੰਦਰੋਂ ਕੰਬਦਾ ਏ।
ਚਿਣ ਦੇਵੋ ਨੀਹਾਂ ਵਿਚ ਬੱਚਿਆਂ ਨੂੰ,
ਹੁਕਮ ਕੀਤਾ ਉਸਾਰਨ ਲਈ ਕੰਧ ਦਾ ਏ।
ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਦੇਖ ਅਡੋਲ ਖੜ੍ਹੇ,
ਹਰ ਕੋਈ ਮੂੰਹ ਵਿਚ ਉਂਗਲਾਂ ਪਾ ਕੇ ਲੰਘਦਾ ਏ।
ਸ਼ਹੀਦੀਆਂ ਵਿਚ ਰੋਹ ਦੇ ਕੌਮ ਆਈ,
ਸਾਕਾ ਭੁੱਲਦਾ ਨਹੀਂ ਸਰਹੰਦ ਦਾ ਏ।
ਲੇਖਕ ਬਾਰੇ
- ਭਾਈ ਬਲਦੇਵ ਸਿੰਘhttps://sikharchives.org/kosh/author/%e0%a8%ad%e0%a8%be%e0%a8%88-%e0%a8%ac%e0%a8%b2%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98/October 1, 2007