editor@sikharchives.org

ਰੱਬੀ ਬੰਦੇ ਰੱਬ ਦਾ ਹੀ ਆਸਰਾ ਰੱਖਦੇ ਹਨ

ਪਾਵਨ ਅਤੇ ਪਵਿੱਤਰ ਗੁਰਬਾਣੀ ਬਹੁਤ ਹੀ ਪਿਆਰ ਨਾਲ ਪੜ੍ਹਨ ਅਤੇ ਸੁਣਨ ਦੇ ਨਾਲ-ਨਾਲ ਜਿਹੜਾ ਵੀ ਕੋਈ ਪਿਆਰਾ ਸਿੱਖ ਆਪਣੀ ਸੁਰਤ ਨੂੰ ਪਵਿੱਤਰ ਸ਼ਬਦ ਵਿਚ ਜੋੜਨ ਦਾ ਯਤਨ ਸ਼ੁਰੂ ਕਰ ਲੈਂਦਾ ਹੈ, ਐਸਾ ਸਿੱਖ ਦੁਨੀਆਂ ਵਿਚ ਵਿਚਰਦਾ ਹੋਇਆ ਆਪਣੇ ਗੁਰੂ ਤੋਂ ਬਗੈਰ ਹੋਰ ਕਿਸੇ ਦਾ ਵੀ ਆਸਰਾ ਨਹੀਂ ਰੱਖਦਾ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਜਿਹੜਾ ਵੀ ਕੋਈ ਗੁਰੂ ਦਾ ਪਿਆਰਾ ਸਿੱਖ ਮਹਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਪਵਿੱਤਰ ਉਪਦੇਸ਼ਾਂ ’ਤੇ ਅਮਲ ਕਰਨ ਦਾ ਅਭਿਆਸ ਸ਼ੁਰੂ ਕਰ ਲੈਂਦਾ ਹੈ, ਐਸੇ ਗੁਰੂ ਕੇ ਪਿਆਰੇ ਸਿੱਖ ਦਾ ਇਸ ਦੀਨ-ਦੁਨੀਆਂ ਵਿਚ ਆਸਰਾ ਹੀ ਗੁਰੂ ਆਪ ਬਣ ਜਾਂਦਾ ਹੈ। ਪਾਵਨ ਅਤੇ ਪਵਿੱਤਰ ਗੁਰਬਾਣੀ ਬਹੁਤ ਹੀ ਪਿਆਰ ਨਾਲ ਪੜ੍ਹਨ ਅਤੇ ਸੁਣਨ ਦੇ ਨਾਲ-ਨਾਲ ਜਿਹੜਾ ਵੀ ਕੋਈ ਪਿਆਰਾ ਸਿੱਖ ਆਪਣੀ ਸੁਰਤ ਨੂੰ ਪਵਿੱਤਰ ਸ਼ਬਦ ਵਿਚ ਜੋੜਨ ਦਾ ਯਤਨ ਸ਼ੁਰੂ ਕਰ ਲੈਂਦਾ ਹੈ, ਐਸਾ ਸਿੱਖ ਦੁਨੀਆਂ ਵਿਚ ਵਿਚਰਦਾ ਹੋਇਆ ਆਪਣੇ ਗੁਰੂ ਤੋਂ ਬਗੈਰ ਹੋਰ ਕਿਸੇ ਦਾ ਵੀ ਆਸਰਾ ਨਹੀਂ ਰੱਖਦਾ। ਐਸੇ ਪਿਆਰੇ ਸਿੱਖ ਨੂੰ ਪਾਵਨ ਗੁਰਬਾਣੀ ਰਾਹੀਂ ਸਮਝ ਪੈ ਜਾਂਦੀ ਹੈ ਕਿ ਅਕਾਲ ਪੁਰਖ ਨੇ ਹੀ ਉਸ ਨੂੰ ਇਸ ਦੁਨੀਆਂ ਵਿਚ ਆਪਣੀ ਜੋਤ ਰਾਹੀਂ ਪੈਦਾ ਕਰ ਕੇ ਭੇਜਿਆ ਹੈ ਅਤੇ ਅਕਾਲ ਪੁਰਖ ਨੇ ਹੀ ਜਿੰਨੇ ਸੁਆਸ ਉਸ ਨੂੰ ਦੇ ਕੇ ਭੇਜੇ ਹਨ, ਜਿਸ ਦਿਨ ਇਨ੍ਹਾਂ ਸੁਆਸਾਂ ਦਾ ਹਿਸਾਬ-ਕਿਤਾਬ ਪੂਰਾ ਹੋ ਗਿਆ, ਉਸ ਦਿਨ ਹੀ ਇਸ ਫਾਨੀ ਸੰਸਾਰ ਵਿੱਚੋਂ ਸਦਾ-ਸਦਾ ਲਈ ਉਸ ਨੇ ਕੂਚ ਕਰ ਕੇ ਚਲੇ ਜਾਣਾ ਹੈ। ਇਸੇ ਕਰਕੇ ਹੀ ਰੱਬੀ ਬੰਦੇ (ਭਗਤ) ਮੌਤ ਦੇ ਖੌਫ ਤੋਂ ਨਹੀਂ ਡਰਦੇ। ਐਸੇ ਗੁਰਸਿੱਖ ਏਸ ਸੰਸਾਰ ਵਿਚ ਰਹਿੰਦੇ ਹੋਏ ਹਮੇਸ਼ਾਂ ਹੀ ਪਰਮਾਤਮਾ ਦੀ ਭੈ-ਭਾਵਨੀ ਵਿਚ ਆਪਣਾ ਜੀਵਨ ਬਤੀਤ ਕਰਦੇ ਹਨ ਅਤੇ ਹੋਰਨਾਂ ਪਿਆਰਿਆਂ ਨੂੰ ਵੀ ਗੁਰਬਾਣੀ ਨਾਲ ਜੋੜ ਕੇ, ਉਨ੍ਹਾਂ ਦੇ ਜੀਵਨ ਨੂੰ ਬਹੁਤ ਹੀ ਅਨੰਦਮਈ ਬਣਾ ਦਿੰਦੇ ਹਨ। ਇਸੇ ਪ੍ਰਥਾਇ ਹੀ ਮਹਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ 14ਵੀਂ ਅਸਟਪਦੀ ਦੀ ਪਹਿਲੀ ਪਉੜੀ ਦੀ ਪਵਿੱਤਰ ਬਾਣੀ ਰਾਹੀਂ ਆਪਣਾ ਬਹੁਤ ਹੀ ਪਿਆਰਾ ਉਪਦੇਸ਼ ਅੰਕਿਤ ਕੀਤਾ ਹੈ:

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥
ਦੇਵਨ ਕਉ ਏਕੈ ਭਗਵਾਨੁ॥ (ਪੰਨਾ 281)

ਮਹਾਨ ਸਤਿਗੁਰੂ ਜੀ ਉਪਦੇਸ਼ ਕਰ ਰਹੇ ਹਨ ਕਿ ਹੇ ਪਿਆਰਿਆ, ਤੂੰ ਏਸ ਦੁਨੀਆਂ ਵਿਚ ਵਿਚਰਦੇ ਹੋਏ ਕਿਸੇ ਵੀ ਮਨੁੱਖ ਦੇ ਆਸਰੇ ’ਤੇ ਨਾ ਰਹੀਂ, ਜਿਸ ਅਕਾਲ ਪੁਰਖ ਨੇ ਤੈਨੂੰ ਇਸ ਦੁਨੀਆਂ ਵਿਚ ਪੈਦਾ ਕੀਤਾ ਹੈ, ਉਸ ਨੇ ਤੇਰਾ ਰਿਜ਼ਕ ਅਤੇ ਤੇਰੇ ਕਰਮ ਵੀ ਨਾਲ ਹੀ ਲਿਖ ਕੇ ਭੇਜੇ ਹਨ। ਪਿਆਰਿਆ, ਤੂੰ ਆਸਰਾ ਸਿਰਫ਼ ਤੇ ਸਿਰਫ਼ ਅਕਾਲ ਪੁਰਖ ਦਾ ਹੀ ਰੱਖੀਂ।

ਜਿਸ ਕੈ ਦੀਐ ਰਹੈ ਅਘਾਇ॥
ਬਹੁਰਿ ਨ ਤ੍ਰਿਸਨਾ ਲਾਗੈ ਆਇ॥ (ਪੰਨਾ 281)

ਪਿਆਰਿਆ, ਤੂੰ ਅਕਾਲ ਪੁਰਖ ਨੂੰ ਬਹੁਤ ਹੀ ਪਿਆਰ ਨਾਲ ਸਦਾ ਯਾਦ ਕਰਦਾ ਹੀ ਰਿਹਾ ਕਰ, ਅਕਾਲ ਪੁਰਖ ਰਾਜਿਆਂ ਦਾ ਰਾਜਾ ਹੈ, ਤੂੰ ਅਕਾਲ ਪੁਰਖ ਨੂੰ ਆਸਰਾ ਬਣਾ ਕੇ ਤਾਂ ਵੇਖ, ਅਕਾਲ ਪੁਰਖ ਤੈਨੂੰ ਸਦਾ-ਸਦਾ ਲਈ ਰਜਾ ਦੇਵੇਗਾ। ਅਕਾਲ ਪੁਰਖ ਦਾ ਆਸਰਾ ਰੱਖਣ ਨਾਲ ਤੇਰੀਆਂ ਸਾਰੀਆਂ ਦੁਨਿਆਵੀ ਤ੍ਰਿਸ਼ਨਾਵਾਂ ਆਪਣੇ ਆਪ ਹੀ ਦੂਰ ਹੋ ਜਾਣਗੀਆਂ।

ਮਾਰੈ ਰਾਖੈ ਏਕੋ ਆਪਿ॥
ਮਾਨੁਖ ਕੈ ਕਿਛੁ ਨਾਹੀ ਹਾਥਿ॥

ਪਿਆਰਿਆ, ਤੂੰ ਦੁਨੀਆਂ ਵਿਚ ਰਹਿੰਦਾ ਹੋਇਆ ਐਵੇਂ ਡਰਦਾ ਹੀ ਨਾ ਫਿਰੀਂ ਕਿ ਮੈਨੂੰ ਕੋਈ ਮਾਰ ਨਾ ਦੇਵੇ! ਯਾਦ ਰੱਖੀਂ, ਮਰਨ ਅਤੇ ਜੀਵਨ ਸਿਰਫ਼ ਅਕਾਲ ਪੁਰਖ ਦੇ ਹੱਥ ਵਿਚ ਹੀ ਹੈ, ਕੋਈ ਵੀ ਮਨੁੱਖ ਕਿਸੇ ਨੂੰ ਨਾ ਮਾਰ ਸਕਦਾ ਹੈ ਅਤੇ ਨਾ ਹੀ ਜਿਵਾ ਸਕਦਾ ਹੈ। ਮੌਤ ਅਤੇ ਜਨਮ ਦੀ ਖੇਡ ਅਕਾਲ ਪੁਰਖ ਨੇ ਆਪਣੇ ਹੀ ਹੱਥ ਵਿਚ ਰੱਖੀ ਹੈ।

ਤਿਸ ਕਾ ਹੁਕਮੁ ਬੂਝਿ ਸੁਖੁ ਹੋਇ॥
ਤਿਸ ਕਾ ਨਾਮੁ ਰਖੁ ਕੰਠਿ ਪਰੋਇ॥

ਪਿਆਰਿਆ, ਜੇ ਤੂੰ ਇਸ ਮਨੁੱਖਾ ਜੀਵਨ ਵਿਚ ਅਤਿ ਸੁਖੀ ਹੋਣਾ ਚਾਹੁੰਦਾ ਹੈਂ ਤਾਂ ਸਦਾ-ਸਦਾ ਲਈ ਅਕਾਲ ਪੁਰਖ ਦੇ ਭਾਣੇ ਵਿਚ ਰਹਿਣਾ ਸਿੱਖ ਲੈ। ਅਕਾਲ ਪੁਰਖ ਦੇ ਹੁਕਮ ਵਿਚ ਰਹਿਣ ਨਾਲ ਤੇਰੇ ਆਤਮਿਕ ਅਤੇ ਸੰਸਾਰਕ ਜੀਵਨ ਵਿਚ ਸੁਖ ਸਦਾ ਲਈ ਵਰਤਦੇ ਹੀ ਰਹਿਣਗੇ। ਪਿਆਰਿਆ, ਤੂੰ ਮਾਲਾ ਦੇ ਮਣਕੇ ਵਾਂਗੂੰ ਅਕਾਲ ਪੁਰਖ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਪਰੋ ਲੈ।

ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ॥
ਨਾਨਕ ਬਿਘਨੁ ਨ ਲਾਗੈ ਕੋਇ॥1॥

ਸਤਿਗੁਰੂ ਜੀ ਸ਼ਬਦ ਦੇ ਅਖ਼ੀਰ ਵਿਚ ਫ਼ਰਮਾ ਰਹੇ ਹਨ ਕਿ ਪਿਆਰਿਆ, ਤੂੰ ਹਰ ਵਕਤ ਵਾਹਿਗੁਰੂ ਨੂੰ ਸਦਾ ਵਾਰ-ਵਾਰ ਸਿਮਰਦਾ ਹੀ ਰਿਹਾ ਕਰ, ਵਾਹਿਗੁਰੂ ਦੇ ਸਿਮਰਨ ਕਰਨ ਨਾਲ ਤੇਰੇ ਹਰ ਤਰ੍ਹਾਂ ਦੇ ਦੁਨਿਆਵੀ ਅਤੇ ਆਤਮਿਕ ਸੰਕਟ ਸਦਾ-ਸਦਾ ਲਈ ਦੂਰ ਹੋ ਜਾਣਗੇ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਮਜੀਠਾ ਰੋਡ, ਅੰਮ੍ਰਿਤਸਰ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)