ਵਿਸ਼ਵ-ਪ੍ਰਸਿੱਧ ਢਾਡੀ, ਨਾਵਲਕਾਰ, ਕਹਾਣੀਕਾਰ, ਵਾਰਤਕਕਾਰ, ਨਾਟਕਕਾਰ, ਗੀਤਕਾਰ ਤੇ ਕਵੀ ਗਿਆਨੀ ਸੋਹਣ ਸਿੰਘ ਸੀਤਲ ਸਫਲ ਸਿੱਖ ਪ੍ਰਚਾਰਕ ਸਨ। ਗੁਰਬਾਣੀ ਸਿੱਖ ਵਿਚਾਰਧਾਰਾ ਤੇ ਇਤਿਹਾਸ ਨੂੰ ਪੜ੍ਹਨਾ-ਸਮਝਣਾ ਤੇ ਪ੍ਰਚਾਰਨਾ ਉਨ੍ਹਾਂ ਦਾ ਜੀਵਨ ਭਰ ਆਦਰਸ਼ ਰਿਹਾ। ਕਿਸਾਨ ਪਰਵਾਰ ’ਚ ਜੰਮੇ-ਪਲੇ ਸੀਤਲ ਜੀ ਨੇ ਸਕੂਲੀ ਪੜ੍ਹਾਈ ਦਸਵੀਂ ਤੀਕ ਪ੍ਰਾਪਤ ਕਰ, ਗਿਆਨੀ ਦਾ ਇਮਤਿਹਾਨ ਨਿੱਜੀ ਪੱਧਰ ’ਤੇ ਪਾਸ ਕੀਤਾ। ਗਿਆਨ-ਪ੍ਰਾਪਤੀ ਦੀ ਅਮੁੱਕ ਜਿਗਿਆਸਾ ਸੀ, ਸੀਤਲ ਜੀ ਦੇ ਵਿਚ! ਸਿੱਖੀ ਸਿਦਕ ਭਰੋਸੇ, ਸਿਰੜ, ਲਗਨ ਤੇ ਮਿਹਨਤ ਸਦਕਾ ਸੀਤਲ ਜੀ ਜੀਵਨ ਭਰ ਪੜ੍ਹਦੇ ਲਿਖਦੇ ਤੇ ਸਿੱਖ ਧਰਮ ਦੇ ਪ੍ਰਚਾਰ-ਪਸਾਰ ਹਿਤ ਜੁਟੇ ਰਹੇ। ਸਫਲ ਸਿੱਖ ਪ੍ਰਚਾਰਕ ਵਾਲੇ ਸਾਰੇ ਗੁਣ ਸੀਤਲ ਜੀ ਨੂੰ ਅਕਾਲ ਪੁਰਖ ਨੇ ਬਖਸ਼ਿਸ਼ ਕੀਤੇ ਸਨ। ਵਿਦਵਾਨ ਲੇਖਕ ਤੇ ਸਫਲ ਬੁਲਾਰੇ ਦੇ ਬਰਾਬਰ ਗੁਣ ਕੁਦਰਤ ਕਿਸੇ-ਕਿਸੇ ਨੂੰ ਹੀ ਬਖਸ਼ਿਸ਼ ਕਰਦੀ ਹੈ, ਨਹੀ ਤਾਂ ਆਮ ਕਰਕੇ ਲੇਖਕ ਸਫਲ ਬੁਲਾਰੇ ਨਹੀਂ ਹੁੰਦੇ ਅਤੇ ਸਫਲ ਬੁਲਾਰੇ ਪ੍ਰਵਾਨਤ ਲੇਖਕ ਨਹੀਂ ਹੁੰਦੇ। ਸੀਤਲ ਜੀ ਇਸ ਪੱਖ ਤੋਂ ਭਾਗਸ਼ਾਲੀ ਸਨ ਕਿ ਉਨ੍ਹਾਂ ਕੋਲ ਦੋਵੇਂ ਗੁਣ ਭਰਪੂਰ ਸਨ। ਸਫਲ ਬੁਲਾਰੇ ਵਾਸਤੇ ਨਿੱਜੀ ਸ਼ਖ਼ਸੀਅਤ, ਬੋਲਣ ਦਾ ਵਿਸ਼ਾ, ਵਿਸ਼ੇ ’ਤੇ ਬੋਲਣ ਦੀ ਥਾਂ ਤੇ ਸਰੋਤਿਆਂ ਦੀ ਪੱਧਰ ਅਤੇ ਗਿਣਤੀ ਪ੍ਰਭਾਵਿਤ ਕਰਦੀ ਹੈ। ਨਿੱਜੀ ਸ਼ਖ਼ਸੀਅਤ ’ਚ ਬੁਲਾਰੇ ਦਾ ਕੱਦ, ਸਿਹਤ, ਅਵਾਜ਼, ਪਹਿਰਾਵਾ, ਖਾਣ-ਪੀਣ, ਸਵੈ-ਵਿਸ਼ਵਾਸ, ਆਪਣੇ ਬੋਲਾਂ ’ਤੇ ਭਰੋਸਾ ਅਤੇ ਅਭਿਆਸ, ਭਾਸ਼ਾ-ਸ਼ੈਲੀ, ਸਰੋਤਿਆਂ ਦੇ ਪੱਧਰ ਨੂੰ ਦੇਖਣ-ਸਮਝਣ ਦੀ ਪ੍ਰਤਿਭਾ, ਯਾਦਦਾਸ਼ਤ, ਸਮੇਂ ਦੀ ਪਾਬੰਦੀ, ਹਰਕਤਾਂ ਆਦਿ ਗੁਣ ਸ਼ਾਮਲ ਹਨ। ਇਸ ਤੋਂ ਇਲਾਵਾ ਜੀਵਨ-ਜਾਂਚ ’ਚ ਸੱਚ ਦੇ ਸਦ-ਉਪਯੋਗ ਆਦਿ ਗੁਣ ਵੀ ਬੁਲਾਰੇ ਦੀ ਸ਼ਖਸੀਅਤ ਨੂੰ ਪ੍ਰਭਾਵਿਤ ਕਰਦੇ ਹਨ। ਨਿੱਜੀ ਰੂਪ ’ਚ ਗਿਆਨੀ ਸੋਹਣ ਸਿੰਘ ਜੀ ਸੀਤਲ ਨੂੰ ਮੈਂ ਨੇੜਿਉਂ ਦੇਖਿਆ, ਸੁਣਿਆ ਤੇ ਪੜ੍ਹਿਆ ਹੈ। ਉਨ੍ਹਾਂ ਨੇ ਉਪਰੋਕਤ ਗੁਣਾਂ ਅਨੁਸਾਰ ਆਪਣੇ ਜੀਵਨ ਨੂੰ ਢਾਲਿਆ ਹੋਇਆ ਸੀ। ਗੁਰੂ-ਕਿਰਪਾ ਸਦਕਾ ਉਨ੍ਹਾਂ ਦਾ ਕੱਦ ਲੰਮੇਰਾ, ਸਾਫ ਰੰਗ, ਸਫੈਦ ਬਸਤਰ, ਨੀਲੀ ਦਸਤਾਰ, ਸਫੈਦ ਨਿਰਮਲ ਦਾਹੜਾ, ਰਹਿਣ-ਸਹਿਣ-ਬੋਲ-ਚਾਲ ਅਤੇ ਖਾਣ-ਪੀਣ ਉਨ੍ਹਾਂ ਦੀ ਨਿਵੇਕਲੀ ਸ਼ਖ਼ਸੀਅਤ ਨੂੰ ਨਿਖੇੜਦਾ ਸੀ। ਉਨ੍ਹਾਂ ਦੇ ਬੋਲਾਂ ’ਚ ਪੂਰਨ ਸਵੈ-ਵਿਸ਼ਵਾਸ ਸੀ। ਸੀਤਲ ਜੀ ਤਿੰਨ ਭੈਣਾਂ ਦੇ ਇਕਲੋਤੇ ਭਾਈ ਸਨ। ਇਨ੍ਹਾਂ ਦੇ ਮਾਤਾ-ਪਿਤਾ ਸ਼ਾਂਤ ਤੇ ਸੰਤੋਖੀ ਸੁਭਾਅ ਦੇ ਮਾਲਕ ਸਨ। ਸਿੱਖੀ ਇਨ੍ਹਾਂ ਦੇ ਪਰਵਾਰ ਵਿਚ ਰੋਮ-ਰੋਮ ’ਚ ਸਮੋਈ ਹੋਈ ਸੀ। ਪਹਿਲਾਂ-ਪਹਿਲ ਇਕ ਭੈੜਾ ਰਿਵਾਜ ਸੀ ਕਿ ਛੋਟੇ ਲੜਕੇ ਦੇ ਕੇਸਾਂ ਦੀ ਇਕ ਲਿਟ ਕੈਂਚੀ ਨਾਲ ਕੱਟ ਕੇ ਤਵੀਤ ਬਣਾ ਉਸ ਦੇ ਗਲੇ ਵਿਚ ਪਾ ਦਿੱਤਾ ਜਾਂਦਾ ਸੀ ਤਾਂ ਕਿ ਭੈੜੀ ਨਜ਼ਰ ਨਾ ਲੱਗੇ। ਸੀਤਲ ਜੀ ਦੀ ਮਾਤਾ ਨੂੰ ਵਡੇਰੀ ਉਮਰ ਦੀਆਂ ਮਾਤਾਵਾਂ ਨੇ ਸਲਾਹ ਦਿੱਤੀ ਕਿ ਇਸ ਦੇ ਕੇਸਾਂ ਦੀ ਇਕ ਲਿਟ ਕੱਟ ਦਿੱਤੀ ਜਾਵੇ, ਪਰ ਉਨ੍ਹਾਂ ਦੀ ਮਾਤਾ ਦਾ ਜਵਾਬ ਸੀ – ਨਹੀਂ ਬੇਬੇ! ਮੈਂ ਆਪਣੇ ਹੱਥੀਂ ਪੁੱਤਰ ਦੇ ਸੁੱਚੇ ਕੇਸ ਜੂਠੇ ਨਹੀ ਕਰਨੇ। ਇਸ ਦਾ ਗੁਰੂ ਮਹਾਰਾਜ ਰਾਖਾ। ਸੀਤਲ ਜੀ ’ਤੇ ਉਨ੍ਹਾਂ ਦੀ ਮਾਤਾ ਦੇ ਸਿੱਖੀ-ਸਿਦਕ ਭਰੋਸੇ ਦਾ ਅਸਰ ਸੀ ਕਿ ਉਨ੍ਹਾਂ ਆਖਰੀ ਸਾਹਾਂ ਤੀਕ ਕੇਸ ਸੁੱਚੇ ਰੱਖੇ ਤੇ ਕੇਸਾਂ ਨੂੰ ਸਭ ਤੋਂ ਪਵਿੱਤਰ ਮੰਨਿਆ, ਸਤਿਕਾਰਿਆ ਤੇ ਪ੍ਰਗਟਾਇਆ। ਸੀਤਲ ਜੀ ਦਾ ਨਿਸ਼ਚਾ ਸੀ ਕਿ ਕੇਸ ਸਰੀਰ ਦੇ ਸਭ ਤੋਂ ਪਵਿੱਤਰ ਅੰਗ ਹਨ ਤੇ ਇਨ੍ਹਾਂ ਦੀ ਬੇਅਦਬੀ ਕਰਨਾ ਸਿਰਜਨਹਾਰ ਦੀ ਨਿਰਾਦਰੀ ਕਰਨ ਦੇ ਬਰਾਬਰ ਹੈ।
ਸੀਤਲ ਜੀ ਵਿਸ਼ਵ ਧਰਮਾਂ ਦੇ ਜਾਣਕਾਰ, ਸਿੱਖ ਧਰਮ ਦੇ ਗਿਆਤਾ ਤੇ ਗੁਰਬਾਣੀ ਦੇ ਅਭਿਆਸੀ ਸਨ। ਗੁਰਬਾਣੀ-ਗੁਰਮਤਿ ਵਿਚਾਰਧਾਰਾ ਅਨੁਸਾਰ ਸਿੱਖ ਇਤਿਹਾਸ ਨੂੰ ਉਹ ਇਤਿਹਾਸ ਮੰਨਦੇ ਸਨ, ਬਾਕੀ ਕਥਾ-ਕਹਾਣੀਆਂ ਵਿਚਾਰਾਂ ਦੀ ਸਰਲਤਾ-ਸਪੱਸ਼ਟਤਾ ਤੇ ਪੇਸ਼ਕਾਰੀ ’ਚ ਉਹ ਨਿਪੁੰਨ ਸਨ। ਗੁਰਬਾਣੀ ਦੇ ਸ਼ੁੱਧ ਪ੍ਰਮਾਣ-ਇਤਿਹਾਸਕ ਸੱਚਾਈਆਂ ਨੂੰ ਉਹ ਐਸੇ ਤਰਤੀਬਵਾਰ ਰੋਚਕ ਢੰਗ ਨਾਲ ਸੁਣਾਉਂਦੇ ਸਨ ਕਿ ਸ੍ਰੋਤੇ ਮੰਤਰ-ਮੁਗਧ ਹੋ ਜਾਂਦੇ ਸਨ।
ਪ੍ਰਚਾਰਕ ਵਾਸਤੇ ਇਹ ਜ਼ਰੂਰੀ ਹੈ ਕਿ ਕਹਿਣੀ ਕਥਨੀ ਤੇ ਕਰਨੀ ਦਾ ਸੂਰਮਾ ਹੋਵੇ। ਜਿਸ ਵਿਚਾਰਧਾਰਾ ਦਾ ਉਹ ਪ੍ਰਚਾਰ ਕਰਦਾ ਹੈ ਉਸ ਨੂੰ ਉਸ ਵਿਚਾਰਧਾਰਾ ਨੂੰ ਰੋਮ-ਰੋਮ ਮੰਨਦੇ ਹੋਣਾ ਤੇ ਉਸ ਦਾ ਧਾਰਨੀ ਹੋਣਾ ਜ਼ਰੂਰੀ ਹੈ। ਗੁਰਬਾਣੀ ਦੇ ਸੀਤਲ ਜੀ ਨੇਮੀ ਵੀ ਸਨ ਤੇ ਪ੍ਰੇਮੀ ਵੀ। ਉਨ੍ਹਾਂ ਨੂੰ ਅਕਾਲ ਪੁਰਖ ਤੇ ਗੁਰਬਾਣੀ ’ਚ ਅਟੁੱਟ ਭਰੋਸਾ ਸੀ। ਸਵੈਮਾਣ ਤੇ ਨਿਮਰਤਾ ਪ੍ਰਚਾਰਕਾਂ ਦੇ ਗਹਿਣੇ ਹਨ। ਸੀਤਲ ਜੀ ਦੇ ਬੋਲ ਸਨ, ਗੁਰੂ ਕਿਰਪਾ ਕਰੇ ਮੈਂ ਕੌਮ ਦੇ ਪ੍ਰਚਾਰਕ ਵਜੋਂ ਹੀ ਸੰਸਾਰ ਤੋਂ ਅਲਵਿਦਾ ਹੋਵਾਂ! ਸੀਤਲ ਜੀ ਹਉਮੈ-ਹੰਕਾਰ ਤੋਂ ਸੁਚੇਤ ਤੇ ਸੁਤੰਤਰ ਸਨ-ਬਾਬਾ ਕਬੀਰ ਜੀ ਦੀ ਇਹ ਪੰਗਤੀ ਉਹ ਆਮ ਕਰਕੇ ਦੁਹਰਾਉਂਦੇ ਸਨ :
ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ॥
ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ॥ (ਪੰਨਾ 1366)
ਉਨ੍ਹਾਂ ਦੇ ਕਹਿਣ ਦਾ ਭਾਵ ਕਿ ਸਾਨੂੰ ਯਤਨਸ਼ੀਲ ਰਹਿਣਾ ਚਾਹੀਦਾ ਹੈ, ਕਿ ਅਸੀਂ ਚੰਗੇ ਆਚਰਨ, ਚੰਗੀ ਰਹਿਣੀ ਬਹਿਣੀ ਦੇ ਧਾਰਨੀ ਹੋਈਏ ਤਾਂ ਕਿ ਅਸੀਂ ਜੀਵਨ ਰੂਪੀ ਚਾਦਰ ਨੂੰ ਸਾਫ-ਸੁਥਰੀ ਰੱਖ ਸਕੀਏ–ਨਹੀਂ ਤਾਂ ਪਤਾ ਨਹੀਂ ਕਿਸ ਸਮੇਂ ਦਿਮਾਗ ਖਰਾਬ ਹੋ ਜਾਵੇ ਤੇ ਜੀਵਨ ਦਾਗੀ ਹੋ ਜਾਵੇ!
ਪ੍ਰਚਾਰਕ ਵਾਸਤੇ ਰੋਜ਼ਾਨਾ ਪੜ੍ਹਨਾ ਜ਼ਰੂਰੀ ਹੈ। ਜੇਕਰ ਉਹ ਇਸ ਗੁਣ ਦਾ ਧਾਰਨੀ ਨਹੀਂ ਤਾਂ ਉਹ ਰੋਜ਼ਾਨਾ ਕੁਝ ਗਵਾ ਰਿਹਾ ਹੈ। ਸੀਤਲ ਜੀ ਆਖਰੀ ਸਮੇਂ ਤੀਕ ਪੜ੍ਹਦੇ ਤੇ ਲਿਖਦੇ ਰਹੇ। ਇਹੀ ਕਾਰਨ ਹੈ ਕਿ ਉਹ ਆਪਣੀ ਨਜ਼ਰ ਬਾਰੇ ਬਹੁਤ ਸੁਚੇਤ ਸਨ। ਪ੍ਰਚਾਰਕ ਤਾਂ ਸਫਲ ਹੋ ਸਕਦਾ ਹੈ, ਜੇਕਰ ਉਹ ਸਰੋਤਿਆਂ ਦੇ ਚਿਹਰਿਆਂ ਨੂੰ ਪੜ੍ਹ ਸਕੇ। ਸੀਤਲ ਜੀ ਨੂੰ ਇਕ ਵਾਰ ਮੈਂ ਪੁੱਛਿਆ ਕਿ ਤੁਸੀਂ ਇੰਨਾ ਕੁਝ ਕਿਵੇਂ ਯਾਦ ਰੱਖਦੇ ਹੋ? ਤਾਂ ਉਨ੍ਹਾਂ ਕਿਹਾ ਕਿ ਮੈਂ ਆਪਣੇ ਸਰੋਤਿਆਂ ਦੇ ਚਿਹਰਿਆਂ ਤੋਂ ਪੜ੍ਹਦਾ ਹਾਂ ਕਿ ਉਹ ਕੀ ਸੁਣਨਾ ਲੋਚਦੇ ਹਨ। ਉਨ੍ਹਾਂ ਦਾ ਕਥਨ ਹੈ, ਕਿ ਇਕ ਕਿਤਾਬ ਲਿਖਣ ਵਾਸਤੇ ਘੱਟੋ-ਘੱਟ ਸੌ ਕਿਤਾਬ ਪੜ੍ਹਨੀ ਪੈਂਦੀ ਹੈ। ਅੰਦਾਜ਼ਾ ਲਗਾਉ ਕਿ ਉਨ੍ਹਾਂ ਕਿਤਨਾ ਪੜ੍ਹਿਆ ਹੋਵੇਗਾ ਕਿ ਸੌ ਤੋਂ ਵਧੇਰੇ ਉਨ੍ਹਾਂ ਪੁਸਤਕਾਂ ਲਿਖੀਆਂ ਹਨ।
ਸੀਤਲ ਜੀ ਪੰਜਾਬੀ, ਉਰਦੂ, ਅੰਗ੍ਰੇਜ਼ੀ, ਹਿੰਦੀ ਤੇ ਸੰਸਕ੍ਰਿਤ ਭਾਸ਼ਾ ਦੇ ਗਿਆਤਾ ਸਨ। ਉਨ੍ਹਾਂ ਨੇ ਖੂਬ ਪੜ੍ਹਿਆ ਅਤੇ ਪ੍ਰਚਾਰਿਆ ਹੈ। ਉਹ ਇਸ ਵਿਸ਼ਵਾਸ ਦੇ ਧਾਰਨੀ ਸਨ ਕਿ ਆਪਣੇ ਧਰਮ ਦੀ ਵਿਲੱਖਣਤਾ ਸਥਾਪਤ ਕਰਨ ਵਾਸਤੇ ਦੂਸਰੇ ਧਰਮਾਂ ਦੀ ਜਾਣਕਾਰੀ ਜ਼ਰੂਰੀ ਹੈ। ਦੂਸਰੇ ਧਰਮਾਂ ਦਾ ਗਿਆਨ ਪ੍ਰਚਾਰਕਾਂ ਵਾਸਤੇ ਬੇਹੱਦ ਜ਼ਰੂਰੀ ਹੈ। ਸੀਤਲ ਜੀ ਇਸ ਖੇਤਰ ’ਚ ਨਿਪੁੰਨ ਸਨ। ਉਨ੍ਹਾਂ ਨੇ ਚਾਰੇ ਵੇਦ, ਸਿਮ੍ਰਤੀਆਂ, ਗੀਤਾ, ਮਹਾਂਭਾਰਤ, ਬਾਈਬਲ, ਪਵਿੱਤਰ ਕੁਰਾਨ ਆਦਿ ਤੋਂ ਇਲਾਵਾ ਹੋਰ ਧਾਰਮਿਕ-ਦਾਰਸ਼ਨਿਕ ਲੇਖਾਂ ਦੀਆਂ ਕਿਰਤਾਂ ਨੂੰ ਖੂਬ ਪੜ੍ਹਿਆ-ਵਾਚਿਆ, ਵਿਚਾਰਿਆ ਤੇ ਉਨ੍ਹਾਂ ਦੇ ਸੰਦਰਭ ਵਿਚ ਗੁਰਮਤਿ ਗਿਆਨ ਦਾ ਪ੍ਰਚਾਰ-ਪ੍ਰਸਾਰ ਕੀਤਾ। ਜੂਠ ਅਤੇ ਝੂਠ ਤੋਂ ਉਨ੍ਹਾਂ ਹਮੇਸ਼ਾ ਪਰਹੇਜ਼ ਕੀਤਾ ਤੇ ਇਸ ਤੋਂ ਬਚਣ ਦਾ ਪ੍ਰਚਾਰ ਕੀਤਾ।
ਵਹਿਮਾਂ-ਭਰਮਾਂ-ਪਾਖੰਡਾਂ-ਦਿਖਾਵੇ ਤੋਂ ਕੋਹਾਂ ਦੂਰ ਸੀਤਲ ਜੀ ਰੋਮ-ਰੋਮ ਤੋਂ ਗੁਰੂ ਗ੍ਰੰਥ ਤੇ ਗੁਰੂ-ਪੰਥ ਨੂੰ ਸਮਰਪਿਤ ਸਨ। ‘ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ’ ਦੇ ਧਾਰਨੀ ਤੇ ਪ੍ਰਚਾਰਕ ਸਨ। ਵਿਅਕਤੀ-ਵਾਦ ਅਖੌਤੀ ਸਾਧਵਾਦ ਦੇ ਉਹ ਕੱਟੜ ਵਿਰੋਧੀ ਸਨ। ਗੁਰਮਤਿ ਵਿਚਾਰਧਾਰਾ ਦੇ ਜਾਣਕਾਰ ਤੇ ਪ੍ਰਚਾਰਕ ਸਨ। ਉਨ੍ਹਾਂ ਜੀਵਨ ਭਰ ਮਨਮਤ ਦਾ ਵਿਰੋਧ ਕੀਤਾ ਤੇ ਗੁਰਮਤਿ ਦਾ ਪ੍ਰਚਾਰ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਦੀ ਘਟਨਾ ਉਨ੍ਹਾਂ ਦੀ ਜੁਬਾਨੀ:
“ਸਿੰਧ ਵਿਚ ਅਸੀਂ ਕੀਰਤਨ ਕਰਨ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਸੱਜੇ ਹੱਥ ਇਕ ਉੱਚਾ ਪਲੰਘ ਡੱਠਾ ਹੋਇਆ ਸੀ। ਉਸ ’ਤੇ ਬੜੀ ਸੁੰਦਰ ਵਿਛਾਈ ਤੇ ਦੋਹੀਂ ਪਾਸੀਂ ਦੋ ਗੱਦੀਆਂ ਲੱਗੀਆਂ ਹੋਈਆਂ ਸਨ। ਮੈਂ ਸਮਝਿਆ ਸ਼ਾਇਦ ਰਾਤ ਨੂੰ ਮਹਾਰਾਜ ਇਸ ਪਲੰਘ ’ਤੇ ਸੁਖਆਸਣ ਕੀਤੇ ਜਾਂਦੇ ਹੋਣ। ਰਾਗੀ ਸਿੰਘ ਕੀਰਤਨ ਕਰ ਰਹੇ ਸਨ ਤਾਂ ਪ੍ਰਬੰਧਕਾਂ ਵਿਚ ਘਿਰੇ ਹੋਏ ਇਕ ਮਹਾਤਮਾ ਆਏ। ਉਨ੍ਹਾਂ ਨੇ ਭਗਵੇਂ ਰੰਗ ਦੀ ਗਿਲਤੀ ਮਾਰੀ ਹੋਈ ਸੀ। ਉਸਨੇ ਮਹਾਰਾਜ ਅੱਗੇ ਖਲੋਤਿਆਂ ਹੀ ਥੋੜ੍ਹਾ ਜਿਹਾ ਸਿਰ ਝੁਕਾ ਦਿੱਤਾ ਤੇ ਉਸ ਪਲੰਘ ’ਤੇ ਚੌਕੜੀ ਮਾਰ ਕੇ ਬੈਠ ਗਿਆ। ਇਹ ਵੇਖਦੇ ਸਾਰ ਮੇਰੇ ਅੰਦਰ ਭਾਂਬੜ ਬਲ਼ ਉੱਠੇ। ਮੈਂ ਉਸੇ ਸਮੇਂ ਦੀਵਾਨ ’ਚੋਂ ਬਾਹਰ ਆ ਗਿਆ, ਮੇਰੇ ਸਾਥੀ ਵੀ ਪਿੱਛੇ ਆ ਗਏ। ਮੇਰੇ ਚਿਹਰੇ ’ਤੇ ਵੱਟ ਪਏ ਵੇਖ ਕੇ ਪ੍ਰਬੰਧਕ ਵੀ ਬਾਹਰ ਆ ਗਏ। ਗੁੱਸੇ ’ਤੇ ਕਾਬੂ ਪਾਉਣਾ ਉਸ ਸਮੇਂ ਮੇਰੇ ਲਈ ਔਖਾ ਸੀ। ਪ੍ਰਬੰਧਕਾਂ ਪੁੱਛਿਆ ਤਾਂ ਮੈਂ ਸਾਫ਼ ਕਹਿ ਦਿੱਤਾ, ਕਿ ਸਾਡੇ ਬੈਠਿਆਂ ਉਸ ਸੱਜਣ ਦੀ ਇਹ ਜ਼ੁਅਰਤ ਕਿਵੇਂ ਪਈ ਕਿ ਮਹਾਰਾਜ ਦੇ ਬਰਾਬਰ ਗੱਦੀ ਲਾ ਕੇ ਬੈਠ ਜਾਵੇ? ਮੇਰੀ ਅਵਾਜ਼ ਕਾਫੀ ਉੱਚੀ ਹੋ ਗਈ। ਇਕ ਸ਼ਰਧਾਲੂ ਨੇ ਜ਼ਰਾ ਤਲਖ਼ ਸ਼ਬਦਾਂ ’ਚ ਕਿਹਾ, ਉਹ ਸਾਡੇ ਗੁਰੂ ਹਨ। ਜਿਥੇ ਸਾਡੀ ਮਰਜ਼ੀ ਏ, ਬਿਠਾ ਸਕਦੇ ਹਾਂ। ਮੇਰਾ ਗੁੱਸਾ ਹੋਰ ਬੇਕਾਬੂ ਹੋ ਗਿਆ, ਮੈਂ ਹੋਰ ਉੱਚੇ ਸੁਰ ’ਚ ਕਿਹਾ ਤਾਂ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਹੇ, ਅਸੀਂ ਉਠਾਉਣਾ ਜਾਣਦੇ ਹਾਂ, ਉਸ ਨੂੰ ਹੁਣੇ ਉਠਾ ਦਿਓ ਨਹੀ ਤਾਂ ਅਸੀ ਆਪ ਅੰਦਰ ਜਾ ਕੇ ਉਠਾ ਦਿਆਂਗੇ, ਝਗੜਾ ਵਧਦਾ ਵੇਖ ਪ੍ਰਬੰਧਕਾਂ ਨੇ ਉਸ ਆਦਮੀ ਨੂੰ ਮਹਾਰਾਜ ਦੀ ਤਾਬਿਆ ’ਤੇ ਬਿਠਾ ਦਿਤਾ।” ਇਸ ਤੋਂ ਸਪੱਸ਼ਟ ਹੈ ਕਿ ਕਿਸੇ ਵੀ ਸਿੱਖ ਨੂੰ ਗੁਰਬਾਣੀ ਸਤਿਕਾਰ, ਸਿੱਖ-ਸਿਧਾਂਤਾਂ ਤੇ ਸਿੱਖ ਰਹਿਤ ਮਰਯਾਦਾ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ।
ਉਹ ਉਹੀ ਲਿਖਦੇ ਤੇ ਬੋਲਦੇ ਸਨ, ਜਿਨ੍ਹਾਂ ਤੱਥਾਂ ਦੀ ਪਰਖ-ਪੜਚੋਲ ਉਹ ਕਰ ਚੁੱਕੇ ਸਨ। ਕਿਸ ਸਮੇਂ ਬੁਲਾਰੇ ਦੀ ਹਰਕਤ ਕੀ ਹੋਣੀ ਚਾਹੀਦੀ ਹੈ, ਇਸ਼ਾਰਾ ਕਿਵੇਂ ਕਰਨਾ ਹੈ ਇਸ ਵਿਚ ਸੀਤਲ ਜੀ ਨਿਪੁੰਨ ਸਨ। ਉਨ੍ਹਾਂ ਦੇ ਇਹ ਬੋਲ ਅੱਜ ਵੀ ਮੇਰੇ ਕੰਨਾਂ ਵਿਚ ਗੂੰਜਦੇ ਹਨ ਤੇ ਇਸ਼ਾਰਾ ਸਾਹਮਣੇ ਹੈ:
ਸ੍ਰ. ਸ਼ਾਮ ਸਿੰਘ ਜੀ ਅਟਾਰੀ ਵਾਲੇ ਨੇ ਦੇਖ ਲਿਆ ਕਿ ਅਸੀਂ ਅੰਗ੍ਰੇਜ਼ ਫੌਜ ਨੂੰ ਜਿੱਤ ਨਹੀਂ ਸਕਦੇ। ਸ੍ਰ. ਸ਼ਾਮ ਸਿੰਘ ਨੇ ਆਪਣੇ ਚਿੱਟੇ ਸਫੈਦ ਦਾਹੜੇ ’ਤੇ ਹੱਥ ਫੇਰਿਆ (ਉਸ ਸਮੇਂ ਸੀਤਲ ਜੀ ਵੀ ਆਪਣੇ ਨਿਰਮਲ ਸਫੈਦ ਦਾਹੜੇ ’ਤੇ ਹੱਥ ਫੇਰਦੇ) ਕਿ ਸ਼ਾਮ ਸਿੰਘ! ਇਹ ਚਿੱਟਾ ਦਾਹੜਾ ਅੰਗ੍ਰੇਜਾਂ ਦੇ ਬੂਟ ਝਾੜਿਆ ਕਰੇਗਾ? ਮਰਦਾਂ ਦਾ ਕੰਮ ਮੈਦਾਨ-ਏ-ਜੰਗ ਵਿਚ ਸ਼ਹੀਦ ਹੋ ਜਾਣਾ – ਸ਼ਾਮ ਸਿੰਘ ਮੈਦਾਨ- ਏ-ਜੰਗ ਦੀ ਤਿਆਰੀ ਕਰਦਾ ਕਿਵੇਂ ਬਈ?
ਸਮੇਂ ਦੀ ਕਦਰ ਤੇ ਸਦ-ਉਪਯੋਗ ਹਰੇਕ ਵਾਸਤੇ ਜ਼ਰੂਰੀ ਹੈ, ਪਰ ਸਫਲ ਬੁਲਾਰੇ-ਪ੍ਰਚਾਰਕ ਵਾਸਤੇ ਸਮੇਂ ਦੀ ਪਾਬੰਦੀ-ਸਫਲਤਾ ਦਾ ਭੇਦ ਹੈ। ਬੁਲਾਰੇ ਦਾ ਆਪਣਾ ਹੀ ਸਮਾਂ ਕੀਮਤੀ ਨਹੀਂ ਹੁੰਦਾ ਸਗੋਂ ਸਰੋਤਿਆਂ ਦੇ ਸਮੇਂ ਦੀ ਕੀਮਤ ਨੂੰ ਜਾਣਨਾ ਵੀ ਉਸ ਲਈ ਜ਼ਰੂਰੀ ਹੈ। ਸੀਤਲ ਜੀ ਪ੍ਰਸੰਗ ਸੁਣਾਉਣ ਸਮੇਂ ਲੋੜ ਅਨੁਸਾਰ ਵਿਸਥਾਰ ਵੀ ਕਰਦੇ ਸਨ ਪਰ ਸਮੇਂ ਦੀ ਪਾਬੰਦੀ ਨੂੰ ਸਨਮੁਖ ਰੱਖਦਿਆਂ ਪ੍ਰਸੰਗ ਨੂੰ ਸਮੇਟਣ ਤੇ ਸੰਪੂਰਨ ਕਰਨ ਵਿਚ ਦੇਰ ਨਹੀਂ ਸਨ ਲਗਾਉਂਦੇ। ਮੈਨੂੰ ਯਾਦ ਹੈ ਕਿ ਇਕ ਵਾਰ ਸਾਡੇ ਪਿੰਡ ਖਾਨੋਵਾਲ ਹੋਲੇ-ਮੁਹੱਲੇ ਦੇ ਦੀਵਾਨ ’ਚ ਸੀਤਲ ਜੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਸੁਣਾ ਰਹੇ ਸਨ ਕਿ ਪਿੱਛੇ ਉਨ੍ਹਾਂ ਦੇ ਸਾਥੀ ਆਪਸੀ ਗੱਲਬਾਤ ਕਰਨ ਲੱਗ ਪਏ। ਸੀਤਲ ਜੀ ਦੇ ਬੋਲ ਸਨ, ਮੇਰੇ ਸਾਥੀ ਸਮਝਦੇ ਹਨ ਕਿ ਮੈਨੂੰ ਲੰਬੇ ਲੈਕਚਰ ਕਰਨ ਦੀ ਆਦਤ ਹੈ, ਪਰ ਜੇਕਰ ਮੈਂ ਲੰਬਾ ਲੈਕਚਰ ਕਰ ਸਕਦਾ ਹਾਂ, ਤਾਂ ਮੈਨੂੰ ਸੰਖੇਪ ਕਰਨਾ ਵੀ ਆਉਂਦਾ ਹੈ। ਵੱਡਾ ਵੀਰ ਜਾਂ ਸ਼ਹੀਦੀ ਪਾ ਗਿਆ, ਛੋਟਾ ਆਗਿਆ ਮੰਗਦਾ ਕਿਵੇਂ ਬਈ?…… ਸਾਥੀ ਇਕਦਮ ਸੁਣਦੇ ਸਾਰ ਉਲਝ ਗਏ। ਜੇਕਰ ਸਮਾਂ ਤਿੰਨ ਘੰਟੇ ਹੈ ਤਾਂ ਇਸ ਸਮੇਂ ’ਚ ਸਿੱਖ ਰਾਜ ਕਿਵੇਂ ਬਣਿਆ ਜਾਂ ਕਿਵੇਂ ਗਿਆ? ਸੁਣਾ ਸਕਦੇ ਹਨ। ਜੇਕਰ ਇਸ ਹੀ ਪ੍ਰਸੰਗ ਨੂੰ ਇਕ ਘੰਟੇ ’ਚ ਕਹਿਣਾ ਹੁੰਦਾ ਤਾਂ ਵੀ ਸੀਤਲ ਜੀ ਬਾਖੂਬੀ ਕਹਿ ਜਾਂਦੇ। ਅਰਦਾਸ ਸਮੇਂ ਕੇਵਲ ਉਹ ਇਹ ਸ਼ਬਦ ਹੀ ਬੋਲਦੇ, ਸਤਿਗੁਰੂ ਨਾਮ-ਦਾਨ ਤੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨ।
ਸ਼ੇਖ ਸਾਅਦੀ ਦਾ ਕਥਨ ਹੈ, ਜਦ ਤਕ ਮਨੁੱਖ ਮੂੰਹੋਂ ਨਹੀ ਬੋਲਦਾ ਉਸ ਦੀ ਖੂਬੀ ਤੇ ਬੁਰਾਈ ਲੁਕੀ ਰਹੇਗੀ! ਅਸਲ ’ਚ ਵਿਅਕਤੀ ਦਾ ਵਿਅਕਤਿਤਵ ਉਸ ਦੇ ਬੋਲਾਂ ਤੋਂ ਪ੍ਰਗਟ ਹੁੰਦਾ ਹੈ! ਪ੍ਰਚਾਰਕ ਵਾਸਤੇ ਬੋਲਾਂ ਦਾ ਬਹੁਤ ਮਹੱਤਵ ਹੈ। ਕੌਮ ਦਾ ਪ੍ਰਚਾਰਕ ਕੀ ਬੋਲਦਾ ਹੈ, ਹਰ ਸਮੇਂ ਅਰਥ ਰੱਖਦਾ ਹੈ। ਪ੍ਰਚਾਰਕ ਹਰ ਸਮੇਂ ਹਰ ਥਾਂ ਪ੍ਰਚਾਰਕ ਹੈ। ਸੀਤਲ ਜੀ ਇਸ ਗੁਣ ਪ੍ਰਤੀ ਆਖਰੀ ਸਾਹਾਂ ਤੀਕ ਸੁਚੇਤ ਰਹੇ। ਮੈਂ ਸੀਤਲ ਜੀ ਨੂੰ ਕਦੇ ਮੰਦੇ ਬੋਲ-ਘਟੀਆ ਵਾਰਤਾਲਾਪ ਕਰਦਿਆਂ ਨਹੀਂ ਸੁਣਿਆ। ਇਹੀ ਕਾਰਨ ਸੀ ਕਿ ਅਸੀਂ ਉਨ੍ਹਾਂ ਦੇ ਮੁਖਾਰਬਿੰਦ ਤੋਂ ਲੈਕਚਰ ਸੁਣਨ ਵਾਸਤੇ 70 ਕਿਲੋਮੀਟਰ ਤੀਕ ਸਫਰ ਵੀ ਕਰ ਲੈਂਦੇ ਸੀ। ਮੇਰੇ ਪਿਤਾ ਜੀ ਨਾਲ ਉਨ੍ਹਾਂ ਦੀ ਵਿਚਾਰਾਂ ਦੀ ਸਾਂਝ ਸੀ ਜਦ ਉਹ ਮੈਨੂੰ ‘ਬਰਖੁਰਦਾਰ’ ਕਹਿ ਕੇ ਬੁਲਾਂਦੇ ਤਾਂ ਮੇਰਾ ਮਨ ਗਦ-ਗਦ ਹੋ ਜਾਂਦਾ।
ਬੋਲ-ਚਾਲ ਦੇ ਨਾਲ-ਨਾਲ ਸੀਤਲ ਜੀ ਸਿੱਖ ਰਹਿਣੀ ’ਚ ਪਰਪੱਕ ਸਨ। ਸਮੇਂ ਸਿਰ ਜਾਗਣਾ, ਸਮੇਂ ਸਿਰ ਸੌਣਾ, ਸਮੇਂ ਸਿਰ ਨਿਤਨੇਮ ਕਰਨਾ, ਪੜ੍ਹਨਾ-ਖਾਣਾ ਤੇ ਬੋਲਣਾ ਉਨ੍ਹਾਂ ਦਾ ਸੁਭਾਅ ਸੀ। ਲੱਗਭਗ ਦਸ ਸਾਲ ਸਾਡੇ ਪਿੰਡ ਦੀਵਾਨ ਕਰਨ ਆਉਂਦੇ ਰਹੇ ਪਰ ਉਨ੍ਹਾਂ ਕਦੇ ਕਿਸੇ ਚੀਜ਼ ਦਾ ਲਾਲਚ ਨਹੀਂ ਕੀਤਾ। ਇਕ ਵਾਰ ਮੇਰੇ ਵੱਡੇ ਭਾਈ ਸਾਹਿਬ ਨੇ ਕਿਹਾ, ਗਿਆਨੀ ਜੀ! ਖੀਰ ਥੋੜ੍ਹੀ ਹੋਰ ਲੈ ਲਉ। ਸੀਤਲ ਜੀ ਦੇ ਬੋਲ ਸਨ- ਮੈਂ ਕਿਤਨਾ ਖਾਣਾ ਹੈ, ਫੈਸਲਾ ਖੁਦ ਕਰਦਾ ਹਾਂ। ਸੀਤਲ ਜੀ ਖਾਣਾ ਜੀਊਣ ਵਾਸਤੇ ਖਾਂਦੇ ਸਨ ਨਾ ਕਿ ਖਾਣ ਵਾਸਤੇ ਜੀਉਂਦੇ ਸਨ। ਇਕ ਵਾਰ ਉਹ ਲੁਧਿਆਣੇ ਬਹੁਤ ਸਖਤ ਬੀਮਾਰ ਹੋ ਗਏ। ਤੰਦਰੁਸਤ ਹੋਏ ਤਾਂ ਡਾ. ਸਾਹਿਬ ਕਹਿਣ ਲੱਗੇ, ਸੀਤਲ ਜੀ, ਜੇਕਰ ਤੁਸੀਂ ਬੋਲਣਾ ਛੱਡ ਦਿਉ ਤਾਂ ਤੁਸੀਂ ਹੋਰ ਦਸ ਸਾਲ ਜੀਅ ਸਕਦੇ ਹੋ? ਸੀਤਲ ਜੀ ਦਾ ਜਵਾਬ ਸੀ ਕਿ ਮੈਂ ਬੋਲਣਾ ਨਹੀਂ ਛੱਡ ਸਕਦਾ, ਮੈਂ ਕੇਵਲ ਖਾਣ ਵਾਸਤੇ ਨਹੀਂ ਜੀਊਣਾ ਚਾਹੁੰਦਾ। ਉਮਰ ਭਰ ਸੀਤਲ ਜੀ ਗੁਰੂ ਨੂੰ ਸਮਰਪਿਤ ਹੋ ਕੇ ਬੋਲਦੇ ਰਹੇ। ਉਨ੍ਹਾਂ ਕਦੇ ਕਿਸੇ ਵਿਅਕਤੀ ਵਿਸ਼ੇਸ਼ ਦੀ ਖੁਸ਼ਾਮਦ ਨਹੀ ਕੀਤੀ।ਗੁਰੂ ਰਾਮਦਾਸ ਜੀ ਦੇ ਦਰ ’ਤੇ ਮੰਜੀ ਸਾਹਿਬ ਹਾਲ ਵਿਚ ਆਖਰੀ ਦਿਨਾਂ ’ਚ ਵੀ ਮੈਨੂੰ ਉਨ੍ਹਾਂ ਦੇ ਇਹੀ ਬੋਲ ਸੁਣਾਈ ਦਿੱਤੇ ਕਿ ਇਹ ਠੀਕ ਹੈ ਕਿ ਮੈਂ ਢਾਡੀ ਦੇ ਕਾਰੇ ਲੱਗਾ ਹਾਂ ਪਰ ਹਉ ਢਾਡੀ ਦਰ ਖਸਮ ਕਾ –ਮੈਂ ਕਿਸੇ ਬੰਦੇ ਦਾ ਢਾਡੀ ਨਹੀਂ, ਮੈਂ ਖਸਮ ਦਾ ਢਾਡੀ ਹਾਂ।
ਸਤ, ਸੰਤੋਖ, ਸਹਿਜ, ਸਬਰ ਆਦਿ ਸਦਗੁਣਾਂ ਦੇ ਧਾਰਨੀ ਸਨ ਸੀਤਲ ਜੀ। ਰਾਗੀ, ਢਾਡੀ, ਪ੍ਰਚਾਰਕ, ਕਵੀਸ਼ਰ, ਕਵੀ ਸ਼ਬਦਾਂ ਦੇ ਜਾਦੂਗਰ ਹੁੰਦੇ ਹਨ ਪਰ ਜੀਵਨ ’ਚ ਆਉਣ ਵਾਲੀਆਂ ਕਮਜ਼ੋਰੀਆਂ ਤੋਂ ਸੁਚੇਤ ਰਹਿਣਾ ਤੇ ਬਚਣਾ ਇਨ੍ਹਾਂ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਹਰੇਕ ਸ੍ਰੋਤੇ ਦੀਆਂ ਨਜ਼ਰਾਂ ਹਰ ਸਮੇਂ ਇਨ੍ਹਾਂ ਦੇ ਜੀਵਨ ਅਤੇ ਚਰਿੱਤਰ ’ਤੇ ਟਿਕੀਆਂ ਰਹਿੰਦੀਆਂ ਹਨ।
ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ – ਦੇ ਆਦਰਸ਼ ’ਤੇ ਕਾਇਮ ਰਹਿਣਾ ਹਰ ਸਿੱਖ ਦਾ ਕਰਮ ਤੇ ਪ੍ਰਚਾਰਕ ਦਾ ਧਰਮ ਹੈ। ਸੀਤਲ ਜੀ ਇਸ ਆਦਰਸ਼ ਅਨੁਸਾਰ ਸਮੁੱਚਾ ਜੀਵਨ ਸਫਲਾ ਕਰ ਕੇ ਗਏ। ਬਹੁਤ ਸਾਰੀਆਂ ਘਟਨਾਵਾਂ ਦਾ ਵੇਰਵਾ ਉਨ੍ਹਾਂ ਜੀਵਨ ’ਚ ਦਿੱਤਾ ਪਰ ਕੇਵਲ ਇਕ ਉਦਾਹਰਣ ਹਾਜ਼ਰ ਹੈ। ਲੁਧਿਆਣਾ ਦੇ ਮੈਡੀਕਲ ਕਾਲਜ ਵਿਖੇ ਸੀਤਲ ਜੀ ਦਾ ਨਲਾਂ ਦਾ ਉਪਰੇਸ਼ਨ ਹੋਇਆ ਸੀ। ਹਰ ਚਾਰ ਘੰਟੇ ਬਾਅਦ ਪੱਟੀ ਬਦਲਣੀ ਪੈਂਦੀ ਸੀ। ਉਨ੍ਹਾਂ ਦੀ ਜ਼ੁਬਾਨੀ, “ਮੈਂ ਨਰਸਾਂ ਪਾਸੋਂ ਪੱਟੀ ਨਹੀਂ ਸਾਂ ਕਰਾਉਂਦਾ। ਇਹ ਸੇਵਾ ਇਕ ਜਵਾਨ ਲੜਕਾ ਕਰਦਾ ਸੀ। ਇਕ-ਦੋ ਵਾਰ ਮੁੱਖ ਨਰਸ ਨੇ ਕਿਹਾ, ਤੁਸੀਂ ਨਰਸਾਂ ਕੋਲੋਂ ਪੱਟੀ ਕਿਉਂ ਨਹੀਂ ਕਰਵਾਉਂਦੇ? ਐਵੇਂ ਭਰਮ ਕਰਦੇ ਹੋ, ਇਨ੍ਹਾਂ ਦਾ ਤਾਂ ਇਹ ਕਿੱਤਾ ਹੈ। ਆਗਿਆ ਦਿਓ ਤਾਂ ਮੈਂ ਹਰ ਘੰਟੇ ਬਾਅਦ ਪੱਟੀ ਬਦਲ ਦਿਆ ਕਰਾਂ?”
ਮੈਂ ਬੜੀ ਗੰਭੀਰ ਸੁਰ ਵਿਚ ਉੱਤਰ ਦਿੱਤਾ, “ਬੀਬਾ ਠੀਕ ਹੈ, ਇਨ੍ਹਾਂ ਬੱਚੀਆਂ ਦਾ ਨਿੱਤ ਦਾ ਕਿੱਤਾ ਹੈ। ਪਰ ਮੁਟਿਆਰ ਲੜਕੀਆਂ ਹਨ, ਇਨ੍ਹਾਂ ਦੇ ਚਿਹਰੇ ਵਿੱਚੋਂ ਮੈਨੂੰ ਆਪਣੀਆਂ ਬੱਚੀਆਂ ਦੀ ਨੁਹਾਰ ਨਜ਼ਰ ਆਉਂਦੀ ਹੈ। ਸੋ ਮੈਂ ਐਸਾ ਨਹੀਂ ਕਰ ਸਕਦਾ।”
ਹਰ ਸਿੱਖ ਨੂੰ ਹਰ ਕਿਸਮ ਦੇ ਨਸ਼ੇ ਤੋਂ ਬਚਣਾ ਚਾਹੀਦਾ ਹੈ। ਪਰ ਪ੍ਰਚਾਰਕ ਸਿੱਖ ਨੂੰ ਨਸ਼ਿਆਂ ਨੂੰ ਨਫ਼ਰਤ ਕਰਨੀ ਜ਼ਰੂਰੀ ਹੈ। ਸਿੱਖਾਂ ਵਾਸਤੇ ਅਮਲ ਕੇਵਲ ਪਰਸ਼ਾਦੇ ਦਾ ਜਾਇਜ਼ ਹੈ। ਗਿਆਨੀ ਕਰਤਾਰ ਸਿੰਘ ਜੀ ਦੇ ਕਥਨ ਅਨੁਸਾਰ, “ਇੱਕੋਂ ਰੋਟੀ ਦਾ ਅਮਲ ਸਿੰਘਾਂ ਵਾਸਤੇ ਗੁਰਾਂ ਫੁਰਮਾਇਆ ਹੈ।” ਸੀਤਲ ਜੀ ਤਨ-ਮਨ ਤੋਂ ਨਸ਼ਿਆਂ ਨੂੰ ਨਫ਼ਰਤ ਕਰਦੇ ਸਨ। ਇਕ ਵਾਰ ਸੀਤਲ ਜੀ ਵਿਦੇਸ਼ ਦੌਰੇ ’ਤੇ ਗਏ ਤਾਂ ਆਖਰੀ ਰਾਤ ਇਨ੍ਹਾਂ ਦੇ ਇਕ ਸਾਥੀ ਨੇ ਚੋਰੀ ਸ਼ਰਾਬ ਪੀ ਲਈ। ਇਨ੍ਹਾਂ ਨੇ ਸਦਾ ਵਾਸਤੇ ਉਸ ਦਾ ਤਿਆਗ ਕਰ ਦਿੱਤਾ। ਉਨ੍ਹਾਂ ਦੇ ਬੋਲ ਸਨ ਕਿ ਜਿਸ ਬੁਰਾਈ ਤੋਂ ਮੈਨੂੰ ਵਾਹਿਗੁਰੂ ਨੇ ਬਚਾਇਆ ਹੈ, ਉਹ ਮੈਂ ਆਪਣੇ ਸਾਥੀਆਂ ਵਿਚ ਵੀ ਪਸੰਦ ਨਹੀਂ ਕਰਦਾ।
ਸੀਤਲ ਜੀ ਸਦਗੁਣਾਂ ਦੇ ਧਾਰਨੀ ਸਨ ਤੇ ਮਨੁੱਖੀ ਕਮਜ਼ੋਰੀਆਂ ਤੋਂ ਵਾਹਿਗੁਰੂ ਨੇ ਉਨ੍ਹਾਂ ਨੂੰ ਹਮੇਸ਼ਾਂ ਬਚਾਈ ਰੱਖਿਆ। ਉਨ੍ਹਾਂ ਦੀ ਅਰਦਾਸ ਸੀ, “ਸੱਚੇ ਪਾਤਸਾਹ! ਜੇਕਰ ਪ੍ਰਚਾਰਕ ਦੀ ਸੇਵਾ ਬਖਸ਼ਿਸ਼ ਕੀਤੀ ਹੈ ਤਾਂ ਉਨ੍ਹਾਂ ਕਮਜ਼ੋਰੀਆਂ ਤੋਂ ਬਚਾਈ ਰੱਖੀਂ ਜਿਨ੍ਹਾਂ ਨਾਲ ਤੇਰੇ ਨਾਮ ਨੂੰ ਉਲਾਮਾ ਮਿਲੇ।” ਸੀਤਲ ਜੀ ਦੀ ਜ਼ੁਬਾਨੀ ਇਕ ਘਟਨਾ ਅਨੁਸਾਰ, “ਇਕ ਘਰ ਵਾਲੇ ਸੱਜਣ ਨੇ ਅਰਦਾਸ ਤੋਂ ਬਾਅਦ ਦੋਨਾਂ ਅੱਗੇ ਪੰਜ-ਪੰਜ ਰੁਪਏ ਭੇਟਾ ਕੀਤੇ। ਮੈਂ ਹੱਸ ਕੇ ਕਿਹਾ, ਗੁਰੂ ਕੇ ਲਾਲ! ਇਹ ਦੰਦ ਘਸਾਈ ਪੰਡਤਾਂ ’ਚ ਰਿਵਾਜ ਸੀ। ਗੁਰੂ ਸਾਹਿਬਾਨ ਨੇ ਸਾਨੂੰ ਇਨ੍ਹਾਂ ਵਹਿਮਾਂ ਤੇ ਬਿਮਾਰੀਆਂ ਤੋਂ ਬਚਾਇਆ ਹੈ। ਇਹ ਕਹਿ ਮੈਂ ਪੈਸੇ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਪਰ ਕੋਲੋਂ ਰਾਗੀ ਸਿੰਘ ਬੋਲ ਉਠਿਆ, ਗਿਆਨੀ ਜੀ, ਤੁਸੀਂ ਨਾ ਲਵੋ, ਅਸੀਂ ਤਾਂ ਪੰਡਤ ਹੁੰਦੇ ਹਾਂ। ਸਾਨੂੰ ਦੰਦ ਘਸਾਈ ਪ੍ਰਵਾਨ ਹੈ ਤੇ ਉਹਨੇ ਪੈਸੇ ਫੜੇ ਤੇ ਜੇਬ ’ਚ ਪਾ ਲਏ।” ਅੰਗਰੇਜ਼ ਰਾਜ-ਕਾਲ ਸਮੇਂ ਤੇ ਦੇਸ਼-ਵੰਡ ਸਮੇਂ ਸਿੱਖਾਂ ਨਾਲ ਹੋਈਆਂ ਬੇਇਨਸਾਫੀਆਂ ਦਾ ਸੀਤਲ ਜੀ ’ਤੇ ਬਹੁਤ ਅਸਰ ਹੋਇਆ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਲਿਖਤਾਂ ਤੇ ਬੋਲਾਂ ਵਿਚ ਇਹ ਦਰਦ ਹਮੇਸ਼ਾਂ ਝਲਕਦਾ ਰਿਹਾ। ਸੀਤਲ ਜੀ ਕਹਿਣੀ-ਕਥਨੀ ਤੇ ਕਰਨੀ ਦੇ ਸੂਰਮੇ ਸਨ। ਉਨ੍ਹਾਂ ਸੱਚ ਬੋਲਣ ਤੋਂ ਗੁਰੇਜ਼ ਨਹੀਂ ਕੀਤਾ ਭਾਵੇਂ ਇਸ ਦੀ ਉਨ੍ਹਾਂ ਨੂੰ ਕਈ ਵਾਰ ਭਾਰੀ ਕੀਮਤ ਵੀ ਚੁਕਾਉਣੀ ਪਈ।
ਪੰਜਾਬੀ ਸੂਬਾ ਮੋਰਚੇ ਦੇ ਬਾਅਦ ਅੰਮ੍ਰਿਤਸਰ ’ਚ ਅਕਾਲੀ ਕਾਨਫਰੰਸ ਹੋਈ ਜਿਸ ਵਿਚ ਸੀਤਲ ਜੀ ਨੂੰ ਉਚੇਚੇ ਤੌਰ ’ਤੇ ਬੁਲਾਇਆ ਗਿਆ। ਇਨ੍ਹਾਂ ਨੇ ਆਪਣੇ ਵਿਚਾਰ ਸਮਾਪਤ ਕਰਨ ਤੋਂ ਪਹਿਲਾਂ ਸ਼ਾਹ ਮੁਹੰਮਦ ਦੇ ਇਹ ਬੋਲ ਪੜ੍ਹੇ :
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
ਪਰ ਇਥੇ ਫੌਜਾਂ ਜਿੱਤ ਗਈਆਂ ਨੇ, ਕੌਮ ਨੇ ਮੋਰਚਾ (ਪੰਜਾਬੀ ਸੂਬੇ ਦਾ ਮੋਰਚਾ ਜਿਸ ਵਿਚ ਸੀਤਲ ਜੀ ਵੀ ਗ੍ਰਿਫਤਾਰ ਰਹੇ ਜਿੱਤ ਲਿਆ ਪਰ ਸਾਡੇ ਲੀਡਰ ਹਾਰ ਗਏ ਨੇ, ਕੀ ਲੀਡਰ ਸਾਹਿਬਾਨ ਦੱਸਣਗੇ ਕਿ ਪੰਜਾਹ ਹਜ਼ਾਰ ਸਿੰਘ ਕੈਦ ਕਰਵਾ ਕੇ ਇਨ੍ਹਾਂ ਕੌਮ ਬਦਲੇ ਕੀ ਲਿਆ ਹੈ? ਬਸ ਫਿਰ ਕੀ ਸੀ, ਇਨ੍ਹਾਂ ਦੀ ਮੁਖਾਲਫਤ ਇੰਨੀ ਹੋਈ ਕਿ ਇਨ੍ਹਾਂ ਨੂੰ ਅਕਾਲੀ ਦਲ ’ਚੋਂ ਬਾਹਰ ਕੱਢ ਦਿੱਤਾ ਜਦੋਂ ਕਿ ਸੀਤਲ ਜੀ ਕਿਸੇ ਪਾਰਟੀ ਦੇ ਮੈਂਬਰ ਹੀ ਨਹੀਂ ਰਹੇ। ਇਸ ਘਟਨਾ ਤੋਂ ਬਾਅਦ ਸੀਤਲ ਜੀ ਨੇ ਫੈਸਲਾ ਕਰ ਲਿਆ ਕਿ ਬਸ ਮੈਂ ਅੱਜ ਤੋਂ ਸਿੱਖ ਇਤਿਹਾਸ ਤੇ ਆਪਣੇ ਧਰਮ ਦਾ ਹੀ ਪ੍ਰਚਾਰ ਕਰਨਾ ਹੈ, ਕਿਉਂਕਿ ਪਾਰਟੀ ਰਾਜਨੀਤੀ ਵਿਚ ਧਰਮ ਨਾਲੋਂ ਧੜੇ ਦਾ ਵਧੇਰੇ ਧਿਆਨ ਰੱਖਣਾ ਪੈਂਦਾ ਹੈ। ਸੀਤਲ ਜੀ ਦੇ ਸ਼ਬਦ ਹਨ- ਜਿਸ ਪ੍ਰਚਾਰਕ ਦੇ ਘਰ ਖਾਣ ਲਈ ਦਾਣੇ ਨਹੀਂ, ਉਹ ਅਜ਼ਾਦੀ ਨਾਲ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਨਹੀਂ ਕਰ ਸਕਦਾ ਤੇ ਜਿਸ ਨੂੰ ਨਿਰੰਕਾਰ ਨੇ ਕੁਝ ਗੁਣ ਬਖਸ਼ਿਸ਼ ਕੀਤੇ ਹਨ ਉਸਨੂੰ ਬੋਲਣਾ ਵੀ ਚਾਹੀਦਾ ਹੈ।
ਧਰਮ ਵਿਚ ਵਪਾਰ ਨਹੀ ਚਲਦਾ। ਪ੍ਰਚਾਰਕ ਨੂੰ ਸੌਦੇਬਾਜ਼ੀ ਨਹੀਂ ਕਰਨੀ ਚਾਹੀਦੀ। ਹਾਂ, ਪ੍ਰਬੰਧਕਾਂ ਨਾਲ ਪਹਿਲਾਂ ਸਪੱਸ਼ਟ ਗੱਲ ਕਰ ਲਵੋ ਫਿਰ ਬਾਅਦ ਵਿਚ ਨਹੀਂ। ਸੀਤਲ ਜੀ ਬਾਰੇ ਉਦਾਹਰਣ ਪੇਸ਼ ਹੈ। ਇਕ ਵਾਰ ਸਾਡੇ ਪਿੰਡ ਖਾਨੋਵਾਲ ਹੋਲੇ-ਮਹੱਲੇ ਦੇ ਦੀਵਾਨ ਕਰਨ ਆਏ। ਮੇਰੇ ਬਜ਼ੁਰਗ ਪਿਤਾ ਸ. ਦਰਸ਼ਨ ਸਿੰਘ ਨਾਲ ਇਨ੍ਹਾਂ ਦੇ ਬਹੁਤ ਚੰਗੇ ਸੰਬੰਧ ਸਨ। ਮੈਂ ਉਸ ਸਮੇਂ ਅਰਦਾਸੇ ਲਿਖਦਾ ਹੁੰਦਾ ਸੀ। ਸਾਡੇ ਪਿੰਡ ਸੀਤਲ ਜੀ ਚਾਰ ਦੀਵਾਨਾਂ ਵਾਸਤੇ ਆਏ। ਪਹਿਲੇ ਦਿਨ ਦੇ 400 ਰੁਪਏ ਤੇ ਬਾਕੀ ਤਿੰਨ ਦਿਨਾਂ ਦੇ 300-300 ਰੁਪਏ। ਸੰਗਤਾਂ ਨਾਲ ਇਨ੍ਹਾਂ ਦਾ ਬਹੁਤ ਪਿਆਰ ਸੀ। ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਸੁਣਨ ਵਾਲੇ ਇਨ੍ਹਾਂ ਦੇ ਸ੍ਰੋਤੇ ਮੀਂਹ ਤੇ ਧੁੱਪ ਵਿਚ ਵੀ ਇਨ੍ਹਾਂ ਨੂੰ ਸੁਣ ਸਕਦੇ ਸਨ। ਸਾਡੇ ਪਿੰਡ ਦਾ ਸਕੂਲ ਉਸ ਸਮੇਂ ਮਿਡਲ ਬਣਿਆ ਸੀ। ਸੰਗਤਾਂ ਦੀ ਭਾਰੀ ਆਮਦ ਨੂੰ ਦੇਖ ਕੇ ਪ੍ਰਬੰਧਕਾਂ ਸੀਤਲ ਜੀ ਨੂੰ ਬੇਨਤੀ ਕੀਤੀ ਕਿ ਇਕ ਦੀਵਾਨ ਹੋਰ ਕਰ ਜਾਣ, ਪਰ ਸੀਤਲ ਜੀ ਨਹੀਂ ਮੰਨੇ। ਉਨ੍ਹਾਂ ਕਿਹਾ ਕਿ ਮੇਰਾ ਦਿਨ ਖਾਲੀ ਹੈ ਪਰ ਜੋ ਦਿਨ ਤੁਹਾਡੇ ਨਾਲ ਮਿੱਥੇ ਉਸੇ ਸਮੇਂ ਅਨੁਸਾਰ ਹੀ ਦੀਵਾਨ ਕਰਨਾ ਹੈ। ਪ੍ਰਬੰਧਕਾਂ ਨੇ ਇਨ੍ਹਾਂ ਨੂੰ ਵਧੇਰੇ ਪੈਸੇ ਦੇਣ ਦੀ ਵੀ ਗੱਲ ਕੀਤੀ। ਪਰ ਇਹ ਨਾ ਮੰਨੇ। ਅਖ਼ੀਰ ਮੇਰੇ ਪਿਤਾ ਜੀ ਨੇ ਸਟੇਜ ਤੋਂ ਕਹਿ ਦਿੱਤਾ ਕਿ ਅਸੀਂ ਸੰਗਤ ਵੱਲੋਂ ਸੀਤਲ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਕ ਦੀਵਾਨ ਹੋਰ ਕਰਨ, ਜਿਹੜੀ ਉਸ ਦੀਵਾਨ ਦੀ ਮਾਇਆ ਇਕੱਠੀ ਹੋਵੇਗੀ ਅਸੀਂ ਸਕੂਲ ’ਤੇ ਲਾਉਣੀ ਚਾਹੁੰਦੇ ਹਾਂ ਤਾਂ ਕਿ ਸਾਡੀ ਪਨੀਰੀ ਗਿਆਨ ਦੀ ਪ੍ਰਾਪਤੀ ਕਰ ਸਕੇ। ਸੀਤਲ ਜੀ ਦਾ ਜੁਆਬ ਸੀ, “ਹੁਣ ਮੇਰੇ ਵੱਡੇ ਭਾਈ ਨੇ ਮੈਨੂੰ ਪ੍ਰੀਖਿਆ ਵਿਚ ਪਾ ਦਿੱਤਾ ਹੈ ਗੁਰੂ ਕਿਰਪਾ ਕਰੇ, ਮੈਂ ਦੀਵਾਨ ਕਰਾਂਗਾ। ਸੀਤਲ ਜੀ ਨੇ ਦੀਵਾਨ ਕੀਤਾ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪ੍ਰਸੰਗ ਇੰਨੇ ਵੈਰਾਗਮਈ ਢੰਗ ਨਾਲ ਸੁਣਾਇਆ ਕਿ ਵਧੇਰੇ ਸੰਗਤਾਂ ਦੇ ਨੇਤਰ ਸੇਜਲ ਸਨ- ਮੇਰੀ ਪੈਸੇ ਲਿਖਣ ਦੀ ਡਿਊਟੀ ਸੀ, 2875/- ਰੁਪਏ ਉਸ ਦੀਵਾਨ ਸਮੇਂ ਹੋਏ, ਪਰ ਸੀਤਲ ਜੀ ਨੇ ਇੱਕ ਵੀ ਰੁਪਇਆ ਵਧੇਰੇ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ।
ਇਕ ਵਾਰ ਸੀਤਲ ਜੀ ਬੀੜ ਸਾਹਿਬ ਦੀਵਾਨ ਕਰਨ ਵਾਸਤੇ ਆਏ। ਫਿਰੋਜ਼ਪੁਰ ਦੇ ਇਕ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਕੁਝ ਦੀਵਾਨ ਕਰਨ ਦੀ ਬੇਨਤੀ ਕੀਤੀ। ਸੀਤਲ ਜੀ ਨੇ ਕਿਹਾ ਕਿ ਮੈਂ ਇਨ੍ਹਾਂ ਦਿਨਾਂ ’ਚ ਇਕ ਹੋਰ ਸਟੇਜ ’ਤੇ ਪ੍ਰਬੰਧਕਾਂ ਨੂੰ ਹਾਂ ਕਰ ਚੁੱਕਾ ਹਾਂ। ਪ੍ਰਬੰਧਕਾਂ ’ਚੋਂ ਇਕ ਸੱਜਣ ਨੇ ਕਿਹਾ, “ਸੀਤਲ ਜੀ! ਉਨ੍ਹਾਂ ਨਾਲ ਕਿਤਨੇ ਪੈਸੇ ਕੀਤੇ ਹਨ?” ਸੀਤਲ ਜੀ ਦਾ ਜੁਆਬ ਸੀ, “3100 ਰੁਪਏ।” ਉਹ ਸੱਜਣ ਕਹਿਣ ਲੱਗਾ, “ਅਸੀਂ ਇਸ ਤੋਂ 500 ਰੁਪਏ ਵੱਧ ਦੇ ਦਿਆਂਗੇ?” ਸੀਤਲ ਜੀ ਨੇ ਸੁਭਾਵਿਕ ਕਹਿ ਦਿਤਾ, “ਫਿਰ ਅਸੀਂ ਤੁਹਾਡੇ ਪਾਸ ਆ ਜਾਵਾਂਗੇ!” ਇਸ ਵਾਰਤਾਲਾਪ ਨੂੰ ਸੁਣ ਰਹੇ ਪ੍ਰਸਿੱਧ ਢਾਡੀ ਗਿਆਨੀ ਬਲਦੇਵ ਸਿੰਘ ਐਮ.ਏ. ਤੇ ਹੋਰ ਸੱਜਣ ਹੈਰਾਨ ਸਨ ਜੋ ਕਿ ਬਾਪੂ ਸੀਤਲ ਜੀ ਨੂੰ ਆਪਣਾ ਆਦਰਸ਼ ਮੰਨਦੇ ਸਨ ਅੱਜ ਉਹ ਵੀ ਧਰਮ ਦੇ ਪ੍ਰਚਾਰ ਵਿਚ ਵਪਾਰ ਕਰ ਗਏ! ਵਾਰਤਾਲਾਪ ਨੂੰ ਸਮਾਪਤ ਕਰਦਿਆਂ ਪ੍ਰਬੰਧਕਾਂ ’ਚੋ ਇਕ ਸੱਜਣ ਜਾਣ ਲੱਗਿਆਂ, ਸੀਤਲ ਜੀ ਨੂੰ ਕਹਿ ਰਿਹਾ ਸੀ, “ਤੁਸੀਂ ਮਿਥੀ ਤਰੀਕ ’ਤੇ ਸਮੇਂ ’ਤੇ ਜ਼ਰੂਰ ਪਹੁੰਚ ਜਾਣਾ!” ਸੀਤਲ ਜੀ ਦਾ ਜੁਆਬ ਸੀ, “ਬਰਖ਼ੁਰਦਾਰੋ, ਇਹ ਮੈਂ ਵਾਅਦਾ ਨਹੀਂ ਕਰਦਾ!” ਪ੍ਰਬੰਧਕ ਕਹਿਣ ਲੱਗੇ, “ਕਿਉਂ? ਹੁਣੇ ਸਾਡੀ ਤੁਹਾਡੇ ਨਾਲ ਗੱਲ ਮੁੱਕੀ ਹੈ!” ਸੀਤਲ ਜੀ ਕਹਿਣ ਲੱਗੇ, “ਅਜੇ ਕਾਫੀ ਦਿਨ ਬਾਕੀ ਹਨ, ਜੇਕਰ ਕੋਈ ਹੋਰ ਤੁਹਾਡੇ ਨਾਲੋਂ ਵੱਧ ਪੈਸੇ ਦੇਵੇਗਾ, ਮੈਂ ਉਨ੍ਹਾਂ ਦੇ ਜਾਵਾਂਗਾ! ਤੁਹਾਡੇ ਕਿਉਂ?” ਪ੍ਰਬੰਧਕ ਬਹੁਤ ਸ਼ਰਮਿੰਦੇ ਹੋਏ ਤੇ ਆਪਣੀ ਗ਼ਲਤੀ ਦਾ ਅਹਿਸਾਸ ਕਰਦੇ ਹੋਏ ਮੁਆਫੀ ਮੰਗਣ ਲੱਗੇ! ਸੁਣਨ ਵਾਲੇ ਸੀਤਲ ਜੀ ਦੇ ਇਸ ਵਿਅੰਗਮਈ ਅੰਦਾਜ਼ ਤੋਂ ਬਹੁਤ ਪ੍ਰਭਾਵਿਤ ਹੋਏ।
1960 ਈ. ਤੋਂ ਬਾਅਦ ਸੀਤਲ ਜੀ ਇਸ ਗੱਲ ਤੋਂ ਪਰੇਸ਼ਾਨ ਤੇ ਦੁਖੀ ਰਹੇ ਕਿ ਉਨ੍ਹਾਂ ਦਾ ਛੋਟਾ ਸਪੁੱਤਰ ਰਘਬੀਰ ਸਿੰਘ ਸਰਜਨ ਬਣ ਕੇ ਵਲਾਇਤ ਪੜ੍ਹਾਈ ਵਾਸਤੇ ਚਲਾ ਗਿਆ। ਸੀਤਲ ਜੀ ਲਿਖਦੇ ਹਨ- ਇਕ ਗੱਲ ਦਾ ਦੁੱਖ ਮੇਰੀ ਆਤਮਾ ਵਿਚ ਸਦਾ ਕੰਡੇ ਵਾਂਗ ਰੜਕਦਾ ਰਹਿੰਦਾ ਹੈ। ਮੈਂ ਜਦ ਰਘਬੀਰ ਸਿੰਘ ਨੂੰ ਵਲਾਇਤ ਤੋਰਿਆ ਸੀ ਉਹ ਅੰਮ੍ਰਿਤਧਾਰੀ ਤੇ ਗੁਰਬਾਣੀ ਦਾ ਨਿਤਨੇਮੀ ਸੀ ਪਰ ਵਲਾਇਤ ਜਾ ਕੇ ਸਿੱਖ ਰਹਿਤ ਮਰਯਾਦਾ ਤੋਂ ਦੂਰ ਹੋ ਗਿਆ।
ਇਕੱਲਤਾ ਤੇ ਵਿਹਲ ਵੀ ਮਨੁੱਖ ਵਾਸਤੇ ਸਜ਼ਾ ਹੈ। ਲਗਨ ਤੋਂ ਬਿਨਾਂ ਕੋਈ ਕਾਰਜ ਨਹੀਂ ਹੋ ਸਕਦਾ। ਸਿਰੜ, ਸਿਦਕ ਤੇ ਲਗਨ ਮਨੁੱਖ ਨੂੰ ਸਫ਼ਲਤਾ ਦੀਆਂ ਸਰ ਬੁਲੰਦੀਆਂ ’ਤੇ ਪਹੁੰਚਾ ਸਕਦੀ ਹੈ। ਗਿਆਨੀ ਸੋਹਣ ਸਿੰਘ ਜੀ ਸੀਤਲ ਨੇ ਸਿਰੜ ਤੇ ਲਗਨ ਸਦਕਾ ਪ੍ਰਚਾਰ ਖੇਤਰ ਵਿਚ ਹਰ ਸਫਲਤਾ ਪ੍ਰਾਪਤ ਕੀਤੀ। ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀ ਜੀਵਨ-ਜਾਂਚ ਤੋਂ ਪ੍ਰੇਰਨਾ, ਉਤਸ਼ਾਹ ਪ੍ਰਾਪਤ ਕਰ, ਇਸ ਨੂੰ ਜੀਵਨ ’ਚ ਢਾਲਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।
ਸੀਤਲ ਜੀ ਨੂੰ ਬਹੁਤ ਸਾਰੇ ਮਾਣ-ਸਤਿਕਾਰ ਪ੍ਰਾਪਤ ਹੋਏ ਜਿਨ੍ਹਾਂ ਵਿਚ ਸਾਹਿਤ ਅਕਾਡਮੀ ਐਵਾਰਡ, ਸ਼੍ਰੋਮਣੀ ਗੁ:ਪ੍ਰ:ਕਮੇਟੀ ਵੱਲੋਂ ਸ਼੍ਰੋਮਣੀ ਢਾਡੀ ਐਵਾਰਡ ਤੇ ਪੰਜਾਬ ਸਰਕਾਰ ਵੱਲੋਂ ਸਨਮਾਨ ਪ੍ਰਾਪਤ ਹੋਇਆ ਪਰ ਕੌਮ ਦਾ ਪ੍ਰਚਾਰਕ ਹੋਣ ਦੇ ਨਾਤੇ ਜੋ ਉਨ੍ਹਾਂ ਨੂੰ ਸਨਮਾਨ-ਸਤਿਕਾਰ ਇਕ ਫ਼ੌਜੀ ਗੁਰਸਿੱਖ ਜਵਾਨ ਨੇ ਉਨ੍ਹਾਂ ਦੀ ਬਿਮਾਰੀ ਸਮੇਂ ਭੇਟ ਕੀਤਾ, ਸੀਤਲ ਜੀ ਵਾਸਤੇ ਉਹ ਵਿਲੱਖਣ ਤੇ ਵਿਸ਼ੇਸ਼ ਸੀ। ਸਿੱਖ ਰਾਜ ਤੇ ਸ਼ੇਰੇ-ਪੰਜਾਬ ਇਨ੍ਹਾਂ ਦੀ ਪੁਸਤਕ ਦੇ ਹਵਾਲੇ ਨਾਲ ਉਸ ਨੇ ਇਨ੍ਹਾਂ ਨੂੰ ਪੱਤਰ ਲਿਖਿਆ : ਮੇਰੀ ਵੀ ਗੁਰੂ ਮਹਾਰਾਜ ਅੱਗੇ ਅਰਦਾਸ ਹੈ ਕਿ ਤੁਹਾਡੀ ਬਿਮਾਰੀ ਮੈਨੂੰ ਲਗ ਜਾਵੇ ਤੇ ਆਪ ਅਰੋਗ ਹੋ ਜਾਓ ਤਾਂ ਕਿ ਲੰਮੇ ਸਮੇਂ ਤੀਕ ਪੰਥ ਤੇ ਕੌਮ ਦੀ ਸੇਵਾ ਜਾਰੀ ਰੱਖ ਸਕੋ!
ਲੇਖਕ ਬਾਰੇ
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/April 1, 2008
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/May 1, 2008
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/May 1, 2009
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/January 1, 2010
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/February 1, 2010
- ਸ. ਰੂਪ ਸਿੰਘhttps://sikharchives.org/kosh/author/%e0%a8%b8-%e0%a8%b0%e0%a9%82%e0%a8%aa-%e0%a8%b8%e0%a8%bf%e0%a9%b0%e0%a8%98/