editor@sikharchives.org

ਸਾਕਾ ਨਨਕਾਣਾ ਸਾਹਿਬ

ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਅਤੇ ਸੇਵਾ-ਸੰਭਾਲ ਪ੍ਰਤੀ ਹਰੇਕ ਸਿੱਖ ਆਪਣੇ ਦਿਲ ਵਿਚ ਹਮੇਸ਼ਾਂ ਅਥਾਹ ਸ਼ਰਧਾ ਸਮੋਈ ਰੱਖਦਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਧਰਮ ਨੂੰ ਸੰਸਥਾਗਤ ਸਰੂਪ ਪ੍ਰਦਾਨ ਕਰਨ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਹੀ ਹੋ ਗਈ ਸੀ। ਸਿੱਖ ਗੁਰੂ ਸਾਹਿਬਾਨ ਨੇ ਸਿੱਖ ਧਰਮ ਦੀ ਸਥਾਪਤੀ ਅਤੇ ਭਵਿੱਖਮੁਖੀ ਪਹੁੰਚ ਨੂੰ ਮੁੱਖ ਰੱਖਦਿਆਂ ਵੱਖ-ਵੱਖ ਸੰਸਥਾਵਾਂ ਦਾ ਮੁੱਢ ਬੰਨ੍ਹਿਆ ਜਿਨ੍ਹਾਂ ‘ਚੋਂ ਪ੍ਰਮੁੱਖ ਸਨ ਸੰਗਤ, ਪੰਗਤ, ਧਰਮਸਾਲ ਆਦਿ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਅਰੰਭ ਹੋਈ ਧਰਮਸਾਲ ਦੀ ਸੰਸਥਾ ਨੇ ਸਮੇਂ ਦੇ ਬੀਤਣ ਨਾਲ ਧਰਮਸਾਲ ਤੋਂ ਗੁਰਦੁਆਰਾ ਸਾਹਿਬ ਤਕ ਦਾ ਸਫ਼ਰ ਤੈਅ ਕੀਤਾ। ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਅਤੇ ਸੇਵਾ-ਸੰਭਾਲ ਪ੍ਰਤੀ ਹਰੇਕ ਸਿੱਖ ਆਪਣੇ ਦਿਲ ਵਿਚ ਹਮੇਸ਼ਾਂ ਅਥਾਹ ਸ਼ਰਧਾ ਸਮੋਈ ਰੱਖਦਾ ਹੈ। ਪਰ ਜਦ ਕਦੇ ਵੀ ਗੁਰਦੁਆਰਾ ਪ੍ਰਬੰਧ ‘ਚ ਖਾਮੀਆਂ ਆਈਆਂ, ਇਨ੍ਹਾਂ ਤੋਂ ਨਿਜਾਤ ਦਿਵਾਉਣ ਲਈ ਸਿੱਖ ਸੰਗਤਾਂ ਹਮੇਸ਼ਾਂ ਇਕਜੁੱਟ ਹੋ ਕੇ ਜਤਨਸ਼ੀਲ ਰਹੀਆਂ। ਪਿਛਲੀ ਸਦੀ ਵਿਚ ਅਜਿਹੇ ਨਿਘਾਰ ਤੋਂ ਮੁਕਤ ਕਰਵਾ ਗੁਰਮਤਿ-ਅਨੁਸਾਰੀ ਪ੍ਰਬੰਧ ਚਲਾਉਣ ਦੇ ਜਤਨ ਨੂੰ ਸਿੱਖ ਇਤਿਹਾਸ ਵਿਚ ਗੁਰਦੁਆਰਾ ਸੁਧਾਰ ਲਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਇਸੇ ਨੂੰ ਹੀ ਅਕਾਲੀ ਲਹਿਰ ਦਾ ਨਾਮ ਦਿੱਤਾ ਗਿਆ ਹੈ।

ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਅਕਸਰ ਉਦਾਸੀ, ਨਿਰਮਲੇ ਸਾਧੂ ਅਤੇ ਸਿੱਖ ਸੰਪਰਦਾਵਾਂ ਕਰਦੀਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸ਼ਾਸਨ-ਕਾਲ ਦੌਰਾਨ ਗੁਰਦੁਆਰਾ ਸਾਹਿਬਾਨ ਦੇ ਨਾਮ ਜ਼ਮੀਨਾਂ ਆਦਿ ਲਗਵਾਈਆਂ ਅਤੇ ਗੁਰਦੁਆਰਾ ਸਾਹਿਬਾਨ ਦੀਆਂ ਨਵੀਆਂ ਇਮਾਰਤਾਂ ਵੀ ਤਿਆਰ ਕਰਵਾਈਆਂ। ਗੁਰਦੁਆਰਿਆਂ ਦੀ ਆਮਦਨ ਵਿਚ ਵਾਧਾ ਹੋਣ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦੇ ਕਾਬਜ਼ ਹੋਣ ਪਿੱਛੋਂ ਪ੍ਰਬੰਧ ਵਿਚ ਵਿਗਾੜ ਆਉਣੇ ਸ਼ੁਰੂ ਹੋ ਗਏ। ਅੰਗਰੇਜ਼ਾਂ ਦੁਆਰਾ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸਿੱਧੀ ਦਖ਼ਲ-ਅੰਦਾਜ਼ੀ ਹੋਣ ਲੱਗੀ। ਗੁਰਦੁਆਰਿਆਂ ਦੇ ਪ੍ਰਬੰਧਕ ਮਨਮਾਨੀਆਂ ਅਤੇ ਗੁਰਮਤਿ-ਵਿਰੋਧੀ ਕਾਰਵਾਈਆਂ ਕਰਨ ਲੱਗ ਪਏ। ਇਸ ਨਾਲ ਸਿੱਖਾਂ ‘ਚ ਰੋਸ ਤੇ ਰੋਹ ਪੈਦਾ ਹੋ ਗਿਆ ਅਤੇ ਇਸੇ ਰੋਸ ਨੇ ‘ਗੁਰਦੁਆਰਾ ਸੁਧਾਰ ਲਹਿਰ’ ਨੂੰ ਜਨਮ ਦਿੱਤਾ ਜਿਸ ਵਿਚ ਸਿੰਘਾਂ ਨੂੰ ਭਾਰੀ ਕੁਰਬਾਨੀਆਂ ਦੇਣੀਆਂ ਪਈਆਂ। ਇਸ ਲਹਿਰ ਦੇ ਦੌਰਾਨ ਸਿੱਖਾਂ ਵੱਲੋਂ ਗੁਰਦੁਆਰਾ ਨਨਕਾਣਾ ਸਾਹਿਬ ਦੇ ਪ੍ਰਬੰਧ ‘ਚ ਸੁਧਾਰ ਹਿਤ ਗੁਰਦੁਆਰਾ ਸਾਹਿਬ ਦੇ ਮਹੰਤ ਨੂੰ ਹਟਾਉਣ ਲਈ ਸ਼ਾਂਤਮਈ ਰੋਸ ਪ੍ਰਗਟ ਕਰਨ ਦੀ ਭਾਵਨਾ ਨਾਲ 21 ਫਰਵਰੀ 1921 ਨੂੰ ਸਿੱਖ-ਸੰਗਤਾਂ ਦੇ ਹੋਏ ਇਕੱਠ ਦੌਰਾਨ, ਸਿੱਖਾਂ ਦੇ ਕਤਲੇਆਮ ਦੀ ਘਟਨਾ ਨੂੰ ‘ਸਾਕਾ ਨਨਕਾਣਾ ਸਾਹਿਬ’ ਵਜੋਂ ਜਾਣਿਆ ਜਾਂਦਾ ਹੈ।

ਸ੍ਰੀ ਨਨਕਾਣਾ ਸਾਹਿਬ ‘ਤੇ ਕਾਬਜ਼ ਮਹੰਤ ਨਰਾਇਣ ਦਾਸ ਗੁਰਮਤਿ-ਵਿਰੋਧੀ ਕਾਰਵਾਈਆਂ ਕਾਰਨ ਬਹੁਤ ਬਦਨਾਮ ਹੋ ਚੁੱਕਾ ਸੀ। ਅਗਸਤ 1917 ਈ: ਵਿਚ ਇਸ ਨੇ ਗੁਰਮਤਿ ਦੇ ਉਲਟ ਗੁਰਦੁਆਰਾ ਜਨਮ ਅਸਥਾਨ ਕੋਲ ਕੰਜਰੀਆਂ ਦਾ ਨਾਚ ਕਰਾਇਆ ਅਤੇ ਸ਼ਰਾਬ ਦੇ ਦੌਰ ਵੀ ਚੱਲੇ, ਜਿਸ ਦਾ ਸੰਗਤਾਂ ਨੇ ਬਹੁਤ ਬੁਰਾ ਮਨਾਇਆ। ਇਸ ਸੰਬੰਧੀ ਅਖ਼ਬਾਰਾਂ ਵਿਚ ਖ਼ਬਰਾਂ ਛਪੀਆਂ ਅਤੇ ਸਿੰਘ ਸਭਾਵਾਂ ਨੇ ਰੋਸ ਮਤੇ ਪਾਸ ਕਰਕੇ ਸਰਕਾਰ ਤੋਂ ਮਹੰਤ ਨੂੰ ਹਟਾਉਣ ਦੀ ਮੰਗ ਕੀਤੀ। 1918 ਈ: ਵਿਚ ਸਿੰਧ ਦਾ ਰਹਿਣ ਵਾਲਾ ਇਕ ਰਿਟਾਇਰਡ ਅਫ਼ਸਰ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਆਪਣੇ ਪਰਵਾਰ ਨਾਲ ਆਇਆ ਤਾਂ ਮਹੰਤ ਨੇ ਉਸ ਦੇ ਪਰਵਾਰ ਨਾਲ ਦੁਰਵਿਵਹਾਰ ਕੀਤਾ। ਪੁਜਾਰੀਆਂ ਦੀਆਂ ਅਜਿਹੀਆਂ ਹਰਕਤਾਂ ਤੋਂ ਲੋਕ ਤੰਗ ਆ ਚੁੱਕੇ ਸਨ ਅਤੇ ਉਨ੍ਹਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਸੀ। ਅਕਤੂਬਰ 1920 ਈ: ਵਿਚ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਧਾਰੋਵਾਲੀ ਵਿਖੇ ਸਜੇ ਇਕ ਦੀਵਾਨ ਵਿਚ ਸੰਗਤਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਪ੍ਰਬੰਧ ਦੇ ਸੁਧਾਰ ਲਈ ਮਤਾ ਪਾਸ ਕੀਤਾ, ਜਿਸ ਦੀ ਜਾਣਕਾਰੀ ਮਹੰਤ ਨੂੰ ਵੀ ਪਹੁੰਚ ਗਈ ਅਤੇ ਉਸ ਨੇ ਚਾਰ-ਪੰਜ ਸੌ ਭਾੜੇ ਦੇ ਆਦਮੀ ਤੇ ਬਦਮਾਸ਼ ਆਪਣੀ ਰਾਖੀ ਲਈ ਸੱਦ ਲਏ।

1920 ਈ: ਨੂੰ ਕੱਤਕ ਦੀ ਪੂਰਨਮਾਸ਼ੀ ਦੇ ਮੇਲੇ ‘ਤੇ ਮਹੰਤ ਨਰਾਇਣ ਦਾਸ ਨੇ ਆਪਣੀ ਰਾਖੀ ਲਈ ਤੈਨਾਤ ਕੀਤੇ ਆਦਮੀਆਂ ਦਾ ਪ੍ਰਤੱਖ ਮੁਜ਼ਾਹਰਾ ਕੀਤਾ। ਸੰਗਤਾਂ ਵਿੱਚੋਂ ਜਿਸ ਉੱਤੇ ਵੀ ਅਕਾਲੀ ਹੋਣ ਦਾ ਸ਼ੱਕ ਪਿਆ, ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਇਸ ਪਿੱਛੋਂ ਇਸ ਮਸਲੇ ਨੂੰ ਸਿੱਖ-ਜਗਤ ਦੇ ਨੁਮਾਇੰਦਿਆਂ ਨੇ ਪੰਥਕ ਤੌਰ ‘ਤੇ ਆਪਣੇ ਹੱਥ ਵਿਚ ਲੈ ਲਿਆ। 23 ਜਨਵਰੀ ਤੇ 6 ਫਰਵਰੀ 1921 ਈ: ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਸਮਾਗਮ ਵਿਚ ਇਸ ਸੰਬੰਧੀ ਵਿਚਾਰਾਂ ਹੋਈਆਂ। ਉਸ ਸਮੇਂ ਕਮੇਟੀ ਦੇ ਪ੍ਰਧਾਨ ਸ. ਸੁੰਦਰ ਸਿੰਘ ਰਾਮਗੜ੍ਹੀਆ ਤੇ ਮੀਤ ਪ੍ਰਧਾਨ ਸ. ਹਰਬੰਸ ਸਿੰਘ ਵੱਲੋਂ ਕਮੇਟੀ ਦੀ ਰਾਏ ਅਨੁਸਾਰ ਮਹੰਤ ਦੇ ਨਾਮ ਉਸ ਦੇ ਆਚਰਣ ਸੰਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਸੁਧਾਰ ਲਈ ਖੁੱਲ੍ਹੀ ਚਿੱਠੀ ਲਿਖੀ ਗਈ। ਇਸ ਦੇ ਨਾਲ ਹੀ ਨਨਕਾਣਾ ਸਾਹਿਬ ਵਿਖੇ ਦੀਵਾਨ ਤੇ ਲੰਗਰ ਦੇ ਪ੍ਰਬੰਧ ਲਈ ਭਾਈ ਲਛਮਣ ਸਿੰਘ, ਸ. ਦਲੀਪ ਸਿੰਘ, ਸ. ਤੇਜਾ ਸਿੰਘ ਸਮੁੰਦਰੀ, ਸ. ਕਰਤਾਰ ਸਿੰਘ ਝੱਬਰ ਅਤੇ ਸ. ਬਖਸ਼ੀਸ਼ ਸਿੰਘ ‘ਤੇ ਅਧਾਰਿਤ ਇਕ ਕਮੇਟੀ ਬਣਾ ਦਿੱਤੀ ਗਈ। ਇਨ੍ਹਾਂ ਤੋਂ ਇਲਾਵਾ ਮਾਸਟਰ ਤਾਰਾ ਸਿੰਘ, ਭਾਈ ਤੇਜਾ ਸਿੰਘ ਚੂਹੜਕਾਣਾ, ਸ. ਸੁੱਚਾ ਸਿੰਘ, ਭਾਈ ਬੂਟਾ ਸਿੰਘ, ਸ. ਰਾਜਾ ਸਿੰਘ ਜੜ੍ਹਾਂ ਵਾਲਾ ਆਦਿ ਵੀ ਨਨਕਾਣਾ ਸਾਹਿਬ ਦੇ ਪ੍ਰਬੰਧ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਦੇ ਰਹੇ। ਦੂਜੇ ਪਾਸੇ ਮਹੰਤ ਨਰਾਇਣ ਦਾਸ ਨੇ 7 ਫਰਵਰੀ ਨੂੰ ਆਪਣੇ ਹਮਾਇਤੀਆਂ ਦੀ ਇਕੱਤਰਤਾ ਬੁਲਾਈ, ਜਿਸ ਵਿਚ ਭੱਟੀ ਮੁਸਲਮਾਨ, ਬਾਬਾ ਕਰਤਾਰ ਸਿੰਘ ਬੇਦੀ, ਮੰਗਲ ਸਿੰਘ ਕੂਕਾ ਆਦਿ ਵੀ ਸ਼ਾਮਲ ਹੋਏ।

ਸਿੱਖ ਸੰਗਤਾਂ ਨੇ ਮਹੰਤ ਦੀਆਂ ਘਟੀਆ ਕਾਰਵਾਈਆਂ ਨੂੰ ਰੋਕਣ ਲਈ 19 ਫਰਵਰੀ ਨੂੰ ਨਨਕਾਣਾ ਸਾਹਿਬ ਪਹੁੰਚਣ ਦਾ ਫੈਸਲਾ ਕੀਤਾ।ਪੰਥਕ ਆਗੂਆਂ ਨੇ ਅਕਾਲੀ ਅਖ਼ਬਾਰ ਦੇ ਦਫ਼ਤਰ ਵਿਚ ਫੈਸਲਾ ਕੀਤਾ ਕਿ ਕੋਈ ਪੱਕੀ ਤਰੀਕ ਨਿਸ਼ਚਿਤ ਕੀਤੇ ਬਿਨਾਂ ਕੋਈ ਜਥਾ ਨਨਕਾਣਾ ਸਾਹਿਬ ਨਾ ਜਾਵੇ। ਪਰ ਭਾਈ ਲਛਮਣ ਸਿੰਘ ਧਾਰੋਵਾਲੀ ਤੇ ਸ. ਕਰਤਾਰ ਸਿੰਘ ਝੱਬਰ ਆਪਣੇ-ਆਪਣੇ ਜਥੇ ਲੈ ਕੇ ਨਨਕਾਣਾ ਸਾਹਿਬ ਲਈ ਰਵਾਨਾ ਹੋ ਚੁੱਕੇ ਸਨ। ਦੋਹਾਂ ਜਥਿਆਂ ਨੂੰ ਰੋਕਣ ਦਾ ਜਤਨ ਕੀਤਾ ਗਿਆ। ਭਾਈ ਕਰਤਾਰ ਸਿੰਘ ਝੱਬਰ ਦਾ ਜਥਾ ਤਾਂ ਰੋਕ ਲਿਆ ਗਿਆ, ਪਰ ਭਾਈ ਲਛਮਣ ਸਿੰਘ ਦਾ ਜਥਾ ਨਾ ਰੁਕਿਆ ਅਤੇ ਇਹ ਜਥਾ 19 ਫਰਵਰੀ ਦੀ ਸ਼ਾਮ ਨੂੰ ਨਨਕਾਣਾ ਸਾਹਿਬ ਪਹੁੰਚ ਗਿਆ।

ਮਹੰਤ ਨਰਾਇਣ ਦਾਸ ਨੇ ਮੁਕਾਬਲੇ ਦੀ ਪੂਰੀ ਤਿਆਰੀ ਕੀਤੀ ਹੋਈ ਸੀ। ਉਸ ਨੇ ਮਿੱਟੀ ਦਾ ਤੇਲ, ਛਵ੍ਹੀਆਂ, ਗੰਡਾਸੇ, ਲੱਕੜਾਂ, ਬੰਦੂਕਾਂ ਤੇ ਕਾਰਤੂਸ ਆਦਿ ਕਾਫ਼ੀ ਮਾਤਰਾ ਵਿਚ ਮੰਗਵਾ ਲਏ ਸਨ। ਜਦੋਂ ਸਿੰਘਾਂ ਦਾ ਜਥਾ ਗੁਰਦੁਆਰਾ ਜਨਮ ਅਸਥਾਨ ਦਾਖ਼ਲ ਹੋਇਆ ਤਾਂ ਮਹੰਤ ਨੇ ਬਾਹਰਲੇ ਦਰਵਾਜ਼ੇ ਬੰਦ ਕਰਵਾ ਦਿੱਤੇ ਅਤੇ ਉਸ ਦੇ ਭਾੜੇ ਦੇ ਗੁੰਡਿਆਂ ਨੇ ਸਿੰਘਾਂ ‘ਤੇ ਹਮਲਾ ਕਰ ਦਿੱਤਾ। ਛੱਤ ਦੇ ਉੱਪਰੋਂ ਵੀ ਗੋਲੀਆਂ ਚਲਾਈਆਂ ਗਈਆਂ। ਹਰੀ ਦਾਸ ਜੋਗੀ, ਗੁਰਮੁਖ ਦਾਸ, ਸ਼ੇਰ ਦਾਸ, ਲੱਧੇ, ਰਾਂਝੇ ਆਦਿ ਕਾਤਲਾਂ ਨੇ ਗੋਲੀਆਂ ਦੀਆਂ ਬੁਛਾੜਾਂ ਨਾਲ ਸ਼ਾਂਤਮਈ ਸਿੰਘਾਂ ਨੂੰ ਵਿੰਨ੍ਹ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਭਾਈ ਲਛਮਣ ਸਿੰਘ ਨੂੰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿਚ ਕਈ ਗੋਲੀਆਂ ਲੱਗੀਆਂ। ਜ਼ਖਮੀ ਸਿੰਘਾਂ ਨੂੰ ਤੇਲ ਪਾ ਕੇ ਸਾੜਿਆ ਗਿਆ। ਜ਼ਖਮੀ ਹੋਏ ਭਾਈ ਲਛਮਣ ਸਿੰਘ ਜੀ ਨੂੰ ਜੰਡ ਨਾਲ ਬੰਨ੍ਹ ਕੇ ਅੱਗ ਲਗਾ ਦਿੱਤੀ ਗਈ। ਸ. ਦਲੀਪ ਸਿੰਘ ਉਸ ਸਮੇਂ ਸ. ਉੱਤਮ ਸਿੰਘ ਦੇ ਕਾਰਖਾਨੇ ਵਿਚ ਸਨ, ਜਦੋਂ ਉਨ੍ਹਾਂ ਨੇ ਗੋਲੀਆਂ ਦੀ ਅਵਾਜ਼ ਸੁਣੀ, ਉਹ ਵੀ ਭੱਜ ਕੇ ਗੁਰਦੁਆਰਾ ਸਾਹਿਬ ਆ ਗਏ ਤਾਂ ਮਹੰਤ ਦੇ ਗੁੰਡਿਆਂ ਨੇ ਛਵ੍ਹੀਆਂ ਤੇ ਗੰਡਾਸਿਆਂ ਦੇ ਵਾਰ ਕੀਤੇ ਫਿਰ ਉਨ੍ਹਾਂ ਨੂੰ ਭਖਦੀ ਭੱਠੀ ਵਿਚ ਸੁੱਟ ਕੇ ਜ਼ਿੰਦਾ ਜਲਾ ਦਿੱਤਾ। ਇਸ ਖ਼ੂਨੀ ਸਾਕੇ ਸੰਬੰਧੀ ਸ. ਉਤਮ ਸਿੰਘ ਕਾਰਖਾਨੇ ਵਾਲਿਆਂ ਨੇ ਪੰਥਕ ਆਗੂਆਂ ਤੇ ਸਰਕਾਰੀ ਅਫ਼ਸਰਾਂ ਨੂੰ ਤਾਰਾਂ ਭੇਜੀਆਂ। 21 ਫਰਵਰੀ 1921 ਈ: ਨੂੰ ਸਿੱਖ ਮੁਖੀ ਤੇ ਅਣਗਿਣਤ ਸੰਗਤਾਂ ਨਨਕਾਣਾ ਸਾਹਿਬ ਪੁੱਜੀਆਂ। ਉਸੇ ਦਿਨ ਸ਼ਾਮ ਨੂੰ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥਾਂ ਵਿਚ ਆ ਗਿਆ। 22 ਫਰਵਰੀ ਦੀ ਸ਼ਾਮ ਨੂੰ ਸ਼ਹੀਦ ਸਿੰਘਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ।

ਨਨਕਾਣਾ ਸਾਹਿਬ ਦੇ ਇਸ ਖ਼ੂਨੀ ਸਾਕੇ ਦੀ ਖ਼ਬਰ ਨੇ ਸਿੱਖਾਂ ਵਿਚ ਰੋਹ ਦੀ ਜਵਾਲਾ ਭੜਕਾ ਦਿੱਤੀ। ਸ਼੍ਰੋਮਣੀ ਕਮੇਟੀ ਨੂੰ ਹਮਦਰਦੀ ਦੀਆਂ ਤਾਰਾਂ ਪੁੱਜੀਆਂ। ਸਾਰੇ ਕੌਮੀ ਅਖ਼ਬਾਰਾਂ ਨੇ ਇਸ ਖ਼ੂਨੀ ਸਾਕੇ ਸੰਬੰਧੀ ਦਰਦਨਾਕ ਲੇਖ ਲਿਖੇ, ਪਰ ਅੰਗਰੇਜ਼-ਪੱਖੀ ਅਖ਼ਬਾਰਾਂ ਨੇ ਸਿੱਖਾਂ ਵਿਰੁੱਧ ਪ੍ਰਾਪੇਗੰਡਾ ਕੀਤਾ ਤੇ ਨਨਕਾਣਾ ਸਾਹਿਬ ਵਿਖੇ ਵਾਪਰੇ ਸ਼ਹੀਦੀ ਸਾਕੇ ਨੂੰ ਇਕ ਸੰਪ੍ਰਦਾਇਕ ਝਗੜਾ ਤੇ ਬਦਅਮਨੀ ਦੀ ਕਾਰਵਾਈ ਦੱਸਣ ਦਾ ਕੋਝਾ ਜਤਨ ਕੀਤਾ।

ਓਧਰ ਸਰਕਾਰ ਨੇ ਸਿੱਖਾਂ ਦੇ ਅੱਥਰੂ ਪੂੰਝਣ ਲਈ ਨਨਕਾਣਾ ਸਾਹਿਬ ਦੇ ਸਾਕੇ ਦੇ ਦੋਸ਼ੀ ਮਹੰਤ ਨਰਾਇਣ ਦਾਸ ਤੇ ਉਸ ਦੇ ਕੁਝ ਗੁੰਡਿਆਂ ਵਿਰੁੱਧ ਮੁਕੱਦਮਾ ਚਲਾਇਆ। 12 ਅਕਤੂਬਰ ਨੂੰ ਅਦਾਲਤ ਨੇ ਮਹੰਤ ਤੇ ਉਸ ਦੇ 7 ਸਾਥੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ, 8 ਕਾਤਲਾਂ ਨੂੰ ਕਾਲੇਪਾਣੀ ਦੀ ਤੇ 16 ਨੂੰ 7-7 ਸਾਲ ਦੀ ਕੈਦ ਹੋਈ। 16 ਦੋਸ਼ੀਆਂ ਨੂੰ ਸੈਸ਼ਨ ਜੱਜ ਨੇ ਬਰੀ ਕਰ ਦਿੱਤਾ। ਹਾਈਕੋਰਟ ਵਿਚ ਅਪੀਲ ਕੀਤੇ ਜਾਣ ਕਾਰਨ ਬਾਕੀ ਕਾਤਲਾਂ ਦੀ ਸਜ਼ਾ ਵੀ ਘਟਾ ਕੇ ਕਾਲੇਪਾਣੀ ਦੀ ਕਰ ਦਿੱਤੀ। ਕੇਵਲ ਤਿੰਨ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਕਾਇਮ ਰਹੀ, ਬਾਕੀ ਦੇ ਸਾਰੇ ਬਰੀ ਕਰ ਦਿੱਤੇ ਗਏ।

ਨਨਕਾਣਾ ਸਾਹਿਬ ਦੇ ਸਾਕੇ ਨੇ ਸਿੱਖ-ਜਗਤ ‘ਚ ਰੋਹ ਤੇ ਜੋਸ਼ ਪੈਦਾ ਕਰ ਦਿੱਤਾ। ਸਿੱਖ ਸੰਗਤਾਂ ਨੇ ਸਮੂਹ ਗੁਰਦੁਆਰਾ ਸਾਹਿਬਾਨ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਲਈ ਕਮਰਕੱਸੇ ਕਰ ਲਏ। ਇਸ ਲਹਿਰ ਨੇ ਗੁਰਦੁਆਰਾ ਪ੍ਰਬੰਧਾਂ ਵਿਚ ਗੁਰਮਤਿ ਮਰਯਾਦਾ ਦੀ ਇਕਸੁਰਤਾ ਦਾ ਮੁੱਢ ਬੰਨ੍ਹਿਆ ਜੋ ਇਸ ਸਾਕੇ ਤੋਂ ਪਹਿਲੇ ਕਦੇ ਸੋਚਿਆ ਵੀ ਨਹੀਂ ਗਿਆ ਸੀ। ਖ਼ਾਲਸਾ ਪੰਥ ਦੀ ਇਸ ਜਿੱਤ ਨੇ ਇਕ ਅਜਿਹੀ ਕੇਂਦਰੀ ਸੰਸਥਾ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਨੂੰ ਜਨਮ ਦੇਣ ਵਿਚ ਅਹਿਮ ਭੂਮਿਕਾ ਨਿਭਾਈ, ਜਿਸ ਨਾਲ ਭਵਿੱਖ ਵਿਚ ਗੁਰਦੁਆਰਾ ਸਾਹਿਬਾਨ ਦਾ ਸਮੁੱਚਾ ਪ੍ਰਬੰਧ ਸਿੱਖ ਸੰਗਤਾਂ ਦੇ ਚੁਣੇ ਹੋਏ ਮੁਖੀਆਂ ਦੇ ਹੱਥਾਂ ਵਿਚ ਸੁਰੱਖਿਅਤ ਹੋ ਗਿਆ। ਆਓ! ਨਨਕਾਣਾ ਸਾਹਿਬ ਦੇ ਸਾਕੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਿੱਖ-ਪੰਥ ਦੇ ਹੱਕ-ਸੱਚ ਦੀ ਪੂਰਨ ਸਥਾਪਤੀ ਦੇ ਮੂਲ ਸਰੋਕਾਰ ਉੱਪਰ ਵੱਧ ਤੋਂ ਵੱਧ ਧਿਆਨ ਦੇਣ ਲਈ ਜਤਨਸ਼ੀਲ ਹੋਈਏ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪ੍ਰਧਾਨ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ

ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)