editor@sikharchives.org

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ-14 ਬਾਵਾ ਹਰਿਕਿਸ਼ਨ ਸਿੰਘ ਜੀ ਪ੍ਰਿੰਸੀਪਲ

ਬਾਵਾ ਹਰਿਕਿਸ਼ਨ ਸਿੰਘ ਜੀ ਲੋਭ-ਲਾਲਚ ਤੇ ਅਹੁਦੇ ਦੀ ਭੁੱਖ ਤੋਂ ਸੁਤੰਤਰ ਹੋ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਜਤਨਸ਼ੀਲ ਰਹੇ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਕੋਮਲ ਕਾਵਿ ਕਲਾ ਦੇ ਪ੍ਰੇਮੀ, ਵਿੱਦਿਆ ਸ਼ਾਸ਼ਤਰੀ, ਬੁੱਧੀਮਾਨ, ਗੁਰਸਿੱਖੀ ਜੀਵਨ-ਜਾਚ ਦੇ ਧਾਰਨੀ, ਸਫ਼ਲ ਵਕਤਾ, ਅਧਿਆਪਕ ਤੇ ਪ੍ਰਿੰਸੀਪਲ, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਦੇ ਅਹੁਦੇ ’ਤੇ ਬਿਰਾਜਮਾਨ ਹੋਣ ਵਾਲੇ ਪ੍ਰਿੰਸੀਪਲ ਬਾਵਾ ਹਰਿਕਿਸ਼ਨ ਸਿੰਘ ਜੀ ਦਾ ਜਨਮ 26 ਜੁਲਾਈ, 1892 ਈ: ਨੂੰ ਬਾਵਾ ਦਸੌਂਧਾ ਸਿੰਘ ਜੀ ਮੁੱਖ ਅਧਿਆਪਕ ਦੇ ਘਰ ਡੇਰਾ ਇਸਮਾਈਲ ਖਾਂ ’ਚ ਹੋਇਆ। ਅਰੰਭਿਕ ਵਿੱਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰ, ਉਚੇਰੀ ਵਿੱਦਿਆ ਦੀ ਪ੍ਰਾਪਤੀ ਲਈ ਬਾਵਾ ਹਰਿਕਿਸ਼ਨ ਸਿੰਘ ਜੀ ਫ਼ਾਰਮਨ ਕਰਿਸ਼ਚਨ ਕਾਲਜ ਲਾਹੌਰ ਦਾਖਲ ਹੋ ਗਏ। 20 ਸਾਲ ਦੀ ਉਮਰ ’ਚ ਬਾਵਾ ਹਰਿਕਿਸ਼ਨ ਸਿੰਘ ਜੀ ਨੇ 1912 ਈ: ’ਚ ਐਮ.ਏ. ਅੰਗਰੇਜ਼ੀ ਸਾਹਿਤ ਵਿਸ਼ੇ ’ਚ ਪਾਸ ਕੀਤੀ ਅਤੇ ਖਾਲਸਾ ਕਾਲਜ ਅੰਮ੍ਰਿਤਸਰ ’ਚ ਅੰਗਰੇਜ਼ੀ ਦੇ ਅਧਿਆਪਕ ਨਿਯੁਕਤ ਹੋ ਗਏ। ਪੰਜਾਬ ਯੂਨੀਵਰਸਿਟੀ ਲਾਹੌਰ ਦੇ ਸੈਨੇਟ ਮੈਂਬਰ ਵਜੋਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਮਿਸਟਰ ਵਾਦਨ ਨੇ ਪ੍ਰੋ: ਬਾਵਾ ਹਰਿਕਿਸ਼ਨ ਸਿੰਘ ਦਾ ਨਾਂ ਭੇਜਿਆ ਤਾਂ ਯੂਨੀਵਰਸਿਟੀ ਦੇ ਚਾਂਸਲਰ ਨੇ ਪੜਤਾਲ ਉਪਰੰਤ ਲਿਖ ਭੇਜਿਆ ਕਿ ਪ੍ਰੋ: ਬਾਵਾ ਹਰਿਕਿਸ਼ਨ ਸਿੰਘ ਅਕਾਲੀ ਲਹਿਰ ’ਚ ਸਰਗਰਮ ਰਹੇ ਹਨ, ਇਸ ਲਈ ਇਨ੍ਹਾਂ ਦੀ ਥਾਂ ਕਿਸੇ ਹੋਰ ਦਾ ਨਾਂ ਭੇਜਿਆ ਜਾਵੇ। ਮਿਸਟਰ ਵਾਦਨ ਨੇ ਜੁਆਬ ਦਿੱਤਾ ਕਿ ਮੈਂ ਪ੍ਰੋ: ਬਾਵਾ ਹਰਿਕਿਸ਼ਨ ਸਿੰਘ ਜੀ ਦੀ ਲਿਆਕਤ, ਦਿਆਨਤਦਾਰੀ ਤੇ ਇਮਾਨਦਾਰੀ ਦੇ ਬਰਾਬਰ ਹੋਰ ਕਿਸੇ ਦਾ ਨਾਂ ਨਹੀਂ ਦੇ ਸਕਦਾ। ਪ੍ਰੋ: ਬਾਵਾ ਹਰਿਕਿਸ਼ਨ ਸਿੰਘ ਜੀ ਨੂੰ ਦੋ ਵਾਰ ਇੰਪੀਰੀਅਰ ਐਜੂਕੇਸ਼ਨ ਭਾਵ ਸਰਕਾਰੀ ਕਾਲਜ ਲਾਹੌਰ ਵਿਖੇ ਪ੍ਰੋਫੈਸਰ ਦੀ ਸੇਵਾ ’ਤੇ ਆਉਣ ਲਈ ਸੱਦਾ ਪ੍ਰਾਪਤ ਹੋਇਆ ਪਰ ਇਨ੍ਹਾਂ ਨੇ ਸਰਕਾਰੀ ਨੌਕਰੀ ਨੂੰ ਅਪ੍ਰਵਾਨ ਕਰ ਦਿੱਤਾ।

ਬਾਵਾ ਹਰਿਕਿਸ਼ਨ ਸਿੰਘ ਜੀ ਪ੍ਰਿੰਸੀਪਲ

ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬਾਅਦ, ਬਾਵਾ ਹਰਕਿਸ਼ਨ ਸਿੰਘ ਜੀ 1924 ਈ: ਤੋਂ 1947 ਈ: ਤਕ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲਾ (ਪਾਕਿਸਤਾਨ) ਦੇ ਪ੍ਰਿੰਸੀਪਲ ਰਹੇ। ਦੇਸ਼-ਵੰਡ ਸਮੇਂ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲਾ (ਪਾਕਿਸਤਾਨ) ਦੇ ਪ੍ਰਿੰਸੀਪਲ ਵਜੋਂ ਬਾਵਾ ਹਰਿਕਿਸ਼ਨ ਸਿੰਘ ਰੀਫਿਊਜੀ ਕੈਂਪ ਦੇ ਕਮਾਂਡਰ ਸਨ। ਇਸ ਕੈਂਪ ਦਾ ਦੌਰਾ ਲਾਰਡ ਮਾਊਂਟ ਬੈਟਨ ਤੇ ਪੰਡਤ ਜਵਾਹਰ ਲਾਲ ਨਹਿਰੂ ਨੇ ਕੀਤਾ ਤਾਂ ਪ੍ਰਿੰਸੀ: ਸਾਹਿਬ ਨੇ ਗਰੀਬਾਂ, ਨਿਰਦੋਸ਼ਾਂ, ਮਜ਼ਲੂਮਾਂ ’ਤੇ ਤਸ਼ੱਦਦ-ਕਤਲੇਆਮ ਤੇ ਗੁੰਡਾਗਰਦੀ ਦੀ ਤਸਵੀਰ ਅੰਗਰੇਜ਼ੀ ਵਿਚ ਬਾਖੂਬੀ ਬਿਆਨ ਕੀਤੀ।

ਦੇਸ਼-ਵੰਡ ਹੋਣ ਉਪਰੰਤ ਸਿੱਖ ਨੈਸ਼ਨਲ ਕਾਲਜ, ਕਾਦੀਆਂ ਦੇ ਪ੍ਰਿੰਸੀਪਲ ਵਜੋਂ ਸੇਵਾ ਅਰੰਭ ਕੀਤੀ, ਜੋ ਲੱਗਭਗ 1960 ਈ: ਤੀਕ ਨਿਰੰਤਰ ਜਾਰੀ ਰਹੀ।

1953 ਈ: ਵਿਚ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲਾ, ਲੁਧਿਆਣਾ ’ਚ ਅਰੰਭ ਹੋਇਆ ਤਾਂ ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕਮੇਟੀ ਦੇ ਪ੍ਰਧਾਨ ਨਿਯੁਕਤ ਹੋਏ ਤੇ ਨਿਰੰਤਰ 12 ਸਾਲ ਸੇਵਾ ਨਿਭਾਈ।

ਗੁਰਮਤਿ ਵਿਚਾਰਧਾਰਾ, ਸਿੱਖ ਰਹਿਤ ਮਰਯਾਦਾ ਤੇ ਸਿੱਖ ਪਰੰਪਰਾਵਾਂ ਨੂੰ ਗੁਰਮਤਿ ਦੀ ਰੋਸ਼ਨੀ ’ਚ ਅੱਗੇ ਲਿਜਾਣ ਲਈ ਹਮੇਸ਼ਾਂ ਤਤਪਰ ਰਹਿੰਦੇ ਸਨ। ਬਾਵਾ ਹਰਿਕਿਸ਼ਨ ਸਿੰਘ ਜੀ ਲੋਭ-ਲਾਲਚ ਤੇ ਅਹੁਦੇ ਦੀ ਭੁੱਖ ਤੋਂ ਸੁਤੰਤਰ ਹੋ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਜਤਨਸ਼ੀਲ ਰਹੇ। ਬਾਵਾ ਹਰਿਕਿਸ਼ਨ ਸਿੰਘ ਜੀ ‘ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ’ ਸ਼ੁਰੂ ਕਰਨ ਵਾਲਿਆਂ ਵਿੱਚੋਂ ਪ੍ਰਮੁੱਖ ਸਨ। ਉਸ ਸਮੇਂ ਬਾਵਾ ਹਰਿਕਿਸ਼ਨ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ’ਚ ਬਤੌਰ ਪ੍ਰੋਫੈਸਰ ਸੇਵਾ ਨਿਭਾ ਰਹੇ ਸਨ ਜਦ ਖਾਲਸਾ ਬਰਾਦਰੀ ਜਥੇਬੰਦੀ ਨੇ ਅਖੌਤੀ ਪਛੜੀਆਂ ਸ਼੍ਰੇਣੀਆਂ ਨੂੰ 12 ਅਕਤੂਬਰ, 1920 ਨੂੰ ਅੰਮ੍ਰਿਤ ਛਕਾਇਆ। ਨਵੇਂ ਸਜੇ ਸਿੰਘਾਂ ਨੂੰ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਤੇ ਕੜਾਹ ਪ੍ਰਸ਼ਾਦ ਦੀ ਦੇਗ ਭੇਟ ਕਰਨ ਲਈ ਜਥੇਬੰਦੀ ਨੇ ਪ੍ਰੋਗਰਾਮ ਉਲੀਕਿਆ। ਕਾਰਨ ਇਹ ਸੀ ਕਿ ਸਮੇਂ ਦੇ ਪੁਜਾਰੀ ਤੇ ਮਹੰਤ ਸ੍ਰੀ ਦਰਬਾਰ ਸਾਹਿਬ ’ਚ ਅਖੌਤੀ ਪਛੜੀਆਂ ਸ਼੍ਰੇਣੀਆਂ ਦੀ ਦੇਗ ਪ੍ਰਵਾਨ ਨਹੀਂ ਸਨ ਕਰਦੇ। ਇਨ੍ਹਾਂ ਮਹੰਤਾਂ, ਪੁਜਾਰੀਆਂ ਦੀਆਂ ਕਰਤੂਤਾਂ ਕਰਕੇ ਅੰਮ੍ਰਿਤ ਦੇ ਸੋਮੇ ਗੰਧਲੇ ਹੋ ਚੁੱਕੇ ਸਨ। ਸਰਬ-ਸਾਂਝੇ ਧਰਮ-ਅਸਥਾਨ, ਸ੍ਰੀ ਹਰਿਮੰਦਰ ਸਾਹਿਬ ’ਚ ਗੁਰਮਤਿ ਮਰਯਾਦਾ ਬਹਾਲ ਕਰਨ ਲਈ ਖਾਲਸਾ ਬਰਾਦਰੀ ਵੱਲੋਂ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਨੂੰ ਉਚੇਚਾ ਸੱਦਾ ਦਿੱਤਾ ਗਿਆ, ਜਿਨ੍ਹਾਂ ਵਿਚ ਪ੍ਰੋ: ਬਾਵਾ ਹਰਿਕਸ਼ਨ ਸਿੰਘ, ਪ੍ਰੋ: ਤੇਜਾ ਸਿੰਘ ਤੇ ਪ੍ਰੋ: ਨਰਿੰਜਨ ਸਿੰਘ ਜੀ ਖਾਲਸਾ ਕਾਲਜ ਪ੍ਰਮੁੱਖ ਸਨ। ਨਵੇਂ ਸਜੇ ਸਿੰਘਾਂ ਸਮੇਤ ਜਦ ਖਾਲਸਾ ਬਰਾਦਰੀ ਵਾਲੇ ਸ੍ਰੀ ਦਰਬਾਰ ਸਾਹਿਬ ਪਹੁੰਚੇ ਤਾਂ ਬਾਵਾ ਹਰਿਕਿਸ਼ਨ ਸਿੰਘ ਜੀ ਨੇ ਪਹਿਲਾਂ ਪੁਜਾਰੀ ਤੇ ਫਿਰ ਗ੍ਰੰਥੀ ਗੁਰਬਚਨ ਸਿੰਘ ਨੂੰ ਬੜੇ ਮਿੱਠੇ ਸ਼ਬਦਾਂ ’ਚ ਬੇਨਤੀ ਕੀਤੀ ਕਿ ਸੰਗਤ ਵੱਲੋਂ ਅਰਦਾਸ ਕਰਕੇ, ਕੜਾਹ ਪ੍ਰਸ਼ਾਦ ਵਰਤਾ ਦਿੱਤਾ ਜਾਵੇ। ਜੇਕਰ ਤੁਸਾਂ ਅਰਦਾਸ ਨਾ ਕੀਤੀ ਤਾਂ ਅਸੀਂ ਆਪ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾ ਦਿਆਂਗੇ। ਵਿਚਾਰ-ਚਰਚਾ ਪਿੱਛੋਂ ਦਰਬਾਰ ਸਾਹਿਬ ਦੇ ਪੁਜਾਰੀ ਹੁਕਮਨਾਮਾ ਲੈਣ ਉਪਰੰਤ ਅਰਦਾਸ ਕਰਨ, ਕੜਾਹ ਪ੍ਰਸ਼ਾਦ ਵਰਤਾਉਣ ਲਈ ਸਹਿਮਤ ਹੋ ਗਏ।

13 ਅਕਤੂਬਰ, 1920 ਨੂੰ ਖਾਲਸਾ ਬਰਾਦਰੀ ਵੱਲੋਂ ਦਿਖਾਈ ਇਸ ਸਰਗਰਮੀ ਸਦਕਾ ਡੀ.ਸੀ. ਅੰਮ੍ਰਿਤਸਰ ਨੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਵਾਸਤੇ ਸੁਧਾਰਵਾਦੀਆਂ ਦੀ 9-ਮੈਂਬਰੀ ਆਰਜ਼ੀ ਪ੍ਰਬੰਧਕ ਕਮੇਟੀ ਨਿਯੁਕਤ ਕੀਤੀ, ਜਿਨ੍ਹਾਂ ਵਿਚ ਬਾਵਾ ਹਰਿਕਿਸ਼ਨ ਸਿੰਘ ਜੀ ਵੀ ਸ਼ਾਮਲ ਸਨ। 15 ਨਵੰਬਰ, 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਦਾ ਗਠਨ ਕੀਤਾ ਗਿਆ, ਜਿਸ ਵਿਚ 175 ਮੈਂਬਰ ਚੁਣੇ ਗਏ। ਚੋਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਦੀਵਾਨ ਸਜਾਇਆ ਗਿਆ, ਜਿਸ ਵਿਚ ਬਾਵਾ ਹਰਿਕਿਸ਼ਨ ਸਿੰਘ ਜੀ ਨੇ ਪਹਿਲਾਂ ਭੁੱਲਾਂ ਬਖਸ਼ਾਉਣ ਵਾਲਿਆਂ ਦਾ ਜ਼ਿਕਰ ਕਰਦਿਆਂ ਤਨਖ਼ਾਹੀਆਂ ਦੇ ਨਾਂ ਲਏ ਤੇ ਉਨ੍ਹਾਂ ਨੂੰ ਤਨਖ਼ਾਹ ਲਾਈ ਗਈ। ਤਨਖ਼ਾਹ ਲਾਉਣ ਵਾਲਿਆਂ ਪੰਜਾਂ ਪਿਆਰਿਆਂ ਵਿਚ ਬਾਵਾ ਹਰਿਕਿਸ਼ਨ ਸਿੰਘ ਜੀ ਵੀ ਸ਼ਾਮਲ ਸਨ।

ਨਨਕਾਣਾ ਸਾਹਿਬ, ਗੁਰੂ ਕੇ ਬਾਗ ਤੇ ਜੈਤੋ ਮੋਰਚੇ ਸਮੇਂ ਵੀ ਬਾਵਾ ਹਰਿਕਿਸ਼ਨ ਸਿੰਘ ਜੀ ਨੇ ਵਧ-ਚੜ੍ਹ ਕੇ ਹਿੱਸਾ ਲਿਆ। 13 ਅਕਤੂਬਰ, 1923 ਨੂੰ ਗੰਗਸਰ ਜੈਤੋ-(ਨਾਭਾ ਮੋਰਚਾ) ਸਮੇਂ ਗ੍ਰਿਫਤਾਰ ਹੋਏ ਤੇ ਲਾਹੌਰ ਕਿਲ੍ਹੇ ’ਚ ਬੰਦ ਕੀਤੇ ਗਏ। ਇਸ ਮੋਰਚੇ ਸਮੇਂ ਅੰਗਰੇਜ਼ ਹਕੂਮਤ ਨੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਗੈਰ-ਕਾਨੂੰਨੀ ਐਲਾਨ ਕਰ ਦਿੱਤਾ। ਸ਼੍ਰੋਮਣੀ ਗੁ: ਪ੍ਰ: ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਮੈਂਬਰ ਸਾਹਿਬਾਨ ਜੇਲ੍ਹੀਂ ਬੰਦ ਕਰ ਦਿੱਤੇ। ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋ: ਬਾਵਾ ਹਰਿਕਿਸ਼ਨ ਸਿੰਘ, ਪ੍ਰੋ: ਤੇਜਾ ਸਿੰਘ ਤੇ ਪ੍ਰੋ: ਨਿਰੰਜਨ ਸਿੰਘ ਜੀ ਨੂੰ ਵੀ ਅੰਗਰੇਜ਼ ਹਕੂਮਤ ਨੇ ਗ੍ਰਿਫਤਾਰ ਕਰ ਲਿਆ। ਪ੍ਰੋ: ਤੇਜਾ ਸਿੰਘ ਤਾਂ ਬੀਮਾਰੀ ਕਾਰਨ ਰਿਹਾਅ ਹੋ ਗਏ ਪਰ ਬਾਵਾ ਹਰਿਕਿਸ਼ਨ ਸਿੰਘ ਨੂੰ ਲੰਮੀ ਜੇਲ੍ਹ ਯਾਤਰਾ ਕਰਨੀ ਪਈ।

ਜਨਵਰੀ, 1926 ਨੂੰ ਪ੍ਰੋ: ਬਾਵਾ ਹਰਿਕਿਸ਼ਨ ਸਿੰਘ ਜੀ ਨੇ ਅਦਾਲਤ ਵਿਚ ਇਕ ਬਿਆਨ ਅੰਗਰੇਜ਼ੀ ਵਿਚ ਪੜ੍ਹਿਆ ਜਿਸ ਦਾ ਸਾਰ ਸੀ: “ਮੈਂ ਹੇਲੀ ਦੀ 1 ਜੁਲਾਈ, 1925 ਦੀ ਸਪੀਚ ਦਾ ਹਵਾਲਾ ਦੇ ਕੇ ਬਿਆਨ ਦੇਣਾ ਚਾਹੁੰਦਾ ਹਾਂ ਕਿ ਮੈਂ ਗੁਰਦੁਆਰਾ ਐਕਟ ਬਣਾਉਣ ਵਿਚ ਇਮਦਾਦ ਕੀਤੀ ਹੈ ਅਤੇ ਮੈਂ ਖਿਆਲ ਕਰਦਾ ਹਾਂ ਕਿ ਇਹ ਐਕਟ ਗੁਰਦੁਆਰਾ ਸੁਧਾਰ ਲਹਿਰ ਦੀਆਂ ਜ਼ਰੂਰੀ ਗੱਲਾਂ ਪੂਰੀਆਂ ਕਰਦਾ ਹੈ। ਇਸ ਕਾਨੂੰਨ ਦੇ ਪਾਸ ਹੋ ਜਾਣ ਪਿੱਛੋਂ ਸਿੱਧੀ ਕਾਰਵਾਈ ਕਰਨ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਇਸ ਲਈ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਦੇ ਸੰਬੰਧ ਵਿਚ ਕੋਈ ਸਿੱਧੀ ਕਾਰਵਾਈ ਨਹੀਂ ਕਰਾਂਗਾ ਅਤੇ ਮੈਂ ਈਮਾਨਦਾਰੀ ਤੇ ਪੂਰੇ ਦਿਲ ਨਾਲ ਐਕਟ ਨੂੰ ਅਮਲ ਵਿਚ ਲਿਆਵਾਂਗਾ। ਹਕੀਕਤ ਇਹ ਹੈ ਕਿ ਮੈਂ ਪਹਿਲੋਂ ਹੀ ਪੰਥ ਨੂੰ ਇਸ ’ਤੇ ਅਮਲ ਕਰਨ ਦੀ ਅਪੀਲ ਕੀਤੀ ਹੋਈ ਹੈ।”

ਬਾਵਾ ਜੀ ਪਿੱਛੋਂ 19 ਹੋਰ ਅਕਾਲੀ ਆਗੂਆਂ ਨੇ ਇਕ ਦੂਜੇ ਮਗਰੋਂ ਉੱਠ ਕੇ ਅਦਾਲਤ ਵਿਚ ਆਖਿਆ, “ਸਾਡਾ ਵੀ ਉਹੀ ਬਿਆਨ ਹੈ ਜੋ ਪ੍ਰੋ: ਬਾਵਾ ਹਰਿਕਿਸ਼ਨ ਸਿੰਘ ਜੀ ਦਾ ਹੈ।” ਇਸ ਤਰ੍ਹਾਂ 20 ਸੱਜਣ ਆਪਣਾ ਸਾਮਾਨ ਸਮੇਟ ਕੇ, ਰਿਹਾਈ ਪ੍ਰਾਪਤ ਕਰ ਜੇਲ੍ਹ ਤੋਂ ਬਾਹਰ ਆ ਗਏ। ਸਾਰੇ ਅਕਾਲੀ ਆਗੂਆਂ ਦੀ ਰਿਹਾਈ ਉਪਰੰਤ 14 ਮਾਰਚ 1927, ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਜਨਰਲ ਸਮਾਗਮ ਬੁਲਾਇਆ ਗਿਆ ਜਿਸ ਵਿਚ ‘ਸਿੱਖ ਰਹਿਤ ਮਰਯਾਦਾ’ ਨਿਰਧਾਰਤ ਕਰਨ ਲਈ ਸਬ-ਕਮੇਟੀ ਬਣਾਈ ਗਈ, ਜਿਸ ਵਿਚ ਪ੍ਰਿੰ: ਬਾਵਾ ਹਰਿਕਿਸ਼ਨ ਸਿੰਘ ਤੇ ਪ੍ਰੋ: ਤੇਜਾ ਸਿੰਘ ਜੀ ਪ੍ਰਮੁੱਖ ਸਨ। 30 ਦਸੰਬਰ, 1933 ਨੂੰ ਸਿੱਖ ਰਹੁ-ਰੀਤ ਕਮੇਟੀ ਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਉਚੇਚਾ ਜਨਰਲ ਇਜਲਾਸ ਬੁਲਾਇਆ ਗਿਆ ਜਿਸ ਵਿਚ ਪ੍ਰਿੰ: ਬਾਵਾ ਹਰਿਕਿਸ਼ਨ ਸਿੰਘ ਵੀ ਸ਼ਾਮਲ ਸਨ।

ਸਿੱਖ ਗੁਰਦੁਆਰਾ ਐਕਟ 1925 ਅਨੁਸਾਰ ਹੋਈਆਂ ਚੋਣਾਂ ਸਮੇਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਆਗੂ ਦੋ ਧੜਿਆਂ ’ਚ ਵੰਡੇ ਗਏ। ਬਾਵਾ ਹਰਿਕਿਸ਼ਨ ਸਿੰਘ ਜੀ ਆਪ ਧੜੇਬੰਦੀ ਤੋਂ ਨਿਰਲੇਪ ਰਹੇ ਅਤੇ ਪੰਥਕ ਸਰੂਪ ਬਣਾਈ ਰੱਖਣ ਲਈ ਹਮੇਸ਼ਾਂ ਜਤਨਸ਼ੀਲ ਤੇ ਸਰਗਰਮ ਰਹੇ। ਦਸੰਬਰ, 1933 ’ਚ ਪ੍ਰਿੰ: ਹਰਿਕਿਸ਼ਨ ਸਿੰਘ ਤੇ ਹੋਰ ਸਿੱਖ ਪ੍ਰੋਫੈਸਰਾਂ ਨੇ ਮਿਲ ਕੇ ‘ਗੁਰਸੇਵਕ ਸਭਾ ਬਣਾਈ’ ਜਿਸ ਦਾ ਮੂਲ ਮਨੋਰਥ ਪੰਥਕ ਏਕਤਾ ਤੇ ਧੜੇਬੰਦੀ ਤੋਂ ਰਹਿਤ ਜਥੇਬੰਦਕ ਅਗਵਾਈ ਦੇਣਾ ਸੀ। ਗੁਰਸੇਵਕ ਸਭਾ ਨੇ ਹੀ ਮਾਸਟਰ ਤਾਰਾ ਸਿੰਘ ਜੀ ਨੂੰ ਸਰਗਰਮ ਸਿੱਖ ਸਿਆਸਤ ਤੋਂ ਕੁਝ ਸਮੇਂ ਲਈ ਕਿਨਾਰਾ ਕਰਨ ਦੀ ਸਲਾਹ ਦਿੱਤੀ, ਜੋ ਮਾਸਟਰ ਜੀ ਨੇ ਪੰਥਕ ਹਿੱਤਾਂ ’ਚ ਪ੍ਰਵਾਨ ਕਰ ਲਈ। ਗੁਰਸੇਵਕ ਸਭਾ ਵੱਲੋਂ ਹੀ ਮੂਲ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ‘ਸ਼ਬਦਾਰਥ’ ਤਿਆਰ ਕਰਨ ਲਈ ਕਾਰਜ 1936 ਈ: ’ਚ ਅਰੰਭ ਕੀਤਾ ਗਿਆ ਜੋ 1941 ਈ: ’ਚ ਸੰਪੂਰਨ ਹੋਇਆ। ਇਹ ‘ਸ਼ਬਦਾਰਥ’ ਚਾਰ ਭਾਗਾਂ ’ਚ ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਨਿਰੰਤਰ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ।

ਮਾਰਚ, 1949 ਨੂੰ ਪ੍ਰਿੰ: ਬਾਵਾ ਹਰਿਕਿਸ਼ਨ ਸਿੰਘ ਜੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਦੀਵਾਨ ਕਰਨ ਦੀ ਆਗਿਆ ਦਿੱਤੀ ਜਾਵੇ। ਦੀਵਾਨ ਦਾ ਮਨੋਰਥ 2 ਮਾਰਚ, 1949 ਨੂੰ ਸ੍ਰੀ ਦਰਬਾਰ ਸਾਹਿਬ ’ਚ ਹੋਈ ਦੁਰਘਟਨਾ ’ਤੇ ਅਫਸੋਸ ਦਾ ਪ੍ਰਾਸਚਿਤ ਕਰਨਾ ਤੇ ਪੰਥਕ ਮਸਲਿਆਂ ’ਤੇ ਵਿਚਾਰ ਕਰਨਾ ਸੀ। ਜਥੇਦਾਰ ਮੋਹਨ ਸਿੰਘ ਨਾਗੋਕੇ ਨੇ ਦੀਵਾਨ ਸਜਾਉਣ ਦੀ ਆਗਿਆ ਕੀਤੀ।

26 ਫਰਵਰੀ, 1955 ਨੂੰ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ’ਚ ਗੁਰਮਤਿ ਲਿਟ੍ਰੇਚਰ ਦੇ ਵਾਧੇ ਲਈ ਨਵਾਂ ਗੁਰਮਤਿ ਲਿਟ੍ਰੇਚਰ ਛਪਵਾਉਣ ਹਿਤ ਸਲਾਹਕਾਰ ਬੋਰਡ ਨੀਯਤ ਕੀਤਾ, ਜਿਸ ਵਿਚ ਬਾਵਾ ਹਰਿਕਿਸ਼ਨ ਸਿੰਘ ਜੀ ਪ੍ਰਿੰਸੀਪਲ ਸਿੱਖ ਨੈਸ਼ਨਲ ਕਾਲਜ ਕਾਦੀਆਂ ਮੈਂਬਰ ਸਨ। ਸ਼੍ਰੋਮਣੀ ਗੁ:ਪ੍ਰ:ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਦੇ ਵੀ ਬਾਵਾ ਹਰਿਕਿਸ਼ਨ ਸਿੰਘ ਜੀ ਮੈਂਬਰ ਸਨ, ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਛਾਪਣ ਬਾਰੇ ਆਪਣੀ ਰੀਪੋਰਟ 24 ਅਪ੍ਰੈਲ,1955 ਨੂੰ ਪੇਸ਼ ਕੀਤੀ। ‘ਗੁਰਦੁਆਰਾ ਗਜ਼ਟ ਮਈ, 1955’ ਅਨੁਸਾਰ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੀ ਪਿਛਲੀ ਦਿਨੀਂ ਹੋਈ ਚੋਣ ਵਿਚ ਸ੍ਰੀਮਾਨ ਮਾਸਟਰ ਤਾਰਾ ਸਿੰਘ ਜੀ ਹਲਕਾ ਨੰ: 46 ਅਤੇ 85 ਦੋਹਾਂ ਥਾਵਾਂ ਤੋਂ ਉਮੀਦਵਾਰ ਖੜ੍ਹੇ ਹੋਏ ਸਨ। ਆਪ ਜੀ ਦੇ ਹਲਕਾ ਨੰ: 46 ਵਿੱਚੋਂ ਕਾਮਯਾਬ ਹਲਕਾ ਨੰ: 85 ਖਾਲੀ ਹੋ ਗਿਆ। ਬੜੀ ਖੁਸ਼ੀ ਨਾਲ ਪ੍ਰਗਟ ਕੀਤਾ ਜਾਂਦਾ ਹੈ, ਕਿ ਹਲਕਾ ਨੰ: 85 ਵਿੱਚੋਂ ਬਾਵਾ ਹਰਿਕਿਸ਼ਨ ਸਿੰਘ ਜੀ ਪ੍ਰਿੰਸੀਪਲ ਸਿੱਖ ਨੈਸ਼ਨਲ ਕਾਲਜ਼ ਜ਼ਿਲ੍ਹਾ ਗੁਰਦਾਸਪੁਰ ਮੈਂਬਰ, ਸ਼੍ਰੋਮਣੀ ਕਮੇਟੀ ਚੁਣੇ ਗਏ।

ਅੰਤ੍ਰਿੰਗ ਕਮੇਟੀ ਦੇ ਮਤਾ 854 ਮਿਤੀ 24 ਅਪ੍ਰੈਲ,1955 ਅਨੁਸਾਰ ਸ. ਮੁਖਤਿਆਰ ਸਿੰਘ ਅੰਤ੍ਰਿੰਗ ਕਮੇਟੀ ਮੈਂਬਰ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੀ ਥਾਂ ਬਾਵਾ ਹਰਿਕਿਸ਼ਨ ਸਿੰਘ ਜੀ ਅੰਤ੍ਰਿੰਗ ਕਮੇਟੀ ਮੈਂਬਰ ਚੁਣੇ ਗਏ।ਇਸੇ ਦਿਨ ਹੀ ਮਤਾ 855 ਰਾਹੀਂ ਮਾਸਟਰ ਤਾਰਾ ਸਿੰਘ ਜੀ ਪ੍ਰਧਾਨ, ਸ਼੍ਰੋਮਣੀ ਗੁ:ਪ੍ਰ:ਕਮੇਟੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਜੋ ਪ੍ਰਵਾਨ ਕੀਤਾ ਗਿਆ। ਮਤਾ ਨੰ: 856 ਰਾਹੀਂ ਸ੍ਰੀਮਾਨ ਮਾਸਟਰ ਤਾਰਾ ਸਿੰਘ ਜੀ ਪ੍ਰਧਾਨ, ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਅਸਤੀਫਾ ਦੇਣ ਕਰਕੇ ਖਾਲੀ ਹੋਈ ਥਾਂ ਪੁਰ ਕਰਨ ਲਈ ਸ. ਅਮਰ ਸਿੰਘ ਜੀ ਦੁਸਾਂਝ ਨੇ ਬਾਵਾ ਹਰਿਕਿਸ਼ਨ ਸਿੰਘ ਜੀ ਅੰਤ੍ਰਿੰਗ ਕਮੇਟੀ ਮੈਂਬਰ ਦਾ ਨਾਂ ਤਜ਼ਵੀਜ਼ ਕੀਤਾ। ਸ. ਪ੍ਰਕਾਸ਼ ਸਿੰਘ ਜੀ ਬਾਦਲ ਨੇ ਇਸ ਦੀ ਤਾਈਦ ਕੀਤੀ, ਉਪਰੰਤ ਬਾਵਾ ਹਰਿਕਿਸ਼ਨ ਸਿੰਘ ਜੀ ਸਰਬ-ਸੰਮਤੀ ਨਾਲ ਆਰਜ਼ੀ ਤੌਰ ’ਤੇ ਜਨਰਲ ਇਕੱਤਰਤਾ ਤੀਕਰ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਪ੍ਰਧਾਨ ਚੁਣੇ ਗਏ।

ਮਤਾ ਨੰ: 903 ਮਿਤੀ 24 ਅਪ੍ਰੈਲ,1955 ਅਨੁਸਾਰ ਪੇਸ਼ ਹੋਣ ’ਤੇ ਪ੍ਰਵਾਨ ਹੋਇਆ ਕਿ ਸਿੰਘ ਸਾਹਿਬ ਗਿਆਨੀ ਫ਼ੌਜਾ ਸਿੰਘ ਜਥੇਦਾਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਅਚਾਨਕ ਗ੍ਰਿਫਤਾਰ ਹੋ ਜਾਣ ਕਰਕੇ ਸਿੰਘ ਸਾਹਿਬ ਗਿ: ਪ੍ਰਤਾਪ ਸਿੰਘ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਰਜ਼ੀ ਤੌਰ ’ਤੇ ਬਤੌਰ ਜਥੇਦਾਰ, ਤਖ਼ਤ ਕੇਸਗੜ੍ਹ ਸਾਹਿਬ ਤਬਦੀਲ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੀ ਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਦੀ ਸੇਵਾ ਆਰਜ਼ੀ ਤੌਰ ’ਤੇ ਜਥੇਦਾਰ ਅੱਛਰ ਸਿੰਘ ਜੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਿਭਾਉਣਗੇ।

ਇਸ ਤਰ੍ਹਾਂ 07 ਜੁਲਾਈ,1955 ਤੀਕ ਬਾਵਾ ਹਰਿਕਿਸ਼ਨ ਸਿੰਘ ਪ੍ਰਿੰਸੀਪਲ ਨੇ ਪ੍ਰਧਾਨ, ਸ਼੍ਰੋਮਣੀ ਗੁ:ਪ੍ਰ:ਕਮੇਟੀ ਦੀ ਸੇਵਾ ਨਿਭਾਈ।ਸ੍ਰੀ ਦਰਬਾਰ ਸਾਹਿਬ ’ਤੇ ਅਸ਼ਵਨੀ ਕੁਮਾਰ ਵੱਲੋਂ ਕਰਵਾਏ ਗਏ ਹਮਲੇ ਸਮੇਂ ਇਹ ਛਾਤੀ ਡਾਹ ਕੇ ਖੜ੍ਹ ਗਏ ਕਿ ਪਹਿਲਾਂ ਮੈਨੂੰ ਗੋਲੀ ਮਾਰੀ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਪ੍ਰਧਾਨਗੀ ਦਾ ਇਨ੍ਹਾਂ ਦਾ ਸਮਾਂ ਬੜਾ ਬਿਖੜਾ ਸੀ।

3 ਦਸੰਬਰ, 1957 ਨੂੰ ਜਨਰਲ ਅਜਲਾਸ ਸਮੇਂ ਮਾਸਟਰ ਤਾਰਾ ਸਿੰਘ ਜੀ ਪ੍ਰਧਾਨ, ਪ੍ਰਿੰ: ਬਾਵਾ ਹਰਿਕਿਸ਼ਨ ਸਿੰਘ ਸੀਨੀਅਰ ਮੀਤ ਪ੍ਰਧਾਨ ਤੇ ਪ੍ਰੋ: ਕਿਰਪਾਲ ਸਿੰਘ ਚੱਕਸ਼ੇਰੇ ਵਾਲਾ ਜੂਨੀਅਰ ਮੀਤ ਪ੍ਰਧਾਨ ਚੁਣੇ ਗਏ। 9 ਮਾਰਚ, 1958 ਨੂੰ ਜਨਰਲ ਸਮਾਗਮ, ਬਾਵਾ ਹਰਿਕਿਸ਼ਨ ਸਿੰਘ ਜੀ ਸੀਨੀਅਰ ਮੀਤ ਪ੍ਰਧਾਨ, ਦੀ ਪ੍ਰਧਾਨਗੀ ’ਚ ਅਰੰਭ ਹੋਇਆ ਜਿਸ ਵਿਚ ਪੰਥ ਦੇ ਪ੍ਰਸਿੱਧ ਵਿਦਵਾਨ, ਵਿਆਖਿਆਕਾਰ, ਖੋਜੀ-ਲਿਖਾਰੀ ਤੇ ਪ੍ਰਿੰਸੀਪਲ, ਪ੍ਰੋ: ਤੇਜਾ ਸਿੰਘ ਜੀ ਦੇ ਅਕਾਲ ਚਲਾਣੇ ਅਤੇ ਮੌਲਾਨਾ ਅਬੁਲ ਕੁਲਾਮ ਅਜ਼ਾਦ ਦੀ ਮੌਤ ’ਤੇ ਅਫ਼ਸੋਸ ਦਾ ਮਤਾ ਪਾਸ ਕੀਤਾ ਗਿਆ ਅਤੇ ਪ੍ਰੋ: ਤੇਜਾ ਸਿੰਘ ਜੀ ਦੀ ਤਸਵੀਰ ਤੇਜਾ ਸਿੰਘ ਸਮੁੰਦਰੀ ਹਾਲ ’ਚ ਲਾਉਣ ਦਾ ਫ਼ੈਸਲਾ ਹੋਇਆ। ਉਪਰੰਤ ਸਾਲ 1957-58 ਦਾ ਸਾਲਾਨਾ ਬਜਟ ਪਾਸ ਕੀਤਾ ਗਿਆ ਤੇ ਪਾਕਿਸਤਾਨ ’ਚ ਰਹਿ ਗਏ ਗੁਰਦੁਆਰਿਆਂ ਦੀ ਯਾਤਰਾ ਲਈ ਸਿੱਖ ਸ਼ਰਧਾਲੂਆਂ ਵਾਸਤੇ ਸਹੂਲਤਾਂ ਦਾ ਮਤਾ ਵੀ ਪ੍ਰਿੰ: ਬਾਵਾ ਹਰਿਕਿਸ਼ਨ ਸਿੰਘ ਜੀ ਦੀ ਪ੍ਰਧਾਨਗੀ ਸਮੇਂ ਹੋਇਆ। ਇਸ ਜਨਰਲ ਅਜਲਾਸ ਸਮੇਂ 96 ਮੈਂਬਰ, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਹਾਜ਼ਰ ਸਨ।

ਪ੍ਰਿੰ: ਬਾਵਾ ਹਰਿਕਿਸ਼ਨ ਸਿੰਘ ਜੀ ਆਖਰੀ ਸਮੇਂ ਤੀਕ ‘ਗੁਰੂ-ਗ੍ਰੰਥ ਤੇ ਗੁਰੂ-ਪੰਥ’ ਨੂੰ ਸਮਰਪਿਤ ਰਹੇ। ਉਮਰ ਭਰ ਕਦੇ ਕਿਸੇ ਪਦ-ਪਦਵੀ ਤੇ ਅਹੁਦੇ ਦੇ ਮਗਰ ਨਹੀਂ ਦੌੜੇ ਸਗੋਂ ਸਤਿਕਾਰਤ ਪਦਵੀਆਂ ’ਤੇ ਸੇਵਾ ਨਿਭਾਉਣ ਦਾ ਉਨ੍ਹਾਂ ਨੂੰ ਸੁਭਾਗ ਹੀ ਪ੍ਰਾਪਤ ਹੋਇਆ। ਪ੍ਰਿੰ: ਬਾਵਾ ਹਰਿਕਿਸ਼ਨ ਸਿੰਘ ਜੀ ਵੱਲੋਂ ਕੀਤੀਆਂ ਪੰਥਕ ਸੇਵਾਵਾਂ ਦਾ ਸਨਮਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ੇਸ਼ ਰੂਪ ’ਚ ਕੀਤਾ ਗਿਆ। ਧੰਨਵਾਦ ਦੇ ਸ਼ਬਦਾਂ ’ਚ ਪ੍ਰਿੰਸੀਪਲ ਸਾਹਿਬ ਨੇ ਕਿਹਾ ਸੀ ਕਿ ਅਕਾਲੀ ਦਲ ਵਰਗੀ ਪੰਥਕ ਜਥੇਬੰਦੀ ਨੂੰ ਕਿਸੇ ਵੀ ਰੂਪ ’ਚ ਢਾਹ ਨਾ ਲਾਈ ਜਾਵੇ, ਇਸ ਵਿਚ ਹੀ ਸਾਡਾ ਸਾਰਿਆਂ ਦਾ ਭਲਾ ਹੈ। ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਯੂਨੀਵਰਸਿਟੀ ਇਸਲਾਮਾਬਾਦ ਦੇ ਪ੍ਰੋ. ਵਾਈਸ ਚਾਂਸਲਰ ਮੁਹੰਮਦ ਯੂਸਫ ਨੇ ਪ੍ਰਿੰ: ਬਾਵਾ ਹਰਿਕਿਸ਼ਨ ਸਿੰਘ ਜੀ ਬਾਰੇ ਇਹ ਕਿਹਾ ਸੀ ਕਿ ਬਾਵਾ ਹਰਿਕਿਸ਼ਨ ਸਿੰਘ ਗੁਰੂ ਨਾਨਕ ਦੇਵ ਜੀ ਦੇ ਐਸੇ ਸਿੱਖ ਹਨ ਜਿਵੇਂ ਦਾ ਸਿੱਖ ਗੁਰੂ ਨਾਨਕ ਸਾਹਿਬ ਬਣਾਉਣਾ ਚਾਹੁੰਦੇ ਸਨ। 1955 ਈ: ਵਿਚ ਕੇਂਦਰ ਸਰਕਾਰ ਨੇ ਰਾਜਸੀ ਸਮਝੌਤਾ ਕਰਨ ਲਈ ਸਿੱਖਾਂ ਦੀ ਇਕ ਕਮੇਟੀ ਬਣਾਈ ਜਿਸ ਵਿਚ ਪ੍ਰਿੰ: ਬਾਵਾ ਹਰਿਕਿਸ਼ਨ ਸਿੰਘ ਨੂੰ ਮੈਂਬਰ ਲਿਆ ਗਿਆ। ਇਸ ਕਮੇਟੀ ਦੇ ਮੁਖੀ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਸਨ। ਭਾਵੇਂ ਕਿ ਪ੍ਰਿੰਸੀਪਲ ਸਾਹਿਬ ਉਸ ਸਮੇਂ ਸ. ਹੁਕਮ ਸਿੰਘ ਦੇ ਨਿਵਾਸ ’ਤੇ ਦਿੱਲੀ ਠਹਿਰੇ ਹੋਏ ਸਨ ਪਰ ਕਿਸੇ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। 1960 ਈ: ਵਿਚ ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਕਮਿਸ਼ਨ ਮੈਂਬਰ ਨਾਮਜ਼ਦ ਹੋਏ ਪਰ ਉਹ ਕਿਸੇ ਵੀ ਮੀਟਿੰਗ ਵਿਚ ਸ਼ਾਮਲ ਨਾ ਹੋਏ।

20 ਅਗਸਤ, 1978 ਈ: ਵਿਚ ਦਿੱਲੀ ਦੇ ਸੈਨਿਕ ਹਸਪਤਾਲ ’ਚ ਕੁਝ ਸਮਾਂ ਬੀਮਾਰ ਰਹਿਣ ਉਪਰੰਤ ਪ੍ਰਿੰ: ਬਾਵਾ ਹਰਿਕਿਸ਼ਨ ਸਿੰਘ ਇਸ ਨਾਸ਼ਮਾਨ ਸੰਸਾਰ ਨੂੰ ਅਲਵਿਦਾ ਕਹਿ ਗਏ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Roop Singh
ਸਾਬਕਾ, ਮੁੱਖ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)