editor@sikharchives.org
Principl Teja Singh

ਸਿੱਖ ਪੰਥ ਤੇ ਪੰਜਾਬੀ ਸਾਹਿਤ ਦੇ ਸ਼੍ਰੋਮਣੀ ਵਿਦਵਾਨ – ਪ੍ਰਿੰਸੀਪਲ ਤੇਜਾ ਸਿੰਘ

ਪ੍ਰਿੰ. ਤੇਜਾ ਸਿੰਘ ਨੂੰ ਪੰਜਾਬੀ ਬੋਲੀ ਅਤੇ ਸਾਹਿਤ ਦੇ ਵਾਧੇ ਦਾ ਬਹੁਤ ਚਾਅ ਸੀ, ਇਸ ਕਰ ਕੇ ਜਦੋਂ ਵੀ ਕੋਈ ਨਵਾਂ ਲੇਖਕ ਪੰਜਾਬੀ ਵਿਚ ਆਪਣੀ ਰਚਨਾ ਲੈ ਕੇ ਆਪ ਦੇ ਕੋਲ ਗਿਆ ਤਾਂ ਆਪ ਨੇ ਆਪਣੀਆਂ ਨੇਕ ਸਲਾਹਾਂ ਦੇ ਨਾਲ ਲਿਖਣ ਦੀ ਪ੍ਰੇਰਣਾ ਅਤੇ ਹਿੰਮਤ ਦਿਤੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਪੰਜਾਬੀ ਸਾਹਿਤ ਦੇ ਵਿਚ ਪ੍ਰਿੰਸੀਪਲ ਤੇਜਾ ਸਿੰਘ ਦਾ ਨਾਮ ਇਕ ਵੱਡੇ ਵਿਦਵਾਨ ਸਾਹਿਤਕਾਰ ਵਜੋਂ ਜਾਣਿਆ ਜਾਂਦਾ ਹੈ। ਪ੍ਰਿੰਸੀਪਲ ਤੇਜਾ ਸਿੰਘ ਨੇ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਅਨੇਕ ਪੁਸਤਕਾਂ ਰਚੀਆਂ ਅਤੇ ਭਾਸ਼ਾ, ਸਾਹਿਤ, ਧਰਮ ਅਤੇ ਇਤਿਹਾਸ ਦੇ ਖੇਤਰਾਂ ਵਿੱਚ ਆਪਣੀ ਵਿਦਵਤਾ ਦੀ ਵਖਰੀ ਛਾਪ ਛੱਡੀ। ਜੋ ਕੁਝ ਵੀ ਅਸੀਂ ਪ੍ਰਿੰਸੀਪਲ ਤੇਜਾ ਸਿੰਘ ਬਾਰੇ ਲਿਖਿਆ ਹੋਇਆ ਵਾਚਿਆ ਹੈ, ਉਸ ਵਿਚ ਆਪ ਨੂੰ ਗੁਣਵੰਤ, ਵਾਰਤਕਕਾਰ, ਸਿੱਖੀ ਦੇ ਉੱਘੇ ਵਿਆਖਿਆਕਾਰ, ਸਾਹਿਤ ਦਾ ਪਾਰਖੂ, ਕੋਮਲ-ਚਿਤ ਕਲਾਕਾਰ, ਵੱਡੇ ਦਿਲ ਵਾਲਾ, ਅਣਥੱਕ ਸਾਹਿਤਕਾਰ, ਪੰਜਾਬੀ ਬੋਲੀ ਦਾ ਪੱਧਰ ਉੱਚਾ ਚੁੱਕਣ ਵਾਲਾ, ਮਿੱਠੀ ਪੰਜਾਬੀ ਬੋਲਣ ਵਾਲਾ, ਪੰਜਾਬ ਦੇ ਸਭਿਆਚਾਰ ਦੇ ਖੇਤਰ ਦਾ ਆਦਰਯੋਗ ਨਾਮ, ਗੁਰਬਾਣੀ ਵਿਆਖਿਆਕਾਰ, ਸ਼ੈਲੀਕਾਰ, ਕਵੀ, ਕਹਾਣੀਕਾਰ, ਵਿਆਕਰਣੀ, ਆਦਰਸ਼ਕ ਟੀਕਾਕਾਰ, ਕੋਸ਼ਕਾਰ, ਚਿੱਤਰਕਾਰ, ਗਵੱਈਏ, ਸੰਗੀਤਕਾਰ, ਅੰਗਰੇਜ਼ੀ ਦੇ ਉੱਚ ਕੋਟੀ ਦੇ ਵਿਦਵਾਨ, ਪੰਜਾਬੀ ਦੇ ਸਿਰਕੱਢ ਲਿਖਾਰੀ, ਇਕ ਸੰਸਥਾ ਆਦਿ ਸਤਿਕਾਰਤ ਲਕਬਾਂ ਨਾਲ ਨਿਵਾਜਿਆ ਹੈ।

ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਰਾਵਲਪਿੰਡੀ (ਹੁਣ ਪਾਕਿਸਤਾਨ) ਦੇ ਅਡਿਆਲਾ ਪਿੰਡ ਵਿੱਚ 2 ਜੂਨ 1894 ਨੂੰ ਮਾਤਾ ਸੁਰੱਸਤੀ ਦੀ ਕੁੱਖੋਂ ਭਾਈ ਭਲਾਕਰ ਸਿੰਘ ਦੇ ਘਰ ਹੋਇਆ। ਪ੍ਰਿੰਸੀਪਲ ਤੇਜਾ ਸਿੰਘ ਦਾ ਮੁਢਲਾ ਨਾਮ ਤੇਜ ਰਾਮ ਸੀ। ਆਪ ਨੇ ਸੰਨ 1899 ਵਿਚ ਪ੍ਰਾਇਮਰੀ ਸਕੂਲ, ਢੱਲਾ ਵਿਚ ਦਾਖ਼ਲਾ ਲਿਆ ਤੇ 1902 ਵਿਚ ਪੰਜਵੀਂ ਪਾਸ ਕੀਤੀ। 1908 ਵਿਚ ਡਿਸਟ੍ਰਿਕਟ ਬੋਰਡ ਦੇ ਮਿਡਲ ਸਕੂਲ ਵਿਚ ਮਿਡਲ ਪਾਸ ਕੀਤੀ। 1910 ਵਿਚ ਖ਼ਾਲਸਾ ਕਾਲਜ ਸਕੂਲ ਅੰਮ੍ਰਿਤਸਰ ਤੋਂ ਮੈਟ੍ਰਿਕ ਪਾਸ ਕੀਤੀ। ਸੰਨ 1911 ਨੂੰ 18 ਸਾਲ ਦੀ ਉਮਰ ਵਿਚ ਆਪ ਦਾ ਵਿਆਹ ਗੁਜਰਖਾਨ ਦੇ ਮਾਸਟਰ ਪ੍ਰੇਮ ਸਿੰਘ ਦੀ 14 ਸਾਲ ਦੀ ਸਪੁੱਤਰੀ, ਧੰਨ ਕੌਰ ਨਾਲ ਹੋਇਆ। ਸੰਨ 1913 ਵਿਚ ਗਾਰਡਨ ਕਾਲਜ ‘ਚ ਪੜ੍ਹਦਿਆਂ ਆਪ ਦੇ ਘਰ ਲੜਕੀ ਨੇ ਜਨਮ ਲਿਆ, ਜਿਸ ਦਾ ਨਾਂ ਕਿਸ਼ਨ ਕੌਰ ਰੱਖਿਆ ਗਿਆ। ਸੰਨ 1914 ਵਿਚ ਗਾਰਡਨ ਕਾਲਜ ਰਾਵਲ ਪਿੰਡੀ ਤੋਂ ਬੀ.ਏ. ਪਾਸ ਕੀਤੀ ਅਤੇ 1914 ਵਿਚ ਵੀਹ ਸਾਲ ਦੀ ਉਮਰ ਵਿਚ ਪ੍ਰੋਫੈਸਰੀ ਆਰੰਭ ਕੀਤੀ। 1915 ਨੂੰ ਆਪ ਦੇ ਘਰ ਦੂਜੀ ਲੜਕੀ ਇੰਦਰ ਕੌਰ ਨੇ ਜਨਮ ਲਿਆ। ਸੰਨ 1917 ਵਿਚ ਅੰਗਰੇਜ਼ੀ ਦੀ ਐਮ.ਏ. ਪਾਸ ਕਰ ਲਈ।  ਆਪ 3 ਮਾਰਚ, 1919 ਨੂੰ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਚ ਅੰਗਰੇਜ਼ੀ, ਇਤਿਹਾਸ ਅਤੇ ਧਰਮ-ਵਿਦਿਆ ਦੇ ਪ੍ਰੋਫੈਸਰ ਬਣ ਗਏ। ਸੰਨ 1919 ਵਿਚ, ਇੰਦਰਜੀਤ ਸਿੰਘ, 1922 ਵਿਚ ਅਮਰ ਕੌਰ, 1924 ਵਿਚ ਸੁਰਜੀਤ, 1926 ਵਿਚ ਮਨਜੀਤ ਕੌਰ ਅਤੇ 1932 ਵਿਚ ਪਰਮਜੀਤ ਸਿੰਘ ਨੇ ਆਪ ਦੇ ਘਰ ਜਨਮ ਲਿਆ। ਆਪ ਦੀ ਪਰਿਵਾਰਕ ਜ਼ਿੰਦਗੀ ਬਹੁਤ ਸੌਖੀ ਬੀਤੀ। ਅਕਤੂਬਰ 1923 ਨੂੰ ਆਪ ਨੂੰ ਸਾਥੀਆਂ ਸਮੇਤ ਜੈਤੋ ਦੇ ਮੋਰਚੇ ਦੇ ਸੰਦਰਭ ਵਿਚ ਗ੍ਰਿਫਤਾਰ ਕੀਤਾ ਗਿਆ। ਜੇਲ੍ਹ ਯਾਤਰਾ ਦੌਰਾਨ ਵੀ ਆਪ ਲਿਖਣ-ਪੜ੍ਹਨ ਦਾ ਕਾਰਜ ਕਰਦੇ ਰਹੇ। ਫ਼ਰਵਰੀ 1924 ਵਿਚ ਆਪ ਨੂੰ ਸਾਥੀਆਂ ਸਮੇਤ ਲਾਹੌਰ ਦੇ ਇਕ ਇਤਿਹਾਸਿਕ ਕਿਲ੍ਹੇ ਵਿਚ ਲੈ ਆਏ ਤੇ ਉੱਥੇ ਕੈਦ ਰਖਿਆ ਗਿਆ। ਇਸ ਸਮੇਂ ਦੌਰਾਨ ਜੇਲ੍ਹ ‘ਚ ਹੁੰਦੇ ਮਾੜੇ ਵਤੀਰੇ ਕਰ ਕੇ ਆਪ ਦੀ ਸਿਹਤ ਵੀ ਵਿਗੜ ਰਹੀ ਸੀ ਜਿਸਦਾ ਕਾਰਨ ਆਪ ਨੇ ਇਸ ਤਰ੍ਹਾਂ ਦਸਿਆ ਹੈ, “ਰੋਟੀ ਵੀ ਬਹੁਤ ਚੰਗੀ ਨਹੀਂ ਸੀ ਮਿਲਦੀ। ਆਮ ਤੌਰ ’ਤੇ ਭਾਜੀ ਵਿਚ ਪਿੱਪਲ, ਟਾਹਲੀ, ਗੋਭੀ ਆਦਿ ਦੇ ਪੱਤਰ ਮਿਲੇ ਹੁੰਦੇ ਸਨ, ਜਿਸ ਨੂੰ  ‘ਚੁਲਾਈ’ ਕਹਿੰਦੇ ਸਨ––ਚੁਲਾਈ ਕਸ਼ਮੀਰ ਦੀ। ਕਦੀ ਕਦੀ ਪੁਰਾਣੀ ਛੱਤ ਵਿਚੋਂ ਡਿੱਗੀ ਹੋਈ ਕਿਰਲੀ ਵੀ ਪਈ ਹੁੰਦੀ। ਇਕ ਵਾਰੀ ਉਸ ਅਣੋਖੇ ਸਾਗ ਵਿਚੋਂ ਉਬਲੀ ਹੋਈ ਚੂਹੀ ਨਿਕਲੀ। ਅਸੀਂ ਰੌਲਾ ਪਾਇਆ, ਪਰ ਖ਼ੁਰਾਕ ਦੀ ਬਿਹਤਰੀ ਨਾ ਹੋ ਸਕੀ ।” ਇਸ ਦੇ ਕਾਰਨ ਆਪ ਨਿਊਰਿਸਥੇਨੀਆਂ ਬਿਮਾਰੀ ਨਾਲ ਪੀੜਤ ਹੋ ਗਏ। ਆਪ ਨੂੰ ਹਫ਼ਤੇ ਹਫ਼ਤੇ ਦੀ ਛੁੱਟੀ ਮਿਲਦੀ ਰਹੀ, ਪਰ ਡਾਕਟਰੀ ਮੁਆਇਨਾ ਹੋਣ ਤੋਂ ਬਾਅਦ ਆਪ ਨੂੰ ਛੱਡ ਦਿੱਤਾ ਗਿਆ। ਹੌਲੀ-ਹੌਲੀ ਆਪ ਦੀ ਸਿਹਤ ਨੂੰ ਮੋੜਾ ਪੈ ਗਿਆ ਤੇ ਆਪ ਮੁੜ ਤੰਦਰੁਸਤ ਹੋ ਗਏ। ਆਪ ਨੇ ਮੁੜ ਸੰਨ 1925 ਨੂੰ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਚ ਪ੍ਰੋਫ਼ੈਸਰੀ ਸ਼ੁਰੂ ਕਰ ਦਿਤੀ। ਆਪ ਚੀਫ਼ ਖ਼ਾਲਸਾ ਦੀਵਾਨ ਦੀ ਅੰਤਰੀਗ ਕਮੇਟੀ ਦੇ ਮੈਂਬਰ ਵੀ ਰਹੇ। ਇਸ ਉਪਰੰਤ ਆਪ ਨੂੰ ਐਜੂਕੇਸ਼ਨ ਕਮੇਟੀ ਦਾ ਮੈਂਬਰ ਵੀ ਚੁਣਿਆ ਗਿਆ। ਸੰਨ 1926 ਵਿਚ ਆਪ ਦੇ ਪਿਤਾ ਜੀ ਸੁਰਗਵਾਸ ਹੋ ਗਏ। ਸੰਨ 1945 ਵਿਚ ਆਪ ਨੇ ਕਿਸੇ ਘਟਨਾ ਦੇ ਵਾਪਰ ਕਾਰਨ ਖ਼ਾਲਸਾ ਕਾਲਜ, ਅੰਮ੍ਰਿਤਸਰ ਦੀ ਨੌਕਰੀ ਛੱਡ ਦਿੱਤੀ। 13 ਦਸੰਬਰ 1945 ਨੂੰ ਸ਼੍ਰੋਮਣੀ ਕਮੇਟੀ ਦੀ ਪੇਸ਼ਗੀ ‘ਤੇ ਖ਼ਾਲਸਾ ਕਾਲਜ, ਮਤੂੰਗਾ, ਬੰਬਈ ਵਿਖੇ ਪ੍ਰਿੰਸੀਪਲ ਦੀ ਪਦਵੀ ਦਾ ਕਾਰਜ ਸੰਭਾਲਿਆ ਅਤੇ 13 ਅਗਸਤ 1948 ਤਕ ਇਸ ਪਦਵੀ ’ਤੇ ਰਹਿਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ। 2 ਜਨਵਰੀ 1949 ਨੂੰ ਆਪ ਨੇ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ। 27 ਜੁਲਾਈ 1949 ਨੂੰ ਆਪ ਨੇ ਕਾਲਜ ਦੀ ਪ੍ਰਿੰਸੀਪਲੀ ਦੇ ਨਾਲ-ਨਾਲ ਮਹਿਕਮਾ ਪੰਜਾਬੀ ਦੇ ਸਕੱਤਰ ਤੇ ਡਾਇਰੈਕਟਰ ਬਣੇ ਤੇ ਦਸੰਬਰ 1951 ਨੂੰ ਪੈਪਸੂ ਦੀ ਨੌਕਰੀ ਤੋਂ ਰੀਟਾਇਰ ਹੋ ਗਏ।      

ਪ੍ਰਿੰ. ਤੇਜਾ ਸਿੰਘ ਨੂੰ ਪੰਜਾਬੀ ਬੋਲੀ ਅਤੇ ਸਾਹਿਤ ਦੇ ਵਾਧੇ ਦਾ ਬਹੁਤ ਚਾਅ ਸੀ, ਇਸ ਕਰ ਕੇ ਜਦੋਂ ਵੀ ਕੋਈ ਨਵਾਂ ਲੇਖਕ ਪੰਜਾਬੀ ਵਿਚ ਆਪਣੀ ਰਚਨਾ ਲੈ ਕੇ ਆਪ ਦੇ ਕੋਲ ਗਿਆ ਤਾਂ ਆਪ ਨੇ ਆਪਣੀਆਂ ਨੇਕ ਸਲਾਹਾਂ ਦੇ ਨਾਲ ਲਿਖਣ ਦੀ ਪ੍ਰੇਰਣਾ ਅਤੇ ਹਿੰਮਤ ਦਿਤੀ। ਇਸ ਗੱਲ ਵਿਚ ਕੋਈ ਅਤਕਥਨੀ ਨਹੀਂ ਕਿ ਆਪ ਨੇ ਪੰਜਾਬੀ ਪੁਸਤਕਾਂ ਦੀ ਭੂਮਿਕਾ ਲਿਖਣ ਵਿਚ ਅੱਗੇ ਹੋ ਕੇ ਨਵੇਂ ਸਾਹਿਤਕਾਰਾਂ ਦਾ ਹੌਂਸਲਾ ਵਧਾਉਣ ‘ਚ ਵਡਮੁੱਲਾ ਯੋਗਦਾਨ ਪਾਇਆ ਹੈ। ਹੀਰਾ ਸਿੰਘ ‘ਦਰਦ’ ਗਿਆਨੀ ਆਪ ਬਾਬਤ ਲਿਖਦੇ ਹਨ, “ਤੇਜਾ ਸਿੰਘ ਪੰਜਾਬੀ ਸਾਹਿੱਤ-ਬਗੀਚੇ ਨੂੰ ਆਪਣੇ ਲਹੂ-ਮੁੜ੍ਹਕੇ ਨਾਲ ਸਿੰਜ ਕੇ ਪਰਫੁੱਲਤ ਕਰਨ ਵਾਲਾ ਇੱਕ ਮਾਲੀ ਵੀ ਹੈ, ਤੇ ਇਸ ਦੇ ਫੁਲਾਂ ਦੀ ਮਹਿਕ ਵਿਚ ਮਸਤ ਹੋ ਜਾਣ ਵਾਲਾ ਭੌਰਾ ਵੀ ।” ਆਪ ਜੀ ਦਾ ਸ਼੍ਰੋਮਣੀ ਲਿਖਾਰੀਆਂ ਵਿਚ ਉੱਚਾ ਸਥਾਨ ਹੈ। ‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਦੇ ਰਚੇਤਾ ਭਾਈ ਕਾਹਨ ਸਿੰਘ ਨਾਭਾ  ਨੇ ਮਹਾਨ ਕੋਸ਼ ਦੇ ਪਰੂਫ ਪੜ੍ਹਨ ਅਤੇ ਸੁਧਾਈ ਕਰਨ ਦਾ ਕੰਮ ਆਪ ਦੇ ਸਪੁਰਦ ਕੀਤਾ ਸੀ। ਇਸ ਕੰਮ ਨੂੰ ਆਪ ਨੇ ਕਰੜੀ ਮਿਹਨਤ, ਸ਼ਰਧਾ ਅਤੇ ਇਲਮੀ ਯੋਗਤਾ ਨਾਲ ਪੂਰਾ ਕੀਤਾ।

ਆਪ ਦੇ ਜੀਵਨ-ਬਿਰਤਾਂਤ ਪੜ੍ਹਦਿਆਂ ਆਪ ਦੇ ਨਿੱਘੇ, ਮਿਲਣਸਾਰ, ਹਸਮੁਖ ਅਤੇ ਜ਼ਿੰਦਾ-ਦਿਲ ਇਨਸਾਨ ਹੋਣ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ। ਆਪ ਦੇ ਘਰ ਵਿਚ ਜਿਹੋ ਜਿਹਾ ਵਰਤਾਵ ਆਪਣੇ ਬੱਚਿਆਂ ਨਾਲ ਹੁੰਦਾ, ਉਹੋ ਜਿਹਾ ਵਰਤਾਵ ਘਰ ਦੇ ਨੌਕਰ ਨਾਲ ਹੁੰਦਾ ਸੀ। ਆਪ ਦੇ ਘਰ ਦਾ ਨੌਕਰ ਆਪ ਦੇ ਬੱਚਿਆਂ ਵਾਂਗ ਸਜਿਆ ਰਹਿੰਦਾ ਸੀ, ਕੋਈ ਵੇਖ ਕੇ ਇਹ ਨਹੀਂ ਕਹਿ ਸਕਦਾ ਸੀ ਕਿ ਨੌਕਰ ਹੈ, ਇਹ ਆਪ ਦੀ ਦਇਆ ਭਾਵਨਾ ਤੇ ਸੱਚੇ ਮਨੁੱਖ ਹੋਣ ਦੀ ਹਾਮੀ ਭਰਦਾ ਹੈ। ਆਪ ਨੇ ਗੁਰਸਿੱਖੀ ਜੀਵਨ ਨੂੰ ਸਿਦਕਵਾਨਾਂ ਵਾਂਗ ਨਿਭਾਇਆ ਤੇ ਹਮੇਸ਼ਾਂ ਸਿੱਖੀ ਦੇ ਆਸ਼ੇ ਨੂੰ ਸਮਰਪਿਤ ਹੋ ਕੇ ਚਲਦੇ ਰਹੇ। ਆਪ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਿਚ ਆਪਣਾ ਯੋਗਦਾਨ ਪਾਂਦੇ ਰਹੇ ਤੇ ਸਿੱਖੀ ਨਿਯਮਾਂ ਦੇ ਉਲਟ ਵਰਤਾਰਿਆਂ ਦੇ ਵਿਰੁੱਧ ਹਮੇਸ਼ਾਂ ਆਵਾਜ਼ ਉਠਾਈ। ਆਪ ਆਪਣੀ ਸਵੈ ਜੀਵਨੀ ਆਰਸੀ ਵਿਚ ਲਿਖਦੇ ਹਨ, “ਸਿੱਖਾਂ ਲਈ ਵੀ ਸਿੰਘ ਸਭਾ ਤੋਂ ਛੁਟ ਖ਼ਾਲਸਾ ਕਾਲਜ ਦਾ ਗੁਰਦੁਆਰਾ ਇਕ ਧਾਰਮਕ ਕੇਂਦਰ ਬਣ ਗਿਆ ਸੀ। ਹਰ ਐਤਵਾਰ ਨੂੰ ਉਥੇ ਸੰਗਤਾਂ ਜੁੜਦੀਆਂ ਸਨ। ਇਕ ਦਿਨ 1947 ਵਿਚ ਜਦ ਮੈਂ ਸੁਣਿਆ ਕਿ ਅੰਮ੍ਰਿਤਸਰ ਵਿਚ ਸਿੱਖਾਂ ਨੇ ਮੁਸਲਮਾਨ ਤੀਵੀਆਂ ਨੂੰ ਨੰਗਾ ਕਰ ਕੇ ਬਜ਼ਾਰਾਂ ਵਿਚ ਟੋਰਿਆ, ਤਾਂ ਮੈਂ ਉਸ ਦਿਨ ਦੀ ਕਥਾ ਕਰਦਿਆਂ ਇਸ ਗੱਲ ਉੱਤੇ ਸ਼ੋਕ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਤੀਵੀਆਂ ਮੇਰੀਆਂ ਮਾਵਾਂ ਭੈਣਾਂ ਸਨ। ਇਸ ਉੱਤੇ ਕਈ ਨੌਜੁਆਨ ਸਿੱਖ ਗੁੱਸੇ ਹੋ ਕੇ ਕਹਿਣ ਲੱਗੇ, “ਤੁਸੀਂ ਨੌਜੁਆਨਾਂ ਦੀ ਸਪਿਰਟ ਨੂੰ ਕੁਚਲਨਾ ਚਾਹੁੰਦੇ ਹੋ।” ਮੈਂ ਕਿਹਾ, “ਕੀ ਪਤਾ ਹੈ ਜੇ ਮੈਂ ਉੱਥੇ ਹੁੰਦਾ ਤਾਂ ਹਜੂਮ ਨਾਲ ਰਲ ਕੇ ਮੈਂ ਵੀ ਉਹੋ ਕੁਝ ਕਰਦਾ। ਪਰ ਗੁਰੂ ਗ੍ਰੰਥ ਸਾਹਿਬ ਦੀ ਤਾਬੇ ਬੈਠ ਕੇ ਇਹੋ ਕੁਝ ਅਹੁੜਿਆ ਹੈ ਜੋ ਕਹਿ ਦਿੱਤਾ ਹੈ। ਇੱਥੇ ਇਹੋ ਕੁਝ ਕਹਿਣਾ ਬਣਦਾ ਹੈ।” ਜਦ ਸਿੰਧ ਤੋਂ ਸ਼ਰਨਾਰਥੀ ਆਏ, ਤਾਂ ਵੀ ਖ਼ਾਲਸਾ ਕਾਲਜ ਵਿਚ ਹੀ ਆਸਰਾ ਦਿੱਤਾ ਗਿਆ। ਇਸ ਗੁਰਦੁਆਰੇ ਵਿਚ ਸੈਂਕੜੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਸਿੱਖ ਸਜਾਇਆ ਗਿਆ। ਕਦੀ ਕਦੀ ਪੂਨਾ ਅਤੇ ਦੇਉਲਾਲੀ ਜਾ ਕੇ ਅੰਮ੍ਰਿਤ ਪ੍ਰਚਾਰ ਕੀਤਾ। ਇਕ ਵੇਰ ਦੇਉਲਾਲੀ ਵਿਚ ਇਕ ਅੰਗ੍ਰੇਜ਼ ਨੂੰ ਅੰਗ੍ਰੇਜ਼ੀ ਵਿਚ ਅੰਮ੍ਰਿਤ ਛਕਾਇਆ ਅਤੇ ਨਾਂ ਹਰਿਕੀਰਤ ਸਿੰਘ ਰਖਿਆ ।” ਪ੍ਰੋਫ਼ੈਸਰੀ ਕਿੱਤਾ ਆਪ ਦਾ ਸ਼ੌਂਕ ਵਾਲਾ ਕਿੱਤਾ ਸੀ, ਜਿਸ ਕਰ ਕੇ ਆਪ ਨੇ ਇਸ ਕਿੱਤੇ ਨੂੰ ਬੜ੍ਹੀ ਲਗਨ ਅਤੇ ਤਨਦੇਹੀ ਨਾਲ ਨਿਭਾਇਆ।

ਪ੍ਰਿੰਸੀਪਲ ਸਾਹਿਬ ਦੀ ਸ਼ੋਭਾ ਕਰਦਿਆਂ ਵਰਕਿਆਂ ਦੇ ਵਰਕੇ ਭਰੇ ਜਾ ਸਕਦੇ ਹਨ। ਆਪ ਦੀ ਵੱਡਮੁੱਲੀ ਦੇਣ ਨੇ ਪੰਜਾਬੀ ਸਾਹਿਤ ਜਗਤ ਅਤੇ ਸਿੱਖ ਪੰਥ ਦਾ ਨਾਮ ਅਰਸ਼ਾਂ ਨੂੰ ਛੁਹਾਇਆ ਹੈ। ਆਪ ਦੀ ਵਿਦਵਤਾ ਪੰਜਾਬੀ ਬੋਲੀ ਨੂੰ ਅਨਮੋਲ ਗਹਿਣੇ ਵਾਂਗ ਸ਼ਿੰਗਾਰਣ ਦਾ ਕਾਰਜ ਕਰ ਰਹੀ ਹੈ। ਆਪ ਨੇ ਪੰਜਾਬੀ ਸਾਹਿਤ ਤੇ ਸਿੱਖ ਪੰਥ ਦੇ ਲਈ ਆਪਣਾ ਸਾਰਾ ਸਮਾਂ ਸ਼ਰਧਾਵਾਨ ਹੋ ਕੇ ਲੇਖੇ ਲਾਇਆ ਹੈ। ਦਿਨ-ਰਾਤ, ਆਰਾਮ ਤੇ ਨੀਂਦ ਦੀ ਪਰਵਾਹ ਨਾ ਕਰਦਿਆਂ ਆਪ ਨੇ ਸਾਰੀ ਜ਼ਿੰਦਗੀ ਬੜੀ ਕਰੜੀ ਘਾਲਣਾ ਘਾਲੀ ਹੈ। ਆਪ ਵਿਦਵਤਾ ਭਰਪੂਰ, ਦਿਆਲਤਾ ਵਾਲੀ, ਸਮਰਪਣ ਵਾਲੀ ਅਤੇ ਕਰੜੀਆਂ ਮੁਸ਼ੱਕਤਾਂ ਘਾਲਣ ਵਾਲੀ ਜ਼ਿੰਦਗੀ ਬਤੀਤ ਕਰਦਿਆਂ, ਧਰਮ, ਸਾਹਿਤ ਦੀ ਸੇਵਾ ਕਰਦਿਆਂ 10 ਜਨਵਰੀ 1958 ਨੂੰ ਅਧਰੰਗ ਦੀ ਬਿਮਾਰੀ ਨਾਲ ਅੰਮ੍ਰਿਤਸਰ ਵਿਚ ਸੁਰਗਵਾਸ ਹੋ ਗਏ।

ਰਚਨਾਵਾਂ:

ਪ੍ਰਿੰਸੀਪਲ ਤੇਜਾ ਸਿੰਘ ਨੇ ਪੰਜਾਬੀ ਸਾਹਿਤ ਨੂੰ ਆਪਣੀਆਂ ਵਿਦਵਤਾ ਭਰਪੂਰ ਲਿਖਤਾਂ ਦਿੱਤੀਆਂ ਹਨ। ਪ੍ਰਿੰ. ਸਾਹਿਬ ਦੀ ਰਚਨਾ ਦਾ ਖ਼ਾਸ ਘੇਰਾ ਸਿੱਖ ਫ਼ਲਸਫਾ, ਗੁਰਬਾਣੀ ਦੇ ਟੀਕੇ ਤੇ ਵਿਆਖਿਆ ਅਤੇ ਪੰਜਾਬੀ ਸਾਹਿਤਕ ਨਿਬੰਧ ਹੈ। ਆਪ ਨੇ ਸਿੱਖ ਧਰਮ ਦੇ ਫ਼ਲਸਫ਼ੇ ਨੂੰ ਟੀਕਿਆਂ/ਸਟੀਕਾਂ ਰਾਹੀਂ ਸਰਲ ਭਾਸ਼ਾ ਵਿੱਚ ਲੋਕਾਂ ਤੱਕ ਪਹੁੰਚਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦਾਰਥ ਟੀਕਾ, ਜਪੁ ਸਟੀਕ, ਆਸਾ ਦੀ ਵਾਰ ਸਟੀਕ ਅਤੇ ਇਸੇ ਤਰ੍ਹਾਂ ਗੁਰਬਾਣੀ ਵਿਚਲੀਆਂ ਸ਼ਬਦਾਂਤਿਕ ਲਗਾਂ, ਮਾਤਰਾਂ ਦੇ ਗੁੱਝੇ ਭੇਦਾਂ ਦੀ ਸਰਲ ਵਿਆਖਿਆ ਵੀ ਤੇਜਾ ਸਿੰਘ ਦੀ ਵੱਡੀ ਦੇਣ ਹੈ। ਪ੍ਰਿੰਸੀਪਲ ਤੇਜਾ ਸਿੰਘ ਦੀਆਂ ਰਚਨਾਵਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ-

ਪੰਜਾਬੀ ਭਾਸ਼ਾ ਵਿਚ ਪੁਸਤਕਾਂ –

1. ਗੁਰੂ ਨਾਨਕ ਸਾਹਿਬ ਦਾ ਮਿਸ਼ਨ (1914)
2. ਸ੍ਰੀ ਗੁਰੂ ਗ੍ਰੰਥ ਵਿਚ ਸਬਦਾਂਤਕ ਲਗਾਂ ਮਾਤਰਾ ਦੇ ਗੁਝੇ ਭੇਦ (1925)
3. ਜਪੁ ਜੀ ਸਟੀਕ (1925)
4. ਪੰਜਾਬੀ ਸ਼ਬਦ ਜੋੜ (1929)
5. ਪੰਜਾਬੀ ਭੌਰੇ (ਸ.ਸ. ਅਮੋਲ ਜੀ ਨਾਲ ਰਲ ਕੇ, 1932)
6. ਚੋਣਵੀਂ ਪੰਜਾਬੀ ਕਵਿਤਾ (1933)
7. ਨਵੀਨ ਪੰਜਾਬੀ ਪਿੰਗਲ (ਕਰਮ ਸਿੰਘ ਗੰਗਾ ਵਾਲੇ ਨਾਲ ਮਿਲ ਕੇ, 1935)
8. ਸਿਲਵਰ ਜੁਬਲੀ ਬੁਕ (ਭਾਈ ਨਾਨਕ ਸਿੰਘ ਜੀ ਨਾਲ ਰਲ ਕੇ, 1935)
9. ਆਸਾ ਦੀ ਵਾਰ ਸਟੀਕ (1938)
10. ਸ਼ਬਦਾਰਥ ਸ੍ਰੀ ਗੁਰੂ ਗ੍ਰੰਥ (1941 ਚਾਰ ਜਿਲਦਾਂ; ਨਰਾਇਣ ਸਿੰਘ ਨਾਲ ਮਿਲ ਕੇ)
11. ਨਵੀਆਂ ਸੋਚਾਂ (1941)
12. ਸਹਿਜ ਸੁਭਾ (1942)
13. ਸੰਸਾਰ ਦੇ ਆਗੂ (1942)
14. ਸਾਹਿਤ ਦਰਸ਼ਨ (1942)
15. ਸਭਿਆਚਾਰ (1946)
16. ਸਿਖ ਧਰਮ (1952)
17. ਆਰਸੀ (1952; ਸ੍ਵੈਜੀਵਨੀ)
18. ਮਹਾਂ ਪੁਰਖ ਸੰਖੇਪ ਜੀਵਨੀਆਂ (1956)
19. ਪੰਜਾਬੀ ਕਿਵੇਂ ਲਿਖੀਏ (1957)
20. ਘਰ ਦਾ ਪਿਆਰ (1957)
21. ਪ੍ਰਿੰ. ਤੇਜਾ ਸਿੰਘ ਦੇ ਚੋਣਵੇ ਲੇਖ (1957)
22. ਸਿਮਰਤੀਆਂ (1958)
23. ਗੁਸਲਖਾਨਾ ਤੇ ਹੋਰ ਲੇਖ (1961)

 ਅੰਗਰੇਜ਼ੀ ਭਾਸ਼ਾ ਵਿਚ ਪੁਸਤਕਾਂ –

1. Growth of Responsibility in Sikhism (1919)
2. Japji or Guru Nanak’s Meditations(1920)
3. Gurdwara Reform Movement and The Sikh Awakening (1922)
4. The Sikh Prayer (1923)
5. The Religion of The True Name (1923)
6. High roads of Sikh History, in 3 volumes (1934)
7. Sikh Religion : An Out-line of Its Doctorines (1934)
8. Sikhism : Its Ideals and Institutions (1937)
9. The Psalm of Peace (1938; Translation of Guru Arjan Dev Ji’s Bani Sukhmani Sahib)
10. Maharaja Ranjit Singh Centenary Memorial (1939; in callaboration with Dr. Gands Singh)
11. Essays in Sikhism (1941)
12. The Sikh Gurus as Liberators (1949)
13. Panjabi Literature (1950)
14. Asa Di Var Or Guru Nanak’s Ode In The Measure (1968)
15. The Holy Granth (1982)

ਆਪ ਦੀ ਲਿਖਤ ਦੀ ਇਹ ਵੱਡੀ ਸਿਫਤ ਹੈ ਕਿ ਆਪ ਨੇ ਔਖੀ ਤੋਂ ਔਖੀ ਬੌਧਿਕ ਵਿਚਾਰ ਨੂੰ ਬਹੁਤ ਸੌਖੀ ਬੋਲੀ ਵਿਚ ਆਮ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਆਪ ਦੀ ਲੇਖਣੀ ਦੀ ਸਰਲਤਾ ਪਾਠਕ ਨੂੰ ਮੰਤਰ-ਮੁਗਧ ਕਰਨ ਵਿਚ ਕਾਮਯਾਬ ਹੁੰਦੀ ਹੈ। ਆਪ ਨੇ ਸੱਤਵੀਂ ਜਮਾਤ ਵਿਚ ਪੜ੍ਹਦਿਆਂ ਹੀ ਲਿਖਾਰੀ ਜੀਵਨ ਦੀ ਸ਼ੁਰੂਆਤ ਕਰ ਲਈ ਸੀ, ਉਸ ਸਮੇਂ ਆਪ ਨੇ ਚਿੱਤਰਕਾਰੀ ਉੱਤੇ ਇਕ ਕਿਤਾਬ ਲਿਖੀ। ਉਸ ਤੋਂ ਬਾਅਦ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਦਸਮੇਸ਼ ਜੀ ਦੀ ਅਦੁੱਤੀ ਸ਼ਖ਼ਸੀਅਤ ਉੱਤੇ ਇਕ ਅੰਗਰੇਜ਼ੀ ਨਾਟਕ ਲਿਖਿਆ, ਜੋ ਉਸ ਸਮੇਂ ਤਾਂ ਕਿਸੇ ਰਸਾਲੇ ਵਿਚ ਨਾ ਛਾਪਿਆ ਪਰ ਕੁਝ ਸਾਲਾਂ ਬਾਅਦ ਬਹੁਤ ਮਾਣ ਨਾਲ ‘ਸਿੱਖ ਰੀਵੀਊ’ ਦੇ ਵਿਚ ਛਪਿਆ। ਆਪ ਨੇ ਸਹਿਤ ਸਿਰਜਣਾ ਦੇ ਵਿਚ ਆਪਣੇ ਜੀਵਨ ਦਾ ਬਹੁਤ ਸਮਾਂ ਨਿਰਸਵਾਰਥ ਹੋ ਕੇ ਖਰਚਿਆ ਹੈ ਤੇ ਕੌਮ ਦੇ ਸਾਹਿਤ ਦਾ ਪੱਧਰ ਉਚਾ ਚੁੱਕਿਆ ਹੈ। ਪੰਜਾਬੀ ਸਾਹਿਤਕ ਜਗਤ ਅਤੇ ਖ਼ਾਸ ਤੌਰ ‘ਤੇ ਸਿਖ ਕੌਮ ਆਪ ਦੀ ਸਦਾ ਹੀ ਰਿਣੀ ਰਹੇਗੀ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)