ਸਰਹਿੰਦ ਫਤਹਿ ਦਾ 300 ਸਾਲਾ ਦਿਵਸ ਮਨਾ ਲਈਏ।
ਬੰਦਾ ਸਿੰਘ ਬਹਾਦਰ ਯੋਧੇ ਦੇ ਗੁਣ ਗਾ ਲਈਏ।
ਦਸਮ ਗੁਰਾਂ ਨਾਂਦੇੜ ’ਚ ਬੰਦਾ ‘ਸਿੰਘ’ ਸਜਾਇਆ ਏ।
ਪੰਜ ਤੀਰ ਦੇਹ ਹੱਥੀਂ ਘੁੱਟ ਸੀਨੇ ਨਾਲ ਲਾਇਆ ਏ।
ਗੁਰਾਂ ਨੇ ਕੀਤੀ ਕਿਰਪਾ ਜੋ ਉਸ ਨੂੰ ਵਡਿਆ ਲਈਏ।
ਬੰਦਾ ਸਿੰਘ ਬਹਾਦਰ ਯੋਧੇ …
ਗੁਰਾਂ ਨੇ ਬਾਣੀ ਅੰਦਰ ਉੱਤਮ ਹੁਕਮ ਸੁਣਾਇਆ ਜੋ।
ਬੰਦਾ ਸਿੰਘ ਨੇ ਜੀਵਨ ਅੰਦਰ ਖੂਬ ਕਮਾਇਆ ਓਹ।
ਸੂਰਮਤਾਈ ਦੀ ਉਸ ਸੂਰਤ ਨੂੰ ਮਨ ਵਸਾ ਲਈਏ।
ਬੰਦਾ ਸਿੰਘ ਬਹਾਦਰ ਯੋਧੇ …
ਟੇਕ ਸ਼ਬਦ ਦੀ ਰੱਖਣੀ, ਗੁਰਾਂ ਇਸ ਗੱਲ ’ਤੇ ਜ਼ੋਰ ਦਿੱਤਾ।
ਦੇਹ ਥਾਪੜਾ ਸਿੰਘ ਨੂੰ, ਵੱਲ ਪੰਜਾਬ ਦੇ ਤੋਰ ਦਿੱਤਾ।
ਬਣ ਗੁਰਮਤਿ ਦੇ ਪਾਂਧੀ ਉਸ ਦਾ ਰਾਹ ਅਪਣਾ ਲਈਏ।
ਬੰਦਾ ਸਿੰਘ ਬਹਾਦਰ ਯੋਧੇ …
ਜ਼ਾਲਮ ਨੂੰ ਪੈ ਗਈ ਭਾਜੜ, ਲੱਗੀ ਚੋਟ ਨਗਾਰੇ ’ਤੇ।
ਹੋ ਗਏ ਸਿੰਘ ਇਕੱਠੇ, ਇੱਕੋ ਹੀ ਜੈਕਾਰੇ ’ਤੇ।
ਰੁੱਤ ਸ਼ਹੀਦੀ ਆ ਗਈ, ਕਹਿਣ ਸ਼ਹੀਦੀਆਂ ਪਾ ਲਈਏ।
ਬੰਦਾ ਸਿੰਘ ਬਹਾਦਰ ਯੋਧੇ …
ਚੱਪੜਚਿੜੀ ਮੈਦਾਨਾਂ ’ਚ ਡੰਕਾ ਫਤਹਿ ਗਜਾ ਦਿੱਤਾ।
ਖਾਨ ਵਜੀਦੇ ਸੂਬੇ ਨੂੰ ਉਸ ਮਾਰ ਮੁਕਾ ਦਿੱਤਾ।
ਕਰ ਇਤਿਹਾਸ ’ਤੇ ਮਾਣ ਕੌਮ ਦੀ ਸ਼ਾਨ ਬਣਾ ਲਈਏ।
ਬੰਦਾ ਸਿੰਘ ਬਹਾਦਰ ਯੋਧੇ …
ਕੀਤੀ ਫਤਹਿ ਸਰਹਿੰਦ ਤੇ ਖਾਲਸਾ ਰਾਜ ਬਣਾਇਆ ਏ।
ਬੰਦਾ ਸਿੰਘ ਨਿਸ਼ਾਨ ਕੇਸਰੀ, ਆਪ ਝੁਲਾਇਆ ਏ।
ਨਾਨਕ ਨਾਮ ਦਾ ਸਿੱਕਾ ਮੁੜ ਕੇ ਫੇਰ ਚਲਾ ਲਈਏ।
ਬੰਦਾ ਸਿੰਘ ਬਹਾਦਰ ਯੋਧੇ …
ਸੀਸ ਤਲੀ ’ਤੇ ਧਰਨ ਦੀ, ਸਿੱਖਿਆ ਦਿੰਦੀ ਬਾਣੀ ਏ।
ਇਤਿਹਾਸ ਮੈਦਾਨੇ-ਏ-ਜੰਗ ਦਾ, ਤਾਹੀਉਂ ਬੜਾ ਲਾਸਾਨੀ ਏ।
ਬਣ ਕੇ ਸੰਤ ਸਿਪਾਹੀ, ਗੁਰਾਂ ਦੀਆਂ ਖੁਸ਼ੀਆਂ ਪਾ ਲਈਏ।
ਬੰਦਾ ਸਿੰਘ ਬਹਾਦਰ ਯੋਧੇ …
ਸਰਹਿੰਦ ਜਾ ਕੀਤਾ ਯਾਦ ਸੀ, ਲਾਲਾਂ ਦੀ ਕੁਰਬਾਨੀ ਨੂੰ।
ਸਾਂਭ ਲਿਆ ਉਸ ਸੂਰਮੇ, ਹੱਥੀਂ ਕੰਧ ਨਿਸ਼ਾਨੀ ਨੂੰ।
ਗੜ੍ਹ ਫਤਹਿ ਦਾ ਸੋਂਹਦਾ, ਉਥੇ ਸੀਸ ਝੁਕਾ ਲਈਏ।
ਬੰਦਾ ਸਿੰਘ ਬਹਾਦਰ ਯੋਧੇ …
ਕਈ ਵੀਰ ਬਹਾਦਰ ਯੋਧੇ, ਉਥੇ ਜਾਨਾਂ ਵਾਰ ਗਏ।
ਗੁਰਾਂ ਦੇ ਲਾਲਾਂ ਦੀ ਕੁਰਬਾਨੀ, ਦਾ ਮੁੱਲ ਤਾਰ ਗਏ।
ਰੱਖ ਵਿਖਾਈ ਜੋ ਸਿੰਘਾਂ, ਆਪਾਂ ਰੱਖ ਵਿਖਾ ਲਈਏ।
ਬੰਦਾ ਸਿੰਘ ਬਹਾਦਰ ਯੋਧੇ …
ਕੌਮ ਸਮੁੱਚੀ ਮਿਲ ਕੇ ਫਤਹਿ ਦੀ, ਯਾਦ ਮਨਾ ਰਹੀ ਏ।
ਉਸ ਧਰਤੀ ਦੀ ਧੂੜੀ ਚੁੱਕ, ਮਸਤਕ ਨੂੰ ਲਾ ਰਹੀ ਏ।
ਮਾਣ-ਮੱਤਾ ਇਤਿਹਾਸ ਜੋ ਸਭਨਾਂ ਨੂੰ ਸਮਝਾ ਲਈਏ।
ਬੰਦਾ ਸਿੰਘ ਬਹਾਦਰ ਯੋਧੇ …
ਸਰਹਿੰਦ ਫਤਹਿ ਦਾ 300 ਸਾਲਾ ਦਿਵਸ ਮਨਾ ਲਈਏ।
ਬੰਦਾ ਸਿੰਘ ਬਹਾਦਰ ਯੋਧੇ ਦੇ ਗੁਣ ਗਾ ਲਈਏ।
ਲੇਖਕ ਬਾਰੇ
ਪਿੰਡ ਤੇ ਡਾਕ: ਰਹੀਮਪੁਰ, ਵਾਇਆ ਕਰਤਾਰਪੁਰ (ਜਲੰਧਰ)-144801
- ਹੋਰ ਲੇਖ ਉਪਲੱਭਧ ਨਹੀਂ ਹਨ