editor@sikharchives.org
Guru Granth Sahib Ji

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਧੁਰਾ : ਸਚਿਆਰ

ਸੱਚ ਉੱਤੇ ਪਹਿਰਾ ਦੇਣ ਵਾਲਾ ਸੰਪੂਰਨ ਮਨੁੱਖ ਹੀ ਸਚਿਆਰਾ ਪ੍ਰਾਣੀ ਹੋ ਨਿੱਬੜਦਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਮਨ ਰੇ ਸਾਚੀ ਖਸਮ ਰਜਾਇ॥
ਜਿਨਿ ਤਨੁ ਮਨੁ ਸਾਜਿ ਸੀਗਾਰਿਆ ਤਿਸੁ ਸੇਤੀ ਲਿਵ ਲਾਇ॥ (ਪੰਨਾ 62)

ਸਿੱਖ ਵਿਦਵਾਨਾਂ ਦਾ ਮੱਤ ਹੈ ਕਿ ੴ ਦਾ ਖੁਲਾਸਾ ‘ਮੂਲ-ਮੰਤਰ’ ਹੈ। ਮੂਲ-ਮੰਤਰ ਦਾ ਖੁਲਾਸਾ ‘ਜਪੁਜੀ ਸਾਹਿਬ’ ਹੈ ਅਤੇ ਜਪੁਜੀ ਸਾਹਿਬ ਦੀ ਵਿਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਹੈ। ਸਮੁੱਚੀ ਬਾਣੀ ਵਿਚ ਸਿਮਰਨ ਦੇ ਨਾਲ-ਨਾਲ ਸੱਚ-ਆਚਾਰ ਅਪਣਾਉਣ ਲਈ ਮਨੁੱਖ-ਮਾਤਰ ਨੂੰ ਆਦੇਸ਼ ਦਿੱਤਾ ਗਿਆ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਮੱਧਕਾਲੀਨ ਕਾਲ ਵਿਚ ਇਕ ਮਹਾਨ ਸ਼ਖ਼ਸੀਅਤ ਦੇ ਤੌਰ ’ਤੇ ਉਭਰੇ। ਉਸ ਸਮੇਂ ਦੇ ਮਹਾਂਪੁਰਸ਼ਾਂ ਵਿੱਚੋਂ ਉਹ ਵਿਸ਼ੇਸ਼ ਤੌਰ ’ਤੇ ਇਕ ਹੀ ਮਹਾਂਪੁਰਸ਼ ਸਨ ਜੋ ਸਮਾਜ ਵਿਚ ਆ ਰਹੇ ਨਿਘਾਰ ਬਾਰੇ ਬੜੇ ਹੀ ਫ਼ਿਕਰਮੰਦ ਸਨ। ਉਨ੍ਹਾਂ ਨੇ ਸੁਲਤਾਨਪੁਰ ਲੋਧੀ ਤੋਂ ਤੁਰਨ ਸਮੇਂ, ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਵਿਗੜ ਚੁੱਕੀਆਂ ਕਦਰਾਂ-ਕੀਮਤਾਂ ਨੂੰ ਸੁਧਾਰਨ ਅਤੇ ਮਨੁੱਖੀ ਸੋਚ ਦਾ ਵਿਕਾਸ ਕਰਨ ਲਈ ਬੀੜਾ ਚੁੱਕਿਆ। ਇਸ ਮੰਤਵ ਲਈ ਉਨ੍ਹਾਂ ਨੇ ਆਪਣੇ ਜੀਵਨ ਦਾ ਵੱਡਾ ਸਮਾਂ ਮਨੁੱਖ-ਮਾਤਰ ਨੂੰ ਸਮਾਜਕ ਅਤੇ ਆਤਮਕ ਪੱਖੋਂ ਉੱਚਾ ਚੁੱਕਣ ਲਈ ਅਤੇ ਇਖ਼ਲਾਕੀ ਤੌਰ ’ਤੇ ਸੱਚਾ ਅਤੇ ਸੁੱਚਾ ਬਣਾਉਣ ਲਈ ਦੇਸ਼-ਦੇਸ਼ਾਂਤਰਾਂ ਦੇ ਦੌਰੇ ਕੀਤੇ। ਗੁਰੂ ਜੀ ਜਿਸ ਵੀ ਦੇਸ਼ ਜਾਂ ਜਿਸ ਵੀ ਇਲਾਕੇ ਵਿਚ ਗਏ ਆਪ ਜੀ ਨੇ ਉਥੋਂ ਦੀ ਹੀ ਬੋਲੀ ਵਿਚ ਪ੍ਰਵਚਨ ਕਰ ਕੇ, ਉਥੋਂ ਦੇ ਲੋਕਾਂ ਨੂੰ ਉਭਾਰਨ, ਉਧਾਰਨ ਅਤੇ ਨਿਖਾਰਨ ਲਈ ਅਨੇਕਾਂ ਹੀ ਬੇਮਿਸਾਲ ਸੇਧਾਂ ਦਿੱਤੀਆਂ। ਜਿਹੜਾ ਵੀ ਵਿਅਕਤੀ ਸੇਵਾ, ਸੱਚ, ਨੇਕੀ ਅਤੇ ਸਿਮਰਨ ਤੋਂ ਥਿੜਕ ਚੁੱਕਾ ਸੀ, ਉਸ ਨੂੰ ਸਿੱਧੇ ਰਾਹ ਪਾਉਣ ਲਈ ਗੁਰੂ ਜੀ ਨੇ ਇਕ ਸ਼ਕਤੀਸ਼ਾਲੀ ਲਹਿਰ ਦਾ ਅਰੰਭ ਕੀਤਾ। ਗੁਰੂ ਜੀ ਨੇ ਤੁਲੰਬੇ ਦੇ ਸੱਜਣ ਠੱਗ ਨੂੰ ਸਿੱਧੇ ਰਾਹ ਪਾਉਣ ਲਈ ਇਹ ਪਰਵਚਨ ਕੀਤੇ:

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥
ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ॥ (ਪੰਨਾ 729)

ਗੁਰੂ ਜੀ ਦਾ ਇਹ ਸ਼ਬਦ ਸੁਣ ਕੇ ਸੱਜਣ  ਠੱਗ ਸਾਰੇ ਦਾ ਸਾਰਾ ਹੀ  ਬਦਲ ਗਿਆ। ਪ੍ਰੋ. ਤੇਜਾ ਸਿੰਘ ਦੇ ਕਥਨ ਅਨੁਸਾਰ, ‘ਪਾਪਾਂ ਦਾ ਘੁਰਨਾ ਰੱਬੀ ਪੂਜਾ ਦਾ ਮੰਦਰ ਬਣ ਗਿਆ।’

ਪਹਿਲੀ ਉਦਾਸੀ ਵੇਲੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਜਣ ਠੱਗ ਨੂੰ ਤਾਰ ਕੇ ਕਾਮਰੂਪ ਦੀ ਜਾਦੂਗਰਨੀ ਦਾ ਇਸ ਸ਼ਬਦ ਨਾਲ ਉੱਧਾਰ ਕੀਤਾ:

ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ॥
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥ (ਪੰਨਾ 85)

ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚ-ਆਚਾਰ ਦਾ ਪ੍ਰਚਾਰ ਕਰਦਿਆਂ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਹੀ ਸਚਿਆਰਾ ਬਣਨ ਦੀ ਸੋਝੀ ਪ੍ਰਦਾਨ ਕੀਤੀ ਹੈ:

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਪੰਨਾ 1)

ਇਹ ਹੀ ਜਪੁਜੀ ਸਾਹਿਬ ਦਾ ਮੂਲ ਆਦੇਸ਼ ਜਾਂ ਆਸ਼ਾ ਹੈ। ਦੂਸਰੇ ਸ਼ਬਦਾਂ ਵਿਚ ਸੱਚ ਉੱਤੇ ਪਹਿਰਾ ਦੇਣ ਵਾਲਾ ਸੰਪੂਰਨ ਮਨੁੱਖ ਹੀ ਸਚਿਆਰਾ ਪ੍ਰਾਣੀ ਹੋ ਨਿੱਬੜਦਾ ਹੈ। ਸਮੂਹ ਗੁਰੂ ਸਾਹਿਬਾਨ ਨੇ ਇਹ ਸਿੱਧ ਕੀਤਾ ਹੈ ਕਿ ਸੱਚ ਦਾ ਵਿਰੋਧੀ ਕੂੜ ਹੈ। ਮਨੁੱਖ ਨੇ ਆਪਣੇ ਅਤੇ ਅਕਾਲ ਪੁਰਖ ਵਿਚਕਾਰ ਕੂੜ ਦੀ ਕੰਧ ਉਸਾਰ ਰੱਖੀ ਹੈ। ਕੂੜ ਦੀ ਉਸ ਕੰਧ ਨੂੰ ਡੇਗਣਾ ਮਨੁੱਖ ਦਾ ਉਦੇਸ਼ ਹੋਣਾ ਚਾਹੀਦਾ ਹੈ। ਇਸ ਕੰਧ ਨੂੰ ਡੇਗ ਕੇ ਮਨੁੱਖ ਅਕਾਲ ਪੁਰਖ ਨਾਲ ਮੇਲ ਕਰ ਸਕਦਾ ਹੈ ਕਿਉਂਕਿ ਅਕਾਲ ਪੁਰਖ ਸੱਚ ਹੈ। ਉਸ ਨਾਲ ਸਾਂਝ ਪਾਉਣ ਲਈ ਮਨੁੱਖ ਨੂੰ ਵੀ ਉਸ ਵਰਗਾ ਹੀ ਸੱਚਾ ਅਤੇ ਸਚਿਆਰ ਬਣਨਾ ਪਵੇਗਾ।

ਸੋ, ਸ੍ਰੀ ਗੁਰੂ ਨਾਨਕ ਦੇਵ ਜੀ ਇਕ ਪ੍ਰਬੀਨ ਮਨੋਵਿਗਿਆਨੀ ਹੋਣ ਦੇ ਕਾਰਨ ਇਹ ਜਾਣਦੇ ਸਨ ਕਿ ਮਨੁੱਖ ਦੇ ਸਮੁੱਚੇ ਆਤਮਿਕ ਵਿਕਾਸ ਲਈ ਸਭ ਤੋਂ ਪਹਿਲਾਂ ਉਸ ਦਾ ਚਰਿੱਤਰ ਨਿਰਮਾਣ ਕਰਨਾ ਅਤਿ ਜ਼ਰੂਰੀ ਹੈ ਤਾਂ ਕਿ ਮਨੁੱਖ ਇਕ ਜ਼ਾਬਤਾਬੱਧ ਸਦਾਚਾਰਕ ਜੀਵਨ ਦਾ ਧਾਰਨੀ ਹੋ ਸਕੇ ਅਤੇ ਸਮਾਜ ਵਾਸਤੇ ਇਕ ਆਦਰਸ਼ ਬਣ ਸਕੇ। ਸਮਾਜ ਦੇ ਲੋਕ ਉਸ ਦੇ ਪਦ-ਚਿੰਨ੍ਹਾਂ ’ਤੇ ਚੱਲ ਕੇ ਇਨਸਾਨੀਅਤ ਦੀ ਪੌੜੀ ਚੜ੍ਹ ਕੇ ਸਾਫ਼-ਸੁਥਰੇ ਮਹਿਲ ਦੀ ਉਸਾਰੀ ਕਰ ਸਕਣ। ਸੋ, ਗੁਰਬਾਣੀ ਅਨੁਸਾਰ ਸੁੱਚਮ, ਸ਼ੀਲ, ਜਤੁ-ਸਤੁ ਦਾ ਅਮਲੀ ਜੀਵਨ ਸਿਧਾਂਤਕ ਸੱਚ ਤੋਂ ਉਚੇਰਾ ਹੈ। ਇਹੀ ਸੱਚੀ ਰਹਿਣੀ-ਬਹਿਣੀ ਅਤੇ ਰਹਿਤ ਦਾ ਗੁਣ ਹੈ:

ਸਚੀ ਰਹਤ ਸਚਾ ਸੁਖੁ ਪਾਏ॥ (ਪੰਨਾ 1343)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਸ਼ਬਦ ਨੇ ਹੀ ਮਨੁੱਖੀ ਮਨ ਨੂੰ ਸੱਚ ਸਰੂਪ ਪਰਮਾਤਮਾ ਨਾਲ ਜੋੜਨ ਦਾ ਯਤਨ ਕੀਤਾ ਹੈ। ਗੁਰੂ ਜੀ ਅਨੁਸਾਰ ਪਰਮਾਤਮਾ ਨੇ ਮਨੁੱਖ ਦੇ ਤਨ ਅਤੇ ਮਨ ਦੀ ਸਿਰਜਣਾ ਕਰ ਕੇ ਗਿਆਨ-ਇੰਦਰੀਆਂ ਰਾਹੀਂ ਉਸ ਨੂੰ ਸ਼ਿੰਗਾਰਿਆ ਵੀ ਹੈ। ਮਨੁੱਖ ਉਨ੍ਹਾਂ ਗਿਆਨ-ਇੰਦਰੀਆਂ ਰਾਹੀਂ ਗਿਆਨ ਪ੍ਰਾਪਤ ਕਰ ਕੇ ਪਰਮਾਤਮਾ ਤੀਕ ਪਹੁੰਚ ਵੀ ਕਰ ਸਕਦਾ ਹੈ, ਕਿਉਂਕਿ ‘ਗਿਆਨ ਕਾ ਬਧਾ ਮਨੁ ਰਹੈ’। ਇਸ ਲਈ ਗਿਆਨ ਮਨ ਦੀ ਚੰਚਲਤਾ ਜਾਂ ਚਤੁਰਾਈ ਨਹੀਂ, ਇਹ ਦਾਨਾਈ ਅਤੇ ਸੱਚ-ਆਚਾਰ ਦਾ ਸੰਗਮ ਹੈ, ਜੋ ਸੌਖੀ ਤਰ੍ਹਾਂ ਨਹੀਂ ਮਿਲਦਾ:

ਜਗਿ ਗਿਆਨੀ ਵਿਰਲਾ ਆਚਾਰੀ॥
ਜਗਿ ਪੰਡਿਤੁ ਵਿਰਲਾ ਵੀਚਾਰੀ॥ (ਪੰਨਾ 413)

ਸੋ, ਮਨੁੱਖ ਨੂੰ ਜਾਗਦਿਆਂ ਰਹਿਣਾ ਚਾਹੀਦਾ ਹੈ। ਉਸ ਨੂੰ ਚੇਤਨ ਵੀ ਰਹਿਣਾ ਚਾਹੀਦਾ ਹੈ:

ਸੋ ਜਾਗੈ ਜੋ ਤਤੁ ਬੀਚਾਰੈ॥ (ਪੰਨਾ 1128)

ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਨ ਕਰਦੇ ਹਨ ਕਿ ਸੱਚ ਤੋਂ ਸਭ ਕੁਝ ਥੱਲੇ ਹੈ। ਸੱਚ ਦੀ ਪ੍ਰਾਪਤੀ ਲਈ ਜੋ ਯਤਨ ਮਨੁੱਖ ਨੇ ਕਰਨੇ ਹਨ ਜਾਂ ਜਿਹੜੇ ਸ਼ੁਭ ਗੁਣ ਮਨੁੱਖ ਨੇ ਧਾਰਨ ਕਰਨੇ ਹਨ, ਉਨ੍ਹਾਂ ਸ਼ੁਭ ਗੁਣਾਂ ਦੀ ਫਹਿਰਿਸਤ ਵਿਚ ਮਨੁੱਖ ਦਾ ਨੇਕ ਚਾਲ-ਚਲਣ ਇਕ ਹੈ।

ਸੋ, ਸੰਸਾਰ ਵਿਚ, ਮਨੁੱਖੀ ਵਰਤਾਰੇ ਵਿਚ, ਸਭ ਤੋਂ ਉੱਚਾ ਆਚਾਰ ਹੈ। ਚੰਗੇ ਚੱਜ-ਆਚਾਰ ਵਾਲੇ ਜਿੰਨੀ ਖੁਸ਼ੀ ਅਨੁਭਵ ਕਰਦੇ ਹਨ ਉਤਨੀ ਖੁਸ਼ੀ ਹੋਰ ਕੋਈ ਵੀ ਸੰਸਾਰੀ ਜੀਵ ਨਹੀਂ ਪ੍ਰਾਪਤ ਕਰ ਸਕਦਾ। ਚੰਗੇ ਆਚਾਰ ਦੀ ਆਪਣੀ ਹੀ ਇਕ ਮਸਤੀ ਹੁੰਦੀ ਹੈ। ਪਰਾਈ ਇਸਤਰੀ ਗਮਨ ਜਿੱਥੇ ਸਮਾਜਕ ਤੌਰ ’ਤੇ ਇਕ ਲਾਹਨਤ ਹੈ ਉਥੇ ਸਰੀਰਕ ਅਤੇ ਆਤਮਿਕ ਤੌਰ ’ਤੇ ਵੀ ਇਕ ਮਾਰੂ ਪਰਵਿਰਤੀ ਹੈ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਨਿਆਸ ਧਾਰਨ ਕਰਨ ਦਾ ਖੰਡਨ ਕੀਤਾ ਹੈ ਅਤੇ ਗ੍ਰਿਹਸਤ ਨੂੰ ਜ਼ਰੂਰੀ ਕਰਾਰ ਦਿੱਤਾ ਹੈ:

ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ॥
ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ॥ (ਪੰਨਾ 1013)

ਘਰ ਕੀ ਨਾਰਿ ਤਿਆਗੈ ਅੰਧਾ॥
ਪਰ ਨਾਰੀ ਸਿਉ ਘਾਲੈ ਧੰਧਾ॥ (ਪੰਨਾ 1164)

ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ॥ (ਪੰਨਾ 26)

ਸੋ, ਮਨੁੱਖ ਦੇ ਜੀਵਨ ਦਾ ਹਰ ਪਹਿਲੂ ਸੱਚ ’ਤੇ ਆਧਾਰਿਤ ਹੋਣਾ ਚਾਹੀਦਾ ਹੈ। ਮਨੁੱਖੀ ਸੁਭਾਅ ਨਿਰੋਲ ਸੱਚਾਈ ’ਤੇ ਟੇਕ ਰੱਖਣ ਵਾਲਾ ਹੋਣਾ ਚਾਹੀਦਾ ਹੈ। ਉਨ੍ਹਾਂ ਮਨੁੱਖਾਂ ਵਾਸਤੇ ਸਭ ਕੁਝ ਬੇਲੋੜਾ ਹੈ, ਬੇਅਰਥ ਹੈ ਜੇਕਰ ਉਨ੍ਹਾਂ ਦੇ ਜੀਵਨ-ਪ੍ਰਵਾਹ ਵਿਚ ਸੱਚਾਈ ਨਹੀਂ ਅਤੇ ਸੱਚ ਦੇ ਆਧਾਰ ’ਤੇ ਸੱਚ-ਆਚਾਰ ਨਹੀਂ। ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਸੱਚ ਅਤੇ ਆਚਾਰ ’ਤੇ ਪਹਿਰਾ ਦੇਵੇ। ਸਚਿਆਰਾ ਮਨੁੱਖ ਬਣਨ ਲਈ, ਉਸ ਸੱਚ ਸਰੂਪ ਪਰਮਾਤਮਾ ਦੀ ਰਜ਼ਾ ਵਿਚ ਰਹਿਣ ਲਈ ਜਾਂ ਭਾਣਾ ਮੰਨਣ ਲਈ ਸਦਾ ਹੀ ਤਿਆਰ-ਬਰ-ਤਿਆਰ ਰਹੇ:

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ (ਪੰਨਾ 601)

ਸਤਿਗੁਰ ਕਾ ਭਾਣਾ ਚਿਤਿ ਕਰੇ ਸਤਿਗੁਰੁ ਆਪੇ ਕ੍ਰਿਪਾ ਕਰੇਇ॥ (ਪੰਨਾ 490)

ਜੇਕਰ ਮਨੁੱਖ ਭਾਣੇ ਨੂੰ ਮੰਨੇਗਾ ਤਦ ਉਸ ਦੇ ਅੰਦਰ ਬਣੀ ਹੋਈ ਫੋਕੀ ਸ਼ੁਹਰਤ, ਮਾਣ, ਹੰਕਾਰ ਦੀ ਦੀਵਾਰ ਢਹਿ-ਢੇਰੀ ਹੋ ਜਾਵੇਗੀ:

ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ॥ (ਪੰਨਾ 560)

ਸੱਚ ਸਰੂਪ ਪਰਮਾਤਮਾ ਦੀ ਪ੍ਰਾਪਤੀ ‘ਸੱਚ’ ਦੀ ਪ੍ਰਾਪਤੀ ਹੈ। ਸਿੱਖ ਧਰਮ ਦੇ ਵਿਦਵਾਨਾਂ ਅਨੁਸਾਰ ਜੇਕਰ ਮਨੁੱਖ ਦੇ ਅੰਦਰ ਹਰ ਪਹਿਲੂ ਤੋਂ ਸੱਚ ਆ ਵੱਸੇ ਤਾਂ ਉਹ ਸੱਚ ਸਰੂਪ ਅਕਾਲ ਪੁਰਖ ਨੂੰ ਪ੍ਰਾਪਤ ਕਰ ਲੈਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਅਕਾਲ ਪੁਰਖ ਦਾ ਜੋ ਨਾਮ ਮੁੱਢ ਕਦੀਮ ਤੋਂ ਹੈ ਤਾਂ ਉਹ ਵੀ ‘ਸਤਿ’ ਹੀ ਹੈ। ਬਾਕੀ ਦੇ ਉਸ ਦੇ ਸਾਰੇ ਹੀ ਨਾਮ ਮਨੁੱਖ ਨੇ ਆਪ ਹੀ ਰੱਖੇ ਹੋਏ ਹਨ:

ਕਿਰਤਮ ਨਾਮ ਕਥੇ ਤੇਰੇ ਜਿਹਬਾ॥
ਸਤਿ ਨਾਮੁ ਤੇਰਾ ਪਰਾ ਪੂਰਬਲਾ॥ (ਪੰਨਾ 1083)

ਇਸ ‘ਸਤਿ’ (ਅਕਾਲ ਪੁਰਖ) ਦੀਆਂ ਵਿਸ਼ੇਸ਼ਤਾਵਾਂ ਇਹ ਹਨ ਕਿ ਉਹ ‘ਕਰਤਾ’ ਹੈ ਅਤੇ ਕੇਵਲ ਤੇ ਕੇਵਲ ਓਹੀ ਅਕਾਲ ਪੁਰਖ ਹੈ। ਬਾਕੀ ਦੀ ਸਾਰੀ ਰਚਨਾ, ਜੋ ਕਰਤਾ ਨੇ ਪੈਦਾ ਕੀਤੀ ਹੈ, ਨਾਰੀ ਰੂਪ ਹੈ:

ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥ (ਪੰਨਾ 591)

ਅਕਾਲ ਪੁਰਖ ਦੀ ਦੂਜੀ ਵਿਸ਼ੇਸ਼ਤਾ ਇਹ ਹੈ ਕਿ ਉਹ ਨਿਰਭਉ ਹੈ, ਭਾਵ ਡਰ ਤੋਂ ਰਹਿਤ ਹੈ। ਉਸ ਦੇ ਨਾਮ ਦਾ ਸਿਮਰਨ ਕਰਨ ਵਾਲਾ ਵੀ ਨਿਰਭਉ ਹੋ ਜਾਂਦਾ ਹੈ:

ਨਿਰਭਉ ਜਪੈ ਸਗਲ ਭਉ ਮਿਟੈ॥ (ਪੰਨਾ 293)

ਕਰਤਾ/ਅਕਾਲ ਪੁਰਖ/ਸਤਿਨਾਮੁ ਕਿਸੇ ਨਾਲ ਵੀ ਵੈਰ ਨਹੀਂ ਰੱਖਦਾ। ਉਹ ਕਾਲ ਤੋਂ ਰਹਿਤ ਹੁੰਦਾ ਹੈ। ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ-ਪੰਜਾਂ ਚੋਰਾਂ ਨੂੰ ਮਾਰ ਕੇ ਜੂਨਾਂ ਵਿਚ ਨਹੀਂ ਪੈਂਦਾ। ਜੇਕਰ ਮਨੁੱਖ ਦੀ ਪਹੁੰਚ ‘ਸਤਿਨਾਮੁ’ ਤੀਕ ਹੋ ਜਾਵੇ ਤਾਂ ਉਹ ਵੀ ‘ਸਤਿਨਾਮੁ’ ਵਰਗਾ ਹੀ ਹੋ ਜਾਂਦਾ ਹੈ। ਉਹ ਸਚਿਆਰਾ ਹੋ ਜਾਂਦਾ ਹੈ। ਉਹ ਸੱਚ ਸਰੂਪ ਹੀ ਹੋ ਜਾਂਦਾ ਹੈ:

ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥  (ਪੰਨਾ 488)

ਸੱਚ ਬੋਲਣ ਵਾਲੇ ਮਨੁੱਖ ਦੀਆਂ ਅੰਦਰਲੀਆਂ ਸਾਰੀਆਂ ਹੀ ਬੁਰਾਈਆਂ ਖ਼ਤਮ ਹੋ ਜਾਂਦੀਆਂ ਹਨ:

ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ॥
ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ॥ (ਪੰਨਾ 468)

ਸੱਚ ਬੋਲਣ ਨਾਲ ਜੀਵਨ ਦਾ ਚੱਜ-ਆਚਾਰ ਉੱਚਾ ਹੁੰਦਾ ਹੈ। ਉਹ ਮਨੁੱਖ ਸਮਾਜ ਵਿਚ ਇਕ ਨਮੂਨਾ ਬਣ ਜਾਂਦਾ ਹੈ। ਚੰਗੇ ਬਣਨ ਦੀ ਇੱਛਾ ਰੱਖਣ ਵਾਲੇ ਮਨੁੱਖ ਉਸ ਦੀ ਨਕਲ ਕਰਨ ਦਾ ਜਦੋਂ ਤਨੋਂ-ਮਨੋਂ ਯਤਨ ਕਰਦੇ ਹਨ ਤਾਂ ਉਹ ਵੀ ਉਸ ਵਰਗੇ ਹੀ ਹੋ ਨਿੱਬੜਦੇ ਹਨ। ਸੋ, ਸੱਚ ਬੋਲਣ ਵਾਲੇ ਪ੍ਰਾਣੀ ਲਈ ਸੱਭੇ ਰਸਤੇ ਪੱਧਰੇ ਹੋ ਜਾਂਦੇ ਹਨ। ਉਸ ਦਾ ਦਿਮਾਗੀ ਤਣਾਉ ਘਟ ਜਾਂਦਾ ਹੈ। ਉਸ ਦਾ ਆਤਮਿਕ ਬਲ ਅਤੇ ਆਤਮ-ਵਿਸ਼ਵਾਸ ਵਧ ਜਾਂਦਾ ਹੈ। ਤਨੋਂ-ਮਨੋਂ ਸਾਫ਼ ਲੋਕ ਉਸ ਦਾ ਵਿਸ਼ਵਾਸ ਕਰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਸੱਚ ਨੂੰ ਪ੍ਰਭੂ-ਮਿਲਾਪ ਲਈ ਜ਼ਰੂਰੀ ਅਤੇ ਅਹਿਮ ਸਮਝਦੇ ਹਨ। ‘ਆਸਾ ਕੀ ਵਾਰ’ ਵਿਚ ਗੁਰੂ ਜੀ ਨੇ ‘ਹਉਮੈ’ ਨੂੰ ਇਕ ਦੀਰਘ ਰੋਗ ਦੱਸਿਆ ਹੈ। ਗੁਰੂ ਜੀ ਅਨੁਸਾਰ ‘ਹਉਮੈ’ ਦਾ ਇਲਾਜ ਪ੍ਰਭੂ-ਕਿਰਪਾ ਅਤੇ ਸ਼ਬਦ ਦੀ ਕਮਾਈ ਨਾਲ ਹੀ ਹੁੰਦਾ ਹੈ:

ਸੇਵ ਕੀਤੀ ਸੰਤੋਖੀਈਂ ਜਿਨੀ੍ ਸਚੋ ਸਚੁ ਧਿਆਇਆ॥
ਓਨੀ੍ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ॥
ਓਨੀ੍ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ॥
ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ॥
ਵਡਿਆਈ ਵਡਾ ਪਾਇਆ॥ (ਪੰਨਾ 466-67)

ਸੋ, ਇਸ ਪਉੜੀ ਵਿਚ ਸ੍ਰੀ ਗੁਰੂ ਨਾਨਕ  ਦੇਵ ਜੀ ਨੇ ਸ਼ਬਦ ਕਮਾਉਣ ਦੀ ਵਿਧੀ ਦੱਸੀ ਹੈ। ਉਨ੍ਹਾਂ ਅਨੁਸਾਰ ਸੰਤੋਖ ਨਾਲ ਜਗਤ ਦੀ ਸੇਵਾ ਕਰਨ, ਧਰਮ ਦੀ ਕਮਾਈ ਕਰਨ, ਮੰਦੇ ਕੰਮਾਂ ਤੋਂ ਪਾਸਾ ਵੱਟਣ, ਲੋੜੀਂਦੀ ਖ਼ੁਰਾਕ ਲੈਣ ਅਤੇ ਦੁਨੀਆਂ ਵਿਚ ਰਹਿ ਕੇ ਵੀ ਸੱਚ-ਆਚਾਰ ਨੂੰ ਪਾਇਆ ਜਾਂਦਾ ਹੈ। ਗੁਰੂ ਜੀ ਸੂਹੀ ਰਾਗ ਦੇ ਅਰੰਭ ਵਿਚ ਹੀ ‘ਸਤਿ’ ਨੂੰ ਪ੍ਰਾਪਤ ਕਰਨ ਲਈ ਪ੍ਰੇਰਨਾ ਦਿੰਦੇ ਹਨ ਕਿ ਪਹਿਲਾਂ ਸੁੱਚਤਾ ਵਿਚ ਆਪ ਆਉਣਾ, ਫਿਰ ਅੰਮ੍ਰਿਤ ਦਾ ਅਭਿਲਾਖੀ ਬਣਨਾ ‘ਸਤਿ’ ਨੂੰ ਪ੍ਰਾਪਤ ਕਰਨ ਦਾ ਸਿੱਧਾ ਰਾਹ ਹੈ:

ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ॥ (ਪੰਨਾ 728)

‘ਸੱਚ-ਆਚਾਰ’ ਦੀ ਧਾਰਨਾ ਅਤਿਅੰਤ ਉੱਚੀ ਹੈ। ਇਸ ਸਬੰਧੀ ਸਮੂਹ ਗੁਰੂ ਸਾਹਿਬਾਨ ਦੀ ਸੋਚ ਅਤੇ ਵਿਚਾਰਧਾਰਾ ਵੀ ਇਕਸਾਰ ਹੈ। ਭਾਵ, ਇਸ ਵਿਚ ਕੋਈ ਵੀ ਦੋ ਰਾਵਾਂ ਨਹੀਂ ਹੋ ਸਕਦੀਆਂ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Sulakhan Singh Meet

ਪ੍ਰਿੰਸੀਪਲ ਸੁਲੱਖਣ ਸਿੰਘ ਮੀਤ ਦਾ ਜਨਮ 15 ਮਈ, 1938 ਨੂੰ ਚੱਕ ਨੰਬਰ 251 ਜ਼ਿਲ੍ਹਾ ਮਿੰਟਗੁਮਰੀ ਪੱਛਮੀ ਪਾਕਿਸਤਾਨ ਵਿੱਚ ਨਾਨਕੇ ਪਿੰਡ ਹੋਇਆ ਸੀ। ਉਨ੍ਹਾਂ ਦਾ ਸਾਹਿਤਕ ਸਫ਼ਰ 1958 ਵਿੱਚ ਸ਼ੁਰੂ ਹੋਇਆ। ਪ੍ਰਿੰਸੀਪਲ ਸੁਲੱਖਣ ਸਿੰਘ ਮੀਤ 1970 ਵਿੱਚ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਬਤੌਰ ਇਤਿਹਾਸ ਲੈਕਚਰਾਰ ਨਿਯੁਕਤ ਹੋਏ ਸਨ ਅਤੇ ਪ੍ਰਿੰਸੀਪਲ ਵਜੋਂ 1996 ’ਚ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਤੋਂ ਸੇਵਾਮੁਕਤ ਹੋਏ ਸਨ। 6 ਮਈ 2021 ਨੂੰ ਆਪ ਜੀ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਪ੍ਰਿੰਸੀਪਲ ਸੁਲੱਖਣ ਸਿੰਘ ਮੀਤ ਦੇ ਅੰਦਾਜ਼ਨ 50 ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ। ਜਿਨ੍ਹਾਂ ਵਿੱਚ ਕਹਾਣੀ ਸੰਗ੍ਰਹਿ, ਕਾਵਿ ਸੰਗ੍ਰਹਿ, ਮਿੰਨੀ ਕਹਾਣੀ ਸੰਗ੍ਰਹਿ, ਨਾਵਲ, ਬਾਲ ਸੰਗ੍ਰਹਿ ਅਤੇ ਵਾਰਤਿਕ ਦੀਆਂ ਪੁਸਤਕਾਂ ਸ਼ਾਮਿਲ ਹਨ। ਇੱਜ਼ਤਾਂ ਵਾਲੇ, ਸੁਲਗਦੀ ਬਰਫ਼, ਬਾਹਾਂ ਉੱਤੇ ਖੁਣੇ ਨਾਂ, ਸੁੱਚਾ ਫੁੱਲ, ਬਗਾਨੀ ਧੁੱਪ, ਰੋਗੀ ਗੁਲਾਬ, ਬਾਬਾ ਬੋਧ ਸਿੰਘ, ਅਮਰ ਵੇਲ ਅਤੇ ਫੁੱਲਾਂ ਕੋਲੋਂ ਖਿੜਨਾ ਸਿੱਖੋ, ਵਰਣਨਯੋਗ ਹਨ। ਪੰਜਾਬ ਅਤੇ ਪੰਜਾਬ ਤੋਂ ਬਾਹਰ ਅਨੇਕਾਂ ਮਾਣ-ਸਨਮਾਨ ਮੀਤ ਦੀ ਝੋਲੀ ਪਏ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)