editor@sikharchives.org

ਗੁਰੂ ਗ੍ਰੰਥ ਸਾਹਿਬ

ਆਓ ਅਸੀਂ ਅੱਜ ਸਿੱਖ ਅਖਵਾਉਣ ਵਾਲੇ, ਰੱਬੀ ਬਾਣੀ ਤਾਈਂ ‘ਗੁਰੂ’ ਮੰਨ ਲਈਏ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸਰਬ-ਰੋਗ ਦਾਰੂ ‘ਸੱਚ-ਨਾਮ’ ਇੱਕੋ, ਦੂਸ਼ਿਤ-ਦੁਨੀ ਦੇ ਦਰਦ ਨਿਵਾਰਦਾ ਏ।
ਸੋਮਾ, ਸੱਚ ਸੰਦੇਸ਼, ਗੁਰੂ ਗ੍ਰੰਥ ਸਾਹਿਬ, ਸੀਨੇ ਸਰਬ ਸੰਸਾਰ ਦੇ ਠਾਰਦਾ ਏ।

ਬਾਣੀ ‘ਗੁਰੂ’ ਉਪਦੇਸ਼ ‘ਸੱਚ’ ਸਰਬ-ਸਾਂਝਾ, ਬਿਨਾਂ ਵਿਤਕਰੇ ਸਭ ਸੁਣਾਂਵਦਾ ਏ।
ਜ਼ਰ੍ਹੇ-ਜ਼ਰ੍ਹੇ ਅੰਦਰ ਜਗਦੀ ਜੋਤ ਇੱਕੋ, ਗਿਆਨ-ਨੇਤਰੀਂ ਜ਼ਾਹਰ ਵਿਖਾਂਵਦਾ ਏ।
‘ਤੂੰਹੀ ਤੂੰ’ ਵਿਚ ਜਜ਼ਬ ਕਰ ‘ਮੈਂ’ ‘ਮੇਰੀ’, ਕਾਮ, ਕ੍ਰੋਧ, ਮੋਹ, ਲੋਭ ਸੰਘਾਰਦਾ ਏ।
ਮੈਲੀ ਮੱਤ ਮਲੀਨ ਨੂੰ ਨਾਮ ਸੱਚੇ, ਨਾਲ ਮਾਂਜਣ ਦੀ ਵਿਧੀ ਸਮਝਾਂਵਦਾ ਏ।
ਥੌਹੜੇ ਸੱਚੇ ਨਾਲ ਕੂੜ-ਕੰਧ ਕਰ ਢੇਰੀ, ਕੂੜਿਆਰਾਂ, ਸਚਿਆਰ ਸੰਵਾਰਦਾ ਏ। “
ਸੋਮਾ, ਸੱਚ ਸੰਦੇਸ਼, ਗੁਰੂ ਗ੍ਰੰਥ ਸਾਹਿਬ… … ….

ਸੁਖ-ਦੁੱਖ ਰਹਿ ਰੱਬ ਦੀ ਰਜ਼ਾ ਕਹਿਣਾ, ਭਾਣਾ ਮੰਨਣਾ ਮਿੱਠਾ ਸਿਖਾਂਵਦਾ ਏ।
ਕਰ ਮਰਨ ਮਨਜ਼ੂਰ ਤਜ ਤਾਂਘ ਜੀਣਾ, ਪੰਧ-ਪ੍ਰੇਮ ਦੇ ਪਾਂਧੀ ਬਣਾਂਵਦਾ ਏ।
ਰਾਖੀ ਸੱਚ ਇਨਸਾਫ਼ ਸਿਖਲਾ ਕਰਨੀ, ਸੀਸ ਤਲੀ ਧਰ ਜੀਣਾ ਸਿਖਾਲਦਾ ਏ।
ਬੋਲਬਾਲਾ ਬੁਲੰਦ ‘ਸੱਚ-ਧਰਮ’ ਕਰ ਕੇ, ਵਿਚ ਜੂਝਣਾ ਰਣ ਵਿਖਾਲਦਾ ਏ।
ਪਾਖੰਡੀ ਪਾਜੀਆਂ ਦੇ ਖੋਲ੍ਹ ਪਾਜ ਸਾਰੇ, ‘ਜਾਬਰ’ ਬਾਬਰਾਂ ਕਹਿ ਵੰਗਾਰਦਾ ਏ।
ਸੋਮਾ, ਸੱਚ ਸੰਦੇਸ਼, ਗੁਰੂ ਗ੍ਰੰਥ ਸਾਹਿਬ… … ….

ਹਠ, ਭੇਖ, ਭੈਅ-ਭਰਮ ਤੇ ਵਹਿਮ ਸਾਰੇ, ਗੁੜ੍ਹਤੀ-ਗਿਆਨ ਦੇ, ਦੂਰ ਕਰਾਂਵਦਾ ਏ।
ਕਰਮ-ਕਾਂਡ ਤੇ ‘ਕੂੜ’ ਦੇ ਕੱਟਣੇ ਲਈ, ਸ਼ਸਤਰ ‘ਸੱਚ’ ਦਾ ਹੱਥ ਫੜਾਂਵਦਾ ਏ।
ਨਾਮ ਜਪ, ਕਰ ਕਿਰਤ ਤੇ ਵੰਡ ਛਕਣਾ, ਸੇਵਾ ਕਰਨ ਦੀ ਰੁਚੀ ਪਕਾਂਵਦਾ ਏ।
ਹਾਜ਼ਰ ‘ਹਰਿ’ ਅਹਿਸਾਸ ਕਰਵਾ ਹਰ-ਜੀਅ, ਭੇਦ-ਭਾਵਨਾ ਮੂਲੋਂ ਮੁਕਾਂਵਦਾ ਏ।
ਊਚ-ਨੀਚ, ਨਰ-ਨਾਰ ਕਰ ਫਰਕ ਦੂਰੀ, ਖਾਲਕ ਰੂਪ ਕਹਿ ਖ਼ੂਬ ਸ਼ਿੰਗਾਰਦਾ ਏ।
ਸੋਮਾ, ਸੱਚ ਸੰਦੇਸ਼, ਗੁਰੂ ਗ੍ਰੰਥ ਸਾਹਿਬ… … ….

ਤਿਆਰ ਸਤਿਗੁਰਾਂ, ਭੱਟਾਂ ਸਮੇਤ ਭਗਤਾਂ, ਥਾਲ, ਸਤੁ, ਸੰਤੋਖ, ਵਿਚਾਰ ਕੀਤਾ।
31 ਰਾਗਾਂ ’ਚ ਰੱਬੀ ਉਚਾਰ ਬਾਣੀ, ਅੰਮ੍ਰਿਤ-ਨਾਮ ਹੀ ਜੀਅ ਆਧਾਰ ਕੀਤਾ।
ਮਹਾਂ-ਅਨੰਦ ਕੋਈ ਮੁੱਖੋਂ ਵਿਸਮਾਦ ਆਖੇ, ਖਾ-ਭੁੰਚ, ਜੀਅ ਜਿਨ੍ਹਾਂ ਆਹਾਰ ਕੀਤਾ।
ਹਾਮੀ ਕਹਿਣ ਸਭ ਸਾਂਝੀ ਮਨੁੱਖਤਾ ਦਾ, ਤਜ ਈਰਖਾ ਜਿਨ੍ਹਾਂ ਦੀਦਾਰ ਕੀਤਾ।
ਕੂੜ-ਕਲਪਨਾ ਕੁੱਲ ਮੁਕਾ ਮੂਲੋਂ, ਕਾਇਆ-ਕਲਪ ਪਿਆ ਕੁੱਲ ਕਰਾਂਵਦਾ ਏ।
ਸੋਮਾ, ਸੱਚ ਸੰਦੇਸ਼, ਗੁਰੂ ਗ੍ਰੰਥ ਸਾਹਿਬ… … ….

ਦਸਮ ਪਿਤਾ ਜੀ ‘ਗੁਰੂ ਗ੍ਰੰਥ’ ਕਹਿ ਕੇ, ਖ਼ੁਦ ਆਪਣਾ ਸੀਸ ਨਿਵਾ ਦਿੱਤਾ।
‘ਸ਼ਬਦ-ਗੁਰੂ-ਗਿਆਨ’ ਨੂੰ ਥਾਪ ਰਹਿਬਰ, ਦੇਹਧਾਰੀ ਸੰਕਲਪ ਮੁਕਾ ਦਿੱਤਾ।
‘ਗੁਰੂ-ਪੰਥ’ ਤੇ ‘ਗੁਰੂ ਗ੍ਰੰਥ’ ਵਾਲਾ, ਸਿੱਖਾਂ ਤਾਈਂ ਸੀ ਸਬਕ ਪੜ੍ਹਾ ਦਿੱਤਾ।
ਸਾਂਝੀਵਾਲਤਾ ਸੱਚ ਸੰਦੇਸ਼ ਸਭ ਨੂੰ, ਦੇ ਕੇ ਪ੍ਰੇਮ ਦਾ ਪੱਲਾ ਪਕੜਾ ਦਿੱਤਾ।
ਸਤਿਗੁਰੂ ਸੰਪੂਰਨ, ਸੰਸਾਰ ਸਾਰੇ, ਰਮਜ਼ ਰਹਿਮਤਾਂ ਰੱਬੀ ਸਮਝਾਂਵਦਾ ਏ।
ਸੋਮਾ, ਸੱਚ ਸੰਦੇਸ਼, ਗੁਰੂ ਗ੍ਰੰਥ ਸਾਹਿਬ… … ….

ਆਓ ਅਸੀਂ ਅੱਜ ਸਿੱਖ ਅਖਵਾਉਣ ਵਾਲੇ, ਰੱਬੀ ਬਾਣੀ ਤਾਈਂ ‘ਗੁਰੂ’ ਮੰਨ ਲਈਏ।
ਆਪਣੀਆਂ ਸਭ ਕਮਜ਼ੋਰੀਆਂ ਦੂਰ ਕਰੀਏ, ਭਾਂਡੇ ਸਭ ਵਿਕਾਰਾਂ ਦੇ ਭੰਨ ਦੇਈਏ।
ਗੁਰੂ-ਪੰਥ ਦਾ ਹੁਕਮ ਵੀ ਰਹਿਤ-ਪੰਥਕ, ਰੋਜ਼ਮਰ੍ਹਾ ਲਈ ਘੁੱਟ ਲੜ ਬੰਨ੍ਹ ਲਈਏ।
ਪੰਥਕ-ਏਕਤਾ ਵਿਚ ਪਿਰੋ ਆਪਾ, ਆਪੇ ਮਾਰੀਆਂ ਵੱਟਾਂ ਸਭ ਭੰਨ ਲਈਏ।
ਡੇਰੇ, ਧੜੇ ਜਾਂ ਨਕਲੀ ਸੰਤ-ਬਾਬੇ, ਸੱਚਾ ਸਿੱਖ ਨਾ ਕਦੀ ਸਵੀਕਾਰਦਾ ਏ।
ਸੋਮਾ, ਸੱਚ ਸੰਦੇਸ਼, ਗੁਰੂ ਗ੍ਰੰਥ ਸਾਹਿਬ, ਸੀਨੇ ਸਰਬ ਸੰਸਾਰ ਦੇ ਠਾਰਦਾ ਏ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

#3838 Kamloops Street, Vancouver BC Canada V5R 6A6

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)