ਉੱਠ ਤੂੰ ਜੁਝਾਰ ਸੁੱਤਾ, ਗੜ੍ਹੀ ਚਮਕੌਰ ਵਿੱਚੋਂ, ਵੇਖ ਜ਼ਰਾ ਆਪਣਾ ਪੰਜਾਬ।
ਆਸਾਂ ਦੀਆਂ ਟਾਹਣੀਆਂ ’ਤੇ, ਜਿਨ੍ਹਾਂ ਅਜੇ ਮਹਿਕਣਾ ਸੀ, ਕੱਖਾਂ ਵਿਚ ਰਲਗੇ ਗੁਲਾਬ।
ਉੱਠ ਤੂੰ ਜੁਝਾਰ…
ਬਾਪੂ ਤੇਰਾ ਚਾਂਦਨੀ ਚੌਂਕਰ ’ਚ ਸ਼ਹੀਦੀ ਪਾ ਕੇ, ਜੱਗ ਉੱਚੇ ਚਾਨਣ ਕਰਾ ਗਿਆ;
ਰਸਤਾ ਤੇ ਰੋਸ਼ਨੀ ਵਿਖਾਏ ਮਜ਼ਲੂਮਾਂ ਤਾਂਈਂ, ਜ਼ੁਲਮ ਹਨੇਰਾ ਸੀ ਜਾਂ ਛਾ ਗਿਆ;
ਤੇਰੇ ਵਾਂਗ ਪਿਤਾ ਤੇਰੇ, ਬਾਪੂ ਨੂੰ ਵੀ ਤੋਰਿਆ ਸੀ, ਵੇਖ ਦੁਖੀਆਂ ਦੀਆਂ ਅੱਖਾਂ ’ਚ ਸਲ੍ਹਾਬ।
ਉੱਠ ਤੂੰ ਜੁਝਾਰ…
ਧੰਨ ਮਾਤਾ ਜੀਤੋ ਧੰਨ ਧਰਤੀ ਵੀ ਓਹੋ, ਤੈਨੂੰ ਉਂਗਲੀ ਸੀ ਲਾ ਕੇ ਜਿਥੇ ਤੁਰਦੀ;
ਤੇਰਾ ਤਾਂ ਪਿਆਰ ਵੇਖ ਸੀਨੇ ’ਚ ਸਮੋਈ ਬੈਠੀ, ਹਰ ਇਕ ਗਲੀ ਅਨੰਦਪੁਰ ਦੀ;
ਪਰ ਜ਼ਾਲਮਾਂ ਨੇ ਸਰਸੇ ਦੀ ਭੇਟ ਸੀ ਚੜ੍ਹਾਏ, ਦਿਲਾਂ ’ਚ ਲੁਕੋਏ ਸਾਰੇ ਖ਼ਾਬ।
ਉੱਠ ਤੂੰ ਜੁਝਾਰ…
ਆਗਿਆ ਪਿਤਾ ਤੋਂ ਲੈ ਕੇ ਜੰਗ ਨੂੰ ਜਾ ਤੁਰਿਆ, ਵੈਰੀਆਂ ਦੀਆਂ ਸਫਾਂ ਗਿਆ ਚੀਰਦਾ,
ਨਿੱਕੇ-ਨਿੱਕੇ ਹੱਥਾਂ ਨਾਲ, ਖਿੱਚ-ਖਿੱਚ ਤੀਰ ਛੱਡੇ, ਬਦਲਾ ਲਿਆ ਤੂੰ ਵੱਡੇ ਵੀਰ ਦਾ;
ਸੀਨੇ ਉੱਤੇ ਫੱਟ ਖਾ ਕੇ, ਲਾਏ ਤੂੰ ਜੈਕਾਰੇ ਜਦ, ਸਭ ਦੰਗ ਰਹੇ ਗਏ ਵੇਖ ਕੇ ਨਵਾਬ।
ਉੱਠ ਤੂੰ ਜੁਝਾਰ…
ਅੱਜ ਦਾ ਸਮਾਜ ਵੇਖ ਕਿਹੜੇ ਪਾਸੇ ਚੱਲਿਆ,ਵੇਖ ਵੇਖ ਹੋ ਗਏ ਦਿਲ ਛਲਣੀ।
ਧੀਆਂ ਕੁੱਖ ਵਿਚ ਮਾਰ, ਪੁੱਤ ਨਸ਼ਿਆਂ ਜੇ ਖਾ ਲੇ, ਦੱਸੋ, ਫਿਰ ਪੀੜ੍ਹੀ ਕਿਵੇਂ ਚੱਲਣੀ?
‘ਰਾਜੋਕਿਆਂ ਵਾਲਾ’ ਆਖੇ, ਜਿਹੜੇ ਤੈਨੂੰ ਫੱਟ ਲੱਗੇ, ਦੰਗ ਰਹਿ ਗਏ ਵੇਖ ਕੇ ਨਵਾਬ।
ਉੱਠ ਤੂੰ ਜੁਝਾਰ ਸੁੱਤਾ ਗੜ੍ਹੀ ਚਮਕੌਰ ਵਿੱਚੋਂ, ਵੇਖ ਜ਼ਰਾ ਆਪਣਾ ਪੰਜਾਬ।
ਲੇਖਕ ਬਾਰੇ
#1258 ਐਲ-2, ਗਲੀ ਨੰ:7, ਸੁੱਕੇ ਤਲਾਅ ਵਾਲਾ ਬਜ਼ਾਰ, ਗੁਰਨਾਮ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
- ਬਲਬੀਰ ਸਿੰਘ ਰਾਜੋਕਿਆਂ ਵਾਲਾhttps://sikharchives.org/kosh/author/%e0%a8%ac%e0%a8%b2%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%9c%e0%a9%8b%e0%a8%95%e0%a8%bf%e0%a8%86%e0%a8%82-%e0%a8%b5%e0%a8%be%e0%a8%b2%e0%a8%be/October 1, 2010