ਅੰਮ੍ਰਿਤ ਛਕ ਕੇ ਖੰਡੇ-ਬਾਟੇ ਦਾ
ਬਣਿਆ ਵੈਰਾਗੀ ਤੋਂ ਸਿੰਘ-ਸਰਦਾਰ।
ਲੈ ਕੇ ਥਾਪੜਾ ਬਾਜਾਂ ਵਾਲੇ ਤੋਂ
ਕਰਦਾ ਆਵੇ ਜੋ ਬੰਦਾ ਮਾਰੋ-ਮਾਰ।
ਨਾਲ ਜਥਾ ਲੈ ਭਾਰੀ ਸਿੰਘਾਂ ਦਾ
ਹੋ ਜੰਗ ਲਈ ਤਿਆਰ-ਬਰ-ਤਿਆਰ। “
ਲਵਾਂ ਬਦਲਾ ਜਾ ਖਾਨ-ਵਜ਼ੀਰ ਤੋਂ
ਕੇਹਾ ਮਾਸੂਮਾਂ ’ਤੇ ਕੀਤਾ ਅੱਤਿਆਚਾਰ!
ਡੌਲ੍ਹੇ ਫਰਕੇ ਕਰੀਚੇ ਦੰਦ ਯੋਧਿਆਂ
ਅੱਖਾਂ ’ਚੋਂ ਵਰ੍ਹਦੇ ਪਏ ਅੰਗਿਆਰ।
ਇੱਟ ਨਾਲ ਇੱਟ ਖੜਕਾ ਦਿਆਂ
ਵਜ਼ੀਦੇ ਫੜਾਂ ਤੈਨੂੰ ਭਰੇ ਦਰਬਾਰ!
ਤੇਰੇ ਕੋੜਮੇ ਦਾ ਕਰੂੰ ਮੈਂ ਖਾਤਮਾ
ਅੱਖਾਂ ਸਾਹਵੇਂ ਮਰਵਾਊਂ ਪਰਵਾਰ।
ਤੈਨੂੰ ਰਹਿਮ ਰਤਾ ਨਾ ਆਇਆ ਓਏ
ਕੇਹਾ ਜ਼ੁਲਮ ਤੂੰ ਦਿੱਤਾ ਗੁਜ਼ਾਰ?
ਤੇਰਾ ਬੱਚਿਆਂ ਕੀ ਵਿਗਾੜਿਆ?
ਮੱਥਾ ਲਾਉਂਦਾ ਤੂੰ ਨਾਲ ਸਰਦਾਰ!
ਦੁੱਧ ਪੀਤੇ ਦਾ ਪਤਾ ਤੈਨੂੰ ਲੱਗ ਜੂ
ਕਾਹਦਾ ਬਣਿਆ ਫਿਰਦੈਂ ਅਹਿਲਕਾਰ?
ਬਦਲਾ ਲਊਂਗਾ ਪਾਈ ਪਾਈ ਦਾ
ਖੁੰਡੇ ਕਰਾਂ ਤੇਰੇ ਸਭ ਹਥਿਆਰ!
ਤੇਰੀ ਜਾਤ ਕਿਸੇ ਨਾ ਪੁੱਛਣੀ ਬਣਾਈ
ਬੈਠੈਂ ਜਿਹੜੀ ਤੂੰ ਸਰਕਾਰ।
ਬੰਦਾ ਪਹੁੰਚਿਆ ਵਿਚ ਸਰਹੰਦ ਦੇ
ਅੱਗੋਂ ਫੌਜਾਂ ਦਾ ਘੇਰਾ ਬੇਸ਼ੁਮਾਰ।
ਖੰਡੇ ਭਾਲੇ ਮੈਦਾਨੇ ਰਣ ਖੜਕਦੇ
ਬਿਜਲੀ ਵਾਂਗ ਪਈ ਲਿਸ਼ਕੇ ਤਲਵਾਰ।
ਆਹੂ ਲਾਹ ਲਾਹ ਸੁੱਟੇ ਮੁਗ਼ਲਾਂ ਦੇ,
ਜੰਗ-ਮੈਦਾਨੇ ਮੱਚੀ ਹਾਹਾਕਾਰ।
ਭਾਰਾ ਦੋਹੀਂ ਦਲੀਂ ਮੁਕਾਬਲਾ
ਲਾਏ ਲੋਥਾਂ ਦੇ ਭਾਰੀ ਅੰਬਾਰ।
ਭਗਦੌੜ ਮੱਚੀ ਵਿਚ ਮੈਦਾਨ ਦੇ
ਖੜਕੀ ਖੰਡੇ ਨਾਲ ਜਦ ਤਲਵਾਰ।
ਸਿੰਘਾਂ ਲੋਥਾਂ ’ਤੇ ਲੋਥਾਂ ਚਾੜ੍ਹੀਆਂ
ਚੌਪਾਸੀ ਮੱਚ ’ਗੀ ਸੀ ਹਾਹਾਕਾਰ।
ਮੁਸ਼ਕਾਂ ਬੰਨ੍ਹ ਵਜ਼ੀਰੇ ਨੂੰ ਕੁੱਟਿਆ
ਲਿਆ ਸੁੱਟਿਆ ਮੈਦਾਨੇ ਵਿਚਕਾਰ!
ਬਦਲਾ ਲੈ ਲਿਆ ਸਿੰਘ ਸਰਦਾਰ ਨੇ
ਯੋਧੇ ਗਾਉਣਗੇ ਬੰਦੇ ਦੀ ਵਾਰ।
ਯਾਦਾਂ ਰਹਿਣਗੀਆਂ ਸਿੰਘਾ ਸੰਸਾਰ ’ਤੇ
ਹੋਇਆ ਬੰਦਾ ਸਿੰਘ ਬਹਾਦਰ ਸਰਦਾਰ।
ਕਾਨੀ ‘ਅਜ਼ਾਦ’ ਦੀ ਜੱਸ ਪਈ ਗਾਂਵਦੀ
ਗੱਲ ਤੁਰਦੀ ਰਹੂ ਵਿਚ ਸੰਸਾਰ।
ਲੇਖਕ ਬਾਰੇ
ਸ਼ਿਵਪੁਰੀ, ਧੂਰੀ (ਪੰਜਾਬ)-148024।
- ਹੋਰ ਲੇਖ ਉਪਲੱਭਧ ਨਹੀਂ ਹਨ