ਪਰਮ-ਸਤਿ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਹਰ ਧਰਮ ਦੇ ਅਧਿਆਤਮਿਕ ਦਰਸ਼ਨ ਅੰਦਰ ਵੱਖ-ਵੱਖ ਤੌਰ ’ਤੇ ਦੱਸਿਆ ਗਿਆ ਹੈ। ਭਾਰਤੀ ਦਰਸ਼ਨ ਪ੍ਰਭੂ ਦੇ ਨਿਰਗੁਣ ਤੇ ਸਰਗੁਣ ਦੋਵਾਂ ਹੀ ਸ੍ਵਰੂਪਾਂ ਦੀ ਭਗਤੀ-ਸਾਧਨਾ ਨੂੰ ਪ੍ਰਵਾਨ ਕਰਦਾ ਹੈ। ਪਰ ਗੁਰਮਤਿ ਅੰਦਰ ‘ਗਾਡੀ-ਰਾਹ’ ਉੱਪਰ ਚੱਲਦਿਆਂ, ‘ਸਤਿਸੰਗਤ’ ਰਾਹੀਂ, ਭਾਣੇ ਤੇ ਹੁਕਮ ਵਿਚ ਰਹਿੰਦੇ ਹੋਏ ‘ਗੁਰ ਪ੍ਰਸਾਦਿ’ ਦੁਆਰਾ ਪ੍ਰੇਮਾ-ਭਗਤੀ ਕੇਵਲ ‘ਸ਼ਬਦ-ਗੁਰੂ’ ਦੀ ਹੀ ਕਰਨੀ ਪ੍ਰਵਾਨ ਹੈ। ਇਹ ਸ਼ਬਦ ਹੀ ਜੋਤਿ-ਸਰੂਪ ਬਣ ਕੇ ਸਭ ਦੇ ਹਿਰਦਿਆਂ ਅੰਦਰ ਅਦ੍ਰਿਸ਼ਟ ਸਰੂਪ ਵਿਚ ਰਵਿ ਰਿਹਾ ਹੈ। ਸ਼ਬਦ ਹੀ ਨਿਰੰਕਾਰ ਹੈ, ਅਬਿਨਾਸ਼ੀ ਹੈ, ਸ੍ਰਿਸ਼ਟੀ ਦਾ ਕਰਤਾ ਹੈ, ਭਵਜਲ ਪਾਰ ਕਰਨ ਲਈ ‘ਬੋਹਿਥ’ ਹੈ; ਜੀਵਨ ਦੀ ਰੌਂ ਹੈ, ਆਤਮ-ਪ੍ਰਕਾਸ਼ ਹੈ। ਪਰ ਇਹ ਸ਼ਬਦ ਸਾਡੇ ਬਾਹਰੀ ਮਨ, ਬੁੱਧੀ ਤੇ ਵਿਚਾਰਾਂ ਦੀ ਪਕੜ ਤੋਂ ਪਰ੍ਹੇ ਹੈ। ਸ਼ਬਦ-ਸਾਧਨਾ ਰਾਹੀਂ ਹੀ ਅਸੀਂ ਅੰਤਰ-ਆਤਮੇ ‘ਪਰਮ ਤੱਤ-ਸ਼ਬਦ’ ਦੀ ਅਨਹਦ ਧੁਨੀ ਸੁਣਦੇ ਹੋਏ ਵਿਸਮਾਦੀ ਰਸ ਦੇ ਆਤਮਿਕ ਹੁਲਾਰੇ ਮਾਣ ਸਕਦੇ ਹਾਂ। ਸੁਰਤ ਨੂੰ ਸ਼ਬਦ ਵਿਚ ਲਿਵਲੀਨ ਕਰਨ ਵਾਸਤੇ ਜਿੱਥੇ ਲਗਨ, ਭੈ-ਭਾਵਨੀ, ਪ੍ਰੇਮ ਤੇ ਸ਼ਰਧਾ ਅਤੇ ਦ੍ਰਿੜ੍ਹ ਵਿਸ਼ਵਾਸ ਦੀ ਜ਼ਰੂਰਤ ਹੈ, ਉਥੇ ‘ਸਾਵਧਾਨ ਏਕਾਗਰ ਚੀਤ’ ਦੀ ਵੀ ਅਵੱਸ਼ਕਤਾ ਹੈ। ਗੁਰੂ ਸਾਹਿਬਾਨ ਨੇ ‘ਸ਼ਬਦ’ ਨੂੰ ‘ਗੁਰੂ’ ਦੀ ਪਦਵੀ ਬਖ਼ਸ਼ ਕੇ ਗੁਰਸਿੱਖਾਂ ਨੂੰ ਬੁੱਤ ਪੂਜਾ, ਅਵਤਾਰ ਪੂਜਾ, ਮੂਰਤੀ ਪੂਜਾ ਤੇ ਸ਼ਖ਼ਸੀ ਪੂਜਾ ਆਦਿ ਤੋਂ ਹਮੇਸ਼ਾਂ ਲਈ ਵਰਜਿਆ ਹੀ ਨਹੀਂ ਸਗੋਂ ਗੁਰਬਾਣੀ ਰਾਹੀਂ ਇਨ੍ਹਾਂ ਨੂੰ ਫੋਕਟ ਤੇ ਨਿਰਾਰਥਕ ਕਰਮ ਦੱਸ ਕੇ ਸਿਧਾਂਤਕ, ਪ੍ਰਮਾਣਿਕ, ਵਿਗਿਆਨਕ ਤੇ ਪ੍ਰਮਾਰਥਿਕ ਦਲੀਲਾਂ ਨਾਲ ਖੰਡਨ ਕਰ ਕੇ ਪਾਣੀ ਰਿੜਕਣ ਅਤੇ ਸਮਾਂ ਅਜਾਈਂ ਗਵਾ ਕੇ ਅੰਤ ਪਛਤਾਉਣਾ ਦੱਸਿਆ ਹੈ। ਗੁਰਮਤਿ ਅਨੁਸਾਰ ਕੋਈ ਦੇਹਧਾਰੀ ਮਨੁੱਖ, ਮਨੋਕਲਪਤ ਬੁੱਤ ਜਾਂ ਤਸਵੀਰ, ਸਰਗੁਣ ਸਰੂਪ ਦੇ ਚਿੰਨ੍ਹ, ਅਵਤਾਰ, ਦੇਵੀ-ਦੇਵਤੇ ਆਦਿ ਗੁਰੂ ਤੁੱਲ ਨਹੀਂ ਹਨ। ਕਿਸੇ ਸੰਤ, ਮਹੰਤ, ਮਹਾਤਮਾ ਜਾਂ ਗੱਦੀਨਸ਼ੀਨ ਆਦਿ ਨੂੰ ਗੁਰੂ ਕਹਿਣਾ ਜਾਂ ਗੁਰੂ ਤੁੱਲ ਸਮਝਣਾ ‘ਸ਼ਬਦ-ਗੁਰੂ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕਰਨਾ ਹੈ।
ਸ਼ਬਦ ਦਾ ਕਿਸੇ ਮਜ਼ਹਬ, ਜਾਤੀ, ਸਮਾਜ ਜਾਂ ਸੰਪਰਦਾਇ ਤੇ ਵਰਗ ਵਿਸ਼ੇਸ਼ ਆਦਿ ਨਾਲ ਕੋਈ ਸੰਬੰਧ ਨਹੀਂ। ਇਹ ਤਾਂ ਸਮੁੱਚੀ ਮਾਨਵਤਾ ਲਈ ਗਿਆਨ ਦਾ ਦੀਪ ਹੈ, ਸਦੀਵੀ ਪ੍ਰਕਾਸ਼ ਹੈ, ਪ੍ਰੇਮ-ਪਦਾਰਥ ਹੈ, ਅਉਖਧ ਹੈ, ਆਤਮਿਕ ਹੁਲਾਰਾ ਤੇ ਮਹਾਂ-ਰਸ ਦਾ ਅਤੁੱਟ ਖ਼ਜ਼ਾਨਾ ਹੈ, ਜਿਸ ਨਾਲ ਸਾਂਝ ਪਾ ਕੇ ਹੀ ਪ੍ਰਭੂ-ਜੋਤ ਵਿਚ ਅਭੇਦ ਹੋਇਆ ਜਾ ਸਕਦਾ ਹੈ। ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ ਜਿਸ ਦੇ ਕੋਸ਼ਾਗਤ ਅਰਥ ਆਵਾਜ਼, ਧੁਨੀ, ਬੋਲ, ਗੱਲਬਾਤ, ਸੁਰ, ਸੁਨੇਹਾ, ਸਮੁੰਦਰ, ਗੁਰ-ਉਪਦੇਸ਼, ਬ੍ਰਹਮ-ਉਪਦੇਸ਼, ਖੇਵਟ, ਅਨਹਦ ਬਾਣੀ, ਅਲੱਖ, ਸੱਚ, ਰਤਨ, ਦਾਤਾ, ਸਾਹਿਬ ਤੇ ਗੁਰੂ ਆਦਿ ਦੇ ਵਿਸ਼ੇਸ਼ਣਾਂ ਨਾਲ ਅਲੰਕਾਰਿਤ ਕੀਤਾ ਗਿਆ ਹੈ:
ਰਤਨ ਜਵੇਹਰ ਨਾਮ॥ ਸਤੁ ਸੰਤੋਖੁ ਗਿਆਨ॥ (ਪੰਨਾ 893)
ਨਾਮੁ ਨਵ ਨਿਧਿ ਗੁਰ ਤੇ ਪਾਏ॥ (ਪੰਨਾ 159)
ਜਿ ਵਸਤੁ ਮੰਗੀਐ ਸਾਈ ਪਾਈਐ ਜੇ ਨਾਮਿ ਚਿਤੁ ਲਾਈਐ॥ (ਪੰਨਾ 850)
ਨਾਮੁ ਨਿਰੰਜਨੁ ਨਿਰਮਲਾ ਸੁਣਿਐ ਸੁਖੁ ਹੋਈ॥ (ਪੰਨਾ 1239)
ਪ੍ਰਭੂ-ਪ੍ਰਾਪਤੀ ਦਾ ਮਾਰਗ-ਦਰਸ਼ਕ ‘ਗੁਰੂ’ ਹੀ ਹੈ। ਆਤਮਿਕ ਮੰਡਲਾਂ ਦੀ ਸੈਰ, ਇਲਾਹੀ ਸੁਖ-ਅਨੰਦ, ਸਦਾ-ਮਨ-ਚਾਉ ਦੀ ਅਵਸਥਾ, ਆਤਮਿਕ ਵਸਲ ਦੀ ਮੰਜ਼ਲ ਅਤੇ ਤੱਤ-ਸ਼ਬਦ ਨੂੰ ਸੁਣਨ-ਸਮਝਣ ਵਿਚ ‘ਗੁਰੂ’ ਹੀ ਸਹਾਇਕ ਬਣਦਾ ਹੈ। ਗੁਰੂ ਤੋਂ ਬਿਨਾਂ ਸੱਚ ਦੇ ਅਭਿਲਾਸ਼ੀ ਨੂੰ ਨਿਰੰਕਾਰ ਦੇ ਦਰਸ਼ਨ ਭਾਵ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਹੀ ‘ਭਵਜਲ ਬਿਖਮ ਅਸਗਾਹ’ ਤੋਂ ਪਾਰ ਕਰਦਾ ਹੈ, ਆਦਿ ਉਕਤ ਅਟੱਲ ਸਚਾਈਆਂ ਦਾ ਨਾਜਾਇਜ਼ ਲਾਭ ਉਠਾਉਣ ਲਈ ਬਹੁਤ ਸਾਰੇ ਗੁਰਬਾਣੀ ਨੂੰ ਆਪਣੇ ਸੁਆਰਥਾਂ ਵਾਸਤੇ ਵਰਤਣ ਵਾਲੇ ਦੇਹਧਾਰੀ ਆਪਣੀਆਂ ਗੁਰੂ-ਡੰਮ੍ਹ ਦੀਆਂ ਦੁਕਾਨਾਂ ਜ਼ਰੂਰ ਚਮਕਾ ਬੈਠੇ ਹਨ। ਉਹ ਸ਼ਰਾਰਤੀ ਚਾਲ ਰਾਹੀਂ ਗੁਰਬਾਣੀ ਦੇ ਪਾਵਨ ਸ਼ਬਦਾਂ ਦੇ ਅਰਥਾਂ ਦੇ ਅਨਰਥ ਕਰ ਕੇ ਆਮ ਮਨੁੱਖਾਂ ਅਤੇ ਸੱਚ ਦੇ ਪਾਂਧੀ ਸਾਧਕਾਂ ਦੇ ਮਨਾਂ ਅੰਦਰ ਇਸ ਸਬੰਧੀ ਭਰਮ-ਭੁਲੇਖੇ ਪਾ ਕੇ ਆਪਣੇ ਪਾਖੰਡ-ਜਾਲ ਵਿਚ ਫਸਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡਦੇ। ਕੁਫ਼ਰ ਤੋਲ ਕੇ ਗੁਰਬਾਣੀ ਦੀ ਆੜ ਹੇਠ ਉਨ੍ਹਾਂ ਨੇ ਆਪਣੀਆਂ ਕੂੜ ਦੇ ਸੌਦੇ ਦੀਆਂ ਦੁਕਾਨਾਂ ਦੀ ਗਾਹਕੀ ਜ਼ਰੂਰ ਵਧਾ ਲਈ ਹੈ। ਪਰ ‘ਆਪ ਤਾਂ ਡੁੱਬੇ ਹੀ, ਜਜਮਾਨ ਵੀ ਡੋਬੇ’ ਦੀ ਅਖੌਤ ਵਾਂਗ ਭਟਕ ਗਏ ਜਾਪਦੇ ਹਨ। ਇਹ ਅਟੱਲ ਸਚਾਈ ਹੈ ਕਿ ਪੰਜਾਬ ਅੰਦਰ ਗੁਰੂ-ਡੰਮ੍ਹ ਦੀਆਂ ਦੁਕਾਨਾਂ ਵਿੱਚੋਂ ਜੇਕਰ ਗੁਰਬਾਣੀ ਮਨਫ਼ੀ ਕਰ ਦਿੱਤੀ ਜਾਵੇ ਤਾਂ ਉਹ ਆਪਣੇ ਆਪ ਹੀ ਖ਼ਤਮ ਹੋ ਜਾਣਗੀਆਂ ਕਿਉਂਕਿ ਉਨ੍ਹਾਂ ਪਾਸ ਗੁਰਮਤਿ ਸਿਧਾਂਤ ਨੂੰ ਵਿੰਗੇ-ਟੇਢੇ ਤਰੀਕੇ ਨਾਲ ਪੇਸ਼ ਕਰ ਕੇ ਆਪਣੀਆਂ ਦੁਕਾਨਾਂ ਚਲਾਉਣ ਤੋਂ ਬਿਨਾਂ ਹੋਰ ਕੋਈ ਦੂਸਰਾ ਰਸਤਾ ਵੀ ਨਹੀਂ ਹੈ। ਸਰਗੁਣ ਭਗਤੀ ਤੇ ਦੇਹਧਾਰੀ ਜੀਵਤ ਗੁਰੂ ਦੀ ਸਨਾਤਨੀ ਮੱਤ ਦੀ ਪਰੰਪਰਾ, ਗੁਰਮਤਿ ਦੇ ਬਿਲਕੁਲ ਪ੍ਰਤੀਕੂਲ ਹੈ। ਸਿੱਖ ‘ਸ਼ਬਦ’ ਦਾ ਪੁਜਾਰੀ ਹੈ। ਬਹੁਤ ਸਾਰੇ ਗੁਰਮਤਿ ਪ੍ਰਚਾਰਕ ਗੁਰਬਾਣੀ ਅੰਦਰ ਆਏ ਨਾਮ, ਹੁਕਮ ਤੇ ਸ਼ਬਦ ਦੇ ਭਾਵ ਨੂੰ ਨਾ ਸਮਝਦੇ ਹੋਏ ਗੁਰਬਾਣੀ ਨੂੰ ਸਮਝਾਉਣ ਵਾਲੇ ਨੂੰ ਹੀ ਗੁਰੂ, ਬ੍ਰਹਮ ਗਿਆਨੀ ਤੇ ਸੰਤ ਆਦਿ ਦੀਆਂ ਉਪਾਧੀਆਂ ਦੇ ਦਿੰਦੇ ਹਨ। ਦਸ ਗੁਰੁ ਸਾਹਿਬਾਨ ਪਿੱਛੋਂ ਸਿੱਖ ਨੂੰ ਪ੍ਰਭੂ-ਮਿਲਾਪ ਦੀ ਮੰਜ਼ਲ ਉੱਪਰ ਤੁਰਨ ਲਈ ਕਿਸੇ ਨਾਸ਼ਵੰਤ ਸਰੀਰ ਦੀ ਜ਼ਰੂਰਤ ਨਹੀਂ, ਸ਼ਬਦ ਹੀ ਉਸ ਦੀ ਸਹੀ ਅਗਵਾਈ ਕਰਦਾ ਹੈ। ਗੁਰਬਾਣੀ ਅੰਦਰ ਆਏ ਸਪਸ਼ਟ ਹੁਕਮ ਨੂੰ ਦੇਖਦਿਆਂ ਹੋਇਆਂ ਗੁਰਸਿੱਖ ਨੇ ਹੁਣ ਕਦੇ ਕਿਸੇ ਦੇਹ ਨੂੰ ਗੁਰੂ ਨਹੀਂ ਮੰਨਣਾ ਤੇ ਨਾ ਹੀ ਗੁਰੂ ਤੁੱਲ ਸਮਝਣਾ ਹੈ:
ਗੁਰ ਕੀ ਬਾਣੀ ਵਿਟਹੁ ਵਾਰਿਆ ਭਾਈ ਗੁਰ ਸਬਦ ਵਿਟਹੁ ਬਲਿ ਜਾਈ॥ (ਪੰਨਾ 1177)
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥ (ਪੰਨਾ 67)
ਗੁਰ ਕੀ ਬਾਣੀ ਜਿਸੁ ਮਨਿ ਵਸੈ॥ ਦੂਖੁ ਦਰਦੁ ਸਭੁ ਤਾ ਕਾ ਨਸੈ॥ (ਪੰਨਾ 1340)
ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ॥(ਪੰਨਾ 797)
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥ (ਪੰਨਾ 304)
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ 982)
ਗੁਰਬਾਣੀ ਤਾਂ ਖ਼ੁਦ ਹੀ ਨਿਰੰਕਾਰ ਦਾ ਰੂਪ ਹੈ:
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥ (ਪੰਨਾ 515)
ਗੁਰਬਾਣੀ ਗੁਰੂ ਹੈ, ਗੁਰਬਾਣੀ ਪੜ੍ਹਨਾ, ਗੁਰਬਾਣੀ ਸੁਣਨਾ, ਗੁਰਬਾਣੀ-ਕੀਰਤਨ ਆਦਿ ਸਭ ਤਰੀਕੇ ਨਾਮ-ਸਿਮਰਨ ਦੇ ਹੀ ਹਨ। ਗੁਰਬਾਣੀ ਅੰਮ੍ਰਿਤ ਹੈ, ਗੁਰਬਾਣੀ ਨਾਮ ਦਾ ਭੰਡਾਰ ਹੈ। ਗੁਰਸਿੱਖ ਨੂੰ ਕਿਸੇ ਸਾਧ ਤੋਂ ਹੋਰ ਗੁਪਤ ਨਾਮ ਲੈਣ ਦੀ ਜ਼ਰੂਰਤ ਨਹੀਂ। ਲੋੜ ਹੈ ਕੇਵਲ ਗੁਰਬਾਣੀ ਨੂੰ ਪੂਰਨ ਸ਼ਰਧਾ, ਵਿਸ਼ਵਾਸ ਤੇ ਪ੍ਰੇਮ ਨਾਲ ਹਿਰਦੇ ਅੰਦਰ ਵਸਾਉਣ ਦੀ:
ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ॥ (ਪੰਨਾ 1066)
ਅੰਮ੍ਰਿਤ ਬਾਣੀ ਅਮਿਉ ਰਸੁ ਅੰਮ੍ਰਿਤੁ ਹਰਿ ਕਾ ਨਾਉ॥ (ਪੰਨਾ 963)
ਜਿਨ ਬਾਣੀ ਸਿਉ ਚਿਤੁ ਲਾਇਆ ਸੇ ਜਨ ਨਿਰਮਲ ਪਰਵਾਣੁ॥ (ਪੰਨਾ 429)
ਨਾਮ ਦੇ ਭੰਡਾਰ ਤੇ ਨਾਮ ਤੇ ਦਾਤੇ ਕੇਵਲ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ:
ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ॥ (ਪੰਨਾ 40)
ਅਜਿਹੇ ਬਹੁਤ ਸਾਰੇ ਸ਼ਬਦ ਗੁਰਬਾਣੀ ਅੰਦਰ ਮੌਜੂਦ ਹਨ ਜਿਨ੍ਹਾਂ ਦੇ ਅਨਰਥ ਕਰਨ ਕਰਕੇ ਹੀ ਡੇਰਾਵਾਦ, ਸੰਤਵਾਦ, ਅਖੌਤੀ ਗੁਰੂ ਤੇ ਅਖੌਤੀ ਬ੍ਰਹਮਗਿਆਨੀ ਆਦਿ ਦੀ ਵਪਾਰਕ ਤੇ ਸੰਸਾਰਿਕ ਖੇਡ ਸ਼ੁਰੂ ਹੋਈ ਹੈ, ਜਿਸ ਦਾ ਪ੍ਰਮਾਰਥ ਨਾਲ ਕੋਈ ਸੰਬੰਧ ਨਹੀਂ। ਦੇਹਧਾਰੀ ਗੁਰੂ ਧਾਰਨ ਕਰਨ ਵਾਲਿਆਂ ਦੀ ਮੱਤ ਹੈ ਕਿ ਗੁਰਬਾਣੀ ਅੰਦਰ ਗੁਰੁ ਕੀ ਮੂਰਤ ਦਾ ਧਿਆਨ ਧਰਨ ਤੇ ਗੁਰੂ ਦੇ ਚਰਨ ਧਿਆਉਣ ਵਾਲੇ ਮਹਾਂਵਾਕ ਸਿੱਧੇ ਰੂਪ ਵਿਚ ਸਰਗੁਣ ਵੱਲ ਹੀ ਪ੍ਰੇਰਿਤ ਕਰਦੇ ਹਨ ਪਰ ਜਦੋਂ ਅਸੀਂ ਗੁਰਬਾਣੀ ਨੂੰ ਅਨੁਭਵਮਈ ਸਿਧਾਂਤਾਂ ਰਾਹੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਕਿਸੇ ਦੇਹ ਦੇ ਸਰੀਰ ਜਾਂ ਪੈਰਾਂ ਦੀ ਜ਼ਰੂਰਤ ਨਹੀਂ। ਗੁਰਬਾਣੀ ਦਾ ਮੰਨਣਾ ਤੇ ਸੁਣਨਾ ਹੀ ਅਕਾਲ ਪੁਰਖ ਮੂਰਤ ਹੈ ਜਿਸ ਦਾ ਗੁਰਸਿੱਖ ਨੇ ਧਿਆਨ ਧਰਨਾ ਹੈ:
ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ॥ (ਪੰਨਾ 1208)
ਅਕਾਲ ਪੁਰਖ ਦਾ ਧਿਆਨ ਜਮਾਉਣ ਲਈ ਸਾਧਸੰਗਤ ਵੀ ਸ਼ੁਭ ਸਥਾਨ ਹੈ। ਇਸ ਤਰ੍ਹਾਂ ਗੁਰਸਿੱਖ ਨੇ ਕਿਸੇ ਕਲਪਿਤ ਮੂਰਤ ਤੇ ਨਾਸ਼ਵਾਨ ਸਰੀਰ ਦਾ ਧਿਆਨ ਨਹੀਂ ਧਰਨਾ। ਨਾ ਹੀ ਕਿਸੇ ਕਲਪਿਤ ਫੋਟੋ ਨੂੰ ਫੁੱਲ ਅਰਪਣ ਕਰਨੇ ਹਨ ਤੇ ਨਾ ਹੀ ਆਰਤੀ ਉਤਾਰਨੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਾ ਮੂਰਤੀ ਪੂਜਾ ਹੈ ਤੇ ਨਾ ਹੀ ਸਰਗੁਣ ਪੂਜਾ, ਇਹ ਤਾਂ ਪਾਵਨ ਸ਼ਬਦ ਦਾ ਸਤਿਕਾਰ ਹੈ।
ਜਿਹੜੇ ਸਰੀਰਿਕ ਪੈਰਾਂ ਨੂੰ ਗੁਰਬਾਣੀ ਅੰਦਰ ਆਏ ‘ਚਰਣ’ ਸ਼ਬਦ ਨੂੰ ਸਰੀਰ ਨਾਲ ਜੋੜ ਕੇ ਗੁਰੂ-ਡੰਮ੍ਹ ਦਾ ਪ੍ਰਚਾਰ ਕਰਦੇ ਹਨ ਉਨ੍ਹਾਂ ਨੂੰ ਹੇਠ ਲਿਖੇ ਮਹਾਂਵਾਕ ਮਨ ਤੋਂ ਗੁਰੂ-ਡੰਮ੍ਹ ਦੀ ਮੈਲ ਲਾਹ ਕੇ ਨਿਰਪੱਖ ਤੌਰ ’ਤੇ ਗੁਰਮਤਿ ਪ੍ਰੀਪੇਖ ਅਨੁਸਾਰ ਵਾਚਣੇ ਚਾਹੀਦੇ ਹਨ:
ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ॥ (ਪੰਨਾ 680)
ਗੁਰ ਕੇ ਚਰਣ ਹਿਰਦੈ ਵਸਾਇ॥ (ਪੰਨਾ 190)
ਹਰਿ ਚਰਣ ਸਰੋਵਰ ਤਹ ਕਰਹੁ ਨਿਵਾਸੁ ਮਨਾ॥ (ਪੰਨਾ 544)
ਅਜਿਹੇ ਬਹੁਤ ਸਾਰੇ ਮਹਾਂਵਾਕ ਹਨ ਜੋ ‘ਚਰਣ’ ਦਾ ਅਰਥ ‘ਗੁਰ-ਸ਼ਬਦ’ ਹੀ ਪ੍ਰਗਟਾਉਂਦੇ ਹਨ।
ਰਹੱਸਵਾਦੀ ਅਨੁਭਵ ਅਤੇ ਅਧਿਆਤਮਿਕ ਸਿਧਾਂਤ ਨੂੰ ਧੁਰ ਅੰਤਰ ਆਤਮੇ ਦੀਆਂ ਗਹਿਰਾਈਆਂ ਨੂੰ ਨਾ ਸਮਝ ਸਕਦੇ ਹੋਏ ਬਹੁਤੇ ਸੱਜਣ ‘ਗੁਰੂ’ ਅਤੇ ‘ਗੁਰੂ- ਸ਼ਬਦ’ ਨੂੰ ਭਿੰਨ-ਭਿੰਨ ਕਹਿ ਦਿੰਦੇ ਹਨ। ਉਹ ਦਲੀਲ ਦਿੰਦੇ ਹਨ ਕਿ ‘ਗੁਰੂ’ ਕਰਤਾ ਹੈ, ਉਸ ਦੇ ਮੁੱਖ ਵਿੱਚੋਂ ਨਿਕਲਿਆ ‘ਸ਼ਬਦ’ ਕਾਰਜ ਹੈ। ਇਸ ਲਈ ਕਰਤਾ ਅਤੇ ਕਾਰਜ ਕਦੇ ਇਕ ਨਹੀਂ ਹੋ ਸਕਦੇ ਜਦੋਂ ਕਿ ਗੁਰਮਤਿ ਸਰੀਰ ਨੂੰ ਨਾਸ਼ਵਾਨ ਅਤੇ ਸ਼ਬਦ ਨੂੰ ਅਮਰ ਮੰਨਦੀ ਹੋਈ ‘ਸ਼ਬਦ-ਗੁਰੂ’, ‘ਗੁਰੂ-ਸ਼ਬਦ’ ਕਹਿ ਕੇ ਗੁਰਸਿੱਖਾਂ ਨੂੰ ਸਰੀਰਿਕ ਪੂਜਾ ਦੀ ਜਗ੍ਹਾ ‘ਸ਼ਬਦ’ ਦੇ ਲੜ ਲਾਉਂਦੀ ਹੈ। ਨਾਮ ਤੇ ਨਾਮੀ ਅੰਦਰ ਕੋਈ ਅੰਤਰ ਨਹੀਂ। ਜਿਸ ਸਾਧਕ ਨੂੰ ਨਾਮ ਦੀ ਪ੍ਰਾਪਤੀ ਹੋ ਗਈ, ਸਮਝੋ ਉਸ ਨੂੰ ਗੁਰੂ-ਕਿਰਪਾ ਸਦਕਾ ਨਾਮੀ ਦੀ ਵੀ ਪ੍ਰਾਪਤੀ ਹੋ ਜਾਵੇਗੀ। ਗੁਰਮਤਿ ਅੰਦਰ ਨਾਮ ਨਿਰੀ ਸੰਗਿਆ ਮਾਤਰ ਨਹੀਂ, ਨਾਮ ਤਾਂ ਜਪੁ ਹੈ, ਸਿਮਰਨ ਹੈ, ਨਾਮ-ਸਿਮਰਨ ਦਾ ਅਮੁੱਕ ਚਸ਼ਮਾ ਹੈ, ਸਦੀਵੀ ਅਨੰਦ ਹੈ, ਵਿਸ਼ੇ-ਵਿਕਾਰਾਂ ਤੇ ਤਨ-ਮਨ ਦੇ ਰੋਗਾਂ ਨੂੰ ਦੂਰ ਕਰਨ ਵਾਲੀ ਅਨਮੋਲ ਦਵਾ ਹੈ। ਪੰਜ ਦੂਤਾਂ ਤੇ ਹੋਰ ਬੁਰਾਈਆਂ ਦੇ ਖ਼ਾਤਮੇ ਲਈ ਕਾਰਗਰ ਚੱਕਰ ਹੈ, ਅਚੁੱਕ ਤੀਰ ਹੈ। ਨਾਮ ਦੇ ਅਜਪਾ-ਜਾਪ ਸਦਕਾ ਹੀ ਸਾਧਕ ਦੇ ਹਿਰਦੇ ਅੰਦਰ ਸਤਿ, ਸੰਤੋਖ, ਨਿਰਮਲਤਾ, ਪ੍ਰੇਮ ਤੇ ਸਬਰ ਆਦਿ ਦੇ ਸਦਗੁਣ ਸੁਤੇਸਿੱਧ ਆ ਪ੍ਰਵੇਸ਼ ਕਰਦੇ ਹਨ। ਨਾਮ ਪ੍ਰਭੂ ਵਾਂਗ ਸਰਬਵਿਆਪਕ ਹੈ। ਨਾਮ ਸਦਕਾ ਹੀ ਖੰਡ, ਬ੍ਰਹਮੰਡ, ਜੀਵ-ਜੰਤੂ ਹੋਂਦ ਵਿਚ ਆਏ ਹਨ। ਗੁਰਬਾਣੀ ਅੰਦਰ ਆਇਆ ਨਾਮ ਜਪਣ ਲਈ ਗੁਰ ਪ੍ਰਸਾਦਿ ਦਾ ਪਾਤਰ ਬਣਨਾ ਪਵੇਗਾ। ਇਹ ਗੁਰੂ-ਸ਼ਬਦ ਹੀ ਹੈ, ਕੋਈ ਦੇਹਧਾਰੀ ਨਹੀਂ। ਸਤਿਗੁਰੂ ਆਪਣੀ ਅਪਾਰ ਕਿਰਪਾ-ਦ੍ਰਿਸ਼ਟੀ ਨਾਲ ਸਿੱਖ ਦੇ ਹਿਰਦੇ ਅੰਦਰ ਨਾਮ ਦਾ ਪ੍ਰਵੇਸ਼ ਕਰ ਦਿੰਦੇ ਹਨ। ਗੁਰਮਤਿ ਅੰਦਰ ਨਾਮ ਕੋਈ ਗੁੱਝਾ ਗੁਰਮੰਤਰ ਨਹੀਂ, ਗੁਪਤ ਰੱਖ ਕੇ ਭੁਲੇਖਾਪਾਊ ਖੇਡ ਨਹੀਂ ਜਿਵੇਂ ਕਿ ਅੱਜ ਦੇ ਦੇਹਧਾਰੀ ‘ਕੰਨਾ ਬਾਟੀ ਕੁਰਰ, ਤੂੰ ਮੇਰਾ ਚੇਲਾ ਮੈਂ ਤੇਰਾ ਗੁਰੂ’ ਦੀ ਹਾਸੋਹੀਣੀ ਖੇਡ, ਖੇਡ ਰਹੇ ਹਨ। ਗੁਰਸਿੱਖ ਨੂੰ ਤਾਂ ਸਰਬੱਤ ਸੰਗਤ ਦੇ ਸਨਮੁੱਖ ਪੰਜ ਪਿਆਰੇ ਅੰਮ੍ਰਿਤ ਛਕਣ ਉਪਰੰਤ ਗੁਰਮੰਤਰ ਪ੍ਰਦਾਨ ਕਰਦੇ ਹਨ। ਯਾਦ ਰੱਖੋ, ਗੁਰਮਤਿ ਅੰਦਰ ਆਏ ‘ਨਾਮ’ ਨੂੰ ਵਿਆਕਰਣ ਸੰਗਿਆ ਦੇ ਅਰਥਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਦੂਸਰੇ ਮਤਾਂ ਦੇ ਅਰਥਾਂ ਅਨੁਸਾਰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਵਿਆਕਰਣ ਅਨੁਸਾਰ ਤਾਂ ਨਾਮ ਇਕ ਸੰਗਿਆ ਹੈ ਤੇ ਸੰਗਿਆ ਦਾ ਕੋਈ ਨਾਮ ਰੱਖ ਕੇ ਦੂਸਰੀਆਂ ਵਸਤਾਂ ਤੋਂ ਭਿੰਨ ਮੰਨਣਾ ਜ਼ਰੂਰੀ ਹੋ ਜਾਂਦਾ ਹੈ। ਪਰ ਨਾਮ ਸਰਬਵਿਆਪਕ ਅਕਾਲ ਪੁਰਖ ਦਾ ਵਾਚਕ ਹੈ, ਜਿਸ ਨੂੰ ਕਿਰਤਮ ਨਾਮ ਜਾਂ ਸੰਗਿਆ ਨਾਮ ਵਿਚ ਵਰਤਿਆ ਨਹੀਂ ਜਾ ਸਕਦਾ। ਇਥੇ ਤਾਂ ਨਾਮ ਤੇ ਨਾਮੀ (ਪ੍ਰਭੂ) ਵਿਚ ਕੋਈ ਫ਼ਰਕ ਨਹੀਂ। ‘ਆਪੇ ਗੁਰ ਚੇਲਾ’ ਦੇ ਸਿਧਾਂਤ ਨੂੰ ਮੁੱਖ ਰੱਖਦਿਆਂ ਗੁਰੂ ਸਾਹਿਬਾਨ ਪੰਜ- ਭੂਤਕ ਸਰੀਰ ਦੇ ਦਸ ਜਾਮੇ ਧਾਰ ਕੇ ਸ਼ਬਦ ਦਾ ਕਰਤਾ ਤੇ ਕਾਰਜ ਇਕ ਅਕਾਲ ਪੁਰਖ ਨੂੰ ਮੰਨ ਕੇ ‘ਇਲਾਹੀ ਸ਼ਬਦ’ ਉਸ ਦੇ ਹੁਕਮ ਅੰਦਰ ਹੀ ਬੋਲਦੇ ਰਹੇ। ਉਨ੍ਹਾਂ ਕਦੇ ਵੀ ਆਪਣੇ ਆਪ ਨੂੰ ਕਰਤਾ ਨਹੀਂ ਮੰਨਿਆ। ਕਰਤਾ ਅਕਾਲ ਪੁਰਖ ਦੀ ਪ੍ਰਕਾਸ਼ਮਈ ਜੋਤ ਹੈ, ਜੋ ਗੁਰੂ ਵਿਚ ਆ ਕੇ ‘ਸ਼ਬਦ’ ਨੂੰ ਪ੍ਰਗਟਾਉਣ ਦਾ ਕਾਰਜ ਵੀ ਆਪ ਹੀ ਕਰਦੀ ਰਹੀ। ਗੁਰਬਾਣੀ ਅੰਦਰ ਸਤਿਗੁਰਾਂ ਦੀ ਜੋਤ ਵਿਆਪਕ ਹੈ ਜਿਸ ਦੀ ਪ੍ਰਾਪਤੀ ਨਾਲ ਸਾਡੇ ਅੰਤਰ-ਆਤਮੇ ਤੱਤ-ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਅਤੇ ਅਸੀਂ ਵਿਸਮਾਦੀ ਰੰਗ ਚਲੂਲੇ ਵਿਚ ਰੰਗੇ ਜਾਂਦੇ ਹਾਂ। ਯਾਦ ਰੱਖੋ, ਗੁਰਬਾਣੀ ਦਾ ਅੱਖਰੀ ਰੂਪ ‘ਸ਼ਬਦ’ ਹੈ ਪਰ ਅਸੀਂ ਇਸ ਰਾਹੀਂ ‘ਤੱਤ ਸ਼ਬਦ’ ਦੀ ਪ੍ਰਾਪਤੀ ਕਰਨੀ ਹੈ। ਗੁਰਬਾਣੀ ਦਿਮਾਗ਼ੀ ਖੇਡ, ਗੀਤ ਜਾਂ ਕਵਿਤਾ ਨਹੀਂ ਇਹ ਤਾਂ ਆਤਮਿਕ ਭਾਵਾਂ ਵਾਲੇ ਅਨੁਭਵੀ ਬ੍ਰਹਮ ਵਿਚਾਰ ਹਨ, ਜਿਨ੍ਹਾਂ ਦਾ ਲਾਹਾ ਅਸੀਂ ਅੰਤਰਮੁਖੀ ਬਣ ਕੇ, ਪ੍ਰੇਮ-ਰਸ-ਚਾਉ ਰਾਹੀਂ ਮਾਣਨਾ ਹੈ। ਜਿਸ ਨੂੰ ਮਾਣਨ ਲਈ ਸ਼ਬਦ ਦੀ ਚੋਟ ਖਾਣੀ ਪੈਂਦੀ ਹੈ, ਬਿਪਰਨ ਕੀ ਰੀਤ ਤੇ ਲੋਕਾਚਾਰੀ ਵੱਲੋਂ ਬੇਪਰਵਾਹ ਹੋਣਾ ਪੈਂਦਾ ਹੈ:
ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥ (ਪੰਨਾ 335)
ਇਸ ਤਰ੍ਹਾਂ ਸੱਚ ਦਾ ਪਾਂਧੀ ਭਰਮ-ਭੁਲਾਵੇ ਵਾਲੀਆਂ ਬਾਹਰਮੁਖੀ ਢਹਿੰਦੀਆਂ ਕਲਾਂ ਦੀਆਂ ਦਲੀਲਬਾਜ਼ੀਆਂ ਤੋਂ ਉੱਪਰ ਉੱਠ ਕੇ ‘ਸ਼ਬਦ-ਗੁਰੂ’ ਦੇ ਅੱਖਰੀ ਸਰੂਪ ਗੁਰਬਾਣੀ ਦੇ ਲੜ ਲੱਗ ਕੇ ‘ਸ਼ਬਦ-ਸੁਰਤ’ ਵਿਚ ਲਿਵਲੀਨ ਹੋ ਕੇ ਨਾਮ ਰੂਪੀ ਪਿਰਮ ਪਿਆਲੇ ਦਾ ਅਮਿਓ ਰਸ ਪੀਂਦਾ ਹੋਇਆ ‘ਗੁਰ ਪ੍ਰਸਾਦਿ’ ਦੁਆਰਾ ਆਤਮਿਕ ਅਤੇ ਦੈਵੀ ਗੁਣਾਂ ਦੀ ਬਖਸ਼ਿਸ਼ ਦਾ ਪਾਤਰ ਬਣ ਕੇ ਨਿਰੰਕਾਰ ਪਾਤਸ਼ਾਹ ਦੇ ਨਿਜ ਘਰ ‘ਸਚਖੰਡ’ ਵਿਚ ਸਹਿਜ ਸੁਭਾਏ ਜਾ ਵਾਸਾ ਕਰਦਾ ਹੈ।
ਸ਼ਬਦ ਕੋਈ ਅਜਿਹਾ ਮੰਤਰ ਨਹੀਂ ਜੋ ਧਾਗਾ ਤਵੀਤ ਵਿਚ ਮੜ੍ਹ ਕੇ ਗਲ ਵਿਚ ਪਾਇਆ ਜਾ ਸਕੇ। ਨਾ ਹੀ ਸ਼ਬਦ ਉਹ ਤਾਂਤ੍ਰਿਕ ਵਿੱਦਿਆ ਜਾਂ ਮਦਾਰੀ ਦਾ ਖੇਲ ਹੈ ਜੋ ਭਰਮ-ਭੁਲੇਵਿਆਂ ਅਤੇ ਚੱਕਰਾਂ ਵਿਚ ਫਸਾ ਕੇ, ਸਾਡੇ ਅੰਦਰ ਸੂਖਮ ਹਉਮੈ ਪੈਦਾ ਕਰ ਕੇ, ਆਤਮਿਕ ਮੰਜ਼ਲ ਤੋਂ ਖਿੱਚ ਕੇ ਤ੍ਰੈਗੁਣ ਮਾਇਆ ਵਿਚ ਗ਼ਲਤਾਨ ਕਰ ਦੇਵੇ। ਸ਼ਬਦ ਦੀ ਪ੍ਰਾਪਤੀ ਕਿਸੇ ਕਰਮ ਜੋਗ, ਹਠ ਜੋਗ ਜਾਂ ਧਾਰਮਿਕ ਕਰਮਕਾਂਡਾਂ ਨਾਲ ਨਹੀਂ ਹੋ ਸਕਦੀ। ਸਾਧਕ ਨੂੰ ਮਨ ਦੇ ਠਹਿਰਾਓ ਲਈ, ਵਿਕਾਰਾਂ ਤੋਂ ਬਚਣ ਲਈ, ਵਿਸ਼ੇ-ਵਿਕਾਰਾਂ ਤੋਂ ਛੁਟਕਾਰੇ ਲਈ, ਮਨਮੱਤ ਦਾ ਤਿਆਗ ਕਰ ਕੇ ਗੁਰਮੁਖ ਬਣਨ ਲਈ ਗੁਰਬਾਣੀ ਦੀ ਕਥਾ ਅਤੇ ਕੀਰਤਨ ਸੁਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਪ੍ਰਭੂ ਦੀਆਂ ਸਿਫਤ-ਸਲਾਹਾਂ ਦਾ ਪਤਾ ਚੱਲਦਾ ਹੈ, ਪ੍ਰੇਮ-ਵਿਸ਼ਵਾਸ ਤੇ ਸ਼ਰਧਾ ਉਪਜਦੀ ਹੈ, ਭਟਕਦਾ ਮਨ ਇਕਾਗਰ ਹੋਣ ਲੱਗਦਾ ਹੈ, ਮਨ-ਚਿੱਤ ਤੇ ਬੁੱਧੀ ਦੀ ਮਲੀਨਤਾ ਦੂਰ ਹੁੰਦੀ ਹੈ। ਸਾਧਕ ਦੇ ਸਾਧਨਾ ਪ੍ਰਤੀ ਸਾਰੇ ਭਰਮ-ਭੁਲੇਖੇ ਤੇ ਸ਼ੰਕੇ ਨਵਿਰਤ ਹੁੰਦੇ ਹਨ। ਇਸ ਤਰ੍ਹਾਂ ਗੁਰਬਾਣੀ ਦੀ ਚੁੰਬਕੀ ਖਿੱਚ ਹੀ ਉਸ ਨੂੰ ‘ਤੱਤ ਸ਼ਬਦ’ ਰੂਪੀ ਪਾਰਸ ਤਕ ਲੈ ਜਾਂਦੀ ਹੈ। ਗੁਰਬਾਣੀ ਨੂੰ ਪੜ੍ਹ-ਸੁਣ ਕੇ ਅਸੀਂ ‘ਸ਼ਬਦ- ਗੁਰੂ’ ਦੀ ਪ੍ਰਾਪਤੀ ਵੱਲੋਂ ਅਵੇਸਲੇ ਹੋ ਕੇ ਨਹੀਂ ਬੈਠਣਾ ਸਗੋਂ ਗੁਰੂ ਉਪਦੇਸ਼ ਕਮਾਉਂਦੇ ਹੋਇਆਂ, ਤੱਤ-ਗਿਆਨ ਦੀ ਰੋਸ਼ਨੀ ਵਿਚ ਸੂਖਮ ਆਤਮ-ਭਾਵਾਂ ਨੂੰ ਅੰਤਰ-ਆਤਮੇ ਵਸਾ ਕੇ ਸਿਮਰਨ ਦੀ ਜਾਚ ਸਿੱਖਣੀ ਹੈ। ਫਿਰ ਹੀ ਅਸੀਂ ‘ਸ਼ਬਦ-ਗੁਰੂ’ ਦੀ ਕਮਾਈ ਕਰ ਕੇ ਸੰਸਾਰ ਦੇ ਅਗਨ ਸਾਗਰ ਦੀਆਂ ਘੁੰਮਣ-ਘੇਰੀਆਂ ਤੋਂ ਪਾਰ ਹੋ ਕੇ ਆਤਮਿਕ ਉਡਾਰੀਆਂ, ਆਤਮਿਕ ਕ੍ਰਿਸ਼ਮਿਆਂ ਤੇ ਆਤਮਿਕ ਉੱਚ ਮੰਡਲਾਂ ਦੀ ਸਿਖਰ ਪ੍ਰਾਪਤ ਕਰ ਸਕਦੇ ਹਾਂ। ਸੋ ਸਪਸ਼ਟ ਹੈ ਕਿ ਗੁਰਬਾਣੀ ਨੂੰ ਅਸੀਂ ਅਸਥੂਲ ਕੰਨਾਂ ਰਾਹੀਂ ਸੁਣਨਾ ਹੈ, ਕੀਰਤਨ ਰਾਹੀਂ ਮਨ ਨੂੰ ਇਕਾਗਰ ਕਰਨਾ ਹੈ ਤੇ ਸਾਧਸੰਗਤ ਵਿਚ ਸ਼ਬਦ ਦੀ ਵਿਚਾਰ ਕਰਨੀ ਹੈ।
ਗੁਰਮਤਿ ਅੰਦਰ ‘ਸ਼ਬਦ-ਸੁਰਤਿ’ ਨੂੰ ਹੀ ਜੀਵਨ ਦਾ ਮੂਲ ਆਧਾਰ ਮੰਨਿਆ ਗਿਆ ਹੈ। ਪਾਰਬ੍ਰਹਮ ਗੁਰੂ ਸ਼ਬਦ ਹੈ ਤੇ ਸਿੱਖ ਦੀ ਸੁਰਤ ਚੇਲਾ। ਸੋ ਗੁਰੂ ਚੇਲਾ ਦਾ ਮਿਲਾਪ ਹੀ ਜੀਵਨ ਦਾ ਮੁੱਖ ਮਨੋਰਥ ਹੋਣਾ ਚਾਹੀਦਾ ਹੈ ਜਿਸ ਲਈ ਗੁਰਸਿੱਖ ਨੂੰ ਥੋੜ੍ਹਾ ਖਾਣਾ, ਥੋੜ੍ਹਾ ਸੌਣਾ, ਥੋੜ੍ਹਾ ਬੋਲਣਾ ਦੇ ਗੁਣ ਅਪਣਾਉਂਦਿਆਂ ਗੁਰਬਾਣੀ ਰਾਹੀਂ ਜੋਦੜੀ, ਤਰਲੇ, ਮਿੰਨਤ ਆਦਿ ਅੱਠੋ ਪਹਿਰ ਕਰਨ ਦੀ ਜ਼ਰੂਰਤ ਹੈ। ਸ਼ਬਦ-ਸੁਰਤਿ ਦਾ ਮਿਲਾਪ ਤਾਂ ਪਰਮਾਰਥਕ ਆਸ਼ਕਾਂ ਦਾ ਮਾਰਗ ਹੈ; ਮਨ ਦੀਆਂ ਚਤੁਰਾਈਆਂ, ਸਿਆਣਪਾਂ ਤੇ ਦਿਮਾਗ਼ੀ ਸੋਚ ਨੂੰ ਤਿਲਾਂਜਲੀ ਦੇ ਕੇ ਗੁਰੂ ਨੂੰ ਪੂਰਨ ਰੂਪ ਵਿਚ ਸਮਰਪਿਤ ਹੋਣ ਦਾ ਮਾਰਗ ਹੈ, ਪ੍ਰੇਮਾ-ਭਗਤੀ ਕਰਦਿਆਂ ਨਾਮ-ਰਸ ਨੂੰ ਮਾਨਣ ਦਾ ਮਾਰਗ ਹੈ। ਗੁਰੂ- ਹੁਕਮ ਅੱਗੇ ਬਿਨਾਂ ਹੀਲ-ਹੁੱਜਤ ਦੇ ਸਿਰ ਝੁਕਾ ਦੇਣ ਦਾ ਮਾਰਗ ਹੈ। ਇਹ ਚਰਚਾ ਦਾ ਵਿਸ਼ਾ ਨਹੀਂ, ਇਹ ਤਾਂ ਅੰਤਰ-ਆਤਮੇ ਅਨੁਭਵ ਕਰਨ ਦੀ ਅਗੰਮੀ ਖੇਡ ਹੈ। ਨਾਮ- ਰਸ ਤੇ ਰਹੱਸ ਦੀ ਸੋਝੀ ਸਤਿਸੰਗਤ ਵਿੱਚੋਂ ਹੁੰਦੀ ਹੈ। ਪੜ੍ਹਨ, ਸੁਣਨ ਦੇ ਨਾਲ ਅੰਤਸ਼ਕਰਨ ਸ਼ੁੱਧ ਕਰਨਾ ਹੈ, ਰਜੋ ਤੇ ਤਮੋ ਰੁਚੀਆਂ ਤੇ ਮੰਦਭਾਵਨਾ ਦਾ ਖ਼ਾਤਮਾ ਕਰਨਾ ਹੈ, ਗੁਰਬਾਣੀ ਨੂੰ ਹਿਰਦੇ ਅੰਦਰ ਵਸਾ ਕੇ ਅਮਲੀ ਜੀਵਨ ਧਾਰਨ ਨਾਲ ਹੀ ਵਿਸਮਾਦੀ ਤੇ ਅਨਹਦੀ ਖੇਡ ਵਾਪਰਨੀ ਹੈ। ਸ਼ਬਦ-ਸੁਰਤਿ ਦੇ ਮੇਲ ਨਾਲ ਹੀ ਧਿਆਤਾ, ਧਿਆਨ, ਧੇਅ ਦਾ ਮਿਲਾਪ ਅਤੇ ਨਾਮ-ਨਾਮੀ ਦੀ ਅਭੇਦਤਾ ਹੁੰਦੀ ਹੈ। ਸ਼ਬਦ-ਗੁਰੂ ਗੁਰਬਾਣੀ ਨੂੰ ਹਿਰਦੇ ਅੰਦਰ ਵਸਾਉਣ ਲਈ ਸਾਨੂੰ ਦੁਨਿਆਵੀ ਚੰਚਲ ਪ੍ਰੀਤ, ਵਿਸ਼ੇ-ਵਿਕਾਰ, ਭਰਮ-ਜਾਲ, ਕਰਮ-ਜਾਲ, ਮਨਮਤੀ ਖੇਡਾਂ, ਅਨਮਤੀ ਪ੍ਰਭਾਵ, ਦੁਬਿਧਾ, ਕੁਸੰਗਤ, ਨਿੰਦਾ, ਚੁਗਲੀ ਤੇ ਫਜ਼ੂਲ ਦੀ ਬਹਿਸ ਆਦਿ ਦਾ ਤਿਆਗ ਕਰ ਕੇ ਸਤਿ, ਸੰਤੋਖ, ਬਿਬੇਕ ਬੁੱਧ, ਸੱਚਾ ਵੈਰਾਗ, ਸੁਕ੍ਰਿਤ, ਪਰਉਪਕਾਰਤਾ, ਦਯਾ, ਧਰਮ ਦੇ ਮਾਰਗ ਨੂੰ ਅਪਣਾਉਣਾ ਹੋਵੇਗਾ। ਸ਼ਬਦ-ਸੁਰਤਿ ਦੇ ਮੇਲ ਤੋਂ ਹੀ ਨਾਮ ਦੀ ਕਮਾਈ ਸ਼ੁਰੂ ਹੁੰਦੀ ਹੈ ਤੇ ਹੌਲੀ-ਹੌਲੀ ਚੰਚਲ ਮਨ ਨਿਰਸੰਸਕਾਰ, ਨਿਰਵਿਕਲਪਾਕਾਰ ਤੇ ਅੰਦਰ ਸੁਤੇਸਿੱਧ ਗੁਰ ਪ੍ਰਸਾਦਿ ਅਵਸਥਾ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਸ਼ਬਦ ਦੀ ਕਮਾਈ ਨਾਲ ਹੀ ਮਨ ਦੀਆਂ ਖਿੰਡੀਆਂ ਬਿਰਤੀਆਂ ਇਕਾਗਰ ਕਰ ਕੇ, ਸਤਿ-ਚਿੱਤ-ਅਨੰਦ, ਅਗੰਮੀ ਜੋਤ ਦੇ ਦਰਸ਼ਨ ਹੋ ਸਕਦੇ ਹਨ। ਗੁਰਮਤਿ ਅਨੁਸਾਰ ਸ਼ਬਦ-ਸੁਰਤਿ ਦੀ ਸਾਧਨਾ ਅਸੀਂ ਆਪਣੇ ਜ਼ੋਰ, ਯਤਨ, ਚਤੁਰਾਈ, ਸਿਆਣਪ ਤੇ ਦਿਮਾਗ਼ੀ ਵਿਚਾਰ-ਵਟਾਂਦਰੇ ਆਦਿ ਨਾਲ ਨਹੀਂ ਸਗੋਂ ਗੁਰ ਪ੍ਰਸਾਦਿ ਸਦਕਾ ਸਾਧਸੰਗਤਿ ਵਿਚ ਵਿਚਰਦਿਆਂ ਗੁਰ-ਉਪਦੇਸ਼ਾਂ ਨੂੰ ਜੀਵਨ ਵਿਚ ਅਮਲੀ ਜਾਮਾ ਪਹਿਨਾ ਕੇ, ਨਿਰਮਾਣ ਅਤੇ ਨਿਸ਼ਕਾਮ ਬਣ ਕੇ ਹੀ ਕਰ ਸਕਦੇ ਹਾਂ। ਪਰ ਇਸੇ ਅਨਦ ਬਿਨੋਦੀ ਆਤਮ ਰਸ ਤੇ ਇਲਾਹੀ ਅੰਮ੍ਰਿਤ ਦੀ ਦਾਤ ਦੀ ਪ੍ਰਾਪਤੀ ਮਨ, ਮਤਿ ਤੇ ਬੁੱਧੀ ਤੋਂ ਜਨਮ-ਜਨਮਾਂਤਰਾਂ ਦੀ ਲੱਗੀ ਪਾਪਾਂ ਤੇ ਵਿਸ਼ੇ- ਵਿਕਾਰਾਂ ਦੀ ਮੈਲ ਨੂੰ ਲਾਹ ਕੇ ਕੋਈ ਵਿਰਲਾ ਗੁਰਮੁਖ ਹੀ ਕਰ ਸਕਦਾ ਹੈ। ਇਹੋ ਕਾਰਨ ਹੈ ਕਿ ਇਸ ਕਮਾਈ ਨੂੰ ਗਾਖੜੀ ਅਤੇ ਅਲੂਣੀ ਸਿਲ ਚੱਟਣ ਦੇ ਸਮਾਨ ਦੱਸਿਆ ਗਿਆ ਹੈ। ਪਰ ਫਿਰ ਵੀ ਜਿਉਂ-ਜਿਉਂ ਸਾਧਕ, ਸਾਧਸੰਗਤ ਕਰਦਾ ਹੈ, ਨਿਤਨੇਮ ਕਰਦਾ ਤੇ ਗੁਰਬਾਣੀ ਵਿਚਾਰਦਾ ਹੈ, ਤਿਉਂ-ਤਿਉਂ ਉਸ ਦੇ ਹਿਰਦੇ ਵਿਚ ਪ੍ਰਭੂ-ਮਿਲਾਪ ਦੀ ਖਿੱਚ, ਰੀਝ ਤੇ ਚਾਉ ਦੇ ਨਾਲ-ਨਾਲ ਬਿਰਹੋਂ ਵੈਰਾਗ ਦੀ ਅਵਸਥਾ ਰਾਹੀਂ ਵਸਲ ਦੀ ਭੁੱਖ ਤੀਬਰ ਹੁੰਦੀ ਰਹਿੰਦੀ ਹੈ।
ਗੁਰਮਤਿ ਅਨੁਸਾਰ ‘ਸ਼ਬਦ-ਗੁਰੂ’ ਦੀ ਪ੍ਰਾਪਤੀ ਅੰਮ੍ਰਿਤ ਛਕਣ ਉਪਰੰਤ ਪੰਜ ਪਿਆਰਿਆਂ ਤੋਂ ਮਿਲੇ ਗੁਰਮੰਤਰ ਦੀ ਕਮਾਈ ਕਰ ਕੇ ਹੀ ਹੋ ਸਕਦੀ ਹੈ। ਦਸਮ ਪਿਤਾ ਨੇ ਪੰਥ ਵਿਚ ਸਰੀਰ ਅਤੇ ਗ੍ਰੰਥ ਵਿਚ ਜੋਤ ਵਿਦਮਾਨ ਕਰ ਕੇ ਅੱਗੋਂ ਲਈ ਦੇਹਧਾਰੀ ਗੁਰੂ ਪਰੰਪਰਾ ਨੂੰ ਸਦਾ ਵਾਸਤੇ ਹੀ ਖ਼ਤਮ ਕਰ ਦਿੱਤਾ ਹੈ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ਪੰਜ ਪਿਆਰਿਆਂ ਤੋਂ ਮਿਲੀ ਦਾਤ ‘ਸ਼ਬਦ-ਗੁਰੂ’ ਦੇ ਲੜ ਲੱਗ ਕੇ ਹੀ ਅਸੀਂ ‘ਲੋਕ ਸੁਖੀਏ ਪਰਲੋਕ ਸੁਹੇਲੇ’ ਹੋ ਸਕਦੇ ਹਾਂ। ਅੰਮ੍ਰਿਤ ਛਕ, ਗੁਰੂ ਵਾਲੇ ਬਣ ਕੇ ਸ਼ਬਦ ਦੀ ਕੀਤੀ ਕਮਾਈ ਥਾਏਂ ਪੈਂਦੀ ਹੈ। ਗੁਰੂ ਅਤੇ ਨਾਮ ਦੀ ਪ੍ਰਾਪਤੀ ਦੇ ਸੰਕਲਪ ਪ੍ਰਤੀ ਅਸਪਸ਼ਟਤਾ ਨੇ ਹੀ ਪਾਖੰਡੀ ਸਾਧਾਂ ਸੰਤਾਂ ਦੇ ਟੋਲੇ ਖੜ੍ਹੇ ਕਰ ਦਿੱਤੇ ਹਨ ਅਤੇ ਅਜਿਹੀ ਧੁੰਦ ਖਿਲਾਰਨ ਵਾਲੇ ਗੁਰਮਤਿ ਨੂੰ ਮੁੜ ਉਥੇ ਲੈ ਜਾਣ ਦੀ ਭੂਮਿਕਾ ਅਦਾ ਕਰ ਰਹੇ ਹਨ, ਜਿੱਥੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ। ਸੋ ਸੱਚੇ ਗੁਰੂ, ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗ਼ੈਰ ਕਿਸੇ ਵਿਅਕਤੀ ਦੇ ਚਰਨੀਂ ਲੱਗਣਾ ਗੁਰਸਿੱਖ ਨੂੰ ਸ਼ੋਭਾ ਨਹੀਂ ਦਿੰਦਾ। ਨਾਮ ਦੇ ਦਾਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਅਸੀਂ ਨਾਮ ਦੀ ਪ੍ਰਾਪਤੀ ਅੰਮ੍ਰਿਤ ਛਕਣ ਉਪਰੰਤ ਇਨ੍ਹਾਂ ਦੀ ਚਰਨ- ਸ਼ਰਨ ਵਿਚ ਹੀ ਪ੍ਰਾਪਤ ਕਰਨੀ ਹੈ:
ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ॥ (ਪੰਨਾ 1066)
ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ॥ (ਪੰਨਾ 797)
ਸਬਦੁ ਬੁਝੈ ਸੋ ਮੈਲੁ ਚੁਕਾਏ॥
ਨਿਰਮਲ ਨਾਮੁ ਵਸੈ ਮਨਿ ਆਏ॥ (ਪੰਨਾ 1044)
ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ॥ (ਪੰਨਾ 40)
ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਗੁਰਬਾਣੀ ਦਾ ਅੱਖਰ-ਅੱਖਰ ਹੀ ਨਾਮ ਹੈ। ਸ਼ਬਦ ਦੀ ਵਿਸਮਾਦੀ ਖੇਡ ਖੇਡਣ ਲਈ ਪਹਿਲਾਂ ਸਾਸ-ਗਿਰਾਸ ਸਿਮਰਨ ਕਰਦਿਆਂ, ਬੈਖਰੀ, ਮੱਧਮਾ, ਪਰਾ ਤੇ ਪਸੰਤੀ ਦੀ ਮੰਜ਼ਲ ਤਹਿ ਕਰਨੀ ਹੈ, ਫਿਰ ਧਰਮ, ਅਰਥ, ਕਾਮ ਤੇ ਮੋਖ ਦੀ ਸੁਤੇਸਿੱਧ ਪ੍ਰਾਪਤੀ ਹੋ ਜਾਂਦੀ ਹੈ। ਇਸ ਦੇ ਨਾਲ ਹੀ ਸ਼ਬਦ ਦੀ ਚੋਟ ਨਾਲ ਅਣਮੜ੍ਹਿਆ ਮੰਦਲ ਵੱਜਦਾ ਹੈ, ਗੋਬਿੰਦ ਗੱਜਦਾ ਹੈ, ਅੰਤਰ-ਆਤਮੇ ਅੰਮ੍ਰਿਤ ਦਾ ਸੋਮਾ ਫੁੱਟਦਾ ਹੈ। ਸੋ ਸ਼ਬਦ ਦੀ ਕਮਾਈ ਕਰ ਕੇ ਹੀ ਆਤਮਿਕ ਅਡੋਲਤਾ ਤੇ ਪਰਮ- ਪਦੁ ਦੀ ਪ੍ਰਾਪਤੀ ਹੋ ਸਕਦੀ ਹੈ। ਆਓ, ਆਪਾਂ ਗੁਰ ਪ੍ਰਸਾਦਿ ਸਦਕਾ ਸਾਧਸੰਗਤ ਵਿਚ ਗੁਰਬਾਣੀ ਦੀ ਵਿਚਾਰ ਰਾਹੀਂ ਮਨ-ਬਚ-ਕਰਮ ਨਾਲ ਵਿਸਮਾਦੀ ਤੇ ਰਸੀਲੇ ‘ਸ਼ਬਦ’ ਦੀ ਕਮਾਈ ਕਰ ਕੇ ਅੰਦਰਲੀ ਪਰਮ-ਜੋਤ, ਆਤਮ-ਪ੍ਰਕਾਸ਼, ਨਿਰੰਕਾਰ ਨਾਲ ਅਭੇਦਤਾ ਪ੍ਰਾਪਤ ਕਰੀਏ, ਤਾਂ ਹੀ ਜੀਵਨ ਸਫਲ ਹੋ ਸਕੇਗਾ। ਅੰਮ੍ਰਿਤ ਦੀ ਦਾਤ ਤੋਂ ਕੋਈ ਗੁਰੂ ਦਾ ਪਿਆਰਾ ਵਾਂਝਾ ਨਹੀਂ ਰਹਿਣਾ ਚਾਹੀਦਾ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ