ਮਨੁੱਖ ਦਾ ਸੁਭਾਅ ਇਸ ਤਰ੍ਹਾਂ ਦਾ ਹੈ ਕਿ ਉਹ ਹਮੇਸ਼ਾ ਸੁਖੀ ਰਹਿਣਾ ਚਾਹੁੰਦਾ ਹੈ। ਦੁੱਖ, ਚਿੰਤਾ, ਸੋਗ ਤੋਂ ਪਰ੍ਹੇ ਭੱਜਦਾ ਹੈ। ਸੁਖ, ਖੇੜਾ ਉਸ ਦੀ ਜੀਵਨ-ਲੋਚ ਹੈ। ਇਸੇ ਨੂੰ ਅਨੰਦ ਵੀ ਆਖ ਬੈਠਦਾ ਹੈ। ਇਸ ਅਨੰਦ ਦੀ ਪ੍ਰਾਪਤੀ ਲਈ ਉਹ ਵੱਖ- ਵੱਖ ਵਿਸ਼ਿਆਂ ਵੱਲ ਪ੍ਰੇਰਿਤ ਹੁੰਦਾ ਹੈ। ਕਦੀ ਇਕ ਵਸਤੂ ’ਤੇ ਹੱਥ ਪਾਉਂਦਾ ਹੈ, ਕਦੇ ਦੂਜੀ ਨੂੰ ਕਾਬੂ ਕਰਨਾ ਚਾਹੁੰਦਾ ਹੈ। ਇਸ ਪ੍ਰਕਾਰ ਪਦਾਰਥਾਂ ਦੇ ਸੰਚਯਨ ਦੇ ਜੰਜਾਲ ਵਿਚ ਘਿਰਦਾ ਜਾਂਦਾ ਹੈ ਪਰ ਤ੍ਰਿਪਤੀ ਉਸ ਨੂੰ ਕਿਸੇ ਪਦਾਰਥ ਤੋਂ ਵੀ ਨਹੀਂ ਹੁੰਦੀ ਤੇ ਫਿਰ ਨਿਰਾਸ਼ ਅਤੇ ਹਤਾਸ਼ ਤੇ ਉਦਾਸ ਹੋਇਆ ਆਪਣੇ ਅੰਦਰ ਉਹ ਇਕ ਘੁਟਨ ਜਿਹੀ ਮਹਿਸੂਸ ਕਰਦਾ ਹੈ। ਉਸ ਨੂੰ ਸਮਝ ਨਹੀਂ ਆਉਂਦੀ ਕਿ ਸੁਖ ਅਤੇ ਅਨੰਦ ਦੀ ਪ੍ਰਾਪਤੀ ਉਹ ਕਰੇ ਤਾਂ ਕਿਵੇਂ ਕਰੇ। ਇਸ ਦਾ ਜਵਾਬ ਗੁਰਦੇਵ ਪਾਤਸ਼ਾਹ ਜੀ ਦੀ ਬਾਣੀ ਇਉਂ ਦਿੰਦੀ ਹੈ:
ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ॥
ਜਾਣਿਆ ਆਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ॥
ਕਰਿ ਕਿਰਪਾ ਕਿਲਵਿਖ ਕਟੇ ਗਿਆਨ ਅੰਜਨੁ ਸਾਰਿਆ॥
ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ॥
ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ॥ (ਪੰਨਾ 917)
ਗੁਰਦੇਵ ਜੀ ਦਾ ਫ਼ੁਰਮਾਨ ਹੈ ਕਿ ਸਦੀਵੀ ਅਨੰਦ ਦੀ ਲੋਚ ਤਾਂ ਹਰ ਇਕ ਵਿਅਕਤੀ ਕਰਦਾ ਹੈ ਪਰੰਤੂ ਅਨੰਦ ਪ੍ਰਾਪਤੀ ਦਾ ਸੱਚਾ ਮਾਰਗ ਤਾਂ ਸਤਿਗੁਰੂ ਜੀ ਹੀ ਦਰਸਾਉਂਦੇ ਹਨ। ਗੁਰੂ ਦੀ ਸ਼ਰਨ ਵਿਚ ਆਏ ਵਿਅਕਤੀ ਨੂੰ ਸੱਚੇ ਅਨੰਦ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਇਹ ਸਾਰੀ ਪ੍ਰਕਿਰਿਆ ਗੁਰਦੇਵ ਜੀ ਸਮਝਾ ਰਹੇ ਹਨ। ਪਰ ਇਸ ਰਾਹ ’ਤੇ ਉਹ ਤਾਂ ਹੀ ਟੁਰਦਾ ਹੈ ਜਦੋਂ ਸੰਸਾਰ ਦੀਆਂ ਠੋਕਰਾਂ ਖਾ ਕੇ ਉਸ ਦਾ ਮਨ ਜਾਗਰਤ ਅਵਸਥਾ ਵਿਚ ਆਵੇ। ਗੁਰਬਾਣੀ ਅੰਦਰ ਮਨ ਦੀਆਂ ਚਾਰ ਅਵਸਥਾਵਾਂ ਦਾ ਜ਼ਿਕਰ ਹੈ। ਆਮ ਤੌਰ ’ਤੇ ਦੂਸਰੇ ਧਰਮ-ਫ਼ਲਸਫ਼ੇ ਇਸੇ ਨੂੰ ਜਾਗਰਤ, ਸ੍ਵਪਨ, ਸੁਸਪਤੀ ਅਤੇ ਤੁਰੀਆ-ਚਤੁਸਪਦੀ ਕਰਕੇ ਦੱਸਦੇ ਹਨ। ਗੁਰਦੇਵ ਜੀ ਦਾ ਆਦੇਸ਼ ਹੈ :
ਪ੍ਰਥਮੇ ਤਿਆਗੀ ਹਉਮੈ ਪ੍ਰੀਤਿ॥
ਦੁਤੀਆ ਤਿਆਗੀ ਲੋਗਾ ਰੀਤਿ॥
ਤ੍ਰੈ ਗੁਣ ਤਿਆਗਿ ਦੁਰਜਨ ਮੀਤ ਸਮਾਨੇ॥
ਤੁਰੀਆ ਗੁਣੁ ਮਿਲਿ ਸਾਧ ਪਛਾਨੇ॥
ਸਹਜ ਗੁਫਾ ਮਹਿ ਆਸਣੁ ਬਾਧਿਆ॥
ਜੋਤਿ ਸਰੂਪ ਅਨਾਹਦੁ ਵਾਜਿਆ॥
ਮਹਾ ਅਨੰਦੁ ਗੁਰ ਸਬਦੁ ਵੀਚਾਰਿ॥
ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ॥ (ਪੰਨਾ 370)
ਗੁਰਦੇਵ ਜੀ ਫ਼ਰਮਾਉਂਦੇ ਹਨ, ਪਹਿਲੀ ਅਵਸਥਾ ਅਗਿਆਨ ਦੀ ਅਵਸਥਾ ਹੈ, ਮਨ ਹਉਮੈ ਅਹੰਕਾਰ ਵਿਚ ਭਟਕਦਾ ਫਿਰਦਾ ਹੈ; ਦੂਸਰੀ ਅਵਸਥਾ ਵਿਚ ਲੋਕ- ਰੀਤ ਨੂੰ ਹੀ ਜੀਵਨ-ਮਨੋਰਥ ਸਮਝ, ਆਪਣੀ ਹੋਂਦ ਬਣਾਉਣ ਦੇ ਉਪਰਾਲਿਆਂ ਵਿਚ ਲੱਗਾ ਤੁਰਦਾ ਹੈ। ਤੀਜੀ ਅਵਸਥਾ ਵਿਚ ਤਿੰਨਾਂ ਗੁਣਾਂ ਸਤੋ ਗੁਣ, ਰਜੋ ਗੁਣ, ਤਮੋ ਗੁਣ ਵਿਚ ਭਟਕਦਾ ਫਿਰਦਾ ਹੈ। ਜਦੋਂ ਇਨ੍ਹਾਂ ਤਿੰਨਾਂ ਅਵਸਥਾਵਾਂ ਤੋਂ ਮੁਕਤ ਹੋ, ਚੌਥੀ ਅਵਸਥਾ ਤੁਰੀਆ ਅਵਸਥਾ ’ਤੇ ਪੁੱਜਦਾ ਹੈ ਤਾਂ ਮਨ ਟਿਕਦਾ ਹੈ, ਸਹਜ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਸਹਜ ਅਵਸਥਾ ਵਿਚ ਟਿਕੇ ਮਨ ਨੂੰ ਜੋਤ ਸਰੂਪ ਇਲਾਹੀ ਨੂਰ ਨਾਲ ਇਕਸੁਰਤਾ ਦੀ ਪ੍ਰਾਪਤੀ ਹੁੰਦੀ ਹੈ, ਚਿੱਤ ਖੇੜੇ ਵਿਚ ਆਉਂਦਾ ਹੈ, ਅਨਹਦ ਝੁਣਕਾਰ, ਅਨਾਹਤ ਧੁਨ ਵੱਜਦੀ ਅਨੁਭਵ ਹੁੰਦੀ ਹੈ। ਸ਼ਬਦ ਨਾਲ ਜੁੜਿਆ ਚਿਤ ਮਹਾਂ ਅਨੰਦ ਦੀ ਪ੍ਰਾਪਤੀ ਕਰਦਾ ਹੈ। ਪ੍ਰਭੂ-ਪ੍ਰੀਤਮ ਪਾਰਬ੍ਰਹਮ ਨਾਲ ਸਦੀਵੀ ਜੁੜੇ ਚਿੱਤ, ਚਿਰ-ਸੁਹਾਗਣ ਜੀਵ-ਆਤਮਾਵਾਂ ਹੋ ਨਿੱਬੜਦੀਆਂ ਹਨ। ਐਸੀ ਜੀਵ- ਆਤਮਾ ਹੀ ਸਦੀਵੀ ਖੇੜੇ ਅਤੇ ਅਨੰਦ ਦੀ ਪ੍ਰਾਪਤੀ ਕਰਦੀ ਹੈ। ਐਸੀ ਜੀਵ- ਆਤਮਾ ਹੀ ਧੰਨ-ਧੰਨ ਹੈ, ਵਡਭਾਗੀ ਹੈ, ਸੁਭਾਗ ਦੀ ਪਾਤਰ ਹੈ।
ਸੋ ਮਹਾਂ-ਅਨੰਦ ਪ੍ਰਾਪਤੀ ਦਾ ਮਾਰਗ ਸਪੱਸ਼ਟ ਹੈ। ਪਹਿਲਾਂ ਤਾਂ ਹਉਮੈ ਦਾ ਤਿਆਗ ਕਰੀਏ। ਦਰਅਸਲ ਇਸ ਹਉਮੈ ਨੇ ਹੀ ਵੱਡਾ ਦੁੱਖ ਦਿੱਤਾ ਹੋਇਆ ਹੈ। ਕਈ ਜਨਮ-ਜਨਮਾਂਤਰਾਂ, ਜੋਨੀਆਂ ਵਿਚ ਭਟਕਦੀ ਜੀਵ-ਆਤਮਾ ਨੂੰ ਸੁਹਣੀ ਮਨੁੱਖਾ ਦੇਹੀ ਪ੍ਰਾਪਤ ਹੁੰਦੀ ਹੈ, ਜਿਸ ਦਾ ਮਨੋਰਥ ਹੈ:
ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥
ਪਰ ਇਹ ਜੋ ਹਉਮੈ ਹੈ, ਇਹ ਮਨੁੱਖ ਨੂੰ ਭਟਕਾ ਦਿੰਦੀ ਹੈ। ਅਗਿਆਨ ਦੇ ਰਾਹ ’ਤੇ ਲੈ ਟੁਰਦੀ ਹੈ। ਪ੍ਰਭੂ ਨੂੰ ਮਿਲਣ ਨਹੀਂ ਦਿੰਦੀ। ਭਰਮਾਂ-ਭੁਲੇਖਿਆਂ ਵਿਚ ਪਾ ਕੇ ਆਪਣੇ ਹੀ ਅੰਤਰ ਵਿਚ ਵੱਸਦੇ ਜੋਤ ਸਰੂਪ ਚੇਤਨ ਰੂਪ ਪ੍ਰਕਾਸ਼ ਪੁੰਜ ਪ੍ਰਭੂ ਤੋਂ ਵਿੱਥ ਪਾਈ ਰੱਖਦੀ ਹੈ। ਅੰਦਰ ਵੱਸਦੇ ਅਲਖ ਨਿਰੰਜਨ ਨੂੰ ਹੀ ਮਨੁੱਖ ਪਛਾਣ ਨਹੀਂ ਸਕਦਾ; ਪ੍ਰਾਪਤੀ ਦਾ ਯਤਨ ਨਹੀਂ ਕਰਦਾ:
ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ॥
ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ॥
ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ॥ (ਪੰਨਾ 205)
ਇਸ ਹਉਮੈ ਦੇ ਕਾਰਨ ਹੀ ਜਨਮ-ਮਰਨ ਦੇ ਤੇ ਹੋਰ ਭਾਰੀ ਦੁੱਖਾਂ-ਕਲੇਸ਼ਾਂ ਵਿਚ ਭਟਕਦਾ ਹੈ:
ਹਉਮੈ ਰੋਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਣ ਦੁਖੁ ਭਾਰੀ॥ (ਪੰਨਾ 735)
ਜਨਮ-ਮਰਨ ਦਾ ਦੁੱਖ ਤਿੰਨਾਂ ਗੁਣਾਂ ਵਿਚ ਭਰਮਿਆ ਹੋਣ ਕਰਕੇ ਹੈ:
ਰਜ ਤਮ ਸਤ ਕਲ ਤੇਰੀ ਛਾਇਆ॥
ਜਨਮ ਮਰਣ ਹਉਮੈ ਦੁਖੁ ਪਾਇਆ॥ (ਪੰਨਾ 1038)
ਇਨ੍ਹਾਂ ਤਿੰਨਾਂ ਗੁਣਾਂ ਵਿਚ ਭਰਮਿਆ ਵਿਅਕਤੀ ਹੀ ਦ੍ਰਿਸ਼ਟਮਾਨ ਜਗਤ ਦੀਆਂ ਵਸਤੂਆਂ ਨੂੰ ਸੱਚ ਮੰਨ ਬੈਠਦਾ ਹੈ। ਜਗਤ ਦੇ ਪਦਾਰਥਾਂ ਦੇ ਭੋਗ ਨੂੰ ਹੀ ਸੱਚ ਮੰਨ ਕੇ ਇਨ੍ਹਾਂ ਭੋਗ-ਬਿਲਾਸਾਂ, ਰਸਾਂ ਵਿਚ ਰੁਚਿਤ ਰਹਿੰਦਾ ਹੈ। ਇਸਤਰੀ, ਪੁੱਤਰ, ਘਰ- ਪਰਵਾਰ, ਸੋਨਾ-ਚਾਂਦੀ, ਭੋਗ-ਪਦਾਰਥ, ਖੱਟੇ-ਮਿੱਠੇ ਰਸ ਮਾਣਦਾ ਕਦੇ ਖੁਸ਼ ਹੁੰਦਾ ਹੈ, ਕਦੇ ਡੂੰਘੇ ਸੋਗ ਵਿਚ ਪੈ ਜਾਂਦਾ ਹੈ। ਚੰਗੇ-ਮੰਦੇ ਕਰਮ ਕਰਦਾ ਹੈ, ਪਾਪ-ਪੁੰਨ ਦਾ ਵਿਚਾਰ ਕਰਦਾ ਹੈ। ਪਰ ਇਹ ਸਥੂਲ ਦ੍ਰਵ ਫਿਰ ਵੀ ਉਸ ਨੂੰ ਸਦੀਵੀ ਸੁਖ ਨਹੀਂ ਦਿੰਦੇ, ਚਿੱਤ ਅਸ਼ਾਂਤ ਰਹਿੰਦਾ ਹੈ:
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ॥
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ॥
ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ॥2॥ (ਪੰਨਾ 15)
ਨਾਮ, ਜੋ ਪਾਰਬ੍ਰਹਮ ਪ੍ਰਭੂ ਦਾ ਸ਼ਬਦ ਰੂਪ ਹੈ ਅਤੇ ਜਿਸ ਦੀ ਪ੍ਰਾਪਤੀ ਦੀ ਸੋਝੀ ਸੱਚੇ ਗੁਰੂ ਪਾਸੋਂ ਪ੍ਰਾਪਤ ਹੁੰਦੀ ਹੈ, ਇਸ ਨਾਮ ਦੀ ਪ੍ਰਾਪਤੀ ਤਾਂ ਉਦੋਂ ਹੀ ਹੁੰਦੀ ਹੈ ਜਦੋਂ ਇਨ੍ਹਾਂ ਤਿੰਨਾਂ ਗੁਣਾਂ, ਤਿੰਨਾਂ ਅਵਸਥਾਵਾਂ ਤੋਂ ਉਤਾਂਹ ਹੋ ਕੇ ਸੱਚੇ ਗੁਰੂ ਦੀ ਭਾਲ ਕਰੇ। ਸਤਿਗੁਰੂ ਕਿਰਪਾ-ਦ੍ਰਿਸ਼ਟੀ ਕਰਦਾ ਹੈ, ਵਿਵੇਕ ਅਤੇ ਗਿਆਨ ਦੀ ਦਾਤ ਬਖਸ਼ਿਸ਼ ਕਰਦਾ ਹੈ। ਗੁਰੂ ਗਿਆਨ ਦਾ ਦਾਤਾ ਹੈ, ਗਿਆਨ-ਅੰਜਨ ਨੇਤਰਾਂ ਵਿਚ ਪਾ ਕੇ ਅਗਿਆਨ ਦਾ ਅੰਧਕਾਰ ਦੂਰ ਕਰਦਾ ਹੈ:
ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ॥
ਅੰਤਰਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ॥ (ਪੰਨਾ 124)
ਅੰਤਰਮਨ ਵਿਚ ਗਿਆਨ ਦਾ ਪ੍ਰਕਾਸ਼ ਹੁੰਦਿਆਂ ਹੀ ਮਨ ਬੁੱਧੀ ’ਤੇ ਹਾਵੀ ਹੋਇਆ ਅਹੰਕਾਰ ਵਿਕਾਰ ਦੂਰ ਹੋਣ ਲੱਗਦਾ ਹੈ:
ਹਮ ਅਹੰਕਾਰੀ ਅਹੰਕਾਰ ਅਗਿਆਨ ਮਤਿ ਗੁਰਿ ਮਿਲਿਐ ਆਪੁ ਗਵਾਇਆ॥
ਹਉਮੈ ਰੋਗੁ ਗਇਆ ਸੁਖੁ ਪਾਇਆ ਧਨੁ ਧੰਨੁ ਗੁਰੂ ਹਰਿ ਰਾਇਆ॥ (ਪੰਨਾ 172)
ਹੌਲੀ-ਹੌਲੀ ਪੰਜਾਂ ਵਿਕਾਰਾਂ ਦੇ ਦੁਸ਼ਟ ਦੁਸ਼ਮਨ ਜਿਨ੍ਹਾਂ ਨੇ ਬੁੱਧੀ ਨੂੰ ਚੰਚਲ ਕਰ ਭ੍ਰਿਸ਼ਟ ਕੀਤਾ ਹੋਇਆ ਸੀ, ਪਰ੍ਹੇ ਨੱਸਦੇ ਜਾਂਦੇ ਹਨ। ਮਨ ਸ਼ਬਦ ਵਿਚ ਟਿਕਦਾ ਹੈ, ਗੁਰੂ ਦੇ ਸ਼ਬਦ ਉਪਦੇਸ਼ ਦਾ ਵਿਚਾਰ ਕਰਦਾ ਹੈ:
ਹਉਮੈ ਨਿਵਰੈ ਗੁਰ ਸਬਦੁ ਵੀਚਾਰੈ॥
ਚੰਚਲ ਮਤਿ ਤਿਆਗੈ ਪੰਚ ਸੰਘਾਰੈ॥
ਅੰਤਰਿ ਸਾਚੁ ਸਹਜ ਘਰਿ ਆਵਹਿ॥
ਰਾਜਨੁ ਜਾਣਿ ਪਰਮ ਗਤਿ ਪਾਵਹਿ॥
ਸਚੁ ਕਰਣੀ ਗੁਰੁ ਭਰਮੁ ਚੁਕਾਵੈ॥
ਨਿਰਭਉ ਕੈ ਘਰਿ ਤਾੜੀ ਲਾਵੈ॥
ਹਉ ਹਉ ਕਰਿ ਮਰਣਾ ਕਿਆ ਪਾਵੈ॥
ਪੂਰਾ ਗੁਰੁ ਭੇਟੇ ਸੋ ਝਗਰੁ ਚੁਕਾਵੈ॥ (ਪੰਨਾ 226)
ਸਹਜ ਅਵਸਥਾ ਵਿਚ ਤਾੜੀ ਲੱਗ ਗਈ, ਚਿੱਤ ਟਿਕ ਗਿਆ, ਸੱਚੇ ਗੁਰੂ ਦੀ ਅਪਾਰ ਬਖ਼ਸ਼ਿਸ਼ ਸਦਕਾ ਹੀ ਐਸੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਫ਼ੁਰਮਾਨ ਹੈ:
ਭਾਈ ਰੇ ਗੁਰ ਬਿਨੁ ਸਹਜੁ ਨ ਹੋਇ॥ (ਪੰਨਾ 68)
ਹੁਣ ਜਦੋਂ ਚਿੱਤ ਸਹਜ ਅਵਸਥਾ ਵਿਚ ਟਿਕ ਗਿਆ ਤਾਂ ਜਿਉਂ-ਜਿਉਂ ਸ਼ਬਦ ਦਾ ਵਿਚਾਰ ਕਰੇਗਾ, ਤਿਉਂ-ਤਿਉਂ ਉਤਨੀ ਹੀ ਡੂੰਘੀ ਤੀਬਰਤਾ (intensity) ਨਾਲ ਚਿੱਤ ਅਲੌਕਿਕ ਅਨੰਦ ਮਾਣਦਾ ਹੈ।
ਗੁਰਬਾਣੀ ਰਸ ਦਾ ਵੀ ਜ਼ਿਕਰ ਕਰਦੀ ਹੈ। ਦਰਅਸਲ ਇਹ ਅਲੌਕਿਕ ਰਸ ਹੀ ਅਨੰਦ-ਪ੍ਰਾਪਤੀ ਦਾ ਸ੍ਰੋਤ ਹੈ। ਚਿੱਤ ਉਦੋਂ ਤਕ ਹੀ ਅਤ੍ਰਿਪਤ ਰਹਿੰਦਾ ਹੈ ਜਿੰਨਾ ਚਿਰ ਉਹ ਨਾਮ-ਰਸ ਦਾ ਅਭਿਆਸੀ ਨਹੀਂ ਹੁੰਦਾ। ਗੁਰਦੇਵ ਜੀ ਦਾ ਫ਼ੁਰਮਾਨ ਹੈ:
ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ॥
ਪਿਆਸ ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ॥
ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ ਬਹੁੜਿ ਨ ਤ੍ਰਿਸਨਾ ਲਾਗੈ ਆਇ॥
ਏਹੁ ਹਰਿ ਰਸੁ ਕਰਮੀ ਪਾਈਐ ਸਤਿਗੁਰੁ ਮਿਲੈ ਜਿਸੁ ਆਇ॥
ਕਹੈ ਨਾਨਕੁ ਹੋਰਿ ਅਨ ਰਸ ਸਭਿ ਵੀਸਰੇ ਜਾ ਹਰਿ ਵਸੈ ਮਨਿ ਆਇ॥ (ਪੰਨਾ 921)
ਨਾਮ-ਰਸ ਦਾ ਅਭਿਆਸੀ ਵੀ ਉਹੀ ਵਡਭਾਗੀ ਹੁੰਦਾ ਹੈ ਜਿਸ ਉੱਪਰ ਸਤਿਗੁਰੂ ਜੀ ਦੀ ਅਪਾਰ ਬਖ਼ਸ਼ਿਸ਼ ਹੁੰਦੀ ਹੈ, ਅਪਾਰ ਕਿਰਪਾ-ਦ੍ਰਿਸ਼ਟੀ ਹੁੰਦੀ ਹੈ। ਐਸੇ ਵਡਭਾਗੀ ਨੂੰ ਦੁਨੀਆਂ ਦੇ ਹੋਰ ਭੋਗਾਂ, ਰਸਾਂ, ਪਦਾਰਥਾਂ, ਸੁਖਾਂ ਦੀ ਲੋਚ ਨਹੀਂ ਰਹਿੰਦੀ, ਭੋਗ-ਵਾਸ਼ਨਾ ਨਹੀਂ ਰਹਿੰਦੀ।
ਦਰਅਸਲ ਅਨੰਦ ਚਿੱਤ ਦੀ ਅਤਿ ਸੂਖਮ ਅਨੁਭੂਤੀ ਹੈ। ਇਸ ਅਨੁਭੂਤੀ ਦਾ ਉਦ੍ਰੇਕ ਉਦੋਂ ਹੀ ਹੁੰਦਾ ਹੈ ਜਦੋਂ ਨਾਮ-ਅਭਿਆਸੀ ਦਾ ਬਾਹਰਲੇ ਸਾਰੇ ਸਥੂਲ ਸ੍ਰੋਤਾਂ ਤੋਂ ਸੰਪਰਕ ਸੂਤ੍ਰ ਟੁੱਟ ਜਾਏ। ਉਸ ਦਾ ਮਨ, ਬੁੱਧੀ, ਸਾਰੀਆਂ ਗਿਆਨ-ਇੰਦਰੀਆਂ, ਕਰਮ-ਇੰਦਰੀਆਂ ਪੂਰੀ ਤਰ੍ਹਾਂ ਇੱਕੋ ਹੀ ਕੇਂਦਰ-ਬਿੰਦੂ ’ਤੇ ਟਿਕ ਜਾਣ। ਚਿੱਤ ਬਿਰਤੀ ਇਕਾਗਰ ਹੋ ਕੇ ਇੱਕੇ ਬ੍ਰਹਮ ਸ਼ਬਦ ਵਿਚ ਲੀਨ ਹੋ ਜਾਏ। ਨਾਮੀ ਤੇ ਨਾਮ ਦੀ ਇਕਸੁਰਤਾ ਹੋ ਜਾਏ। “ਬ੍ਰਹਮ ਦੀਸੈ ਬ੍ਰਹਮ ਸੁਣੀਐ” ਵਾਲੀ ਅਵਸਥਾ ਹੋ ਜਾਏ। ਸ਼ਬਦ ਵਿਚ ਟਿਕੀ ਸੁਰਤ ਕੇਵਲ ਤੇ ਕੇਵਲ ਅਨਹਦ ਧੁਨ ਦੇ ਸੰਗੀਤ ਦਾ ਅਨੰਦ ਮਾਣੇ। ਤੁਪਕਾ-ਤੁਪਕਾ ਨਾਮ-ਰਸ ਪੀਂਦਾ ਅਭਿਆਸੀ ਪਰਮ-ਅਨੰਦ ਲੋਕ ਦੀ ਯਾਤਰਾ ਕਰਦਾ ਰਹੇ। ਐਸੇ ਅਨੰਦ ਲੋਕ ਦੇ ਯਾਤਰੂ ਦੇ ਤਮਾਮ ਮਨੋਰਥ ਪੁੱਗ ਜਾਂਦੇ ਹਨ। ਕੋਈ ਵਾਸਨਾ, ਕੋਈ ਇੱਛਿਆ, ਕੋਈ ਕਾਮਨਾ, ਕੋਈ ਸਵਾਰਥ ਬਾਕੀ ਬਚਦਾ ਹੀ ਨਹੀਂ। ਨਾਮ-ਅਭਿਆਸੀ ਨਿਸ਼ਕਾਮ ਹੋ ਜਾਂਦਾ ਹੈ। ਨਿਰਵਿਕਲਪ, ਅਫੁਰ, ਫੁਰਨਿਆਂ ਤੋਂ ਹੀਨ ਹੋ, ਕੇਵਲ ਅਨੰਦ ਲੋਕ ਦੇ ਸੁਖ ਮਾਣਦਾ ਹੈ। ਅਨੰਦ ਦੇ ਮੂਲ ਪਰਮ ਪੁਰਖੋਤਮ ਨਾਲ ਚਿੱਤ ਜੋੜੀ ਰੱਖਦਾ ਹੈ। ਇਸੇ ਲਈ ਗੁਰੂ ਰਾਮਦਾਸ ਪਾਤਸ਼ਾਹ ਜੀ ਉਪਦੇਸ਼ ਕਰ ਰਹੇ ਹਨ:
ਅਨਦ ਮੂਲੁ ਧਿਆਇਓ ਪੁਰਖੋਤਮੁ ਅਨਦਿਨੁ ਅਨਦ ਅਨੰਦੇ॥
ਧਰਮ ਰਾਇ ਕੀ ਕਾਣਿ ਚੁਕਾਈ ਸਭਿ ਚੂਕੇ ਜਮ ਕੇ ਛੰਦੇ॥ (ਪੰਨਾ 800)
ਪਰ ਸਾਡੀ ਅੱਜ ਦੀ ਤ੍ਰਾਸਦੀ ਇਹ ਹੈ ਕਿ ਅਸੀਂ ਪੁਰਖੋਤਮ ਦੇ ਚਰਨਾਂ ਨੂੰ ਅਨੰਦ ਦਾ ਸ੍ਰੋਤ ਨਾ ਮੰਨ ਕੇ ਹੋਰ ਹੋਰ ਰੰਗ-ਤਮਾਸ਼ੇ, ਭੋਗ-ਬਿਲਾਸ ਵਕਤੀ ਸ੍ਰੋਤਾਂ ਨੂੰ ਸੁਖਾਂ ਦਾ ਸਾਧਨ ਮੰਨੀ ਜਾਂਦੇ ਹਾਂ। ਗੁਰੂ ਸਾਹਿਬਾਨ ਨੇ-
ਰੋਟੀਆ ਕਾਰਣਿ ਪੂਰਹਿ ਤਾਲ॥
ਆਪੁ ਪਛਾੜਹਿ ਧਰਤੀ ਨਾਲਿ॥
ਜਹੇ ਨਾਟਕਾਂ ਚੇਟਕਾਂ ਤੋਂ ਜਿਨ੍ਹਾਂ ਨੂੰ “ਵੇਖੈ ਲੋਕੁ ਹਸੈ ਘਰਿ ਜਾਇ” ਆਖ ਕੇ ਗੁਰੂ ਦੇ ਸਿੱਖ ਨੂੰ ਜੱਗ ਹਸਾਈ ਦਾ ਕੇਂਦਰ ਬਣਨ ਤੋਂ ਵਰਜਿਆ ਸੀ, ਅੱਜ ਮਾਣ-ਸਨਮਾਨ, ਅਣਖ, ਸਵੈਮਾਣ ਦੀ ਰੱਤੀ ਭਰ ਵੀ ਪਰਵਾਹ ਕੀਤੇ ਬਿਨਾਂ ਆਪਣੇ ਹੀ ਰਾਹ ’ਤੇ ਟੁਰੀ ਜਾਂਦੇ ਹਾਂ। ਸਿੱਟਾ ਸਾਡੇ ਸਾਹਮਣੇ ਹੈ, ਖੇਰੂੰ-ਖੇਰੂੰ ਹੋਇਆ ਪਰਵਾਰ, ਨਸ਼ਿਆਂ ਵਿਚ ਗ਼ਲਤਾਨ ਨੌਜਵਾਨ, ਫੈਸ਼ਨਾਂ ਵੱਲ ਖਿੱਚੀ ਸਿੱਖ-ਇਸਤਰੀ, ਆਪਣੀ ਮਾਂ-ਬੋਲੀ ਤੋਂ ਟੁੱਟੀ ਵਾਂਝੀ ਸਾਡੀ ਬਾਲ-ਪੀੜ੍ਹੀ, ਸਾਡੇ ਵਾਰਸ, ਸਾਡੀ ਪਨੀਰੀ। ਇਹ ਸਭ, ਕਿਵੇਂ ਅਸੀਂ ਆਪਣੇ ਗੁਰਮਤਿ-ਵਿਰਸੇ ਤੋਂ ਟੁੱਟ ਰਹੇ ਹਾਂ, ਭਾਂਤ-ਭਾਂਤ ਦੇ ਰੋਗਾਂ ਦੇ ਸ਼ਿਕਾਰ ਬਣ ਰਹੇ ਹਾਂ। ਤਣਾਅ, ਹਾਈ ਬਲੱਡ ਪ੍ਰੈਸ਼ਰ, ਮਾਨਸਿਕ ਤੇ ਜਿਸਮਾਨੀ ਰੋਗ, ਦਿਲ ਦੇ ਦੌਰੇ; ਇਹ ਸਾਰਾ ਕੁਸੈਲਾ ਗੰਧਲਾ ਮਾਹੌਲ ਗੁਰਮਤਿ-ਮਾਰਗ ਦੇ ਅਨੰਦ ਤੋਂ ਟੁੱਟਣ ਦਾ ਹੀ ਨਤੀਜਾ ਹੈ। ਆਉ! ਗੁਰੂ ਦੀ ਸ਼ਰਨ ਵਿਚ ਆਈਏ, ਗੁਰੂ ਦੇ ਪਾਵਨ ਮਹਾਂਵਾਕ ਸੁਣੀਏ:
ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ॥
ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ॥
ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥ (ਪੰਨਾ 922)
ਸੱਚੀ ਸਦੀਵੀ ਸੁਖਾਂ ਦੀ ਸ੍ਰੋਤ ਗੁਰੂ ਦੀ ਬਾਣੀ, ਗੁਰੂ ਦੇ ਬਚਨਾਂ ਨੂੰ ਹਿਰਦੇ ਵਿਚ ਧਾਰਨ ਕਰ, ਨਾਮ-ਅਭਿਆਸ ਦੇ ਮਾਰਗ ’ਤੇ ਚੱਲੀਏ; ਦੁੱਖਾਂ, ਰੋਗਾਂ, ਸੰਤਾਪਾਂ ਤੋਂ ਮੁਕਤ ਹੋਈਏ।
ਨਿਸ ਬਾਸੁਰ ਪ੍ਰਿਅ ਸੰਗਿ ਅਨੰਦ ਮਾਣੀਏ।
ਲੇਖਕ ਬਾਰੇ
# 1801-ਸੀ, ਮਿਸ਼ਨ ਕੰਪਾਊਂਡ, ਨਿਕਟ ਸੇਂਟ ਮੇਰੀਜ਼ ਅਕਾਡਮੀ, ਸਹਾਰਨਪੁਰ
- ਡਾ. ਜਗਜੀਤ ਕੌਰhttps://sikharchives.org/kosh/author/%e0%a8%a1%e0%a8%be-%e0%a8%9c%e0%a8%97%e0%a8%9c%e0%a9%80%e0%a8%a4-%e0%a8%95%e0%a9%8c%e0%a8%b0/January 1, 2008
- ਡਾ. ਜਗਜੀਤ ਕੌਰhttps://sikharchives.org/kosh/author/%e0%a8%a1%e0%a8%be-%e0%a8%9c%e0%a8%97%e0%a8%9c%e0%a9%80%e0%a8%a4-%e0%a8%95%e0%a9%8c%e0%a8%b0/September 1, 2008