editor@sikharchives.org
Guruji

ਜਿਸ ਧਜ ਸੇ ਕੋਈ ਮਕਤਲ ਮੇਂ ਗਯਾ ਵੋਹ ਸ਼ਾਨ ਸਲਾਮਤ ਰਹਤੀ ਹੈ-

ਸ਼ਾਹ ਜਹਾਨ ਦੇ ਅੰਤਲੇ ਸਮੇਂ ਜਦੋਂ ਔਰੰਗਜ਼ੇਬ ਆਪਣੇ ਪਿਤਾ ਪਾਸ ਕੇਵਲ ਦਿਲ-ਰੱਖਣੀ ਕਰਨ ਲਈ ਆਇਆ ਤਾਂ ਸ਼ਾਹ ਜਹਾਨ ਨੇ ਕਿਹਾ ਸੀ, ‘ਤੂੰ ਵੀ ਮੇਰਾ ਪੁੱਤਰ ਹੈਂ ਪਰ ਤੇਰੇ ਜੈਸਾ ਪਾਪੀ ਤੇ ਕਠੋਰ ਪੁੱਤਰ ਅੱਜ ਤਕ ਦੁਨੀਆਂ ਵਿਚ ਹੋਰ ਕੋਈ ਪੈਦਾ ਨਹੀਂ ਹੋਇਆ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਸੰਬੰਧ ਵਿਚ ਉਸ ਸਮੇਂ ਦੇ ਸਮਾਜਿਕ ਅਤੇ ਰਾਜਨੀਤਿਕ ਹਾਲਾਤ ਦੇ ਇਤਿਹਾਸਕ ਪਿਛੋਕੜ ਵੱਲ ਸੰਖੇਪ ਝਾਤ ਮਾਰਨੀ ਅਤਿ ਆਵੱਸ਼ਕ ਹੋਵੇਗੀ। ਉਸ ਸਮੇਂ ਔਰੰਗਜ਼ੇਬ ਦਿੱਲੀ ਦੇ ਤਖ਼ਤ ਦਾ ਹੁਕਮਰਾਨ ਸੀ। ਇਸ ਦੇ ਸਮੇਂ ਨੂੰ ‘ਘੋਰ ਅੱਤਿਆਚਾਰ’ ਦਾ ਸਮਾਂ ਕਿਹਾ ਜਾਣਾ ਵਧੇਰੇ ਢੁੱਕਦਾ ਹੈ। ਔਰੰਗਜ਼ੇਬ ਨੇ ਜਿਸ ਤਰੀਕੇ ਨਾਲ ਗੱਦੀ ਪ੍ਰਾਪਤ ਕੀਤੀ ਉਹ ਬਿਰਤਾਂਤ ਲੂ-ਕੰਡੇ ਖੜ੍ਹੇ ਕਰ ਦੇਣ ਵਾਲਾ ਹੈ। ਗੱਦੀ ਲੈਣ ਲਈ ਔਰੰਗਜ਼ੇਬ ਨੇ ਸ਼ਾਹ ਜਹਾਨ (ਆਪਣੇ ਪਿਤਾ) ਨੂੰ ਕੈਦੀ ਬਣਾਇਆ। ਇਥੋਂ ਤਕ ਕਿ ਉਸ ਨੂੰ ਰਸਦ ਵੀ ਨਾਪ-ਤੋਲ ਕੇ ਦਿੱਤੀ ਜਾਂਦੀ ਸੀ। ਸਾਰੇ ਭਰਾਵਾਂ ਨੂੰ ਵੀ ਮਾਰ ਮੁਕਾਇਆ। ਸ਼ਾਹ ਜਹਾਨ ਦਾ ਆਪਣੇ ਪੁੱਤਰ ਦਾਰਾ ਸ਼ਿਕੋਹ ਨਾਲ ਬਹੁਤ ਪਿਆਰ ਸੀ। ਔਰੰਗਜ਼ੇਬ ਨੂੰ ਇਸ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਸੀ। ਉਸ ਨੇ ਆਪਣੇ ਪਿਤਾ ਦਾ ਦਾਰਾ ਸ਼ਿਕੋਹ ਨਾਲ ਪਿਆਰ ਜਾਣਦੇ ਹੋਏ ਉਸ ਦਾ ਸਿਰ ਕਲਮ ਕਰ ਕੇ ਉਸ ਨੂੰ ਥਾਲ ਵਿਚ ਤੋਹਫ਼ੇ ਵਜੋਂ ਸਜਾ ਕੇ ਸ਼ਾਹ ਜਹਾਨ ਪਾਸ ਜੇਲ੍ਹ ਵਿਚ ਭੇਜਿਆ।

ਕਿਹਾ ਜਾਂਦਾ ਹੈ ਕਿ ਸ਼ਾਹ ਜਹਾਨ ਦਾਰਾ ਸ਼ਿਕੋਹ ਦਾ ਕੱਟਿਆ ਹੋਇਆ ਸਿਰ ਵੇਖ ਕੇ ਅਤੇ ਮੌਤ ਬਾਰੇ ਜਾਣ ਕੇ ਗਸ਼ ਖਾ ਕੇ ਡਿੱਗ ਪਿਆ ਸੀ ਅਤੇ ਬਹੁਤ ਮੁਸ਼ਕਲ ਨਾਲ ਉਸ ਨੂੰ ਹੋਸ਼ ਵਿਚ ਲਿਆਂਦਾ ਗਿਆ। ਸ਼ਾਹ ਜਹਾਨ ਦੇ ਅੰਤਲੇ ਸਮੇਂ ਜਦੋਂ ਔਰੰਗਜ਼ੇਬ ਆਪਣੇ ਪਿਤਾ ਪਾਸ ਕੇਵਲ ਦਿਲ-ਰੱਖਣੀ ਕਰਨ ਲਈ ਆਇਆ ਤਾਂ ਸ਼ਾਹ ਜਹਾਨ ਨੇ ਕਿਹਾ ਸੀ, ‘ਤੂੰ ਵੀ ਮੇਰਾ ਪੁੱਤਰ ਹੈਂ ਪਰ ਤੇਰੇ ਜੈਸਾ ਪਾਪੀ ਤੇ ਕਠੋਰ ਪੁੱਤਰ ਅੱਜ ਤਕ ਦੁਨੀਆਂ ਵਿਚ ਹੋਰ ਕੋਈ ਪੈਦਾ ਨਹੀਂ ਹੋਇਆ।’ ਪਿਤਾ ਵੱਲੋਂ ਆਪਣੇ ਪੁੱਤਰ ਨੂੰ ਅਜਿਹੇ ਸ਼ਬਦਾਂ ਨਾਲ ਕਹਿਣਾ ਸ਼ਾਇਦ ਇਤਿਹਾਸ ਦੇ ਪੰਨਿਆਂ ਵਿਚ ਔਰੰਗਜ਼ੇਬ ਦੇ ਹੀ ਹਿੱਸੇ ਆਇਆ ਸੀ। ਇਥੋਂ ਤਕ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਔਰੰਗਜ਼ੇਬ ਨੂੰ ‘ਜ਼ਫ਼ਰਨਾਮੇ’ ਵਿਚ ਕਪਟੀ, ਚਲਾਕ, ਮੱਕਾਰ, ਨਿਰਦਈ, ਜ਼ਾਲਮ ਆਦਿ ਦੇ ਵਿਸ਼ੇਸ਼ਣਾਂ ਨਾਲ ਬਿਆਨਿਆ ਹੈ ਜੋ ਪੈਰ-ਪੈਰ ’ਤੇ ਝੂਠ ਬੋਲਦਾ ਹੈ, ਜਿਸ ਦੀ ਕਥਨੀ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਆਪ ਜੀ ਨੇ ਔਰੰਗਜ਼ੇਬ ਨੂੰ ਪੈਗ਼ਾਮ ਦੇ ਉੱਤਰ ਵਜੋਂ ਲਿਖਿਆ ਸੀ, ‘(ਐ ਔਰੰਗਜ਼ੇਬ!) ਮੈਂ ਤੈਨੂੰ ਖ਼ੁਦਾਪ੍ਰਸਤ ਨਹੀਂ ਸਮਝਦਾ। ਤੂੰ ਲੋਕਾਂ ਨੂੰ ਬੜੇ ਦੁੱਖ ਦਿੱਤੇ ਹਨ। ਤੂੰ ਤਾਕਤਵਰ ਹੋ ਕੇ ਕਮਜ਼ੋਰਾਂ ’ਪੁਰ ਜ਼ੁਲਮ ਢਾਹ ਰਿਹਾ ਹੈਂ। ਤੇਰੇ ਲਈ ਸ਼ਾਇਦ ਇਹੋ ਇਨਸਾਫ਼ ਹੋਵੇ ਕਿ ਕਸਮਾਂ ਖਾ ਕੇ ਇਕਰਾਰਾਂ ਨੂੰ ਤੋੜਿਆ ਜਾਵੇ…।’

ਔਰੰਗਜ਼ੇਬ ਨੇ ਗੱਦੀ ’ਤੇ ਬੈਠਦਿਆਂ ਹੀ ਸੰਗੀਤ ਤੇ ਨਾਚ-ਗਾਣੇ ਬੰਦ ਕਰਵਾ ਦਿੱਤੇ। ਇਸ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਗਈ, ਜਿਸ ਦੇ ਸਿੱਟੇ ਵਜੋਂ ਰਾਜ ਵਿਚ ਸੋਗੀ ਜਿਹਾ ਵਾਤਾਵਰਣ ਪੈਦਾ ਹੋ ਗਿਆ ਸੀ। ਗ਼ੈਰ-ਮੁਸਲਮਾਨਾਂ ’ਤੇ ਤਾਂ ਇਕ ਤਰ੍ਹਾਂ ਕਹਿਰ ਹੀ ਟੁੱਟ ਪਿਆ ਸੀ। ਗ਼ੈਰ-ਮੁਸਲਮਾਨਾਂ ਨੂੰ ਨੀਵਾਂ ਵਿਖਾਉਣ ਅਤੇ ਇਸਲਾਮ ਨੂੰ ਪ੍ਰਫੁੱਲਤ ਕਰਨ ਲਈ ਹਰ ਤਰ੍ਹਾਂ ਦੇ ਹੱਥ-ਕੰਡੇ ਅਪਣਾਏ ਗਏ। ਮੈਕਾਲਫ਼ ਨੇ ਮੁਸਲਮਾਨ ਇਤਿਹਾਸਕਾਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਮੁਸਲਮਾਨ ਬਾਦਸ਼ਾਹਾਂ ਦੇ ਸਮੇਂ ਗ਼ੈਰ-ਮੁਸਲਮਾਨਾਂ ਨਾਲ ਕੀ ਸਲੂਕ ਕੀਤਾ ਜਾਂਦਾ ਸੀ। ਮੁਗ਼ਲਾਂ ਦੇ ਸਮੇਂ ਗ਼ੈਰ-ਮੁਸਲਮਾਨਾਂ ਨੂੰ ‘ਕਾਫ਼ਰ’ ਕਿਹਾ ਜਾਂਦਾ ਸੀ। ਕਾਜ਼ੀਆਂ ਦਾ ਫਤਵਾ ਸੀ ਕਿ ਗ਼ੈਰ-ਮੁਸਲਮਾਨਾਂ ਨੂੰ ਖ਼ੁਦਾ ਨੇ ਮੁਸਲਮਾਨਾਂ ਦੀ ਖ਼ਿਦਮਤ ਲਈ ਹੀ ਵਜ਼ੂਦ ਵਿਚ ਲਿਆਂਦਾ ਹੈ। ਭਾਈ ਗੁਰਦਾਸ ਜੀ ਨੇ ਇਸ ਸਥਿਤੀ ਦਾ ਵਰਣਨ ਆਪਣੀ ਵਾਰ ਵਿਚ ਇਸ ਪ੍ਰਕਾਰ ਕੀਤਾ ਹੈ:

ਠਾਕੁਰ ਦੁਆਰੇ ਢਾਹਿ ਕੈ ਤਿਹਿ ਠਉੜੀ ਮਾਸੀਤਿ ਉਸਾਰਾ।  (ਵਾਰ 1;20)

ਔਰੰਗਜ਼ੇਬ ਕੱਟੜ ਮੁਸਲਮਾਨ ਸੀ ਅਤੇ ਧਾਰਮਿਕ ਸਹਿਨਸ਼ੀਲਤਾ ਤੋਂ ਬਿਲਕੁਲ ਕੋਰਾ ਸੀ। ਉਸ ਨੇ ਹਿੰਦੂਆਂ ਦੇ ਮੰਦਰ ਤੇ ਪੂਜਾ ਦੇ ਸਥਾਨਾਂ ਦੀ ਵੀ ਨਿਰਾਦਰੀ ਕੀਤੀ। ਕਿਸੇ ਵੀ ਹਿੰਦੂ ਅਮੀਰ ਜਾਂ ਹਿੰਦੂ ਪਰਜਾ ਨੂੰ ਚੰਗੇ ਕੱਪੜੇ ਪਹਿਨਣ, ਘੋੜਿਆਂ ਜਾਂ ਹਾਥੀਆਂ ਦੀ ਸਵਾਰੀ ਕਰਨ ਦੀ ਮਨਾਹੀ ਸੀ। ਇਥੋਂ ਤਕ ਕਿ ਹਿੰਦੂਆਂ ਨੂੰ ਕਿਸੇ ਉੱਚੀ ਪਦਵੀ ’ਤੇ ਵੀ ਨਹੀਂ ਸੀ ਰੱਖਿਆ ਜਾਂਦਾ। ਔਰੰਗਜ਼ੇਬ ਨੇ ਹਿੰਦੂ ਧਰਮ ਦੀ ਤਾਲੀਮ ਅਤੇ ਪਾਠ-ਪੂਜਾ ’ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਗ਼ੈਰ-ਮੁਸਲਮਾਨਾਂ ਨੂੰ ਆਪਣੇ ਧਰਮ ਲਈ ‘ਜਜ਼ੀਆ’ ਨਾਂ ਦਾ ਟੈਕਸ ਵੀ ਦੇਣਾ ਪੈਂਦਾ ਸੀ। ਹਿੰਦੂਆਂ ਨੂੰ ਇਸਲਾਮ ਕਬੂਲਣ ’ਤੇ ਜਾਗੀਰਾਂ ਤੇ ਅੱਛੇ ਰੁਤਬੇ ਵੀ ਦਿੱਤੇ ਜਾਂਦੇ ਸਨ ਜਿਨ੍ਹਾਂ ਤੋਂ ਆਮ ਹਿੰਦੂ ਪਰਜਾ ਨੂੰ ਮਹਿਰੂਮ ਰੱਖਿਆ ਜਾਂਦਾ ਸੀ। ਸਰਕਾਰੀ ਜ਼ੋਰੋ-ਜ਼ੁਲਮ ਨਾਲ ਵੀ ਹਿੰਦੂਆਂ ਨੂੰ ਇਸਲਾਮ ਵਿਚ ਲਿਆਂਦਾ ਜਾਂਦਾ ਸੀ। ਇਸ ਤੋਂ ਔਰੰਗਜ਼ੇਬ ਬਾਦਸ਼ਾਹ ਦੀ ਕੱਟੜ ਧਾਰਮਿਕ ਨੀਤੀ ਤੋਂ ਭਲੀ-ਭਾਂਤ ਜਾਣੂ ਹੋਇਆ ਜਾ ਸਕਦਾ ਹੈ। ਇਸ ਨੇ ਸੂਫ਼ੀ ਫ਼ਕੀਰ ‘ਤਬਰੇਜ਼’ ਨੂੰ ਕੁਫਰ ਦਾ ਫਤਵਾ ਦੇ ਕੇ ਤੜਫਾ-ਤੜਫਾ ਕੇ ਮਰਵਾ ਦਿੱਤਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕਰਵਾ ਕੇ ਇਹ ਨਾ ਮਿਟਣ ਵਾਲਾ ਕਲੰਕ ਸਦਾ ਲਈ ਆਪਣੇ ਮੱਥੇ ’ਤੇ ਲਗਵਾਇਆ। ਔਰੰਗਜ਼ੇਬ ਨੇ ਆਪ ਆਪਣੇ ਜ਼ੁਲਮਾਂ ਨੂੰ ਕਬੂਲ ਕੀਤਾ ਹੈ। ਉਸ ਦੀਆਂ ਅੰਤਮ ਸਮੇਂ ਆਪਣੇ ਪੁੱਤਰਾਂ ਨੂੰ ਲਿਖੀਆਂ ਗਈਆਂ ਚਿੱਠੀਆਂ ਤੋਂ ਇਹ ਪ੍ਰਮਾਣ ਪ੍ਰਾਪਤ ਹੁੰਦਾ ਹੈ। ਆਪਣੇ ਪੁੱਤਰ ਕਾਮ ਬਖਸ਼ ਨੂੰ ਇਕ ਚਿੱਠੀ ਵਿਚ ਇਸ ਪ੍ਰਕਾਰ ਲਿਖਿਆ ਹੈ:

 “…ਮੇਰੇ ਲਾਲ! ਜਿੰਨੇ ਗੁਨਾਹ ਮੈਂ ਕੀਤੇ ਹਨ, ਉਨ੍ਹਾਂ ਸਾਰਿਆਂ ਦੇ ਨਤੀਜੇ ਮੈਂ ਆਪਣੇ ਨਾਲ ਲਿਜਾ ਰਿਹਾ ਹਾਂ। ਖ਼ਾਲੀ ਹੱਥ ਆਇਆ ਸਾਂ ਪਰ ਹੁਣ ਪਾਪਾਂ ਦੀ ਭਰੀ ਗੱਠੜੀ ਸਿਰ ਪੁਰ ਚੁੱਕੀ ਵਾਪਸ ਜਾ ਰਿਹਾ ਹਾਂ। ਪੂਰੇ ਬਾਰਾਂ ਦਿਨ ਤਕੜਾ ਬੁਖ਼ਾਰ ਰਿਹਾ ਹੈ ਤੇ ਹੁਣ ਉਹ ਵੀ ਮੈਨੂੰ ਇਕੱਲਿਆਂ ਛੱਡ ਕੇ ਚਲਾ ਗਿਆ ਹੈ। ਮੈਨੂੰ ਖ਼ੁਦਾ ਤੋਂ ਬਿਨਾਂ ਹੋਰ ਕੋਈ ਮਦਦਗਾਰ ਨਹੀਂ ਨਜ਼ਰ ਆਉਂਦਾ…. ਮੈਂ ਬੜਾ ਪਾਪੀ ਹਾਂ…। ਪਤਾ ਨਹੀਂ ਮੇਰਾ ਕਿਵੇਂ ਅੰਤ ਹੋਵੇਗਾ… ਮੇਰੀ ਹਾਲਤ ਪਲ-ਪਲ ਖ਼ਰਾਬ ਹੁੰਦੀ ਜਾ ਰਹੀ ਹੈ…ਆਖ਼ਰੀ ਸਲਾਮ…।”

ਉਪਰੋਕਤ ਹਵਾਲਿਆਂ ਤੋਂ ਮੁਗ਼ਲ ਕਾਲ ਦੀ ਸਮਾਜਿਕ ਅਤੇ ਰਾਜਨੀਤਿਕ ਦਸ਼ਾ ਬਾਰੇ ਭਲੀ-ਭਾਂਤ ਅਨੁਮਾਨ ਲਗਾਇਆ ਜਾ ਸਕਦਾ ਹੈ। ਔਰੰਗਜ਼ੇਬ ਦੇ ਸਮੇਂ ਕਸ਼ਮੀਰ ਵਿਚ ਪੰਡਤਾਂ ਨੂੰ ਮੁਸਲਮਾਨ ਬਣਾਉਣ ਲਈ ਪੂਰਾ ਜ਼ੋਰ ਲਾਇਆ ਗਿਆ। ਉਨ੍ਹਾਂ ਦਾ ਧਰਮ ਖ਼ਤਰੇ ਵਿਚ ਪੈਣ ਲੱਗਾ। ਪੰਡਤਾਂ ਨੇ ਸਭ ਪਾਸੇ ਨਜ਼ਰ ਦੁੜਾਈ ਜੋ ਉਨ੍ਹਾਂ ਦੇ ਧਰਮ ਦੀ ਰੱਖਿਆ ਕਰ ਸਕੇ। ਆਖ਼ਰਕਾਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਦੇ ਵਾਰਸ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲ ਉਨ੍ਹਾਂ ਦਾ ਧਿਆਨ ਗਿਆ ਜੋ ਪਰਉਪਕਾਰੀ ਤੇ ਸਹਾਇਕ ਸਨ। ਪੰਡਿਤ ਕਿਰਪਾ ਰਾਮ ਮਟਨ ਦੀ ਅਗਵਾਈ ਹੇਠ ਕਸ਼ਮੀਰੀ ਪੰਡਿਤ ਇਕੱਠੇ ਹੋ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਅਨੰਦਪੁਰ ਸਾਹਿਬ ਆਪਣੇ ਧਰਮ ਦੀ ਰੱਖਿਆ ਲਈ ਫ਼ਰਿਆਦ ਲੈ ਕੇ ਪੁੱਜੇ। ਇਸ ਦਾ ਬਿਆਨ ਕਵੀ ਸੇਵਾ ਸਿੰਘ ਨੇ ‘ਸ਼ਹੀਦ ਬਿਲਾਸ ਭਾਈ ਮਨੀ ਸਿੰਘ’ ਵਿਚ ਇਸ ਪ੍ਰਕਾਰ ਕੀਤਾ ਹੈ:

ਹਾਥ ਜੋੜ ਕਹਿਯੋ ਕਿਰਪਾ ਰਾਮ।
ਦੱਤ ਬ੍ਰਾਹਮਣ ਮਟਨ ਗ੍ਰਾਮ।
ਹਮਰੋ ਬਲ ਅਬ ਰਹਯੋ ਨਹਿ ਕਾਈ।
ਹੇ ਗੁਰ ਤੇਗ ਬਹਾਦਰ ਗਈ।
… ਫਿਰਤ ਫਿਰਤ ਪ੍ਰਭ ਆਏ ਥਾਰੇ।
ਥਾਕ ਪਰੈ ਹਉਂ ਤਉਂ ਦਰਬਾਰੇ। (ਸਫ਼ਾ 59)

ਗੁਰੂ ਸਾਹਿਬ ਨੇ ਕਸ਼ਮੀਰੀ ਪੰਡਿਤਾਂ ਦੀ ਦਰਦ-ਭਰੀ ਵਿਥਿਆ ਸੁਣੀ ਤੇ ਕਿਹਾ, “ਜਾ ਕੇ ਔਰੰਗਜ਼ੇਬ ਨੂੰ ਸੰਦੇਸ਼ ਪਹੁੰਚਾ ਦਿਉ। ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਦੇ ਨੌਵੇਂ ਜਾਮੇ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਲਾਮ ਵਿਚ ਲਿਆਂਦਾ ਜਾਵੇ। ਅਸੀਂ ਆਪਣੇ ਆਪ ਹੀ ਇਸਲਾਮ ਕਬੂਲ ਕਰ ਲਵਾਂਗੇ।” ਇਹ ਸੁਣਦਿਆਂ ਹੀ ਕਸ਼ਮੀਰੀ ਪੰਡਤਾਂ ਦੇ ਸਾਹ ਵਿਚ ਸਾਹ ਆਇਆ। ਗੁਰੂ ਸਾਹਿਬ ਦਾ ਸੰਦੇਸ਼ ਔਰੰਗਜ਼ੇਬ ਤਕ ਪਹੁੰਚਾਇਆ ਗਿਆ। ਔਰੰਗਜ਼ੇਬ ਤਾਂ ਪਹਿਲਾਂ ਹੀ ਕਿਸੇ ਬਹਾਨੇ ਦੀ ਤਲਾਸ਼ ਵਿਚ ਸੀ ਜਿਸ ਨਾਲ ਬਾਬੇ ਨਾਨਕ ਦੀ ਗੱਦੀ ਦਾ ਖੁਰਾ-ਖੋਜ ਮਿਟਾਇਆ ਜਾ ਸਕੇ। ਉਸ ਨੇ ਤਤਕਾਲ ਹੀ ਗੁਰੂ ਜੀ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕਰ ਦਿੱਤੇ। ਉੱਧਰ ਗੁਰੂ ਜੀ ਨੌਂ ਸਾਲ ਦੀ ਆਯੂ ਦੇ ਬਾਲਕ ਗੋਬਿੰਦ ਰਾਇ ਜੀ ਦੇ ਮੋਢਿਆਂ ’ਤੇ ਸਾਰਾ ਭਾਰ ਸੌਂਪ ਕੇ ਆਪ ਦਿੱਲੀ ਵੱਲ ਨੂੰ ਗ੍ਰਿਫ਼ਤਾਰੀ ਦੇਣ ਲਈ ਚੱਲ ਪਏ। ਆਪ ਜੀ ਦੀ ਬਾਣੀ ਅਨੁਸਾਰ ਇਹ ਸਰੀਰ ਜੋ ਨਾਸ਼ਵਾਨ ਹੈ, ਇਸ ਨੂੰ ਕਿਸੇ ਲੇਖੇ ਲਾ ਕੇ ਹੀ ਦੁਨੀਆਂ ਦਾ ਉੱਧਾਰ ਹੋ ਸਕਦਾ ਹੈ। ਵਿਸ਼ਵ-ਸਾਹਿਤ ਦੇ ਸ਼ਹੀਦਾਂ ਦੇ ਇਤਿਹਾਸ ਵਿਚ ਅਜਿਹੀ ਕੋਈ ਗਵਾਹੀ ਨਹੀਂ ਮਿਲਦੀ ਜਿੱਥੇ ਮਕਤੂਲ (ਕਤਲ ਹੋਣ ਵਾਲਾ) ਖ਼ੁਦ ਕਾਤਲ ਪਾਸ ਚੱਲ ਕੇ ਆਇਆ ਹੋਵੇ ਪਰ ਗੁਰੂ ਜੀ ਨੇ ਇਹ ਅਨੋਖੀ ਪਿਰਤ ਵੀ ਪਾਈ। ਔਰੰਗਜ਼ੇਬ ਦੇ ਸਾਹਮਣੇ ਵੀ ਇਹ ਇਕ ਭਾਰੀ ਚੁਣੌਤੀ ਸੀ ਅਤੇ ਉਸ ਦੀ ਧਾਰਮਿਕ ਕੱਟੜਤਾ ਨੂੰ ਪੂਰਾ ਕਰਨ ਦਾ ਹੱਲ ਵੀ। ਗ੍ਰਿਫ਼ਤਾਰੀ ਦੇਣ ਸਮੇਂ ਆਪ ਨਾਲ ਅਤਿ ਨਜ਼ਦੀਕੀ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਸਨ। ਬਾਦਸ਼ਾਹ ਨੇ ਗੁਰੂ ਜੀ ਨੂੰ ਆਪਣੀ ਈਨ ਮਨਾਉਣ ਭਾਵ ਮੁਸਲਮਾਨ ਧਰਮ ਅਖ਼ਤਿਆਰ ਕਰਨ ਲਈ ਅਕਹਿ ਤੇ ਅਸਹਿ ਤਸੀਹੇ ਦਿੱਤੇ। ਆਪ ਜੀ ਨੂੰ ਲੋਹੇ ਦੀਆਂ ਸਲਾਖਾਂ ਵਾਲੇ ਪਿੰਜਰੇ ਵਿਚ ਬੰਦ ਰੱਖਿਆ ਗਿਆ ਸੀ। ਇਕ ਖੂੰਖਾਰ ਕੈਦੀ ਦੀ ਤਰ੍ਹਾਂ ਆਪ ’ਤੇ ਕਰੜਾ ਪਹਿਰਾ ਲਾਇਆ ਗਿਆ। ਇਸ ਸਭ ਕੁਝ ਨੂੰ ਗੁਰੂ ਜੀ ਸ਼ਾਂਤ-ਚਿੱਤ ਸਹਿੰਦੇ ਗਏ ਅਤੇ ਬਾਣੀ ਨਾਲ ਹੀ ਚਿੱਤ ਲਾਈ ਰੱਖਿਆ। ਆਪ ਸਾਰੇ ਭਾਣੇ ਨੂੰ ਜਾਣਦੇ ਸਨ। ਆਪ ਦੇ ਸਾਹਮਣੇ ਹੀ ਭਾਈ ਮਤੀ ਦਾਸ ਜੀ ਨੂੰ ਤਖ਼ਤਿਆਂ ਵਿਚ ਜਕੜ ਕੇ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਜੀ ਨੂੰ ਤਪਦੇ ਕੜਾਹੇ ਵਿਚ ਪਾ ਕੇ ਆਲੂ ਵਾਂਗ ਉਬਾਲ ਕੇ ਸ਼ਹੀਦ ਕੀਤਾ ਗਿਆ। ਭਾਈ ਸਤੀ ਦਾਸ ਜੀ ਦੇ ਸਰੀਰ ਨੂੰ ਰੂੰ ਵਿਚ ਲਪੇਟ ਕੇ ਅੱਗ ਲਗਾ ਕੇ ਚਾਂਦਨੀ ਚੌਕ ਵਿਚ ਸ਼ਹੀਦ ਕੀਤਾ ਗਿਆ। ਇਹ ਸਭ ਗੁਰੂ ਜੀ ਨੂੰ ਭੈ-ਭੀਤ ਕਰਨ ਲਈ ਕੀਤਾ ਗਿਆ ਪਰੰਤੂ ਗੁਰੂ ਜੀ ਦਾ ਤਾਂ ਸੰਦੇਸ਼ ਹੀ ਇਹੋ ਸੀ: “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ” ਤੇ ਇਹ ਸਭ ਡਰਾਵੇ ਅਤੇ ਦੁੱਖ ਗੁਰੂ ਜੀ ਨੂੰ ਆਪਣੇ ਅਕੀਦੇ ਤੋਂ ਨਾ ਡੁਲ੍ਹਾ ਸਕੇ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਸਾਕਾ 11 ਨਵੰਬਰ 1675 ਈ. ਨੂੰ ਹੋਇਆ। ਔਰੰਗਜ਼ੇਬ ਹਰ ਤਰ੍ਹਾਂ ਨਾਲ ਲੋਕਾਂ ਨੂੰ ਵੀ ਸ਼ਹਾਦਤ ਦਾ ਖ਼ੌਫ਼ ਦੇਣਾ ਚਾਹੁੰਦਾ ਸੀ। ਉਸ ਦਾ ਮਕਸਦ ਸ਼ਹਾਦਤ ਪਿੱਛੋਂ ਗੁਰੂ ਜੀ ਦੇ ਸੀਸ ਨੂੰ ਜਲੂਸ ਦੀ ਸ਼ਕਲ ਵਿਚ ਬਜ਼ਾਰਾਂ ਵਿਚ ਲਿਜਾ ਕੇ ਲੋਕਾਂ ਨੂੰ ਭੈ-ਭੀਤ ਕਰਨਾ ਵੀ ਸੀ ਪਰ ਜਾਂਬਾਜ਼ਾਂ ਨੂੰ ਕੌਣ ਖ਼ੌਫ਼ ਦੇ ਸਕਿਆ ਹੈ? ਉਸ ਨੇ ਜੋ ਚਾਹਿਆ ਉਹ ਨਾ ਹੋ ਸਕਿਆ। ਸ਼ਹਾਦਤ ਸਮੇਂ ਸਭ ਪਾਸੇ ਕਰੜੇ ਪਹਿਰੇ ਲਾ ਦਿੱਤੇ ਗਏ ਅਤੇ ਮੁਨਿਆਦੀ ਕਰਵਾ ਦਿੱਤੀ ਗਈ ਤਾਂ ਕਿ ਲੋਕ ਆਪਣੀਆਂ ਅੱਖਾਂ ਨਾਲ ਸ਼ਹਾਦਤ ਵੇਖ ਸਕਣ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਵਿਚ ਸ਼ਹਾਦਤ ਵਾਲੀ ਥਾਂ ’ਤੇ (ਜਿੱਥੇ ਅੱਜਕਲ੍ਹ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ) ਲਿਆਂਦਾ ਗਿਆ। ਗੁਰੂ ਜੀ ਨੂੰ ਕਿਹਾ ਗਿਆ ਕਿ ਹੁਣ ਸ਼ਹਾਦਤ ਲਈ ਤਿਆਰ ਹੋ ਜਾਣ ਜਾਂ ਕੋਈ ਕਰਾਮਾਤ ਕਰ ਕੇ ਵਿਖਾਉਣ ਪਰ ਗੁਰੂ ਜੀ ਨੇ ਸ਼ਹਾਦਤ ਦੇਣਾ ਹੀ ਕਬੂਲ ਕੀਤਾ। ਗੁਰੂ ਜੀ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ। ਸਭ ਪਾਸੇ ਹਾਹਾਕਾਰ ਮੱਚ ਗਈ। ਭਗਦੜ ਮੱਚ ਗਈ ਤੇ ਸਭ ਪਾਸੇ ਅੰਧੇਰਾ ਛਾ ਗਿਆ। ਇਸ ਦਾ ਲਾਭ ਉਠਾ ਕੇ ਭਾਈ ਲੱਖੀ ਸ਼ਾਹ ਨੇ ਪਹਿਲਾਂ ਬਣਾਈ ਵਿਉਂਤ ਅਨੁਸਾਰ ਜੋ ਆਪਣੇ ਨਾਲ ਗੱਡੇ ਲੈ ਕੇ ਆਇਆ ਸੀ, ਬਗ਼ੈਰ ਕਿਸੇ ਝਿਜਕ ਦੇ ਫੁਰਤੀ ਨਾਲ ਸਭ ਦੇ ਸਾਹਮਣੇ ਧੜ ਨੂੰ ਗੱਡੇ ਵਿਚ ਪਾ ਲਿਆ ਤੇ ਆਪਣੇ ਘਰ ਲੈ ਗਿਆ। ਛੇਤੀ ਨਾਲ ਇਸ਼ਨਾਨ ਕਰਵਾ ਕੇ ਆਪਣੇ ਘਰ ਵਿਚ ਹੀ ਧੜ ਦਾ ਸਸਕਾਰ ਕਰ ਦਿੱਤਾ। ਦੂਸਰੇ ਪਾਸੇ ਭਾਈ ਜੈਤਾ ਜੀ ‘ਰੰਘਰੇਟਾ ਸਿੰਘ’ ਗੁਰੂ ਜੀ ਦਾ ਸੀਸ ਲੈ ਕੇ ਬਚਦਾ- ਬਚਾਉਂਦਾ ਅਨੰਦਪੁਰ ਸਾਹਿਬ ਪੁੱਜਾ ਅਤੇ ਸਤਿਕਾਰ ਨਾਲ ਬਾਲ ਸ੍ਰੀ ਗੁਰੂ ਗੋਬਿੰਦ ਰਾਇ (ਸਿੰਘ) ਨੂੰ ਸੀਸ ਭੇਟਾ ਕੀਤਾ। ਉਸ ਦੇ ਸਿਦਕ ਨੂੰ ਵੇਖ ਕੇ ਗੁਰੂ ਸਾਹਿਬ ਨੇ ਵਰ ਦਿੱਤਾ, ‘ਰੰਘਰੇਟੇ ਗੁਰੂ ਕੇ ਬੇਟੇ’। ਉੱਧਰ ਕਾਜ਼ੀ ਪਾਗਲ ਹੋਇਆ ਫਿਰਦਾ ਸੀ ਕਿ ਗੁਰੂ ਜੀ ਦਾ ਸੀਸ ਤੇ ਧੜ ਇਤਨੇ ਕਰੜੇ ਪਹਿਰੇ ਵਿੱਚੋਂ ਕੌਣ ਲੈ ਗਿਆ?

ਇਹ ਸ਼ਹਾਦਤ ਗੁਰੂ ਸਾਹਿਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਸਿਧਾਂਤਾਂ ਦਾ ਇਕ ਕ੍ਰਿਸ਼ਮਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਟੁੱਟ ਜਾਣ ਵਾਲੇ ਜੰਞੂ ਨੂੰ ਪਾਉਣ ਤੋਂ ਇਨਕਾਰ ਕਰ ਕੇ ਪਹਿਲਕਦਮੀ ਕੀਤੀ ਸੀ ਤੇ ਅਜਿਹਾ ਜਨੇਊ ਪਾਉਣ ਲਈ ਕਿਹਾ ਸੀ, “ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥” ਉਸ ਵੇਲੇ ਦੀ ਪ੍ਰਚਲਤ ਰੀਤੀ ਦੇ ਵਿਰੁੱਧ ਸ੍ਰੀ ਗੁਰੂ ਨਾਨਕ ਸਾਹਿਬ ਨੇ ਆਵਾਜ਼ ਉਠਾਈ ਸੀ। ਇਸੇ ਗੱਦੀ ਦੇ ਵਾਰਸ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦੇ ਕੇ ਜ਼ਬਰਦਸਤੀ ਜਨੇਊ ਲਾਹੁਣ ਅਤੇ ਹਿੰਦੂ ਧਰਮ ਨੂੰ ਮੁਸਲਮਾਨ ਧਰਮ ਵਿਚ ਰਲ਼ ਜਾਣ ਤੋਂ ਬਚਾਇਆ ਜਿਸ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫ਼ੁਰਮਾਇਆ ਹੈ:

ਤਿਲਕ ਜੰਞੂ ਰਾਖਾ ਪ੍ਰਭ ਤਾਕਾ॥
ਕੀਨੋ ਬਡੋ ਕਲੂ ਮਹਿ ਸਾਕਾ॥ (ਬਚਿਤ੍ਰ ਨਾਟਕ, ਪਾ:10)

ਦੂਸਰੇ ਧਰਮ ਦੀ ਰੱਖਿਆ ਲਈ ਆਪਣੇ ਆਪ ਨੂੰ ਕੁਰਬਾਨ ਕਰਨਾ ਸਿੱਖੀ ਦੇ ਹਿੱਸੇ ਹੀ ਆਇਆ ਹੈ। ਕਰਾਮਾਤ ਵਿਖਾਉਣੀ ਵੀ ਸਿੱਖ ਧਰਮ ਦੇ ਸਿਧਾਂਤਾਂ ਦੇ ਉਲਟ ਹੈ। ਇਸ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੋਈ ਕਰਾਮਾਤ ਨਹੀਂ ਵਿਖਾਈ। ਇਕ ਉੱਚ ਆਦਰਸ਼ ’ਤੇ ਚੱਲ ਕੇ ਆਪ ਜੀ ਨੇ ਕੌਮ ਨੂੰ ਸਿੱਧੇ ਰਸਤੇ ਪਾਇਆ ਅਤੇ ਸ਼ਹਾਦਤ ਦੇ ਕੇ ਸਭ ਸ਼ਹੀਦਾਂ ’ਚੋਂ ਸਿਰਕੱਢ ਹੋ ਕੇ ਸਦਾ ਲਈ ਸਿੱਖੀ ਦੀ ਸ਼ਾਨ ਵਧਾਈ। ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਭਾਈ ਨੰਦ ਲਾਲ ਜੀ ਗੋਯਾ ਨੇ ਇਸ ਪ੍ਰਕਾਰ ਬਿਆਨਿਆ ਹੈ:

ਗੁਰੂ ਤੇਗ ਬਹਾਦਰ ਆਂ ਸਰਾ-ਪਾ ਅਫ਼ਜ਼ਾਲ।
ਜ਼ੀਨਤ ਆਰਾਏ ਮਹਿਫ਼ਲੇ ਜਾਹੋ ਜਲਾਲ॥99॥
ਅਨਵਾਰੇ ਹੱਕ ਅਜ਼ ਵਜ਼ੂਦੇ ਪਾਕਸ਼ ਰੌਸ਼ਨ।
ਹਰ ਦੋ ਆਲਮ ਜ਼ਿ ਫੈਜ਼ੇ ਫ਼ਜ਼ਲਸ਼ ਰੌਸ਼ਨ॥100॥

ਭਾਵ ਗੁਰੂ ਤੇਗ ਬਹਾਦਰ ਸਿਰ ਤੋਂ ਪੈਰਾਂ ਤਕ ਮਿਹਰ, ਪੁੰਜ, ਦਬਦਬੇ ਤੇ ਜਲਾਲ ਦੀ ਸਭਾ ਨੂੰ ਸਜਾਉਣ ਵਾਲਾ ਹੈ। ਹੱਕ ਦੇ ਨੂਰ ਉਸ ਦੇ ਪਵਿੱਤਰ ਵਜੂਦ ਤੋਂ ਰੌਸ਼ਨ ਹਨ। ਦੋਵੇਂ ਜਹਾਨ ਉਸ ਦੀਆਂ ਮਿਹਰਾਂ ਦੇ ਫੈਜ਼ ਨਾਲ ਰੌਸ਼ਨ ਹਨ।

ਔਰੰਗਜ਼ੇਬ ਦੀ ਗੁਰੂ ਜੀ ਨੂੰ ਸ਼ਹੀਦ ਕਰਨ ਦੀ ਸਾਜ਼ਿਸ਼ ਤਾਂ ਕਾਮਯਾਬ ਹੋਈ ਪਰੰਤੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਾਨ ਨੂੰ ਚਾਰ ਚੰਨ ਲੱਗ ਗਏ। ਇਸ ਸ਼ਹਾਦਤ ਨੂੰ ਰਹਿੰਦੀ ਦੁਨੀਆਂ ਤਕ ਇਕ ਮਿਸਾਲੀ ਸ਼ਹਾਦਤ ਦੇ ਤੌਰ ’ਤੇ ਜਾਣਿਆ ਜਾਂਦਾ ਰਹੇਗਾ ਜਿਸ ਬਾਰੇ ਇਹ ਕਿਹਾ ਗਿਆ ਹੈ:

ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ॥ (ਬਚਿਤ੍ਰ ਨਾਟਕ, ਪਾ: 10)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

5707, ਫੇਜ਼ III, ਮਾਡਰਨ ਕੰਪਲੈਕਸ, ਮਨੀ ਮਾਜਰਾ, ਚੰਡੀਗੜ੍ਹ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)