ਮਾਂ ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਂਙੂੰ ਰੁਲ਼ ਜਾਓਗੇ।
ਕਬੀਰ ਫਰੀਦ ਮਹਾਂਪੁਰਸ਼ਾਂ ਨੇ, ਮਾਂ ਬੋਲੀ ਅਪਣਾਈ ਪੰਜਾਬੀ।
ਬੇਅੰਤ ਰਚਨਾ ਲਿਖ ਉਨ੍ਹਾਂ ਨੇ, ਓਸ ਸਮੇਂ ਦਰਸਾਈ ਪੰਜਾਬੀ।
ਗਿਣੇ ਨਾ ਜਾਣ ਅਸਾਡੇ ਕੋਲੋਂ, ਕਿੰਨੇ ਕਵੀਆਂ ਗਾਈ ਪੰਜਾਬੀ!
ਕੀਤਾ ਹੈ ਉਪਕਾਰ ਉਨ੍ਹਾਂ ਨੇ, ਦਿੱਤੀ ਹੈ ਵਡਿਆਈ ਪੰਜਾਬੀ।
ਸਰਬ ਸ੍ਰੇਸ਼ਟ ਧਰਮ ਗ੍ਰੰਥ ਵਿਚ, ਗੁਰੂ ਗ੍ਰੰਥ ਅਪਣਾਈ ਪੰਜਾਬੀ।
ਜਗਤ ਉਧਾਰਨ ਗੁਰੂ ਅਰਜਨ ਨੇ, ਬਾਣੀ ਹੈ ਰਚਨਾਈ ਪੰਜਾਬੀ।
ਭਾਈ ਗੁਰਦਾਸ ਲਿਖਾਰੀ ਪਾਸੋਂ, ਕੋਲ ਬੈਠ ਲਿਖਵਾਈ ਪੰਜਾਬੀ।
ਬੇਅੰਤ ਬੋਲੀਆਂ ਨਾਲ ਰਲ਼ਾ ਕੇ, ਸਭ ਨਾਲੋਂ ਵਡਿਆਈ ਪੰਜਾਬੀ।
ਗੁਰੂ ਗ੍ਰੰਥ ਦੀ ਰਚਨਾ ਕਰਕੇ, ਰਾਮਸਰ ਲਿਖਵਾਈ ਪੰਜਾਬੀ।
ਸੁਬ੍ਹਾ-ਸ਼ਾਮ ਨਿਤਨੇਮ ਹੈ ਕਰਨਾ, ਮਰਯਾਦਾ ਸਮਝਾਈ ਪੰਜਾਬੀ।
ਮਾਂ-ਬੋਲੀ ’ਤੇ ਮਾਣ ਹੈ ਸਾਨੂੰ, ਗੁਰੂਆਂ ਦੀ ਵਰੋਸਾਈ ਪੰਜਾਬੀ।
ਬੋਲੋ, ਪੜ੍ਹੋ, ਲਿਖੋ ਪੰਜਾਬੀ, ਸਾਡੇ ਵਿਰਸੇ ਆਈ ਪੰਜਾਬੀ।
ਸਮੇਂ-ਸਮੇਂ ਸਰਕਾਰਾਂ ਨੇ ਸੀ, ਅਣਗੌਲੀ ਕਰਵਾਈ ਪੰਜਾਬੀ।
ਬੇਦਰਦਾਂ, ਬੇਦਰਦੀ ਕਰ ਕੇ, ਮਾਂ-ਬੋਲੀ ਛੁਡਵਾਈ ਪੰਜਾਬੀ।
ਇਜਲਾਸੀਂ ਅੰਗਰੇਜ਼ੀ ਬੋਲਣ, ਉਨ੍ਹਾਂ ਨੂੰ ਨਾ ਭਾਈ ਪੰਜਾਬੀ।
ਮੇਰੀ ਹੈ ਅਪੀਲ ਉਨ੍ਹਾਂ ਨੂੰ, ਦਿੰਦੀ ਹੈ ਦੁਹਾਈ ਪੰਜਾਬੀ।
ਆਪਣਾ ਵਿਰਸਾ ਸਾਂਭ ਕੇ ਰੱਖੋ, ਰੁਲ ਕਿਤੇ ਨਾ ਜਾਈ ਪੰਜਾਬੀ!
ਹੁਣ ਹੀ ਬਣੋ ਸਿਆਣੇ ਵੀਰੋ, ਹੁਣ ਤਕ ਜੇ ਭੁਲਾਈ ਪੰਜਾਬੀ।
ਮਜੀਠ ਰੰਗ ਵਿਚ ਰੰਗ ਲਵੋ ਹੁਣ, ਰੰਗ ਮਜੀਠ ਰੰਗਾਈ ਪੰਜਾਬੀ।
ਸਭ ਲਿਖਾਰੀ ਵੀ ਅਪਣਾ ਲੌ, ਜਿਉ ‘ਦਿਲਦਾਰ’ ਅਪਣਾਈ ਪੰਜਾਬੀ।
ਲੇਖਕ ਬਾਰੇ
- ਵੈਦ ਗਿ. ਮਹਿਤਾਬ ਸਿੰਘ ‘ਦਿਲਦਾਰ’https://sikharchives.org/kosh/author/%e0%a8%b5%e0%a9%88%e0%a8%a6-%e0%a8%97%e0%a8%bf-%e0%a8%ae%e0%a8%b9%e0%a8%bf%e0%a8%a4%e0%a8%be%e0%a8%ac-%e0%a8%b8%e0%a8%bf%e0%a9%b0%e0%a8%98-%e0%a8%a6%e0%a8%bf%e0%a8%b2%e0%a8%a6%e0%a8%be/October 1, 2007