ਜਿਸ ਬਾਬੇ ਨੇ ਸਾਧਵੀਆਂ ਨਾਲ, ਚੰਨ ਚੜ੍ਹਾਏ ਨੇ,
ਚਰਚਾ ਵਿਚ ਅਖ਼ਬਾਰਾਂ, ਲੋਕਾਂ ਸਾਹਵੇਂ ਆਏ ਨੇ।
ਧੀਆਂ-ਭੈਣਾਂ ਦੀ ਇੱਜ਼ਤ ਨਾਲ, ਜੋ ਖਿਲਵਾੜ ਕਰੇ,
ਉਸ ਬਾਬੇ ਦੇ ਡੇਰੇ, ਨਾ ਕੋਈ ਭੁੱਲ ਕੇ ਪੈਰ ਧਰੇ!
ਹੀਰਿਆਂ-ਮੋਤੀਆਂ ਜੜੇ ਜੋ ਬਾਬੇ ਬਾਣੇ ਪਾਉਂਦੇ ਨੇ,
ਢੌਂਗ ਰਚਾ ਕੇ ਲੋਕਾਂ ਨੂੰ ਜੋ ਪਿੱਛੇ ਲਾਉਂਦੇ ਨੇ।
ਰੱਬ ਹੋਣ ਦੇ ਫੋਕੇ ਦਾਅਵੇ, ਕਰਨ ਜੋ ਬੜੇ-ਬੜੇ,
ਉਸ ਬਾਬੇ ਦੇ ਡੇਰੇ, ਨਾ ਕੋਈ ਭੁੱਲ ਕੇ ਪੈਰ ਧਰੇ!
ਗ਼ੈਰ-ਸਿਆਸੀ ਹੋਣ ਦੇ ਜਿਹੜੇ, ਹੋਕੇ ਲਾਂਦੇ ਨੇ,
ਚੋਣਾਂ ਲਈ ਪਰ ਵੋਟਾਂ ਦੇ ਵਿਚ, ਧਿਰ ਬਣ ਜਾਂਦੇ ਨੇ।
ਪਾਰਟੀਆਂ ਤੋਂ ਚੰਦੇ ਲੈ ਜੋ, ਉਨ੍ਹਾਂ ਨਾਲ ਖੜ੍ਹੇ,
ਉਸ ਬਾਬੇ ਦੇ ਡੇਰੇ, ਨਾ ਕੋਈ ਭੁੱਲ ਕੇ ਪੈਰ ਧਰੇ!
ਸਭ ਧਰਮਾਂ ਤੋਂ ਉੱਪਰ ਜਿਹੜੇ, ਖ਼ੁਦ ਨੂੰ ਕਹਿੰਦੇ ਨੇ,
ਧਰਮਾਂ ਦੀ ਸੁੱਚਤਾ ਨੂੰ, ਆੜੇ ਹੱਥੀਂ ਲੈਂਦੇ ਨੇ।
ਉੱਚੇ-ਸੁੱਚੇ ਧਰਮਾਂ ’ਤੇ ਬੇਖੌਫ਼, ਜੋ ਦੋਸ਼ ਮੜ੍ਹੇ,
ਉਸ ਬਾਬੇ ਦੇ ਡੇਰੇ, ਨਾ ਕੋਈ ਭੁੱਲ ਕੇ ਪੈਰ ਧਰੇ!
ਮਖਮਲੀ ਗੱਦਿਆਂ ਉੱਤੇ, ਜਿਹੜੇ ਆਸਣ ਲਾਉਂਦੇ ਨੇ,
ਏ.ਸੀ. ਭੋਰੇ ਦੇ ਵਿਚ, ਜਿਹੜੇ ਸੇਜ ਵਿਛਾਉਂਦੇ ਨੇ।
ਬਾਡੀਗਾਰਡ ਜੋ ਰੱਖ ਕੇ ਰਾਖੀ, ਆਪਣੀ ਆਪ ਕਰੇ,
ਉਸ ਬਾਬੇ ਦੇ ਡੇਰੇ, ਨਾ ਕੋਈ ਭੁੱਲ ਕੇ ਪੈਰ ਧਰੇ!
ਕਈ ਸੌ ਏਕੜ ਦੇ ਵਿਚ ਜਿਸ ਨੇ, ਡੇਰਾ ਲਿਆ ਵਧਾ,
ਕੌਡੀਆਂ ਦੇ ਭਾਅ ਗਰੀਬਾਂ ਦੀ, ਜਿਸ ਲਈ ਜ਼ਮੀਨ ਹਥਿਆ।
‘ਨਰਿੰਦਰ ਸਿੰਘਾ’ ਜੋ ਕਈ-ਕਈ ਲੱਖਾਂ ਵਾਲੀ ਕਾਰ ਚੜ੍ਹੇ,
ਉਸ ਬਾਬੇ ਦੇ ਡੇਰੇ, ਨਾ ਕੋਈ ਭੁੱਲ ਕੇ ਪੈਰ ਧਰੇ!
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ