ਭਗਤੀ ਲਹਿਰ ਵਿੱਚੋਂ ਉਭਰੇ ਭਗਤ ਨਾਮਦੇਵ ਜੀ ਪਹਿਲੇ ਸ਼੍ਰੋਮਣੀ ਭਗਤ ਹੋਏ, ਜਿਨ੍ਹਾਂ ਦੀ ਰਚੀ ਬਾਣੀ ਦੇ 61 ਸ਼ਬਦਾਂ ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਦਰਜ ਹੋਣ ਦਾ ਮਾਣ ਪ੍ਰਾਪਤ ਹੈ। ਭਗਤ ਨਾਮਦੇਵ ਜੀ ਦਾ ਜਨਮ 1270 ਈ. ਨੂੰ ਛੀਪਾ (ਛੀਂਬਾ) ਜਾਤ ਦੇ ਪਰਵਾਰ ਵਿਚ ਹੋਇਆ। ਆਪ ਜੀ ਦੇ ਬਜ਼ੁਰਗ ਨਰਸੀ ਬਾਮਣੀ ਦੇ ਪੱਕੇ ਵਸਨੀਕ ਸਨ ਪਰ ਆਪ ਜੀ ਦਾ ਬਚਪਨ ਦਾ ਸਮਾਂ ਪੰਡਰਪੁਰ ਵਿਖੇ ਬਤੀਤ ਹੋਇਆ। ਆਪ ਦੇ ਬਜ਼ੁਰਗ ਕੱਪੜੇ ਰੰਗਣ, ਠੇਕਣ (ਛਾਪੇਖਾਨਾ) ਅਤੇ ਕੱਪੜੇ ਸਿਉਣ ਦਾ ਕੰਮ ਕਰਦੇ ਸਨ। ਆਪ ਨੇ ਬਚਪਨ ਤੋਂ ਹੀ ਪ੍ਰਭੂ ਭਗਤੀ ਵੱਲ ਲਗਨ ਲਾ ਲਈ ਅਤੇ ਆਪਣਾ ਕਾਰੋਬਾਰ ਵੀ ਨਾਲੋ-ਨਾਲ ਕਰਦੇ ਰਹੇ।
ਭਗਤ ਨਾਮਦੇਵ ਜੀ ਨੇ, ਇਕ ਉੱਚ ਕੋਟੀ ਦੇ ਸਾਹਿਤਕਾਰ, ਕਵੀ, ਬ੍ਰਹਮ- ਗਿਆਨੀ ਹੋਣ ਦੇ ਨਾਤੇ, ਭਗਤ-ਬਾਣੀ ਦੇ ਨਾਲ-ਨਾਲ ਰਾਜਨੀਤਿਕ ਜ਼ੁਲਮਾਂ, ਸਮਾਜਿਕ ਗਿਰਾਵਟਾਂ ਦੇ ਖ਼ਿਲਾਫ਼ ਵੀ ਆਵਾਜ਼ ਉਠਾਈ। ਉਨ੍ਹਾਂ ਆਪਣੀ ਕ੍ਰਾਂਤੀਕਾਰੀ ਅਤੇ ਸਮਾਜ ਸੁਧਾਰਕ ਸਾਹਿਤਕ ਰਚਨਾ ਰਾਹੀਂ ਲੋਕਾਂ ਲਈ ਮਾਰਗ-ਦਰਸ਼ਨ ਦਾ ਕੰਮ ਕੀਤਾ।
ਭਗਤ ਨਾਮਦੇਵ ਜੀ ਨੇ ਇਸਤਰੀ ਦਾ ਸਤਿਕਾਰ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਰਾਹ ਸੱਚ, ਪ੍ਰੇਮ, ਸ਼ਰਧਾ ਅਤੇ ਪਿਆਰ ਦਾ ਰਾਹ ਸੀ। ਵਹਿਮਾਂ-ਭਰਮਾਂ ਦੇ ਤਿਆਗ ਨੂੰ ਭਗਤ ਜੀ ਨੇ ਬਾਣੀ ਅੰਦਰ ਇਸਤਰੀ ਨੂੰ ਘਰ ਵਿਚ ਯੋਗ ਥਾਂ ਦੇਣ ਲਈ ਭਗਤ ਨਾਮਦੇਵ ਜੀ ਨੇ ਬਾਣੀ ਵਿਚ ਇੰਞ ਫ਼ੁਰਮਾਇਆ ਹੈ:
ਘਰ ਕੀ ਨਾਰਿ ਤਿਆਗੈ ਅੰਧਾ॥
ਪਰ ਨਾਰੀ ਸਿਉ ਘਾਲੈ ਧੰਧਾ॥
ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ॥
ਅੰਤ ਕੀ ਬਾਰ ਮੂਆ ਲਪਟਾਨਾ॥ (ਪੰਨਾ 1164-65)
ਉਨ੍ਹਾਂ ਦੀ ਬਾਣੀ ਵਿਚ ਕਿਰਤ ਕਰਨ, ਵੰਡ ਕੇ ਛਕਣ, ਨਾਮ ਜਪਣ ਦਾ ਉਪਦੇਸ਼ ਮਿਲਦਾ ਹੈ। ਕਿਰਤ ਕਰਨ ਦੇ ਨਾਲ-ਨਾਲ ਸਿਮਰਨ ਨੂੰ ਵੀ ਆਪਸੀ ਸੁਮੇਲ ਕਰਨ ’ਤੇ ਜ਼ੋਰ ਦਿੱਤਾ:
ਰਾਂਗਨਿ ਰਾਂਗਉ ਸੀਵਨਿ ਸੀਵਉ॥
ਰਾਮ ਨਾਮ ਬਿਨੁ ਘਰੀਅ ਨ ਜੀਵਉ॥ (ਪੰਨਾ 485)
ਭਗਤ ਨਾਮਦੇਵ ਜੀ ਦੀ ਬਾਣੀ ਵਿਸ਼ਾ-ਵਸਤੂ ਅਤੇ ਸ਼ੈਲੀ ਦੇ ਪੱਖੋਂ ਉੱਤਮ ਪ੍ਰਤੀਕ ਹੁੰਦੀ ਹੈ। ਉਨ੍ਹਾਂ ਅਨੁਸਾਰ ਪਰਮਾਤਮਾ ਇਕ ਹੈ। ਉਨ੍ਹਾਂ ਨੇ ਨਾ ਕਿਸੇ ਦੇਹਧਾਰੀ ਗੁਰੂ ਦੇ ਰੂਪ ਵਿਚ, ਨਾ ਹੀ ਕਿਸੇ ਵਿਸ਼ੇਸ਼ ਧਰਮ ਨਾਲ ਜੁੜ ਕੇ ਪੂਜਾ ਕਰਨ ਦੀ ਗੱਲ ਕੀਤੀ ਹੈ, ਸਗੋਂ ਉਨ੍ਹਾਂ ਨੇ ਤਾਂ ਉਸ ‘ਏਕੰਕਾਰ’ ਦੀ ਹੀ ਗੱਲ ਕੀਤੀ ਹੈ ਜੋ ਕਿ ਸਰਬ-ਵਿਆਪਕ ਹੈ:
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥ (ਪੰਨਾ 875)
ਭਗਤ ਨਾਮਦੇਵ ਜੀ ਨੇ ਮਨੁੱਖ ਨੂੰ ਹੰਕਾਰ, ਲੋਭ, ਹਉਮੈ ਤੋਂ ਸੁਚੇਤ ਹੋਣ ਲਈ ਬਾਣੀ ਵਿਚ ਸਪੱਸ਼ਟ ਕਿਹਾ ਹੈ। ਇਸ ਮਨੁੱਖੀ-ਦੇਹੀ ਨੂੰ ਨਾਸ਼ਵਾਨ ਹੋਣ ਦਾ ਅਨੁਭਵ ਵੀ ਹਰ ਇਕ ਨੂੰ ਪਹਿਲਾਂ ਹੀ ਹੋਣਾ ਚਾਹੀਦਾ ਹੈ। ਇਸ ਲਈ ਕੋਈ ਵੀ ਮਨੁੱਖ ਇਸ ਧਰਤੀ ਉੱਪਰ ਸਦਾ ਰਹਿਣ ਦੀ ਖਾਹਿਸ਼ ਨਾ ਰੱਖੇ। ਪਰ ਮਨੁੱਖ ਇਹ ਸਭ ਕੁਝ ਭੁੱਲ ਜਾਂਦਾ ਹੈ ਉਹ ਆਪਣੇ ਕਾਰੋਬਾਰਾਂ ਵਿਚ ਇੰਨਾ ਰੁਲ ਜਾਂਦਾ ਹੈ ਕਿ ਪਰਮਾਤਮਾ ਨੂੰ ਭੁੱਲ ਹੀ ਜਾਂਦਾ ਹੈ। ਭਗਤ ਨਾਮਦੇਵ ਜੀ ਨੇ ਇਸ ਦੁਨੀਆਂ ਨੂੰ ਪਦਾਰਥਵਾਦੀ ਦੱਸਿਆ ਹੈ:
ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ॥ (ਪੰਨਾ 692)
ਭਗਤ ਨਾਮਦੇਵ ਜੀ ਰਚਨਾਤਮਕ ਇਨਕਲਾਬੀ ਵਿਚਾਰਧਾਰਾ ਦੇ ਹਾਮੀ ਸਨ। ਰੂੜ੍ਹੀਵਾਦੀ ਤੋਂ ਉੱਪਰ ਉੱਠਣ ਦੀ ਉਨ੍ਹਾਂ ਆਵਾਜ਼ ਉਠਾਈ। ਜਾਤ-ਪਾਤ ਦੀਆਂ ਵੰਡੀਆਂ ਜੋ ਬ੍ਰਾਹਮਣਵਾਦ ਦੀਆਂ ਪਾਈਆਂ ਹੋਈਆਂ ਸਨ, ਦੇ ਖਿਲਾਫ਼ ਆਪਣੀ ਬਾਣੀ ਅੰਦਰ ਆਵਾਜ਼ ਉਠਾਈ। ਉਨ੍ਹਾਂ ਨੇ ਸਮਕਾਲੀ ਸ਼ਾਸਕਾਂ ਦੀਆਂ ਲੋਕ-ਵਿਰੋਧੀ ਨੀਤੀਆਂ ਪ੍ਰਤੀ ਵੀ ਰੋਸ ਪ੍ਰਗਟ ਕੀਤਾ। ਭਾਰਤ ਵਿਚ ਉਸ ਸਮੇਂ, ਅਜਿਹੇ ਲੋਕ ਸਨ ਜਿਹੜੇ ਧਰਮ ਦੇ ਕੰਮਾਂ ਅਤੇ ਮਿਹਨਤ-ਮਜ਼ਦੂਰੀ ਵਾਲੇ ਕੰਮਾਂ ਨੂੰ ਵੱਖੋ-ਵੱਖਰੇ ਹੋਣ ’ਚ ਵਿਸ਼ਵਾਸ ਸਮਝਦੇ ਸਨ। ਭਗਤ ਨਾਮਦੇਵ ਜੀ ਨੇ ਧਰਮ ਤੇ ਕਿਰਤ ਨੂੰ ਅੱਡ-ਅੱਡ ਕਿੱਤੇ ਸਮਝਣ ਦੀ ਧਾਰਨਾ ਦਾ ਵਿਰੋਧ ਕੀਤਾ। ਉਨ੍ਹਾਂ ਅਨੁਸਾਰ ਧਰਮ ਦਾ ਮਨੁੱਖ ਦੇ ਅੰਦਰ ਨਾਲ ਅਤੇ ਕਿਰਤ ਦਾ ਸੰਬੰਧ ਮਨੁੱਖ ਦੇ ਬਾਹਰ ਨਾਲ ਹੈ। ਇਸ ਲਈ ਮਨੁੱਖ ਨੂੰ ਆਪਣਾ ਕੰਮ-ਕਾਰ ਕਰਦੇ ਸਮੇਂ ਪਰਮਾਤਮਾ ਨੂੰ ਆਪਣੇ ਮਨ ਅੰਦਰ ਜੋੜ ਕੇ ਰੱਖਿਆ ਜਾ ਸਕਦਾ ਹੈ। ਭਗਤ ਕਬੀਰ ਜੀ ਨੇ ਆਪਣੀ ਬਾਣੀ ਵਿਚ ਜ਼ਿਕਰ ਕੀਤਾ ਹੈ:
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ੍॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ (ਪੰਨਾ 1375-76)
ਆਪਣੇ ਜੀਵਨ ਦੇ ਅੰਤਮ ਦਿਨ ਭਗਤ ਨਾਮਦੇਵ ਜੀ ਨੇ ਪੰਜਾਬ ਵਿਚ ਆ ਕੇ ਬਤੀਤ ਕੀਤੇ। ਪਿੰਡ ਘੁਮਾਣ (ਗੁਰਦਾਸਪੁਰ) ਵਿਖੇ ਆਪ 80 ਸਾਲ ਦੀ ਆਯੂ ਭੋਗ ਕੇ 1350 ਈਸਵੀ ਵਿਚ ਪ੍ਰਲੋਕ ਸੁਧਾਰ ਗਏ। ਇਥੇ ਹਰ ਸਾਲ ਲੋਹੜੀ ਵਾਲੇ ਦਿਨ ਤੋਂ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਆਪਣੀਆਂ ਹਾਜ਼ਰੀਆਂ ਭਰਦੇ ਹੋਏ ਭਗਤ ਨਾਮਦੇਵ ਜੀ ਪ੍ਰਤੀ ਸ਼ਰਧਾ ਤੇ ਸਤਿਕਾਰ ਪ੍ਰਗਟ ਕਰਦੇ ਹਨ।
ਲੇਖਕ ਬਾਰੇ
ਰੂ ਤੇਗ ਬਹਾਦਰ ਨਗਰ, ਚੌਧਰੀ ਮਾਜਰਾ ਰੋਡ, ਨਾਭਾ ਪਟਿਆਲਾ
- ਹੋਰ ਲੇਖ ਉਪਲੱਭਧ ਨਹੀਂ ਹਨ