ਸੱਭਿਆਚਾਰ ਦਾ ਅਰਥ ਇਸ ਨੂੰ ‘ਸੱਭਿਆ+ਆਚਾਰ’ ਵਾਂਗ ਨਿਖੇੜ ਕੇ ਬਿਲਕੁਲ ਨਿੱਖਰ ਕੇ ਸਾਹਮਣੇ ਆ ਜਾਂਦਾ ਹੈ ਅਰਥਾਤ ਸੱਭਿਆ (ਸਾਊ) ਸੁਲਝਿਆ ਸੁਧਰਿਆ ਆਚਰਨ ਹੀ ਸੱਭਿਆਚਾਰ ਹੈ। ਪਰ ਇਉਂ ਇਹ ਗੱਲ ਕੇਵਲ ਵਿਅਕਤੀ ਨਾਲ ਜੁੜਦੀ ਹੈ। ਜਦੋਂ ਇਹ ਸ਼ਬਦ ਅਸੀਂ ਸਮਾਜ ਲਈ ਵਰਤਦੇ ਹਾਂ ਤਾਂ ਇਸ ਦੇ ਅਰਥ ਵੀ ਸਮਾਜ ਜਿੰਨੇ ਹੀ ਵਿਸ਼ਾਲ ਹੋ ਜਾਂਦੇ ਹਨ। ਇਸੇ ਲਈ ਹੀ ਸੱਭਿਆਚਾਰ ਨੂੰ ਕਈ ਵਾਰੀ ਸੱਭਿਅਤਾ ਜਾਂ ਸਦਾਚਾਰ ਦੇ ਅਰਥਾਂ ਲਈ ਵੀ ਵਰਤ ਲਿਆ ਜਾਂਦਾ ਹੈ। ਸ਼ਬਦ ‘ਸੰਸਕ੍ਰਿਤੀ’ ਸੁਧਰੀ-ਸੰਵਾਰੀ ਉਚੇਰੀ ਅਵਸਥਾ ਵੱਲ ਸੰਕੇਤ ਕਰਦਾ ਹੈ ਅਤੇ ਸ਼ਬਦ ਸੱਭਿਆਚਾਰ ਜਾਂ ‘ਕਲਚਰ’ ਪਾਲਣਾ, ਪੋਸਣਾ ਤੇ ਸਾਧਨਾ ਨਾਲ ਸੰਬੰਧਿਤ ਹੈ। ਕਿਉਂਕਿ ਉੱਨਤੀ ਸਦਾ ਹੀ ਕੁਝ ਸਿੱਖਣ ਨਾਲ ਹੁੰਦੀ ਹੈ ਤੇ ਸਿੱਖੀਦਾ ਸੁਣ ਕੇ, ਵੇਖ ਕੇ,ਪੜ੍ਹ ਕੇ ਤੇ ਮੰਨ ਕੇ ਹੈ। ਇਸੇ ਲਈ ਸਿੱਖੀ ਕਲਚਰ ਦਾ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਲਚਰ ਦਾ ਇਕ ਮੋਟਾ ਅਸੂਲ ਹੈ:
ਸੁਣਿਐ ਅੰਧੇ ਪਾਵਹਿ ਰਾਹੁ॥…
ਮੰਨੇ ਕੀ ਗਤਿ ਕਹੀ ਨ ਜਾਇ॥ (ਪੰਨਾ 3)
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ (ਪੰਨਾ 661)
‘ਇਸ ਸਿੱਖਣ ਦਾ ਕੰਮ ਸਭ ਰਾਸ਼ਟਰ, ਜਾਤੀਆਂ ਤੇ ਧਰਮ ਸ਼ੁਰੂ ਤੋਂ ਹੀ ਅਰੰਭ ਦੇਂਦੇ ਹਨ ਅਤੇ ਇਉਂ ਸੱਭਿਆਚਾਰ ਕੇਵਲ ਮਨੁੱਖ ਜਾਤੀ ਦਾ ਹੀ ਵਿਰਸਾ ਹੈ। (ਐਨਸਾਈਕਲੋਪੀਡੀਆ ਆਫ਼ ਸੋਸ਼ਿਲ ਸਾਇੰਸਜ਼) ਤੇ ਇਹ ਵੀ ਮਨੁੱਖੀ ਜਨਮ ਦੀ ਉਤਮਤਾ ਦਾ ਇਕ ਪ੍ਰਮਾਣ ਹੈ। ਇਹ ਸਿੱਖਣਾ ਅਤੇ ਬਦਲਣਾ ਜੀਵਨ ਦੇ ਲੱਗਭਗ ਹਰ ਪੱਖ ਉੱਤੇ ਹੁੰਦਾ ਹੈ। ਵਿਦਵਾਨ ਤਾਂ ਇਥੋਂ ਤਕ ਪੁੱਜੇ ਹਨ ਕਿ ਮਨੁੱਖਾਂ ਦੀ ਸਰੀਰਕ ਬਣਤਰ ਵਿਚ ਵੀ ਅੰਤਰ ਸਮੇਂ ਨਾਲ ਆਉਂਦਾ ਜਾਂਦਾ ਹੈ ਅਤੇ ਨਿਰੇ ਸਮੇਂ ਨਾਲ ਹੀ ਨਹੀਂ, ਇਹ ਅੰਤਰ ਥਾਵਾਂ, ਮੌਸਮਾਂ ਤੇ ਵਾਤਾਵਰਨ ਦੇ ਅੰਤਰ ਨਾਲ ਨਿੱਖਰਦਾ ਹੈ। ਦੂਰ ਨਾ ਜਾਈਏ, ਕਸ਼ਮੀਰ ਤੇ ਹੋਰ ਠੰਡੇ ਇਲਾਕਿਆਂ ਦੇ ਲੋਕ ਵਧੇਰੇ ਗੋਰੇ ਰੰਗ ਦੇ ਹਨ ਪਰ ਦੱਖਣੀ ਭਾਰਤ ਲੋਕਾਂ ਦਾ ਸ਼ਿਆਮ ਰੰਗ ਹੈ। ਇਹੋ ਗੱਲ ਖੁਰਾਕ, ਕੱਪੜੇ ਅਤੇ ਉਪਜੀਵਕਾ ਦੇ ਸਾਧਨਾਂ ਤੇ ਹੋਰ ਅਨੇਕਾਂ ਪੱਖਾਂ ਉੱਤੇ ਲਾਗੂ ਹੈ। ਇਥੋਂ ਤਕ ਕਿ ਕਾਨੂੰਨ, ਰੀਤਾਂ, ਰਸਮਾਂ ਉਪਜੀਵਕਾ ਦੇ ਸਾਧਨ ਭੀ ਇਸ ਕਲਚਰ ਦੀ ਹੱਦ ਵਿਚ ਆ ਜਾਂਦੇ ਹਨ ਅਤੇ ਸਾਰੇ ਹੀ ਸੱਭਿਆਚਾਰ ਦਾ ਹਿੱਸਾ ਬਣ ਜਾਂਦੇ ਹਨ। ਕੌਣ ਨਹੀਂ ਜਾਣਦਾ ਕਿ ਦਰਿਆਵਾਂ ਦੇ ਕਿਨਾਰੇ ਰਹਿਣ ਵਾਲੇ ਲੋਕ ਸੁਭਾਵਕ ਹੀ ਤਾਰੂ ਹੁੰਦੇ ਹਨ? ਇਸੇ ਤਰ੍ਹਾਂ ਮੱਛੀਆਂ ਫੜਨ ਵਾਲੇ ਅਤੇ ਬੇੜੀਆਂ ਚਲਾਉਣ ਵਾਲੇ ਵੀ। ਪੇਂਡੂ ਤੇ ਸ਼ਹਿਰੀਆਂ ਦੇ ਕਿੱਤਿਆਂ ਦਾ ਫ਼ਰਕ ਵੀ ਇਸੇ ਕਾਰਨ ਹੈ।
ਦੂਜੀ ਪ੍ਰਕਾਰ ਦਾ ਅੰਤਰ ਮਨੁੱਖ ਦੇ ਆਪਣੇ ਬਣਾਏ ਪਰ ਵਿਰਸੇ ਵਿਚ ਮਿਲੇ ਹੋਏ ਵਾਤਾਵਰਨ ਦਾ ਹੈ। ਇਹ ਗੱਲ ਵੀ ਉਤਲੀਆਂ ਮਿਸਾਲਾਂ ਤੋਂ ਹੀ ਪ੍ਰਤੱਖ ਹੈ। ਇਉਂ ਵਿਦਵਾਨ ਈਲੀਅਟ (Eliot) ਦੇ ਸੱਭਿਆਚਾਰ ਦੇ ਅਰਥਾਂ (ਪਰਿਭਾਸ਼ਾ) ਨੂੰ ਵੇਖ ਕੇ ਅਸੀਂ ਇਸ ਨੁਕਤੇ ਨੂੰ ਹੋਰ ਵੀ ਪ੍ਰਤੱਖ ਸਮਝ ਸਕਦੇ ਹਾਂ। ਉਸ ਦੇ ਸ਼ਬਦ ਹਨ:
“ਸੋ ਕਲਚਰ ਤੋਂ ਮੇਰਾ ਭਾਵ ਸਭ ਤੋਂ ਪਹਿਲਾਂ ਓਹੀ ਹੈ ਜੋ ਐਂਥਰੋਪਾਲੋਜਿਸਟ (ਵਿਸ਼ਾਲ ਭਾਵ ਵਿਚ ‘ਮਨੁੱਖ’ ਦੇ ਵਿਗਿਆਨੀ) ਦਾ ਹੁੰਦਾ ਹੈ ਅਰਥਾਤ ਇਕ ਥਾਂ ਉੱਤੇ ਇਕੱਠੇ ਰਹਿਣ ਵਾਲੇ ਲੋਕਾਂ ਦਾ ਜੀਵਨ ਢੰਗ । ਇਹ ਕਲਚਰ ਉਨ੍ਹਾਂ ਦੇ ਹੁਨਰਾਂ, ਸਮਾਜਿਕ ਤਰੀਕਿਆਂ ਆਦਿਕਾਂ, ਰਿਵਾਜਾਂ ਅਤੇ ਧਰਮ ਰਾਹੀਂ ਦ੍ਰਿਸ਼ਟਮਾਨ ਹੁੰਦੀ ਹੈ। ਪਰ ਇਨ੍ਹਾਂ ਸਭ ਚੀਜ਼ਾਂ ਦਾ ਜੋੜ ਸੰਸਕ੍ਰਿਤੀ ਨਹੀਂ, ਭਾਵੇਂ ਅਸੀਂ ਸੁਖੈਨਤਾ ਲਈ ਇਉਂ ਹੀ ਮੰਨ ਕੇ ਗੱਲ ਕਰ ਲੈਂਦੇ ਹਾਂ।”…..
ਨਾਲ ਹੀ ਉਹ ਕਹਿੰਦਾ ਹੈ ਕਿ ਕਿਸੇ ਵਿਅਕਤੀ ਦੀ ਸੰਸਕ੍ਰਿਤੀ ਜਾਂ ਸੱਭਿਆਚਾਰ ਜਾਤੀ ਨਾਲ ਤੇ ਜਾਤੀ ਦੀ ਸੰਸਕ੍ਰਿਤੀ ਸਮੁੱਚੇ ਸਮਾਜ ਨਾਲ ਸੰਬੰਧਿਤ ਹੈ, ਇਸ ਲਈ ਸਮਾਜਿਕ ਸੱਭਿਆਚਾਰ ਹੀ ਮੁੱਖ, ਮਹਾਨ ਜਾਂ ਵਿਸ਼ੇਸ਼ ਹੈ।
ਇਕ ਹੋਰ ਵਿਦਵਾਨ ਪ੍ਰੋਫੈਸਰ ਐਡਵਰਡ ਬੀ. ਰਾਈਟਰ ਦਾ ਕਥਨ ਹੈ- “ਸੱਭਿਆਚਾਰ ਸਮਾਜਿਕ ਤਜਰਬੇ ਦਾ ਫਲ ਹੈ। ਇਸ ਦਾ ਸੰਬੰਧ ਸਮੁੱਚੀਆਂ ਮਨੁੱਖੀ ਕਾਢਾਂ, ਲੱਭਤਾਂ ਅਤੇ ਮਨੁੱਖੀ ਯਤਨਾਂ ਦੇ ਇਕੱਤਰਿਤ ਸਿੱਟੇ ਨਾਲ ਹੈ।”
“ਵਲਵਲਿਆਂ ਅਤੇ ਰੁਚੀਆਂ ਦਾ ਸਹਾਇਕ ਮਿਸ਼ਰਨ, ਸੰਪਰਦਾਇਕ ਜਾਂ ਸੰਸਥਾਵਾਂ ਦੀ ਬਣਤਰ ਅਤੇ ਹੋਰ ਸਾਧਨ ਜਿਨ੍ਹਾਂ ਨਾਲ ਸਮਾਜਿਕ ਵਿਉਂਤ ਦਾ ਸੂਤ ਰਖਿਆ ਅਤੇ ਪ੍ਰਵਾਨਿਤ ਵਤੀਰੇ ਦੇ ਨਮੂਨੇ ਪ੍ਰਚੱਲਤ ਕੀਤੇ ਜਾਂਦੇ ਹਨ ਅਤੇ ਸੰਸਾਰ ਦੀ ਦਾਰਸ਼ਨਿਕ ਵਿਆਖਿਆ ਦੇ ਨਿਯਮਾਂ ਦੇ ਸੰਗ੍ਰਹਿ ਜਿਨ੍ਹਾਂ ਨਾਲ ਜੀਵਨ ਦੀ ਅਜਿਹੀ ਸਮਝ ਆਉਂਦੀ ਹੈ ਕਿ ਇਹ ਇਕ ਤਰ੍ਹਾਂ ਸਹਿਣ ਯੋਗ ਜਾਂ ਰਹਿਣ ਯੋਗ ਬਣਦਾ ਹੈ ਆਦਿ ਸਭ ਦਾ ਸਮੂਹ ‘ਸੱਭਿਆਚਾਰ’ ਹੈ। (‘ਪ੍ਰਿੰਸੀਪਲਜ਼ ਆਫ ਸੋਸ਼ਿਆਲੋਜੀ’, ਸੰਪਾਦਤ ਐਲਫਰੈਡ ਮਕਲੁੰਗਲੀ)
ਇਸੇ ਤਰ੍ਹਾਂ ਸੱਭਿਆਚਾਰ, ਧਰਮ, ਸਦਾਚਾਰ, ਦੇਸ਼ ਭਗਤੀ, ਵਫ਼ਾ ਆਦਿ ਸਭ ਉੱਚਤਮ ਲੱਛਣ, ਗੁਣ ਜਾਂ ਸੁਭਾਅ ਮਨੁੱਖ ਨੂੰ ਆਪੇ ਦਾ ਤਿਆਗ ਸਿਖਾਉਂਦੇ ਅਤੇ ਵਿਅਕਤੀ ਦੇ ਟਾਕਰੇ ਉੱਤੇ ਮਨੁੱਖੀ ਜੀਵਨ ਦੀ ਅਤੇ ਮਨੁੱਖੀ ਵਰਤੋਂ-ਵਿਹਾਰ ਦੀ ਉੱਤਮਤਾ ਨੂੰ ਦਰਸਾਉਂਦੇ ਹਨ। ਇਹੀ ਸੱਭਿਆਚਾਰ ਦਾ ਸਰੂਪ ਹੈ। ਇਸੇ ਤੋਂ ਸਲੀਕਾ ਪੈਦਾ ਹੁੰਦਾ ਹੈ, ਇਹੀ ਸਮਾਜਿਕ ਪ੍ਰਬੰਧ ਦੀ ਸੁਰੱਖਿਅਤਾ ਲਈ ਬਲਵਾਨ ਸ਼ਕਤੀ ਹੈ। ਇਹੀ ਗੁਣ ਸੱਭਿਆਚਾਰ ਵਿਚ ਕਈ ਤਰ੍ਹਾਂ ਨਾਲ ਲਿਆਉਣ, ਪਕਾਉਣ,ਨਿਭਾਉਣ, ਸਿਖਾਉਣ, ਫੈਲਾਉਣ ਤੇ ਸਲਾਹੁਣ ਦੇ ਸਾਧਨ ਵਰਤੇ ਤੇ ਲੱਭੇ ਜਾਂਦੇ ਹਨ ਅਤੇ ਇਸੇ ਕਰਕੇ ਸੱਭਿਆਚਾਰ ਸਿਧਾਂਤ ਤੇ ਵਰਤੋਂ ਵਿਚ ਕੀਮਤਾਂ ਦੀ ਪ੍ਰਤੀਤੀ ਹੈ। (ਕਲਚਰ ਐਨ ਇੰਟਰੋਡਕਸ਼ਨ)
ਸ਼ਬਦ ‘ਪੁਰਸ਼’ ਨੂੰ ਦੇਖੀਏ, ‘ਪੁਰਸ਼’ ਦੇ ਇਕ ਅਰਥ ਸਮਾਜ ਵਿਚ ਰਹਿਣ ਵਾਲਾ ਭੀ ਹੈ ਤੇ ਪੁਰਸ਼ ਦੀ ਸਮਾਜਿਕਤਾ ਚੇਤਨਤਾ ਭਰਪੂਰ ਹੈ। (Culture is in theory and practice a realization of values.)
ਇਸੇ ਲਈ ਔਗਬਰਨ ਤੇ ਨਿਮਕਾਫ ਦੀ ਲਿਖੀ ਇਕ ਪੁਸਤਕ ਵਿਚ ਕਲਚਰ ਦਾ ਲੱਛਣ ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਂਗ ਏਨਾ ਹੀ ਦੱਸਿਆ ਹੈ- “ਜੋ ਵਰਤਣ ਵਿਹਾਰਨ ਦਾ ਵਤੀਰਾ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਸਿੱਖਣ ਰਾਹੀਂ ਮਿਲਦਾ ਹੈ, ਉਹ ਕਲਚਰ ਕਹਾਉਂਦਾ ਹੈ।” (ਏ ਹੈਂਡ ਬੁੱਕ ਆਫ ਸੋਸ਼ਿਆਲੋਜੀ, ਬਾਈ ਵਿਲੀਅਮ ਐਫ ਔਗਬਰਨ ਐਂਡ ਮੇਅਰ ਐਫ ਨਿਮਕਾਫ਼)
ਮੇਰੀ ਜਾਚੇ ਇੰਨੇ ਕੁ ਲੱਛਣ ਲਿਖਣ ਨਾਲ ਗੱਲ ਸਪੱਸ਼ਟ ਹੋ ਗਈ ਹੈ ਕਿ ਸੱਭਿਆਚਾਰ ਦੇ ਅੰਗ ਅਨੇਕਾਂ ਹਨ। ਜਿਵੇਂ ਭਾਸ਼ਾ, ਪਦਾਰਥਕ ਲੱਛਣ, (ਭੋਜਨ, ਵੱਸੋਂ, ਪਹਿਰਾਵਾ, ਭਾਂਡੇ, ਹਥਿਆਰ, ਰੋਜ਼ਗਾਰ) ਕਲਾ, (ਚਿੱਤਰਕਾਰੀ, ਬੁੱਤਕਾਰੀ, ਘਾੜਤ ਵਿੱਦਿਆ, ਰਾਗ, ਨ੍ਰਿਤ, ਸਾਹਿਤ, ਕਵਿਤਾ, ਨਿਰਮਾਣ ਕਲਾ) ਮਿਥਿਹਾਸ ਤੇ ਵਿਗਿਆਨ, ਧਾਰਮਿਕ ਜੀਵਨ, ਰੀਤਾਂ-ਰਸਮਾਂ, ਘਰੇਲੂ ਤੇ ਸਮਾਜਿਕ ਸੰਬੰਧ, ਜਾਇਦਾਦ, ਪੂੰਜੀ ਸਬੰਧੀ ਨਿਯਮ ਤੇ ਵਪਾਰ, ਰਾਜ-ਕਾਜ, ਯੁੱਧ, ਤਰਕ, ਵਿਗਿਆਨ, ਸੁਹਜ-ਸਵਾਦ ਤੇ ਕਾਨੂੰਨ ਆਦਿ।
ਹੁਣ ਅਸੀਂ ਇਸ ਸਥਿਤੀ ਵਿਚ ਹਾਂ ਕਿ ਸਹਿਜ ਸੁਭਾਇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਅਸੀਂ ਸੱਭਿਆਚਾਰਕ ਪੱਖ ਥਾਂ-ਥਾਂ ਵੇਖ ਸਕਦੇ ਹਾਂ ਅਤੇ ਇਸੇ ਲਈ ਮੈਂ ਆਪ ਦਾ ਸਮਾਂ ਇਹ ਦੱਸਣ ਵਿਚ ਨਹੀਂ ਲਾਉਣਾ ਚਾਹੁੰਦਾ ਕਿ ਗੁਰੂ ਜੀ ਨੇ ਜਾਂ ਭਗਤ ਸਾਹਿਬਾਨ ਨੇ ਆਪਣੀ ਬਾਣੀ ਵਿਚ ਪੰਜਾਬੀ ਸੱਭਿਆਚਾਰ ਦੇ ਪੱਖਾਂ ਦਾ ਕੀ ਵੇਰਵਾ ਦਿੱਤਾ ਹੈ। ਸਗੋਂ ਕੇਵਲ ਉਨ੍ਹਾਂ ਕੀਮਤਾਂ ਦਾ ਜ਼ਿਕਰ ਕਰਨਾ ਚਾਹਾਂਗਾ, ਜਿਨ੍ਹਾਂ ਨੂੰ ਇਨ੍ਹਾਂ ਪੱਖਾਂ ਦੇ ਸੰਬੰਧ ਵਿਚ ਗੁਰੂ ਜੀ ਨੇ ਵਧੇਰੇ ਉਤਸ਼ਾਹਿਤ ਕੀਤਾ। ਆਪ ਨੇ ਸਮਾਜ ਨੂੰ ਤੇ ਸੱਭਿਅਤਾ ਨੂੰ ਹੋਰ ਮਾਂਜ-ਸੁਆਰ ਕੇ ਸੇਧ ਦੇ ਕੇ ਹੋਰ ਉਚੇਰੀਆਂ ਕੀਮਤਾਂ ਪ੍ਰਚਾਰਨੀਆਂ ਸਨ ਅਤੇ ਨਾਲ ਹੀ ਜੋ ਭੁਲੇਖੇ ਅਤੇ ਗਲਤ ਰਾਹ ਉਸ ਵੇਲੇ ਦੀ ਲੋਕਾਈ ਨੇ ਜਾਂ ਉਨ੍ਹਾਂ ਦੇ ਆਗੂਆਂ ਨੇ ਪ੍ਰਚੱਲਤ ਕਰ ਦਿੱਤੇ ਸਨ, ਉਨ੍ਹਾਂ ਤੋਂ ਸਮਾਜ ਨੂੰ ਕੱਢ ਕੇ ਨਵੀਂ ਨਰੋਈ ਤੇ ਉਚੇਰੀ ਸਦਗੁਣ ਭਰਪੂਰ ਜ਼ਿੰਦਗੀ ਦੇਣੀ ਗੁਰੂ ਸਾਹਿਬ ਦਾ ਮਨੋਰਥ, ਮੰਤਵ ਸੀ।
(ੳ) ਭੂਗੋਲਿਕ ਸਥਿਤੀ
ਸਮਾਜ ਵਿਗਿਆਨੀ (ਸੋਸ਼ਿਆਲੋਜਿਸਟ) ਸਹਿਮਤ ਹਨ ਕਿ ਦੇਸ਼ ਦੀ ਭੂਗੋਲਿਕ ਸਥਿਤੀ ਦਾ ਸੱਭਿਆਚਾਰ ਉੱਤੇ ਬਹੁਤ ਪ੍ਰਭਾਵ ਹੁੰਦਾ ਹੈ। ਸਿੱਖ ਸੱਭਿਆਚਾਰ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੱਭਿਆਚਾਰ ਸਮੁੱਚੇ ਤੌਰ ਉੱਤੇ ਪੰਜਾਬ ਦੀ ਉਪਜ ਹੈ, ਭਾਵੇਂ ਸੱਚ ਦੁਨੀਆਂ ਲਈ ਸਾਂਝਾ ਹੁੰਦਾ ਹੈ ਜਿਵੇਂ ਸੂਰਜ, ਚੰਦ ਤੇ ਹੋਰ ਕੁਦਰਤ ਤੇ ਰੱਬ ਦੀਆਂ ਸੁਗਾਤਾਂ। ਗੁਰੂ ਸਾਹਿਬਾਨ ਨੇ ਵੀ ਇਸੇ ਲਈ ਕੁਦਰਤ ਜਾਂ ਭੂਗੋਲਿਕ ਸਥਿਤੀ ਨੂੰ ਜਾਂ ਇਉਂ ਕਹੀਏ ਕਿ ਵਾਤਾਵਰਨ ਦੇ ਮਨੁੱਖ ਉੱਤੇ ਅਸਰ ਨੂੰ ਬਹੁਤ ਦੂਰ ਤਕ ਮੰਨਿਆ ਹੈ ਅਤੇ ਸਾਫ਼ ਫ਼ਰਮਾਇਆ ਹੈ:
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ (ਪੰਨਾ 8)
ਭਾਵ ਕਹਿਣ ਤੋਂ ਇਹ ਹੈ ਕਿ ਮਨੁੱਖ ਇਸ ਧਰਤੀ ਦੀ ਉਪਜ ਹੈ ਤੇ ਇਹ ਨਿਰਾ ਧਰਤੀ ਦਾ ਬੱਚਾ ਹੀ ਨਹੀਂ ਸਗੋਂ ਬੱਚੇ ਵਾਂਗ ਹੀ ਮਾਂ ਦੀ ਮਿੱਟੀ ਦੀ ਮਿੱਟੀ ਹੈ। ਇਹ ਧਰਤੀ ਮਾਤਾ ਹੀ ਇਸ ਨੂੰ ਮਾਵਾਂ ਵਾਂਗ ਪਾਲਦੀ, ਪੋਸਦੀ, ਖਵਾਉਂਦੀ, ਕੰਮ ਲਾਉਂਦੀ, ਇਸ ਦੇ ਵਿਚਾਰਾਂ ਤੇ ਸੋਚਾਂ ਨੂੰ ਸੇਧ ਦਿੰਦੀ ਤੇ ਸਾਹਮਣੇ ਆਉਂਦੀਆਂ ਔਕੜਾਂ ਦਾ ਟਾਕਰਾ ਕਰ ਕੇ ਉਸ ਦੇ ਸਰੀਰ ਨੂੰ ਪਕਾਉਂਦੀ ਤੇ ਬੁੱਧੀ ਨੂੰ ਤੀਖਣ ਕਰਦੀ ਹੈ। ਗੁਰੂ ਜੀ ਨੇ ਥਾਂ-ਥਾਂ ਕੁਦਰਤੀ ਸ਼ਕਤੀਆਂ ਦਾ ਵਰਣਨ ਵਿਸਮਾਦ ਦੇ ਰੰਗ ਵਿਚ ਕੀਤਾ ਹੈ। ਚਾਹੇ ਉਹ ਸ਼ਕਤੀ ਪੌਣ ਦੀ ਹੈ ਚਾਹੇ ਪਾਣੀ ਦੀ, ਚਾਹੇ ਅਗਨੀ ਦੀ ਹੈ ਤੇ ਚਾਹੇ ਚੰਨ ਤਾਰਿਆਂ ਤੇ ਸੂਰਜ ਦੀ। ਆਸਾ ਕੀ ਵਾਰ ਦਾ ਵਿਸਮਾਦ ਵਾਲਾ ਸਲੋਕ ਜਾਂ “ਭੈ ਵਿਚਿ ਪਵਣੁ ਵਹੈ ਸਦਵਾਉ” ਆਦਿ ਤੁਕਾਂ ਦੱਸਦੀਆਂ ਹਨ ਕਿ ਗੁਰੂ ਸਾਹਿਬਾਨ ਦੇ ਦੱਸੇ ਸੱਭਿਆਚਾਰ ਅਨੁਸਾਰ ਇਨ੍ਹਾਂ ਸ਼ਕਤੀਆਂ ਦੀ ਜਾਂ ਕੁਦਰਤ ਦੀ ਪੂਜਾ ਨਹੀਂ ਕਰਨੀ, ਸਗੋਂ ‘ਵੇਖਿ ਵਿਡਾਣੁ ਰਹਿਆ ਵਿਸਮਾਦੁ’ ਤਕ ਪੁੱਜ ਕੇ ‘ਬਲਿਹਾਰੀ ਕੁਦਰਤਿ ਵਸਿਆ’ ਅਤੇ ਜਿਸ ਦੀ ਸ਼ਨਾਖਤ ਕੁਦਰਤਿ ਵਿੱਚੋਂ ਕਰਨੀ ਹੈ, ਉਸ ਤਕ ਪਹੁੰਚਣਾ ਹੈ। ਉਸੇ ਨਾਲ ਪਿਆਰ ਕਰਨਾ ਹੈ, ਇਸੇ ਪਿਆਰ ਵਿੱਚੋਂ ਸਭ ਜੀਆਂ ਦਾ ਪਿਆਰ, ਜੀਅ ਦਇਆ, ਵੰਡ ਕੇ ਛਕਣਾ, ਉਪਜਦਾ ਹੈ। ਇਨ੍ਹਾਂ ਕੁਦਰਤ ਦੀਆਂ ਸ਼ਕਤੀਆਂ ਤੇ ਇਸੇ ਵਾਤਾਵਰਨ ਦੀ ਹੋਰ ਡੂੰਘੀ ਸਮਝ ਸਾਨੂੰ ਕੁਦਰਤ ਦੇ ਕਾਨੂੰਨ ਦੀ ਮਹਾਨਤਾ, ਪਕਿਆਈ ਤੇ ਕਰੜਾਈ ਸਮਝਾ ਸਕਦੀ ਹੈ ਤੇ ਇਸੇ ਤੋਂ ਸਿੱਖੀ ਸੱਭਿਆਚਾਰ ਦਾ ਇਕ ਬਹੁਤ ਉੱਚਾ ਗੁਣ ਸਾਡੇ ਸਾਹਮਣੇ ਆਉਂਦਾ ਹੈ ਜਿਸ ਨੂੰ ਅਸੀਂ ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ’, ‘ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ’ ਜਾਂ ‘ਤੇਰਾ ਕੀਆ ਮੀਠਾ ਲਾਗੈ’ ਜਾਂ ‘ਸਤਿਗੁਰ ਕੇ ਭਾਣੈ ਵਿਚਿ ਆਵੈ’ ਦੇ ਮਹਾਂਵਾਕਾਂ ਨਾਲ ਰੋਜ਼ ਦ੍ਰਿੜ੍ਹ ਕਰਦੇ ਹਾਂ। ਇਉਂ ਕਹੀਏ ਕਿ ਭਾਣਾ ਮੰਨਣ, ਰਾਜ਼ੀ-ਬ-ਰਜ਼ਾ ਰਹਿਣਾ ਆਪਣੇ ਜੀਵਨ ਨੂੰ ਕੁਦਰਤੀ ਜੀਵਨ ਦੇ ਵੱਧ ਤੋਂ ਵੱਧ ਨੇੜੇ ਰੱਖਣ ਦਾ ਯਤਨ ਕਰਨਾ ਅਤੇ ਇਉਂ ਕੁਦਰਤ ਦੇ ਕਾਦਰ ਨਾਲ ਜੁੜੇ ਰਹਿਣਾ ਅਤੇ ਨਾਲ ਹੀ ‘ਸੁਖੁ ਦੁਖੁ ਦੋਨੋ ਸਮ ਕਰਿ ਜਾਨੈ, ਅਉਰੁ ਮਾਨੁ ਅਪਮਾਨਾ’ ਦੀ ਅਵਸਥਾ ਤਕ ਪੁਜਣਾ ਆਦਿ ਅਤਿ ਸੁਖ ਦਾਤੇ ਨਿਯਮਾਂ ਦਾ ਸੰਚਾਰ ਸਾਡੇ ਅੰਦਰ ਹੁੰਦਾ ਰਹਿੰਦਾ ਹੈ। ਫਿਰ ਅਸੀਂ ਕੁਝ ਅਜਿਹੇ ਜੀਵਨ ਪੁੱਜਦੇ ਹਾਂ ਜਿਸ ਨੂੰ ਆਖੀਦਾ ਹੈ:
ਸਹਜ ਸੁਭਾਇ ਹੋਵੈ ਸੋ ਹੋਇ॥
ਕਰਣੈਹਾਰੁ ਪਛਾਣੈ ਸੋਇ॥ (ਪੰਨਾ 282)
ਕੁਦਰਤਿ, ਪ੍ਰਕਿਰਤੀ ਦੇ ਵਿਸਮਾਦ, ਸੁਖਮਨੀ ਨਿਯਮਾਂ ਨੂੰ ਸਮਝਣਾ ਸਾਇੰਸ ਦਾ ਕਰਤਵ ਭੀ ਹੈ ਤੇ ‘ਅਕਲੀ ਪੜਿ੍ ਕੈ ਬੁਝੀਐ ਅਕਲੀ ਕੀਚੈ ਦਾਨੁ’ ਭੀ ਕੁਦਰਤ ਨੂੰ ਸਮਝਣ ਵੱਲ ਸੰਕੇਤ ਹੈ।
(ਅ) ਇਤਿਹਾਸ
ਸੱਭਿਆਚਾਰ ਦਾ ਦੂਜਾ ਬੜਾ ਵੱਡਾ ਆਧਾਰ ਇਤਿਹਾਸਕ ਪਿਛੋਕੜ ਹੈ। ਇਤਿਹਾਸ ਦੀ ਜਾਣਕਾਰੀ ਜਾਂ ਗਿਆਨ ਨਾ ਹੋਣਾ ਸੱਭਿਆਚਾਰ ਦੀ ਘਾਟ ਹੈ। ਪ੍ਰਿੰ. ਤੇਜਾ ਸਿੰਘ ਜੀ ਦੇ ਲੇਖ ਵਿਚ ਇਸ ਘਾਟ ਨੂੰ ਇਸ਼ਾਰੇ ਮਾਤਰ ਰੜਕਾਇਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਸੀਂ ਅਚੰਭੇ ਤੇ ਪ੍ਰਸੰਸਾ ਨਾਲ ਵੇਖਦੇ ਹਾਂ ਕਿ ਗੁਰੂ ਸਾਹਿਬਾਨ ਭਗਤ ਸਾਹਿਬਾਨ ਤੇ ਭੱਟ ਸਾਹਿਬਾਨ ਨੇ ਵੀ ਪੁਰਾਤਨ ਭਾਰਤੀ ਇਤਿਹਾਸ-ਮਿਥਿਹਾਸ ਅਤੇ ਪੁਰਾਣਿਕ ਗਿਆਨ ਨੂੰ ਪਿਛੋਕੜ ਵਿਚ ਰੱਖ ਕੇ ਨਵੇਂ ਨਤੀਜੇ ਕੱਢੇ ਹਨ। ਆਸਾ ਕੀ ਵਾਰ ਵਿਚ ਹੀ ਸਾਰੇ ਯੁੱਗਾਂ ਤੇ ਉਨ੍ਹਾਂ ਦੇ ਮਹਾਨ ਵਿਅਕਤੀਆਂ ਵੱਲ ਸੰਕੇਤ ਸਪੱਸ਼ਟ ਮਿਲਦੇ ਹਨ। ਇਹੋ ਜਿਹੀ ਇਕ ਹੋਰ ਮਿਸਾਲ ਰਾਮਕਲੀ ਵਾਰ ਮ: 1 ਦਾ ਸਲੋਕ ਹੈ ਜਿਸ ਵਿਚ ‘ਰੋਵਹਿ ਪਾਂਡਵ ਭਏ ਮਜੂਰ’ ਅਤੇ ‘ਅਜੈ ਸੁ ਰੋਵੈ ਭੀਖਿਆ ਖਾਇ’ ਆਦਿ ਤੁਕਾਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਆਪਣੇ ਸਮੇਂ ਦੇ ਇਤਿਹਾਸ ਵੱਲ ਭੀ ਆਪਣੀ ਬਾਣੀ ਵਿਚ ਬਾਬਰ ਦੀ ਉਦਾਹਰਣ ਦੇ ਕੇ ਬੜੇ ਸਪੱਸ਼ਟ ਸੰਕੇਤ ਕੀਤੇ ਹਨ। ਹੈਰਾਨੀ ਹੈ ਕਿ ਉਸ ਵੇਲੇ ਗੁਰੂ ਜੀ ਨੇ ਭਾਰਤ ਵਿਚ ਆਏ ਬਾਰੂਦ ਦੇ ਹਥਿਆਰਾਂ ਦਾ ਵੀ ਵਰਣਨ ਕਰ ਕੇ ਇਕ ਇਤਿਹਾਸਕ ਯਾਦ ਸੰਭਾਲ ਲਈ ਹੈ:
ਇਤਿਹਾਸ ਦੇ ਪਾਠਕ ਜਾਣਦੇ ਹਨ ਕਿ ਉਸ ਵੇਲੇ ਤਕ ਭਾਰਤੀਆਂ ਦੀਆਂ ਬਹੁਤ ਸਾਰੀਆਂ ਬਦਕਿਸਮਤੀਆਂ ਤੇ ਅਸਫ਼ਲਤਾਵਾਂ ਦਾ ਕਾਰਨ ਉਨ੍ਹਾਂ ਦੇ ਆਪਣੇ ਹਾਥੀ ਹੀ ਹੁੰਦੇ ਸਨ। ਇਤਿਹਾਸ ਦੀ ਇਸ ਘਟਨਾ ਦਾ ਅਸਰ ਮੈਂ ਤਾਂ ਮਾਸਟਰ ਤਾਰਾ ਸਿੰਘ ਜੀ ਦੇ ਵੇਲੇ ਤਕ ਪੰਜਾਬੀਆਂ ਦੇ ਮਨ ਉੱਤੇ ਵੇਖਦਾ ਰਿਹਾ ਹਾਂ। ਮੈਨੂੰ ਯਾਦ ਹੈ, ਜਦੋਂ ਮਾਸਟਰ ਤਾਰਾ ਸਿੰਘ ਜੀ ਦਾ ਇਕ ਜਲੂਸ ਹਾਥੀ ਉੱਤੇ ਨਿਕਲਿਆ, ਕਈ ਲੋਕ ਆਖਦੇ ਸਨ, ਰੱਬ ਖ਼ੈਰ ਕਰੇ! ਇਹ ਤਾਂ ਪ੍ਰਤੱਖ ਹੀ ਹੈ ਕਿ ਬਾਰੂਦ ਵਾਲੀਆਂ ਤੋਪਾਂ ਜਾਂ ਬੰਦੂਕਾਂ ਜਾਂ ਜੰਬੂਰ ਬਾਬਰ ਦੇ ਹੱਲੇ ਨਾਲ ਹੀ ਪਹਿਲੀ ਵਾਰੀ ਭਾਰਤ ਅੰਦਰ ਵਰਤੋਂ ਵਿਚ ਆਏ, ਹਥਿਆਰ ਹਨ।
ਗੁਰੂ ਜੀ ਨੇ ਭਾਰਤ ਦੇ ਬਹੁਤ ਸਾਰੇ ਹਥਿਆਰ ਅਤੇ ਉਸ ਦੇ ਨਤੀਜੇ ਨੂੰ ਇਹ ਕਹਿ ਕੇ ਬੰਨ੍ਹ ਦਿੱਤਾ ਹੈ:
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ (ਪੰਨਾ 145)
ਅਤੇ ਇਸੇ ਤਰ੍ਹਾਂ:
ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ੍ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ੍ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥ (ਪੰਨਾ 1288)
ਦੀਆਂ ਤੁਕਾਂ ਦਾ ਵਿਸਥਾਰ ਹੀ ਗੁਰੂ ਸਾਹਿਬ ਤੋਂ ਪਹਿਲਾਂ ਦੀਆਂ ਸੱਤ-ਅੱਠ ਸਦੀਆਂ ਦਾ ਇਤਿਹਾਸ ਹੈ। ਗੁਰੂ ਜੀ ਨੇ ਜੋ ਇਸ ਦਾ ਸੱਭਿਆਚਾਰਕ ਪੱਖ ਲਿਆ, ਉਹ ਸਪੱਸ਼ਟ ਹੈ ਕਿ:
ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ॥ (ਪੰਨਾ 417)
ਅਤੇ ਸਮਾਜ ਦਾ ਇਕ ਹੋਰ ਸਮੁੱਚਾ ਚਿੱਤਰ ਇਉਂ ਹੈ:
ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ॥
ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ॥
ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ॥ (ਪੰਨਾ 1288)
ਇਨ੍ਹਾਂ ਤੁਕਾਂ ਰਾਹੀਂ ਅਤੇ ਇਸ ਤਰ੍ਹਾਂ ਮਾਝ ਰਾਗ ਦੀ ਵਾਰ ਵਿਚ ਤੇ ਆਸਾ ਕੀ ਵਾਰ ਵਿਚ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਮੇਂ ਦੀ ਤੇ ਉਸ ਤੋਂ ਪਹਿਲਾਂ ਦੀ ਸਮਾਜਿਕ, ਧਾਰਮਿਕ, ਵਿਵਹਾਰਕ, ਜੀਵਨ ਦੀ ਦੁਰਦਸ਼ਾ ਦਾ ਬਹੁਤ ਹੀ ਸੰਪੂਰਨ ਚਿੱਤਰ ਸਾਡੇ ਸਾਹਮਣੇ ਰੱਖ ਦਿੱਤਾ ਹੈ। ਜਿਹਾ ਕਿ ‘ਗਊ ਬਿਰਾਹਮਣ ਕਉ ਕਰੁ ਲਾਵਹੁ’ ਵਾਲੇ ਸਲੋਕ ਵਿਚ ਅਤੇ ਹੋਰ ਅਨੇਕਾਂ ਸਲੋਕਾਂ ਤੇ ਸ਼ਬਦਾਂ ਵਿਚ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਅਨੇਕਾਂ ਤੁਕਾਂ ਵਿਚ ਵਰਤਮਾਨ ਤੇ ਪੁਰਾਤਨ ਇਤਿਹਾਸ ਦਾ ਵਰਣਨ, ਨਤੀਜੇ ਅਤੇ ਸਿੱਖਿਆ ਅੰਕਿਤ ਕਰ ਦਿੱਤੀ ਹੈ। ਇਹ ਕਹਿਣ ਦੀ ਤਾਂ ਲੋੜ ਹੀ ਨਹੀਂ ਕਿ ਇਸ ਭਾਰਤ ਨੇ ਗੁਰੂ ਜੀ ਤੋਂ ਪਹਿਲਾਂ ਹੀ ਸਿਥੀਅਨ, ਕੁਸ਼ਾਨ, ਹਿਊਨ ਆਦਿ ਕੌਮਾਂ ਨਾਲ ਪੰਜਾਬ ਵਿਚ ਹੀ ਲੋਹਾ ਲਿਆ ਅਤੇ ਪੰਜਾਬ ਨੇ ਹੀ ਸਭ ਤੋਂ ਵੱਧ ਕਸ਼ਟ ਸਹਾਰੇ ਸਨ। ਮਹਿਮੂਦ ਗਜ਼ਨਵੀ ਦੇ ਹਮਲੇ ਹੋਰ ਕਿਸੇ ਵੀ ਪ੍ਰਾਂਤ ਨਾਲੋਂ ਪੰਜਾਬ ਲਈ ਵਧੇਰੇ ਦੁੱਖ ਦਾ ਕਾਰਨ ਬਣੇ ਸਨ। ਗਜ਼ਨੀ ਤੋਂ ਪਿੱਛੋਂ ਸ਼ਹਾਬੁਦੀਨ ਗੌਰੀ, ਤੈਮੂਰ, ਬਾਬਰ, ਨਾਦਰ ਸ਼ਾਹ ਦੁਰਾਨੀ ਤੇ ਅਹਿਮਦ ਸ਼ਾਹ ਅਬਦਾਲੀ ਤਕ ਇਹ ਲੜੀ ਇਸੇ ਤਰ੍ਹਾਂ ਚੱਲਦੀ ਰਹੀ ਤੇ ਇਸੇ ਲਈ ਪੰਜਾਬੀ ਇਹ ਸੋਚਣ ਲੱਗ ਪਏ ਸਨ ਕਿ ‘ਖਾਧਾ ਪੀਤਾ ਲਾਹੇ ਦਾ ਤੇ ਰਹਿੰਦਾ ਨਾਦਰ ਸ਼ਾਹੇ ਦਾ’ ਜਾਂ ‘ਅਹਿਮਦ ਸ਼ਾਹੇ ਦਾ’।
ਅਸਾਂ ਇਤਿਹਾਸ ਦਾ ਜ਼ਿਕਰ ਇਸ ਵਾਸਤੇ ਕੀਤਾ ਹੈ ਕਿ ਗੁਰਬਾਣੀ ਵਿਚ ਵਰਤੀ ਗਈ ਭਾਸ਼ਾ ਵਿਚ ਪੰਜਾਬ ਦੇ ਸਿੱਖਾਂ ਤੇ ਪੰਜਾਬੀਆਂ ਦੇ ਭੋਜਨ, ਪਹਿਰਾਵੇ, ਕਲਾ, ਜੀਵਨ ਅਤੇ ਹੋਰ ਅਨੇਕਾਂ ਪੱਖਾਂ ਵਿਚ ਵੱਖ-ਵੱਖ ਸੰਸਕ੍ਰਿਤੀਆਂ ਦੀ ਸੰਧੀ ਹੋਈ ਹੋਈ ਹੈ। ਇਸੇ ਤਰ੍ਹਾਂ ਹੀ ਇਥੇ ਅਨੇਕ ਨਸਲਾਂ, ਵੰਸ਼ਾਂ ਜਾਂ ਕੁਲਾਂ ਦਾ ਮਿਲਗੋਭਾ ਹੈ। ਗਿਆਨ ਦਾ ਸੋਮਾ ਟੈਕਸਲਾ ਯੂਨੀਵਰਸਿਟੀ, ਹੜੱਪਾ ਤੇ ਰੋਪੜ ਆਦਿ ਦੀ ਕਲਾ, ਕੁਰੂਕਸ਼ੇਤਰ ਵਰਗੀ ਥਾਂ ਜੋ ਮਹਾਨ ਯੁੱਧ ਦਾ ਮੈਦਾਨ ਬਣਿਆ ਅਤੇ ਰਾਜਾ ਪੋਰਸ ਤੇ ਸਿਕੰਦਰ ਆਦਿ ਦੀਆਂ ਲੜਾਈਆਂ ਦਾ ਕੇਂਦਰ ਇਹੋ ਸਾਡਾ ਪੰਜਾਬ ਜਾਂ ਸਾਡਾ ਸਿੱਖੀ ਦਾ ਕੇਂਦਰ ਤੇ ਸੋਮਾ ਹੈ। ਉਹ ਪਵਿੱਤਰ ਧਰਤੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਤੇ ਸਾਰੀ ਦੀ ਸਾਰੀ ਸੰਪਾਦਨਾ ਹੋਈ, ਪੰਜਾਬ ਦੀ ਹੈ। ਇਸ ਨੂੰ ਦਸ ਗੁਰੂ ਸਾਹਿਬਾਨ ਤੇ ਅਨੇਕ ਸ਼ਹੀਦ ਸਿੰਘਾਂ ਨੇ ਪਵਿੱਤਰ ਕੀਤਾ ਤੇ ਉਨ੍ਹਾਂ ਤੋਂ ਇਥੋਂ ਦੀ ਲੋਕਾਈ ਨੇ ਪ੍ਰੇਰਨਾ ਲਈ। ਸੱਭਿਆਚਾਰ ਉੱਤੇ ਇਤਿਹਾਸ ਦੇ ਅਸਰ ਨੂੰ ਇਕ ਮਿਸਾਲ ਹੋਰ, ਇਕ ਪੰਜਾਬੀ ਕਵੀ ਦੇ ਸ਼ਬਦਾਂ ਵਿਚ ਆਪ ਦੇ ਸਾਹਮਣੇ ਲਿਆਉਣਾ ਚਾਹੁੰਦਾ ਹਾਂ:
ਉਹ ਅੱਜ ਤਾਈਂ ਹੁਕਮ ਤੈਮੂਰ ਦੇ ਬਜਾ ਲਿਆਵਣ,
ਉਥੇ ਕੀ ਤਾਕਤ ਹੈ ਮਹਰੀਆਂ? ਨੱਕ ਨੱਥਾਂ ਪਾਵਣ।
ਉਥੇ ਮਰਦਾਂ ਕਬਜ਼ੇ ਕਾਠ ਦੇ, ਸਿਰ ਕੁੱਲਾ ਹੰਢਾਵਣ,
ਘੋੜਿਆਂ ਦੇ ਮੂੰਹ ਨਾਹਰੀਆਂ, ਨਾ ਸਾਖਤ ਪਾਵਣ।
ਇਹ ਤੁਕਾਂ ਨਜਾਬਤ ਰਚਿਤ ਨਾਦਰਸ਼ਾਹ ਦੀ ਵਾਰ ਵਿੱਚੋਂ ਹਨ। ਭਾਵ ਇਹ ਹੈ ਕਿ ਭਾਰਤ ਵਿਚ ਹੁਣ ਤਕ ਤਿਮਰਲੰਗ ਦਾ ਹੁਕਮ ਮੰਨ ਰਹੇ ਹਨ- ਗ਼ੁਲਾਮੀ ਜਾਂ ਹਾਰੇ ਹੋਣ ਦੇ ਚਿੰਨ੍ਹ ਵਜੋਂ ਹਰ ਵਿਆਹੀ ਨਾਰ ਦੇ ਨੱਕ ਵਿਚ ਨੱਥ ਹੋਵੇਗੀ, ਕੋਈ ਮਰਦ ਲੋਹੇ ਦੀ ਤਲਵਾਰ ਪਾ ਕੇ ਜਾਂ ਸਿਰ ਉੱਤੇ ਦਸਤਾਰ ਬੰਨ੍ਹ ਕੇ ਘੋੜੇ ਉੱਤੇ ਸਵਾਰ ਹੋ ਕੇ ਨਹੀਂ ਫਿਰ ਸਕੇਗਾ ਸਗੋਂ ਲੱਕੜ ਦੀ ਤਲਵਾਰ ਰੱਖੇਗਾ, ਸਿਰ ’ਤੇ ਕੁੱਲਾ ਪਾਵੇਗਾ ਤੇ ਘੋੜੇ ਉੱਤੇ ਕਾਠੀ ਲਗਾਮ ਆਦਿ ਤੋਂ ਬਿਨਾਂ ਹੀ ਚੜ੍ਹੇਗਾ ਤਾਂ ਜੋ ਸਰਦਾਰ ਜਾਂ ਮਾਲਕ ਨਾ ਜਾਪੇ, ਗ਼ੁਲਾਮ ਹੀ ਦਿੱਸੇ।
ਇਹ ਕਹਿਣ ਦੀ ਤਾਂ ਲੋੜ ਨਹੀਂ ਰਹਿੰਦੀ ਕਿ ਸਿੱਖ ਪੰਥ ਨੇ ਕਿਵੇਂ ਇਨ੍ਹਾਂ ਸਾਰੇ ਹੀ ਗ਼ੁਲਾਮੀ ਦੇ ਚਿੰਨ੍ਹਾਂ ਨੂੰ ਮਲੀਆਮੇਟ ਕੀਤਾ। ਸਗੋਂ ਇਥੋਂ ਤਕ ਕਿ ਗੁਰਬਾਣੀ ਵਿਚ ‘ਸਾਬਤ ਸੂਰਤ ਦਸਤਾਰ ਸਿਰਾ’ ਇੱਜ਼ਤ ਨਾਲ ਦੱਸਿਆ ਗਿਆ ਹੈ। ਇਸੇ ਤਰ੍ਹਾਂ ‘ਤੇਗਬੰਦ ਗਾਡੇਰੜ’ ਅਤੇ ‘ਜੋਧ ਮਹਾਬਲ ਸੂਰੇ’ ਆਦਿ ਨੂੰ ਅਤੇ ‘ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ’ ਆਦਿ ਤੁਕਾਂ ਵਿਚ ਇਨ੍ਹਾਂ ਤਿੰਨ ਨਿਸ਼ਾਨਾਂ ਨੂੰ ਇੱਜ਼ਤ ਨਾਲ ਜਾਂ ਇੱਜ਼ਤ ਦੇ ਚਿੰਨ੍ਹ ਵਜੋਂ ਵਰਤੀਦਾ ਵਿਖਾਇਆ ਹੈ। ਰਹੀ ਗੱਲ ਨੱਥ ਦੀ, ਜੋ ਸੁਹਾਗ ਭਾਗ ਦਾ ਨਿਸ਼ਾਨ ਬਣ ਗਿਆ ਸੀ ਕਿ ਵਿਚਾਰੀ ਇਸਤਰੀ ਹੁਣ ਮਨੁੱਖ ਦੇ ਵੱਸ ਪੈ ਗਈ ਹੈ। ਗੁਰੂ ਜੀ ਨੇ ਗਹਿਣਿਆਂ ਵਿਚ ਇਸ ਦਾ ਜ਼ਿਕਰ ਨਹੀਂ ਕੀਤਾ, ਸਗੋਂ ‘ਨਕਿ ਨਥ ਖਸਮ ਹਥ’ ਦੇ ਹਿਸਾਬ ਨਾਲ ਕਿਹਾ ਹੈ। ਪੰਜਾਬੀ ਸੱਭਿਆਚਾਰ ਦੀ ਰੂਪ-ਰੇਖਾ ਨਾਮੀ ਪੁਸਤਕ ਦੇ ਸ਼ਬਦ ਹਨ, ‘ਗੁਰੂ ਜੀ ਨੇ ਤੈਮੂਰ ਦੇ ਸਮੇਂ ਤੋਂ ਮੰਨੀਆਂ ਆ ਰਹੀਆਂ ਚਹੁੰਆਂ ਹੀ ਈਨਾਂ ਤੋਂ ਸਿੰਘਾਂ ਨੂੰ ਮੁਕਤ ਕਰ ਦਿੱਤਾ। ਸਿੰਘ ਤਲਵਾਰਾਂ ਪਹਿਨ ਕੇ, ਦਸਤਾਰਾਂ ਸਜਾ ਕੇ, ਘੋੜ-ਸਵਾਰ ਬਣ ਗਏ ਅਤੇ ਔਰੰਗਜ਼ੇਬ ਦੀਆਂ ਫੌਜਾਂ ਨਾਲ ਟੱਕਰ ਲਈ। ਇਉਂ ਇਕ ਨਵਾਂ ਭਾਈਚਾਰਾ ਹੋਂਦ ਵਿਚ ਆ ਗਿਆ।
ਇਹ ਵੀ ਤਾਂ ਗੱਲ ਸਪੱਸ਼ਟ ਹੀ ਹੈ ਕਿ ਸਿੱਖਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਵੇਲੇ ਤੋਂ ਤਲਵਾਰਾਂ ਪਹਿਨ ਲਈਆਂ, ਘੋੜ-ਸਵਾਰੀ ਅਰੰਭ ਦਿੱਤੀ ਅਤੇ ਦਸਤਾਰਾਂ ਸ਼ੁਰੂ ਤੋਂ ਹੀ ਸਜਾਈਆਂ।
(ੲ) ਭਾਸ਼ਾ ਤੇ ਲਿੱਪੀ
ਸੱਭਿਆਚਾਰ ਦਾ ਇਕ ਹੋਰ ਵੱਡਾ ਪੱਖ ਭਾਸ਼ਾ ਹੁੰਦੀ ਹੈ। ਭਾਸ਼ਾ ਸਬੰਧੀ, ਤੰਗ-ਦਿਲੀ, ਸੱਭਿਆਚਾਰ ਦੀ ਉੱਨਤੀ ਵਿਚ ਰੁਕਾਵਟ ਹੈ ਪਰ ਭਾਸ਼ਾ ਨੂੰ ਪ੍ਰੇਮ ਕਰਨਾ, ਉੱਨਤ ਕਰਨਾ, ਆਪਣੀ ਭਾਸ਼ਾ ਵਿਚ ਰਚਨਾ ਕਰਨੀ ਅਤੇ ਆਪਣੀ ਭਾਸ਼ਾ ਵਿਚ ਗੱਲਬਾਤ ਕਰਨੀ, ਸੱਭਿਆਚਾਰ ਦਾ ਇਕ ਵੱਡਾ ਅੰਗ ਹੈ। ਭਾਸ਼ਾ ਵਿਗਿਆਨੀ ਤਾਂ ਇਥੋਂ ਤਕ ਪੁੱਜਦੇ ਹਨ ਕਿ ਕਿਸੇ ਦੇਸ਼ ਦੇ ਕਲਚਰ ਜਾਂ ਸੱਭਿਆਚਾਰ ਦਾ ਅਤੇ ਇਸੇ ਤਰ੍ਹਾਂ ਧਰਮ ਦੀ ਉੱਨਤੀ ਦਾ ਅਨੁਮਾਨ ਉਸ ਦੀ ਭਾਸ਼ਾ ਦੀ ਉੱਨਤੀ ਤੋਂ ਲਾਇਆ ਜਾ ਸਕਦਾ ਹੈ। ਜਿਵੇਂ ਮਹਾਤਮਾ ਬੁੱਧ ਨੇ ਸੰਸਕ੍ਰਿਤ ਤੋਂ ਪੱਲਾ ਛੁਡਾ ਕੇ ਲੋਕਾਂ ਦੀ ਬੋਲੀ, ਜਿਸ ਨੂੰ ਪਾਲੀ ਜਾਂ ਪ੍ਰਾਕ੍ਰਿਤ ਵੀ ਆਖਦੇ ਹਨ, ਵਿਚ ਆਪਣਾ ਪ੍ਰਚਾਰ ਕਰ ਕੇ ਇਕ ਸਿਧਾਂਤ ਦ੍ਰਿੜ੍ਹ ਕਰਾ ਦਿੱਤਾ ਕਿ ਜਿਸ ਭਾਸ਼ਾ ਵਿਚ ਚੰਗੀਆਂ ਗੱਲਾਂ ਲਿਖੀਆਂ ਜਾਂ ਬੋਲੀਆਂ ਜਾਣ, ਉਹੀ ਚੰਗੀ ਹੈ। ਨਾਲ ਹੀ ਇਹ ਭੀ ਸਿਖਾਇਆ ਕਿ ਜਿਨ੍ਹਾਂ ਵਾਸਤੇ ਤੁਸੀਂ ਲਿਖ ਜਾਂ ਬੋਲ ਰਹੇ ਹੋ, ਉਨ੍ਹਾਂ ਦੀ ਸਮਝ ਵਿਚ ਆਉਣ ਵਾਲੀ ਅਤੇ ਉਨ੍ਹਾਂ ਦੇ ਪੱਧਰ ਦੀ ਭਾਸ਼ਾ ਵਿਚ ਗੱਲ ਕਰੋ। ਇਹੋ ਗੱਲ ਗੁਰਬਾਣੀ ਵਿਚ ਹੋਈ ਹੈ। ਪੰਜਾਬੀ ਭਾਸ਼ਾ ਦਾ ਇਤਿਹਾਸ ਅਤੇ ਪੰਜਾਬੀ ਸਾਹਿਤ ਦਾ ਇਤਿਹਾਸ ਤਾਂ ਸ਼ੁਰੂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਤੋਂ ਹੁੰਦੇ ਹਨ। ਅੱਜ ਤਕ, ਪੰਜਾਬੀ ਰਚਨਾ ਦਾ ਜੋ ਪੁਰਾਣੇ ਤੋਂ ਪੁਰਾਣਾ ਨਮੂਨਾ ਅਤੇ ਅੱਜ ਸਮਝ ਆਉਣ ਵਾਲੀ ਭਾਸ਼ਾ ਦਾ ਜੋ ਨਮੂਨਾ ਸਾਨੂੰ ਮਿਲਦਾ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਈ ਭਗਤ ਫਰੀਦ ਜੀ ਦੀ ਬਾਣੀ ਹੈ। ਗੁਰੂ ਸਾਹਿਬਾਨ ਨੇ ਵੀ ਜਿੱਥੇ ਪੰਜਾਬ ਵਿਚ ਪ੍ਰਚਾਰ ਕਰਦਿਆਂ ਪੰਜਾਬੀ ਵਿਚ ਰਚਨਾ ਕੀਤੀ, ਪਰ ਆਪ ਨੇ ਸਹਿਸਕ੍ਰਿਤੀ, ਗਾਥਾ, ਤਿਲੰਗੀ (ਫਰੰਟੀਅਰ ਦੀ) ਭੀ ਵਰਤੋਂ ਵਿਚ ਲਿਆਂਦੀ ਅਤੇ ਇਸੇ ਤਰ੍ਹਾਂ ਫ਼ਾਰਸੀ ਭੀ। ਭਗਤ ਸਾਹਿਬਾਨ ਦੀ ਬਾਣੀ ਵਿਚ ਭਗਤ ਜੈ ਦੇਵ ਜੀ ਦੀ ਬੋਲੀ ਵਿਚ ਸੰਸਕ੍ਰਿਤ ਅਤੇ ਭਗਤ ਨਾਮਦੇਵ ਜੀ ਦੀ ਬੋਲੀ ਵਿਚ ਮਰਾਠੀ ਅਤੇ ਇਸੇ ਤਰ੍ਹਾਂ ਭਗਤ ਕਬੀਰ ਜੀ ਤੇ ਹੋਰ ਬਾਕੀ ਭਗਤ ਸਾਹਿਬਾਨ ਦੀ ਬੋਲੀ ਵਿਚ ਪੂਰਬੀ ਬੋਲੀ ਆਦਿ ਦੇ ਪ੍ਰਭਾਵ ਸਪੱਸ਼ਟ ਹਨ।
ਇਹ ਕਹਿਣ ਦੀ ਆਗਿਆ ਚਾਹੁੰਦਾ ਹਾਂ ਕਿ ਸਾਨੂੰ ਕਦੇ ਭੀ ਇਸ ਭੁਲੇਖੇ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਕਿ ਗੁਰੂ ਜੀ ਨੇ ਕੇਵਲ ਪੰਜਾਬੀ ਵਿਚ ਲਿਖਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ, ਮੰਨਿਆ ਜਾਂਦਾ ਹੈ ਕਿ ਇਕ ਭੀ ਸ਼ਬਦ ਪੰਜਾਬੀ ਦਾ ਨਹੀਂ ਕਿਉਂਕਿ ਉਨ੍ਹਾਂ ਦਾ ਬਹੁਤਾ ਸਮਾਂ ਹੋਰ ਪ੍ਰਾਂਤਾਂ ਵਿਚ ਪ੍ਰਚਾਰ ਵਿਚ ਲੱਗਾ ਅਤੇ ਆਸਾਮ ਤਕ ਆਪ ਗਏ, ਬੰਗਾਲ ਵਿਚ ਤੇ ਬਿਹਾਰ ਵਿਚ ਰਹੇ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਦੂਰ-ਨੇੜੇ ਤੋਂ ਸੰਗਤਾਂ ਗੁਰ-ਦਰਬਾਰ ਵਿਚ ਆਉਣ ਲੱਗ ਪਈਆਂ ਸਨ, ਸੋ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਬਾਣੀ ਵਿਚ ਹਿੰਦੁਸਤਾਨੀ ਭਾਸ਼ਾਵਾਂ ਦਾ ਅਸਰ ਵਧਣ ਲੱਗ ਪਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਭੀ ਜਿੱਥੇ ਜਾ ਕੇ ਪ੍ਰਚਾਰ ਕਰਦੇ ਰਹੇ ਹਨ, ਉਥੋਂ ਦੀ ਭਾਸ਼ਾ ਅਤੇ ਜਿਸ ਨਾਲ ਗੱਲਬਾਤ ਕਰਦੇ ਰਹੇ ਹਨ, ਉਸ ਦੀ ਬੋਲੀ ਦੀ ਵਰਤੋਂ ਖੁੱਲ੍ਹੇ-ਦਿਲ ਨਾਲ ਕਰ ਲੈਂਦੇ ਹਨ। ਜਿਵੇਂ ਕਾਜ਼ੀ ਨੂੰ ਸਮਝਾਉਂਦਿਆਂ, ‘ਪਰੰਦਏ ਨ ਗਿਰਹ ਜਰ। ਦਰਖਤ ਆਬ ਆਸ ਕਰ’ ਕਹਿ ਦਿੱਤਾ ਹੈ ਅਤੇ ਪੰਡਤਾਂ ਨਾਲ ਗੱਲਾਂ ਕਰਦਿਆਂ ਆਪ ਨੇ ਕਿਹਾ ਹੈ:
ਤਿਲਕ ਹੀਣੰ ਜਥਾ ਬਿਪ੍ਰਾ ਅਮਰ ਹੀਣੰ ਜਥਾ ਰਾਜਨਹ॥
ਆਵਧ ਹੀਣੰ ਜਥਾ ਸੂਰਾ ਨਾਨਕ ਧਰਮ ਹੀਣੰ ਤਥਾ ਬੈਸ੍ਨਵਹ॥56॥
ਨ ਸੰਖੰ ਨ ਚਕ੍ਰੰ ਨ ਗਦਾ ਨ ਸਿਆਮੰ॥
ਅਸ੍ਚਰਜ ਰੂਪੰ ਰਹੰਤ ਜਨਮੰ॥
ਨੇਤ ਨੇਤ ਕਥੰਤਿ ਬੇਦਾ॥
ਊਚ ਮੂਚ ਅਪਾਰ ਗੋਬਿੰਦਹ॥
ਬਸੰਤਿ ਸਾਧ ਰਿਦਯੰ ਅਚੁਤ ਬੁਝੰਤਿ ਨਾਨਕ ਬਡਭਾਗੀਅਹ॥ (ਪੰਨਾ 1359)
ਸੰਖੇਪ ਵਿਚ ਕਹੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਹਿਤਕ, ਭਾਸ਼ਾਈ ਅਤੇ ਇਸੇ ਤਰ੍ਹਾਂ ਸਦਾਚਾਰਕ, ਸਮਾਜਿਕ ਤੇ ਇਤਿਹਾਸਕ ਦੇਣ ਵਡਮੁੱਲੀ ਹੈ। ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਪੁਰਾਤਨ ਪੰਜਾਬੀ ਦੀਆਂ ਕਈ ਇਕ ਉਪਭਾਖਾਵਾਂ ਦੇ ਸ਼ਬਦ, ਅਨੇਕਾਂ ਅਖਾਣ ਤੇ ਅਖੌਤਾਂ ਅਤੇ ਪੁਰਾਤਨ ਪੰਜਾਬੀ ਦਾ ਪੂਰਨ ਸ਼ਬਦ-ਭੰਡਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ। ਇਹ ਗੱਲ ਹੋਰ ਭੀ ਕੀਮਤੀ ਬਣ ਜਾਂਦੀ ਹੈ ਜਦ ਅਸੀਂ ਇਹ ਦੇਖਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪੰਜਾਬੀ ਛੰਦਾ-ਬੰਦੀ (ਪਿੰਗਲ ਜਾਂ ਅਰੂਜ਼) ਪੰਜਾਬੀ ਅਲੰਕਾਰਾਂ ਅਤੇ ਹੋਰ ਅਨੇਕਾਂ ਹੀ ਸਾਹਿਤਕ ਗੁਣਾਂ ਦਾ ਭੰਡਾਰ ਅਤੇ ਪ੍ਰੇਰਿਕ ਸੋਮਾ ਹੈ। ਸਤਿਕਾਰ ਨਾਲ ਸਿਰ ਨੀਵਾਂ ਹੁੰਦਾ ਹੈ ਕਿ ਸੱਚੇ ਪਾਤਸ਼ਾਹ ਨੇ ਅਧਿਆਤਮਕਤਾ ਦਾ ਪ੍ਰਚਾਰ ਕਰਦਿਆਂ ਨਾਲ ਭਾਰਤੀ ਸੱਭਿਆਚਾਰ ਤੇ ਪੰਜਾਬੀ ਕਲਚਰ ਜਾਂ ਸਮੁੱਚੀ ਭਾਂਤ ਸੱਭਿਆਚਾਰ ਦੀ ਏਨੀ ਸਾਂਭ ਕਰ ਲਈ ਹੈ, ਨਹੀਂ ਤਾਂ ਉਹ ਸਮੇਂ ਹੋਰ ਹੀ ਤਰ੍ਹਾਂ ਦੇ ਸਨ ਤੇ ਪਤਾ ਨਹੀਂ ਅਸੀਂ ਕਿੰਨਾ ਕੁਝ ਗਵਾ ਚੁੱਕੇ ਹਾਂ ਜਿਹੜਾ ਲੱਭਣਾ ਹੁਣ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹੋ ਚੁਕਾ ਹੈ। ਪੰਜਾਬ ਉੱਤੇ ਤਾਂ ਇਹ ਗੱਲ ਹੋਰ ਭੀ ਵਧੇਰੇ ਢੁੱਕਦੀ ਹੈ-
ਇਥੇ ਹੀ ਕਹਿ ਦੇਈਏ ਕਿ ਭਾਸ਼ਾ ਦੀ ਲਿੱਪੀ ਵੀ ਸੱਭਿਆਚਾਰ ਦਾ ਇਕ ਜ਼ਰੂਰੀ ਅੰਗ ਹੈ। ਇਹ ਗੁਰਮੁਖੀ ਲਿੱਪੀ ਕਿਸ ਬਣਾਈ, ਕਦੋਂ ਬਣਾਈ, ਇਸ ਬਹਿਸ ਵਿਚ ਨਾ ਵੀ ਪਈਏ ਤਾਂ ਭੀ ਇਸ ਸੰਬੰਧੀ ਤਾਂ ਕੋਈ ਦੋ ਰਾਵਾਂ ਹੋ ਹੀ ਨਹੀਂ ਸਕਦੀਆਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਮੁਖੀ ਲਿੱਪੀ ਵਿਚ ਲਿਖਵਾ ਕੇ ਸੱਚੇ ਪਾਤਸ਼ਾਹ ਜੀ ਨੇ ਪੰਜਾਬੀ ਲਿੱਪੀ ਦਾ ਜਨਮ ਸੁਆਰ ਦਿੱਤਾ ਹੈ ਤੇ ਇਸ ਨੂੰ ਸਦਾ ਲਈ ਅਮਰ ਕਰ ਦਿੱਤਾ ਹੈ। ਅੱਜ ਦੀ ਪੰਜਾਬੀ ਸਾਹਿਤ ਤੇ ਭਾਸ਼ਾ ਦੀ ਉੱਨਤੀ ਦੀ ਲਹਿਰ ਦਾ ਸੋਮਾ, ਨੀਂਹ, ਕਾਰਨ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤੇ ਇਸੇ ਦਾ ਆਸਰਾ ਲੈ ਕੇ ਹੋਰ ਉਸਾਰੀ ਹੋ ਸਕਦੀ ਹੈ। ਨੀਚਹੁੰ ਊਚ ਕਰਨ ਵਾਲੇ ਮੇਰੇ ਗੋਬਿੰਦ ਦਾ ਇਹ ਵੀ ਇਕ ਕ੍ਰਿਸ਼ਮਾ ਹੈ ਕਿ ਜਿਸ ਭਾਸ਼ਾ ਤੇ ਲਿੱਪੀ ਨੂੰ ਕੋਈ ਜਾਣਦਾ ਨਹੀਂ ਸੀ, ਗੁਰੂ ਜੀ ਦੇ ਕਿਰਪਾ-ਕਟਾਖਸ਼ ਨਾਲ ਅੱਜ ਉਹ ਚਹੁੰ ਕੁੰਟੀਂ ਨਹੀਂ ਤਾਂ ਦੇਸੀਂ-ਪ੍ਰਦੇਸੀਂ ਜ਼ਰੂਰ ਪਹੁੰਚ ਚੁਕੀ ਹੈ। ਅਫਰੀਕਾ, ਅਮਰੀਕਾ, ਇੰਗਲੈਂਡ ਤੇ ਮਲਾਇਆ ਅਤੇ ਹਿੰਦੁਸਤਾਨ ਦੇ ਲੱਗਭਗ ਸਾਰੇ ਹੀ ਪ੍ਰਾਂਤਾਂ ਵਿਚ ਪੰਜਾਬੀ ਦੀਆਂ ਪੁਸਤਕਾਂ ਤੇ ਅਖ਼ਬਾਰ ਪੰਜਾਬੀ ਲਿੱਪੀ ਵਿਚ ਛਾਪੇ ਅਤੇ ਪੜ੍ਹੇ-ਸੁਣੇ ਜਾਂਦੇ ਹਨ।
(ਸ) ਕੁੱਲੀ, ਗੁੱਲੀ, ਜੁੱਲੀ
ਸਾਡਾ ਭਾਵ ਨਿੱਤ ਦੇ ਦੈਨਿਕ ਜੀਵਨ ਤੋਂ ਹੈ। ਇਹ ਤਾਂ ਸਾਫ ਦਿੱਸਦਾ ਹੈ ਕਿ ਗੁਰਬਾਣੀ ਵਿੱਚੋਂ ਉਸ ਵੇਲੇ ਦੇ ਪ੍ਰਚੱਲਤ ਭੋਜਨਾਂ (ਗਰੀ ਛੁਹਾਰੇ ਖਾਂਦੀਆਂ, ਖਿੱਚੜੀ, ਮਾਖਿਓਂ ਮਾਝਾ ਦੁੱਧ, ਰੋਟੀਆਂ, ਦਾਲ ਸੀਧਾ ਘਿਓ, ਸ਼ਕਰ ਖੰਡ ਨਿਵਾਤ ਗੁੜ, ਖੀਰ, ਚਨੇ), ਪਹਿਰਾਵਾ (ਚੋਲਾ, ਕਾਲੇ ਮੈਂਡੇ ਕੱਪੜੇ, ਮੈਂ ਭੁਲਾਵਾ ਪੱਗ ਦਾ, ਪਾਣਾ, ਧੋਤੀ ਤੜਾਗੀ, ਖਿੰਥਾ, ਨਿਹਾਲੀ, ਪਟ (ਰੇਸ਼ਮ), ਅਤੇ ਇਸੇ ਤਰ੍ਹਾਂ ਗਹਿਣਿਆਂ, ਭਾਂਡਿਆਂ, ਸ਼ਸਤਰਾਂ, ਉਦਯੋਗ ਤੇ ਧੰਦਿਆਂ ਆਦਿ ਦਾ ਵਰਣਨ ਆਉਂਦਾ ਹੈ। ਹਾਰ-ਸ਼ਿੰਗਾਰ ਵੀ ਦੱਸੇ ਗਏ ਹਨ। ਹਾਰ, ਕਜਰ, ਬਸਤ੍ਰ, ਅਨਿਕ ਸੀਗਾਰ ਰੇ ਆਦਿ ਬਹੁਤ ਸਾਰੀਆਂ ਗੱਲਾਂ ਇਸ਼ਾਰੇ-ਮਾਤਰ ਹੀ ਜਾਂ ਮਿਸਾਲਾਂ ਦੇ ਰੂਪ ਵਿਚ ਆਈਆਂ ਹਨ। ਸੁਆਲ ਤਾਂ ਇਹ ਹੈ ਕਿ ਗੁਰਬਾਣੀ ਦਾ ਸੱਭਿਆਚਾਰ ਇਨ੍ਹਾਂ ਸਾਰਿਆਂ ਸੰਬੰਧੀ ਕੀ ਕਹਿੰਦਾ ਹੈ। ਇਸ ਦਾ ਜਵਾਬ ਬੜਾ ਸਿੱਧਾ ਹੈ:
ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥…
ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ॥
ਤਿਸੁ ਵਿਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ॥…
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥
ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (ਪੰਨਾ 16)
ਫੈਸ਼ਨ ਦਾ ਜਵਾਬ ਭੀ ਇਹੋ ਹੈ:
ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ॥ (ਪੰਨਾ 472)
ਓਨੀ੍ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ॥ (ਪੰਨਾ 467)
ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ॥ (ਪੰਨਾ 790)
ਬਹੁ ਸਾਦਹੁ ਦੂਖੁ ਪਰਾਪਤਿ ਹੋਵੈ॥ (ਪੰਨਾ 1034)
ਖਾਇਆ ਮੈਲੁ ਵਧਾਇਆ ਪੈਧੈ ਘਰ ਕੀ ਹਾਣਿ॥ (ਪੰਨਾ 1331)
ਮੁੱਕਦੀ ਗੱਲ, ਸਾਡਾ ਖਾਣ, ਪੀਣ, ਪਹਿਰਨ ਭੀ ਕੁਦਰਤੀ ਜਿਹਾ ਅਤੇ ਸਾਡੇ ਵਾਤਾਵਰਨ, ਰੁੱਤ ਅਤੇ ਹਾਲਤ ਅਨੁਸਾਰ ਹੋਣਾ ਚਾਹੀਦਾ ਹੈ, ਜਿਸ ਤੋਂ ਮਨ ਵਿਚ ਵਿਕਾਰ ਤੇ ਤਨ ਵਿਚ ਰੋਗ ਨਾ ਪੈਦਾ ਹੋਵੇ ਅਤੇ ਜੇਬ ਨੂੰ ਵੀ ਘਰ ਕੀ ਹਾਣ ਤਕ ਨਾ ਪਹੁੰਚਣਾ ਪਵੇ। ਹਾਂ, ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਖੋ-ਵੱਖਰੀਆਂ ਉਦਾਸੀਆਂ ਵੇਲੇ ਵੱਖ-ਵੱਖ ਤਰ੍ਹਾਂ ਦੇ ਲਿਬਾਸ ਪਹਿਨ ਲੈਂਦੇ ਹਨ। ਇਸ ਤੋਂ ਸਪੱਸ਼ਟ ਹੈ ਕਿ ਕਿਸੇ ਲਿਬਾਸ ਲਈ ਵੀ ਕੋਈ ਮਨਾਹੀ ਨਹੀਂ, ਬਸ ਇੱਕੋ ਗੱਲ ਹੈ ਕਿ ਉਹ ਪਹਿਰਨ ਜਾਂ ਖੁਰਾਕ, ਭੋਜਨ ਸਾਡੀ ਹੈਸੀਅਤ ਮੁਤਾਬਕ ਅਤੇ ਸਾਡੀ ਸਥਿਤੀ ਦੇ ਅਨੁਸਾਰ ਹੋਣੇ ਚਾਹੀਦੇ ਹਨ।
ਕੁੱਲੀ ਜਾਂ ਰਿਹਾਇਸ਼ ਜਾਂ ਘਰਾਂ ਆਦਿ ਸੰਬੰਧੀ ਭੀ ਗੁਰਬਾਣੀ ਦਾ ਸੱਭਿਆਚਾਰ ਨਾ ਮਹਿਲਾਂ ਵਿਚ ਰਹਿਣੋਂ ਮਨ੍ਹਾਂ ਕਰਦਾ ਹੈ ਨਾ ਸਰਾਵਾਂ ਵਿਚ, ਨਾ ਮੰਡਪਾਂ-ਮਾੜੀਆਂ ਨੂੰ ਨਿੰਦਦਾ ਹੈ ਤੇ ਨਾ ਟੁੱਟੀ ਝੌਂਪੜੀ ਨੂੰ ਬੁਰਾ ਕਹਿੰਦਾ ਹੈ। ਗੱਲ ਫਿਰ ‘ਸਹਿਜ ਸੁਭਾਇ ਹੋਵੈ ਸੋ ਹੋਇ’ ’ਪੁਰ ਆਉਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਕ ਪਾਸੇ ਇਹ ਭੀ ਲਿਖਿਆ ਹੈ, ‘ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ- ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ॥’ ਪਰ ਨਾਲ ਹੀ ਫ਼ਰਮਾਇਆ ਹੈ:
ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿ੍ ਹਦੂਰਿ॥ (ਪੰਨਾ 417)
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ॥
ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ॥ (ਪੰਨਾ 14)
ਤੇ ਉਸ ਵਿਚ ਸਾਮਾਨ :
ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ॥ (ਪੰਨਾ 14)
ਪਰ ਗੁਰੂ ਜੀ ਦਾ ਭਾਵ ਇਹ ਨਹੀਂ ਕਿ ਇਨ੍ਹਾਂ ਨੂੰ ਛੱਡ ਕੇ ਜੰਗਲਾਂ ਦਾ ਵਾਸਾ ਕਰੋ, ਸਗੋਂ ਉਨ੍ਹਾਂ ਨੇ ਤਾਂ ਇਹ ਸਿਖਾਇਆ ਹੈ ਕਿ :
ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ॥ (ਪੰਨਾ 106)
ਇਹ ਭੀ ਸਾਫ ਸਮਝਾਇਆ ਹੈ ਕਿ:
ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ॥
ਜਾਤਿ ਨ ਪਤਿ ਨ ਆਦਰੋ ਉਦਿਆਨ ਭ੍ਰਮਿੰਨਾ॥
ਮਿਤ੍ਰ ਨ ਇਠ ਧਨ ਰੂਪਹੀਣ ਕਿਛੁ ਸਾਕੁ ਨ ਸਿੰਨਾ॥
ਰਾਜਾ ਸਗਲੀ ਸ੍ਰਿਸਟਿ ਕਾ ਹਰਿ ਨਾਮਿ ਮਨੁ ਭਿੰਨਾ॥ (ਪੰਨਾ 707)
ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ॥
ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ
ਜਿਨੀ ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ॥
ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ
ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ॥ (ਪੰਨਾ 648)
ਕੀ ਲੰਗਰ, ਸਰਾਵਾਂ ਥਾਂ-ਥਾਂ ਚਲਾਉਣ ਦਾ ਸੱਭਿਆਚਾਰ ਇਨ੍ਹਾਂ ਮਹਾਂਵਾਕਾਂ ਤੋਂ ਸਮਝ ਨਹੀਂ ਆ ਸਕਦਾ?
ਮੁੱਕਦੀ ਗੱਲ ਇਹ ਹੈ ਕਿ ਰੁੱਖਾਂ ਥੱਲੇ ਰਹੀਏ ਜਾਂ ਛੱਪਰ ਪਾ ਕੇ ਵੱਸੀਏ ਗੁਰੂ ਦੀ ਕਿਰਪਾ ਨਾਲ ਸੁਖ ਭਰੇ ਮੰਦਰਾਂ ਵਿਚ ਮਹਿਲਾਂ, ਮਾੜੀਆਂ ਵਿਚ ਨਿਵਾਸ ਮਿਲੇ, ਪਿੰਡ ਹੋਵੇ ਜਾਂ ਸ਼ਹਿਰ, ਦਰਿਆ ਦਾ ਕਿਨਾਰਾ ਹੋਵੇ ਜਾਂ ਸਮੁੰਦਰ ਵਿਚਲਾ ਟਾਪੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਭਿਆਚਾਰ ਅਨੁਸਾਰ :
ਜਹ ਬੈਸਾਲਹਿ ਤਹ ਬੈਸਾ ਸੁਆਮੀ ਜਹ ਭੇਜਹਿ ਤਹ ਜਾਵਾ॥
ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ ਥਾਵਾ॥ (ਪੰਨਾ 993)
ਇਸੇ ਲਈ ਭਗਤ ਕਬੀਰ ਜੀ ਨੂੰ ਕਹਿਣਾ ਪਿਆ ਸੀ:
ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ॥ (ਪੰਨਾ 484)
ਉਹ ਕਾਂਸ਼ੀ ਦੀ ਥਾਂ ਹੜੰਬੇ ਦੀ ਧਰਤੀ ਜਾ ਵੱਸੇ ਸੁਣਦੇ ਹਨ। ਕਹਿਣ ਤੋਂ ਭਾਵ ਇਹ ਹੈ ਕਿ ਨਾ ਦੇਸ਼ ਬਦਲਣ ਨਾਲ, ਨਾ ਘਰ ਦੀ ਜਾਂ ਰਹਿਣ ਦੀ ਕੁੱਲੀ ਦਾ ਰੰਗ- ਰੂਪ ਜਾਂ ਆਕਾਰ ਬਦਲਣ ਨਾਲ ਮਨੁੱਖੀ ਸੱਭਿਆਚਾਰ ਵਿਚ ਕੋਈ ਫ਼ਰਕ ਪੈਂਦਾ ਹੈ। ਇਸੇ ਦਾ ਸਬੂਤ ਇਤਿਹਾਸ ਪ੍ਰਤੱਖ ਹੈ ਅਤੇ ਅੱਜ ਵੀ ਅਸੀਂ ਵੇਖਦੇ ਹਾਂ, ਗੁਰਬਾਣੀ ਪੜ੍ਹਨ ਵਾਲੇ ਤੇ ਗੁਰਬਾਣੀ ਮੰਨਣ ਵਾਲੇ ਗੁਰੂ ਕੇ ਸਿੱਖ ਸੰਸਾਰ ਦੀਆਂ ਉਨ੍ਹਾਂ ਦੂਰੀਆਂ ਤਕ ਪੁੱਜ ਕੇ ਵੱਸੇ ਹੋਏ ਹਨ ਜਿੱਥੇ ਮਾੜਿਆਂ-ਮੋਟਿਆਂ ਦੀ ਕਿਰਪਾ ਨਹੀਂ ਅਤੇ ਫਿਰ ਵਾਹਿਗੁਰੂ ਦੀ ਕਿਰਪਾ ਨਾਲ ਸਭਨੀਂ ਥਾਈਂ ਸਫ਼ਲ ਹਨ ਅਤੇ ਉਹ ਗੁਰਬਾਣੀ ਰੋਜ਼ ਪੜ੍ਹ-ਸੁਣ ਕੇ ਆਪਣੇ ਆਪ ਨੂੰ ਗੁਰਬਾਣੀ ਦੇ ਸੱਭਿਆਚਾਰ ਅਨੁਸਾਰ ਢਾਲਣ ਦੀ ਕੋਸ਼ਿਸ਼ ਵਿਚ ਰਹਿੰਦੇ ਹਨ। ਦਰਿਆ ਛੱਡਿਆਂ ਸਮੁੰਦਰ ਪਾਰ ਕਰ ਕੇ ਭੀ ਨਾ ਉਨ੍ਹਾਂ ਦਾ ਧਰਮ ਭ੍ਰਿਸ਼ਟ ਹੁੰਦਾ ਹੈ ਤੇ ਨਾ ਸੱਭਿਆਚਾਰਕ ਜੀਵਨ ਵਿਚ ਫ਼ਰਕ ਆਉਂਦਾ ਹੈ।
(ਹ) ਉਪਜੀਵਕਾ
ਸੱਭਿਆਚਾਰ ਦਾ ਇਕ ਹੋਰ ਰੰਗ ਉਪਜੀਵਕਾ ਦਾ ਸਾਧਨ ਹੈ। ਗੁਰਬਾਣੀ ਜਦ ‘ਗੁਰੁ ਪੀਰੁ ਸਦਾਏ ਮੰਗਣ ਜਾਇ- ਤਾ ਕੈ ਮੂਲਿ ਨ ਲਗੀਐ ਪਾਇ’ ਦਾ ਉਪਦੇਸ਼ ਦੇਂਦੀ ਹੈ ਅਤੇ ਆਖਦੀ ਹੈ ਕਿ ‘ਮਾਨੁਖ ਤੇ ਜਾਚਤ ਸ੍ਰਮ ਪਾਈਐ’ ਤੇ ‘ਮੰਨੈ ਨਾਨਕ ਭਵਹਿ ਨ ਭਿਖ’ ਤਾਂ ਪ੍ਰਤੱਖ ਹੈ ਕਿ ਇਥੇ ‘ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ’ ਹੈ। ਮੇਰਾ ਜ਼ੋਰ ‘ਸਭ’ ਸ਼ਬਦ ਉੱਤੇ ਹੈ ਭਾਵ ਇਹ ਕਿ ਹਰ ਤਰ੍ਹਾਂ ਦੀ ਕਿਰਤ ਪਰ ਸੁੱਚੀ ਕਿਰਤ, ਦਸਾਂ ਨਹੁੰਆਂ ਦੀ ਕਿਰਤ ਬਾਬਾ ਜੀ ਨੇ ਮੰਨੀ ਹੈ ਅਤੇ ਸਾਫ ਸਮਝਾਇਆ ਹੈ:
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)
‘ਜਤੁ ਪਹਾਰਾ ਧੀਰਜੁ ਸੁਨਿਆਰੁ’ ਵਿਚ ਸਾਰੀ ਸੁਨਿਆਰੇ ਦੀ ਹੱਟੀ ਦਾ ਚਿਤਰ ਰੱਖ ਕੇ ਅਧਿਆਤਮ ਵਿੱਦਿਆ ਦੇ ਗੁਹਜ ਭਾਵ ਤੇ ਸਦਾਚਾਰ ਦੇ ਡੂੰਘੇ ਅਰਥ ਸਮਝਾਉਣ ਵਾਲੇ ਪਾਤਸ਼ਾਹ ਜੀ ਨੇ ਕਿਰਸਾਨਾਂ, ਦੁਕਾਨਦਾਰਾਂ, ਵਣਜਾਰਿਆਂ, ਅਧਿਆਪਕਾਂ, ਪੁਜਾਰੀਆਂ ਤੇ ਹੋਰ ਕਿਰਤੀਆਂ ਨੂੰ ਭੀ ਉਹੀ ਥਾਂ ’ਤੇ ਦਰਸਾ ਦਿੱਤਾ ਹੈ ਜੋ ਸਰਾਫਾਂ ਤੇ ਜਵਾਹਰੀਆਂ ਨੂੰ। ਆਧੁਨਿਕ ਸਮੇਂ ਦੇ ਇਕ ਮਹਾਨ ਵਿਦਵਾਨ ਪ੍ਰੋ: ਨਿਰਹੰਜਨ ਰੇ ਦੇ ਸ਼ਬਦਾਂ ਵਿਚ ‘ਗੁਰੂ ਜੀ ਨੇ ਕਿਰਤ ਦੀ ਮਹਾਨਤਾ ਬਣਾਈ ਹੈ। ਆਪ ਵੀ ਕੀਤੀ ਹੈ।’ ਉਨ੍ਹਾਂ ਨੇ ਇਕ ਭਾਸ਼ਨ ਵਿਚ ਇਥੋਂ ਤਕ ਕਿਹਾ ਸੀ, “ਸਾਡੇ ਦੇਸ਼ ਵਿਚ ਹੁਣ ਤਕ ਕਿਸੇ ਦਾ ਮਾਣ ਜਾਂ ਇੱਜ਼ਤ ਕਰਨ ਲਈ ਅਸੀਂ ਉਸ ਨੂੰ ਕੰਮ ਕਰਨ ਤੋਂ ਰੋਕ ਦੇਂਦੇ ਹਾਂ। ਸਾਡੇ ਵਿਚ ਤਾਂ ਆਪਣਾ ਬੈਗ ਚੁੱਕਣਾ ਜਾਂ ਗੜਵੀ ਚੁੱਕਣੀ ਵੀ ਹੱਤਕ ਸਮਝਦੇ ਹਾਂ।” ਪਰ ਗੁਰੂ ਜੀ ਨੇ:
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ (ਪੰਨਾ 522)
ਅਹਿਰਖ ਵਾਦੁ ਨ ਕੀਜੈ ਰੇ ਮਨ॥
ਸੁਕ੍ਰਿਤੁ ਕਰਿ ਕਰਿ ਲੀਜੈ ਰੇ ਮਨ॥ (ਪੰਨਾ 479)
ਕਹਿ ਕੇ ਇਕ ਤਰ੍ਹਾਂ ਨਾਲ ਗੱਲ ਨਿਬੇੜ ਦਿੱਤੀ ਹੈ। ਕਿਉਂਕਿ ਅੱਗੇ ਜਾਤ ਤੇ ਕੰਮ ਸੰਬੰਧਿਤ ਸਨ ਅਤੇ ਉਪਰੋਕਤ ਪੰਕਤੀਆਂ ਤੋਂ ਸਪੱਸ਼ਟ ਹੈ ਕਿ ਗੁਰੂ ਸਾਹਿਬ ਨੂੰ ਕਿਉਂ ਲਿਖਣਾ ਪਿਆ, “ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ॥” ਅਤੇ “ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥” ਇਸੇ ਲਈ ਕੋਈ ਜਾਤ ਉਤਮ ਨੀਚ ਨਹੀਂ, ਕੋਈ ਕੰਮ ਨੀਚ ਨਹੀਂ। ਈਮਾਨਦਾਰੀ ਨਾਲ ਕੀਤਾ ਕੰਮ ਜਾਂ ਉਪਜੀਵਕਾ ਦਾ ਸਾਧਨ ਯੋਗ ਹੈ। ਇਹੋ ਵਜ੍ਹਾ ਹੈ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਿਆਂ ਖੱਡੀ ਚਲਾਉਣ ਵਾਲੇ ਜੁਲਾਹੇ, ਜੁੱਤੀਆਂ ਸਿਊਣ ਵਾਲੇ ਚਮਾਰ, ਕੱਪੜੇ ਰੰਗਣ ਵਾਲੇ ਛੀਂਬੇ, ਪਸ਼ੂ ਮਾਰਨ ਵਾਲੇ ਕਸਾਈ ਤੇ ਠਾਕਰ ਪੂਜਾ ਕਰਨ ਵਾਲਿਆਂ ਬ੍ਰਾਹਮਣਾਂ ਆਦਿ ਦਾ ਇੱਕੋ ਜਿਹਾ ਸਤਿਕਾਰ ਅਤੇ ਉਨ੍ਹਾਂ ਦਾ ਹੁਕਮ ਵੀ ਸਿਰ-ਮੱਥੇ ’ਤੇ ਮੰਨਣਾ ਪੈਂਦਾ ਹੈ। ਫਿਰ ਜਾਤ ਦੇ ਗਰਬ ਦੀ ਕਿਹੜੀ ਥਾਂ ਰਹਿ ਗਈ?
(ਕ) ਪਰਵਾਰਿਕ ਜੀਵਨ
ਸਭ ਸਮਾਜ ਤੇ ਸਭ ਸੱਭਿਆਚਾਰ ਅਸਲ ਵਿਚ ਸਮਾਜਿਕ ਜੀਵਨ ਦੀਆਂ ਲੋੜਾਂ ਤੇ ਇਸੇ ਤੋਂ ਵਿਕਸਤ ਹੋਈਆਂ ਦਾਤਾਂ ਹਨ। ਇਨ੍ਹਾਂ ਸਦਕਾ ਹੀ ਸਮਾਜ ਦਾ ਸੂਤ ਕਾਇਮ ਰਹਿੰਦਾ ਹੈ। ਸਮਾਜ ਦਾ ਜੀਵਨ ਸੁਖਦਾਈ ਬਣਾਉਣ ਲਈ ਹੀ ਸਦਾਚਾਰ ਦੇ ਨਿਯਮ ਤੇ ਸਰਕਾਰ ਦੇ ਕਾਨੂੰਨ ਬਣਦੇ ਹਨ। ਇਸ ਵਿਚਾਰ ਨੂੰ ਥੋੜ੍ਹਾ ਜਿਹਾ ਅੱਗੇ ਸੋਚੀਏ ਤਾਂ ਸਮਾਜ ਦਾ ਆਧਾਰ ਪਰਵਾਰਿਕ ਜੀਵਨ ਹੈ ਜਾਂ ਬਹੁਤ ਸਿੱਧੇ ਸ਼ਬਦਾਂ ਵਿਚ ਗ੍ਰਿਹਸਤੀ ਜੀਵਨ ਹੀ ਅਸਲ ਸਮਾਜਿਕ ਜੀਵਨ ਹੈ। ਇਹ ਇਕ ਭੁਲੇਖਾ ਆਮ ਜਨਤਾ ਨੂੰ ਹੈ ਕਿ ਗ੍ਰਿਹਸਤ ਜੀਵ ਦੇ ਅਧਿਆਤਮਕ ਜੀਵਨ ਦੇ ਰਾਹ ਵਿਚ ਰੁਕਾਵਟ ਹੈ। ਇਸੇ ਲਈ ਅਧਿਆਤਮਕ ਜੀਵਨ ਦੇ ਜਗਿਆਸੂ ਕਈ ਵਾਰੀ ਜੰਗਲਾਂ ਦਾ ਰਾਹ ਲੱਭ ਲੈਂਦੇ ਹਨ, ਅਰਥਾਤ ਤਪੀ, ਬਨਬਾਸੀ ਅਤੇ ਹੋਰ ਬੜਾ ਕੁਝ ਬਣ ਜਾਂਦੇ ਹਨ। ਗ੍ਰਿਹਸਤ ਗੁਰੂ ਸਾਹਿਬਾਨ ਦਾ ਜਿਨ੍ਹਾਂ ਨੇ ਆਪ ਗ੍ਰਿਹਸਤ ਆਸ਼ਰਮ ਦਾ ਵੀ ਇਕ ਬਹੁਤ ਆਦਰਸ਼ ਨਮੂਨਾ ਸਾਡੇ ਸਾਹਮਣੇ ਰੱਖਿਆ ਗ੍ਰਿਹਸਤੀ ਜੀਵਨ ਸੰਬੰਧੀ ਸੱਭਿਆਚਾਰ ਇਕ ਨਵਾਂ ਰੰਗ ਲੈਂਦਾ ਹੈ। ਆਪ ਦਾ ਉਪਦੇਸ਼ ਇਹ ਨਹੀਂ ਕਿ ਘਰ-ਬਾਰ ਛੱਡ ਜਾਓ, ਜਾਂ ਪਉਣ ਅਹਾਰੀ ਹੋ ਜਾਓ ਜਾਂ ਨੰਗੇ ਹੋ ਕੇ ਤੁਰੇ-ਫਿਰੋ, ਜਾਂ ਪੁੱਤਰਾਂ-ਧੀਆਂ ਨੂੰ ਇਕ ਬੰਧਨ ਸਮਝੋ ਜਾਂ ਇਸਤਰੀ ਨੂੰ ਸ਼ੂਦਰ ਤੇ ਮਾਇਆ ਸਮਝ ਕੇ ਤਿਆਗ ਦਿਓ। ਸਗੋਂ ਉਨ੍ਹਾਂ ਦੀ ਨਿਗਾਹ ਵਿਚ ਤਾਂ:
ਨਾ ਸੋਹਾਗਨਿ ਨਾ ਓਹਿ ਰੰਡ॥ (ਪੰਨਾ 873)
ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ॥
ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ॥ (ਪੰਨਾ 855)
ਇਹ ਵੀ ਸਮਝਾਇਆ ਹੈ:
ਨਗਨ ਫਿਰਤ ਜੌ ਪਾਈਐ ਜੋਗੁ॥
ਬਨ ਕਾ ਮਿਰਗੁ ਮੁਕਤਿ ਸਭੁ ਹੋਗੁ॥
ਮੂਡ ਮੁੰਡਾਏ ਜੌ ਸਿਧਿ ਪਾਈ॥
ਮੁਕਤੀ ਭੇਡ ਨ ਗਈਆ ਕਾਈ॥
ਬਿੰਦੁ ਰਾਖਿ ਜੌ ਤਰੀਐ ਭਾਈ॥ (ਪੰਨਾ 324)
ਸੂਰਜ ਵਾਂਗ ਇਹ ਗੱਲ ਪ੍ਰਕਾਸ਼ ਹੈ ਕਿ ਗੁਰਬਾਣੀ ਅਨੁਸਾਰ ਗ੍ਰਿਹਸਤ ਜੀਵਨ ਹੀ ਸੱਭਿਆਚਾਰਕ ਜੀਵਨ ਹੈ। ‘ਬ੍ਰਹਮ ਗਿਆਨੀ ਸਦਾ ਨਿਰਲੇਪ’ ਦੇ ਸ਼ਬਦਾਂ ਵਿਚ ਗ੍ਰਿਹਸਤੀ ਜੀਵਨ ਦਾ ਆਦਰਸ਼ ਸਾਡੇ ਸਾਹਮਣੇ ਹੈ। ਇਸੇ ਆਦਰਸ਼ ਦਾ ਹਿੱਸਾ ਹੈ ਕਿ ‘ਬ੍ਰਹਮ ਗਿਆਨੀ ਪਰਉਪਕਾਰ ਉਮਾਹਾ’ ਅਤੇ ਇਸੇ ਦਾ ਹਿੱਸਾ ਹੈ:
ਕਬੀਰ ਜਉ ਗ੍ਰਿਹੁ ਕਰਹਿ ਤ ਧਰਮੁ ਕਰੁ ਨਾਹੀ ਤ ਕਰੁ ਬੈਰਾਗੁ॥
ਬੈਰਾਗੀ ਬੰਧਨੁ ਕਰੈ ਤਾ ਕੋ ਬਡੋ ਅਭਾਗੁ॥ (ਪੰਨਾ 1377)
ਸੋਚਣਾ ਪਵੇਗਾ ਕਿ ਕੀ ਕੋਈ ਵੈਰਾਗੀ ਹੋ ਕੇ ਬੰਧਨਾਂ ਤੋਂ ਬਚਦਾ ਹੈ? ਜਾਂ ਸੰਤ ਹੋ ਕੇ ਵੀ ਵੱਡੇ-ਵੱਡੇ ਡੇਰੇ ਤੇ ਅਖਾੜੇ ਸਾਂਭਣੇ, ਬਣਾਉਣੇ, ਮੱਲਣੇ, ਹਾਥੀ, ਘੋੜੇ ਰੱਖਣੇ ਤੇ ਸੋਨੇ ਦੀਆਂ ਕੁਰਸੀਆਂ ’ਤੇ ਬਹਿ ਕੇ ਦਰਸ਼ਨ ਦੇਣੇ ਜਾਂ ਖਾਸ-ਖਾਸ ਭੇਸ ਚੇਲਿਆਂ ਨੂੰ ਵਿਖਾ ਕੇ ਗਲਤ ਉਪਦੇਸ਼ ਦੇਣੇ ਤੇ ਸੱਚ ਤੋਂ ਗੁੰਮਰਾਹ ਕਰਨਾ, ਕੀ ਬੰਧਨਾਂ ਤੋਂ ਬਚਣਾ ਹੈ? ਜਾਂ ਕੀ ਇਹ ਸੱਚਮੁਚ ਵੈਰਾਗ ਤੇ ਤਿਆਗ ਹੈ? ਇਹੋ ਵੇਖ ਕੇ ਗੁਰੂ ਸਾਹਿਬ ਨੂੰ ਕਹਿਣਾ ਪਿਆ ਸੀ:
ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ॥ (ਪੰਨਾ 1421)
ਭੁਲੇਖੇ ਤੋਂ ਬਚਣ ਲਈ ਫਿਰ ਕਹਿ ਦਿਆਂ ਕਿ ਮੋਹ ਦੇ ਚਿੱਕੜ ਵਿਚ ਇੰਨਾ ਨਹੀਂ ਫਸਣਾ ਕਿ ਸਾਡਾ ਪੈਰ ਹੀ ਨਾ ਚੱਲ ਸਕੇ (ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ) ਸਗੋਂ ਇਹ ਸਭ ਵਾਹਿਗੁਰੂ ਦੀ ਦਾਤ ਸਮਝ ਕੇ ਕਾਮ, ਕ੍ਰੋਧ, ਲੋਬ, ਮੋਹ, ਹੰਕਾਰ ਨੂੰ ਆਪਣੇ ਦਾਸ ਤੇ ਗ਼ੁਲਾਮ ਬਣਾ ਕੇ (ਨਾ ਕਿ ਇਨ੍ਹਾਂ ਦੇ ਗ਼ੁਲਾਮ ਬਣ ਕੇ) ਮਨ ਦੀਆਂ ਵਾਸ਼ਨਾਵਾਂ ਉੱਤੇ ਕਾਬੂ ਪਾ ਕੇ (ਨਾ ਕਿ ਮਨ ਨੂੰ ਮਾਰ ਕੇ) ਗ੍ਰਿਹਸਤ ਵਿਚ ਰਹਿਣਾ ਕੇਵਲ ਇਸ ਲਈ ਹੈ ਕਿ ‘ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ’ ਜਾਂ ਨਿਰਭਉ ਹੋ ਜਾਏ ਅਤੇ ਇਉਂ ਹੌਲੀ-ਹੌਲੀ ਸਤਿਗੁਰ ਪੁਰਖ ਨੂੰ ਮਿਲ ਚੌਥੀ ਲਾਂਵ ਤਕ ‘ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ’ ਬਣ ਜਾਏ। ਗ੍ਰਿਹਸਤੀ ਜੀਵਨ ਦਾ ਚੱਜ-ਆਚਾਰ, ‘ਕਾਹੇ ਪੂਤ ਝਗਰਤ ਹਉ ਸੰਗਿ ਬਾਪ॥ ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ॥’ ਤੋਂ ਪ੍ਰਤੱਖ ਹੈ।
ਗ੍ਰਿਹਸਤੀ ਜੀਵਨ ਦੀ ਨੀਂਹ ਦਾਜ ਦੇ ਲਾਲਚ ਜਾਂ ਵਰੀ ਦੇ ਲੋਭ ਉੱਤੇ ਨਹੀਂ, ਨਾ ਪਾਪ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਉੱਤੇ ਹੈ, ਸਗੋਂ ਇਨ੍ਹਾਂ ਨੂੰ ਛੱਡ ਕੇ ‘ਸਤੁ ਸੰਤੋਖੁ ਕਰਿ ਭਾਉ ਕੁੜਮੁ ਕੁੜਮਾਈ ਆਇਆ ਬਲਿ ਰਾਮ ਜੀਉ॥’ ਉੱਤੇ ਨਿਰਭਰ ਹੈ।
ਗ੍ਰਿਹਸਤੀ ਜੀਵਨ ਦੀ ਦੋ ਪਹੀਆਂ ਦੀ ਜੋੜੀ ਇਹ ਸਮਝ ਕੇ ਤੁਰ ਪਵੇ ਕਿ ਅਸਾਂ ਇਕ ਦੂਜੇ ਦੀ ਸੇਵਾ, ਸੁਖ, ਆਰਾਮ ਲਈ ਜੀਉਣਾ ਹੈ ਤੇ ਗ੍ਰਿਹਸਤ ਵਿਚ ਸਾਡਾ ਦੋਹਾਂ ਦਾ ਏਨਾ ਹੀ ਹੱਕ ਹੈ ਤਾਂ ਸਮਾਜ ਜਾਂ ਪੰਥ ਦੀ ਸੇਵਾ, ਕੁਰਬਾਨੀ, ਤਿਆਗ ਅਰ ਵਾਹਿਗੁਰੂ ਦਾ ਸ਼ੁਕਰ ਤੇ ਭਾਣਾ, ਸਰਬੱਤ ਦਾ ਭਲਾ ‘ਸਭੁ ਕੋ ਮੀਤੁ ਹਮ ਆਪਨ ਕੀਨਾ’ ਆਦਿ ਸਾਰੇ ਦਾ ਸਾਰੇ ਸਦਾਚਾਰਕ, ਸੱਭਿਆਚਾਰਕ ਜਾਂ ਅਧਿਆਤਮਕ ਗੁਣ ਸਿੱਖਣ ਲਈ ਤੇ ਉਨ੍ਹਾਂ ਦਾ ਅਭਿਆਸ ਕਰਨ ਲਈ ਜ਼ਿੰਦਗੀ ਦੀ ਗੱਡੀ ਤੁਰ ਪੈਂਦੀ ਹੈ। ਸੱਚ ਹੈ ‘ਹਸੰਦਿਆ, ਖੇਲੰਦਿਆ, ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ’। ਫਿਰ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਕਿਹਾ ਜਾ ਸਕੇਗਾ, ‘ਸ਼ੁਕਰ ਹੈ, ਤੇਰੀ ਅਮਾਨਤ ਮੁਝ ਸੇ ਫਿਦਾ ਹੂਈ’ ਤੇ ਉਹ ਅਮਾਨਤ ਚਾਰੇ ਪੁੱਤਰ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਦੋਂ ਆਖਿਆ ਸੀ, ਇਸਤਰੀ ਈਮਾਨ ਹੈ, ਦੌਲਤ ਗੁਜ਼ਰਾਨ ਹੈ ਤੇ ਪੁੱਤਰ ਨਿਸ਼ਾਨ ਹੈ’ ਤਾਂ ਭੀ ਇਹੋ ਰਮਜ਼ ਸਮਝਾਈ ਸੀ ਤੇ ਇਸੇ ਨੂੰ ਸਮਝਣ ਨਾਲ ਸੰਸਾਰ ਦਾ ਉੱਚੇ ਤੋਂ ਉੱਚਾ ਸੱਭਿਆਚਾਰ ਸਿਖਿਆ, ਵਰਤਿਆ ਤੇ ਪ੍ਰਾਪਤ ਕੀਤਾ ਜਾ ਸਕਦਾ ਹੈ।
ਗ੍ਰਿਹਸਤੀ ਜੀਵਨ ਦਾ ਅਲੰਕਾਰ ਹੀ ਗੁਰੂ ਸਾਹਿਬ ਨੇ ਵਾਹਿਗੁਰੂ ਪ੍ਰੇਮ ਲਈ ਭੀ ਦ੍ਰਿਸ਼ਟਾਂਤ ਸਮਝ ਕੇ ਵਰਤਿਆ ਹੈ ਅਤੇ ਇਸੇ ਰਾਹੀਂ ਹੀ ਇਕ ਆਦਰਸ਼ ਪਤਨੀ ਦੇ ਗੁਣ ਰਹੱਸਮਈ ਢੰਗ ਨਾਲ, ਪਰ ਰਸੀਲੇ ਢੰਗ ਨਾਲ ਦੱਸ ਦਿੱਤੇ ਹਨ, ਜਿਵੇਂ ਨਿਮਰਤਾ ਸਿਖਾਉਣ ਲਈ ਕਿਹਾ ਹੈ:
ਨਾ ਮੈ ਕੁਲੁ ਨਾ ਸੋਭਾਵੰਤ॥
ਕਿਆ ਜਾਨਾ ਕਿਉ ਭਾਨੀ ਕੰਤ॥ (ਪੰਨਾ 394)
ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥ (ਪੰਨਾ 1384)
ਜੇ ਇਹ ਗੁਣ ਆ ਜਾਣ ਅਤੇ ‘ਮੀਠੀ ਆਗਿਆ ਪਿਰ ਕੀ ਲਾਗੀ’ ਹੋ ਜਾਏ ਤਾਂ ਆਪੇ ਹੀ ‘ਸਉਕਨਿ ਘਰ ਕੀ ਕੰਤਿ ਤਿਆਗੀ’ ਵਾਲੀ ਉੱਚ ਅਵਸਥਾ ਪ੍ਰਾਪਤ ਹੋ ਜਾਵੇ।
(ਖ) ਧਨ ਸੰਪਤੀ
ਗ੍ਰਿਹਸਤੀ ਨੂੰ ਕੁੱਲੀ, ਗੁੱਲੀ ਤੇ ਜੁੱਲੀ ਦੀ ਲੋੜ ਹੈ ਤਾਂ ਇਸ ਦੇ ਨਾਲ ਹੀ ਜਾਂ ਇਉਂ ਕਹੋ ਕਿ ਇਨ੍ਹਾਂ ਲਈ ਧਨ ਤੇ ਮਾਇਆ, ਸੰਪਤੀ, ਜਾਇਦਾਦ ਅਤੇ ਫਿਰ ਉਨ੍ਹਾਂ ਦੀ ਸੁਰੱਖਿਆ, ਸਾਂਭ ਆਦਿ ਦਾ ਲੰਮਾ ਝਮੇਲਾ ਬਣ ਜਾਂਦਾ ਹੈ। ਇਥੋਂ ਤਕ ਤਾਂ ਸੱਭਿਆਚਾਰ ਹੀ ਹੈ। ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਆਪਣੀ ਪੁਸਤਕ ‘ਗੁਰਮਤਿ ਪ੍ਰਭਾਕਰ’ ਵਿਚ ਬੜਾ ਹੀ ਸੁੰਦਰ ਸੱਭਿਆਚਾਰਕ ਨਿਰਣਾ ਦਿੱਤਾ ਹੈ- “ਗੁਰਮਤਿ ਵਿਚ ਧਨ ਦਾ ਤਿਆਗ ਨਿੰਦਕ ਹੈ, ਸਗੋਂ ਉੱਦਮ ਨਾਲ ਧਨ ਪੈਦਾ ਕਰਨ ਦਾ ਉਪਦੇਸ਼ ਹੈ। ਯਥਾ ‘ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ’।
ਪਰੰਤੂ ਧਨ ਨੂੰ ਆਪਣੇ ਜਨਮ ਦਾ ਉਦੇਸ਼ ਜਾਣਨਾ, ਜ਼ੁਲਮ ਅਤੇ ਪਾਪ ਨਾਲ ਧਨ ਕਮਾਉਣਾ, ਹੰਕਾਰ ਵਿਚ ਅੰਨ੍ਹਿਆਂ ਹੋ ਕੇ ਕਰਤਾਰ ਨੂੰ ਭੁਲਾ ਦੇਣਾ ਸਿੱਖੀ ਦੇ ਨਿਯਮਾਂ ਦੇ ਵਿਰੁੱਧ ਹੈ। ਇਸ ਦੀ ਪ੍ਰੋੜ੍ਹਤਾ ਲਈ ਉਨ੍ਹਾਂ ਨੇ ਕਾਫ਼ੀ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਦਿੱਤੀਆਂ ਹਨ। ਕੇਵਲ ਦ੍ਰਿਸ਼ਟਾਂਤ ਵਜੋਂ ਕੁਝ ਕੁ ਆਪ ਦੇ ਦ੍ਰਿਸ਼ਟੀਗੋਚਰ ਕਰਦੇ ਹਾਂ:
ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ॥
ਜਿਸ ਨੋ ਤੂੰ ਪਤੀਆਇਦਾ ਸੋ ਸਣੁ ਤੁਝੈ ਅਨਿਤ॥ (ਪੰਨਾ 42)
ਕਾਮਣਿ ਲੋੜੈ ਸੁਇਨਾ ਰੁਪਾ ਮਿਤ੍ਰ ਲੁੜੇਨਿ ਸੁ ਖਾਧਾਤਾ॥
ਨਾਨਕ ਪਾਪ ਕਰੇ ਤਿਨ ਕਾਰਣਿ ਜਾਸੀ ਜਮਪੁਰਿ ਬਾਧਾਤਾ॥ (ਪੰਨਾ 155)
ਧਨੁ ਧਨੁ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ॥ (ਪੰਨਾ 251)
ਮਾਇਆਧਾਰੀ ਅਤਿ ਅੰਨਾ ਬੋਲਾ॥ (ਪੰਨਾ 313)
ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ॥
ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ॥ (ਪੰਨਾ 633)
(ਗ) ਸੂਰਮਤਾ ਤੇ ਰਾਜ
ਗ੍ਰਿਹਸਤੀ ਤੇ ਸੱਭਿਆਚਾਰਕ ਜੀਵਨ ਦਾ ਇਕ ਹੋਰ ਅੰਗ ਬਹਾਦਰੀ ਜਾਂ ਦੂਜੇ ਸ਼ਬਦਾਂ ਵਿਚ ਘਰ-ਬਾਰ, ਧਨ-ਸੰਪਤ ਅਤੇ ਦੇਸ਼-ਧਰਮ ਦੀ ਰੱਖਿਆ ਦੀ ਸਮਰੱਥਾ ਹੈ। ਇਸ ਲਈ ਸਿੱਧੀ ਗੱਲ ਹੈ ਕਿ ਜੋ ਧਰਮ ਨੂੰ, ਗ੍ਰਿਹਸਤ ਨੂੰ ਉੱਤਮ ਸਮਝਦਾ ਹੈ, ਉਹ ਜੋਧ ਮਹਾਬਲ ਸੂਰਿਆਂ ਨੂੰ ਵੀ ਉੱਤਮ ਸ਼੍ਰੇਣੀ ਵਿਚ ਗਿਣੇਗਾ:
ਜੋ ਸੂਰਾ ਤਿਸ ਹੀ ਹੋਇ ਮਰਣਾ॥
ਜੋ ਭਾਗੈ ਤਿਸੁ ਜੋਨੀ ਫਿਰਣਾ॥ (ਪੰਨਾ 1019)
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਸੰਤੁ ਰਾਗ ਵਿਚ ਲਿਖਿਆ ਹੈ:
ਰਣੁ ਦੇਖਿ ਸੂਰੇ ਚਿਤ ਉਲਾਸ॥ (ਪੰਨਾ 1180)
ਅਤੇ ਸੂਰਮੇ ਦਾ ਲੱਛਣ ਇਹ ਹੈ:
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਪੰਨਾ 1105)
ਦੀਨ ਤੋਂ ਭਾਵ ਇਥੇ ਪਰਉਪਕਾਰ ਵਾਸਤੇ ਦੀਨਾਂ ਦੀ ਰਖਿਆ ਲਈ ਜਾਂ ਧਰਮ ਦੇ ਨਿਯਮਾਂ ਦੀ ਪਾਲਣਾ ਹਿਤ ਦੋਵੇਂ ਹੋ ਸਕਦੇ ਹਨ ਅਤੇ ਕੀਤੇ ਜਾਂਦੇ ਹਨ। ਇਸੇ ਸਲੋਕ ਤੋਂ ਪਹਿਲਾਂ ਭਗਤ ਕਬੀਰ ਜੀ ਨੇ ਇਹ ਕਸਵੱਟੀ ਭੀ ਸੂਰਮੇ ਦੀ ਦੱਸੀ ਹੈ:
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥ (ਪੰਨਾ 1105)
ਇਉਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨਣ ਅਤੇ ਯੋਧੇ ਸੂਰਮੇ ਭਰਤੀ ਕਰਨ ਤੇ ਸ਼ਸਤਰ ਭੇਟਾ ਦੀ ਸ਼ਲਾਘਾ ਕਰਨ ਤੋਂ ਜੋ ਭੁਲੇਖੇ ਤੇ ਸ਼ੰਕੇ ਪੈਦਾ ਹੋਏ ਸਨ, ਉਨ੍ਹਾਂ ਨੂੰ ਨਵਿਰਤ ਕਰਨ ਲਈ ਭਾਈ ਗੁਰਦਾਸ ਜੀ ਨੂੰ ਲਿਖਣਾ ਪਿਆ ਸੀ ਕਿ ਚੰਦਨ ਦੀ ਰਾਖੀ ਲਈ ਵੀ ਸੱਪ ਹੁੰਦੇ ਹਨ, ਬੜਾ ਸੁਹਣਾ ਬੂਹਾ ਬਣਾ ਕੇ ਜੰਦਰਾ ਲਾਈਦਾ ਹੈ ਜਾਂ ਕੁੱਤਾ ਬੂਹੇ ਅੱਗੇ ਬਿਠਾਈਦਾ ਹੈ ਅਤੇ ਬੜੇ ਸੁੰਦਰ ਬਾਗ ਦੀ ਰਖਿਆ ਲਈ ਵਾੜ ਦੀ ਲੋੜ ਹੁੰਦੀ ਹੈ, ਇਵੇਂ ਹੀ ਧਰਮ, ਅਸੂਲ, ਨਿਯਮ, ਸਿਧਾਂਤ, ਇੱਜ਼ਤ ਅਤੇ ਘਰ ਆਦਿ ਦੀ ਰਖਿਆ ਲਈ ਸੂਰਮਤਾ ਦੀ ਲੋੜ ਹੈ। ਗੁਰੂ ਸਾਹਿਬ ਨੇ ਤਾਂ ਕਈ ਵਾਰ ਅਧਿਆਤਮਕ ਜਾਂ ਧਾਰਮਿਕ ਅਸੂਲਾਂ ਨੂੰ ਸਮਝਾਉਣ ਲਈ ਲੜਾਈ ਤੇ ਬਹਾਦਰੀ ਦੇ ਅਲੰਕਾਰ ਵਰਤੇ ਹਨ। ਸਹਸਕ੍ਰਿਤੀ ਸਲੋਕਾਂ ਵਿਚ ਵੀ ਲਿਖਿਆ ਹੈ:
ਸੈਨਾ ਸਾਧ ਸਮੂਹ ਸੂਰ ਅਜਿਤੰ ਸੰਨਾਹੰ ਤਨਿ ਨਿੰਮ੍ਰਤਾਹ॥
ਆਵਧਹ ਗੁਣ ਗੋਬਿੰਦ ਰਮਣੰ ਓਟ ਗੁਰ ਸਬਦ ਕਰ ਚਰਮਣਹ॥
ਆਰੂੜਤੇ ਅਸ੍ਵ ਰਥ ਨਾਗਹ ਬੁਝੰਤੇ ਪ੍ਰਭ ਮਾਰਗਹ॥
ਬਿਚਰਤੇ ਨਿਰਭਯੰ ਸਤ੍ਰੁ ਸੈਨਾ ਧਾਯੰਤੇ ਗੁੋਪਾਲ ਕੀਰਤਨਹ॥
ਜਿਤਤੇ ਬਿਸ੍ਵ ਸੰਸਾਰਹ ਨਾਨਕ ਵਸ੍ਹੰ ਕਰੋਤਿ ਪੰਚ ਤਸਕਰਹ॥ (ਪੰਨਾ 1356)
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭੀ ਲਿਖਿਆ ਹੈ:
ਮਲ ਲਥੇ ਲੈਦੇ ਫੇਰੀਆ॥…
ਹੁਣਿ ਹੁਕਮੁ ਹੋਆ ਮਿਹਰਵਾਣ ਦਾ॥
ਪੈ ਕੋਇ ਨ ਕਿਸੈ ਰਞਾਣਦਾ॥…
ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ॥ (ਪੰਨਾ 74)
ਇਉਂ ਸਿੱਖ ਸੱਭਿਆਚਾਰ ਵਿਚ ਸੂਰਮਤਾ ਜਾਂ ਬਹਾਦਰੀ ਦੀ ਸੇਵਾ ਦਾ ਰੂਪ ਧਾਰਦੀ ਹੈ। ਇਹ ਸੇਵਾ ਜਾਨ ਦੇ ਕੇ ਵੀ ਕਰਨੀ ਪਵੇ ਤਾਂ ਕਰਨੀ ਮਨਜ਼ੂਰ ਹੈ। ਰਾਜ ਪ੍ਰਬੰਧ ਬਾਬਤ ਸੰਕੇਤ ਹੈ:
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥ (ਪੰਨਾ 1088)
ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ॥ (ਪੰਨਾ 1240)
(ਘ) ਵਿੱਦਿਆ ਤੇ ਕੋਮਲ ਕਲਾ
ਅਸਾਂ ਅਰੰਭ ਵਿਚ ਹੀ ਸੱਭਿਆਚਾਰ ਨੂੰ ਸਵਾਰਿਆ-ਸੁਧਰਿਆ, ਉਚੇਰਾ ਜਾਂ ਆਦਰਸ਼ਕ ਵਰਤੋਂ-ਵਿਹਾਰ ਕਿਹਾ ਹੈ। ਮਨੁੱਖੀ ਜੀਵਨ ਦੀ ਸੰਸਾਰਕ ਨਜ਼ਰ ਨਾਲ ਉਚੇਰੀ ਤੋਂ ਉਚੇਰੀ ਅਵਸਥਾ ਵਿੱਦਿਆ ਅਤੇ ਕੋਮਲ ਕਲਾ ਦੀ ਅਵਸਥਾ ਹੈ। ਭਗਤ ਕਬੀਰ ਜੀ ਨੇ ਭੀ ਇਹੋ ਸਮਝਾਇਆ ਹੈ ਕਿ:
ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ॥ (ਪੰਨਾ 340)
ਉਨ੍ਹਾਂ ਦੇ ਜੀਵਨ-ਤਜਰਬੇ ਵਿਚ ਇਸ ਪੜ੍ਹਨ ਤੋਂ ਉੱਪਰ ਇੱਕੋ ਗੱਲ ਆਈ ਹੈ ਤੇ ਉਸ ਨੂੰ ਯੋਗ ਜਾਂ ਪਰਮਾਤਮਾ ਨਾਲ ਜੁੜਨਾ ਕਹਿ ਸਕਦੇ ਹਾਂ:
ਕਬੀਰ ਮੈ ਜਾਨਿਓ ਪੜਿਬੋ ਭਲੋ ਪੜਿਬੇ ਸਿਉ ਭਲ ਜੋਗੁ॥ (ਪੰਨਾ 1366)
ਜਿੱਥੋਂ ਤਕ ਵਿੱਦਿਆ ਦਾ ਸੰਬੰਧ ਹੈ, ਗੁਰਬਾਣੀ ਵਿਚ ਵਿਦਵਾਨ ਤੇ ਵਿੱਦਿਆ ਦੋਹਾਂ ਨੂੰ ਸੱਭਿਆਚਾਰ ਦਾ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ। ਆਪ ਨੇ ਲਿਖਿਆ ਹੈ:
ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ॥ (ਪੰਨਾ 146)
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ॥
ਮੂਰਖੈ ਨਾਲਿ ਨ ਲੁਝੀਐ॥ (ਪੰਨਾ 473)
ਗੁਰੂ ਜੀ ਨੇ ਤਾਂ ‘ਪੋਥੀ ਪਰਮੇਸਰ ਕਾ ਥਾਨੁ’ ਆਖਿਆ ਹੈ ਅਤੇ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’ ਦਾ ਰੁਤਬਾ ਨੀਯਤ ਕੀਤਾ ਹੈ, ਕਿਉਂਕਿ ਮੂਰਖ ਆਦਮੀ ਉਪਕਾਰ ਕਰਦਾ ਵੀ ਕਈ ਵਾਰ ਉਲਟਾ ਨੁਕਸਾਨ ਕਰ ਬੈਠਦਾ ਹੈ। ਪਰ ਗੁਰਬਾਣੀ ਵਿੱਦਿਆ ਦੀ ਯੋਗ ਵਰਤੋਂ ਨੂੰ ਸੱਭਿਆਚਾਰ ਮੰਨਦੀ ਹੈ। ਸਪੱਸ਼ਟ ਹੁਕਮ ਹੈ:
ਅਕਲੀ ਪੜਿ੍ ਕੈ ਬੁਝੀਐ ਅਕਲੀ ਕੀਚੈ ਦਾਨੁ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ (ਪੰਨਾ 1245)
ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥ (ਪੰਨਾ 1329)
ਹਰ ਤਰ੍ਹਾਂ ਦੀ ਪੜ੍ਹਾਈ ਦਾ ਨਿਚੋੜ ਗੁਰੂ ਸਾਹਿਬ ਨੇ ਆਸਾ ਕੀ ਵਾਰ ਵਿਚ ਇਹੋ ਦਿੱਤਾ ਹੈ ਕਿ ‘ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ॥’ ਪੜ੍ਹੇ-ਲਿਖੇ ਲੋਕਾਂ ਦੀ ਆਪਣੇ ਸਮੇਂ ਦੀ ਹਾਲਤ ਦਾ ਵਰਣਨ ਕਰਦਿਆਂ ਆਪ ਨੇ ਇਕ ਹੋਰ ਭੀ ਬੜੀ ਦੂਰ-ਅੰਦੇਸ਼ੀ ਦੀ ਗੱਲ ਸੁਝਾਈ ਹੈ:
ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ੍ ਪੜ੍ਆਿ ਨਾਉ॥
ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ॥ (ਪੰਨਾ 1288)
ਇਸ ਦੇ ਅਰਥ ਸਮਝਾਉਂਦਿਆਂ ਭਾਈ ਕਾਨ੍ਹ ਸਿੰਘ ਹੋਰਾਂ ਲਿਖਿਆ ਹੈ- ‘ਪੜ੍ਹਾਏ ਹੋਏ ਮਿਰਗ ਤੇ ਬਾਜ ਤਥਾ ਸੁਆਰਥੀ ਕਰਮਚਾਰੀ ਦਾ ਨਾਮ ਭੀ ਪੜ੍ਹਿਆਂ ਵਿਚ ਹੈ। ਇਹ ਆਪਣੇ ਹੀ ਜਾਤ-ਭਾਈਆਂ ਨੂੰ ਫਾਹੀ ਵਿਚ ਫਸਾਉਣ ਲਈ ਸਹਾਇਤਾ ਦਿੰਦੇ ਹਨ, ਐਸੇ ਪੜ੍ਹਿਆਂ ਹੋਇਆਂ ਨੂੰ ਕੋਈ ਥਾਂ ਨਹੀਂ।’ ਗੁਰੂ ਸਾਹਿਬ ਦਾ ਨਿਰਣਾ ਸਪੱਸ਼ਟ ਹੈ:
ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ॥ (ਪੰਨਾ 938)
ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ॥ (ਪੰਨਾ 140)
ਆਪਣੇ ਸਮੇਂ ਦੇ ਪਾਂਧਿਆਂ ਨੂੰ ਭੀ ਗੁਰੂ ਸਾਹਿਬ ਨੇ ਬਹੁਤ ਸਾਰੀ ਸਿੱਖਿਆ ਇਸ ਸਬੰਧ ਵਿਚ ਦਿੱਤੀ ਹੈ। ਪਰ ਨਾਲ ਹੀ ਵਿੱਦਿਆ, ਅੱਖਰ ਦੀ ਵਡਿਆਈ ਕਾਇਮ ਰੱਖੀ ਹੈ ਅਤੇ ਸਾਫ ਫ਼ੁਰਮਾਇਆ ਹੈ:
ਇਕਿ ਕਹਿ ਜਾਣਹਿ ਕਹਿਆ ਬੁਝਹਿ ਤੇ ਨਰ ਸੁਘੜ ਸਰੂਪ॥
ਇਕਨਾ ਨਾਦ ਨ ਬੇਦ ਨ ਗੀਅ ਰਸੁ ਰਸ ਕਸ ਨ ਜਾਣੰਤਿ॥
ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ॥
ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ॥ (ਪੰਨਾ 1246)
ਜੀਵਨ ਦੀ ਉੱਚਤਾ ਲਈ ਆਧੁਨਿਕ ਵਿਦਵਾਨਾਂ ਅਨੁਸਾਰ ਇਕਾਗਰਤਾ, ਸਮਾਧੀ ਅਤੇ ਬਹੁਤ ਹੱਦ ਤਕ ਅਧਿਆਤਮਿਕਤਾ ਮਨੁੱਖ ਦੇ ਅੰਦਰ ਕੋਮਲ ਕਲਾ ਲਈ ਪਿਆਰ, ਸੁਹਜ-ਸੁਆਦ ਅਤੇ ਇਸ ਕਲਾ ਲਈ ਰੀਝ ਜਾਂ ਇਨ੍ਹਾਂ ਦੀ ਸਮਰੱਥਾ ਬਹੁਤ ਜ਼ਰੂਰੀ ਹੈ। ਇਕ ਲੇਖ ਦੇ ਸ਼ਬਦ ਹਨ: ਸਾਹਿਤ ਅਤੇ ਸਭੇ ਕੋਮਲ ਕਲਾਂ ਸੁਹਜ ਦੀਆਂ ਨਦੀਆਂ ਹੀ ਹਨ। ਕੋਈ ਅਜਿਹਾ ਦੇਸ, ਜਿਸ ਪਾਸ ਕੋਮਲ, ਰਾਗ, ਨ੍ਰਿੱਤ, ਚਿੱਤਰਕਾਰੀ ਜਾਂ ਸਾਹਿਤ ਨਹੀਂ ਕੇਵਲ ਖੁਸ਼ਕੀ ਦਾ ਦੇਸ਼ ਹੋ ਸਕਦਾ ਹੈ। ਜੋ ਲੋਕ ਇਨ੍ਹਾਂ ਸੌਂਦਰਯ-ਜਨਕ ਕਲਾ ਤੋਂ ਊਣੇ ਰਹਿੰਦੇ ਹਨ, ਉਨ੍ਹਾਂ ਦੇ ਸੁਭਾਅ ਵਿਚ ਇਕ ਵਿਸ਼ੇਸ਼ ਘਾਟ ਰਹਿ ਜਾਂਦੀ ਹੈ। ਇਸੇ ਲਈ ਦੇਖਿਆ ਗਿਆ ਹੈ ਕਿ ਜਿੰਨੀ ਕੋਈ ਕੌਮ ਸੁਹਜ ਤੋਂ ਖਾਲੀ ਹੁੰਦੀ ਹੈ, ਓਨਾ ਹੀ ਉਸ ਵਿਚ ਕੋਮਲ ਕਲਾ ਦਾ ਵਿਕਾਸ ਘੱਟ ਹੁੰਦਾ ਹੈ ਤੇ ਓਨੇ ਹੀ ਉਸ ਕੌਮ ਦੇ ਲੋਕ ਖਰ੍ਹਵੇ, ਨਿਰਦਈ ਅਤੇ ਉਜੱਡ ਰਹਿੰਦੇ ਹਨ। ਉਹ ਵਧੇਰੇ ਉਪੱਦਰ ਕਰ ਸਕਦੇ ਹਨ, ਨਿਰਦਈਪੁਣੇ ਦੀ ਵਰਤੋਂ ਕਰ ਲੈਂਦੇ ਹਨ ਅਤੇ ਨਿਰਦੋਸ਼ ਬੱਚੇ-ਬੱਚੀਆਂ ਉੱਤੇ ਪਸ਼ੂਆਂ ਵਾਂਗ ਉਪੱਦਰ ਢਾਹ ਸਕਦੇ ਹਨ, ਅਬਲਾ ਇਸਤਰੀਆਂ ਦੀ ਪੱਤ ਲਾਹ ਅਤੇ ਉਨ੍ਹਾਂ ਨੂੰ ਖਵਾਰ ਕਰ ਸਕਦੇ ਹਨ।
ਗੁਰੂ ਸਾਹਿਬ ਦੇ ਵੇਲੇ ਤਕ ਚਿਰਾਂ ਦੀ ਗ਼ੁਲਾਮੀ ਅਤੇ ਵਿਦੇਸ਼ੀ ਹਮਲਿਆਂ ਦੇ ਸਿੱਟੇ ਵਜੋਂ ਅਤੇ ਕੁਝ ਧਾਰਮਿਕ ਕੱਟੜਤਾ ਦੇ ਫਲ ਵਜੋਂ ਭਾਰਤ ਵਿੱਚੋਂ ਨਾਟਕ, ਰਾਗ, ਕਵਿਤਾ, ਨ੍ਰਿੱਤ ਲੱਗਭਗ ਸਮਾਪਤ ਸਨ ਅਤੇ ਇਹੋ ਹਾਲ ਚਿੱਤਰਕਾਰੀ ਦਾ ਸੀ। ਸੰਤਾਂ-ਮਹਾਤਮਾਂ ਨੇ ਜਿਨ੍ਹਾਂ ਵਿਚ ਸੂਫ਼ੀ ਫਕੀਰ ਵੀ ਸ਼ਾਮਲ ਹਨ, ਕਵਿਤਾ ਅਤੇ ਰਾਗ ਨੂੰ ਆਪਣੇ ਪ੍ਰਚਾਰ ਲਈ ਵਰਤਿਆ ਕਿਉਂਕਿ ਉਹ ਜਾਣਦੇ ਸਨ ਕਿ ਇਨ੍ਹਾਂ ਦੋਹਾਂ ਰਾਹੀਂ ਵਿਚਾਰ ਖੰਭ ਲਾ ਕੇ ਉੱਡ ਪੈਂਦੇ ਹਨ, ਅਸਮਾਨੀਂ ਜਾ ਚੜ੍ਹਦੇ ਹਨ। ਨਾਲ ਹੀ ਸੁਣਨ ਵਾਲਿਆਂ ਨੂੰ ਤੇ ਪੜ੍ਹਨ ਵਾਲਿਆਂ ਨੂੰ ਭੀ ਇੰਨਾ ਹੀ ਉੱਚਾ ਲੈ ਜਾਂਦੇ ਹਨ। ਗੁਰੂ ਜੀ ਨੇ ਰਾਗਾਂ ਦੇ ਨਾਮ ਲੈ ਲੈ ਕੇ ਇਨ੍ਹਾਂ ਨੂੰ ਉੱਤਮ ਕਿਹਾ ਹੈ ਅਤੇ ਸਿੱਧਾ ਹੀ ਫੈਸਲਾ ਦਿੱਤਾ ਹੈ, ‘ਰਾਗੁ ਨਾਦੁ ਸਭੁ ਸਚੁ ਹੈ’ ਅਤੇ ਆਪਣੀ ਬਾਣੀ 31 ਰਾਗਾਂ ਵਿਚ ਲਿਖ ਕੇ ਜਾਂ ਉਚਾਰ ਕੇ, ਅਨੇਕਾਂ ਥਾਈਂ ਆਪ ਗਾਇਨ ਕਰ ਕੇ ਰਾਗ ਜਾਂ ਸੰਗੀਤ ਨੂੰ ਅਲੋਪ ਹੋਣ ਤੋਂ ਉਸ ਸਮੇਂ ਬਚਾ ਲਿਆ। ਸਿੱਖਾਂ ਵਿਚ ਕੀਰਤਨ ਦੀ ਮਹਾਨਤਾ ਦੱਸ ਕੇ ਅਤੇ ਕੀਰਤਨ ਨੂੰ ਪ੍ਰਚੱਲਤ ਕਰ ਕੇ ਇਸ ਨੂੰ ‘ਨਿਰਮੋਲਕ ਹੀਰਾ’ ਕਹਿ ਕੇ ਜਾਂ ‘ਗੁਰਬਾਣੀ ਗਾਵਹੁ ਭਾਈ’ ਸਮਝਾ ਕੇ ਇਨ੍ਹਾਂ ਦੋਹਾਂ ਕੋਮਲ ਕਲਾਂ ਨੂੰ ਕਾਫ਼ੀ ਤੋਂ ਵੱਧ ਜੀਵਨ ਬਖਸ਼ਿਆ:
ਆਸ ਪਿਆਸ ਰਮਣ ਹਰਿ ਕੀਰਤਨ ਏਹੁ ਪਦਾਰਥੁ ਭਾਗਵੰਤੁ ਲਹੈ॥ (ਪੰਨਾ 683)
ਲੇਖਕ ਬਾਰੇ
ਪ੍ਰਿੰ. ਸਰਮੁਖ ਸਿੰਘ ਜੀ ਅਮੋਲ ਉਘੇ ਬਹੁਪੱਖੀ ਪੰਜਾਬੀ ਸਾਹਿਤਕਾਰ ਸਨ। ਉਹ ਸਨਮਾਨ ਯੋਗ ਪੰਜਾਬੀ ਲਿਖਾਰੀ, ਅਧਿਆਪਕ ਤੇ ਸਾਹਿੱਤਕ ਸੰਪਾਦਕ ਸਨ। ਉਹਨਾਂ 1908 ਵਿੱਚ ਜਨਮ ਲਿਆ ਤੇ 1992 ਵਿੱਚ 84 ਸਾਲ ਜੀ ਕੇ ਇਸ ਸੰਸਾਰ ਤੋਂ ਵਿਦਾ ਹੋਏ।
- ਪ੍ਰਿੰ. ਸਰਮੁਖ ਸਿੰਘ ਜੀ ਅਮੋਲhttps://sikharchives.org/kosh/author/%e0%a8%aa%e0%a9%8d%e0%a8%b0%e0%a8%bf%e0%a9%b0-%e0%a8%b8%e0%a8%b0%e0%a8%ae%e0%a9%81%e0%a8%96-%e0%a8%b8%e0%a8%bf%e0%a9%b0%e0%a8%98-%e0%a8%9c%e0%a9%80-%e0%a8%85%e0%a8%ae%e0%a9%8b%e0%a8%b2/August 1, 2008