editor@sikharchives.org
Guru Granth Sahib Ji

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮਾਜਿਕ ਸੁਧਾਰ

ਜਗਤ-ਸੁਧਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਵਿੱਤਰ ਬਾਣੀ ਵਿਚ ਸਭ ਤੋਂ ਪਹਿਲਾਂ “ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥” ਕਹਿ ਕੇ ਇੱਕੋ ਰੱਬੀ ਏਕਤਾ ਦਾ ਅਮਰ ਸੰਦੇਸ਼ ਦਿੱਤਾ ਤੇ ਫੇਰ ਵੱਖੋ-ਵੱਖ ਸਮਾਜਿਕ ਗੁੱਟ-ਬੰਦੀਆਂ ਮਿਟਾ ਕੇ ਇੱਕੋ ਨਵੇਂ ਤੇ ਅਗਾਂਹਵਧੂ ਪੰਥਕ ਸਮਾਜ ਦੀ ਸਥਾਪਨਾ ਕੀਤੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਧਰਮ ਤੇ ਸਮਾਜ

ਮਨੁੱਖੀ ਸਮਾਜ ਦੀ ਅਸਲੀਅਤ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਧਰਮ ਤੇ ਸਮਾਜ ਦੋਵੇਂ ਮੁੱਢ-ਕਦੀਮ ਤੋਂ ਇਕ ਦੂਜੇ ਦੇ ਸਹਾਰੇ ਇੱਕਮਿਕ ਹੋ ਕੇ ਚੱਲਦੇ ਆਏ ਹਨ। ਧਰਮ ਰੱਬੀ ਅਹਿਸਾਸ, ਜੀਵ ਨਾਲ ਈਸ਼ਵਰ ਨਾਲ ਜੀਵ ਦੇ ਤਾਲਮੇਲ ਦਾ ਹੀ ਦੂਜਾ ਨਾਂ ਹੈ। ਇਸ ਲਈ ਜੇ ਧਰਮ ਵਿਚ ਦੁਬਿਧਾ ਦਾ ਦਖਲ ਹੋਵੇ ਤਾਂ ਨਾਨਾ-ਪ੍ਰਕਾਰ ਦੀਆਂ ਸਮਾਜਿਕ ਬੁਰਾਈਆਂ ਆਪੇ ਹੀ ਆ ਵਿਖਾਈ ਦੇਂਦੀਆਂ ਹਨ। ਜਗਤ-ਸੁਧਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਵਿੱਤਰ ਬਾਣੀ ਵਿਚ ਸਭ ਤੋਂ ਪਹਿਲਾਂ “ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥” ਕਹਿ ਕੇ ਇੱਕੋ ਰੱਬੀ ਏਕਤਾ ਦਾ ਅਮਰ ਸੰਦੇਸ਼ ਦਿੱਤਾ ਤੇ ਫੇਰ ਵੱਖੋ-ਵੱਖ ਸਮਾਜਿਕ ਗੁੱਟ-ਬੰਦੀਆਂ ਮਿਟਾ ਕੇ ਇੱਕੋ ਨਵੇਂ ਤੇ ਅਗਾਂਹਵਧੂ ਪੰਥਕ ਸਮਾਜ ਦੀ ਸਥਾਪਨਾ ਕੀਤੀ।

ਰੱਬੀ ਏਕਤਾ ਕਿਉਂ ਤੇ ਕਿਵੇਂ?

ਗੁਰੂ ਸਾਹਿਬ ਨੇ ਰੱਬੀ ਏਕਤਾ ਨੂੰ ਕਿਉਂ ਤਰਜੀਹ ਦਿੱਤੀ? ਇਸ ਦਾ ਵੀ ਇਕ ਖਾਸ ਕਾਰਨ ਹੈ। ਉਹ ਕਾਰਨ ਇਹ ਕਿ ਸਭ ਤੋਂ ਪਹਿਲਾ ਅਸੂਲ-ਈਸ਼ਵਰ ਇਕ ਦੇਸ਼-ਵਿਆਪੀ ਨਹੀਂ, ਸਰਬ-ਵਿਆਪੀ ਹੈ। ਇਸ ਸਬੰਧੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਕਥਨ ਹੈ:

ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ॥
ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ॥1॥ (ਪੰਨਾ 684)

ਦੂਜੀ ਅਸਲੀਅਤ ਇਹ ਕਿ ਈਸ਼ਵਰ ਨੇ ਜਿਤਨੀ ਵੀ ਸ਼੍ਰਿਸਟੀ ਸਾਜੀ ਹੈ, ਉਹ ਸਭ ਇੱਕੋ ਨੂਰ ਦੀ ਉਪਜ ਨਿਪਜ ਹੈ। ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਕਬੀਰ ਜੀ ਦਾ ਫ਼ੁਰਮਾਨ ਹੈ:

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥1॥
ਲੋਗਾ ਭਰਮਿ ਨ ਭੂਲਹੁ ਭਾਈ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ॥1॥ ਰਹਾਉ॥
ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ॥
ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ॥ (ਪੰਨਾ 1349-1350)

ਸੰਪ੍ਰਦਾਇਕ ਅਨੇਕਤਾ:

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾ ਕੇਵਲ ਇਕ ਈਸ਼ਵਰਵਾਦ ਉੱਤੇ ਹੀ ਆਪਣੀ ਬਾਣੀ ਰਾਹੀਂ ਜ਼ੋਰ ਦਿੱਤਾ, ਸਗੋਂ “ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ’ ਦੱਸ ਕੇ ਸੰਪ੍ਰਦਾਇਕ ਅਨੇਕਤਾ ਜਾਂ ਫਿਰਕਾਪ੍ਰਸਤੀ ਦਾ ਵੀ ਸਖ਼ਤ ਵਿਰੋਧ ਕੀਤਾ, ਜਿਵੇਂ ਕਿ ਆਪ ਫ਼ਰਮਾਉਂਦੇ ਹਨ:

ਬਦਫੈਲੀ ਗੈਬਾਨਾ ਖਸਮੁ ਨ ਜਾਣਈ॥
ਸੋ ਕਹੀਐ ਦੇਵਾਨਾ ਆਪੁ ਨ ਪਛਾਣਈ॥
ਕਲਹਿ ਬੁਰੀ ਸੰਸਾਰਿ ਵਾਦੇ ਖਪੀਐ॥
ਵਿਣੁ ਨਾਵੈ ਵੇਕਾਰਿ ਭਰਮੇ ਪਚੀਐ॥
ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ॥
ਕੁਫਰ ਗੋਅ ਕੁਫਰਾਣੈ ਪਇਆ ਦਝਸੀ॥
ਸਭ ਦੁਨੀਆ ਸੁਬਹਾਨੁ ਸਚਿ ਸਮਾਈਐ॥
ਸਿਝੈ ਦਰਿ ਦੀਵਾਨਿ ਆਪੁ ਗਵਾਈਐ॥ (ਪੰਨਾ 142)

ਫਿਰ ਅੱਗੇ ਜਾ ਕੇ ਇਸੇ ਕਥਨ ਦੀ ਪ੍ਰੋੜ੍ਹਤਾ ਵਿਚ ਅੰਧ-ਵਿਸ਼ਵਾਸੀ ਦੀ ਅਸਲੀਅਤ ਇਸ ਤਰ੍ਹਾਂ ਕਰੜੀ ਟੀਕਾ-ਟਿੱਪਣੀ ਕਰ ਕੇ ਉਘੇੜਦੇ ਹਨ:

ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ॥
ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ॥
ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥
ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ॥
ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ॥
ਮੰਨੇ ਨਾਉ ਬਿਸੰਖ ਦਰਗਹ ਪਾਵਣਾ॥
ਖਾਲਕ ਕਉ ਆਦੇਸੁ ਢਾਢੀ ਗਾਵਣਾ॥
ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ॥ (ਪੰਨਾ 148)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸੇ ਕਥਨ ਦੀ ਵਿਆਖਿਆ ਵਜੋਂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਖਟ ਦਰਸ਼ਨ ਦੇ ਮੁਕਾਬਲੇ ’ਤੇ ਇੱਕੋ-ਇੱਕ ਗੁਰ ਦਰਸ਼ਨ ਦੀ ਪ੍ਰੋੜ੍ਹਤਾ ਕਰਦਿਆਂ ਇਸ ਤਰ੍ਹਾਂ ਲਿਖਿਆ ਹੈ:

ਖਟੁ ਦਰਸਨੁ ਵਰਤੈ ਵਰਤਾਰਾ॥
ਗੁਰ ਕਾ ਦਰਸਨੁ ਅਗਮ ਅਪਾਰਾ॥1॥
ਗੁਰ ਕੈ ਦਰਸਨਿ ਮੁਕਤਿ ਗਤਿ ਹੋਇ॥
ਸਾਚਾ ਆਪਿ ਵਸੈ ਮਨਿ ਸੋਇ॥1॥ ਰਹਾਉ॥ (ਪੰਨਾ 360-361)

ਸਮਾਜਿਕ ਫੁੱਟ, ਵਰਨ-ਵਿਵਸਥਾ ਤੇ ਜਾਤ-ਪਾਤ ਦਾ ਕਲੰਕ:

ਚਾਰ ਵਰਨ (ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ) ਅਤੇ ਇਨ੍ਹਾਂ ਤੋਂ ਅੱਗੇ ਚੱਲ ਕੇ ਪੈਦਾ ਹੋਏ ਜਾਤ-ਪਾਤ ਦੇ ਅਨੇਕਾਂ ਝਮੇਲੇ ਪੈਦਾ ਹੋਏ। ਜਗਤ-ਸੁਧਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਰਨ-ਵਿਵਸਥਾ ਤੇ ਜਾਤ-ਪਾਤ ਦੇ ਇਸ ਕਲੰਕ ਨੂੰ ਚੰਗੀ ਤਰ੍ਹਾਂ ਤੱਕਿਆ ਤੇ ਜਨ-ਸਮਾਜ ਦੇ ਅੰਚਲ ਤੋਂ ਇਹ ਧੱਬਾ ਲਾਹੁਣ ਦਾ ਯਤਨ ਇਹ ਹੁਕਮੀ ਫ਼ੁਰਮਾਨ ਜਾਰੀ ਕਰ ਕੇ ਕੀਤਾ:

ਫਕੜ ਜਾਤੀ ਫਕੜੁ ਨਾਉ॥
ਸਭਨਾ ਜੀਆ ਇਕਾ ਛਾਉ॥ (ਪੰਨਾ 83)

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ (ਪੰਨਾ 15)

ਜਾਤੀ ਦੈ ਕਿਆ ਹਥਿ ਸਚੁ ਪਰਖੀਐ॥
ਮਹੁਰਾ ਹੋਵੈ ਹਥਿ ਮਰੀਐ ਚਖੀਐ॥ (ਪੰਨਾ 142)

ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥ (ਪੰਨਾ 1330)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਾਤ-ਪਾਤ ਤੇ ਵਰਨ-ਵਿਵਸਥਾ ਤੋਂ ਉਲਟ ਇਨ੍ਹਾਂ ਹੀ ਹੁਕਮਾਂ ਦੀ ਤਸ਼ਰੀਹ ਕਰਦੇ ਹੋਇਆਂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਕਈ ਅਟੱਲ ਸੱਚਾਈਆਂ ਇਸ ਤਰ੍ਹਾਂ ਬਿਆਨ ਕੀਤੀਆਂ ਹਨ:

ਜਾਤਿ ਕਾ ਗਰਬੁ ਨ ਕਰੀਅਹੁ ਕੋਈ॥
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ॥1॥
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥ (ਪੰਨਾ 1127-1128)

ਭਗਤ ਕਬੀਰ ਜੀ ਨੇ ਚਾਰੇ ਵਰਨਾਂ ਦਾ ਬੜੇ ਕਰੜੇ ਆਲੋਚਨਾਤਮਕ ਢੰਗ ਨੂੰ ਅਪਣਾ ਕੇ ਇਨ੍ਹਾਂ ਸ਼ਬਦਾਂ ਰਾਹੀਂ ਕੀਤਾ ਹੈ:

ਗਰਭ ਵਾਸ ਮਹਿ ਕੁਲੁ ਨਹੀ ਜਾਤੀ॥
ਬ੍ਰਹਮ ਬਿੰਦੁ ਤੇ ਸਭ ਉਤਪਾਤੀ॥1॥
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥2॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥
ਹਮ ਕਤ ਲੋਹੂ ਤੁਮ ਕਤ ਦੂਧ॥3॥
ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥
ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥4॥7॥ (ਪੰਨਾ 324-325)

ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸੇ ਕਾਰਨ ਵਰਨ-ਵਿਵਸਥਾ ਤੇ ਸੰਪ੍ਰਦਾਇਕ ਵਖਰੇਵਿਆਂ ਤੋਂ ਇਕ ਪਾਸੇ ਰਹਿ ਕੇ ਇਨਸਾਨੀਅਤ ਦੇ ਇੱਕੋ ਆਦਰਸ਼ਵਾਦ ਨੂੰ ਬੜੀ ਉੱਚੀ ਆਵਾਜ਼ ਨਾਲ ਅਪਣਾਇਆ ਤੇ ਕਥਨ ਕੀਤਾ ਹੈ:

ਨਾ ਹਮ ਹਿੰਦੂ ਨ ਮੁਸਲਮਾਨ॥
ਅਲਹ ਰਾਮ ਕੇ ਪਿੰਡੁ ਪਰਾਨ॥4॥ (ਪੰਨਾ 1136)

ਸਮਾਜ ਸੁਧਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਇਹ ਕਥਨ ਕਰ ਰਹੇ ਹਨ:

ਐਸੇ ਜਨ ਵਿਰਲੇ ਜਗ ਅੰਦਰਿ ਪਰਖਿ ਖਜਾਨੈ ਪਾਇਆ॥
ਜਾਤਿ ਵਰਨ ਤੇ ਭਏ ਅਤੀਤਾ ਮਮਤਾ ਲੋਭੁ ਚੁਕਾਇਆ॥ (ਪੰਨਾ 1345)

ਜਾਤ-ਵਰਨ ਦੇ ਇਸ ਝਮੇਲੇ ਦਾ ਕਤਈ ਤੌਰ ’ਤੇ ਭੋਗ ਹੀ ਪਾ ਦਿੱਤਾ ਹੈ।

ਫੋਕਟ ਕਰਮਕਾਂਡ:

ਗੁਰੂ ਸਾਹਿਬ ਨੇ ਅਕਾਲ ਪੁਰਖ ਨੂੰ ਸਰਬ-ਵਿਆਪਕ ਤੇ ਸਾਰੇ ਜਗਤ ਦਾ ਕਰਤਾ ਦੱਸ ਕੇ ਫਿਰ ਇਸ ਦੁਨੀਆਦਾਰੀ ਦੇ ਫੋਕਟ ਕਰਮਕਾਂਡ, ਜੋ ਜਨ-ਸਮਾਜ ਵਿਚ ਪਰਸਪਰ ਭਰਮਾਂ ਤੇ ਭੁਲੇਖਿਆਂ ਦੀ ਕੰਧ ਖੜ੍ਹੀ ਕਰ ਕੇ ਇਨਸਾਨੀਅਤ ਦਾ ਰੁਤਬਾ ਘਟਾਉਂਦੇ ਹਨ, ਗੁਰਬਾਣੀ ਰਾਹੀਂ ਚੰਗੀ ਤਰ੍ਹਾਂ ਖੰਡਨ ਕੀਤੇ ਹਨ। ਆਮ ਲੋਕ ਫੋਕਟ ਕਰਮ ਕਰਦੇ ਹਨ ਜਿਵੇਂ ਜਨਮ-ਮਰਨ ਤੇ ਸੂਤਕ-ਪਾਤਕ, ਬਾਲਕ ਅਵਸਥਾ ਵਿਚ ਜੰਞੂ ਸੰਸਕਾਰ, ਨਾਨਾ ਪ੍ਰਕਾਰ ਦੇ ਸਗਨ-ਅਪਸਗਨ ਆਤਮਿਕ ਸ਼ਾਂਤੀ ਤੇ ਸ਼ੁੱਧੀ ਲਈ ਤੀਰਥ-ਇਸ਼ਨਾਨ, ਜੀਵਾਂ ਦੇ ਬਲਿਦਾਨ ਤੇ ਯੱਗ ਕਰਮ ਆਦਿ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਫੋਕਟ ਕਰਮਕਾਂਡਾਂ ਬਾਰੇ ਇਹ ਮਹਾਂਵਾਕ ਖਾਸ ਤੌਰ ’ਤੇ ਵਿਚਾਰਨ ਤੇ ਮਨਨ ਕਰਨਯੋਗ ਹਨ:

1. ਪਰਮੇਸਰ ਦੇ ਨਾਂ ਤੋਂ ਬਗੈਰ ਹੋਰ ਸਾਰੇ ਕਰਮਕਾਂਡ ਵਿਅਰਥ ਹਨ:

ਹਰਿ ਬਿਨੁ ਅਵਰ ਕ੍ਰਿਆ ਬਿਰਥੇ॥
ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ॥1॥ ਰਹਾਉ॥
ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ॥
ਆਗੈ ਚਲਣੁ ਅਉਰੁ ਹੈ ਭਾਈ ਊਂਹਾ ਕਾਮਿ ਨ ਆਇਆ॥1॥
ਤੀਰਥਿ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਉਰ ਨ ਪਾਵੈ॥
ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ॥2॥
ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਲੁ ਨ ਪਾਈਐ॥
ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ॥3॥ (ਪੰਨਾ 216)

2. ਸੂਤਕ ਪਾਤਕ ਦਾ ਖੰਡਨ:

ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ॥
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥
ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ॥
ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ॥1॥ (ਪੰਨਾ 472)

3. ਸਗਨ-ਅਪਸਗਨਾਂ ਦੇ ਭਰਮ ਗੁਰਸਿੱਖ ਨਹੀਂ ਮੰਨਦੇ:

ਜਬ ਆਪਨ ਆਪੁ ਆਪਿ ਉਰਿ ਧਾਰੈ॥
ਤਉ ਸਗਨ ਅਪਸਗਨ ਕਹਾ ਬੀਚਾਰੈ॥ (ਪੰਨਾ 291)

ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ॥
ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ॥  (ਪੰਨਾ 401)

ਭਾਈ ਗੁਰਦਾਸ ਜੀ ਨੇ ਗੁਰਸਿੱਖਾਂ ਦੇ ਇਸੇ ਅਕੀਦੇ ਦੀ ਤਸ਼ਰੀਹ ਕਰਦਿਆਂ ਹੋਇਆਂ ‘ਵਾਰਾਂ ਗਿਆਨ ਰਤਨਾਵਲੀ’ ਵਿਚ ਇਸ ਤਰ੍ਹਾਂ ਲਿਖਿਆ ਹੈ:

ਸਉਣ ਸਗੁਨ ਵੀਚਾਰਣੇ ਨਉ ਗ੍ਰਿਹ ਬਾਰਹ ਰਾਸਿ ਵੀਚਾਰਾ।
ਕਾਮਣ ਟੂਣੇ ਅਉਸੀਆ ਕਣਸੋਈ ਪਾਸਾਰੁ ਪਸਾਰਾ।
ਗਦਹੁ ਕੁੱਤੇ ਬਿਲੀਆਂ ਇੱਲ ਮਲਾਲੀ ਗਿੱਦੜ ਛਾਰਾ।
ਨਾਰਿ ਪੁਰਖੁ ਪਾਣੀ ਅਗਨਿ ਛਿੱਕ ਪੱਦ ਹਿਡਕੀ ਵਰਤਾਰਾ।
ਥਿਤਿ ਵਾਰ ਭਦ੍ਰਾ ਭਰਮ ਦਿਸਾਸੂਲ ਸਹਸਾ ਸੈਸਾਰਾ।
ਵਲਛਲ ਕਰਿ ਵਿਸਵਾਸ ਲਖ ਬਹੁ ਚੁਖੀ ਕਿਉ ਰਵੈ ਭਤਾਰਾ।
ਗੁਰਮੁਖਿ ਸੁਖ ਫਲੁ ਪਾਰ ਉਤਾਰਾ॥  (ਵਾਰ 5:8)

ਸੋ ਇਸੇ ਕਾਰਨ ਸਿੱਖ ਆਤਮਿਕ ਸ਼ਾਂਤੀ ਲਈ ਵੀ ਫੋਕਟ ਕਰਮਕਾਂਡ ਉੱਤੇ ਵਿਸ਼ਵਾਸ ਨਹੀਂ ਰੱਖਦੇ।

ਵਿਹਾਰ ਸੁਧਾਰ:

ਇਹ ਤਾਂ ਹੋਏ ਧਰਮ-ਕਰਮ ਨਾਲ ਆਤਮਿਕ ਸੰਬੰਧ ਰੱਖਣ ਵਾਲੇ ਸਮਾਜਿਕ ਸੁਧਾਰ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਤੇ ਹੁਣ ਅੱਗੇ ਲਓ ਨਿਰੋਲ ਦੁਨੀਆਂਦਾਰੀ ਦਾ ਸੁਧਾਰਕ ਪੱਖ। ਇਸ ਸੰਸਾਰਿਕ ਪੱਖ ਵਿਚ ਪਤੀ-ਪਤਨੀ ਦੀ ਚੋਣ, ਵਿਆਹ, ਦਾਜ-ਦਹੇਜ, ਹੋਰ ਸਮਾਜਿਕ ਗੁਣ-ਔਗੁਣ, ਗ੍ਰਿਹਸਤ ਆਸ਼ਰਮ ਦਾ ਸੁਧਾਰ, ਪੁੰਨ-ਦਾਨ ਆਦਿ ਗੱਲਾਂ ਆਉਂਦੀਆਂ ਹਨ। ਗੁਰੂ ਸਾਹਿਬ ਨੇ ਆਪਣੀ ਪਵਿੱਤਰ ਬਾਣੀ ਵਿਚ ਸਮਾਜਿਕ ਸੁਧਾਰ ਸੰਬੰਧੀ ਇਨ੍ਹਾਂ ਸਾਰੀਆਂ ਹੀ ਗੱਲਾਂ ਨੂੰ ਬੜੀ ਖ਼ੂਬੀ ਨਾਲ ਛੁਹਿਆ ਤੇ ਇਨ੍ਹਾਂ ਬਾਰੇ ਬੜੀਆਂ ਅਮੋਲਕ ਨਸੀਹਤਾਂ ਕੀਤੀਆਂ ਹਨ, ਜਿਵੇਂ:

1. ਪਤੀ ਦੀ ਚੋਣ :

ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ॥
ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ॥
ਦੋਹੀ ਦਿਚੈ ਦੁਰਜਨਾ ਮਿਤ੍ਰਾਂ ਕੂੰ ਜੈਕਾਰੁ॥
ਜਿਤੁ ਦੋਹੀ ਸਜਣ ਮਿਲਨਿ ਲਹੁ ਮੁੰਧੇ ਵੀਚਾਰੁ॥
ਤਨੁ ਮਨੁ ਦੀਜੈ ਸਜਣਾ ਐਸਾ ਹਸਣੁ ਸਾਰੁ॥
ਤਿਸ ਸਉ ਨੇਹੁ ਨ ਕੀਚਈ ਜਿ ਦਿਸੈ ਚਲਣਹਾਰੁ॥
ਨਾਨਕ ਜਿਨੀ੍ ਇਵ ਕਰਿ ਬੁਝਿਆ ਤਿਨਾ੍ ਵਿਟਹੁ ਕੁਰਬਾਣੁ॥ (ਪੰਨਾ 1410)

2. ਵਿਆਹ ਦਾਜ-ਦਹੇਜ ਤੋਂ ਪ੍ਰਹੇਜ਼:

ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥
ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ॥
ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ॥
ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ॥
ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ॥
ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥ (ਪੰਨਾ 79)

ਵਿਆਹ ਤੋਂ ਪਹਿਲਾਂ ਪੇਵਕੜੇ ਰਹਿੰਦਿਆਂ ਹੀ ਪਤੀ ਦਾ ਸਨੇਹ-ਭਾਵ ਤੇ ਡਰ:

ਡੂੰਗਰੁ ਦੇਖਿ ਡਰਾਵਣੋ ਪੇਈਅੜੈ ਡਰੀਆਸੁ॥
ਊਚਉ ਪਰਬਤੁ ਗਾਖੜੋ ਨਾ ਪਉੜੀ ਤਿਤੁ ਤਾਸੁ॥
ਗੁਰਮੁਖਿ ਅੰਤਰਿ ਜਾਣਿਆ ਗੁਰਿ ਮੇਲੀ ਤਰੀਆਸੁ॥ (ਪੰਨਾ 63)-

ਪੇਈਅੜੈ ਜਗਜੀਵਨੁ ਦਾਤਾ ਮਨਮੁਖਿ ਪਤਿ ਗਵਾਈ॥
ਬਿਨੁ ਸਤਿਗੁਰ ਕੋ ਮਗੁ ਨ ਜਾਣੈ ਅੰਧੇ ਠਉਰ ਨ ਕਾਈ॥
ਹਰਿ ਸੁਖਦਾਤਾ ਮਨਿ ਨਹੀ ਵਸਿਆ ਅੰਤਿ ਗਇਆ ਪਛੁਤਾਈ॥4॥
ਪੇਈਅੜੈ ਜਗਜੀਵਨੁ ਦਾਤਾ ਗੁਰਮਤਿ ਮੰਨਿ ਵਸਾਇਆ॥
ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਹਉਮੈ ਮੋਹੁ ਚੁਕਾਇਆ॥
ਜਿਸੁ ਸਿਉ ਰਾਤਾ ਤੈਸੋ ਹੋਵੈ ਸਚੇ ਸਚਿ ਸਮਾਇਆ॥ (ਪੰਨਾ 65)

ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ॥
ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ॥ (ਪੰਨਾ 50)

ਨਿਮਰਤਾ ਤੇ ਖ਼ਿਮਾ ਦੇ ਗੁਣ:

ਪ੍ਰਸ਼ਨ- ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ॥
ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ॥

ਉੱਤਰ- ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥ (ਪੰਨਾ 1384)

ਬਤੀਹ ਸੁਲੱਖਣੀ ਇਸਤਰੀ ਉਹ ਹੈ, ਜਿਸ ਵਿਚ ਇਹ ਗੁਣ ਹੋਣ:

ਬਤੀਹ ਸੁਲਖਣੀ ਸਚੁ ਸੰਤਤਿ ਪੂਤ॥
ਆਗਿਆਕਾਰੀ ਸੁਘੜ ਸਰੂਪ॥
ਇਛ ਪੂਰੇ ਮਨ ਕੰਤ ਸੁਆਮੀ॥
ਸਗਲ ਸੰਤੋਖੀ ਦੇਰ ਜੇਠਾਨੀ॥3॥
ਸਭ ਪਰਵਾਰੈ ਮਾਹਿ ਸਰੇਸਟ॥
ਮਤੀ ਦੇਵੀ ਦੇਵਰ ਜੇਸਟ॥
ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ॥
ਜਨ ਨਾਨਕ ਸੁਖੇ ਸੁਖਿ ਵਿਹਾਇ॥ (ਪੰਨਾ 371)

ਚੰਗੀਆਂ ਇਸਤਰੀਆਂ ਦੇ ਇਹੋ ਗੁਣ ਗ੍ਰਿਹਸਤ ਆਸ਼ਰਮ ਦੇ ਸੁਧਾਰ ਦਾ ਮੁੱਢ ਬੰਨ੍ਹਦੇ ਤੇ ਉਸ ਨੂੰ ਸਵਰਗ ਦਾ ਅਧਿਕਾਰੀ ਬਣਾਉਂਦੇ ਹਨ।

ਇਸਤਰੀਬ੍ਰਤ ਧਰਮ ਤੇ ਸਤੀ ਦੀ ਰਸਮ:

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਤੀਬ੍ਰਤ ਤੇ ਇਸਤਰੀਬ੍ਰਤ ਧਰਮ ਦੀ ਬੜੀ ਮਹਿਮਾ ਹੈ, ਪਰ ਭਾਰਤ ਦੀ ਪੁਰਾਤਨ ਚਲੀ ਆ ਰਹੀ ਸਤੀ ਦੀ ਰਸਮ ਨੂੰ ਤਿਆਗ ਦੇਣ ਦੀ ਹਦਾਇਤ ਵੀ ਕੀਤੀ ਹੈ, ਜਿਵੇਂ ਕਿ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਸੂਹੀ ਕੀ ਵਾਰ ਵਿਚ ਇਸ ਰਸਮ ਦਾ ਪਰਦਾ ਚਾਕ ਕਰਦੇ ਹੋਏ ਹੁਕਮ ਫ਼ਰਮਾਉਂਦੇ ਹਨ:

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍‍॥ਿ
ਨਾਨਕ ਸਤੀਆ ਜਾਣੀਅਨ੍‍ ਿਜਿ ਬਿਰਹੇ ਚੋਟ ਮਰੰਨ੍‍॥ਿ1॥
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨ੍‍॥ਿ
ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍‍ਾਲੰਨ੍‍॥ਿ2॥
ਕੰਤਾ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ॥
ਜੇ ਜਾਣਹਿ ਪਿਰੁ ਆਪਣਾ ਤਾ ਤਨਿ ਦੁਖ ਸਹਾਹਿ॥
ਨਾਨਕ ਕੰਤ ਨ ਜਾਣਨੀ ਸੇ ਕਿਉ ਅਗਿ ਜਲਾਹਿ॥
ਭਾਵੈ ਜੀਵਉ ਕੈ ਮਰਉ ਦੂਰਹੁ ਹੀ ਭਜਿ ਜਾਹਿ॥ (ਪੰਨਾ 787)

ਸਮਾਜਿਕ ਬੁਰਾਈਆਂ ਦਾ ਸੁਧਾਰ:

ਸਮਾਜਿਕ ਬੁਰਾਈਆਂ ਵਿਚ ਚੋਰੀ, ਯਾਰੀ, ਸ਼ਰਾਬਨੋਸ਼ੀ, ਜੂਏਬਾਜ਼ੀ ਆਦਿ ਔਗੁਣ ਬਹੁਤੇ ਮਸ਼ਹੂਰ ਹਨ, ਜੋ ਹਮੇਸ਼ਾਂ ਹਰ ਪਾਸਿਓਂ ਰੋਗ ਬਣ ਕੇ ਚੰਮੜੇ ਰਹਿੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਔਗੁਣਾਂ ਤੋਂ ਬਚਣ ਲਈ ਇਨਸਾਨ ਨੂੰ ਬੜੇ ਸ਼ੁਭ ਤੇ ਕੀਮਤੀ ਉਪਦੇਸ਼ ਦਿੱਤੇ ਹੋਏ ਮਿਲਦੇ ਹਨ, ਜਿਵੇਂ-

1. ਚੋਰੀ ਤੇ ਠੱਗੀ ਕਿਉਂ ਬੁਰੀ ਚੀਜ਼ ਹੈ? ਗੁਰੂ ਸਾਹਿਬ ਇਸ ਪ੍ਰਸ਼ਨ ਦਾ ਉੱਤਰ ਇਸ ਤਰ੍ਹਾਂ ਦਿੰਦੇ ਹਨ :

ਚੋਰ ਕੀ ਹਾਮਾ ਭਰੇ ਨ ਕੋਇ॥
ਚੋਰੁ ਕੀਆ ਚੰਗਾ ਕਿਉ ਹੋਇ॥
ਸੁਣਿ ਮਨ ਅੰਧੇ ਕੁਤੇ ਕੂੜਿਆਰ॥
ਬਿਨੁ ਬੋਲੇ ਬੂਝੀਐ ਸਚਿਆਰ॥
ਚੋਰੁ ਸੁਆਲਿਉ ਚੋਰੁ ਸਿਆਣਾ॥
ਖੋਟੇ ਕਾ ਮੁਲੁ ਏਕੁ ਦੁਗਾਣਾ॥
ਜੇ ਸਾਥਿ ਰਖੀਐ ਦੀਜੈ ਰਲਾਇ॥
ਜਾ ਪਰਖੀਐ ਖੋਟਾ ਹੋਇ ਜਾਇ॥ (ਪੰਨਾ 662)

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥ (ਪੰਨਾ 472)

2. ਸ਼ਰਾਬਨੋਸ਼ੀ ਚੋਰੀ-ਯਾਰੀ ਦੀ ਜੜ੍ਹ ਹੋਣ ਕਰਕੇ ਇਕ ਬਹੁਤ ਵੱਡਾ ਐਬ ਹੈ। ਗੁਰੂ ਸਾਹਿਬ ਇਸ ਐਬ ਤੋਂ ਬਚਣ ਦਾ ਉਪਦੇਸ਼ ਕਰਦੇ ਹਨ:

ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ॥
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ (ਪੰਨਾ 554)

ਇਤ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ॥ (ਪੰਨਾ 553)

ਚੋਰੀ, ਸ਼ਰਾਬਨੋਸ਼ੀ ਤੋਂ ਵਧ ਕੇ ਅਗਲਾ ਐਬ ਹੈ ਯਾਰੀ ਅਥਵਾ ਪਰ-ਇਸਤਰੀ ਗਮਨ। ਇਸ ਲਾਹਨਤ ਤੋਂ ਬਚਣ ਲਈ ਗੁਰੂ ਸਾਹਿਬ ਇਸ ਮੰਦੇ ਕਰਮ ਦੇ ਅੱਕ, ਨਿੰਮ ਤੇ ਤੁੰਮੇ ਦੀ ਕੁੜੱਤਣ ਨਾਲ ਮੇਲ ਕੇ ਨੁਕਸ ਦੱਸਦੇ ਹੋਏ ਲਿਖਦੇ ਹਨ:

ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ॥
ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ॥ (ਪੰਨਾ 403)

ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ॥
ਨਿਤਪ੍ਰਤਿ ਹਿਰਹਿ ਪਰ ਦਰਬੁ ਛਿਦ੍ਰ ਕਤ ਢਾਕੀਅਹਿ॥ (ਪੰਨਾ 1362)

ਇਸ ਤਰ੍ਹਾਂ ਜੂਏਬਾਜ਼ੀ ਦਾ ਗੁਨਾਹ ਵੀ ਚੋਰੀ-ਯਾਰੀ ਤੇ ਸ਼ਰਾਬਨੋਸ਼ੀ ਦਾ ਹੀ ਇਕ ਅਗਲਾ ਪੜਾਅ ਹੈ। ਮਹਾਂਭਾਰਤ ਦੇ ਕਥਨ ਅਨੁਸਾਰ ਪੰਜ ਪਾਂਡਵਾਂ ਨੇ ਜੂਏਬਾਜ਼ੀ ਦੇ ਝੱਸ ਵਿਚ ਦਰੋਪਤੀ ਸਮੇਤ ਆਪਣਾ ਸਭ ਕੁਝ ਹਾਰ ਦਿੱਤਾ ਸੀ ਤੇ ਕੁਰੂਕਸ਼ੇਤਰ ਦੀ ਰਣਭੂਮੀ ਵਿਚ ਵੱਡੇ-ਵੱਡੇ ਰਾਜੇ-ਰਾਣਿਆਂ ਸਮੇਤ ਉਨ੍ਹਾਂ ਦੇ ਖੂਹਣੀਆਂ ਦੀਆਂ ਖੂਹਣੀਆਂ ਕਟਕ ਖਤਮ ਹੋ ਗਏ ਸਨ, ਜਿਵੇਂ ਕਿ ਸੰਕੇਤ ਵਜੋਂ ਜਗਤ-ਸੁਧਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਇਸੇ ਸਰਬਨਾਸ਼ ਦਾ ਖਾਕਾ ਖਿੱਚਦਿਆਂ ਹੋਇਆ ਲਿਖਿਆ ਹੈ:

ਗੈਵਰ ਹੈਵਰ ਕੰਚਨ ਸੁਤ ਨਾਰੀ॥
ਬਹੁ ਚਿੰਤਾ ਪਿੜ ਚਾਲੈ ਹਾਰੀ॥
ਜੂਐ ਖੇਲਣੁ ਕਾਚੀ ਸਾਰੀ॥ (ਪੰਨਾ 222)

ਇਸ ਲਈ ਜਿਹੜੇ ਮੰਦੇ ਭਾਗਾਂ ਵਾਲੇ ਵਿਅਕਤੀ ਇਸ ਤਰ੍ਹਾਂ ਦੇ ਐਬਾਂ ਵਿਚ ਪੈ ਕੇ ਆਪਣੇ ਨਾਂ ਨੂੰ ਦਾਗ਼ ਲਾ ਕੇ ਕੁਲ ਦੇ ਕਲੰਕ ਬਣਦੇ ਹਨ, ਉਨ੍ਹਾਂ ਬਾਰੇ ਹੀ ਗੁਰੂ ਸਾਹਿਬ ਦਾ ਫੁਰਮਾਨ ਹੈ:

ਦਾਗ ਦੋਸ ਮੁਹਿ ਚਲਿਆ ਲਾਇ॥
ਦਰਗਹ ਬੈਸਣ ਨਾਹੀ ਜਾਇ॥ (ਪੰਨਾ 662)

’ਤੇ ਫਿਰ ਅੱਗੇ ਚੱਲ ਕੇ ਮੰਦੇ ਕੰਮਾਂ ਦਾ ਮੰਦਾ ਨਤੀਜਾ ਦੱਸ ਕੇ ਲਿਖਿਆ ਹੈ:

ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ ਤਨੁ ਅੰਧੁ॥
ਚਿਕੜਿ ਲਾਇਐ ਕਿਆ ਥੀਐ ਜਾਂ ਤੁਟੈ ਪਥਰ ਬੰਧੁ॥ (ਪੰਨਾ 1287)

ਜਨ-ਸਮਾਜ ਦੇ ਸਦੀਵੀ ਸੁਧਾਰ ਨੂੰ ਮੁੱਖ ਰੱਖ ਕੇ ਗੁਰੂ ਸਾਹਿਬ ਨੇ ਆਪਣੀ ਬਾਣੀ ਰਾਹੀਂ ਇਕ ਦੋ ਨੁਕਤੀਆ ਸਿਧਾਂਤ ਇਸ ਤਰ੍ਹਾਂ ਸਾਡੇ ਸਾਹਮਣੇ ਰੱਖਿਆ ਹੈ ਕਿ ਕੂੜ-ਕਪਟ ਤੋਂ ਬਚੋ, ਹਮੇਸ਼ਾਂ ਸੱਚ ਬੋਲੋ ਤੇ ਸੱਚ ਦੇ ਰਾਹ ਚੱਲੋ, ਪਰਸਪਰ ਕਲਹ ਜਾਂ ਲੜਾਈ-ਝਗੜੇ ਨਾ ਕਰੋ, ਪ੍ਰੇਮ ਨਾਲ ਰਹੋ, ਮੰਦਾ-ਫਿੱਕਾ ਕਿਸੇ ਨੂੰ ਨਾ ਕਹੋ, ਹਰੇਕ ਵਿਅਕਤੀ ਨੂੰ ਰੱਬ ਦਾ ਰੂਪ ਮੰਨ ਕੇ ਉਸ ਦਾ ਉਚਿਤ ਸਤਿਕਾਰ ਕਰੋ, ਕਿਸੇ ਦਾ ਦਿਲ ਨਾ ਦੁਖਾਓ, ਸੇਵਾ-ਭਾਵ ਨੂੰ ਅਪਣਾਓ, ਹਮੇਸ਼ਾਂ ਨਿਮਰਤਾ ਰੱਖੋ, ਵਿੱਦਿਆ ਪੜ੍ਹੋ ਤੇ ਗੁਰ-ਸਿਖਿਆ ਉਤੇ ਮਨ, ਬਚਨ, ਕਰਮ ਕਰਕੇ ਅਮਲੀ ਵਰਤੋਂ ਕਰੋ, ਜਿਵੇਂ ਕਿ ਅੱਗੇ ਦਿੱਤੇ ਜਾ ਰਹੇ ਗੁਰ-ਪ੍ਰਮਾਣਾਂ ਤੋਂ ਪ੍ਰੇਰਨਾ ਮਿਲਦੀ ਹੈ:

1. ਸੱਚਾ ਮਾਰਗ :

ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥ (ਪੰਨਾ 136)

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਪੰਨਾ 62)

2. ਕਲਹ ਬੁਰੀ ਹੈ:

ਕਲਹਿ ਬੁਰੀ ਸੰਸਾਰਿ ਵਾਦੇ ਖਪੀਐ॥ (ਪੰਨਾ 142)

3. ਬਹੁਤਾ ਨਾ ਬੋਲੋ:

ਬਹੁਤਾ ਬੋਲਣੁ ਝਖਣੁ ਹੋਇ॥
ਵਿਣੁ ਬੋਲੇ ਜਾਣੈ ਸਭੁ ਸੋਇ॥ (ਪੰਨਾ 661)

4. ਹਉਮੈ (ਅਹੰਕਾਰ) ਨਾ ਕਰੋ:

ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ॥ (ਪੰਨਾ 560)

ਜੋ ਜੋ ਕਰਤੇ ਅਹੰਮੇਉ ਝੜਿ ਧਰਤੀ ਪੜਤੇ॥ (ਪੰਨਾ 317)

ਊਚਾ ਚੜੈ ਸੁ ਪਵੈ ਪਇਆਲਾ॥
ਧਰਨਿ ਪੜੈ ਤਿਸੁ ਲਗੈ ਨ ਕਾਲਾ॥ (ਪੰਨਾ 374)

ਮੰਦਾ ਕਿਸੇ ਨੂੰ ਨਾ ਕਹੋ ਤੇ ਨਾ ਕਿਸੇ ਦਾ ਦਿਲ ਦੁਖਾਓ:

ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ॥
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ॥ (ਪੰਨਾ 1384)

ਇਸਤਰੀ ਜਾਤੀ ਦਾ ਸਨਮਾਨ :

ਸਾਡੇ ਦੇਸ਼ ਵਿਚ ਪੁਰਾਣਿਕ ਕਾਲ ਤੋਂ ਲੈ ਕੇ ਹੁਣ ਤਕ ਇਸਤਰੀ ਜਾਤੀ ਨੂੰ ਕਈ ਤਰੀਕਿਆਂ ਨਾਲ ਛੁਟਿਆਇਆ ਤੇ ਨਿੰਦਿਆ ਜਾਂ ਭੰਡਿਆ ਜਾਂਦਾ ਰਿਹਾ ਹੈ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਅਜਿਹੀਆਂ ਸਮਾਜਿਕ ਕੁਰੀਤੀਆਂ ਤੋਂ ਪਹਿਲਾਂ ਹੀ ਵਿਰੁੱਧ ਸਨ, ਇਸਤਰੀ ਜਾਤੀ ਨੂੰ ਸ੍ਰਿਸ਼ਟੀ ਰਚਨਾ ਦੀ ਮੁੱਖ ਪਾਤਰ ਅਥਵਾ ਸਿਰਜਨਹਾਰ, ਵਿਸ਼ਵ ਸੱਭਿਅਤਾ ਦੀ ਜਨਮਦਾਤੀ ਤੇ ਜਨ-ਸਮਾਜ ਦੀ ਹਰ ਪਹਿਲੂ ਤੋਂ ਪਾਲਣਹਾਰ ਮੰਨ ਕੇ ਆਪਣੀ ਬਾਣੀ ਰਾਹੀਂ ਇਸ ਤਰ੍ਹਾਂ ਉਚਿਆਇਆ ਤੇ ਸਲਾਹਿਆ ਹੈ:

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ (ਪੰਨਾ 473)

ਇਸਤਰੀ ਜਾਤੀ ਪ੍ਰਤੀ ਗੁਰੂ ਸਾਹਿਬ ਦਾ ਇਹ ਵਡੱਪਣ ਸਿਰਫ਼ ਕਥਨੀ- ਮਾਤਰ ਹੀ ਨਹੀਂ, ਸਗੋਂ ਇਸ ਉਪਦੇਸ਼ ’ਪਰ ਸਿੱਖ ਪੰਥ ਵਿਚ ਹਮੇਸ਼ਾਂ ਅਮਲੀ ਤੌਰ ’ਤੇ ਵਰਤੋਂ ਵੀ ਹੁੰਦੀ ਆਈ ਹੈ, ਜਿਸ ਦੇ ਅਨੇਕਾਂ ਪ੍ਰਮਾਣ ਸਾਡੇ ਇਤਿਹਾਸ ਵਿੱਚੋਂ ਮਿਲਦੇ ਹਨ। ਇਸੇ ਵਡੱਪਣ ਕਾਰਨ ਵਿਸ਼ਵ ਸੱਭਿਅਤਾ ਦੇ ਪ੍ਰਾਰੰਭਕ ਕਾਲ ਵਿਚ ਮਨੁੱਖੀ ਕੁਲਾਂ ਮਾਤ੍ਰਿਵੰਸ਼ ਦੇ ਨਾਂ ਨਾਲ ਮਸ਼ਹੂਰ ਸਨ, ਪਿਤ੍ਰਿਵੰਸ਼ ਜਾਂ ਪਿਤਾ ਦੇ ਨਾਂ ਨਾਲ ਨਹੀਂ। ਪਿਤਾ ਦਾ ਨਾਂ ਤਾਂ ਮਨੁੱਖ ਦਾ ਵਡੱਪਣ ਦੱਸਣ ਲਈ ਇਸ ਦੇ ਨਾਲ ਪਿੱਛੋਂ ਟਾਂਕਿਆ ਗਿਆ ਹੈ, ਜਿਸ ਦੀਆਂ ਮਿਸਾਲਾਂ ਵੇਦਿਕ ਸਾਹਿਤ ਵਿਚ ਕਈ ਥਾਈਂ ਮੌਜੂਦ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Shamsher Singh Ashok

ਹੱਥ ਲਿਖਤ ਤੇ ਦੁਰਲਭ ਖਰੜਿਆਂ ਦੇ ਸੁਘੜ ਖੋਜੀ, ਕਵੀ, ਅਨੁਵਾਦਕ, ਸੰਪਾਦਕ, ਇਤਿਹਾਸਕਾਰ, ਆਲੋਚਕ ਅਤੇ ਨਿਬੰਧਕਾਰ ਸ.ਸ਼ਮਸ਼ੇਰ ਸਿੰਘ ਅਸ਼ੋਕ (੧੦.੨.੧੯੦੪ - ੧੪.੭.੧੯੮੬) ਕਿਸੇ ਜਾਣ ਪਛਾਣ ਦੇ ਮੁਥਾਜ ਨਹੀ। ਉਹਨਾਂ ਦੀਆ ਤਕਰੀਬਨ ੧੦੦ ਕੁ ਦੇ ਕਰੀਬ ਕਿਤਾਬਾ ਮੌਲਿਕ , ਸੰਪਾਦਨ, ਅਨੁਵਾਦ ਅਤੇ ਖੋਜ ਦੇ ਰੂਪ ਵਿਚ ਪ੍ਰਕਾਸ਼ਿਤ ਹੋਈਆਂ, ਸੈਕੜਿਆਂ ਦੀ ਤਦਾਦ ਚ ਉਨ੍ਹਾਂ ਦੇ ਖੋਜ ਪੱਤਰ ਤੇ ਲੇਖ ਉਸ ਵਕਤ ਦੀਆਂ ਖੋਜ-ਪਤ੍ਰਿਕਾਵਾਂ ਤੇ ਅਖ਼ਬਾਰਾਂ ਚ ਛਪਦੇ ਰਹੇ । ਜੂਨ ੧੯੪੩ ਤੋ ੧੯੪੫ ਤੱਕ ਉਹ ਸਿੱਖ ਨੈਸ਼ਨਲ ਕਾਲਜ ਲਹੌਰ ਵਿਖੇ ਰੀਸਰਚ ਸਕਾਲਰ ਵਜੋ ਕਾਰਜਰਤ ਰਹੇ, ੧੯੪੫ ਤੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਲਾਹੌਰ ਵਿਖੇ ਰਹਿ ਕੇ ਹੀ ਆਪਣੀਆਂ ਸੇਵਾਵਾਂ ਦਿੰਦੇ ਰਹੇ ,ਮੁਲਕ ਦੀ ਤਕਸੀਮ ਵਕਤ ਕੁਝ ਸਮਾਂ ਅਮ੍ਰਿਤਸਰ ਵਿਖੇ ਕਮੇਟੀ ਅਧੀਨ ਲਾਇਬ੍ਰੇਰੀ ਚ ਵੀ ਸੇਵਾ ਨਿਭਾਈ। ੧੯੪੮ਤੋ ੧੯੫੯ ਤੱਕ ਪਟਿਆਲ਼ਾ ਰਿਆਸਤ ਰਾਹੀਂ ਸਥਾਪਿਤ ਮਹਿਕਮਾ ਪੰਜਾਬੀ (ਹੁਣ ਭਾਸ਼ਾ ਵਿਭਾਗ) ਵਿਖੇ ਕੋਸ਼ਕਾਰ ਤੇ ਹੱਥ ਲਿਖਤਾਂ ਦੇ ਖੋਜੀ ਰਹੇ, ੧੯੫੯ ਵਿਚ ਕੁਝ ਸਮਾਂ ਮੋਤੀ ਬਾਗ਼ ਪਟਿਆਲ਼ਾ ਵਿਖੇ ਵੀ ਕਾਰਜ ਕੀਤਾ। ਸਰਦਾਰ ਸਾਹਬ ਹੁਣਾਂ ਦੀ ਮਿਹਨਤ ਤੇ ਲਗਨ ਨੂੰ ਵੇਖਦਿਆਂ ਮਹਿਕਮਾ ਪੰਜਾਬੀ ਵਿਖੇ ਆਪ ਨੂੰ ੧੯੬੦ ਤੋ ੧੯੬੩ ਤਕ ਦੁਬਾਰਾ ਨਿਯੁਕਤ ਕੀਤਾ ਗਿਆ। ਇਸੇ ਸਮੇਂ ਦੌਰਾਨ ‘ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼’ ਦੀ ਦੂਜੀ ਐਡੀਸ਼ਨ ਦਾ ਸੰਪਾਦਨ ਵੀ ਆਪ ਨੇ ਕੀਤਾ,ਉਥੇ ਹੱਥ ਲਿਖਤਾਂ ਦੀ ਸੂਚੀ ਵੀ ਪ੍ਰਕਾਸ਼ਿਤ ਕੀਤੀ । ਸੰਨ ੧੯੬੪ ਵਿਚਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਖ ਇਤਿਹਾਸ ਰੀਸਰਚ ਬੋਰਡ ਵਿਖੇ ਰੀਸਰਚ ਸਕਾਲਰ ਵਜੋ ਨਿਯੁਕਤ ਕੀਤਾ ।ਜਿਥੇ ੧੯੮੧ ਤੱਕ ਸੇਵਾ ਨਿਭਾਈ ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)