editor@sikharchives.org
Sikhi Jiwan Sanskar

ਸਿੱਖੀ ਜੀਵਨ – ਸੰਸਕਾਰ-ਸਿੱਖ ਸੱਭਿਆਚਾਰ ਤੇ ਬਾਣੀ

ਗੁਰਬਾਣੀ ਵਿੱਚੋਂ ਸਾਨੂੰ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ’ਤੇ ਆਦਰਸ਼ਕ ਢੰਗ ਨਾਲ ਜੀਵਨ ਜਿਊਣ ਦੀ ਸੇਧ ਮਿਲਦੀ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

‘ਸਿੱਖੀ ਜੀਵਨ ਸੰਸਕਾਰ’ ਸਿੱਖ ਧਰਮ ਅਤੇ ਸਿੱਖ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ, ਜਿਨ੍ਹਾਂ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਇਲਾਹੀ ਬਾਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹੱਤਵ ਨਾ ਕੇਵਲ ਅਧਿਆਤਮਿਕਤਾ ਤੇ ਸਰਬ-ਸਾਂਝੀਵਾਲਤਾ ਕਰਕੇ ਹੈ ਸਗੋਂ ਸਮਾਜਿਕ ਅਤੇ ਸੱਭਿਆਚਾਰਕ ਪੱਖਾਂ ਤੋਂ ਵੀ ਵਿਸ਼ੇਸ਼ ਹੈ। ਗੁਰਬਾਣੀ ਵਿੱਚੋਂ ਸਾਨੂੰ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ’ਤੇ ਆਦਰਸ਼ਕ ਢੰਗ ਨਾਲ ਜੀਵਨ ਜਿਊਣ ਦੀ ਸੇਧ ਮਿਲਦੀ ਹੈ। ਇਸ ਪ੍ਰਸੰਗ ਵਿਚ ਗਿਆਨੀ ਪ੍ਰਤਾਪ ਸਿੰਘ (ਸਾਬਕਾ ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ) ਰਚਿਤ ‘ਗੁਰਮਤਿ-ਫ਼ਿਲਾਸਫ਼ੀ’ ਵਿਚ ਲਿਖਦੇ ਹਨ:

“ਸਿੱਖ ਧਰਮ ਆਪਣੇ ਆਪ ਵਿਚ ਇਕ ਸੰਪੂਰਨ ਆਦਰਸ਼ ਹੈ, ਜਿਸ ਨੂੰ ਦਸ ਗੁਰੂ ਸਾਹਿਬਾਨ ਨੇ ਪੇਸ਼ ਕੀਤਾ ਹੈ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਜ਼ਾਹਰਾ-ਜ਼ਹੂਰ ਪ੍ਰਤੱਖ ਗੁਰੂ ਹਨ ਜੋ ਸਿੱਖੀ ਜੀਵਨ ਨੂੰ ਆਦਰਸ਼ਕ ਢੰਗ ਨਾਲ ਗੁਜ਼ਾਰਨ ਲਈ ਸਾਡੀ ਰਹਿਨੁਮਾਈ ਕਰਦੇ ਹਨ। ਇਨ੍ਹਾਂ ਅਨੁਸਾਰ ਹਰੇਕ ਆਦਮੀ ਆਤਮਿਕ, ਇਖ਼ਲਾਕੀ ਅਤੇ ਸਮਾਜਿਕ ਉੱਨਤੀ ਕਰ ਸਕਦਾ ਹੈ। ਸਿੱਖੀ ਸੰਸਕਾਰਾਂ ਵਿਚ ਸਾਦਗੀ, ਪਵਿੱਤ੍ਰਤਾ, ਜਜ਼ਬਾ, ਜੀਵਨ ਦਾ ਰਸ ਅਤੇ ਜਥੇਬੰਦੀ ਦੀ ਸਪਿਰਟ ਪਾਈ ਜਾਂਦੀ ਹੈ।” ‘ਗੁਰਮਤਿ ਮਾਰਤੰਡ’ ਅੰਦਰ ਭਾਈ ਕਾਨ੍ਹ ਸਿੰਘ ਨਾਭਾ ਦਾ ਵਿਚਾਰ ਹੈ ਕਿ ਗੁਰਬਾਣੀ ਦੁਆਰਾ ਸੰਸਕਾਰ ਕਰਨ ਤੋਂ ਗੁਰੁਸਿੱਖਾਂ ਦੇ ਵਿਹਾਰ ਅਤੇ ਪਰਮਾਰਥ ਦੋਵੇਂ ਸਿੱਧ ਹੁੰਦੇ ਹਨ। ਗੁਰਮੁਖ ਭੋਗ ਤੇ ਮੋਖ ਦਾ ਆਨੰਦ ਲੈਂਦੇ ਹੋਏ ਜੀਵਨ-ਯਾਤਰਾ ਸਫ਼ਲ ਕਰਦੇ ਹਨ।

ਸਿੱਖੀ ਜੀਵਨ ਸੰਸਕਾਰਾਂ ਸੰਬੰਧੀ ਵਿਚਾਰ ਕਰਨ ਤੋਂ ਪਹਿਲਾਂ ਸੰਸਕਾਰ ਦਾ ਅਰਥ, ਸੰਸਕਾਰਾਂ ਦੇ ਭੇਦ ਤੇ ਵਿਸ਼ਵ ਧਰਮਾਂ ਵਿਚ ਸੰਸਕਾਰਾਂ ਦੇ ਸਥਾਨ ਬਾਰੇ ਸੰਖੇਪ ਵਿਚ ਸਮਝਣ ਦਾ ਯਤਨ ਕਰਦੇ ਹਾਂ।

ਸੰਸਕਾਰ: ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ- “ਸੰਸਕਾਰ ਧਰਮ ਰੀਤਿ ਨਾਲ ਕੀਤਾ ਹੋਇਆ ਉਹ ਕਰਮ, ਜਿਸ ਦਾ ਅਸਰ ਚਿੱਤ ’ਤੇ ਬਣਿਆ ਰਹੇ, ਜੈਸੇ ਜਨਮ, ਅੰਮ੍ਰਿਤ, ਵਿਆਹ ਆਦਿ ਸੰਸਕਾਰ। ਵਿਦਵਾਨਾਂ ਨੇ ਧਾਰਮਿਕ ਸੰਸਕਾਰ ਤਿੰਨ ਪ੍ਰਕਾਰ ਦੇ ਮੰਨੇ ਹਨ, ਉੱਤਮ, ਮੱਧਯਮ ਅਤੇ ਨਿਖਿੱਧ {superior, me- dium and inferior}” (ਮਹਾਨ ਕੋਸ਼) “(ੳ) ਉੱਤਮ ਸੰਸਕਾਰ ਉਹ ਹਨ, ਜਿਨ੍ਹਾਂ  ਕਰਕੇ  ਕਰਤਾਰ  ਦੀ  ਰਚਨਾ  ਦੇ  ਵਿਰੁੱਧ  ਕੁਝ  ਨਾ  ਕੀਤਾ  ਜਾਵੇ,  ਅਰ   ਜੋ ਧਾਰਮਿਕ ਚਿੰਨ੍ਹ ਧਾਰੇ ਜਾਣ, ਉਹ ਸਰੀਰ ਤਥਾ ਦੇਸ਼ ਦੀ ਰੱਖਿਆ ਦਾ ਕਾਰਨ ਹੋਣ, ਜੈਸੇ ਅੰਮ੍ਰਿਤ ਸੰਸਕਾਰ ਸਮੇਂ ਪੰਜ ਕਕਾਰ {ਸੰਸਕਾਰਾਂ ਦੇ ਤਿੰਨ ਭੇਦ} ਸਿੱਖ ਧਾਰਦੇ ਹਨ। (ਅ) ਮੱਧਮ ਸੰਸਕਾਰ ਉਹ ਹੈਨ, ਜਿਨ੍ਹਾਂ ਦਵਾਰਾ ਚਿੰਨ੍ਹ ਐਸੇ ਧਾਰੇ ਜਾਣ, ਜਿਨ੍ਹਾਂ ਤੋਂ ਸਰੀਰ ਅਰ ਦੇਸ਼ ਨੂੰ ਕੋਈ ਲਾਭ ਨਾ ਪਹੁੰਚੇ। (ੲ) ਨਿਖਿੱਧ (ਨਿਕ੍ਰਿਸ਼ਟ) ਸੰਸਕਾਰ ਉਹ ਹਨ, ਜਿਨ੍ਹਾਂ ਕਰਕੇ ਸਿਰਜਨਹਾਰ ਦੀ ਮਰਯਾਦਾ ਖੰਡਿਤ ਕੀਤੀ ਜਾਵੇ ਅਰ ਦੇਹ ਤਥਾ ਦੇਸ਼ ਦਾ ਕੋਈ ਹਿਤ ਨਾ ਹੋ ਸਕੇ। ਇੰਗਲਿਸ਼ ਵਿਚ ਸੰਸਕਾਰ ਨੂੰ ceremon ਦਾ ਨਾਂ ਦਿੱਤਾ ਗਿਆ ਹੈ।

ਵਿਸ਼ਵ ਧਰਮਾਂ ਦਾ ਅਧਿਐਨ ਕੀਤਿਆਂ ਪਤਾ ਲੱਗਦਾ ਹੈ ਕਿ ਹਰੇਕ ਮਜ਼੍ਹਬ ਦੇ ਤਿੰਨ ਭਾਗ ਹੁੰਦੇ ਹਨ (1) ਆਤਮਿਕ ਗਿਆਨ ਜਾਂ ਫ਼ਿਲਾਸਫ਼ੀ।(2) ਇਤਿਹਾਸ ਅਤੇ ਰਵਾਇਤਾਂ।(3) ਸੰਸਕਾਰ ਅਤੇ ਰਹੁ-ਰੀਤ।” ਸੰਸਕਾਰ ਹਰ ਇਕ ਧਰਮ ਦਾ ਲਾਜ਼ਮੀ ਹਿੱਸਾ ਹੁੰਦੇ ਹਨ ਜਿਨ੍ਹਾਂ ਨੂੰ ਉਸ ਦੇ ਪੈਰੋਕਾਰ ਆਪਣੇ ਜੀਵਨ ਦੇ ਵੱਖ-ਵੱਖ ਪੜਾਵਾਂ ’ਤੇ ਧਾਰਮਿਕ ਵਿਧੀ-ਵਿਧਾਨ ਅਨੁਸਾਰ ਕਰਦੇ ਹਨ। ਉਦਾਹਰਣ ਦੇ ਤੌਰ ’ਤੇ ਹਿੰਦੂ ਧਰਮ ਅਤੇ ਜੈਨ ਧਰਮ ਦੇ ਅਨੁਯਾਈਆਂ ਲਈ 16-16 ਸੰਸਕਾਰ ਨਿਭਾਉਣ ਦਾ ਵਿਧਾਨ ਹੈ। ਬੁੱਧ, ਇਸਲਾਮ, ਈਸਾਈ ਆਦਿ ਸੰਸਾਰ ਦੇ ਪ੍ਰਸਿੱਧ ਧਰਮਾਂ ਵਿਚ ਵੀ ਸੰਸਕਾਰਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ ਜੋ ਬੱਚੇ ਦੇ ਜਨਮ ਤੋਂ ਲੈ ਕੇ ਮੌਤ ਤਕ ਦੇ ਸਮੁੱਚੇ ਜੀਵਨ ਨੂੰ ਆਪਣੇ ਘੇਰੇ ਵਿਚ ਲੈਂਦੇ ਹਨ। ਹਿੰਦੂ ਧਰਮ-ਸ਼ਾਸਤਰਾਂ ਅਨੁਸਾਰ ਤਾਂ ਕਈ ਸੰਸਕਾਰ ਬੱਚੇ ਦੇ ਜਨਮ ਤੋਂ ਪੂਰਵ (ਗਰਭ ਧਾਰਨ) ਅਤੇ ਮੌਤ ਤੋਂ ਬਾਅਦ (ਸ਼ਰਾਧ, ਪਿੰਡ ਦਾਨ ਆਦਿ) ਵੀ ਨਿਭਾਏ ਜਾਂਦੇ ਹਨ। ਵਾਸਤਵ ਵਿਚ ਕਿਸੇ ਧਰਮ ਦੇ ਸੰਸਕਾਰ ਉਸ ਦੀ ਅੰਦਰਲੀ ਮਨੋ-ਅਵਸਥਾ ਨੂੰ ਪ੍ਰਗਟ ਕਰਦੇ ਹਨ।

ਸਿੱਖੀ ਮਾਰਗ ਤੇ ਸਿੱਖੀ ਜੀਵਨ ਸੰਸਕਾਰਾਂ ਦੇ ਸੋਮੇ: ਸਿੱਖ ਧਰਮ ਦਾ ਆਦਰਸ਼ ਸਿੱਖੀ ਹੈ, ਜਿਸ ਨੂੰ ਸਿੱਖੀ ਮਾਰਗ ਅਥਵਾ ਗੁਰਮਤਿ ਮਾਰਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਸਿੱਖੀ ਮਾਰਗ ਨੂੰ ‘ਗੁਰਮੁਖਿ ਗਾਡੀ ਰਾਹੁ’ ਕਿਹਾ ਹੈ ਅਤੇ ਸਿੱਖ ਉਸ ਵਿਅਕਤੀ ਨੂੰ ਮੰਨਿਆ ਹੈ, ਜਿਸ ਨੇ ਗੁਰ ਦੀਖਿਆ ਲੈ ਕੇ ਗੁਰੂ ਦੀ ਸਿੱਖਿਆ ਗ੍ਰਹਿਣ ਕੀਤੀ ਹੈ ਅਤੇ ਗੁਰਸਿੱਖੀ ਕਮਾਈ ਹੈ ਅਰਥਾਤ ਜਿਸ ਦਾ ਸਮੁੱਚਾ ਜੀਵਨ-ਵਿਹਾਰ (ਸਿੱਖਣਾ, ਲਿਖਣਾ, ਵਰਤਣਾ, ਬੁੱਝਣਾ, ਪੂਜਣਾ, ਮੰਨਣਾ, ਤੋਲਣਾ, ਨਾਵਣਾ, ਪਰਸਣਾ, ਵੇਖਣਾ, ਸੁਣਨਾ, ਸੁੰਘਣਾ ਤੇ ਚੱਖਣਾ ਆਦਿ) ਗੁਰੂ ਸਿੱਖਿਆ ਅਨੁਸਾਰ ਹੈ।(ਗੁਰਮਤਿ ਮਾਰਤੰਡ, ਭਾਗ-I)

ਇਸ ਲਈ ਸਿੱਖ ਨੇ ਜੀਵਨ-ਸੰਸਕਾਰਾਂ ਨੂੰ ਨਿਭਾਉਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਮਾਣਿਕ ਸੋਮੇ ਦੇ ਰੂਪ ਵਿਚ ਪ੍ਰਵਾਨ ਕਰਦਿਆਂ ਹੋਇਆਂ ਗੁਰਬਾਣੀ ਤੋਂ ਹੀ ਅਗਵਾਈ ਲੈਣੀ ਹੈ। ਸਿੱਖ ਧਰਮ ਦੇ ਪੁਰਾਣੇ ਤੇ ਨਵੇਂ ਲੇਖਕਾਂ ਨੇ ਬੇਸ਼ੱਕ ਆਪਣੀ-ਆਪਣੀ ਬੁੱਧੀ ਅਤੇ ਨਿਸਚੇ ਅਨੁਸਾਰ, ਸਿੱਖ ਇਤਿਹਾਸ ਅਤੇ ਰਹਿਤਨਾਮੇ ਲਿਖੇ ਹਨ, ਜਿਨ੍ਹਾਂ ਵਿੱਚੋਂ ਸਿੱਖੀ ਜੀਵਨ-ਸੰਸਕਾਰਾਂ ਸੰਬੰਧੀ ਵਿਚਾਰ ਮਿਲਦੇ ਹਨ।

ਸਿੱਖੀ ਜੀਵਨ-ਸੰਸਕਾਰ ਤੇ ਉਨ੍ਹਾਂ ਦਾ ਭਾਵ: ਸਿੱਖੀ ਜੀਵਨ ਵਿਚ ਚਾਰ ਗੁਰਮਤਿ ਸੰਸਕਾਰ ਪ੍ਰਵਾਨ ਹਨ: ਪਹਿਲਾ ਜਨਮ ਤੇ ਨਾਮ ਸੰਸਕਾਰ, ਦੂਜਾ ਅੰਮ੍ਰਿਤ ਸੰਸਕਾਰ, ਤੀਜਾ ਅਨੰਦ ਸੰਸਕਾਰ ਤੇ ਚੌਥਾ ਮ੍ਰਿਤਕ ਸੰਸਕਾਰ। ਸਿੱਖ ਵਿਦਵਾਨ ਭਾਈ ਵੀਰ ਸਿੰਘ ਜੀ ਨੇ ‘ਗੁਰਮਤਿ ਸੰਸਕਾਰ’ ਲੇਖ ਵਿਚ ਸੰਸਕਾਰਾਂ ਦਾ ਅਸਲ ਭਾਵ ਵਿਸ਼ੇ ’ਤੇ ਵਿਚਾਰ ਕਰਦਿਆਂ ਲਿਖਿਆ ਹੈ ਕਿ “…ਤਿੰਨਾਂ ਸੰਸਕਾਰਾਂ {ਪਹਿਲੇ, ਤੀਜੇ ਤੇ ਚੌਥੇ} ਦੇ ਵੇਲੇ ਦੋ ਤਰ੍ਹਾਂ ਦੀਆਂ ਰਸਮਾਂ ਕਰਨੀਆਂ ਪੈਂਦੀਆਂ ਹਨ, ਅਰਥਾਤ ਇਕ ਧਾਰਮਿਕ, ਦੂਜੀ ਭਾਈਚਾਰਕ। ਗੁਰਮਤਿ ਸੰਸਕਾਰਾਂ ਦਾ ਵੱਡਾ ਤੁਅੱਲਕ ਧਾਰਮਿਕ ਰਸਮਾਂ ਨਾਲ ਹੈ ਅਤੇ ਭਾਈਚਾਰਕ ਰਸਮਾਂ ਦੀ ਸਿਰਫ ਇਤਨੀ ਨਿਗਰਾਨੀ ਹੈ ਕਿ ਉਨ੍ਹਾਂ ਵਿਚ ਧਰਮ ਦੇ ਕਿਸੇ ਭਾਵ ਦੀ ਨਿਖੇਧੀ ਨਾ ਹੋਵੇ। ਰਿਸ਼ਤੇਦਾਰਾਂ ਨੂੰ ਮਠਿਆਈ ਆਦਿ ਵੰਡਣਾ ਸਿਰਫ਼ ਭਾਈਚਾਰਕ ਰਸਮ ਹੀ ਹੈ, ਇਸ ਦਾ ਧਰਮ ਨਾਲ ਕੋਈ ਸੰਬੰਧ ਨਹੀਂ। ਇਸ ਵਾਸਤੇ ਗੁਰਮਤਿ ਇਸ ਨੂੰ ਨਹੀਂ ਰੋਕਦੀ, ਮਾਲੀ ਹਾਲਤ ਦੀ ਵਿਚਾਰ ਜਾਂ ਭਾਈਚਾਰਕ ਤਕਲੀਫਾਂ ਦੀ ਵਿਚਾਰ ਜ਼ਰੂਰ ਹੋਣੀ ਚਾਹੀਏ। ਅਨੰਦ ਸੰਸਕਾਰ ਦੇ ਸਮੇਂ ਸਿੱਖਾਂ ਦੇ ਪੁਰਾਣੇ ਘਰਾਣਿਆਂ ਵਿਚ ਭਾਈਚਾਰਕ ਰਸਮ ਘੋੜੀ ’ਪਰ ਚੜ੍ਹਾ ਕੇ ਲਾੜੇ ਨੂੰ ਧੇਅਤੇ ਘਰ ਲੈ ਜਾਣ ਦੀ ਹੈ, ਗੁਰਮਤਿ ਇਸ ਭਾਈਚਾਰਕ ਰਸਮ ਨੂੰ ਕੁਝ ਨਹੀਂ ਆਖਦਾ, ਪਰ ਘੋੜੀ ਹੇਠੋਂ ਵਿਆਹੁਣ ਵਾਲੀ ਲੜਕੀ ਨੂੰ ਲੰਘਾਉਣਾ ਇਕ ਵੇਦਕ ਰਸਮ ਹੈ, ਜਿਸ ਨੂੰ ਸ੍ਰਿਸ਼ਟਾਚਾਰ ਦੇ ਵਿਰੁੱਧ ਸਮਝ ਕੇ ਮਨਜ਼ੂਰ ਨਹੀਂ ਕਰ ਸਕਦਾ।” ਸੰਖੇਪ ਵਿਚ, ਸਿੱਖੀ ਜੀਵਨ-ਸੰਸਕਾਰਾਂ ਅਧੀਨ ਨਿਭਾਈਆਂ ਜਾਣ ਵਾਲੀਆਂ ਧਾਰਮਿਕ ਤੇ ਭਾਈਚਾਰਕ ਰਸਮਾਂ ਗੁਰਮਤਿ ਦੇ ਅਸੂਲਾਂ ਤੋਂ ਵਿਰੁੱਧ ਨਹੀਂ ਹੋਣੀਆਂ ਚਾਹੀਦੀਆਂ। ਵਹਿਮ-ਭਰਮ, ਖੁਦੀ ਤੇ ਦਿਖਾਵੇ ਦੇ ਵੱਸ ਹੋ ਕੇ ਕੀਤੀਆਂ ਗਈਆਂ ਰੀਤਾਂ-ਰਸਮਾਂ ਜੀਵਨ ਵਿਚ ਜ਼ਹਿਰ ਘੋਲ ਦਿੰਦੀਆਂ ਹਨ। ਇਸ ਲਈ ਗੁਰਮਤਿ ਨੇ ਇਕ ਅਸੂਲ ਕਾਇਮ ਕਰ ਦਿੱਤਾ ਹੈ, ਪਿਆਰੇ ਨੂੰ ਵਿਸਾਰਨ ਵਾਲੀਆਂ ਰੀਤਾਂ ਜਲਾ ਦੇਣੀਆਂ ਉਚਿਤ ਹਨ। ਕੇਵਲ ਉਹੀ ਰਸਮਾਂ ਨਿਭਾਉਣਯੋਗ ਹਨ ਜਿਨ੍ਹਾਂ ਕਰਕੇ ਪਿਆਰੇ ਨਾਲ ਇੱਜ਼ਤ ਬਣੀ ਰਹੇ। ਇਸ ਲਈ ਹਰ ਇਕ ਰੀਤ-ਰਸਮ ਨੂੰ ਗੁਰਬਾਣੀ ਦੀ ਇਸ ਕਸੌਟੀ ’ਤੇ ਪਰਖ ਕੇ ਉਸ ਦਾ ਤਿਆਗ ਕੀਤਾ ਜਾ ਸਕਦਾ ਹੈ:

ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ॥
ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ॥ (ਪੰਨਾ 590)

ਭਾਈ ਵੀਰ ਸਿੰਘ ਜੀ ਅੱਗੇ ਹੋਰ ਲਿਖਦੇ ਹਨ- “ਗੁਰਮਤਿ ਰਸਮਾਂ ਦਾ ਮੁੱਖ ਅਸੂਲ ਤਾਂ ਸਿਰਫ਼ ਇਹ ਹੈ ਕਿ ਸਭ ਤੋਂ ਪਹਿਲੇ ਅਸੀਂ ਅਕਾਲ ਪੁਰਖ ਦਾ ਧੰਨਵਾਦ ਕਰੀਏ ਕਿ ਉਸ ਨੇ ਜਨਮ ਦਿੱਤਾ ਅਥਵਾ ਅਨੰਦ ਸੰਸਕਾਰ ਦਾ ਸਮਾਂ ਲਿਆਂਦਾ, ਅਥਵਾ ਮ੍ਰਿਤੂ ਦੁਆਰਾ ਪ੍ਰਾਣੀ ਨੂੰ ਆਪਣੇ ਚਰਨਾਂ ਵਿਚ ਸੱਦ ਲੀਤਾ।…{ਦੂਜਾ} ਅਸੀਂ ਆਪਣੇ ਗੁਰੂ ਸਾਹਿਬਾਨ ਦਾ ਧੰਨਵਾਦ ਕਰੀਏ ਕਿ ਉਨ੍ਹਾਂ ਨੇ ਸਿੱਖਾਂ ਨੂੰ ਪਰਮਾਤਮਾ ਦਾ ਗਿਆਨ ਅਤੇ ਉਸ ਦੀ ਭਗਤੀ ਦੱਸ ਕੇ ਸਾਨੂੰ ਸੱਚੇ ਅਤੇ ਸਿੱਧੇ ਰਾਹ ਪਾਇਆ, ਜਿਸ ਕਰਕੇ ਅਸੀਂ ਭੁਲੇਖੇ ਵਿਚ ਨਹੀਂ ਰਹੇ। ਇਹ ਦੋ ਅਸੂਲ ਹਨ ਜੋ ਗੁਰਬਾਣੀ ਦੁਆਰਾ ਪੂਰੇ ਕੀਤੇ ਜਾਂਦੇ ਹਨ। ਤੀਜਾ ਇਹ ਅਸੂਲ ਹੈ ਕਿ ਸੰਸਕਾਰ ਕਰਾਉਣ ਵਾਲਿਆਂ ਨੂੰ ਐਸੇ ਮੌਕਿਆਂ ਪਰ ਅਸੀਂ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦੱਸੀਏ, ਜਿਹਾ ਕਿ ਜਦ ਬਾਲਕ ਪੈਦਾ ਹੁੰਦਾ ਹੈ ਤਾਂ ਗੁਰਮੰਤ੍ਰ ਅਤੇ ਪੰਜ ਪਉੜੀਆਂ ਜਪੁਜੀ ਸਾਹਿਬ ਦੀਆਂ ਪੜ੍ਹ ਕੇ ਜਨਮ ਸੰਸਕਾਰ ਕੀਤਾ ਜਾਂਦਾ ਹੈ, ਸੋ ਬੱਚੇ ਨੂੰ ਥੋੜ੍ਹਾ ਜਲ ਛਕਾ ਕੇ ਬਾਕੀ ਦਾ ਮਾਤਾ ਨੂੰ ਛਕਾ ਕੇ ਇਹ ਨਸੀਹਤ ਦਿੱਤੀ ਜਾਂਦੀ ਹੈ ਕਿ ਗੁਰਮੰਤ੍ਰ ਅਤੇ ਜਪੁਜੀ ਸਾਹਿਬ ਦਾ ਅਭਿਆਸ ਬੱਚੇ ਨੂੰ ਜਿਉਂ-ਜਿਉਂ ਉਹ ਉਮਰ ਵਿਚ ਵੱਡਾ ਹੁੰਦਾ ਜਾਵੇ ਕਰਾਉਣਾ ਉਨ੍ਹਾਂ ਦਾ ਧਰਮ ਹੈ।… ਅਨੰਦ ਸੰਸਕਾਰ ਵੇਲੇ ਲਾੜੇ-ਲਾੜੀ ਨੂੰ ਉਨ੍ਹਾਂ ਦੀਆਂ ਸੰਸਾਰਿਕ ਜ਼ਿੰਮੇਵਾਰੀਆਂ ਅਤੇ ਦੋਨਾਂ ਨੇ ਰਲ ਕੇ ਜੋ ਧਾਰਮਿਕ ਜ਼ਿੰਮੇਵਾਰੀਆਂ ਉਠਾਈਆਂ ਹਨ ਉਨ੍ਹਾਂ ਨੂੰ ਖੋਲ੍ਹ ਕੇ ਦੱਸੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਾਉਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਦੀਵਾਨ ਦੇ ਹਜ਼ੂਰ ਪ੍ਰਣ ਲਏ ਜਾਂਦੇ ਹਨ। ਇਸੇ ਤਰ੍ਹਾਂ ਮ੍ਰਿਤਕ ਸੰਸਕਾਰ ਦੇ ਪਿੱਛੇ ਮ੍ਰਿਤਕ ਪ੍ਰਾਣੀ ਦੇ ਪਿਛਲਿਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦੱਸੀਆਂ ਜਾਂਦੀਆਂ ਹਨ।…ਚੌਥਾ ਸੰਸਕਾਰ ਅੰਮ੍ਰਿਤ ਸੰਸਕਾਰ ਹੈ ਜੋ ਕੇਵਲ ਖਾਲਸਾ ਸਜਾਉਣ ਵੇਲੇ ਹੀ ਸਿੱਖਾਂ ਵਾਸਤੇ ਹੁੰਦਾ ਹੈ।”

ਸਿੱਖੀ ਜੀਵਨ ਦੇ ਚਾਰ ਪ੍ਰਵਾਨਿਤ ਸੰਸਕਾਰਾਂ ਸੰਬੰਧੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੁਆਰਾ ਪ੍ਰਕਾਸ਼ਿਤ ‘ਸਿੱਖ ਰਹਿਤ ਮਰਯਾਦਾ’ ਤੇ ਹੋਰ ਸਿੱਖ ਵਿਦਵਾਨਾਂ ਦੀਆਂ ਲਿਖਤਾਂ ਨੂੰ ਆਧਾਰ ਬਣਾ ਕੇ) ਗੁਰਬਾਣੀ ਦੀ ਰੌਸ਼ਨੀ ਵਿਚ ਸੰਖੇਪ ਵਿਚਾਰ ਕਰਦੇ ਹਾਂ ਤਾਂ ਕਿ ਅਸੀਂ ਗੁਰਮਤਿ ਅਨੁਸਾਰ ਸੰਸਕਾਰ ਨਿਭਾ ਸਕੀਏ।

1. ਜਨਮ ਤੇ ਨਾਮ ਸੰਸਕਾਰ

ਗੁਰਬਾਣੀ ਅਨੁਸਾਰ ਮਨੁੱਖੀ ਜੀਵਨ ਅਮੋਲਕ ਹੈ। ਚੌਰਾਸੀ ਲੱਖ ਜੂਨਾਂ ਵਿਚ ਭਰਮਣ ਉਪਰੰਤ ਇਸ ਦੀ ਪ੍ਰਾਪਤੀ ਹੁੰਦੀ ਹੈ। ਭਗਤ ਕਬੀਰ ਜੀ ਦਾ ਫ਼ੁਰਮਾਨ ਹੈ:

ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥
ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ॥ (ਪੰਨਾ 1366)

ਇਸ ਲਈ ਜੀਵਨ ਦੇ ਵੱਖ-ਵੱਖ ਪੜਾਵਾਂ ਨੂੰ ਮਹੱਤਤਾ ਦਿੱਤੀ ਜਾਂਦੀ ਹੈ। ਸਿੱਖ ਧਰਮ ਅਨੁਸਾਰ ਬੱਚੇ ਦੇ ਜੀਵਨ ਦਾ ਪਹਿਲਾ ਮਹੱਤਵਪੂਰਨ ਸੰਸਕਾਰ ‘ਜਨਮ ਤੇ ਨਾਮ ਸੰਸਕਾਰ’ ਹੈ ਜਿਸ ਨੂੰ ਕਰਨ ਦੀ ਵਿਧੀ ਬਹੁਤ ਹੀ ਸਰਲ ਹੈ। ‘ਗੁਰਮਤ ਮਾਰਤੰਡ’ ਵਿਚ ਜਨਮ ਸੰਸਕਾਰ ਬਾਰੇ ਅੰਕਿਤ ਹੈ- “ਸੰਤਾਨ ਦੇ ਜਨਮ ਸਮੇਂ ਮੂਲ ਮੰਤ੍ਰ ਦਾ ਪਾਠ ਕਰ ਕੇ ਗੁੜ੍ਹਤੀ ਦੇਣੀ ਅਤੇ ਅਨੰਦ ਦਾ ਪਾਠ ਕਰਨਾ ਵਿਧਾਨ ਹੈ, ਜਨਮ ਤੋਂ 40 ਦਿਨਾਂ ਅੰਦਰ ਪੰਜ ਪਉੜੀਆਂ ‘ਜਪੁ’ ਦੀਆਂ ਜਲ ਵਿਚ ਖੰਡਾ ਫੇਰਦੇ ਹੋਏ ਪੜ੍ਹ ਕੇ, ਪੰਜ ਬੂੰਦਾਂ ਬੱਚੇ-ਬੱਚੀ ਨੂੰ ਪਿਆ ਕੇ ਗੁਰ-ਸ਼ਬਦ ਤੋਂ ਅੱਖਰ ਲੈ ਕੇ ਨਾਮ ਰੱਖਣਾ ਚਾਹੀਏ।”

‘ਸਿੱਖ ਰਹਿਤ ਮਰਯਾਦਾ’ ਵਿਚ ‘ਜਨਮ ਤੇ ਨਾਮ-ਸੰਸਕਾਰ’ ਸਿਰਲੇਖ ਅਧੀਨ ਲਿਖਿਆ ਹੈ ਕਿ ਸਿੱਖ ਦੇ ਘਰ ਬੱਚੇ ਦਾ ਜਨਮ ਹੋਣ ਮਗਰੋਂ ਜਦੋਂ ਮਾਂ ਉੱਠਣ, ਬੈਠਣ ਤੇ ਇਸ਼ਨਾਨ ਕਰਨ ਦੇ ਯੋਗ ਹੋਵੇ ਤਾਂ (ਦਿਨਾਂ ਦੀ ਕੋਈ ਗਿਣਤੀ ਮੁਕੱਰਰ ਨਹੀਂ) ਪਰਵਾਰ ਤੇ ਸੰਬੰਧੀ ਗੁਰਦੁਆਰੇ ਜਾ ਕੇ ਕੜਾਹ ਪ੍ਰਸ਼ਾਦਿ ਕਰਾਉਣ ਅਤੇ ਗੁਰੂ ਜੀ ਦੇ ਹਜ਼ੂਰ ‘ਪਰਮੇਸਰਿ ਦਿਤਾ ਬੰਨਾ’ (627) ‘ਸਤਿਗੁਰ ਸਾਚੈ ਦੀਆ ਭੇਜਿ’  (396) ਆਦਿ ਖੁਸ਼ੀ ਤੇ ਧੰਨਵਾਦ ਵਾਲੇ ਸ਼ਬਦ ਪੜ੍ਹਨ। ਬਾਅਦ ਵਿਚ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਹੋਵੇ ਤਾਂ ਪਾਠ ਦਾ ਭੋਗ ਪਾਇਆ ਜਾਵੇ, ਫਿਰ ਵਾਕ ਲਿਆ ਜਾਵੇ। ਵਾਕ ਦੇ ਅਰੰਭ ਦੇ ਸ਼ਬਦ ਦਾ ਜੋ ਪਹਿਲਾ ਅੱਖਰ ਹੋਵੇ, ਉਸ ਤੋਂ ਗ੍ਰੰਥੀ ਸਿੰਘ ਬੱਚੇ ਦਾ ਨਾਮ ਤਜਵੀਜ਼ ਕਰੇ ਅਤੇ ਸੰਗਤ ਦੀ ਪ੍ਰਵਾਨਗੀ ਲੈ ਕੇ ਨਾਮ ਪ੍ਰਗਟ ਕਰੇ। ਲੜਕੇ ਦੇ ਨਾਉਂ ਪਿੱਛੇ ‘ਸਿੰਘ’ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ‘ਕੌਰ’ ਸ਼ਬਦ ਲਗਾਇਆ ਜਾਵੇ। ਫਿਰ, ਅਨੰਦ ਸਾਹਿਬ (ਛੇ ਪਉੜੀਆਂ) ਮਗਰੋਂ ਬੱਚੇ ਦੇ ਨਾਮ ਸੰਸਕਾਰ ਦੀ ਖੁਸ਼ੀ ਦਾ ਯੋਗ ਸ਼ਬਦਾਂ ਵਿਚ ਅਰਦਾਸਾ ਕਰ ਕੇ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਜਾਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲ ਤੋਂ ਚੋਲਾ ਬਣਾ ਕੇ ਪਾਉਣਾ ਵੀ ਮਨਮੱਤ ਹੈ। ਗੁਰਬਾਣੀ ਅਨੁਸਾਰ ਜਨਮ ਦੇ ਸੰਬੰਧ ਵਿਚ ਖਾਣ-ਪੀਣ ਵਿਚ ਕੋਈ ਸੂਤਕ ਦਾ ਭਰਮ ਨਹੀਂ ਕਰਨਾ ਕਿਉਂਕਿ:

ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥
ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ॥ (ਪੰਨਾ 472)

2. ਅੰਮ੍ਰਿਤ ਸੰਸਕਾਰ

ਸਿੱਖ ਧਰਮ ਵਿਚ ਅੰਮ੍ਰਿਤ ਸੰਸਕਾਰ ਤੋਂ ਪਹਿਲਾਂ ਚਰਨਾਂਮ੍ਰਿਤ ਦੇਣ ਦੀ ਰੀਤਿ ਸੀ। ਭਾਈ ਗੁਰਦਾਸ ਜੀ ਦੀ ਗਵਾਹੀ ਅਨੁਸਾਰ:‘ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾਂ ਪੀਲਾਇਆ॥’ (ਵਾਰ 1.23) ਭਾਈ ਕਾਨ੍ਹ ਸਿੰਘ ਜੀ ਦਾ ਵਿਚਾਰ ਹੈ ਕਿ ਨੌਂ ਸਤਿਗੁਰਾਂ ਵੇਲੇ ਅਤੇ ਸੰਮਤ 1756 ਤੋਂ ਪਹਿਲਾਂ ਦਸਮ ਸਤਿਗੁਰੂ ਦੇ ਅਧਿਕਾਰ ਵਿਚ ਭੀ ਚਰਨਾਂਮ੍ਰਿਤ ਦੇਣ ਦੀ ਰੀਤਿ ਸੀ। ਆਪ ਨੇ ਭਾਈ ਸੰਤੋਖ ਸਿੰਘ ਜੀ ਦਾ ਹਵਾਲਾ ਦਿੱਤਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਸਾਮ ਦੇ ਰਾਜਾ ਰਤਨ ਰਾਇ ਨੂੰ ਚਰਨਾਂਮ੍ਰਿਤ ਦਿੱਤਾ-

ਇਮ ਕਹਿ ਪਦ ਅਰਬਿੰਦ ਪਖਾਰੇ।
ਪਾਹੁਲ ਦਈ ਭਾਗ ਜਿਸ ਭਾਰੇ।
ਵਾਹਿਗੁਰੂ ਨਿਜ ਮੰਤ੍ਰ ਦ੍ਰਿੜਾਯੋ। ( ਗੁ: ਪ੍ਰ: ਸੂ:, ਰੁੱਤ 1, ਅ:23)

ਸਿੱਖ ਇਤਿਹਾਸ ਤੇ ਗੁਰੂ-ਘਰ ਦੇ ਨਜ਼ਦੀਕੀ ਵਿਦਵਾਨਾਂ ਦੁਆਰਾ ਲਿਖੇ ਰਹਿਤਨਾਮਿਆਂ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ (ਸੰਮਤ 1756) ਦੀ ਵਿਸਾਖੀ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਚੋਣ ਕਰਨ ਉਪਰੰਤ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਸਜਾਇਆ ਅਤੇ ਚਰਨਾਂਮ੍ਰਿਤ ਦੇਣ ਦੀ ਮਰਯਾਦਾ ਸਦਾ ਲਈ ਬੰਦ ਕਰ ਦਿੱਤੀ। ਪ੍ਰਿੰਸੀਪਲ ਸਤਿਬੀਰ ਸਿੰਘ ‘ਸੌ ਸਵਾਲ’ ਅੰਦਰ ਅੰਮ੍ਰਿਤ ਦੀ ਮਹੱਤਤਾ ਬਾਰੇ ਲਿਖਦੇ ਹਨ- “ਅੰਮ੍ਰਿਤ ਦੀ ਖੋਜ ਵਿਚ ਕਦੀਮਾਂ ਤੋਂ ਦੇਵਤੇ, ਸੂਰਮੇ ਅਤੇ ਮੁਨੀ-ਲੋਕ ਲੱਗੇ ਹੋਏ ਹਨ। ‘ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ’ {918} ਦਾ ਫ਼ਰਮਾਨ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤਾ ਹੈ। ਸਿੱਖ ਖੁਸ਼ਕਿਸਮਤ ਹੈ ਕਿ ਉਸ ਗੁਰੂ ਨੇ ਅੰਮ੍ਰਿਤ ਸਿਰਫ਼ ਛਕਾਇਆ ਹੀ ਨਹੀਂ ਸਗੋਂ ਤਿਆਰ ਕਰਨ ਦੀ ਵਿਧੀ ਵੀ ਦੱਸੀ। ਫਿਰ ਅੰਮ੍ਰਿਤ ‘ਪੰਜਾਂ ਪਿਆਰਿਆਂ’ ਤੋਂ ਲੈਣ ਦਾ ਹੁਕਮ ਹੀ ਨਹੀਂ ਕੀਤਾ, ਸਗੋਂ ਦਸਮੇਸ਼ ਜੀ ਨੇ ਆਪ ਉਨ੍ਹਾਂ ਪੰਜਾਂ ਹੱਥੀਂ ਛਕ ਕੇ ਮਹਿਮਾ ਦੇ ਨਾਲ–ਨਾਲ ਲੋੜ ਵੀ ਦਰਸਾ ਦਿੱਤੀ।”

ਅੰਮ੍ਰਿਤ ਛਕਣ ਦਾ ਅਧਿਕਾਰ ਹਰ ਦੇਸ਼, ਹਰ ਮਜ਼੍ਹਬ ਤੇ ਹਰ ਜਾਤੀ ਦੇ ਇਸਤਰੀ-ਪੁਰਸ਼ ਨੂੰ ਹੈ, ਜੋ ਸਿੱਖ ਧਰਮ ਗ੍ਰਹਿਣ ਕਰਨ ਅਤੇ ਉਸ ਦੇ ਅਸੂਲਾਂ ਉੱਪਰ ਚੱਲਣ ਦਾ ਪ੍ਰਣ ਕਰੇ। ਸਿਰਫ਼ ਜ਼ਰੂਰੀ ਹੈ ਕਿ ਹੋਸ਼ ਸੰਭਾਲੀ ਹੋਵੇ। ਸਿੱਖ ਰਹਿਤ ਮਰਯਾਦਾ ਵਿਚ ਅੰਮ੍ਰਿਤਪਾਨ ਕਰਨ ਦੀ ਵਿਧੀ ਇਸ ਪ੍ਰਕਾਰ ਦਰਜ ਹੈ : ਅੰਮ੍ਰਿਤ ਛਕਾਣ ਲਈ ਇਕ ਖਾਸ ਸਥਾਨ ’ਤੇ ਪ੍ਰਬੰਧ ਹੋਵੇ ਜਿੱਥੇ ਆਮ ਲੋਕਾਂ ਦਾ ਲਾਂਘਾ ਨਾ ਹੋਵੇ। ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਘੱਟ ਤੋਂ ਘੱਟ ਛੇ ਤਿਆਰ- ਬਰ-ਤਿਆਰ ਅੰਮ੍ਰਿਤਧਾਰੀ ਸਿੰਘ ਹਾਜ਼ਰ ਹੋਣ ਜਿਨ੍ਹਾਂ ਨੇ ਕੇਸੀਂ ਇਸ਼ਨਾਨ ਕੀਤਾ ਹੋਵੇ। ਇਨ੍ਹਾਂ ਵਿੱਚੋਂ ਇਕ ਤਾਬਿਆ ਬੈਠੇ ਤੇ ਬਾਕੀ ਪੰਜ ਅੰਮ੍ਰਿਤ ਛਕਾਣ ਲਈ ਹੋਣ। ਪੰਜਾਂ ਪਿਆਰਿਆਂ ਵਿਚ ਕੋਈ ਅੰਗ-ਹੀਣ (ਅੰਨ੍ਹਾਂ, ਕਾਣਾ, ਲੰਙਾ, ਲੂਲ੍ਹਾ ਜਾਂ ਦੀਰਘ ਰੋਗ ਵਾਲਾ) ਤੇ ਤਨਖਾਹੀਆ ਨਾ ਹੋਵੇ। ਜੇ ਕਿਸੇ ਨੇ ਕੁਰਹਿਤ ਕਰਨ ਕਰਕੇ ਮੁੜ ਅੰਮ੍ਰਿਤ ਛਕਣਾ ਹੋਵੇ ਤਾਂ ਉਸ ਨੂੰ ਅੱਡ ਕਰਕੇ ਸੰਗਤ ਵਿਚ ਪੰਜ ਪਿਆਰੇ ਤਨਖਾਹ ਲਾ ਲੈਣ। ਅੰਮ੍ਰਿਤ ਛਕਣ ਵਾਲੇ ਹਰੇਕ ਪ੍ਰਾਣੀ ਨੇ ਕੇਸੀਂ ਇਸ਼ਨਾਨ ਕੀਤਾ ਹੋਵੇ ਅਤੇ ਪੰਜ ਕਕਾਰ (ਕੇਸ, ਕਿਰਪਾਨ ਗਾਤਰੇ ਵਾਲੀ, ਕਛਹਿਰਾ, ਕੰਘਾ,ਕੜਾ) ਧਾਰਨ ਕੀਤੇ ਹੋਣ, ਸਿਰ ਨੰਗਾ ਨਾ ਹੋਵੇ, ਟੋਪੀ, ਛੇਦਕ ਗਹਿਣੇ ਜਾਂ ਅਨਮਤ ਦਾ ਕੋਈ ਚਿੰਨ੍ਹ ਨਾ ਪਹਿਨਿਆ ਹੋਵੇ। ਸਾਰੇ ਅਦਬ ਨਾਲ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਖੜ੍ਹੇ ਹੋਣ। ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ ਵਿੱਚੋਂ ਕੋਈ ਇਕ ਸਿੰਘ ਅੰਮ੍ਰਿਤ ਛਕਣ ਦੇ ਅਭਿਲਾਖੀਆਂ ਨੂੰ ਸਿੱਖ ਧਰਮ ਦੇ ਅਸੂਲ ਸਮਝਾਵੇ:

ਸਿੱਖ ਧਰਮ ਵਿਚ ਕਿਰਤਮ ਦੀ ਪੂਜਾ ਤਿਆਗ ਕੇ ਇਕ ਕਰਤਾਰ ਦੀ ਪ੍ਰੇਮਾ-ਭਗਤੀ ਤੇ ਉਪਾਸ਼ਨਾ ਦੱਸੀ ਹੈ। ਇਸ ਦੀ ਪੂਰਨਤਾ ਲਈ ਗੁਰਬਾਣੀ ਦਾ ਅਭਿਆਸ, ਸਾਧ ਸੰਗਤ ਤੇ ਪੰਥ ਦੀ ਸੇਵਾ,ਉਪਕਾਰ, ਨਾਮ ਦਾ ਪ੍ਰੇਮ ਅਤੇ ਅੰਮ੍ਰਿਤ ਛਕ ਕੇ ਰਹਿਤ- ਬਹਿਤ ਰੱਖਣਾ ਮੁੱਖ ਸਾਧਨ ਹਨ, ਆਦਿ। ਕੀ ਤੁਸੀਂ ਇਸ ਧਰਮ ਨੂੰ ਖੁਸ਼ੀ ਨਾਲ ਕਬੂਲ ਕਰਦੇ ਹੋ? ‘ਹਾਂ’ ਦਾ ਜਵਾਬ ਆਉਣ ‘ਤੇ ਪਿਆਰਿਆਂ ਵਿੱਚੋਂ ਇਕ ਸੱਜਣ ਅੰਮ੍ਰਿਤ ਦੀ ਤਿਆਰੀ ਦਾ ਅਰਦਾਸਾ ਕਰਕੇ ਹੁਕਮ ਲਵੇ। ਪੰਜ ਪਿਆਰੇ ਅੰਮ੍ਰਿਤ ਤਿਆਰ ਕਰਨ ਲਈ ਬਾਟੇ ਪਾਸ ਆ ਬੈਠਣ। ਬਾਟਾ ਸਰਬ-ਲੋਹ ਦਾ ਹੋਵੇ ਤੇ ਚੌਕੀ, ਸੁਨਹਿਰੇ ਆਦਿ ਕਿਸੇ ਸਵੱਛ ਚੀਜ਼ ‘ਪੁਰ ਰੱਖਿਆ ਹੋਵੇ। ਬਾਟੇ ਵਿਚ ਸਵੱਛ ਜਲ ਤੇ ਪਤਾਸੇ ਪਾਏ ਜਾਣ ਤੇ ਪੰਜ ਪਿਆਰੇ ਬਾਟੇ ਦੇ ਇਰਦ-ਗਿਰਦ ਬੀਰ-ਆਸਨ ਹੋ ਕੇ ਬੈਠ ਜਾਣ ਤੇ ਪੰਜ ਬਾਣੀਆਂ {ਜਪੁ, ਜਾਪੁ, 10 ਸਵੱਯੇ (‘ਸ੍ਰਾਵਗ ਸੁਧ’ ਵਾਲੇ), ਬੇਨਤੀ ਚੌਪਈ (‘ਹਮਰੀ ਕਰੋ ਹਾਥ ਦੈ ਰੱਛਾ’ ਤੋਂ ਲੈ ਕੇ ‘ਦੁਸਟ ਦੋਖ ਤੇ ਲੇਹੁ ਬਚਾਈ’ ਤਕ) ਤੇ ਅਨੰਦ ਸਾਹਿਬ} ਦਾ ਪਾਠ ਕਰਨ। ਹਰ ਇਕ ਬਾਣੀ ਪੜ੍ਹਨ ਵਾਲਾ ਖੱਬਾ ਹੱਥ ਬਾਟੇ ਦੇ ਕੰਢੇ ‘ਤੇ ਧਰੇ ਤੇ ਸੱਜੇ ਹੱਥ ਨਾਲ ਖੰਡਾ ਜਲ ਵਿਚ ਫੇਰੀ ਜਾਵੇ। ਸੁਰਤ ਇਕਾਗਰ ਹੋਵੇ। ਬਾਕੀ ਦਿਆਂ ਦੇ ਦੋਵੇਂ ਹੱਥ ਬਾਟੇ ਦੇ ਕੰਢੇ ‘ਤੇ ਅਤੇ ਧਿਆਨ ਅੰਮ੍ਰਿਤ ਵੱਲ ਟਿਕੇ।

ਪਾਠ ਹੋਣ ਮਗਰੋਂ ਪਿਆਰਿਆਂ ਵਿੱਚੋਂ ਕੋਈ ਇਕ ਅਰਦਾਸ ਕਰੇ। ਜਿਸ ਅਭਿਲਾਖੀ ਨੇ ਅੰਮ੍ਰਿਤ ਦੀ ਤਿਆਰੀ ਵੇਲੇ ਸਾਰੇ ਸੰਸਕਾਰ ‘ਚ ਹਿੱਸਾ ਲਿਆ ਹੈ, ਉਹੀ ਅੰਮ੍ਰਿਤ ਛਕਣ ਵਿਚ ਸ਼ਾਮਲ ਹੋ ਸਕਦਾ ਹੈ। ਅਧਵਾਟੇ ਆਉਣ ਵਾਲਾ ਨਹੀਂ ਹੋ ਸਕਦਾ। ਹੁਣ ਸ੍ਰੀ ਕਲਗੀਧਰ ਦਸਮੇਸ਼ ਪਿਤਾ ਦਾ ਧਿਆਨ ਧਰ ਕੇ ਹਰ ਇਕ ਅੰਮ੍ਰਿਤ ਛਕਣ ਵਾਲੇ ਨੂੰ ਬੀਰ-ਆਸਨ ਕਰਾ ਕੇ ਉਸ ਦੇ ਖੱਬੇ ਹੱਥ ਉਪਰ ਸੱਜਾ ਹੱਥ ਰਖਾ ਕੇ ਪੰਜ ਚੁਲੇ ਅੰਮ੍ਰਿਤ ਦੇ ਛਕਾਏ ਜਾਣ ਅਤੇ ਹਰ ਚੁਲੇ ਨਾਲ ਇਹ ਕਿਹਾ ਜਾਵੇ: ਬੋਲ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।’ ਛਕਣ ਵਾਲਾ ਛਕ ਕੇ ਕਹੇ: ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।’ ਫਿਰ ਪੰਜ ਛੱਟੇ ਅੰਮ੍ਰਿਤ ਦੇ ਨੇਤਰਾਂ ‘ਪਰ ਲਾਏ ਜਾਣ। ਫਿਰ ਪੰਜ ਛੱਟੇ ਕੇਸਾਂ ਵਿਚ ਪਾਏ ਜਾਣ। ਹਰ ਇਕ ਛੱਟੇ ਨਾਲ ਛਕਣ ਵਾਲਾ ਛਕਾਉਣ ਵਾਲੇ ਦੇ ਪਿੱਛੇ-ਪਿੱਛੇ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।’ ਗਜਾਈ ਜਾਵੇ। ਜੋ ਅੰਮ੍ਰਿਤ ਬਾਕੀ ਰਹੇ, ਉਸ ਨੂੰ ਸਾਰੇ ਅੰਮ੍ਰਿਤ ਛਕਣ ਵਾਲੇ (ਸਿੱਖ ਤੇ ਸਿੱਖਣੀਆਂ) ਰਲ ਕੇ ਛਕਣ। ਉਪਰੰਤ ਪੰਜੇ ਪਿਆਰੇ ਰਲ਼ ਕੇ ਇੱਕੋ ਆਵਾਜ਼ ਨਾਲ ਅੰਮ੍ਰਿਤ ਛਕਣ ਵਾਲਿਆਂ ਨੂੰ ‘ਵਾਹਿਗੁਰੂ’ ਦਾ ਨਾਮ ਦੱਸ ਕੇ ਮੂਲ ਮੰਤ੍ਰ ਸੁਣਾਉਣ ਤੇ ਉਨ੍ਹਾਂ ਪਾਸੋਂ ਇਸ ਦਾ ਰਟਨ ਕਰਾਉਣ। ਮੂਲਮੰਤ੍ਰ ਹੈ:

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥

3. ਅਨੰਦ ਸੰਸਕਾਰ

ਵਿਆਹ ਸਮਾਜਿਕ ਬਣਤਰ ਦੀ ਇਕ ਬੁਨਿਆਦੀ ਸੰਸਥਾ ਹੈ ਅਤੇ ਮਨੁੱਖੀ ਸੱਭਿਅਤਾ ਜਾਂ ਸੱਭਿਆਚਾਰ ਦੇ ਇਤਿਹਾਸ ਵਿਚ ਮੁੱਢਲੀਆਂ ਰਸਮਾਂ ਵਿੱਚੋਂ ਇਕ ਹੈ। ਸਿੱਖ ਵਿਦਵਾਨ ਪ੍ਰਿੰ. ਗੰਗਾ ਸਿੰਘ ‘ਲੈਕਚਰ ਮਹਾਂਚਾਨਣ’ ਅੰਦਰ ਵਿਆਹ ਦੀ ਮਹਤੱਤਾ ਬਾਰੇ ਲਿਖਦੇ ਹਨ- “ਗੁਰਮਤਿ ਨੇ ਵਿਵਾਹ ਨੂੰ ਧਰਮ ਬਿਆਨ ਕੀਤਾ ਹੈ ਤੇ ਧਰਮ ਵੀ ਸਾਰਿਆਂ ਧਰਮਾਂ ਤੋਂ ਸਰੇਸ਼ਟ। ਸੋ ਇਸ ਧਰਮ ਦੀ ਬੁਨਿਆਦ ਉਚੇਰੇ ਰੂਹਾਨੀ ਆਦਰਸ਼ ਤੇ ਰੱਖ ਸਰੀਰਕ ਪ੍ਰਵਿਰਤੀਆਂ ਤੇ ਸੰਤਾਨ ਦੇ ਸਵਾਲ ਨੂੰ ਉਸ ਦੇ ਨਾਲ ਗੌਨ ਰੂਪ ਵਿਚ ਦਰਸਾਇਆ ਗਿਆ ਹੈ। ਵਿਵਾਹ ਹੈ ਉਚੇਰਾ ਕਰਦਿਆਂ ਹੋਇਆਂ ਇਸ ਰਸਮ ਦਾ ਨਾਮ ਵੀ ਉੱਚਾ ਕੀਤਾ ਤੇ ਵਿਵਾਹ ਦੀ ਥਾਂ ਅਨੰਦ ਵਿਵਾਹ ਕਰ ਆਖਿਆ।…ਮਨੁੱਖ ਜੀਵਨ ਸਹੀ ਅਰਥਾਂ ਵਿਚ ਰਸਮਾਂ ਦਿਆਂ ਮਣਕਿਆਂ ਦੀ ਇਕ ਮਾਲਾ ਹੈ, ਜਿਸ ਵਿਚ ਵਿਆਹ ਮੇਰ ਸਮਾਨ ਹੈ …ਵਿਵਾਹ ਫਰਜ਼ਾਂ ਭਰੇ ਮਨੁੱਖ ਜੀਵਨ ਦਾ ਦਰਵਾਜ਼ਾ ਹੈ ਜਿਸ ਰਾਹੀਂ ਦਾਖਲ ਹੋ ਜਵਾਨ ਮੁੰਡੇ ਕੁੜੀਆਂ ਮਨੁੱਖ ਸਮਾਜ ਵਿਚ ਆਪਣੀ ਨਵੀਂ ਦੁਨੀਆਂ ਆਬਾਦ ਕਰਦੇ ਹਨ।”

ਸਿੱਖ ਰਹਿਤ ਮਰਯਾਦਾ ਵਿਚ ‘ਅਨੰਦ ਸੰਸਕਾਰ’ ਸੰਬੰਧੀ ਲਿਖਿਆ ਹੈ: ਸਿੱਖ ਸਿੱਖਣੀ ਦਾ ਵਿਆਹ, ਬਿਨਾਂ ਜਾਤ-ਪਾਤ, ਗੋਤ ਵਿਚਾਰੇ ਦੇ ਹੋਣਾ ਚਾਹੀਏ। ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ। ਸਿੱਖ ਦਾ ਵਿਆਹ ‘ਅਨੰਦ’ ਰੀਤੀ ਨਾਲ ਕਰਨਾ ਚਾਹੀਏ। ਲੜਕੀ ਲੜਕੇ ਦਾ ਵਿਆਹ ਬਚਪਨ ਵਿਚ ਕਰਨਾ ਵਿਵਰਜਿਤ ਹੈ। ਜਦ ਲੜਕੀ ਸਰੀਰ, ਮਨ ਤੇ ਆਚਾਰ ਕਰਕੇ ਵਿਆਹ ਕਰਨ ਦੇ ਯੋਗ ਹੋ ਜਾਵੇ, ਤਾਂ ਕਿਸੇ ਯੋਗ ਸਿੱਖ ਨਾਲ ‘ਅਨੰਦ’ ਪੜ੍ਹਾਇਆ ਜਾਵੇ। ‘ਅਨੰਦ’ ਤੋਂ ਪਹਿਲਾਂ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ, ਪਰ ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸਾ ਸੋਧ ਕੇ ਇਕ ਕਿਰਪਾਨ, ਕੜਾ ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ। ਗੁਰਮਤਿ ਨੇ ਇਸ ਰਸਮ ਤੋਂ ਪਹਿਲਾਂ ਆਪਣੇ ਬੱਚਿਆਂ ਲਈ ਯੋਗ ਜੀਵਨ ਸਾਥੀ ਦੀ ਚੋਣ ਕਰਨ ਦਾ ਅਧਿਕਾਰ ਮਾਪਿਆਂ ਨੂੰ ਦਿੱਤਾ ਹੈ ਪਰ ਉਨ੍ਹਾਂ ਨੂੰ ਤਾਕੀਦ ਕੀਤੀ ਹੈ ਕਿ ਸਤ ਤੇ ਸੰਤੋਖ ਨੂੰ ਸਾਹਮਣੇ ਰੱਖ ਕੇ ਹੀ ਕੁੜਮਾਂ ਨੇ ਕੁੜਮਾਈਆਂ ਕਰਨੀਆਂ ਹਨ:

ਸਤੁ ਸੰਤੋਖੁ ਕਰਿ ਭਾਉ ਕੁੜਮੁ ਕੁੜਮਾਈ ਆਇਆ ਬਲਿ ਰਾਮ ਜੀਉ॥  (ਪੰਨਾ 773)

ਗੁਰਮਤਿ ਅਨੁਸਾਰ ‘ਅਨੰਦ’ ਦਾ ਦਿਨ ਮੁਕੱਰਰ ਕਰਨ ਲੱਗਿਆਂ ਕੋਈ ਥਿਤਿ- ਵਾਰ, ਚੰਗੇ-ਮੰਦੇ ਦਿਨ ਦੀ ਖੋਜ ਕਰਨ ਲਈ ਪੱਤ੍ਰੀ ਵਾਚਣਾ ਮਨਮੱਤ ਹੈ। ਕੋਈ ਦਿਨ ਜੋ ਦੋਹਾਂ ਧਿਰਾਂ ਨੂੰ ਆਪਸ ਵਿਚ ਸਲਾਹ ਕਰ ਕੇ ਚੰਗਾ ਦਿੱਸੇ, ਨਿਯਤ ਕਰ ਲੈਣਾ ਚਾਹੀਦਾ ਹੈ। ਗੁਰਵਾਕ ਹੈ:

ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥  (ਪੰਨਾ 136)

ਸਾਹਾ ਗਣਹਿ ਨ ਕਰਹਿ ਬੀਚਾਰੁ॥
ਸਾਹੇ ਊਪਰਿ ਏਕੰਕਾਰੁ॥ ਜਿਸੁ ਗੁਰੁ ਮਿਲੈ ਸੋਈ ਬਿਧਿ ਜਾਣੈ॥
ਗੁਰਮਤਿ ਹੋਇ ਤ ਹੁਕਮੁ ਪਛਾਣੈ॥ (ਪੰਨਾ 904)

ਅਨੰਦ ਕਾਰਜ ਵਰਗੇ ਸ਼ੁਭ ਕਾਰਜ ਲਈ ਗੁਰਸਿੱਖਾਂ ਨੇ ਅਰਦਾਸ ਕਰਨੀ ਹੈ:

ਸਿਖ ਅਨੰਨ ਪੰਡਿਤ ਦਿਖ ਐਸੇ।
ਗ੍ਰਹਿ ਤਿਥਿ ਵਾਰ ਜਾਨ ਨਹਿ ਕੈਸੇ।
ਏਕ ਭਰੋਸਾ ਪ੍ਰਭੂ ਕਾ ਪਾਏ।
ਤਿਆਗ ਲਗਨ ਅਰਦਾਸ ਕਰਾਏ। (ਗੁਰਬਿਲਾਸ ਪਾਤਸ਼ਾਹੀ 6, ਅ:6)

ਗੁਰਮਤਿ ਅਨੁਸਾਰ ਸਿਹਰਾ, ਮੁਕਟ ਜਾਂ ਗਾਨਾ ਬੰਨ੍ਹਣਾ, ਪਿੱਤਰ ਪੂਜਣੇ, ਕੱਚੀ ਲੱਸੀ ਵਿਚ ਪੈਰ ਪਾਉਣਾ, ਬੇਰੀ ਜਾਂ ਜੰਡੀ ਵੱਢਣੀ, ਘੜੋਲੀ ਭਰਨੀ, ਰੁੱਸ ਕੇ ਜਾਣਾ, ਛੰਦ ਪੜ੍ਹਨੇ, ਹਵਨ ਕਰਨਾ, ਵੇਦੀ ਗੱਡਣੀ, ਵੇਸਵਾ ਦਾ ਨਾਚ ਤੇ ਸ਼ਰਾਬ ਆਦਿ ਮਨ੍ਹਾਂ ਹੈ। ਲੜਕੇ ਜਾਂ ਲੜਕੀ ਦਾ ਸੰਜੋਗ ਪੈਸਾ ਲੈ ਕੇ ਨਾ ਕਰੇ। ਜਿੰਨੀ ਜੰਞ ਲੜਕੀ ਵਾਲਾ ਮੰਗਾਵੇ, ਓਨੀ ਨਾਲ ਲੈ ਕੇ ਲੜਕੇ ਵਾਲੇ ਲੜਕੀ ਦੇ ਘਰ ਜਾਣ। ਮਿਲਣੀ ਸਮੇਂ ਦੋਵੇਂ ਪਾਸੇ ਗੁਰਬਾਣੀ ਦੇ ਸ਼ਬਦ ਗਾਏ ਜਾਣ ਤੇ ਅਰਦਾਸ ਕਰਨ ਉਪਰੰਤ ‘ਫ਼ਤਹਿ’ ਗਜਾਈ ਜਾਵੇ।

ਵਿਆਹ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦੀਵਾਨ ਲੱਗੇ ਤੇ ਕੀਰਤਨ ਕੀਤਾ ਜਾਵੇ। ਫਿਰ, ਲੜਕੀ ਤੇ ਲੜਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬਿਠਾਏ ਜਾਣ। ਸੰਗਤ ਦੀ ਆਗਿਆ ਲੈ ਕੇ ਲੜਕੇ, ਲੜਕੀ ਤੇ ਉਨ੍ਹਾਂ ਦਿਆਂ ਮਾਪਿਆਂ ਨੂੰ ਖੜ੍ਹਾ ਕਰ ਕੇ ‘ਅਨੰਦ’ ਦੇ ਅਰੰਭ ਦਾ ਅਰਦਾਸਾ ਸੋਧਿਆ ਜਾਵੇ। ਫਿਰ ਲੜਕੇ ਤੇ ਲੜਕੀ ਨੂੰ ਸੂਹੀ ਰਾਗ ਦੀਆਂ ਲਾਵਾਂ ਦੇ ਭਾਵ ਅਨੁਸਾਰ ਪਤੀ-ਪਤਨੀ ਦੇ ਸੰਬੰਧ ਨੂੰ ਜੀਵ ਤੇ ਪਰਮਾਤਮਾ ਦੇ ਪਿਆਰ ਦੇ ਨਮੂਨੇ ਉੱਤੇ ਆਪਸ ਵਿਚ ਪ੍ਰੇਮ ਦੁਆਰਾ “ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥’ (788) ਅਨੁਸਾਰ ਢਾਲਣ ਦੀ ਪ੍ਰੇਰਨਾ ਦਿੱਤੀ ਜਾਵੇ। ਗ੍ਰਿਹਸਤ ਧਰਮ ਨਿਭਾਉਂਦੇ ਹੋਏ ਆਪਣੇ ਸਾਂਝੇ ਭਰਤਾ ‘ਅਕਾਲ ਪੁਰਖ’ ਨਾਲ ਇੱਕਮਿਕ ਹੋਣ ਦਾ ਆਦਰਸ਼ ਦ੍ਰਿੜ੍ਹ ਕਰਵਾਇਆ ਜਾਵੇ ਕਿਉਂਕਿ ਦੋਹਾਂ ਨੇ ਇਸ ਸੰਜੋਗ ਦੇ ਰਾਹੀਂ ਪਵਿੱਤਰ ਤੇ ਗੁਰਮੁਖਾਂ ਵਾਲਾ ਜੀਵਨ ਬਿਤਾਉਂਦੇ ਹੋਏ ਮਨੁੱਖਾ ਜਨਮ ਦੀ ਯਾਤਰਾ ਨੂੰ ਸਫ਼ਲਤਾ ਨਾਲ ਨਿਭਾਉਣ ਦਾ ਸਾਧਨ ਬਣਾਉਣਾ ਹੈ। ਫਿਰ, ਦੋਹਾਂ ਨੂੰ ਗ੍ਰਿਹਸਤ ਧਰਮ ਦੇ ਫ਼ਰਜ਼ਾਂ ਤੋਂ ਜਾਣੂ ਕਰਵਾਇਆ ਜਾਵੇ। ਇਨ੍ਹਾਂ ਗੁਰਮਤਿ ਸਿੱਖਿਆਵਾਂ ਨੂੰ ਪ੍ਰਵਾਨ ਕਰਦੇ ਹੋਏ ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ।

ਇਸ ਤੋਂ ਬਾਅਦ ਲੜਕੀ ਦਾ ਪਿਤਾ (ਜਾਂ ਮੁਖੀ ਸੰਬੰਧੀ) ਲੜਕੇ ਦਾ ਪੱਲਾ ਲੜਕੀ ਦੇ ਹੱਥ ਫੜਾਵੇ ਤੇ ਤਾਬਿਆ ਬੈਠਾ ਗ੍ਰੰਥੀ ਸਿੰਘ ਸੂਹੀ ਮਹਲਾ 4 ਵਿਚ ਦਿੱਤੀਆਂ ਚਾਰ ਲਾਵਾਂ (ਹਰਿ ਪਹਿਲੜੀ ਲਾਵ…ਹਰਿ ਪਾਇਆ ਪ੍ਰਭੁ ਅਵਿਨਾਸੀ॥ ਪੰਨਾ 773-74) ਦੀ ਇਕ-ਇਕ ਪਉੜੀ ਦਾ ਪਾਠ ਕਰੇ। ਹਰੇਕ ਲਾਂਵ ਦਾ ਪਾਠ ਹੋਣ ਮਗਰੋਂ ਅੱਗੇ ਵਰ ਤੇ ਪਿੱਛੇ ਕੰਨਿਆਂ, ਵਰ ਦਾ ਪੱਲਾ ਫੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਪ੍ਰਕਰਮਾਂ ਭਾਵ ਪ੍ਰਦੱਖਣਾ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਜੇ ਰੱਖ ਕੇ) ਕਰਨ। ਪ੍ਰਕਰਮਾਂ ਕਰਨ ਸਮੇਂ ਰਾਗੀ ਜਾਂ ਸੰਗਤ ਲਾਵਾਂ ਨੂੰ ਕ੍ਰਮ ਅਨੁਸਾਰ ਸੁਰ ਨਾਲ ਗਾਈ ਜਾਣ ਅਤੇ ਵਰ ਕੰਨਿਆਂ ਹਰ ਇਕ ਲਾਂਵ ਮਗਰੋਂ ਮੱਥਾ ਟੇਕ ਕੇ ਅਗਲੀ ਲਾਂਵ ਸੁਣਨ ਲਈ ਖੜ੍ਹੇ ਹੋ ਜਾਣ। ਚਾਰੇ ਪ੍ਰਕਰਮਾਂ ਪੂਰੀਆਂ ਕਰਨ ਉਪਰੰਤ ਸੁਭਾਗ ਜੋੜੀ ਮੱਥਾ ਟੇਕ ਕੇ ਆਪਣੀ ਥਾਂ ’ਤੇ ਬੈਠ ਜਾਵੇ ਅਤੇ ‘ਪੂਰੀ ਆਸਾ ਜੀ ਮਨਸਾ ਮੇਰੇ ਰਾਮ॥…’ ਗਾ ਕੇ ਪੜ੍ਹਿਆ ਜਾਵੇ। ਇਸ ਪਿੱਛੋਂ ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਪਉੜੀ ਦਾ ਪਾਠ ਕਰਕੇ ਅਨੰਦ-ਵਿਆਹ ਦੀ ਸੰਪੂਰਨਤਾ ਦੀ ਅਰਦਾਸ ਕੀਤੀ ਜਾਵੇ ਅਤੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ। ਇਸ ਤਰ੍ਹਾਂ ਅਨੰਦ-ਸੰਸਕਾਰ ਦੀ ਰਸਮ ਸੰਪੂਰਨ ਹੋ ਜਾਂਦੀ ਹੈ।

ਆਮ ਰਿਵਾਜ ਅਨੁਸਾਰ ਕੰਨਿਆ ਨੂੰ ਵਿਦਾ ਕਰਨ ਵੇਲੇ ਜੋ ਦਾਜ (ਧਨ, ਬਸਤਰ ਆਦਿ ਲੋੜੀਂਦਾ ਸਾਮਾਨ) ਦਿੱਤਾ ਜਾਂਦਾ ਹੈ ਉਹ ਸਭ ਦੇ ਸਾਹਮਣੇ ਵਿਖਾਉਣ ਦੀ ਰੀਤੀ ਹੈ ਪਰ ਗੁਰਮਤਿ ਗੁਰਸਿੱਖਾਂ ਨੂੰ ਅਜਿਹਾ ਕਰਨ ਤੋਂ ਵਰਜਦੀ ਹੈ। ਗੁਰਵਾਕ ਹੈ:

ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ॥  (ਪੰਨਾ 79)

ਸਿੱਖ ਧਰਮ ਸਿੱਖ ਮਰਦ ਨੂੰ ਇਕ ਪਤਨੀ ਦੇ ਹੁੰਦਿਆਂ ਦੂਜਾ ਵਿਆਹ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਪਰ ਜੇ ਸਿੱਖ ਦੀ ਪਤਨੀ ਜਾਂ ਇਸਤਰੀ ਦਾ ਪਤੀ ਕਾਲ-ਵੱਸ ਹੋ ਜਾਵੇ (ਜੇ ਉਹ ਚਾਹੁਣ) ਤਾਂ ਦੋਹਾਂ ਨੂੰ ਪੁਨਰ ਵਿਆਹ ਕਰਨ ਦੀ ਸਿੱਖ ਧਰਮ ਆਗਿਆ ਦਿੰਦਾ ਹੈ। ਪੁਨਰ-ਵਿਆਹ ਲਈ ਵੀ ਅਨੰਦ ਸੰਸਕਾਰ ਦੀ ਉੱਪਰ ਦੱਸੀ ਰੀਤ ਹੈ।

4. ਮਿਰਤਕ ਸੰਸਕਾਰ

‘ਸਭਨਾ ਮਰਣਾ ਆਇਆ ਵੇਛੋੜਾ ਸਭਨਾਹ’ (595)

ਗੁਰਵਾਕ ਅਨੁਸਾਰ ਜੋ ਜੀਵ ਪੈਦਾ ਹੋਏ ਹਨ, ਉਨ੍ਹਾਂ ਸਾਰਿਆਂ ਨੇ ਆਪਣੀ-ਆਪਣੀ ਵਾਰੀ ਨਾਲ ਇਕ ਦਿਨ ਮਰਨਾ ਹੈ ਤੇ ਇਕ ਦੂਜੇ ਤੋਂ ਵਿੱਛੜਨਾ ਹੈ। ਗੁਰਬਾਣੀ ਵਿਚ ‘ਕਰਨਾ ਕੂਚੁ ਰਹਨੁ ਥਿਰੁ ਨਾਹੀ’(793) ਤੇ‘ਸਭੁ ਜਗੁ ਚਲਣਹਾਰੁ’ (468) ਆਦਿ ਅਟੱਲ ਸੱਚਾਈਆਂ ਦਰਜ ਹਨ।

ਮਿਰਤਕ ਸੰਸਕਾਰ ਦੀ ਰੀਤ ਸਿੱਖ ਰਹਿਤ ਮਰਯਾਦਾ ਵਿਚ ਇਸ ਤਰ੍ਹਾਂ ਦਰਜ ਹੈ: ਪ੍ਰਾਣੀ ਨੂੰ ਮਰਨ ਵੇਲੇ- ਜੇ ਮੰਜੇ ਤੇ ਹੋਵੇ ਤਾਂ ਮੰਜੇ ਤੋਂ ਹੇਠਾਂ ਨਹੀਂ ਉਤਾਰਨਾ। ਦੀਵਾ-ਵੱਟੀ, ਗਉ ਮਣਸਾਉਣਾ ਜਾਂ ਹੋਰ ਕੋਈ ਮਨਮਤ ਸੰਸਕਾਰ ਨਹੀਂ ਕਰਨਾ। ਪ੍ਰਾਣੀ ਦੇ ਦੇਹ ਤਿਆਗਣ ‘ਤੇ ਧਾਹ ਨਹੀਂ ਮਾਰਨੀ, ਰੋਣਾ-ਪਿੱਟਣਾ, ਜਾਂ ਸਿਆਪਾ ਨਹੀਂ ਕਰਨਾ, ਮਨ ਨੂੰ ਵਾਹਿਗੁਰੂ ਦੀ ਰਜ਼ਾ ਵਿਚ ਲਿਆਉਣ ਲਈ ਗੁਰਬਾਣੀ ਦਾ ਪਾਠ ਜਾਂ ਵਾਹਿਗੁਰੂ ਦਾ ਜਾਪ ਕਰਨਾ ਚਾਹੀਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਪਿੱਛੋਂ ਉਨ੍ਹਾਂ ਦੇ ਪੋਤਰੇ ਬਾਬਾ ਸੁੰਦਰ ਜੀ ਨੇ ਮਿਰਤਕ ਸੰਸਕਾਰ ਗੁਰ-ਮਰਯਾਦਾ ਅਨੁਸਾਰ ਕਰਨ ਬਾਰੇ ਗੁਰੂ ਜੀ ਦੇ ਹੁਕਮ ਨੂੰ ਆਪਣੇ ਸ਼ਬਦਾਂ ਵਿਚ ਬਿਆਨ ਕੀਤਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ:

ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ॥
ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥
ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ॥
ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ॥ (ਪੰਨਾ 923)

ਮਿਰਤਕ ਦੇ ਸਰੀਰ ਨੂੰ ਇਸ਼ਨਾਨ ਕਰਾ ਕੇ ਸਾਫ਼ ਬਸਤਰ ਪਾਏ ਜਾਣ ਤੇ ਕਕਾਰ ਅੱਡ ਨਾ ਕੀਤੇ ਜਾਣ। ਫਿਰ ਤਖ਼ਤੇ ਉੱਤੇ ਪਾ ਕੇ ਚਲਾਣੇ ਦਾ ਅਰਦਾਸਾ ਸੋਧਿਆ ਜਾਵੇ। ਫਿਰ ਅਰਥੀ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਵੱਲ ਲਿਜਾਇਆ ਜਾਵੇ ਤੇ ਨਾਲ ਵੈਰਾਗਮਈ ਸ਼ਬਦਾਂ ਦਾ ਉਚਾਰਨ ਕੀਤਾ ਜਾਵੇ। ਸਸਕਾਰ ਦੀ ਥਾਂ ‘ਤੇ ਪਹੁੰਚ ਕੇ ਚਿਖਾ ਰਚੀ ਜਾਵੇ ਤੇ ਸਰੀਰ ਨੂੰ ਅਗਨੀ ਭੇਟਾ ਕਰਨ ਲਈ ਅਰਦਾਸਾ ਸੋਧਿਆ ਜਾਵੇ- ‘ਹੇ ਅਕਾਲ ਪੁਰਖ, ਆਪ ਦੇ ਭਾਣੇ ਵਿਚ…….. ਨੇ ਚਲਾਣਾ ਕੀਤਾ ਹੈ, ਇਸ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣਾ, ਸੁਖ ਵਰਤਾਣੀ, ਪਿੱਛੇ ਪਰਵਾਰ ਨੂੰ ਸ਼ਾਂਤੀ ਤੇ ਭਾਣਾ ਮੰਨਣ ਦਾ ਬਲ ਬਖਸ਼ਣਾ।’ ਫਿਰ ਸਰੀਰ ਨੂੰ ਅੰਗੀਠੇ ਉੱਤੇ ਰੱਖ ਕੇ ਪੁੱਤਰ ਜਾਂ ਕੋਈ ਹੋਰ ਸੰਬੰਧੀ ਜਾਂ ਹਿਤੂ ਆਦਿ ਅਗਨੀ ਲਾ ਦੇਵੇ। ਸੰਗਤ ਕੁਝ ਵਿੱਥ ’ਤੇ ਬੈਠ ਕੇ ਕੀਰਤਨ ਕਰੇ ਜਾਂ ਵੈਰਾਗਮਈ ਸ਼ਬਦ ਪੜ੍ਹੇ। ਜਦ ਅੰਗੀਠਾ ਪੂਰੀ ਤਰ੍ਹਾਂ ਬਲ ਉਠੇ ਤਾਂ (ਕਪਾਲਿ ਕਿਰਿਆ ਆਦਿ ਕਰਨਾ ਮਨਮੱਤ ਹੈ), ਕੀਰਤਨ ਸੋਹਿਲੇ ਦਾ ਪਾਠ ਕਰ ਕੇ ਅਰਦਾਸਾ ਸੋਧਿਆ ਜਾਵੇ ਤੇ ਸੰਗਤ ਮੁੜ ਆਵੇ। ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ ਤਾਂ ਵੀ ਸਸਕਾਰ ਕਰਨਾ ਚਾਹੀਦਾ ਹੈ। ਪਰ ਜੇ ਕਿਸੇ ਕਾਰਨ ਸਸਕਾਰ ਦਾ ਪ੍ਰਬੰਧ ਨਾ ਹੋ ਸਕੇ ਤਾਂ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਣ ਤੋਂ ਸ਼ੰਕਾ ਨਹੀਂ ਕਰਨੀ। ਸਸਕਾਰ ਕਰਨ ਲਈ ਦਿਨ ਜਾਂ ਰਾਤ ਦਾ ਵਹਿਮ ਨਹੀਂ ਕਰਨਾ ਚਾਹੀਦਾ। ਸਸਕਾਰ ਸਥਾਨ ਤੋਂ ਮੁੜ ਕੇ ਨੇੜੇ ਦੇ ਗੁਰਦੁਆਰੇ ਸੋਹਿਲੇ ਤੇ ਅਨੰਦ ਸਾਹਿਬ (ਛੇ ਪਉੜੀਆਂ) ਦਾ ਪਾਠ ਤੇ ਅਰਦਾਸ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਲੈਣ ਉਪਰੰਤ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ।

ਸਿੱਖ ਰਹਿਤ ਮਰਯਾਦਾ ਵਿਚ ਲਿਖਿਆ ਹੈ ਕਿ ਮਿਰਤਕ ਪ੍ਰਾਣੀ ਦਾ ‘ਅੰਗੀਠਾ’ ਠੰਡਾ ਹੋਣ ’ਤੇ ਸਾਰੇ ਸਰੀਰ ਦੀ ਭਸਮ ਅਸਥੀਆਂ ਸਮੇਤ ਚੁੱਕ ਕੇ ਜਲ ਵਿਚ ਪ੍ਰਵਾਹ ਕਰ ਦਿੱਤੀ ਜਾਵੇ ਜਾਂ ਉਥੇ ਹੀ ਦੱਬ ਕੇ ਜਿਮੀਂ ਬਰਾਬਰ ਕਰ ਦਿੱਤੀ ਜਾਵੇ। ਸਸਕਾਰ ਦੇ ਸਥਾਨ ਤੇ ਮਿਰਤਕ ਪ੍ਰਾਣੀ ਦੀ ਯਾਦਗਾਰ ਬਣਾਉਂਣੀ ਮਨ੍ਹਾਂ ਹੈ। ਅੱਧ ਮਾਰਗ, ਸਿਆਪਾ, ਫੂਹੜੀ, ਦੀਵਾ, ਪਿੰਡ, ਕਿਰਿਆ, ਸਰਾਧ ਆਦਿ ਕਰਨਾ ਮਨਮੱਤ ਹੈ। ਸਸਕਾਰ ਵਾਲੇ ਦਿਨ ਹੀ ਘਰ ਵਿਚ ਪ੍ਰਾਣੀ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਅਰੰਭ ਕੀਤਾ ਜਾਵੇ। ਜਿਸ ਨੂੰ ਘਰ ਵਾਲੇ ਸੰਬੰਧੀ ਪ੍ਰੇਮ ਭਾਵ ਨਾਲ ਆਪ ਕਰਨ ਜਾਂ ਇਕ ਮਨ ਹੋ ਕੇ ਸੁਣਨ। ਪਾਠ ਦੀ ਸਮਾਪਤੀ ਦਸਵੇਂ ਦਿਨ ਹੋਵੇ। ਜੇ ਦਸਵੇਂ ਦਿਨ ਨਾ ਹੋ ਸਕੇ ਤਾਂ ਹੋਰ ਕੋਈ ਦਿਨ ਸੰਬੰਧੀਆਂ ਦੇ ਸੌਖ ਨੂੰ ਮੁਖ ਰੱਖ ਕੇ ਨਿਯਤ ਕੀਤਾ ਜਾਵੇ। ਇਸ ਪਾਠ ਦੇ ਕਰਨ ਵਿਚ ਘਰ ਵਾਲੇ ਤੇ ਸੰਬੰਧੀ ਰਲ਼ ਕੇ ਹਿੱਸਾ ਲੈਣ। ਜੇ ਹੋ ਸਕੇ ਤਾਂ ਹਰ ਰੋਜ਼ ਰਾਤ ਨੂੰ ਕੀਰਤਨ ਭੀ ਹੋਵੇ। ਗੁਰਬਾਣੀ ਵਿਚ ਅਨੇਕਾਂ ਉਦਾਹਰਣਾਂ ਦੇ ਕੇ ਜੀਵ ਨੂੰ ਮੌਤ ਦੀ ਅਟੱਲ ਸੱਚਾਈ ਬਾਰੇ ਜਾਣੂ ਕਰਵਾਇਆ ਗਿਆ ਹੈ ਤੇ ਵਾਹਿਗੁਰੂ ਦਾ ਭਾਣਾ ਮੰਨਣ ਦਾ ਉਪਦੇਸ਼ ਦਿੱਤਾ ਗਿਆ ਹੈ:

ਮੇਰੀ ਮੇਰੀ ਕਿਆ ਕਰਹਿ ਜਿਨਿ ਦੀਆ ਸੋ ਪ੍ਰਭੁ ਲੋੜਿ॥
ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜਿ॥  ( ਪੰਨਾ 50)

ਜੋ ਦਿਨ ਆਵਹਿ ਸੋ ਦਿਨ ਜਾਹੀ॥
ਕਰਨਾ ਕੂਚੁ ਰਹਨੁ ਥਿਰੁ ਨਾਹੀ॥
ਸੰਗੁ ਚਲਤ ਹੈ ਹਮ ਭੀ ਚਲਨਾ॥
ਦੂਰਿ ਗਵਨੁ ਸਿਰ ਊਪਰਿ ਮਰਨਾ॥
ਕਿਆ ਤੂ ਸੋਇਆ ਜਾਗੁ ਇਆਨਾ॥ ( ਪੰਨਾ 793)

ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ॥
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ॥                (ਪੰਨਾ 1429)

ਸਭਨਾ ਮਰਣਾ ਆਇਆ ਵੇਛੋੜਾ ਸਭਨਾਹ॥ (ਪੰਨਾ 595)

ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚੁ॥
ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ॥ (ਪੰਨਾ 64)

ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ॥
ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ॥ (ਪੰਨਾ 219)

ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ॥ (ਪੰਨਾ 1429) 

ਆਦਿ।

ਗੁਰਮਤਿ ਅਨੁਸਾਰ ਪ੍ਰਾਣੀ ਦੀ ਆਤਮਿਕ ਸ਼ਾਂਤੀ ਲਈ ਕੀਤੀ ਅੰਤਿਮ ਅਰਦਾਸ ਉਪਰੰਤ ਮਿਰਤਕ ਸੰਸਕਾਰ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ:

ਗੁਰਿ ਪੂਰੈ ਹਰਿ ਨਾਮੁ ਦਿੜਾਇਆ ਤਿਨਿ ਵਿਚਹੁ ਭਰਮੁ ਚੁਕਾਇਆ॥
ਰਾਮ ਨਾਮੁ ਹਰਿ ਕੀਰਤਿ ਗਾਈ ਕਰਿ ਚਾਨਣੁ ਮਗੁ ਦਿਖਾਇਆ॥
ਗੁਰਮਤੀ ਜਮੁ ਜੋਹਿ ਨ ਸਾਕੈ ਸਾਚੈ ਨਾਮਿ ਸਮਾਇਆ॥ (ਪੰਨਾ 86)

ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ॥
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ॥
ਲੋਕਾ ਮਤ ਕੋ ਫਕੜਿ ਪਾਇ॥ (ਪੰਨਾ 358)

ਗੁਰਬਾਣੀ ਵਿਚ ਪਿੰਡ ਪਤਲਿ ਆਦਿ ਕਿਰਿਆਵਾਂ ਤੋਂ ਵੀ ਗੁਰਸਿੱਖ ਨੂੰ ਵਰਜਿਆ ਹੈ ਤੇ ਨਾਮ ਜਪਣ ਦੀ ਮਹੱਤਤਾ ਦਰਸਾਈ ਹੈ, ਕਿਉਂਕਿ ਜਿਨ੍ਹਾਂ ਨੂੰ ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਸੱਚਾ ਪਿੰਡ ਪ੍ਰਾਪਤ ਹੋਇਆ ਹੈ, ਉਹ ਸਦਾ ਤ੍ਰਿਪਤ ਹਨ:

ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ॥
ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ॥
ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ॥ (ਪੰਨਾ 358)

ਮਰੇ ਹੋਏ ਪਿਤਰਾਂ ਨੂੰ ਪ੍ਰਸੰਨ ਕਰਨ ਲਈ ਜੋ ਅੰਨ, ਬਸਤਰ ਆਦਿ ਸਮੱਗਰੀ ਸ਼ਰਾਧਾਂ ਸਮੇਂ ਸੰਬੰਧੀ ਗੁਰਬਾਣੀ ਵਿਚ ਦੱਸਿਆ ਹੈ:

ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ॥
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ॥
ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ॥
ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ॥ (ਪੰਨਾ 332)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਨਿਰਣੈਜਨਕ ਫੈਸਲਾ ਦਿੱਤਾ ਹੈ ਕਿ ਜੀਵ ਨੂੰ ਮਰਨ ਉਪਰੰਤ ਉਸੇ ਦਾਨ ਦਾ ਫਲ ਪ੍ਰਾਪਤ ਹੁੰਦਾ ਹੈ, ਜੋ ਜਿਉਂਦੇ-ਜੀਅ ਉਸ ਨੇ ਆਪਣੀ ਕਮਾਈ ਵਿੱਚੋਂ ਲੋੜਵੰਦਾਂ ਨੂੰ ਦਿੱਤਾ ਹੈ:

ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥ (ਪੰਨਾ 472)

ਸਿੱਖੀ ਜੀਵਨ-ਸੰਸਕਾਰਾਂ ਤੇ ਸਿੱਖ ਸੱਭਿਆਚਾਰ ਦਾ ਲਾਜ਼ਮੀ ਅੰਗ: ਸਿੱਖ ਸੱਭਿਆਚਾਰ ਦੇ ਸਾਰੇ ਸੰਸਕਾਰਾਂ ਦਾ ਜ਼ਰੂੁਰੀ ਅੰਗ ਬਾਣੀ ਦਾ ਪਾਠ ਤੇ ਅਰਦਾਸ ਹੈ। ਉਪਰੋਕਤ ਚਾਰ ਸੰਸਕਾਰਾਂ ਤੋਂ ਇਲਾਵਾ ਸਿੱਖੀ ਜੀਵਨ ਵਿਚ ਸਮੇਂ-ਸਮੇਂ ਜੋ ਭੀ ਖੁਸ਼ੀ ਦਾ ਮੌਕਾ ਆਵੇ (ਜਿਵੇਂ ਨਵੇਂ ਮਕਾਨ ਵਿਚ ਪ੍ਰਵੇਸ਼ ਕਰਨਾ, ਨਵੀਂ ਦੁਕਾਨ ਜਾਂ ਕੋਈ ਕਾਰੋਬਾਰ ਖੋਲ੍ਹਣਾ, ਬੱਚੇ ਨੂੰ ਪੜ੍ਹਨੇ ਪਾਉਣਾ, ਨੌਕਰੀ ਲਈ ਜਾਣਾ ਆਦਿ) ਜਾਂ ਕਿਸੇ ਮੁਸੀਬਤ ਦੀ ਘੜੀ ਵਿਚ ਗ਼ਮੀ ਘੇਰ ਲਵੇ ਤਾਂ ਗੁਰਸਿੱਖਾਂ ਨੂੰ ਚਾਹੀਦਾ ਹੈ ਕਿ ਵਾਹਿਗੁਰੂ ਦੀ ਸਹਾਇਤਾ ਲਈ ਅਰਦਾਸ ਕੀਤੀ ਜਾਵੇ। ਸਿੱਖ ਧਰਮ ਅਨੁਸਾਰ ਹਰ ਕਾਰਜ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਕਾਲ ਪੁਰਖ ਅੱਗੇ ਅਰਦਾਸ ਕਰ ਕੇ ਕਾਰਜ ਰਾਸ ਕਰਨ ਲਈ ਬਖ਼ਸ਼ਿਸ਼ ਦੀ ਮੰਗ ਕਰਨੀ ਲਾਜ਼ਮੀ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:

ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ॥
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ॥ (ਪੰਨਾ 91)

ਹੋਰ ਲਿਖਤਾਂ ਵਿਚ ਵੀ ਕਾਰਜਾਂ ਦੇ ਅਰੰਭ ਕਰਨ ਤੋਂ ਪਹਿਲਾਂ ਅਰਦਾਸ ਕਰਨ ਦਾ ਮਹੱਤਵ ਦੱਸਿਆ ਹੈ:-

ਕਾਰਜੋਂ ਕੇ ਆਦਿ ਮੇਂ ਅਰਦਾਸ ਕਰੇਂ। (ਰਹਿਤਨਾਮਾ ਭਾਈ ਚੌਪਾ ਸਿੰਘ)

ਜੋ ਮੇਰੇ ਸਿੱਖ ਨਿੰਮ੍ਰ ਹੋਇ ਕੇ ਅਰਦਾਸ ਕਰਨਗੇ, ਤਿਨ੍ਹਾਂ ਦੇ ਕਾਰਜ ਰਾਸ ਹੋਵਣਗੇ। (ਬਾਲੇ ਵਾਲੀ ਜਨਮ ਸਾਖੀ, ਸਾਖੀ 94)

ਉਪਰੋਕਤ ਵਿਚਾਰ ਦੇ ਆਧਾਰ ’ਤੇ ਅਸੀਂ ਇਸ ਸਿੱਟੇ ’ਤੇ ਪਹੁੰਚਦੇ ਹਾਂ ਕਿ ਸਿੱਖ ਸੱਭਿਆਚਾਰ ਦਾ ਆਧਾਰ ਗੁਰਬਾਣੀ ਹੈ ਜਿਸ ਵਿੱਚੋਂ ਮਨੁੱਖਤਾ ਨੂੰ ਗੁੰਝਲਦਾਰ ਰਸਮਾਂ-ਰੀਤਾਂ ਤਿਆਗ ਕੇ ਸਰਲ ਜੀਵਨ-ਸ਼ੈਲੀ ਅਪਣਾਉਣ ਦੀ ਸਿੱਖਿਆ ਮਿਲਦੀ ਹੈ। ਇਸ ਲਈ ਸਿੱਖਾਂ ਨੂੰ ਸਿੱਖ ਸੱਭਿਆਚਾਰ, ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਉਨ੍ਹਾਂ ਦੇ ਉਤਰਾਧਿਕਾਰੀ ਨੌਂ ਗੁਰੂ ਸਾਹਿਬਾਨ ਨੇ ਆਪਣੇ ਅਮਲੀ ਜੀਵਨ ਦੁਆਰਾ ਹੋਂਦ ਵਿਚ ਲਿਆਂਦਾ ਹੈ, ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਿੱਖੀ ਜੀਵਨ-ਸੰਸਕਾਰ ਨਿਭਾਉਣੇ ਚਾਹੀਦੇ ਹਨ। ਸਿੱਖ ਸੱਭਿਆਚਾਰ ਨੂੰ ਅਪਣਾਉਣਾ ਸਾਡਾ ਫਰਜ਼ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪਿੰਡ ਤੇ ਡਾਕ: ਸੂਲਰ, ਜ਼ਿਲ੍ਹਾ ਪਟਿਆਲਾ-147001

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)