editor@sikharchives.org
Bhagat Ravidas Ji

ਭਗਤ ਰਵਿਦਾਸ ਜੀ ਅਤੇ ਭਗਤ ਨਾਮਦੇਵ ਜੀ ਦੀ ਬਾਣੀ ’ਚ ਮਾਨਵਵਾਦੀ ਸੰਦੇਸ਼

ਭਗਤ ਰਵਿਦਾਸ ਜੀ ਨਿਰਭੈ, ਨਿਰਵੈਰ, ਮਾਨਵਵਾਦੀ ਵਿਚਾਰਾਂ ਵਾਲੀ ਸ਼ਖ਼ਸੀਅਤ ਸਨ, ਜੋ ਹਰ ਪ੍ਰਕਾਰ ਦੀ ਹੀਣ ਭਾਵਨਾ ਤੋਂ ਮੁਕਤ ਹੋ ਕੇ ਜੀਵਨ ਦੇ ਕਰਮ ਖੇਤਰ ਵਿਚ ਵਿਚਰਦੇ ਹੋਏ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦਾ ਭੈ ਨਹੀਂ ਸਨ ਮੰਨਦੇ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਭਗਤ ਰਵਿਦਾਸ ਜੀ ਦੀ ਬਾਣੀ ਦੇ ਆਪਣੇ ਹਵਾਲੇ ਭਗਤ ਜੀ ਦੇ ਜੀਵਨ-ਵੇਰਵਿਆਂ ਬਾਰੇ ਕੁਝ ਮਹੱਤਵਪੂਰਨ ਸੂਚਨਾ ਇਉਂ ਅੰਕਿਤ ਕਰਦੇ ਹਨ:

ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ॥ (ਪੰਨਾ 1239)

ਜਾਤੀ ਓਛਾ ਪਾਤੀ ਓਛਾ ਓਛਾ ਜਨਮੁ ਹਮਾਰਾ॥ (ਪੰਨਾ 486)

ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ॥
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ॥ (ਪੰਨਾ 659)

ਭਾਈ ਗੁਰਦਾਸ ਜੀ ਨੇ ਭਗਤ ਜੀ ਬਾਰੇ ਆਪਣੀ ਦਸਵੀਂ ਵਾਰ ਵਿਚ ਇਉਂ ਲਿਖਿਆ ਹੈ:-

ਭਗਤ ਭਗਤ ਜਗ ਵਜਿਆ ਚਹੁੰ ਚਕਾਂ ਦੇ ਵਿਚ ਚਮਰੇਟਾ।(ਵਾਰ 10:17)

ਸਪੱਸ਼ਟ ਹੈ ਕਿ ਭਗਤ ਜੀ ਅਖੌਤੀ ਚਮਾਰ ਜਾਤੀ ਵਿਚ ਪੈਦਾ ਹੋ ਕੇ ਵੀ ਲੋਕਾਂ ਵਿਚ ਬਹੁਤ ਪ੍ਰਵਾਨ ਹੋਏ। ਭਗਤ ਰਵਿਦਾਸ ਜੀ ਨਿਰਭੈ, ਨਿਰਵੈਰ, ਮਾਨਵਵਾਦੀ ਵਿਚਾਰਾਂ ਵਾਲੀ ਸ਼ਖ਼ਸੀਅਤ ਸਨ, ਜੋ ਹਰ ਪ੍ਰਕਾਰ ਦੀ ਹੀਣ ਭਾਵਨਾ ਤੋਂ ਮੁਕਤ ਹੋ ਕੇ ਜੀਵਨ ਦੇ ਕਰਮ ਖੇਤਰ ਵਿਚ ਵਿਚਰਦੇ ਹੋਏ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦਾ ਭੈ ਨਹੀਂ ਸਨ ਮੰਨਦੇ। ਸਾਵੀਂ, ਸੁਥਰੀ, ਸੰਤੁਲਿਤ, ਸਹਿਜ, ਪ੍ਰੇਮ ਤੇ ਪਰਉਪਕਾਰ ਵਾਲੀ ਉਨ੍ਹਾਂ ਦੀ ਸ਼ਖ਼ਸੀਅਤ ਵਿੱਚੋਂ ਉਪਜੀ ਸੱਚੀ ਬਾਣੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਰ ਦਿੱਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਕਰ ਕੇ ਸਦਾ-ਸਦਾ ਲਈ ਅਮਰ ਕਰ ਦਿੱਤਾ। ਗੁਰੂ ਸਾਹਿਬ ਦੀ ਇਹ ਇੱਛਾ ਸੀ ਕਿ ਉਨ੍ਹਾਂ ਦੇ ਸਿੱਖ ਜਾਤ-ਪਾਤ ਦੇ ਵਿਤਕਰਿਆਂ ਤੋਂ ਉੱਪਰ ਉੱਠ ਕੇ ਭਗਤ ਸਾਹਿਬਾਨ ਨੂੰ ਵੀ ਮਾਨਤਾ ਦੇਣ ਅਤੇ ਉਨ੍ਹਾਂ ਦੀ ਬਾਣੀ ਨੂੰ ਵੀ ਧਿਆਨ-ਗੋਚਰਾ ਕਰਨ। ਭਗਤ ਜੀ ਅਨਿਆਇ ਅਤੇ ਵਿਤਕਰਿਆਂ ਭਰੇ ਸਮਾਜ ਵਿਚ ਪ੍ਰਭੂ ਕਿਰਪਾ ਨਾਲ ਜਿਸ ਆਦਰਸ਼ ਸਮਾਜ ਦੀ ਕਲਪਨਾ ਕਰਦੇ ਹਨ, ਉਹ ਮਾਨਵਵਾਦ ਦੀ ਸਿਖਰ ਹੈ:

ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥
ਖਉਫੁ ਨ ਖਤਾ ਨ ਤਰਸੁ ਜਵਾਲੁ॥1॥
ਅਬ ਮੋਹਿ ਖੂਬ ਵਤਨ ਗਹ ਪਾਈ॥
ਊਹਾਂ ਖੈਰਿ ਸਦਾ ਮੇਰੇ ਭਾਈ॥1॥ ਰਹਾਉ॥
ਕਾਇਮੁ ਦਾਇਮੁ ਸਦਾ ਪਾਤਿਸਾਹੀ॥
ਦੋਮ ਨ ਸੇਮ ਏਕ ਸੋ ਆਹੀ॥
ਆਬਾਦਾਨੁ ਸਦਾ ਮਸਹੂਰ॥
ਊਹਾਂ ਗਨੀ ਬਸਹਿ ਮਾਮੂਰ॥2॥
ਤਿਉ ਤਿਉ ਸੈਲ ਕਰਹਿ ਜਿਉ ਭਾਵੈ॥
ਮਹਰਮ ਮਹਲ ਨ ਕੋ ਅਟਕਾਵੈ॥
ਕਹਿ ਰਵਿਦਾਸ ਖਲਾਸ ਚਮਾਰਾ॥
ਜੋ ਹਮ ਸਹਰੀ ਸੁ ਮੀਤੁ ਹਮਾਰਾ॥ (ਪੰਨਾ 345)

ਇਸ ਮਾਹੌਲ ਨੂੰ ਆਪ ‘ਬੇਗਮ ਪੁਰਾ’ ਕਹਿੰਦੇ ਹਨ। ‘ਗ਼ਮ’ ਤੋਂ ਮੁਕਤ ਬਸਤੀ। ਕੋਈ ਦੁੱਖ, ਕਲੇਸ਼ ਤੇ ਫਿਕਰ ਨਹੀਂ। ਉਥੇ ਕਿਸੇ ਬਾਦਸ਼ਾਹ ਨੂੰ ਖਿਰਾਜ ਨਹੀਂ ਭਰਨਾ ਪੈਂਦਾ। ਕਿਉਂ ਜੁ ਕਿਸੇ ਪ੍ਰਕਾਰ ਦੀ ਜਾਇਦਾਦ ਦੀ ਮਲਕੀਅਤ ਉਥੇ ਨਹੀਂ। ਕਿਸੇ ਗ਼ਲਤੀ ਦੀ ਸੰਭਾਵਨਾ ਨਹੀਂ। ਆਪਣੀ ਪਦਵੀ ਤੋਂ ਡਿੱਗਣ ਦਾ ਡਰ ਨਹੀਂ। ਉਥੇ ਸਦਾ ਸੁਖ ਹੈ। ਸਦੀਵੀਂ ਪਾਤਸ਼ਾਹੀ ਹੈ। ਉਥੇ ਸਾਰੇ ਇੱਕੋ ਜਿਹੇ ਹਨ। ਪਹਿਲੀ, ਦੂਜੀ ਜਾਂ ਤੀਜੀ ਸ਼੍ਰੇਣੀ ਦੀ ਦਰਜੇਬੰਦੀ ਉਥੇ ਨਹੀਂ। ਸਾਰੇ ਉਸ ਸ਼ਹਿਰ ਵਿਚ ਮੌਜ ਨਾਲ ਜੀਵਨ ਬਤੀਤ ਕਰਦੇ ਹਨ। ਮੇਰਾ ਮਿੱਤਰ ਉਹ ਹੈ ਜਿਹੜਾ ਉਸ ਸ਼ਹਿਰ ਦਾ ਵਸਨੀਕ ਹੈ। ਇਨ੍ਹਾਂ ਸ਼ਬਦਾਂ ਵਿਚ ਭਾਵੇਂ ਅਧਿਆਤਮਿਕ ਪ੍ਰਾਪਤੀ ਦਾ ਉਲੇਖ ਹੈ, ਪਰ ਇਹ ਪ੍ਰਾਪਤੀ ਇਕ ਅਜਿਹੇ ਸਮਾਜ ਦੀ ਕਲਪਨਾ ਵੀ ਕਰ ਰਹੀ ਹੈ ਜਿਸ ਵਿਚ ਰੋਟੀ, ਕੱਪੜਾ ਤੇ ਮਕਾਨ ਮੁੱਢਲੀਆਂ ਲੋੜਾਂ ਦੀ ਪੂਰਤੀ ਹੋਣ ਕਾਰਨ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ। ਕਿਸੇ ਕਿਸਮ ਦਾ ਗ਼ਮ ਨਹੀਂ। ਧਰਤੀ ਸਭ ਦੀ ਸਾਂਝੀ ਹੈ। ਕੋਈ ਬਾਦਸ਼ਾਹ ਨਹੀਂ, ਜਿਸ ਨੂੰ ਟੈਕਸ ਭਰਨੇ ਪੈਣ। ਸਾਰੇ ਲੋਕ ਖੁਸ਼ਹਾਲ ਹੋਣ ਕਾਰਨ ਬਾਦਸ਼ਾਹਾਂ ਵਰਗਾ ਜੀਵਨ ਗੁਜ਼ਾਰਦੇ ਹਨ। ਸਮਾਜ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਨਹੀਂ। ਸਭ ਬਰਾਬਰ ਇਨਸਾਨ ਹਨ। ਸਭ ਦੇ ਹੱਕ ਸਮਾਨ ਹਨ। ਇਹ ਬੇਗਮ ਪੁਰਾ ਅਜੋਕੇ ਸਮਾਜਵਾਦ ਦਾ ਸਦੀਆਂ ਪਹਿਲਾਂ ਖਿੱਚਿਆ ਨਕਸ਼ਾ ਨਹੀਂ ਤਾਂ ਕੀ ਹੈ? ਅਸਲ ਵਿਚ ਭਗਤ ਜੀ ਨੇ ਤਤਕਾਲੀਨ ਮੁਹਾਵਰੇ ਵਿਚ ਅਨਿਆਇ ਭਰੇ ਮਾਹੌਲ ਦਾ ਨਿਆਇਸ਼ੀਲ ਅਤੇ ਮਾਨਵਵਾਦੀ ਪ੍ਰਤਿਉੱਤਰ ਉਪਰੋਕਤ ਸ਼ਬਦ ਵਿਚ ਪੇਸ਼ ਕੀਤਾ ਹੈ।

ਭਗਤ ਰਵਿਦਾਸ ਜੀ ਸੱਚੇ ਅਰਥਾਂ ਵਿਚ ਮਾਨਵਵਾਦੀ ਸਨ। ਉਹ ਸਾਰੀ ਮਾਨਵ ਜਾਤੀ ਵਿਚ ਸਮਾਨਤਾ ਤੇ ਪਰਸਪਰ ਪ੍ਰੇਮ-ਪਿਆਰ ਦਾ ਮਾਹੌਲ ਚਾਹੁੰਦੇ ਸਨ। ਇਸ ਪ੍ਰੇਮ-ਪਿਆਰ ਤੇ ਸਮਾਨਤਾ ਦਾ ਆਧਾਰ ਉਨ੍ਹਾਂ ਦਾ ਇੱਕ ਈਸ਼ਵਰ ਨਾਲ ਪ੍ਰੇਮ ਸੀ। ਸਾਰੇ ਉਸ ਦੀ ਸਿਰਜਨਾ ਹਨ। ਜੇ ਸਾਰੀ ਸ੍ਰਿਸ਼ਟੀ ਤੇ ਇਸ ਦਾ ਸਿਰਜਨਹਾਰ ਇੱਕ ਹੀ ਹਨ ਤਾਂ ਫਿਰ ਜਾਤ-ਪਾਤ ਦਾ ਭਿੰਨ-ਭੇਦ ਕਾਹਦੇ ਲਈ:

ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ॥ (ਪੰਨਾ 858)

ਇਸ ਅਭੇਦਤਾ ਤੇ ਸਮਾਨਤਾ ਨੂੰ ਪ੍ਰਾਪਤ ਕਰਨ ਦਾ ਮਾਰਗ ਗਿਆਨ ਤੇ ਪ੍ਰੇਮਾ ਭਗਤੀ ਹੈ। ਉਸ ਸਮੇਂ ਦੇ ਕਰਮਕਾਂਡੀ ਜਾਲ ਵਿਚ ਫਸੇ ਧਰਮ ਦੀ ਥਾਂ ਭਗਤ ਰਵਿਦਾਸ ਜੀ ਨੇ ਪ੍ਰਭੂ ਪ੍ਰੀਤ ਨੂੰ ਹੀ ਕਰਮ, ਧਰਮ ਮੰਨਿਆ। ਇਸ ਪ੍ਰੀਤ ਵਿਚ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਲਈ ਕੋਈ ਥਾਂ ਨਹੀਂ। ਇੱਕੋ ਦਾ ਧਿਆਨ ਅਤੇ ਈਮਾਨ ਹੈ:

ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ॥
ਤੁਮ ਸਿਉ ਜੋਰਿ ਅਵਰ ਸੰਗਿ ਤੋਰੀ॥ (ਪੰਨਾ 659)

ਆਪ ਪਰੰਪਰਾਗਤ ਕਰਮਕਾਂਡ ਵਾਲੀ ਪੂਜਾ ਉੱਤੇ ਪ੍ਰਸ਼ਨਚਿੰਨ੍ਹ ਲਾਉਂਦੇ ਹੋਏ ਕਹਿੰਦੇ ਹਨ ਕਿ ਦੁੱਧ ਤਾਂ ਵੱਛੇ ਨੇ ਜੂਠਾ ਕਰ ਛੱਡਿਆ ਹੈ। ਫੁੱਲ ਭੌਰੇ ਨੇ ਜੂਠੇ ਕਰ ਦਿੱਤੇ ਹਨ। ਪਾਣੀ ਮੱਛੀ ਨੇ ਜੂਠਾ ਕੀਤਾ ਹੋਇਆ ਹੈ। ਚੰਦਨ ਨੂੰ ਨਾਗ ਦੀਆਂ ਫੂਕਾਂ ਨੇ ਜੂਠਾ ਕਰ ਰੱਖਿਆ ਹੈ। ਉਸ ਪਰਮਾਤਮਾ ਅੱਗੇ ਰੱਖਣ ਲਈ ਇਨ੍ਹਾਂ ਵਿੱਚੋਂ ਕੁਝ ਵੀ ਤਾਂ ਸੁੱਚਾ ਨਹੀਂ। ਆਪਣਾ ਆਪ ਹੀ ਸੁੱਚਾ ਕਰ ਕੇ ਪ੍ਰਭੂ-ਪੂਜਾ ਲਈ ਸਮਰਪਿਤ ਕੀਤਾ ਜਾ ਸਕਦਾ ਹੈ:

ਦੂਧੁ ਤ ਬਛਰੈ ਥਨਹੁ ਬਿਟਾਰਿਓ॥
ਫੂਲੁ ਭਵਰਿ ਜਲੁ ਮੀਨਿ ਬਿਗਾਰਿਓ॥
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ॥
ਅਵਰੁ ਨ ਫੂਲੁ ਅਨੂਪੁ ਨ ਪਾਵਉ॥
ਮੈਲਾਗਰ ਬੇਰ੍ਹੇ ਹੈ ਭੁਇਅੰਗਾ॥
ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ॥ (ਪੰਨਾ 525)

ਆਪਣੇ ਆਪ ਨੂੰ ਸੁੱਚਾ ਕਰਨ ਦਾ ਤਰੀਕਾ ਇਹੀ ਹੈ ਕਿ ਆਪਣੇ ਆਪ ਵਿਚ ਸ਼ੁਭ ਗੁਣ ਪੈਦਾ ਕੀਤੇ ਜਾਣ। ਨਿੰਦਾ ਤੋਂ ਬਚਿਆ ਜਾਵੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਸਾੜੇ ਤੇ ਵੈਰ-ਵਿਰੋਧ ਤੋਂ ਬਚਿਆ ਜਾਵੇ। ਸਭ ਪ੍ਰਤੀ ਪ੍ਰੇਮ-ਪਿਆਰ ਵਾਲੀ ਮਾਨਵਵਾਦੀ ਦ੍ਰਿਸ਼ਟੀ ਧਾਰਨ ਕੀਤੀ ਜਾਵੇ। ਆਪ ਕਹਿੰਦੇ ਹਨ:

ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ॥
ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ॥ (ਪੰਨਾ 486)

ਭਾਵ ਇਹ ਕਿ ਹਿਰਨ, ਮੱਛੀ, ਭੌਰਾ, ਪਤੰਗਾ, ਹਾਥੀ ਸਾਰੇ ਆਪਣੇ ਕਿਸੇ ਇਕ ਦੋਸ਼ ਕਾਰਨ ਮਾਰੇ ਜਾਂਦੇ ਹਨ। ਮਨੁੱਖ ਪੰਜਾਂ-ਪੰਜਾਂ ਦੋਸ਼ਾਂ ਵਿਚ ਫਸਿਆ ਹੋਇਆ ਹੈ। ਇਸ ਦਾ ਕੀ ਬਣੇਗਾ? ਨਿਸ਼ਚੇ ਹੀ ਸਾਨੂੰ ਇਨ੍ਹਾਂ ਤੋਂ ਬਚਣ ਦੀ ਲੋੜ ਹੈ। ਆਪਣੇ ਇਸ ਮਾਨਵਵਾਦੀ ਸੰਦੇਸ਼ ਕਾਰਨ ਅੱਜ ਪੰਜ ਸਦੀਆਂ ਬਾਅਦ ਵੀ ਭਗਤ ਰਵਿਦਾਸ ਜੀ ਦੀ ਬਾਣੀ ਸਾਡਾ ਮਾਰਗ ਰੌਸ਼ਨ ਕਰ ਰਹੀ ਹੈ।

ਭਗਤ ਨਾਮਦੇਵ ਜੀ
ਭਗਤ ਨਾਮਦੇਵ ਜੀ

ਭਗਤ ਨਾਮਦੇਵ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਕੀਤਾ ਗਿਆ ਹੈ। ਭਗਤ ਨਾਮਦੇਵ ਜੀ ਦੇ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ 18 ਰਾਗਾਂ ਵਿਚ ਦਰਜ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵਧੇਰੇ ਬਾਣੀ ਭੈਰਉ ਰਾਗ ਵਿਚ ਹੈ- ਬਾਰ੍ਹਾਂ ਸ਼ਬਦ। ਗਉੜੀ, ਬਿਲਾਵਲ, ਮਾਰੂ ਤੇ ਕਾਨੜਾ ਰਾਗਾਂ ਵਿਚ ਇਕ-ਇਕ ਸ਼ਬਦ ਹੈ। ਬਾਕੀ ਬਾਣੀ ਰਹਿੰਦੇ ਤੇਰ੍ਹਾਂ ਰਾਗਾਂ ਵਿਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਉਨ੍ਹਾਂ ਦੀ ਬਾਣੀ ਵਿਚ ਉਨ੍ਹਾਂ ਦੇ ਜੀਵਨ ਨਾਲ ਸੰਬੰਧਿਤ ਨਿੱਕੇ-ਨਿੱਕੇ ਵੇਰਵੇ ਵੀ ਪ੍ਰਾਪਤ ਹਨ।

ਮਹਾਂਰਾਸ਼ਟਰ ਵਿਚ ਜਨਮੇ ਭਗਤ ਨਾਮਦੇਵ ਜੀ ਦਾ ਸੰਬੰਧ ਉਸ ਵਾਰਕਰੀ ਸੰਪ੍ਰਦਾਇ ਨਾਲ ਹੈ, ਜਿਸ ਨੇ ਗਿਆਨੇਸ਼ਵਰ ਜੈਸੇ ਮਹਾਂਪੁਰਸ਼ ਪੈਦਾ ਕੀਤੇ। ਭਗਤ ਨਾਮਦੇਵ ਜੀ, ਗਿਆਨੇਸ਼ਵਰ ਨਾਲ ਲੰਬੀਆਂ ਤੀਰਥ-ਯਾਤਰਾਵਾਂ ਕਰਦੇ ਰਹੇ ਅਤੇ ਅੰਤ ਵਿਸ਼ੋਭਾ ਖੋਚਰ ਨਾਂ ਦੇ ਨਿਰਗੁਣ ਸਾਧਕ ਦੀ ਸੰਗਤ ਵਿਚ ਚਲੇ ਗਏ। ਭਗਤ ਨਾਮਦੇਵ ਜੀ ਜਦੋਂ ਵਿਸ਼ੋਭਾ ਨੂੰ ਮਿਲਣ ਗਏ ਤਾਂ ਉਨ੍ਹਾਂ ਦੀ ਸਿੱਖਿਆ ਨਾਲ ਭਗਤ ਨਾਮਦੇਵ ਜੀ ਨਿਰਗੁਣ ਤੇ ਸਰਬ-ਵਿਆਪੀ ਅਕਾਲ ਪੁਰਖ ਦੇ ਪੱਕੇ ਉਪਾਸ਼ਕ ਹੋ ਗਏ। ਭਗਤ ਨਾਮਦੇਵ ਜੀ ਨੇ ਵਿਸ਼ੋਭਾ ਜੀ ਤੋਂ ਇਹ ਗੁਰ-ਉਪਦੇਸ਼ ਪੰਝੀ ਸਾਲ ਦੀ ਉਮਰੇ ਲਿਆ। ਇਸ ਉਪਰੰਤ ਉਹ ਉੱਤਰੀ ਭਾਰਤ ਦੀ ਲੰਬੀ ਯਾਤਰਾ ਨੂੰ ਤੁਰ ਪਏ ਅਤੇ ਕੋਈ ਪੰਜਤਾਲੀ-ਪੰਜਾਹ ਸਾਲ ਦੀ ਪੱਕੀ ਉਮਰ ਵਿਚ ਪੰਜਾਬ ਪਹੁੰਚੇ। ਆਪਣੀ ਜ਼ਿੰਦਗੀ ਦੇ ਆਖਰੀ ਤਿੰਨ ਦਹਾਕੇ ਉਨ੍ਹਾਂ ਪੰਜਾਬ ਵਿਚ ਹੀ ਗੁਜ਼ਾਰੇ। ਇਸ ਦੌਰਾਨ ਉਹ ਜਿੱਥੇ-ਜਿੱਥੇ ਵੀ ਗਏ, ਲੋਕਾਂ ਨੇ ਉਨ੍ਹਾਂ ਦਾ ਭਰਪੂਰ ਆਦਰ-ਮਾਣ ਕੀਤਾ। ਉਹ ਬਹੁਤਾ ਸਮਾਂ ਬਕਾਲਾ, ਸਠਿਆਲਾ, ਦੁਕੋਹਾ, ਭੱਟੀਵਾਲ ਆਦਿ ਨਗਰਾਂ ਵਿਚ ਰਹੇ। ਇਸੇ ਇਲਾਕੇ ਦੇ ਪਿੰਡ ਘੁਮਾਣ ਵਿਚ 1350 ਈ. ਵਿਚ ਉਹ ਅਕਾਲ ਪੁਰਖ ਦੀ ਜੋਤਿ ਵਿਚ ਵਿਲੀਨ ਹੋ ਗਏ। ਉਨ੍ਹਾਂ ਦੇ ਕੁਝ ਸ਼ਰਧਾਲੂ ਉਨ੍ਹਾਂ ਦੇ ਪੰਜ-ਭੂਤਕ ਸਰੀਰ ਦੀ ਰਾਖ ਤੇ ਅਸਥੀਆਂ ਮਹਾਂਰਾਸ਼ਟਰ ਵਿਚ ਪੰਡਰਪੁਰ ਨਾਂ ਦੇ ਉਸ ਸਥਾਨ ’ਤੇ ਲੈ ਗਏ ਜਿਥੇ ਉਨ੍ਹਾਂ ਜੀਵਨ ਦੇ ਮੁੱਢਲੇ ਤਿੰਨ-ਚਾਰ ਦਹਾਕੇ ਗੁਜ਼ਾਰੇ ਸਨ। ਇੰਞ ਉਨ੍ਹਾਂ ਦੀ ਅੰਤਿਮ ਯਾਦਗਾਰ ਇਕ ਪਾਸੇ ਮਹਾਂਰਾਸ਼ਟਰ ਵਿਚ ਪੰਡਰਪੁਰ ਵਿਚ ਉਸਰ ਗਈ ਤੇ ਦੂਜੇ ਪਾਸੇ ਪੰਜਾਬ ਦੇ ਪਿੰਡ ਘੁਮਾਣ ਵਿਚ। ਉਨ੍ਹਾਂ ਦੀ ਮੂਲ ਭਾਸ਼ਾ ਮਹਾਂਰਾਸ਼ਟਰ ਦੀ ਮਰਾਠੀ/ਗੁਜਰਾਤੀ ਸੀ ਤੇ ਇਸ ਉੱਤੇ ਪੰਜਾਬ ਦੇ ਲੰਬੇ ਪ੍ਰਵਾਸ ਦੀ ਮੁਹਰ ਲੱਗਦੀ ਗਈ। ਉਨ੍ਹਾਂ ਨੇ ਲੋਕਾਂ ਦੇ ਮਨ ਵਿਚ ਜਿਵੇਂ ਆਪਣਾ ਸਥਾਨ ਬਣਾਇਆ, ਉਸ ਨਾਲ ਪੰਜਾਬ, ਰਾਜਸਥਾਨ, ਮਹਾਂਰਾਸ਼ਟਰ ਤੇ ਦੇਸ਼ ਦੇ ਵਿਭਿੰਨ ਹਿੱਸਿਆਂ ਵਿਚ ਉਨ੍ਹਾਂ ਦੀ ਬਾਣੀ ਨੂੰ ਪੜ੍ਹਨ ਤੇ ਗਾਉਣ ਵਾਲੇ ਮਿਲਦੇ ਹਨ। ਸਮੇਂ ਦੇ ਬੀਤਣ ਨਾਲ ਇਸ ਵਿਚ ਕਈ ਪ੍ਰਕਾਰ ਦੀ ਅਦਲਾ-ਬਦਲੀ ਹੋਣ ਦੀ ਸੰਭਾਵਨਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਭਗਤ ਨਾਮਦੇਵ ਜੀ ਦੀ ਪ੍ਰਮਾਣਿਕ ਰਚਨਾ ਨੂੰ ਸੰਭਾਲਿਆ। ਉਨ੍ਹਾਂ ਹੱਥੋਂ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਪੁੱਜੀ ਤੇ ਉਨ੍ਹਾਂ ਹੀ ਇਸ ਨੂੰ 1604 ਈ. ਵਿਚ ਸਦਾ-ਸਦਾ ਲਈ ਹਰ ਪ੍ਰਕਾਰ ਦੇ ਅਪ੍ਰਮਾਣਿਕ ਵਿਗਾੜ ਤੋਂ ਸੁਰੱਖਿਅਤ ਕੀਤਾ। ਅੱਜ ਭਾਵੇਂ ਭਗਤ ਨਾਮਦੇਵ ਜੀ ਦੇ ਨਾਂ ’ਤੇ ਮਹਾਂਰਾਸ਼ਟਰੀ ਅਭੰਗ ਵੱਡੀ ਗਿਣਤੀ ਵਿਚ ਪ੍ਰਾਪਤ ਹਨ, ਪਰੰਤੂ ਉਨ੍ਹਾਂ ਦੀ ਪ੍ਰਮਾਣਿਕ ਬਾਣੀ ਉਹੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਬਾਣੀ ਵਿਚ ਮਹਾਰਾਸ਼ਟਰ ਦੀ ਮਰਾਠੀ/ਗੁਜਰਾਤੀ ਦੀਆਂ ਕਿਰਿਆਵਾਂ, ਸੰਬੰਧਕ, ਕਿਰਿਆ ਵਿਸ਼ੇਸ਼ਣ, ਯੋਜਕ, ਵਾਕਾਂਸ਼ ਤੇ ਸ਼ਬਦ ਸਾਫ ਪਛਾਣੇ ਜਾ ਸਕਦੇ ਹਨ। ਬੀਠਲ, ਏਕਲ, ਆਕੁਲ, ਬਾਹਲਾ, ਤਰਿਬੇ, ਖੁੰਦਕਾਰਾ, ਲਾਕਰੀ, ਧ੍ਰੂਟਿਟਿ, ਹਾਂਕਤੀ, ਲਾਡੁਲੀ, ਬਿਰਾਤੀ, ਕਾਤੀ, ਬੇਢੀ, ਸਾਂਡੀ, ਆਨੀਲੇ, ਚਾ, ਚੇ, ਚੀ, ਹੋ, ਹੋਇਲਾ, ਤਾਰੀਅਲੇ ਆਦਿ ਕਿੰਨੇ ਹੀ ਸ਼ਬਦ ਇਸ ਦਾ ਪ੍ਰਮਾਣ ਹਨ।

ਸਰਗੁਣ ਉਪਾਸ਼ਨਾ ਤੇ ਕਰਮਕਾਂਡ ਉੱਤੇ ਟਿਕੀ ਹੋਈ ਮੱਧਕਾਲੀ ਭਾਰਤੀ ਧਰਮ ਚੇਤਨਾ ਵਿਚ ਭਗਤ ਨਾਮਦੇਵ ਜੀ ਦੀ ਨਿਰਗੁਣ ਉਪਾਸ਼ਨਾ ਤੇ ਕਰਮਕਾਂਡ/ਪਾਖੰਡ ਤੋਂ ਮੁਕਤ ਸੁਰ ਆਪਣੀ ਜਨਮ-ਭੂਮੀ ਅਤੇ ਮੁੱਢਲੇ ਕਰਮ-ਖੇਤਰ ਵਿੱਚੋਂ ਹੌਲੀ-ਹੌਲੀ ਮਨਫ਼ੀ ਹੁੰਦੀ ਗਈ। ਇਸ ਸੁਰ ਨੂੰ ਪਛਾਣਿਆ ਤੇ ਸੰਭਾਲਿਆ ਸਿੱਖ ਗੁਰੂ ਸਾਹਿਬਾਨ ਨੇ। ਸਰਗੁਣ ਉਪਾਸ਼ਨਾ ਉੱਤੇ ਕਠੋਰ ਪ੍ਰਹਾਰ ਕਰਦੇ ਭਗਤ ਨਾਮਦੇਵ ਜੀ ਦੇ ਇਹ ਬੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੀ ਅੰਕਿਤ ਹਨ:

ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ॥ਰਹਾਉ॥
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ॥
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ॥1॥
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ॥
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ॥2॥
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ॥
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ॥3॥
ਹਿੰਦੂ ਅੰਨਾ੍ ਤੁਰਕੂ ਕਾਣਾ॥
ਦੁਹਾਂ ਤੇ ਗਿਆਨੀ ਸਿਆਣਾ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥ (ਪੰਨਾ 875-76)

ਬਿਲਾਵਲ ਗੌਂਡ ਰਾਗ ਵਿਚ ਦਰਜ ਇਹ ਸ਼ਬਦ ਭਗਤ ਨਾਮਦੇਵ ਜੀ ਦੀ ਅਧਿਆਤਮਕ ਸਾਧਨਾ ਦੀ ਵੱਖਰੀ ਸੁਰ ਦਾ ਪ੍ਰਮਾਣਿਕ ਪੱਖ ਪੇਸ਼ ਕਰਦਾ ਹੈ। ਇਸ ਨਾਲ ਜੁੜੇ ਕੁਝ ਹੋਰ ਵੇਰਵੇ ਵੇਖੋ:

ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ॥
ਹਰਿ ਕਾ ਨਾਮੁ ਨਿਤ ਨਿਤਹਿ ਲੀਜੈ॥ (ਪੰਨਾ 973)

ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ॥
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ॥ (ਪੰਨਾ 485)

ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥
ਰਾਮ ਬਿਨਾ ਕੋ ਬੋਲੈ ਰੇ॥ (ਪੰਨਾ 988)

ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ॥
ਮਪਿ ਮਪਿ ਕਾਟਉ ਜਮ ਕੀ ਫਾਸੀ॥1॥
ਕਹਾ ਕਰਉ ਜਾਤੀ ਕਹ ਕਰਉ ਪਾਤੀ॥
ਰਾਮ ਕੋ ਨਾਮੁ ਜਪਉ ਦਿਨ ਰਾਤੀ॥1॥ ਰਹਾਉ॥
ਸੁਇਨੇ ਕੀ ਸੂਈ ਰੁਪੇ ਕਾ ਧਾਗਾ॥
ਨਾਮੇ ਕਾ ਚਿਤੁ ਹਰਿ ਸਉ ਲਾਗਾ॥ (ਪੰਨਾ 485)

ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ॥
ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ॥ (ਪੰਨਾ 727)

ਭਗਤ ਨਾਮਦੇਵ ਜੀ ਅਕਾਲ ਪੁਰਖ ਦੇ ਨਾਮ ਦੇ ਹੀ ਉਪਾਸ਼ਕ ਹਨ। ਉਨ੍ਹਾਂ ਆਪਣੀ ਉਪਾਸ਼ਨਾ ਦੀ ਅਧਿਆਤਮਕ ਅਵਸਥਾ ਨੇ ਉਨ੍ਹਾਂ ਨੂੰ ਉਸ ਮੁਕਾਮ ’ਤੇ  ਪਹੁੰਚਾ ਦਿੱਤਾ ਕਿ ਉਹ ਪੁਕਾਰ ਉਠੇ:

ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ॥
ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ॥ (ਪੰਨਾ 485)

ਭਗਤ ਨਾਮਦੇਵ ਜੀ ਕੇਵਲ ਮਹਾਂਰਾਸ਼ਟਰ ਦੇ ਖਿੱਤੇ ਤਕ ਸੀਮਿਤ ਨਹੀਂ ਸਨ। ਉਹ ਆਪਣੇ ਸਮੇਂ ਦੇ ਵਿਲੱਖਣ ਸੁਧਾਰਕ ਬਣ ਕੇ ਉਭਰੇ। ਧਾਰਮਿਕ, ਨੈਤਿਕ ਤੇ ਸਮਾਜਿਕ ਜੀਵਨ ਵਿਚ ਮਨੁੱਖੀ ਗੌਰਵ ਨੂੰ ਸੱਟ ਮਾਰਨ ਵਾਲੀਆਂ ਗਲੀਆਂ-ਸੜੀਆਂ ਮਾਨਤਾਵਾਂ ਨੂੰ ਉਨ੍ਹਾਂ ਨਿੱਡਰ ਹੋ ਕੇ ਵੰਗਾਰਿਆ। ਇਕ ਪੱਥਰ-ਮੂਰਤੀ ਦੇ ਰੂਪ ਵਿਚ ਅਵਤਾਰ/ਭਗਵਾਨ ਵਜੋਂ ਪੂਜਿਆ ਜਾਂਦਾ ਹੈ ਤੇ ਦੂਜੇ ਪੱਥਰ ਨੂੰ ਪੈਰ ਹੇਠ ਰੋਲ਼ਿਆ ਜਾਂਦਾ ਹੈ। ਭਗਤ ਨਾਮਦੇਵ ਜੀ ਇਸ ਪਾਸੇ ਇਉਂ ਸੰਕੇਤ ਕਰਦੇ ਹਨ:

ਏਕੈ ਪਾਥਰ ਕੀਜੈ ਭਾਉ॥
ਦੂਜੈ ਪਾਥਰ ਧਰੀਐ ਪਾਉ॥ (ਪੰਨਾ 525)

ਭਗਤ ਨਾਮਦੇਵ ਜੀ ਪੱਥਰ-ਪੱਥਰ ਵਿਚ ਅੰਤਰ ਉੱਤੇ ਉਂਗਲ ਤਾਂ ਰੱਖਦੇ ਹੀ ਹਨ, ਮਨੁੱਖ-ਮਨੁੱਖ ਵਿਚਕਾਰ ਕੀਤੇ ਜਾਂਦੇ ਭਿੰਨ-ਭੇਦ ਵੱਲ ਵੀ ਇਸੇ ਦ੍ਰਿਸ਼ਟੀ ਤੋਂ ਸੰਕੇਤ ਕਰਦੇ ਹਨ। ਧਰਮ, ਆਰਥਿਕਤਾ ਜਾਂ ਜਾਤ-ਪਾਤ ਦੇ ਆਧਾਰ ’ਤੇ ਮਨੁੱਖ- ਮਨੁੱਖ ਵਿਚਕਾਰ ਅੰਤਰ ਕਰਨ ਵਾਲਿਆਂ ਨੂੰ ਭਗਤ ਨਾਮਦੇਵ ਜੀ ਮਨੁੱਖ ਨਹੀਂ ਪਸ਼ੂ ਕਹਿੰਦੇ ਹਨ:

ਜਿਨ ਕੈ ਭੀਤਰਿ ਹੈ ਅੰਤਰਾ॥
ਜੈਸੇ ਪਸੁ ਤੈਸੇ ਓਇ ਨਰਾ॥ (ਪੰਨਾ 1163)

ਭਗਤ ਨਾਮਦੇਵ ਜੀ ਸਭ ਕਰਮਕਾਂਡੀ ਰੀਤਾਂ ਦਾ ਖੰਡਨ ਕਰ ਕੇ ਸਰਬ-ਸ਼ਕਤੀਮਾਨ, ਸਰਬ-ਵਿਆਪਕ ਪ੍ਰਭੂ ਨਾਲ ਹੀ ਜੁੜਨ ਲਈ ਕਹਿੰਦੇ ਹਨ। ਪਰੰਪਰਾਗਤ ਧਰਮ-ਚੇਤਨਾ ਦੇ ਸਾਧਾਰਨ ਆਦਮੀ ਦਾ ਸ਼ੋਸ਼ਣ ਕਰਨ ਵਾਲੇ ਚਰਿੱਤਰ ਦਾ ਉਹ ਸਪੱਸ਼ਟ ਵਿਰੋਧ ਕਰਦੇ ਹਨ। ਕਰਮਕਾਂਡ ਵਿਚ ਉਲਝੇ ਨਾਮ ਤੋਂ ਟੁੱਟੇ ਵਿਅਕਤੀ ਨੂੰ ਉਹ ਦਲਿੱਦਰੀ ਕਹਿੰਦੇ ਹਨ। ਉਹ ਉਸ ਦੁਨੀਆਂਦਾਰ ਦੀ ਮਿਹਨਤ ਤੇ ਉੱਦਮ ਨੂੰ ਵੀ ਵਿਅਰਥ ਮੰਨਦੇ ਹਨ, ਜਿਸ ਪਾਸ ਅਸਲ ਵਸਤੂ ਪ੍ਰਭੂ ਦਾ ਨਾਮ ਨਹੀਂ। ਭਗਤ ਜੀ ਅਨੁਸਾਰ ਕਿਰਤ ਦਾ ਤਿਆਗ ਕਰ ਕੇ ਕੀਤੀ ਰੱਬ ਦੀ ਯਾਦ ਵੀ ਰੱਬ ਦੇ ਘਰ ਵਿਚ ਪ੍ਰਵਾਨ ਨਹੀਂ ਤੇ ਨਾ ਹੀ ਪ੍ਰਭੂ ਨੂੰ ਭੁੱਲ ਕੇ ਮਨੁੱਖੀ ਵਸਤ ਨੂੰ ਨਜ਼ਰ-ਅੰਦਾਜ਼ ਕਰ ਕੇ ਧਨ ਜੋੜਨ ਲਈ ਕੀਤੀ ਕਿਰਤ ਹੀ। ਭਗਤ ਜੀ ਤਾਂ ਸੰਤੁਲਿਤ ਜੀਵਨ-ਦ੍ਰਿਸ਼ਟੀ ਦੇ ਧਾਰਨੀ ਸਨ। ਇਹੀ ਦ੍ਰਿਸ਼ਟੀ ਗੁਰਮਤਿ ਦੀ ਕੇਂਦਰੀ ਸੁਰ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Kuldeep Singh Dhir
ਸਾਬਕਾ ਪ੍ਰੋਫੈਸਰ ਤੇ ਡੀਨ ਅਕਾਦਮਿਕ ਮਾਮਲੇ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕੁਲਦੀਪ ਸਿੰਘ ਧੀਰ (15 ਨਵੰਬਰ 1943 - 16 ਨਵੰਬਰ 2020) ਇੱਕ ਪੰਜਾਬੀ ਵਿਦਵਾਨ ਅਤੇ ਵਾਰਤਕ ਲੇਖਕ ਸੀ। ਡਾ. ਕੁਲਦੀਪ ਸਿੰਘ ਧੀਰ ਨੇ ਸਾਹਿਤ ਜਗਤ, ਸਿੱਖ ਧਰਮ ਅਤੇ ਗਿਆਨ ਵਿਗਿਆਨ ਵਿਚ ਵਡਮੁੱਲਾ ਯੋਗਦਾਨ ਪਾਇਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਡੀਨ ਅਕਾਦਮਿਕ ਤੇ ਪੰਜਾਬੀ ਵਿਭਾਗ ਮੁਖੀ ਰਹੇ ਡਾ. ਕੁਲਦੀਪ ਸਿੰਘ ਧੀਰ ਨੇ ਲੇਖਕਾਂ ਦਾ ਰੇਖਾ ਚਿੱਤਰ ਲਿਖਣ ਦੇ ਨਾਲ ਹੋਰ ਕਈ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾਈਆਂ।
ਕਿਤਾਬਾਂ-
ਸਾਹਿਤ ਅਧਿਐਨ: ਪਾਠਕ ਦੀ ਅਨੁਕ੍ਰਿਆ, ਵੈਲਵਿਸ਼ ਪਬਲਿਸ਼ਰਜ਼,. ਦਿੱਲੀ, 1996.
ਨਵੀਆਂ ਧਰਤੀਆਂ ਨਵੇਂ ਆਕਾਸ਼ (1996)
ਵਿਗਿਆਨ ਦੇ ਅੰਗ ਸੰਗ (2013)[2]
ਸਿੱਖ ਰਾਜ ਦੇ ਵੀਰ ਨਾਇਕ
ਦਰਿਆਵਾਂ ਦੀ ਦੋਸਤੀ
ਵਿਗਿਆਨ ਦੀ ਦੁਨੀਆਂ
ਗੁਰਬਾਣੀ
ਜੋਤ ਅਤੇ ਜੁਗਤ
ਗਿਆਨ ਸਰੋਵਰ
ਕੰਪਿਊਟਰ
ਕਹਾਣੀ ਐਟਮ ਬੰਬ ਦੀ
ਜਹਾਜ਼ ਰਾਕਟ ਅਤੇ ਉਪਗ੍ਰਹਿ
ਤਾਰਿਆ ਵੇ ਤੇਰੀ ਲੋਅ
ਧਰਤ ਅੰਬਰ ਦੀਆਂ ਬਾਤਾਂ[3]
ਬਿੱਗ ਬੈਂਗ ਤੋਂ ਬਿੱਗ ਕਰੰਚ (੨੦੧੨)
ਹਿਗਸ ਬੋਸਨ ਉਰਫ ਗਾਡ ਪਾਰਟੀਕਲ (੨੦੧੩)

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)