ਭੱਟ ਸਾਹਿਬਾਨ ਦੀ ਬਾਣੀ ਸਿੱਖ ਧਰਮ ਵਿਚ ਅਹਿਮ ਸਥਾਨ ਰੱਖਦੀ ਹੈ। ਇਸ ਦੀ ਪ੍ਰਮੁੱਖ ਉਦਾਹਰਣ ਤਾਂ ਅਸੀਂ ਰੋਜ਼ਾਨਾ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ (ਸ੍ਰੀ ਅੰਮ੍ਰਿਤਸਰ) ਵਿਖੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਮੌਕੇ ਅੱਖੀਂ ਵੇਖ ਸਕਦੇ ਹਾਂ ਤੇ ਕੰਨੀਂ ਸੁਣ ਸਕਦੇ ਹਾਂ ਜਦੋਂ ਅਕਾਲ ਪੁਰਖ ਅਤੇ (ਜੋਤਿ-ਸਰੂਪ) ਗੁਰੂ ਸਾਹਿਬਾਨ ਦੀ ਸਿਫਤਿ ਸਲਾਹ ਕਰਨ ਲਈ ਗੁਰਮੁਖ ਪਿਆਰਿਆਂ ਵੱਲੋਂ ਭੱਟ ਸਾਹਿਬਾਨ ਦੀ ਬਾਣੀ ਵਿੱਚੋਂ, ਕੁਝ ਸਵੱਈਆਂ ਦਾ ਉੱਚੇ ਸੁਰ ਵਿਚ ਉਚਾਰਨ ਕੀਤਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੁਕਮਨਾਮਾ ਲੈਣ ਤੋਂ ਪਹਿਲਾਂ ਵੀ ਭੱਟ ਸਾਹਿਬਾਨ ਦੀ ਬਾਣੀ ਵਿੱਚੋਂ ਹੇਠ ਲਿਖਿਆ ਸਵੱਈਆਂ ਆਮ ਤੌਰ ’ਤੇ ਸੰਗਤਾਂ ਵੱਲੋਂ ਉਚਾਰਨ ਕੀਤਾ ਜਾਂਦਾ ਹੈ:
ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ॥
ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ॥ (ਪੰਨਾ 1392)
ਭੱਟ ਬਾਣੀਕਾਰ
‘ਇਨਸਾਈਕਲੋਪੀਡੀਆ ਆਫ ਸਿਖਿਜ਼ਮ’ ਵਿਚ ਭੱਟਾਂ ਨੂੰ ਉਸਤਤ ਪਾਠ ਕਰਨ ਵਾਲੇ, ਬਹਾਦਰਾਂ ਤੇ ਰਾਜਿਆਂ ਦੀ ਮਹਿਮਾ ਗਾਉਣ ਵਾਲੇ ਵਿਦਵਾਨ ਬ੍ਰਾਹਮਣਾਂ ਦੇ ਰੂਪ ਵਿਚ ਬਿਆਨ ਕੀਤਾ ਗਿਆ ਹੈ। ਸਿੱਖ-ਰਵਾਇਤਾਂ ਮੁਤਾਬਿਕ ਭੱਟ ਉਹ ਕਵੀ ਸਨ, ਜਿਨ੍ਹਾਂ ਨੇ ਆਪਣੇ ਨਿੱਜੀ ਤਜਰਬੇ ਅਤੇ ਅਨੁਭਵ ਰਾਹੀਂ ਗੁਰੂ ਸਾਹਿਬਾਨ ਦੇ ਦੈਵੀ ਸਰੂਪ ਤੇ ਪਰਮ-ਜੋਤਿ ਦੀ ਮਹਿਮਾ ਗਾਇਣ ਕੀਤੀ ਹੈ।1
ਡਾ. ਕੁਲਦੀਪ ਸਿੰਘ ਧੀਰ ਲਿਖਦੇ ਹਨ, “ਇਤਿਹਾਸ ਤੇ ਪਰੰਪਰਾ ਤੋਂ ਪ੍ਰਾਪਤ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਭੱਟਾਂ ਵਿੱਚੋਂ ਉਮਰ ਵਿਚ ਵਡੇਰੇ ਭੱਟ ਭਿਖਾ ਜੀ ਹਨ। ਨੌਂ ਭੱਟ ਸਾਹਿਬਾਨ ਭੱਟ ਭਿਖਾ ਜੀ ਦੇ ਭਰਾ ਭਤੀਜੇ ਸਨ ਸ਼ਾਇਦ ਦਸਵੇਂ ਦਾ ਵੀ ਕੋਈ ਅਜਿਹਾ ਨਾਤਾ ਹੋਵੇ, ਜਿਸ ਬਾਰੇ ਇਤਿਹਾਸ ਚੁੱਪ ਹੈ।…ਭੱਟ ਵਹੀਆਂ ਦੀ ਖੋਜ ਤੋਂ ਭੱਟ ਸਾਹਿਬਾਨ ਦੇ ਜੀਵਨ-ਕਾਲ ਬਾਰੇ ਵੇਰਵੇ ਪ੍ਰਾਪਤ ਹੋ ਸਕਦੇ ਹਨ ਪਰੰਤੂ ਇਸ ਪਾਸੇ ਅਜੇ ਕਿਸੇ ਵਿਦਵਾਨ ਨੇ ਧਿਆਨ ਨਹੀਂ ਦਿੱਤਾ। ਇੰਨਾ ਜ਼ਰੂਰ ਹੈ ਕਿ ਭੱਟ ਸਾਹਿਬਾਨ ਦਾ ਗੁਰੂ-ਘਰ ਨਾਲ ਸੰਬੰਧ ਇਕ ਵਾਰ ਜੁੜਿਆ ਤਾਂ ਅਜਿਹਾ ਕਿ ਉਹ ਤੇ ਉਨ੍ਹਾਂ ਦੀ ਔਲਾਦ ਸਦਾ ਲਈ ਗੁਰੂ-ਘਰ ਨਾਲ ਹੀ ਜੁੜ ਗਈ। ਭੱਟ ਕੀਰਤ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਰਹੇ ਅਤੇ ਸੰਤ-ਸਿਪਾਹੀ ਬਣ ਕੇ ਯੁੱਧਾਂ ਵਿਚ ਵੀ ਹਿੱਸਾ ਲੈਂਦੇ ਰਹੇ। ਉਹ ਗੁਰੂ ਸਾਹਿਬ ਦੀ ਅਗਵਾਈ ਵਿਚ ਮੁਗਲਾਂ ਨਾਲ ਹੋਈ ਇਕ ਲੜਾਈ ਵਿਚ ਹੀ ਸ਼ਹੀਦ ਹੋਏ। ਇਹ ਇਨ੍ਹਾਂ ਭੱਟਾਂ ਦੀ ਸਿਧਾਂਤਕ ਪ੍ਰਤਿਬੱਧਤਾ ਦੀ ਪਹਿਲੀ ਗਵਾਹੀ ਸੀ, ਜੋ ਉਨ੍ਹਾਂ ਗੁਰੂ ਲਈ ਸਿਰ ਦੇ ਕੇ ਲਿਖੀ। ਕੀਰਤ ਜੀ ਦਾ ਪੋਤਰਾ ਭੱਟ ਨਰਬਦ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਧੁਰ ਨਾਂਦੇੜ ਤਕ ਸਾਥ ਦਿੰਦਾ ਰਿਹਾ। 1708 ਈ: ਵਿਚ ਜਦੋਂ ਗੁਰੂ ਸਾਹਿਬ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪੀ ਤਾਂ ਉਸ ਦਾ ਜ਼ਿਕਰ ਭੱਟ ਨਰਬਦ ਸਿੰਘ ਨੇ ਆਪਣੀ ਭੱਟ ਵਹੀ ਵਿਚ ਬਾਕਾਇਦਾ ਅੰਕਿਤ ਕੀਤਾ ਹੈ।”2 ਇਸ ਤੋਂ ਭੱਟਾਂ ਦੀ ਗੁਰੂ-ਘਰ ਨਾਲ ਪ੍ਰਤਿਬੱਧਤਾ ਦੀ ਵੀ ਗਵਾਹੀ ਮਿਲਦੀ ਹੈ।
ਇੱਥੇ ਇਹ ਸਪੱਸ਼ਟ ਕਰਨਾ ਜਰੂਰੀ ਜਾਪਦਾ ਹੈ ਕਿ ਜਿਨ੍ਹਾਂ ਭੱਟਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ, ਉਹ ਖਾਨਦਾਨਾਂ ਦੇ ਵੇਰਵੇ ਵਹੀਆਂ ਵਿਚ ਲਿਖਣ ਵਾਲੇ ਆਮ ਦਰਬਾਰੀ ਭੱਟ ਨਹੀਂ ਸਨ ਸਗੋਂ ਰੱਬ ਦੇ ਢੂੰਢਾਊ ਤੇ ਅਨੁਭਵੀ ਵਿਦਵਾਨ ਸਨ।
ਭੱਟ ਬਾਣੀਕਾਰ ਅਨੁਭਵੀ ਪੁਰਖ, ਆਤਮਿਕ ਤੌਰ ’ਤੇ ਸੁਚੇਤ ਸਨ ਜੋ ਅੰਮ੍ਰਿਤ ਨਾਮ ਦੀ ਤਲਾਸ਼ ਵਿਚ ਗੁਰੂ-ਚਰਨਾਂ ਵਿਚ ਪਹੁੰਚੇ ਸਨ। ਭੱਟਾਂ ਨੇ ਆਪ ਮੰਨਿਆ ਹੈ ਕਿ ਉਨ੍ਹਾਂ ਨੇ ਗੁਰੂ ਸੰਗਤ ’ਤੇ ਅਧਾਰਿਤ ਇਕ ਉੱਤਮ ਪੰਥ ਦੀ ਸੋਭਾ ਸੁਣੀ, ਉਨ੍ਹਾਂ ਦੇ ਸੁੱਤੇ ਭਾਗ ਜਾਗ ਪਏ ਤੇ ਪਿਛਲੇ ਕਰਮਾਂ ਦਾ ਅੰਕੁਰ ਫੁੱਟ ਪਿਆ, ਗੁਰੂ ਜੀ ਦੇ ਦਰਸ਼ਨ ਕੀਤਿਆਂ ਮਨ ਸ਼ਾਂਤ ਹੋ ਗਿਆ ਤੇ ਅਕਹਿ ਆਨੰਦ ਦੀ ਪ੍ਰਾਪਤੀ ਹੋ ਗਈ, ਗੁਰੂ ਸਾਹਿਬਾਨ ਦੀ ਅਮਲੀ ਜੀਵਨ-ਜੁਗਤਿ ਵਿੱਚੋਂ ਰੱਬੀ ਜੋਤਿ ਦੇ ਦੀਦਾਰ ਹੋਏ, ਇਸ ਲਈ ਸ਼ਰਧਾ ਤੇ ਪ੍ਰੇਮ ਨਾਲ ਗੁਰੂ ਸਾਹਿਬਾਨ ਦੀ ਸਿਫਤਿ ਸਲਾਹ ਵਿਚ ਸਵੱਈਏ ਉਚਾਰੇ। ਇਨ੍ਹਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਤਿਕਾਰਯੋਗ ਸਥਾਨ ਪ੍ਰਾਪਤ ਹੈ।
ਭੱਟ ਬਾਣੀਕਾਰਾਂ ਦਾ ਗੁਰੂ ਦਰਬਾਰ ਵਿਚ ਆਉਣਾ:
ਭੱਟ ਭਿਖਾ ਜੀ ਨੇ ਆਪਣੇ ਗੁਰੂ-ਦਰਬਾਰ ਵਿਚ ਆਉਣ ਦਾ ਕਾਰਨ ਸੱਚੇ ਸੰਤ (ਗੁਰੂ) ਦੀ ਭਾਲ ਦੱਸਿਆ ਹੈ ਜਿਸ ਲਈ ਅਨੇਕਾਂ ਸਾਧਾਂ, ਸੰਨਿਆਸੀਆਂ, ਤਪੱਸਵੀਆਂ ਤੇ ਪੰਡਤਾਂ ਨੂੰ ਵੀ ਮਿਲੇ ਪਰ ਉਹਨਾਂ ਦੀ ਰਹਿਤ ਨੇ ਪ੍ਰਭਾਵਿਤ ਨਹੀਂ ਕੀਤਾ ਕਿਉਂਕਿ ਸਾਰੇ ਹੀ ਦੂਜਿਆਂ ਨੂੰ ਉਪਦੇਸ਼ ਕਰਨ ਵਾਲੇ ਤੇ ਮਾਇਆ ਵਿਚ ਗ਼ਲਤਾਨ ਸਨ। ਥਾਂ-ਥਾਂ ਭਟਕਦੇ ਰਹੇ ਪਰ ਇਨ੍ਹਾਂ ਨੂੰ ਕਿਸੇ ਥਾਂ ਤੋਂ ਵੀ ਨਿਸ਼ਾ ਨਾ ਹੋਈ। ਅਖੀਰ ਗੁਰੂ-ਘਰ ਬਾਰੇ ਪਤਾ ਲੱਗਣ ’ਤੇ ਗੁਰੂ ਦੇ ਦਰਬਾਰ ਵਿਚ ਆਏ ਤੇ ਇੱਥੋਂ ਦੇ ਹੋ ਕੇ ਰਹਿ ਗਏ। ਇਸ ਦਾ ਉਲੇਖ ਭਿਖਾ ਜੀ ਨੇ ਹੇਠ ਲਿਖੇ ਸਵੱਈਏ ਵਿਚ ਕੀਤਾ ਹੈ:
ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ॥
ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ॥
ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ॥
ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ॥
ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍ ਕੇ ਗੁਣ ਹਉ ਕਿਆ ਕਹਉ॥
ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ॥ (ਪੰਨਾ 1395-96)
ਭੱਟ ਬਾਣੀਕਾਰਾਂ ਦਾ ਗੁਰੂ-ਦਰਬਾਰ ਵਿਚ ਆਉਣ ਦਾ ਸਮਾਂ ਤੇ ਸਥਾਨ:
ਭੱਟ ਸਾਹਿਬਾਨ ਦੇ ਜੀਵਨ ਨਾਲ ਸੰਬੰਧਿਤ ਜਿੰਨੀ ਵੀ ਜਾਣਕਾਰੀ ਮਿਲਦੀ ਹੈ ਉਹ ਪ੍ਰੋ. ਸਾਹਿਬ ਸਿੰਘ ਜੀ ਦੁਆਰਾ ‘ਭੱਟਾਂ ਦੀ ਭਾਈਚਾਰਕ ਜਾਣ-ਪਛਾਣ’ ਵਿੱਚੋਂ ਮਿਲਦੀ ਹੈ। ਉਹ ਲਿਖਦੇ ਹਨ, “ਗੁਰੂ ਰਾਮਦਾਸ ਜੀ ਨੇ ਦੇਹਾਂਤ-ਸਮਾਂ ਨੇੜੇ ਜਾਣ ਕੇ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਅਰਜੁਨ ਸਾਹਿਬ ਜੀ ਨੂੰ ਸਉਂਪੀ, ਅਤੇ ਆਪ ਸ੍ਰੀ ਰਾਮਦਾਸਪੁਰੇ ਤੋਂ ਗੋਇੰਦਵਾਲ ਸਾਹਿਬ ਚਲੇ ਗਏ। ਇੱਥੇ ਹੀ ਆਪ ਅਗਸਤ 1581 ਈਸਵੀ ਵਿਚ ਜੋਤੀ ਜੋਤਿ ਸਮਾਏ। ਦਸਤਾਰ-ਬੰਦੀ ਰਸਮ ਵੇਲੇ ਦੂਰੋਂ ਦੂਰੋਂ ਸਿੱਖ-ਸੰਗਤਾਂ ਗੁਰੂ ਅਰਜੁਨ ਸਾਹਿਬ ਜੀ ਦੇ ਦੀਦਾਰ ਨੂੰ ਆਈਆਂ। ਉਹਨੀਂ ਹੀ ਦਿਨੀਂ ਭੱਟ ਭੀ ਸੰਗਤਾਂ ਦੇ ਨਾਲ ਗੋਇੰਦਵਾਲ ਆਏ। ਦੀਦਾਰ ਦੀ ਬਰਕਤਿ ਨਾਲ ਚਿੱਤ ਗੁਰੂ ਦੀ ਸਿਫ਼ਤਿ ਕਰਨ ਦੇ ਉਮਾਹ ਵਿਚ ਆਇਆ, ਅਤੇ ਗੁਰੂ-ਉਪਮਾ ਵਿਚ ਉਹਨਾਂ ਇਹ ‘ਸਵਈਏ’ ਉਚਾਰੇ, ਜਿਨ੍ਹਾਂ ਨੂੰ ਸਮੇਂ ਸਿਰ ਗੁਰੂ ਅਰਜੁਨ ਸਾਹਿਬ ਜੀ ਨੇ ‘ਸ੍ਰੀ ਮੁਖਬਾਕ੍ਹ’ ਸਵੱਈਆਂ ਸਮੇਤ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ। ਇਹ ਸਾਖੀ ਭੱਟਾਂ ਦੀ ਬਾਣੀ ਵਿੱਚੋਂ ਹੀ ਮਿਲ ਜਾਂਦੀ ਹੈ। ਭੱਟ ‘ਨਲ੍ਹ’ ਗੋਇੰਦਵਾਲ ਦੀ ਉਸਤਤਿ ਕਰਦਾ ਹੈ ਅਤੇ ਭੱਟ ‘ਹਰਿਬੰਸ’ ਗੁਰੂ ਰਾਮਦਾਸ ਜੀ ਦੇ ‘ਦੇਵਪੁਰੀ’ ਵਿਚ ਜਾਣ ਅਤੇ ਗੁਰੂ ਅਰਜੁਨ ਸਾਹਿਬ ਜੀ ਦੇ ਸਿਰ ’ਤੇ ਗੁਰਿਆਈ ਦਾ ਛਤ੍ਰ ਝੁੱਲਣ ਦਾ ਜ਼ਿਕਰ ਕਰਦਾ ਹੈ।”3
ਭੱਟ ਕਲਸਹਾਰ ਜੀ, ਜਿਨ੍ਹਾਂ ਨੂੰ ਭੱਟਾਂ ਦੇ ਜਥੇਦਾਰ ਦੱਸਿਆ ਜਾਂਦਾ ਹੈ, ਪੰਜਵੇਂ ਪਾਤਸ਼ਾਹ ਦੇ ਸਨਮੁੱਖ ਹੋ ਕੇ ਕਹਿੰਦੇ ਹਨ ਕਿ ਕਲ੍ਹ ਆਦਿਕ ਕਵੀਆਂ ਨੇ (ਆਪ ਦਾ) ਸੁੰਦਰ ਜੱਸ ਉਚਾਰਿਆ ਹੈ।…ਗੁਰੂ ਨਾਨਕ (ਦੇਵ ਜੀ) ਨੇ ਗੁਰੂ ਅੰਗਦ ਦੇਵ ਜੀ ਨੂੰ ਵਰ ਬਖ਼ਸ਼ਿਆ; ਗੁਰੂ ਅੰਗਦ (ਦੇਵ ਜੀ) ਨੇ (ਸਭ ਪਦਾਰਥਾਂ ਦਾ) ਖ਼ਜ਼ਾਨਾ (ਗੁਰੂ) ਅਮਰਦਾਸ (ਜੀ) ਨੂੰ ਦਿੱਤਾ । ਗੁਰੂ ਰਾਮਦਾਸ ਜੀ ਨੇ (ਗੁਰੂ) ਅਰਜੁਨ (ਸਾਹਿਬ ਜੀ) ਨੂੰ ਵਰ ਦਿੱਤਾ; ਅਤੇ ਉਨ੍ਹਾਂ (ਦੇ ਚਰਨਾਂ) ਨੂੰ ਛੁਹਣਾ ਪਾਰਸ ਦੀ ਛੋਹ ਵਰਗਾ ਹੋ ਗਿਆ ਹੈ:
ਖੇਲੁ ਗੂੜ੍ਉ ਕੀਅਉ ਹਰਿ ਰਾਇ ਸੰਤੋਖਿ ਸਮਾਚਰ੍ਹਿਓ ਬਿਮਲ ਬੁਧਿ ਸਤਿਗੁਰਿ ਸਮਾਣਉ॥
ਆਜੋਨੀ ਸੰਭਵਿਅਉ ਸੁਜਸੁ ਕਲ੍ਹ ਕਵੀਅਣਿ ਬਖਾਣਿਅਉ॥
ਗੁਰਿ ਨਾਨਕਿ ਅੰਗਦੁ ਵਰ੍ਹਉ ਗੁਰਿ ਅੰਗਦਿ ਅਮਰ ਨਿਧਾਨੁ॥
ਗੁਰਿ ਰਾਮਦਾਸ ਅਰਜੁਨੁ ਵਰ੍ਹਉ ਪਾਰਸੁ ਪਰਸੁ ਪ੍ਰਮਾਣੁ॥ (ਪੰਨਾ 1407)
ਇਸ ਸਵੱਈਏ ਵਿਚ ਭੱਟ ਬਾਣੀਕਾਰ ਨੇ ਪੰਜਾਂ ਗੁਰੂਆਂ ਦੀ ਵਡਿਆਈ ਕੀਤੀ ਹੈ। ਇਸ ਤਰ੍ਹਾਂ ਪ੍ਰੋ. ਸਾਹਿਬ ਸਿੰਘ ਨੇ ਭੱਟ-ਬਾਣੀ ਦੀਆਂ ਅੰਦਰਲੀਆਂ ਗਵਾਹੀਆਂ ਦੇ ਅਧਾਰ ’ਤੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਭੱਟ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਥੋੜ੍ਹੇ ਦਿਨ ਬਾਅਦ ਪੰਜਵੇਂ ਪਾਤਸ਼ਾਹ ਦੇ ਦਰਬਾਰ ਵਿਚ ਗੋਇੰਦਵਾਲ ਵਿਖੇ ਇਕੱਠੇ ਹੀ ਆਏ ਸਨ। ਬੇਸ਼ੱਕ ਕਈ ਵਿਦਵਾਨਾਂ ਨੇ ਇਸ ਵਿਸ਼ੇ ’ਤੇ ਆਪਣੀ ਅਸਹਿਮਤੀ ਪ੍ਰਗਟਾਈ ਹੈ4 ਪਰ ਇਸ ਤੱਥ ਨੂੰ ਸਾਰੇ ਪ੍ਰਵਾਨ ਕਰਦੇ ਹਨ ਕਿ ਗਿਆਨ ਅਤੇ ਆਤਮਿਕ ਸ਼ਾਂਤੀ ਦੀ ਭਾਲ ਵਿਚ ਭਟਕਦੇ ਹੋਏ ਜਗਿਆਸੂਆਂ (ਭੱਟ ਬਾਣੀਕਾਰਾਂ) ਨੂੰ ਜੋ ਆਤਮਿਕ ਆਨੰਦ ਗੁਰੂ ਨਾਨਕ-ਜੋਤਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰ ਕੇ ਮਿਲਿਆ ਉਸ ਨੂੰ ਬਾਣੀ ਦੁਆਰਾ ਬਿਆਨਿਆ ਹੈ। ਨਾਮ-ਅੰਮ੍ਰਿਤ ਪੀਣ ਦੀ ਤਾਂਘ ਉਨ੍ਹਾਂ ਦੇ ਦਿਲਾਂ ਵਿਚ ਬਹੁਤ ਚਿਰਾਂ ਤੋਂ ਸੀ ਪਰ ਕਿਤਿਓਂ ਵੀ ਇੱਛਾ ਪੂਰੀ ਨਹੀਂ ਹੋਈ। ਗੁਰੂ ਦੇ ਦੀਦਾਰ ਕਰ ਕੇ ਇਹ ਤਾਂਘ ਪੂਰੀ ਹੋ ਗਈ ਹੈ, ਮਨ ਦੀ ਭਟਕਣਾ ਮੁੱਕ ਗਈ ਹੈ ਤੇ ਵਰ੍ਹਿਆਂ ਦਾ ਦੁੱਖ ਦੂਰ ਹੋ ਗਿਆ ਹੈ। ਭੱਟ ਨਲ੍ਹ ਜੀ ਦਾ ਪੂਰਾ ਸਵੱਈਆਂ ਇਸ ਤਰ੍ਹਾਂ ਹੈ:
ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ॥
ਹੁਤੀ ਜੁ ਪਿਆਸ ਪਿਊਸ ਪਿਵੰਨ ਕੀ ਬੰਛਤ ਸਿਧਿ ਕਉ ਬਿਧਿ ਮਿਲਾਯਉ॥
ਪੂਰਨ ਭੋ ਮਨ ਠਉਰ ਬਸੋ ਰਸ ਬਾਸਨ ਸਿਉ ਜੁ ਦਹੰ ਦਿਸਿ ਧਾਯਉ॥
ਗੋਬਿੰਦ ਵਾਲੁ ਗੋਬਿੰਦ ਪੁਰੀ ਸਮ, ਜਲ੍ਹਨ ਤੀਰਿ ਬਿਪਾਸ ਬਨਾਯਉ॥
ਗਯਉ ਦੁਖੁ ਦੂਰਿ ਬਰਖਨ ਕੋ ਸੁ ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ॥ (ਪੰਨਾ 1400)
ਭੱਟ ਕਲਸਹਾਰ ਜੀ ਨੇ ਕਿਹਾ ਹੈ ਕਿ ਗੁਰੂ ਦੇ ਪ੍ਰਸੰਨ ਹੋਣ ਨਾਲ ‘ਜਗਤ ਉਧਾਰਣੁ ਨਾਮੁ’ ਪ੍ਰਾਪਤ ਹੋ ਗਿਆ ਹੈ ਅਤੇ ਉਨ੍ਹਾਂ ਦੇ ਸਾਰੇ ਕਾਰਜ ਰਾਸ ਹੋ ਗਏ ਹਨ ਇਸ ਲਈ ਕਿਸੇ ਹੋਰ ਦੀ ਪਰਵਾਹ ਨਹੀਂ ਹੈ:
ਜਗਤ ਉਧਾਰਣੁ ਨਾਮੁ ਸਤਿਗੁਰ ਤੁਠੈ ਪਾਇਅਉ॥
ਅਬ ਨਾਹਿ ਅਵਰ ਸਰਿ ਕਾਮੁ ਬਾਰੰਤਰਿ ਪੂਰੀ ਪੜੀ॥ (ਪੰਨਾ 1408)
ਭੱਟ ਬਾਣੀਕਾਰਾਂ ਦੀ ਗਿਣਤੀ ਤੇ ਨਾਂ:
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਜਿਨ੍ਹਾਂ ਭੱਟ ਸਾਹਿਬਾਨ ਦੀ ਬਾਣੀ ਦਰਜ ਹੈ ਉਨ੍ਹਾਂ ਦੀ ਗਿਣਤੀ ਸੰਬੰਧੀ ਵੀ ਵਿਦਵਾਨਾਂ ਵਿਚ ਮੱਤ-ਭੇਦ ਰਿਹਾ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਰਤੇ ਗਏ ਅੰਕ-ਪ੍ਰਬੰਧ ਅਨੁਸਾਰ ਭੱਟ ਸਾਹਿਬਾਨ ਦੀ ਬਾਣੀ ਦੀ ਤਰਤੀਬ ਨੂੰ ਪੜਤਾਲਿਆਂ ਇਹ ਗਿਣਤੀ ਗਿਆਰਾਂ ਬਣਦੀ ਹੈ। ਇਨ੍ਹਾਂ ਭੱਟ ਬਾਣੀਕਾਰਾਂ ਦੇ ਨਾਂ ਹਨ- ਭੱਟ ਕਲਸਹਾਰ ਜੀ (ਦੂਜੇ ਨਾਂ ਕਲ੍ਹ ਅਤੇ ਟਲ੍ਹ ਹਨ), ਭੱਟ ਜਾਲਪ ਜੀ (ਦੂਜਾ ਨਾਂ ਜਲ੍ਹ ਹੈ), ਭੱਟ ਕੀਰਤ ਜੀ, ਭੱਟ ਭਿਖਾ ਜੀ, ਭੱਟ ਸਲ੍ਹ ਜੀ, ਭੱਟ ਭਲ੍ਹ ਜੀ, ਭੱਟ ਨਲ੍ਹ ਜੀ, ਭੱਟ ਗਯੰਦ ਜੀ, ਭੱਟ ਮਥੁਰਾ ਜੀ, ਭੱਟ ਬਲ੍ਹ ਜੀ ਤੇ ਭੱਟ ਹਰਿਬੰਸ ਜੀ।
ਭੱਟ ਸਾਹਿਬਾਨ ਦੀ ਬਾਣੀ (ਭੱਟਾਂ ਦੇ ਸਵੱਈਏ) ਦਾ ਅਧਿਐਨ
ਭੱਟ ਸਾਹਿਬਾਨ ਬਾਣੀ ਦਾ ਬਿਉਰਾ: ਭੱਟ ਸਾਹਿਬਾਨ ਦੇ 123 ਸਵੱਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪੰਨਾ 1389 ਤੋਂ 1409 ਤਕ (ਰਾਗ-ਮੁਕਤ ਬਾਣੀ ਵਿਚ)‘ਸ੍ਰੀ ਮੁੱਖਬਾਕ੍ਹ ਮਹਲਾ 5’ ਦੇ ਸਵੱਈਆਂ ਤੋਂ ਬਾਅਦ ਵਿਚ ਪੰਜ ਸਿਰਲੇਖਾਂ ਅਧੀਨ ਦਰਜ ਹਨ। ਭੱਟਾਂ ਦੁਆਰਾ ਰਚਿਤ 123 ਸਵੱਈਆਂ ਦੀ ਤਰਤੀਬ ਤੇ ਸੰਖਿਆ ਦਾ ਚਾਰਟ ਹੇਠਾਂ ਦਿੱਤਾ ਗਿਆ ਹੈ:
ਕ੍ਰਮ | ਭੱਟ ਸਾਹਿਬ ਦਾ ਨਾਂ | 1. | 2. | 3. | 4. | 5. |
ਸੰਖਿਆ | ਤੇ ਸਵੱਈਆਂ ਦੀ ਸੰਖਿਆ | ਸਵਈਏ | ਸਵਈਏ | ਸਵਈਏ | ਸਵਈਏ | ਸਵਈਏ |
ਮਹਲੇ ਪਹਿਲੇ ਕੇ | ਮਹਲੇ ਦੂਜੇ ਕੇ | ਮਹਲੇ ਤੀਜੇ ਕੇ | ਮਹਲੇ ਚਉਥੇ ਕੇ | ਮਹਲੇ ਪੰਜਵੇਂ ਕੇ | ||
1 ਕਲਸਹਾਰ ਜੀ | 54 | 10 | 10 | 9 | 13 | 12 |
2 ਜਾਲਪ ਜੀ | 5 | 5 | ||||
3 ਕੀਰਤ ਜੀ | 8 | 4 | 4 | |||
4 ਭਿਖਾ ਜੀ | 2 | 2 | ||||
5 ਸਲ੍ਹ ਜੀ | 2 | 1 | 2 | |||
6 ਭਲ੍ਹ ਜੀ | 1 | 1 | ||||
7 ਨਲ੍ਹ ਜੀ | 16 | 16 | ||||
8 ਗਯੰਦ ਜੀ | 13 | 13 | ||||
9 ਮਥੁਰਾ ਜੀ | 14 | 7 | 7 | |||
10 ਬਲ੍ਹ ਜੀ | 10 | 5 | ||||
11 ਹਰਿਬੰਸ ਜੀ | 2 | 2 | ||||
ਕੁੱਲ ਜੋੜ -123 | 10 | 10 | 22 | 60 | 21 |
ਉਪਰੋਕਤ ਚਾਰਟ ਅਨੁਸਾਰ ਭੱਟ ਸਾਹਿਬਾਨ ਦੇ ਸਵੱਈਆਂ ਸੰਬੰਧੀ ਹੇਠ ਲਿਖੇ ਤੱਥ ਦ੍ਰਿਸ਼ਟੀਗੋਚਰ ਹੁੰਦੇ ਹਨ:ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭੱਟ ਸਾਹਿਬਾਨ ਦੇ ਸਵੱਈਆਂ ਨੂੰ ਪੰਜ ਭਾਗਾਂ ਵਿਚ ਵੰਡਿਆ ਗਿਆ ਹੈ।
- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭੱਟ ਸਾਹਿਬਾਨ ਦੇ ਸਵੱਈਆਂ ਨੂੰ ਪੰਜ ਭਾਗਾਂ ਵਿਚ ਵੰਡਿਆ ਗਿਆ ਹੈ।
- ਹਰ ਇਕ ਭਾਗ ਦੇ ਅਰੰਭ ਵਿਚ ਭੱਟ ਕਲਸਹਾਰ ਜੀ ਦੇ ਸਵੱਈਏ ਦਰਜ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਉਸਤਤਿ ਵਿਚ ਕੇਵਲ ਭੱਟ ਕਲਸਹਾਰ ਜੀ ਨੇ ਬਾਣੀ ਰਚੀ ਹੈ। ਭੱਟ ਕਲਸਹਾਰ ਜੀ ਨੇ ਪੰਜਾਂ ਗੁਰੂ-ਮਹਿਲਾਂ ਦੀ ਉਸਤਤਿ ਵਿਚ ਬਾਣੀ ਰਚੀ ਹੈ ਜੋ ਸਾਰੇ ਭੱਟ ਬਾਣੀਕਾਰਾਂ ਤੋਂ ਵੱਧ ਹੈ।
- ‘ਸਵੱਈਏ ਮਹਲੇ ਚਉਥੇ ਕੇ’ ਸਿਰਲੇਖ ਹੇਠਾਂ ਸਭ ਤੋਂ ਵੱਧ ਸਵੱਈਏ ਦਰਜ ਹਨ।
- ਭੱਟ ਭਲ੍ਹ ਜੀ ਦਾ ਕੇਵਲ ਇਕ, ਭੱਟ ਭਿਖਾ ਜੀ ਤੇ ਭੱਟ ਹਰਿਬੰਸ ਜੀ ਦੇ ਕੇਵਲ ਦੋ-ਦੋ, ਭੱਟ ਸਲ੍ਹ ਜੀ ਦੇ ਤਿੰਨ, ਭੱਟ ਜਾਲਪ ਜੀ ਤੇ ਭੱਟ ਬਲ੍ਹ ਜੀ ਦੇ ਪੰਜ-ਪੰਜ, ਭੱਟ ਕੀਰਤ ਜੀ ਦੇ ਅੱਠ, ਭੱਟ ਗਯੰਦ ਜੀ ਦੇ ਤੇਰਾਂ, ਭੱਟ ਮਥੁਰਾ ਜੀ ਦੇ ਚੌਦਾਂ ਤੇ ਭੱਟ ਨਲ੍ਹ ਜੀ ਦੇ ਸੋਲਾਂ ਸਵੱਈਏ ਦਰਜ ਹਨ।
ਭੱਟ ਸਾਹਿਬਾਨ ਦੀ ਬਾਣੀ ਦਾ ਵਿਸ਼ਾ: ਭੱਟਾਂ ਦੇ ਸਵੱਈਆਂ’ ਵਿਚ ਭੱਟ ਬਾਣੀਕਾਰਾਂ ਦੀ ਬਾਣੀ ਦਾ ਪ੍ਰਮੁੱਖ ਵਿਸ਼ਾ ਸਿੱਖ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਤਕ) ਦੀ ਸਿਫਤਿ-ਸਲਾਹ ਕਰਨਾ ਹੈ ਪਰ ਗੁਰੂ ਵਿਅਕਤੀਆਂ ਵਿਚ ਬਿਰਾਜਮਾਨ ਹਰਿ-ਜੋਤਿ ਦੀ ਮਹਿਮਾ ਕਰਦਿਆਂ ਭੱਟ ਸਾਹਿਬਾਨ ਦੀ ਬਾਣੀ ਵਿਚ ਅਨੇਕਾਂ ਗੁਰਮਤਿ ਸਿਧਾਂਤ ਵੀ ਉਜਾਗਰ ਹੋਏ ਹਨ। ਉਨ੍ਹਾਂ ਵਿੱਚੋਂ ਅਸੀਂ ਅਕਾਲ ਪੁਰਖ, ਨਾਮ, ਗੁਰੂ, ਮਾਇਆ ਤੇ ਵਿਕਾਰ, ਗੁਰੂ ਨਾਨਕ-ਜੋਤਿ ਦੀ ਨਿਰੰਤਰਤਾ, ਸਤਿਸੰਗਤ ਤੇ ਗੁਰੂ ਦੀ ਬਖਸ਼ਿਸ਼ ਆਦਿ ਮੁੱਖ ਸਿਧਾਂਤਾਂ ਨੂੰ ਸੰਖੇਪ ਵਿਚ ਵਿਚਾਰਦੇ ਹਾਂ:
ਅਕਾਲ ਪੁਰਖ: ਭੱਟ ਬਾਣੀਕਾਰਾਂ ਨੇ ਅਕਾਲ ਪੁਰਖ ਦੇ ਸਰੂਪ ਨੂੰ ਉਜਾਗਰ ਕੀਤਾ ਹੈ ਜੋ ‘ਇਕੁ’,‘ਆਦਿ ਪੁਰਖ’, ‘ਕਰਤਾਰ’, ‘ਸਭ ਆਪੇ’, ‘ਸਰਬ ਰਹਿਓ ਭਰਪੂਰਿ’, ‘ਅਬਿਨਾਸੀ’, ‘ਅਬਿਗਤ’, ‘ਆਪੇ ਆਪਿ ਉਤਪਤਿ’, ‘ਨਿਰੰਜਨ’, ‘ਅਵਿਅਕਤ’, ‘ਅਦ੍ਰਿਸਟ’, ‘ਅਚਲੁ’, ‘ਸਦਾ ਬਿਖਿਆਤਾ’, ਸਮਰਥ , ਕਰਣ-ਕਾਰਣ ਆਦਿ ਨਾਲ ਉਜਾਗਰ ਹੋਇਆ ਹੈ। ਅਕਾਲ ਪੁਰਖ ਸਰਬਸ਼ਕਤੀਮਾਨ, ਸਰਬ-ਕਲਾ-ਸੰਪੰਨ ਤੇ ਸਭ ਦੇ ਪ੍ਰਾਣਾਂ ਦਾ ਆਧਾਰ ਹੈ। ਜਗਤ-ਪਿਤਾ ਨੇ ਅਨੇਕਾਂ ਪ੍ਰਕਾਰ ਦਾ ਜਗਤ ਰਚਿਆ ਹੈ ਅਤੇ ਆਪ ਇਸ ਵਿਚ ਸੁਭਾਇਮਾਨ ਹੋ ਰਿਹਾ ਹੈ। ਅਕਾਲ ਪੁਰਖ ਨੇ ਜਗਤ ਦੇ ਭਲੇ ਲਈ ਆਪਣੀ ਜੋਤਿ ਸ੍ਰੀ ਗੁਰੂ ਨਾਨਕ ਦੇਵ ਜੀ ਰਾਹੀਂ ਪ੍ਰਗਟ ਕੀਤੀ ਹੈ। ਇਹ ਪਰਮਾਤਮ-ਜੋਤਿ ਸ਼ਬਦ-ਗੁਰੂ (ਦੀਪਕ) ਦੇ ਰੂਪ ਵਿਚ ਹਰ ਥਾਂ ’ਤੇ ਭਰਪੂਰ ਹੈ। ਭੱਟ ਕਲਸਹਾਰ ਜੀ ਦੇ ਸ਼ਬਦਾਂ ਵਿਚ:
ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ॥ (ਪੰਨਾ 1395)
ਭੱਟ ਸਾਹਿਬਾਨ ਦੀ ਬਾਣੀ ਦਾ ਡੂੰਘਾਈ ਨਾਲ ਅਧਿਐਨ ਕੀਤਿਆਂ ਇਹ ਸਮਝ ਲੱਗ ਜਾਂਦੀ ਹੈ ਕਿ ਭੱਟ ਬਾਣੀਕਾਰਾਂ ਨੇ ਵੀ ਮਨੁੱਖ ਨੂੰ ਨਿਰੰਤਰ ਤੇ ਇਕਾਗਰਚਿੱਤ ਹੋ ਕੇ ਇਕ ਅਕਾਲ ਪੁਰਖ ਵਿਚ ਦ੍ਰਿੜ੍ਹ ਨਿਸਚਾ ਲਿਆਉਣ ਅਤੇ ਨਿਰੰਤਰ ਤੇ ਇਕਾਗਰਚਿੱਤ ਹੋ ਕੇ ਨਾਮ-ਸਿਮਰਨ ਕਰਨ ਦੀ ਪ੍ਰੇਰਨਾ ਦਿੱਤੀ ਹੈ।
ਨਾਮ: ਭੱਟ ਬਾਣੀਕਾਰਾਂ ਨੇ ਨਾਮ ਦੀ ਮਹਾਨਤਾ ਦਾ ਜ਼ਿਕਰ ਵਿਸ਼ੇਸ਼ ਤੌਰ ’ਤੇ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਦੀ ਪਦਵੀ ਅਕਾਲ ਪੁਰਖ ਦੇ ਨਾਮ-ਸਿਮਰਨ ਦੁਆਰਾ ਪ੍ਰਾਪਤ ਕੀਤੀ ਅਤੇ ਨਾਮ ਦੇ ਮਾਧਿਅਮ ਰਾਹੀਂ ਫਿਰ ਬਾਕੀ ਸੰਸਾਰ ਨੂੰ ਤਾਰਿਆ। ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਹਰਿ-ਨਾਮ ਨੂੰ ਹਿਰਦੇ ਵਿਚ ਦ੍ਰਿੜ੍ਹ ਕਰ ਕੇ ਗੁਰੂ-ਪਦਵੀਆਂ ਪ੍ਰਾਪਤ ਕੀਤੀਆਂ ਤੇ ਸੰਸਾਰ ਵਿਚ ਆਪਣੀ ਸ਼ੋਭਾ ਵਧਾਈ। ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੁਨਿਆਦੀ ਸਿਧਾਂਤ ਹੈ। ਗੁਰਬਾਣੀ ਵਿਚ ਇਸ ਨੂੰ ਸਰਬ-ਵਿਆਪਕ ਸ਼ਕਤੀ ਮੰਨਿਆ ਗਿਆ ਹੈ ਜੋ ਸਭ ਥਾਵਾਂ ’ਤੇ ਭਰਪੂਰ ਹੈ। ਭੱਟ ਬਾਣੀਕਾਰਾਂ ਨੇ ਪੌਰਾਣਿਕ ਤੇ ਇਤਿਹਾਸਿਕ ਹਵਾਲੇ ਦੇ ਕੇ ਨਾਮ ਦੀ ਮਹਿਮਾ ਨੂੰ ਦ੍ਰਿੜ੍ਹ ਕਰਵਾਇਆ ਹੈ ਕਿ ਸੱਚੇ ਨਾਮ ਨੇ ਉਨ੍ਹਾਂ ਨੂੰ ਅਧਿਆਤਮਿਕ ਉਚਾਈਆਂ ਤੇ ਪਹੁੰਚਾਇਆ ਤੇ ਸਾਰਿਆਂ ਦਾ ਉਧਾਰ ਹੋਇਆ।
ਭੱਟ ਸਾਹਿਬਾਨ ਦੀ ਬਾਣੀ ਵਿਚ ਨਾਮ ਦੀ ਮਹੱਤਤਾ ਨੂੰ ਦਰਸਾਉਣ ਵਾਲੇ ਅਨੇਕਾਂ ਵਾਕੰਸ਼ ਮਿਲਦੇ ਹਨ ਜਿਵੇਂ‘ਨਾਮਿ ਖੰਡ ਬ੍ਰਹਮੰਡ ਧਾਰੇ’, ‘ਨਾਮੁ ਸਿਰੋਮਣਿ ਸਰਬ ਮੈ’, ‘ਨਾਮੁ ਆਧਾਰ’, ‘ਨਾਮ ਅਵਖਧੁ’, ‘ਨਾਮੁ ਨਾਵਣੁ’,‘ਨਾਮੁ ਰਸ ਖਾਣੁ ਅਰ ਭੋਜਨ’, ‘ਨਾਮ ਰਸੁ ਸਦਾ ਚਾਯ’, ‘ਅੰਮ੍ਰਿਤ ਨਾਮੁ’ ਆਦਿ। ਉਦਾਹਰਣ ਦੇ ਤੌਰ ’ਤੇ ਭੱਟ ਕਲਸਹਾਰ ਜੀ ਨੇ ਹੇਠ ਲਿਖੇ ਸਵੱਈਏ ਵਿਚ ਅਕਾਲ ਪੁਰਖ ਦੇ ਨਾਮ ਦੀ ਮਹਤੱਤਾ ਦਰਸਾਈ ਹੈ ਕਿ ਪਰਮਾਤਮਾ ਦੇ ਨਾਮ ਨੂੰ ਸਿਮਰਿਆਂ ਭਗਤ ਜਨ ਭਵਜਲ ਤੋਂ ਪਾਰ ਉੱਤਰ ਗਏ ਹਨ, ਸ੍ਰੀ ਗੁਰੂ ਨਾਨਕ ਦੇਵ ਜੀ ਉਸੇ ਨਾਮ ਵਿਚ ਆਨੰਦ ਲੈ ਰਹੇ ਹਨ, ਸ੍ਰੀ ਲਹਿਣਾ ਜੀ ਨਾਮ ਨਾਲ ਟਿਕ ਗਏ ਤੇ ਸਾਰੀਆਂ ਸਿਧੀਆਂ ਉਨ੍ਹਾਂ ਨੂੰ ਪ੍ਰਾਪਤ ਹੋਈਆਂ, ਨਾਮ ਦੀ ਬਰਕਤ ਨਾਲ ਹੀ ਉੱਚੀ ਬੁੱਧੀ ਵਾਲੇ ਗੁਰੂ ਅਮਰਦਾਸ ਜੀ ਦੀ ਸ਼ੋਭਾ ਲੋਕਾਂ ਵਿਚ ਪਸਰ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹੀ ਨਾਮ ਸੰਸਾਰ ਦੇ ਲੋਕਾਂ ਨੂੰ ਵਰਤਾਇਆ ਤੇ ਉਨ੍ਹਾਂ ਦੀ ਬਿਰਤੀ ਉਲਟਾ ਦਿੱਤੀ ਤੇ ਨਾਮ ਦੁਆਰਾ ਕਰੋੜਾਂ ਦੁੱਖ ਕੱਟੇ ਗਏ:
ਸੋਈ ਪੁਰਖੁ ਸਿਵਰਿ ਸਾਚਾ ਜਾ ਕਾ ਇਕੁ ਨਾਮੁ ਅਛਲੁ ਸੰਸਾਰੇ॥
ਜਿਨਿ ਭਗਤ ਭਵਜਲ ਤਾਰੇ ਸਿਮਰਹੁ ਸੋਈ ਨਾਮੁ ਪਰਧਾਨੁ॥
ਤਿਤੁ ਨਾਮਿ ਰਸਿਕੁ ਨਾਨਕੁ ਲਹਣਾ ਥਪਿਓ ਜੇਨ ਸ੍ਰਬ ਸਿਧੀ॥
ਕਵਿ ਜਨ ਕਲ੍ਹ ਸਬੁਧੀ ਕੀਰਤਿ ਜਨ ਅਮਰਦਾਸ ਬਿਸœਰੀਯਾ॥ (ਪੰਨਾ 1392)
ਹਰਿ ਨਾਮੁ ਰਸਨਿ ਗੁਰਮੁਖਿ ਬਰਦਾਯਉ ਉਲਟਿ ਗੰਗ ਪਸçਮਿ ਧਰੀਆ॥ (ਪੰਨਾ 1393)
ਤਿਨ ਕੇ ਦੁਖ ਕੋਟਿਕ ਦੂਰਿ ਗਏ ਮਥੁਰਾ ਜਿਨ੍ ਅੰਮ੍ਰਿਤ ਨਾਮੁ ਪੀਅਉੁ॥ (ਪੰਨਾ 1409)
ਗੁਰੂ:
ਭੱਟ ਸਾਹਿਬਾਨ ਦੀ ਬਾਣੀ ਵਿਚ ਪਰਮਾਤਮਾ ਦੀ ਪ੍ਰਾਪਤੀ ਲਈ ਨਾਮ-ਸਿਮਰਨ ਨੂੰ ਲਾਜ਼ਮੀ ਸਾਧਨ ਮੰਨਿਆ ਹੈ ਪਰ ਇਹ ਵੀ ਦੱਸਿਆ ਹੈ ਕਿ ਨਾਮ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਸੰਭਵ ਹੈ। ਭੱਟ ਬਾਣੀਕਾਰਾਂ ਨੇ ਗੁਰੂ ਦੀ ਲੋੜ, ਗੁਰੂ ਦੇ ਲੱਛਣ, ਗੁਰੂ ਦੀ ਕਿਰਪਾ, ਗੁਰੂ ਪ੍ਰਾਪਤੀ ਦੇ ਸਾਧਨ, ਆਦਿ ਅਨੇਕਾਂ ਪਹਿਲੂਆਂ ’ਤੇ ਚਾਨਣਾ ਪਾਇਆ ਹੈ। ਸਿੱਖ ਧਰਮ ਵਿਚ ਅਧਿਆਤਮਿਕ ਪ੍ਰਾਪਤੀ ਲਈ ਗੁਰੂ ਦਾ ਸਥਾਨ ਵਿਸ਼ੇਸ਼ ਹੈ। ਮਨੁੱਖ ਦੇ ਆਤਮਿਕ ਵਿਕਾਸ ਲਈ ਗੁਰੂ ਇਕ ਜ਼ਰੂਰੀ ਕੜੀ ਹੈ ਕਿਉਂਕਿ ਗੁਰੂ ਹੀ ਆਪਣੇ ਦੈਵੀ ਅਨੁਭਵ ਦੁਆਰਾ ਪ੍ਰਾਪਤ ਗਿਆਨ ਆਪਣੇ ਸਿੱਖਾਂ ਨੂੰ ਪ੍ਰਦਾਨ ਕਰਦਾ ਹੈ ਤੇ ਉਨ੍ਹਾਂ ਦੀ ਸੁੱਤੀ ਹੋਈ ਆਤਮਾ ਨੂੰ ਜਗਾ ਕੇ ਪ੍ਰੇਮ ਤੇ ਭਗਤੀ-ਭਾਵਨਾ ਦਾ ਜਜ਼ਬਾ ਪੈਦਾ ਕਰਦਾ ਹੈ। ਐਨਾ ਹੀ ਨਹੀਂ ਗੁਰੂ ਦੀ ਕਿਰਪਾ ਨਾਲ ‘ਪਰਮਾਰਥੁ’ ਭਾਵ ਉੱਚੀ ਪਦਵੀ ਮਿਲ ਜਾਂਦੀ ਹੈ। ਸੱਚੇ ਗੁਰੂ ਤੋਂ ਬਿਨਾਂ ਮਨੁੱਖੀ ਮਨ ਦਾ ਭਰਮ ਦੂਰ ਨਹੀਂ ਹੁੰਦਾ ਤੇ ਅਗਿਆਨਤਾ ਦਾ ਪੜਦਾ ਬਣਿਆ ਰਹਿੰਦਾ ਹੈ ਇਸ ਲਈ ਮੁਕਤੀ ਸੰਭਵ ਨਹੀਂ। ਭੱਟ ਨਲ੍ਹ ਜੀ ਨੇ ਗੁਰੂ ਦੀ ਗੈਰ-ਮੌਜੂਦਗੀ ਵਿਚ ਜੀਵ ਦੀ ਅਵਸਥਾ ਦਾ ਬਿਆਨ ਕੀਤਾ ਹੈ:
ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥
ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ॥ (ਪੰਨਾ 1399)
ਭੱਟ ਬਾਣੀਕਾਰਾਂ ਨੇ ‘ਸਿਰੀ ਗੁਰੂ ਸਾਹਿਬੁ ਸਭ ਊਪਰਿ’ ਆਖ ਕੇ ਗੁਰੂ ਨੂੰ ਸਾਰਿਆਂ ਤੋਂ ਉੱਚਾ ਦਰਜਾ ਦਿੱਤਾ ਹੈ। ਬਾਰ ਬਾਰ ‘ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ’(1402) ਦੀ ਧੁਨੀ ਅਲਾਪ ਕੇ ਪਰਮਾਤਮਾ ਤੇ ਗੁਰੂ ਦੀ ਅਸਚਰਜਤਾ ਨੂੰ ਦਰਸਾਇਆ ਹੈ। ‘ਵਾਹਿ ਗੁਰੂ’ ਦਾ ਸ਼ਾਬਦਿਕ ਅਰਥ ਹੈ- ਗੁਰੂ ਤੂੰ ਅਚਰਜ ਹੈਂ! ਧੰਨ ਹੈਂ!
ਭੱਟ ਸਾਹਿਬਾਨ ਦੀ ਬਾਣੀ ਵਿੱਚੋਂ ਸ਼ਬਦ-ਗੁਰੂ ਦੇ ਗੁਰਮਤਿ ਸਿਧਾਂਤ ਦੀ ਵੀ ਪੁਸ਼ਟੀ ਹੁੰਦੀ ਹੈ ਕਿ ਪਰਮਾਤਮਾ ਨੇ ਗੁਰੂ ਨੂੰ ਸ਼ਬਦ-ਗੁਰੂ ਦੇ ਰੂਪ ਵਿਚ ਆਪਣਾ ਪ੍ਰਤੀਨਿਧ ਥਾਪਿਆ ਹੈ।
ਜਿਨ੍ ਕਉ ਗੁਰੁ ਸੁਪ੍ਰਸੰਨੁ ਸਬਦਿ ਲਗਿ ਭਵਜਲੁ ਤਾਰੈ॥ (ਪੰਨਾ 1398)
ਗੁਰ ਸਬਦਿ ਸਮਾਚਰਿਓ ਨਾਮੁ ਟੇਕ ਸੰਗਾਦਿ ਬੋਹੈ॥ (ਪੰਨਾ 1398)
ਸਬਦੁ ਹਰਿ ਹਰਿ ਜਪੈ ਨਾਮੁ ਨਵ ਨਿਧਿ ਅਪੈ
ਰਸਨਿ ਅਹਿਨਿਸਿ ਰਸੈ ਸਤਿ ਕਰਿ ਜਾਨੀਅਹੁ॥ (ਪੰਨਾ 1400)
ਭੱਟ ਭਿਖਾ ਜੀ ਆਪਣੇ ਨਿੱਜੀ ਤਜਰਬੇ ਦੇ ਆਧਾਰ ’ਤੇ ਦੱਸਦੇ ਹਨ ਕਿ ਗੁਰੂ ਦਾ ਧਿਆਨ ਜੋਤ ਨੂੰ ਜੋਤ ਨਾਲ ਮਿਲਾਉਣ ਦੀ ਸਮਰੱਥਾ ਰੱਖਦਾ ਹੈ:
ਗੁਰੁ ਗਿਆਨੁ ਅਰੁ ਧਿਆਨੁ ਤਤ ਸਿਉ ਤਤੁ ਮਿਲਾਵੈ॥ (ਪੰਨਾ 1395)
ਗੁਰੂ ਦੀ ਕਿਰਪਾ ਨਾਲ ਜੀਵ ਵੀ ਪਰਮ-ਪਦ ਦੀ ਪ੍ਰਾਪਤੀ ਕਰ ਸਕਦਾ ਹੈ।
ਮਾਇਆ ਤੇ ਪੰਜ ਵਿਕਾਰ:
ਭੱਟ ਸਾਹਿਬਾਨ ਨੇ ਗੁਰੂ ਦੀ ਮਹਿਮਾ ਦੇ ਨਾਲ ਮਾਇਆ ਦਾ ਵੀ ਜ਼ਿਕਰ ਕੀਤਾ ਹੈ ਜਿਸ ਦੇ ਪ੍ਰਭਾਵ ਅਧੀਨ ਮਨੁੱਖੀ ਮਨ ਪੰਜ ਵਿਕਾਰਾਂ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਆਪਣੇ ਵਾਸਤਵਿਕ ਸਰੂਪ ਨੂੰ ਪਛਾਨਣ ਤੋਂ ਅਸਮਰੱਥ ਰਹਿੰਦਾ ਹੈ। ‘ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ” ਕਥਨ ਅਨੁਸਾਰ ਮਾਇਆ ਬੰਧਨ ਦਾ ਕਾਰਨ ਬਣਦੀ ਹੈ ਕਿਉਂਕਿ ਇਸ ਕਾਰਨ ਜੀਵ ਸੰਸਾਰਕ ਰਿਸ਼ਤਿਆਂ ਵਿਚ ਬੱਝ ਕੇ ਸੰਸਾਰ-ਸਾਗਰ ਨੂੰ ਪਾਰ ਨਹੀਂ ਕਰ ਸਕਦਾ। ਭੱਟ ਸਾਹਿਬਾਨ ਅਨੁਸਾਰ ਕੇਵਲ ਗੁਰੂ ਹੀ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੈ ਜਿਸ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ ਵਿਕਾਰਾਂ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ:
ਕ੍ਰੋਧੁ ਖੰਡਿ ਪਰਚੰਡਿ ਲੋਭੁ ਅਪਮਾਨ ਸਿਉ ਝਾੜ੍ਹਉ॥ (ਪੰਨਾ 1406)
ਭੱਟ ਸਾਹਿਬਾਨ ਦੀ ਬਾਣੀ ਵਿਚ ਜੀਵਾਂ ਨੂੰ ਕਾਮ, ਕ੍ਰੋਧ ਆਦਿ ਵਿਕਾਰਾਂ ’ਤੇ ਕਾਬੂ ਪਾਉਣ ਦੀ ਵਿਧੀ ਵੀ ਦੱਸੀ ਹੈ:
ਮਨਸਾ ਕਰਿ ਸਿਮਰੰਤ ਤੁਝੈ ਨਰ ਕਾਮੁ ਕ੍ਰੋਧੁ ਮਿਟਿਅਉ ਜੁ ਤਿਣੰ॥ (ਪੰਨਾ 1405)
ਗੁਰੂ ਨਾਨਕ-ਜੋਤਿ ਦੀ ਨਿਰੰਤਰਤਾ:
ਭੱਟ ਸਾਹਿਬਾਨ ਨੇ ਅੰਤਰ-ਆਤਮੇ ਗੁਰੁ ਸਾਹਿਬਾਨ ਵਿਚ ਵਿਚਰ ਰਹੇ ਦੈਵੀ-ਤੱਤ (ਹਰਿ-ਜੋਤਿ) ਦੀ ਹੋਂਦ ਨੂੰ ਮਹਿਸੂਸ ਕਰ ਲਿਆ ਸੀ ਇਸ ਲਈ ਉਹ ਗੁਰੂ ਸਾਹਿਬਾਨ ਦੀ ਮਹਾਨਤਾ ਨੂੰ ਸਪਸ਼ਟ ਸ਼ਬਦਾਂ ਵਿਚ ਐਲਾਨਦੇ ਹਨ। ਭੱਟ ਬਾਣੀਕਾਰਾਂ ਨੇ ਗੁਰੂ ਨਾਨਕ-ਜੋਤਿ ਦੀ ਨਿਰੰਤਰਤਾ ਦਾ ਵਿਚਾਰ, ਜੋ ਕਿ ਸਿੱਖ ਧਰਮ-ਦਰਸ਼ਨ ਦਾ ਕੇਂਦਰੀ ਸਿਧਾਂਤ ਹੈ, ਆਪਣੀ ਬਾਣੀ ਵਿਚ ਉਜਾਗਰ ਕੀਤਾ ਹੈ। ਨਿਰਸੰਦੇਹ, ਭੱਟ ਸਾਹਿਬਾਨ ਦੀ ਬਾਣੀ ਦਾ ਵਿਸ਼ਾ ਗੁਰੂ ਸਾਹਿਬਾਨ ਦੀ ਸਿਫਤਿ-ਸਲਾਹ ਹੈ ਪਰ ਸਵੱਈਆਂ ਦਾ ਡੂੰਘਾ ਅਧਿਐਨ ਕੀਤਿਆਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਵਡਿਆਈ ਅਕਾਲ ਪੁਰਖ-ਗੁਰ-ਪਰਮੇਸ਼ਰ ਲਈ ਹੈ ਜੋ ਜੋਤਿ-ਰੂਪ ਹੋ ਕੇ ਸਾਖਿਆਤ ਸੰਗਤਾਂ ਵਿਚ ਵਿਚਰ ਰਹੀ ਹੈ, ਇਹ ਮਹਿਮਾ ਅਕਾਲ ਪੁਰਖ ਤੋਂ ਆਈ ਗੁਰੂ ਨਾਨਕ-ਜੋਤਿ ਦੀ ਹੈ ਜੋ ਅੱਜ ਵੀ ‘ਪ੍ਰਗਟ ਗੁਰਾਂ ਕੀ ਦੇਹਿ’- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਚ ਜ਼ਾਹਰਾ-ਜ਼ਹੂਰ ਹੋ ਕੇ ਵਿਸ਼ਵ ਦੀ ਅਗਵਾਈ ਕਰ ਰਹੀ ਹੈ। ਭੱਟ ਬਾਣੀਕਾਰਾਂ ਨੂੰ ਅੰਤਰ-ਦ੍ਰਿਸ਼ਟੀ ਨਾਲ ਅਨੁਭਵ ਹੋਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤਿ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਵਿਚ ਜਗਮਗਾ ਰਹੀ ਹੈ। ਇਸ ਲਈ ਉਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਕਰਦਿਆਂ ਇਹ ਵਿਚਾਰ ਦਿੱਤਾ ਹੈ ਕਿ ‘ਪ੍ਰਕਾਸ਼-ਰੂਪ ਹਰੀ ਆਪ ਗੁਰੂ ਨਾਨਕ ਅਖਵਾਏ। ਉਸ (ਗੁਰੂ ਨਾਨਕ ਦੇਵ ਜੀ) ਤੋਂ (ਗੁਰੂ ਅੰਗਦ ਦੇਵ ਜੀ ਪ੍ਰਗਟ ਹੋਏ), (ਗੁਰੂ ਨਾਨਕ ਦੇਵ ਜੀ ਦੀ) ਜੋਤਿ (ਗੁਰੂ ਅੰਗਦ ਜੀ ਦੀ) ਜੋਤਿ ਨਾਲ ਮਿਲ ਗਈ। ਭੱਟ ਮਥੁਰਾ ਜੀ ਆਖਦੇ ਹਨ-‘ਗੁਰੂ ਰਾਮਦਾਸ (ਜੀ) ਦਾ ਦਰਸਨ ਕਰ ਕੇ (ਗੁਰੂ ਅਰਜਨ ਦੇਵ ਜੀ ਦੇ) ਬਚਨ ਆਤਮਕ ਜੀਵਨ ਦੇਣ ਵਾਲੇ ਹੋ ਗਏ ਹਨ। ਪੰਜਵੇਂ ਸਰੂਪ ਅਕਾਲ ਪੁਰਖ ਰੂਪ ਗੁਰੂ ਅਰਜੁਨ ਦੇਵ ਜੀ ਨੂੰ ਅੱਖਾਂ ਨਾਲ ਵੇਖੋ।’(ਵੇਖੋ ਅਰਥ- ਪ੍ਰੋ. ਸਾਹਿਬ ਸਿੰਘ) ਮਥੁਰਾ ਭੱਟ ਜੀ ਦਾ ਕਥਨ ਹੈ:
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥
ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥
ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥
ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ॥
ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ॥
ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ॥ (ਪੰਨਾ 1408)
ਇਸੇ ਸੰਦਰਭ ਵਿਚ ਡਾ. ਗੁਰਨਾਮ ਕੌਰ ਨੇ ਭੱਟਾਂ ਦੇ ਸਵੱਈਆਂ ਦਾ ਧਰਮ- ਵਿਗਿਆਨਕ ਅਧਿਐਨ ਕਰਦਿਆਂ ਲਿਖਿਆ ਹੈ: “ਇਕ ਜੋਤਿ ਅਤੇ ਜੁਗਤਿ ਦੇ ਸਿਧਾਂਤ ਨੂੰ ਸਪਸ਼ਟ ਕਰਦਿਆਂ ਹੋਇਆਂ ਸਵੱਈਆਂ ਵਿਚ ਦੱਸਿਆ ਗਿਆ ਹੈ ਕਿ ਕਲਜੁਗ ਵਿਚ ਪ੍ਰਮਾਣੀਕ ਭਾਵ ਸਮਰੱਥ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਿਆ ਗਿਆ ਅਤੇ ਗੁਰੂ ਨਾਨਕ ਜੋਤਿ ਹੀ ਅੱਗੋਂ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਅਖਵਾਈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਸ ਦੈਵੀ ਜੋਤਿ ਦਾ ਸੰਚਾਰ ਸ੍ਰੀ ਗੁਰੁ ਅੰਗਦ ਦੇਵ ਜੀ ਵਿਚ ਕਿਸ ਤਰ੍ਹਾਂ ਹੋਇਆ, ਇਸ ਦਾ ਜ਼ਿਕਰ ਕੀਤਾ ਹੈ ਕਿ ਕਰਤਾ ਪੁਰਖ, ਸਰਬ-ਵਿਆਪਕ ਪਰਮਾਤਮਾ, ਸਿਰਜਣਹਾਰ ਅਤੇ ਸ੍ਰਿਸ਼ਟੀ ਦਾ ਮੂਲ ਕਾਰਨ ਹੈ। ਇੱਥੇ ਇਸ ਗੱਲ ਵੱਲ ਇਸ਼ਾਰਾ ਹੋ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਕਰਤਾ ਪੁਰਖ ਦੀ ਦੈਵੀ ਜੋਤਿ, ਜੋ ਹਰ ਜੀਵ ਵਿਚ ਵਿਆਪਕ ਹੈ, ਉਸ ਨੂੰ ਆਪਣੇ ਅੰਦਰ ਜਗਾਇਆ ਅਤੇ ਦੈਵੀ ਜੋਤਿ ਦੀ ਧੰਨਤਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਚ ਉਜਾਗਰ ਹੋ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਮਿਹਰ ਭਰਿਆ ਹੱਥ ਭਾਈ ਲਹਿਣਾ ਜੀ ਦੇ ਮੱਥੇ ਉੱਤੇ ਸਹਿਜ ਰੂਪ ਵਿਚ ਰੱਖਿਆ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿਚ ਨਾਮ ਰੂਪੀ ਅੰਮ੍ਰਿਤ ਦੀ ਛਹਿਬਰ ਲੱਗ ਗਈ।…”7 :
ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥ (ਪੰਨਾ 1390)
ਸੋਈ ਪੁਰਖੁ ਧੰਨੁ ਕਰਤਾ ਕਾਰਣ ਕਰਤਾਰੁ ਕਰਣ ਸਮਰਥੋ॥ (ਪੰਨਾ 1391)
ਤਿਤੁ ਨਾਮਿ ਰਸਿਕੁ ਨਾਨਕੁ ਲਹਣਾ ਥਪਿਓ ਜੇਨ ਸ੍ਰਬ ਸਿਧੀ॥ (ਪੰਨਾ 1392)
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਧਰਮ ਦਾ ਰਸਤਾ ਚਲਾਇਆ ਤੇ ਰੱਬੀ ਨਾਮ ਦੀ ਦਾਤ ਸ੍ਰੀ ਗੁਰੁ ਅਮਰਦਾਸ ਜੀ ਨੂੰ ਬਖਸ਼ੀ ਜਿਸ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤਿ ਸ੍ਰੀ ਗੁਰੂ ਅਮਰਦਾਸ ਜੀ ਵਿਚ ਪ੍ਰਵੇਸ਼ ਕਰ ਗਈ। ਅੱਗੋਂ ਆਪ ਜੀ ਨੇ ਭਾਈ ਜੇਠਾ ਜੀ ਨੂੰ ਨਾਮ ਦਾ ਅਮੋਲਕ ਖਜ਼ਾਨਾ ਬਖਸ਼ਿਆ ਤੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੂੰ ਉੱਚੀ ਪਦਵੀ ’ਤੇ ਸੁਭਾਇਮਾਨ ਕਰ ਦਿੱਤਾ। ਇਸੇ ਪਰੰਪਰਾ ਨੂੰ ਅੱਗੇ ਤੋਰਦਿਆਂ ਸ੍ਰੀ ਗੁਰੂ ਰਾਮਦਾਸ ਜੀ ਨੇ ਜਗਤ ਨੂੰ ਤਾਰਨ ਦੇ ਆਸ਼ੇ ਨਾਲ ਗੁਰੂ ਵਾਲੀ ਜੋਤਿ ਸ੍ਰੀ ਗੁਰੂ ਅਰਜਨ ਦੇਵ ਜੀ ਵਿਚ ਰੱਖ ਦਿੱਤੀ। ਭੱਟ ਮਥਰਾ ਜੀ ਦੇ ਸ਼ਬਦਾਂ ਵਿਚ:
ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ॥(ਪੰਨਾ 1409)
ਭੱਟ ਕਲਸਹਾਰ ਜੀ ਨੇ‘ਮਹਲੇ ਪਹਿਲੇ ਕੇ’ ਸਵੱਈਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਸ ਗਾਉਣ ਤੇ ਧਿਆਨ ਧਰਨ ਵਾਲਿਆਂ ਦੀ ਲੰਬੀ ਸੂਚੀ ਦਿੱਤੀ ਹੈ ਜਿਨ੍ਹਾਂ ਵਿਚ ਗੰਭੀਰ, ਧੀਰ, ਮਤਿ ਸਾਗਰ, ਜੋਗੀ ਜੰਗਮ, ਇੰਦ੍ਰਾਦਿ, ਪ੍ਰਹਿਲਾਦਿਕ, ਜਨਕਾਦਿ, ਸਨਕਾਦਿ, ਸਾਧ, ਸਿਧਾਦਿਕ, ਮੁਨਿ ਜਨ, ਧੋਮੁ ਅਟਲ, ਆਦਿ ਦਾ ਸੰਕੇਤ ਹੈ। ਗੁਰੂ ਜੀ ਦੇ ਗੁਣ ਗਾਉਣ ਵਾਲਿਆਂ ਵਿਚ ‘ਕਪਿਲਾਦਿ ਆਦਿ ਜੋਗੇਸੁਰ’,‘ਅਪਰੰਪਰ ਅਵਤਾਰ’, ‘ਜਮਦਗਨਿ ਪਰਸਰਾਮੇਸੁਰ’,‘ਉਧੌ ਅਕ੍ਰੂਰੁ’, ‘ਬਿਦਰ’, ਸੁਖਦੇਉ, ‘ਪਰੀਖ੍ਹਤੁ’, ‘ਗੋਤਮ ਰਿਖਿ’, ‘ਪਾਯਾਲਿ’, ‘ਨਾਗਾਦਿ ਭੁਯੰਗਮ’, ‘ਮਹਾਦੇਉ’, ‘ਜਤਿ’, ‘ਮੁਨਿ’, ‘ਪਰਸਰਾਮ’, ‘ਛੇ ਦਰਸ਼ਨ’, ‘ਚਾਰ ਵਰਣ’, ‘ਛੇ ਭੇਖ’, ‘ਬ੍ਰਹਮਾ’, ‘ਸ਼ੇਸ਼ਨਾਗ’, ‘ਜੱਖ’, ‘ਕਿੰਨਰ’, ਆਦਿ ਸ਼ਾਮਲ ਹਨ। ਇਤਨਾ ਹੀ ਨਹੀਂ, ‘ਬ੍ਹਾਸੁ ਜਿਨਿ ਬੇਦ ਬ੍ਹਾਕਰਣ ਬੀਚਾਰਿਅ’, ‘ਬ੍ਰਹਮਾ ਗੁਣ ਉਚਰੈ ਜਨਿ ਹੁਕਮਿ ਸਭ ਸ੍ਰਿਸਟਿ ਸਵਾਰੀਅ’, ‘ਗੁਣ ਗਾਵਹਿ ਨਵ ਨਾਥ’, ‘ਮਾਂਧਾਤਾ ਗੁਣ ਰਵੈ ਜੇਨ ਚਕ੍ਰਵੈ ਕਹਾਇਓ’, ‘ਗੁਣ ਗਾਵੈ ਬਲਿ ਰਾਉ ਸਪਤ ਪਾਤਾਲਿ ਬਸੰਤੌ’, ‘ਭਰਥਰਿ ਗੁਣ ਉਚਰੈ ਸਦਾ ਗੁਰ ਸੰਗਿ ਰਹੰਤੌ’, ‘ਦੂਰਬਾ ਪਰੂਰਉ ਅੰਗਰੈ’, ਆਦਿ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਗਾਉਂਦੇ ਹਨ। ਭਾਰਤ ਵਿਚ ਚੱਲੀ ਭਗਤੀ ਲਹਿਰ ਨਾਲ ਸੰਬੰਧਿਤ ਭਗਤ ਵੀ ਗੁਣ ਗਾ ਕੇ ਆਤਮਕ ਆਨੰਦ ਮਾਣਦੇ ਹਨ:
ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ॥
ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ॥
ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ॥ (ਪੰਨਾ 1390)
ਜਗਤ-ਗੁਰੂ ਜੀ ਦਾ ਜੱਸ ਕਰਨ ਵਾਲੇ ਉਪਰੋਕਤ ਸਾਰੇ ਭਗਤ ਜਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋਏ ਹਨ। ਇਨ੍ਹਾਂ ਤੁਕਾਂ ਦੀ ਰੋਸ਼ਨੀ ਵਿਚ ਵਿਦਵਾਨਾਂ ਨੇ ਇਸ ਸਿਧਾਂਤ ਦੀ ਪੁਸ਼ਟੀ ਕੀਤੀ ਹੈ ਕਿ ਜਿਹੜੀ ਜੋਤਿ ਗੁਰੂ ਨਾਨਕ ਅੰਦਰ ਪ੍ਰਕਾਸ਼ਮਾਨ ਹੋਈ, ਉਹ ਅਕਾਲ ਪੁਰਖ ਦੀ ਜੋਤਿ ਹੈ ਅਤੇ ਇਹ ਸਦਾ ਸਨਾਤਨ ਤੇ ਥਿਰ ਰਹੀ ਹੈ।
ਸਤਸੰਗਤਿ ਤੇ ਗੁਰੂ ਦੀ ਬਖਸ਼ਿਸ਼:
ਭੱਟ ਬਾਣੀਕਾਰਾਂ ਨੇ ਗੁਰੂ-ਚਰਨਾਂ ਨਾਲ ਜੁੜਨ ਲਈ ਸਤਿਸੰਗਤਿ ਦਾ ਵਿਸ਼ੇਸ਼ ਮਹੱਤਵ ਦੱਸਿਆ ਹੈ। ਗੁਰਮਤਿ ਦੇ ਨਾਮ ਮਾਰਗ ਵਿਚ ਸਤਿਸੰਗਤ ਨੂੰ ਨਿਰਾ ਸ੍ਰੇਸ਼ਟ ਹੀ ਨਹੀਂ ਮੰਨਿਆ ਗਿਆ ਸਗੋਂ ਸਹੀ ਧਰਮ ਦੀ ਪਛਾਣ ਕਰਨ ਅਤੇ ਧਰਮ ਨੂੰ ਦ੍ਰਿੜ੍ਹ ਕਰਨ ਲਈ ਲਾਜ਼ਮੀ ਸਾਧਨ ਵਜੋਂ ਮਾਨਤਾ ਦਿੱਤੀ ਗਈ ਹੈ। ਭੱਟ ਮਥੁਰਾ ਜੀ ਦੱਸਦੇ ਹਨ ਕਿ ਸਤਸੰਗਤਿ ਵਿਚ ਜਾਣ ਵਾਲੇ ਜਗਿਆਸੂਆਂ ਦਾ ਮਨ ਗੁਰੂ-ਚਰਨਾਂ ਵਿਚ ਜੁੜ ਜਾਂਦਾ ਹੈ ਤੇ ਉਹ ਸਦਾ ਇਕਰਸ ਸਤਿਸੰਗ ਵਿਚ ਜੁੜਕੇ ਹਰੀ ਜੱਸ ਗਾਉਂਦੇ ਹਨ:
ਸੰਤਤ ਹੀ ਸਤਸੰਗਤਿ ਸੰਗ ਸੁਰੰਗ ਰਤੇ ਜਸੁ ਗਾਵਤ ਹੈ॥ (ਪੰਨਾ 1404)
ਭੱਟ ਬਾਣੀਕਾਰਾਂ ਅਨੁਸਾਰ ਸਰਬ-ਉੱਚ ਅਵਸਥਾ ਦੀ ਪ੍ਰਾਪਤੀ ਦਾ ਸਾਧਨ ਹਰਿ-ਨਾਮ ਹੈ ਜੋ ਵੱਡੇ ਭਾਗਾਂ ਨਾਲ, ਪੂਰੇ ਗੁਰੂ ਦੀ ਸ਼ਰਨ ਵਿਚ ਪੈ ਕੇ, ਸਤਿਸੰਗਤਿ ਵਿਚ ਰਹਿ ਕੇ ਨਿਸ਼ਕਾਮ ਸੇਵਾ ਕਰਦਿਆਂ ਗੁਰੂ ਦੀ ਬਖਸ਼ਿਸ਼ ਦੁਆਰਾ ਮਿਲਦਾ ਹੈ। ਹੇਠ ਲਿਖੀਆਂ ਤੁਕਾਂ ਇਸ ਤੱਥ ਦੀ ਪ੍ਰੋੜਤਾ ਕਰਦੀਆਂ ਹਨ:
ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ॥ (ਪੰਨਾ 1404)
ਸਤਸੰਗਤਿ ਸਹਜ ਸਾਰਿ ਜਾਗੀਲੇ ਗੁਰ ਬੀਚਾਰਿ
ਨਿੰਮਰੀ ਭੂਤ ਸਦੀਵ ਪਰਮ ਪਿਆਰਿ॥ (ਪੰਨਾ 1391)
ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਭੱਟ ਕੀਰਤ ਜੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਵਿਚ ਅਰਦਾਸ ਕਰਦੇ ਹਨ:
ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ॥
ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ॥
ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ॥
ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ॥ (ਪੰਨਾ 1406)
ਭੱਟ ਨਲ੍ਹ ਜੀ ਵੀ ਸਤਿਗੁਰੂ ਦੇ ਚਰਨਾਂ ਵਿਚ ਗੁਰੂ-ਕਿਰਪਾ ਲਈ ਅਰਜ਼ੋਈ ਕਰਦੇ ਹਨ ਕਿ ਕਲਜੁਗ ਦੇ ਸਮੇਂ ਵਿਚ ਸੇਵਕ ਦੀ ਪੈਜ ਉਸੇ ਤਰ੍ਹਾਂ ਰੱਖੋ, ਜਿਵੇਂ ਪਰਮਾਤਮਾ ਨੇ (ਆਪ ਨੇ) ਪ੍ਰਹਿਲਾਦ ਭਗਤ ਦੀ ਰੱਖਿਆ ਕੀਤੀ, ਦ੍ਰੋਪਤੀ ਦੀ ਇੱਜ਼ਤ ਬਚਾਈ, ਸੁਦਾਮੇ ਨੂੰ ਬਿਪਤਾ ਤੋਂ ਬਚਾਇਆ ਅਤੇ ਗਨਿਕਾ ਦੇ ਕਾਰਜ ਸਵਾਰੇ ਸਨ:
ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ॥
ਫੁਨਿ ਦ੍ਰੋਪਤੀ ਲਾਜ ਰਖੀ ਹਰਿ ਪ੍ਰਭ ਜੀ ਛੀਨਤ ਬਸਤ੍ਰ ਦੀਨ ਬਹੁ ਸਾਜ॥
ਸੋਦਾਮਾ ਅਪਦਾ ਤੇ ਰਾਖਿਆ ਗਨਿਕਾ ਪੜ੍ਹਤ ਪੂਰੇ ਤਿਹ ਕਾਜ॥
ਸ੍ਰੀ ਸਤਿਗੁਰ ਸੁਪ੍ਰਸੰਨ ਕਲਜੁਗ ਹੋਇ ਰਾਖਹੁ ਦਾਸ ਭਾਟ ਕੀ ਲਾਜ॥ (ਪੰਨਾ 1400)
ਉਪਰੋਕਤ ਵਿਚਾਰ ਦੇ ਆਧਾਰ ’ਤੇ ਇਹ ਸਪਸ਼ਟ ਹੋਇਆ ਕਿ ਭੱਟ ਸਾਹਿਬਾਨ ਨੂੰ ਪਾਰਬ੍ਰਹਮ ਤੇ ਗੁਰੂ ਵਿਚ ਕੋਈ ਭੇਦ ਨਜ਼ਰ ਨਹੀਂ ਆਇਆ। ਸੱਚ ਤਾਂ ਇਹ ਹੈ ਕਿ ਹਰੀ ਅਤੇ ਗੁਰੂ ਨਾਨਕ ਸਾਹਿਬ ਇਕ ਰੂਪ ਹਨ, ਦਸਾਂ ਗੁਰੂ ਸਾਹਿਬਾਨਾਂ ਵਿਚ ਇੱਕ ਹੀ ਰੱਬੀ ਜੋਤਿ ਦਾ ਪ੍ਰਕਾਸ਼ ਹੁੰਦਾ ਰਿਹਾ। ਗੁਰੂ ਸਾਹਿਬਾਨ ਦੇ ਪੰਜ ਭੂਤਕ ਸਰੀਰ ਗੁਰੂ ਨਹੀਂ ਸਨ ਸਗੋਂ ਗੁਰੂ ਤਾਂ ਅਦ੍ਰਿਸ਼ਟ ਗੁਰੂ-ਜੋਤਿ ਸੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਵਿਚ ਪ੍ਰਵੇਸ਼ ਕਰ ਗਈ। ਇਹ ਦੈਵੀ ਗੁਰੂ-ਜੋਤਿ ਸਾਰੇ ਗੁਰੂ ਸਾਹਿਬਾਨ ਵਿਚ ਵਿਚਰਦੀ ਰਹੀ। ਦਸਮੇਸ਼ ਪਿਤਾ ਜੀ ਨੇ 1708 ਈ. ਨੂੰ ਜੋਤੀ ਜੋਤਿ ਸਮਾਉਣ ਸਮੇਂ ਆਦਿ ਗ੍ਰੰਥ ਸਾਹਿਬ ਜੀ/ਦਮਦਮੀ ਬੀੜ ਦੇ ਹਜ਼ੂਰ ਮੱਥਾ ਟੇਕਦੇ ਹੋਏ ਆਪਣੇ ਪਿੱਛੋਂ ਸਾਖਿਆਤ ਸਰੂਪ ਗੁਰੂ ਮੰਨਣ ਦਾ ਆਦੇਸ਼ ਦਿੱਤਾ ਅਰਥਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੁਗੋ ਜੁਗ ਗੁਰਿਆਈ ਦਿੱਤੀ ਹੈ। ਨਿਰਸੰਦੇਹ, ਇਹ ਦੈਵੀ-ਜੋਤਿ, ਦਸਾਂ ਪਾਤਸ਼ਾਹੀਆਂ ਵਿਚ ਵਿਚਰਦੀ ਰਹੀ ਨਾਨਕ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪ੍ਰਗਟ ਹੋ ਰਹੀ ਹੈ, ਕੇਵਲ ਸਿਦਕ ਤੇ ਭਰੋਸੇ ਦੀ ਲੋੜ ਹੈ।
ਗੁਰੂ ਸ਼ਖ਼ਸੀਅਤਾਂ:
ਗੁਰੂ ਸ਼ਖ਼ਸੀਅਤਾਂ (ਜੋ ਆਤਮਿਕ ਸਿਖਰ ’ਤੇ ਪਹੁੰਚ ਕੇ ਪਰਮਾਤਮਾ ਦਾ ਰੂਪ ਹੋ ਚੁੱਕੀਆਂ ਹਨ) ਦੇ ਗੁਣਾਂ ਨੂੰ ਬਿਆਨ ਕਰਨਾ ਅਲਪੱਗ ਜੀਵਾਂ ਲਈ ਅਸੰਭਵ ਹੈ ਪਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਭੱਟ ਸਾਹਿਬਾਨ ਦੀ ਬਾਣੀ ਦੇ ਆਧਾਰ ’ਤੇ ਗੁਰੂ ਸਾਹਿਬਾਨ (ਪਹਿਲੇ ਪੰਜ) ਦੀਆਂ ਮਹਾਨ ਸ਼ਖ਼ਸੀਅਤਾਂ ਦੀ ਝਲਕ-ਮਾਤ੍ਰ ਲੈਣ ਦਾ ਯਤਨ ਕਰਦੇ ਹਾਂ:
ਸ੍ਰੀ ਗੁਰੂ ਨਾਨਕ ਦੇਵ ਜੀ: ‘ਸਵੱਈਏ ਮਹਲੇ ਪਹਿਲੇ ਕੇ’ ਸਿਰਲੇਖ ਅਧੀਨ ਬਾਣੀ ਵਿਚ ਭੱਟ ਕਲਸਹਾਰ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਦਾ ਰੂਪ ਮੰਨ ਕੇ ਉਨ੍ਹਾਂ ਦੀ ਉਸਤਤਿ ਕੀਤੀ ਹੈ। ਭੱਟ ਜੀ ਨੇ ਗੁਰੂ ਜੀ ਦੀ ਉਸਤਤਿ ਕਰਨ ਤੋਂ ਪਹਿਲਾਂ ਅਧਿਆਤਮਿਕ ਕਾਵਿ-ਪਰੰਪਰਾ ਅਨੁਸਾਰ ਰਚਨਾ ਦਾ ਅਰੰਭ ‘ੴ ਸਤਿਗੁਰ ਪ੍ਰਸਾਦਿ ’ਮੰਗਲਾਚਰਣ ਕਰਨ ਉਪਰੰਤ ਕਰਦਿਆਂ ਕਿਹਾ ਹੈ ਕਿ ‘ਅਕਾਲ ਪੁਰਖ ਨੂੰ ਇਕਾਗਰ ਮਨ ਨਾਲ ਸਿਮਰ ਕੇ, ਜੋ ਬਖ਼ਸ਼ਿਸ਼ਾਂ ਕਰਨ ਵਾਲਾ ਹੈ, ਸੰਤਾਂ ਦਾ ਆਸਰਾ ਹੈ ਅਤੇ ਸਦਾ ਹਾਜ਼ਰ-ਨਾਜ਼ਰ ਹੈ, ਮੈਂ ਉਸ ਦੇ ਚਰਨ ਆਪਣੇ ਹਿਰਦੇ ਵਿਚ ਟਿਕਾਉਂਦਾ ਹਾਂ, ਅਤੇ (ਇਨ੍ਹਾਂ ਦੀ ਬਰਕਤਿ ਨਾਲ) ਪਰਮ ਗੁਰੂ- ਸਤਿਗੁਰੂ ਨਾਨਕ ਦੇਵ ਜੀ ਦੇ ਗੁਣਾਂ ਨੂੰ ਗਾਉਂਦਾ ਹਾਂ:
ਇਕ ਮਨਿ ਪੁਰਖੁ ਧਿਆਇ ਬਰਦਾਤਾ॥
ਸੰਤ ਸਹਾਰੁ ਸਦਾ ਬਿਖਿਆਤਾ॥
ਤਾਸੁ ਚਰਨ ਲੇ ਰਿਦੈ ਬਸਾਵਉ॥
ਤਉ ਪਰਮ ਗੁਰੂ ਨਾਨਕ ਗੁਨ ਗਾਵਉ॥ (ਪੰਨਾ 1389)
ਭੱਟ ਸਾਹਿਬਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਿਆਪਕ ਸ਼ਕਤੀ ਦੇ ਰੂਪ ਵਿਚ ਵੇਖਿਆ ਹੈ ਜਿਨ੍ਹਾਂ ਦੀ ਵਡਿਆਈ ਚਾਰੇ ਜੁੱਗਾਂ (ਸਤਜੁਗ, ਤ੍ਰੇਤਾ, ਦੁਆਪੁਰ ਤੇ ਕਲਿਜੁਗ) ਵਿਚ ਹੋ ਰਹੀ ਹੈ। ਆਪ ‘ਪ੍ਰਮਾਣੁ ਨਾਨਕ’ ਹਨ ਜੋ ‘ਨਾਨਕ-ਜੋਤਿ’ ਦੇ ਰੂਪ ਵਿਚ ਕਲਜੁਗੀ ਜੀਵਾਂ ਦਾ ਉਧਾਰ ਕਰਨ ਲਈ ਸੰਸਾਰ ਵਿਚ ਪ੍ਰਗਟ ਹੋਏ ਹਨ ਅਤੇ ਇਹੀ ਜੋਤਿ ਬਾਕੀ ਗੁਰੂ ਸਾਹਿਬਾਨ ਵਿਚ ਵੀ ਸੁਭਾਇਮਾਨ ਹੈ। ਭੱਟ ਕਲਸਹਾਰ ਜੀ ਦੇ ਸ਼ਬਦਾਂ ਵਿਚ:
ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ॥
ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ॥
ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ॥
ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ॥
ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ॥
ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥
ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ॥ (ਪੰਨਾ 1390)
ਬ੍ਰਹਮੰਡ ਖੰਡ ਪੂਰਨ ਬ੍ਰਹਮੁ ਗੁਣ ਨਿਰਗੁਣ ਸਮ ਜਾਣਿਓ॥
ਜਪੁ ਕਲ ਸੁਜਸੁ ਨਾਨਕ ਗੁਰ ਸਹਜੁ ਜੋਗੁ ਜਿਨਿ ਮਾਣਿਓ॥ (ਉਹੀ)
ਭੱਟ ਸਾਹਿਬਾਨ ਦੀ ਬਾਣੀ ਵਿਚ ਇਸ ਵਿਚਾਰ ਨੂੰ ਦ੍ਰਿੜਤਾ ਨਾਲ ਕਿਹਾ ਗਿਆ ਹੈ ਕਿ ਪਾਰਬ੍ਰਹਮ ਤੇ ਗੁਰੂ ਵਿਚ ਕੋਈ ਭੇਦ ਨਹੀਂ ਅਰਥਾਤ ਹਰੀ ਅਤੇ ਗੁਰੂ ਨਾਨਕ ਸਾਹਿਬ ਇੱਕ ਰੂਪ ਹਨ। ਇਕ ਵਿਦਵਾਨ ਇਸ ਨੂੰ ਸੁੰਦਰ ਸ਼ਬਦਾਂ ਵਿਚ ਬਿਆਨਦੇ ਹਨ: “ਮਹਿਤਾ ਕਾਲੂ ਜੀ ਦੇ ਘਰ ਇਕ ਬਾਲ ਜਨਮਿਆ ਜਿਸ ਦਾ ਨਾਮ ਮਾਪਿਆਂ ਨੇ ਨਾਨਕ ਰੱਖਿਆ ਪਰ ਵਾਹਿਗੁਰੂ ਦੀ ਜੋਤਿ, ਜੋ ਵਾਸਤਵਿਕ ਰੂਪ ਵਿਚ ਲੋਕਾਂ ’ਤੇ ਜ਼ਾਹਿਰ ਨਹੀਂ ਸੀ, ਗੁਰੂ ਨਾਨਕ ਸਾਹਿਬ ਦੇ ਰੂਪ ਵਿਚ ਪ੍ਰਗਟ ਹੋ ਗਈ। ਇਹ ਜੋਤਿ ਪ੍ਰਕਾਸ਼ਮਾਨ ਤਾਂ ਹਮੇਸ਼ਾਂ ਰਹਿੰਦੀ ਹੈ ਪਰ ਇਸ ਦਾ ਅਨੁਭਵ ਲੋਕਾਂ ਨੂੰ ਮਿਲ ਕੇ ਹੋਇਆ। ਜੋਤਿ ਨੇ ਜਨਮ ਨਹੀਂ ਲਿਆ ਕਿਉਂਕਿ ਉਹ ਤਾਂ ਜਨਮ ਮਰਨ ਵਿਚ ਆਉਂਦੀ ਹੀ ਨਹੀਂ, ਇਹ ਜੋਤਿ ਸ੍ਰੀ ਗੁਰੂ ਨਾਨਕ ਦੇਵ ਜੀ ਰਾਹੀਂ ਪ੍ਰਗਟ ਹੋਈ। ਇਸ ਤਰ੍ਹਾਂ ‘ਗੁਰੂ ਨਾਨਕ ਨਾ ਨਕ ਹਰਿ ਸੋਇ’ ਹੋ ਗਏ। ਗੁਰੂ ਨਾਨਕ ਦੇਵ ਜੀ ਨੇ ਇਹ ਜੋਤਿ ਭਾਈ ਲਹਿਣਾ ਜੀ ਵਿਚ ਧਰ ਕੇ ਉਸ ਨੂੰ ਗੁਰੂ ਅੰਗਦ ਕਰ ਦਿੱਤਾ।”6
ਭੱਟ ਬਾਣੀਕਾਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਰਮ ਗੁਰੂ, ਸੁਖਾਂ ਦੇ ਸਾਗਰ, ਬਾਣੀ ਦੇ ਸੋਮੇ, ਪਾਪ ਦੂਰ ਕਰਨ ਵਾਲੇ, ਰਾਜੁ ਜੋਗੀ, ਸਰਬ ਕਲਾ ਭਰਪੂਰ ਆਦਿ ਅਨੇਕਾਂ ਦੈਵੀ ਗੁਣਾਂ ਵਾਲੇ ਬਿਆਨਿਆ ਹੈ:
ਗਾਵਉ ਗੁਨ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ॥ (ਪੰਨਾ 1389)
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥ (ਪੰਨਾ 1389)
ਭੱਟ ਸਾਹਿਬਾਨ ਦੀਆਂ ਨਜ਼ਰਾਂ ਵਿਚ, ਜਗਤ-ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਬਖਸ਼ਿਸ਼ਾਂ ਦੇ ਭੰਡਾਰ ਹਨ ਜਿਨ੍ਹਾਂ ਨੇ ਭਾਈ ਲਹਿਣਾ ਜੀ ਨੂੰ ਆਪਣੇ ਅੰਗ ਨਾਲ ਲਗਾ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿਚ ਦੂਜੇ ਗੁਰੂ ਹੋਣ ਦਾ ਮਾਣ ਬਖਸ਼ਿਆ। ਇਹ ਆਤਮਿਕ ਵਿਰਸਾ ਸੀ ਜਿਸ ਨੂੰ ਪ੍ਰਾਪਤ ਕਰ ਕੇ ਇਕ ਸੇਵਕ ਨੇ ਗੁਰੂ ਨਾਨਕ ਸਾਹਿਬ ਵਾਲਾ ਦਰਜਾ ‘ਗੁਰਗਮਿ ਪ੍ਰਮਾਣੁ’ ਹਾਸਲ ਕਰ ਲਿਆ।
ਸ੍ਰੀ ਗੁਰੂ ਅੰਗਦ ਦੇਵ ਜੀ: ‘ਸਵੱਈਏ ਮਹਲੇ ਦੂਜੇ ਕੇ’ ਵਿਚ ਭੱਟ ਕਲਸਹਾਰ ਜੀ ਨੇ ਸਰਬ-ਵਿਆਪਕ, ਕਾਰਣ-ਕਰਣ ਸਮਰੱਥ ਕਰਤਾਰ ਦੀ ਵਡਿਆਈ ਕਰਨ ਉਪਰੰਤ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਕੀਤੀ ਹੈ ਜਿਨ੍ਹਾਂ ਨੇ ਭਾਈ ਲਹਿਣਾ ਜੀ ਦੇ ਮਸਤਕਿ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਹੈ। ਫਿਰ ‘ਤ ਧਰਿਓ ਮਸਤਕਿ ਹਥੁ ਸਹਜਿ’ ਆਖ ਕੇ ਦ੍ਰਿੜ੍ਹ ਕਰਵਾਇਆ ਹੈ ਕਿ ਇਸ ਗੁਰੂ-ਬਖਸ਼ਿਸ਼ ਨੇ ਭਾਈ ਲਹਿਣਾ ਜੀ ਨੂੰ ਨਦਰੀ ਨਦਰਿ ਨਿਹਾਲ ਕਰ ਦਿੱਤਾ ਜਿਸ ਦੀ ਬਰਕਤ ਨਾਲ ਆਪ ਦੇ ਹਿਰਦੇ ਵਿਚ ਨਾਮ-ਅੰਮ੍ਰਿਤ ਛਹਿਬਰ ਲਾ ਕੇ ਵੱਸ ਪਿਆ ਹੈ। ਇਸੇ ਲਈ ਭੱਟ ਬਾਣੀਕਾਰਾਂ ਨੇ ਪ੍ਰਵਾਨ ਕੀਤਾ ਹੈ ਕਿ ਜਿਨ੍ਹਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਦਰਸ਼ਨ ਕੀਤਾ ਹੈ ਉਨ੍ਹਾਂ ਨੇ ਮਾਨੋ ਅਕਾਲ ਪੁਰਖ ਨੂੰ ਪਰਸ ਲਿਆ ਹੈ। ਆਪ ਜੀ ਦੇ ਦਰਸ਼ਨ ਕੀਤਿਆਂ ਸਦਾ ਥਿਰ ਹਰਿ ਨਾਮ ਪ੍ਰਾਪਤ ਹੋ ਜਾਂਦਾ ਹੈ ਜਿਸ ਦੁਆਰਾ ਜਨਮ- ਮਰਨ ਕੱਟਿਆ ਜਾਂਦਾ ਹੈ ਤੇ ਜੀਵਨ ਸਫਲ ਹੋ ਜਾਂਦਾ ਹੈ। ਬਾਕੀ ਸਵੱਈਆਂ ਵਿਚ ਭੱਟ ਬਾਣੀਕਾਰਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਮਹਿਮਾ ਕਰਦਿਆਂ ਵਾਰ-ਵਾਰ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਹਰੀ-ਰੂਪ ਜਗਤ ਦੇ ਗੁਰੂ ਨੂੰ ਪਰਸ ਕੇ ਭਾਈ ਲਹਿਣਾ ਜੀ ਦੀ ਸ਼ੋਭਾ ਸਾਰੇ ਸੰਸਾਰ ਵਿਚ ਫੈਲ ਰਹੀ ਹੈ:
ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ
ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ॥ (ਪੰਨਾ 1391)
ਭੱਟ ਬਾਣੀਕਾਰ ਨੇ ਗੁਰੂ ਜੀ ਦੇ ਕੁਝ ਵਿਸ਼ੇਸ਼ ਗੁਣਾਂ ਦਾ ਜ਼ਿਕਰ ਕਰਦਿਆਂ ਆਪ ਜੀ ਨੂੰ ‘ਜਨਕ ਰਾਜਾ ਅਉਤਾਰ’ ਭਾਵ ਨਿਰਲੇਪ ਤੇ ਰਾਜ ਜੋਗੀ, ‘ਸਰਣ ਜਾਚਿਕ ਪ੍ਰਤਿਪਾਲਣ’ ਭਾਵ ਸ਼ਰਨ ਆਇਆਂ ਦੀ ਪਾਲਣਾ ਕਰਨ ਵਾਲੇ, ‘ਉਦਾਰਉ ਚਿਤ ਦਾਰਿਦ ਹਰਨ’ ਉਦਾਰਚਿੱਤ ਅਤੇ ਗਰੀਬੀ ਦੂਰ ਕਰਨ ਵਾਲੇ, ‘ਗੁਰ ਨਵ ਨਿਧਿ ਦਰਿਆਉ’, ‘ਦੁਖ ਸੰਸਾਰਹ ਖੋਵੈ॥’ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ‘ਨਿੰਮਰੀ ਭੂਤ ਸਦੀਵ ਪਰਮ ਪਿਆਰਿ’ ਮਾਨਵ ਪਿਆਰ ਨਾਲ ਭਰਪੂਰ ‘ਸਪੂਰ ਜਿਉ ਨਿਵੈ’ ਅਰਥਾਤ ਫਲਦਾਰ ਰੁੱਖ ਜਿਵੇਂ ਨਿਉਂਦਾ ਹੈ ਉਸੇ ਤਰ੍ਹਾਂ ਨਿਮਰਤਾ ਭਾਵ ਵਾਲੇ ਹਨ। ‘ਸਬਦ ਸੂਰ ਬਲਵੰਤ’ ਭਾਵ ਸ਼ਬਦ ਦੇ ਸੂਰਮੇ ਤੇ ਬਲੀ, ਕਿਹਾ ਹੈ ਜਿਨ੍ਹਾਂ ਦੇ ਬਚਨਾਂ ਵਿਚ ਅੰਮ੍ਰਿਤ ਨੂੰ ਢਾਲਣ ਦੀ ਕਲਾ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਸਾਰਿਆਂ ਨੂੰ ਇਕ ਦ੍ਰਿਸ਼ਟੀ (ਸਮ-ਦ੍ਰਿਸ਼ਟੀ) ਨਾਲ ਵੇਖਦੇ ਹਨ। ਆਪ ਦੇ ਦ੍ਰਿਸ਼ਟੀ ਕਰਦਿਆਂ ਹੀ ਅਗਿਆਨ ਰੂਪੀ ਹਨੇਰਾ ਦੂਰ ਹੁੰਦਾ ਹੈ ਤੇ ਪਾਪ ਨਸ਼ਟ ਹੋ ਜਾਂਦੇ ਹਨ:
ਦ੍ਰਿਸਟਿ ਧਰਤ ਤਮ ਹਰਨ ਦਹਨ ਅਘ ਪਾਪ ਪ੍ਰਨਾਸਨ॥ (ਪੰਨਾ 1391)
ਸ੍ਰੀ ਗੁਰੂ ਅਮਰਦਾਸ ਜੀ: ‘ਸਵੱਈਏ ਮਹਲੇ ਤੀਜੇ ਕੇ’ ਸਿਰਲੇਖ ਅਧੀਨ ਸਵੱਈਆਂ ਦਾ ਅਰੰਭ ਵੀ ਭੱਟ ਕਲਸਹਾਰ ਜੀ ਨੇ ਸਦਾ-ਥਿਰ ਅਕਾਲ ਪੁਰਖ ਨੂੰ ਸਿਮਰ ਕੇ ਕੀਤਾ ਹੈ ਜਿਸ ਦਾ‘ਇਕੁ ਨਾਮੁ ਅਛਲੁ ਸੰਸਾਰੇ’ ਹੈ। ਇਹ ਹਰਿ ਨਾਮ ਜੋ ਭਗਤਾਂ ਨੂੰ ਸੰਸਾਰ ਤੋਂ ਤਾਰਦਾ ਹੈ, ਸ੍ਰੀ ਗੁਰੂ ਅਮਰਦਾਸ ਜੀ ਦੇ ਹਿਰਦੇ ਵਿਚ ਪ੍ਰਗਟ ਹੋ ਗਿਆ ਹੈ:
ਸੋਈ ਨਾਮੁ ਅਛਲੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ॥ (ਪੰਨਾ 1393)
ਭੱਟ ਬਾਣੀਕਾਰ ਨੇ ਇਸ ਵਿਚਾਰ ਨੂੰ ਚਾਰ ਵਾਰ ਦੁਹਰਾਇਆ ਹੈ ਤੇ ਦੱਸਿਆ ਹੈ ਕਿ ਆਪ ਕੇਵਲ ਇੱਕ ਅਕਾਲ ਪੁਰਖ ਨੂੰ ਨਿਰੰਤਰ ਧਿਆਉਂਦੇ ਹੋਏ ਸਦਾ ਉਸ ਵਿਚ ਲੀਨ ਰਹਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਕੁਲ ਵਿਚ ਪੈਦਾ ਹੋ ਕੇ (ਜੋਤਿ ਰੂਪ ਵਿਚ) ਉੱਚੀ ਪਦਵੀ ਹਾਸਲ ਕੀਤੀ ਹੈ। ਗੁਰੂ ਜੀ ਨੇ ਅਕਾਲ ਪੁਰਖ ਦੇ ਹੁਕਮ ਦੀ ਪਛਾਣ ਕਰ ਕੇ ਗਿਆਨ ਪ੍ਰਾਪਤ ਕੀਤਾ ਹੈ ਤੇ ਸਦਾ ਰਜ਼ਾ ਵਿਚ ਵਿਚਰਦੇ ਹਨ:
ਨਿਰੰਕਾਰ ਕੈ ਵਸੈ ਦੇਸਿ ਹੁਕਮੁ ਬੁਝਿ ਬੀਚਾਰੁ ਪਾਵੈ॥ (ਪੰਨਾ 1395)
ਆਪ ਜੀ ਨੇ ਸ਼ਬਦ-ਗੁਰੂ ਰੂਪੀ ਨੇਜ਼ੇ ਨਾਲ ਪੰਜ ਦੂਤਾਂ ਦਾ ਨਾਸ ਕਰ ਦਿੱਤਾ ਹੈ:
ਭੈ ਨਿਰਭਉ ਹਰਿ ਅਟਲੁ ਮਨਿ ਸਬਦਿ ਗੁਰ ਨੇਜਾ ਗਡਿਓ॥ (ਪੰਨਾ 1396)
ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ॥ (ਪੰਨਾ 1396)
ਗੁਰੂ ਜੀ ਦਾ ਮਨ ਉੱਡਦੀ ਹਵਾ ਵਾਂਗ ਤੇਜ਼ ਨਹੀਂ ਦੌੜਦਾ। ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ: “ਗੁਰੂ ਅਮਰਦਾਸ ਜੀ ਬਾਬਤ ਕਿਹਾ ਹੈ ਕਿ ਤੁਹਾਡਾ ਮਨ ਵੀ ਵੱਸ ਵਿਚ ਹੈ ਅਤੇ ਪਵਨ ਵੀ ਤੁਹਾਡੇ ਅਧਿਕਾਰ ਵਿਚ ਹੈ। ਪਵਨ ਤੋਂ ਤਾਤਪਰਜ ਪ੍ਰਾਣ ਹੈ। ਮੁਰਾਦ ਇਹ ਹੈ ਕਿ ਗੁਰੂ ਅਮਰਦਾਸ ਜੀ ਨੇ ਆਪਣੇ ਦਮ- ਦਮ ਨੂੰ ਸੰਭਾਲਿਆ ਹੋਇਆ ਹੈ ਅਤੇ ਉਹ ਇਕਾਗਰ ਚਿੱਤ ਹਨ।”7
ਭੱਟ ਬਾਣੀਕਾਰਾਂ ਨੂੰ ਤੀਸਰੇ ਪਾਤਸ਼ਾਹ‘ਕਲਿ ਮਹਿ ਰੂਪੁ ਕਰਤਾ ਪੁਰਖੁ’, ‘ਆਪਿ ਨਰਾਇਣੁ’ ਤੇ ‘ਨਿਰੰਕਾਰਿ’ ਲੱਗੇ ਹਨ। ਅਜਿਹੇ ਸਤਿਗੁਰੂ ਦੇ ਗੁਣਾਂ ਦਾ ਬਿਆਨ ਕਰਨਾ ਔਖਾ ਹੈ:
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ॥ (ਪੰਨਾ 1395)
ਜੋ ਗੁਣ ਅਲਖ ਅਗੰਮ ਤਿਨਹ ਗੁਣ ਅੰਤੁ ਨ ਜਾਣਉ॥ (ਪੰਨਾ 1395)
ਸ੍ਰੀ ਗੁਰੂ ਰਾਮਦਾਸ ਜੀ: ‘ਸਵੱਈਏ ਮਹਲੇ ਚਉਥੇ ਕੇ’ ਸਵੱਈਆਂ ਦੇ ਅਰੰਭ ਵਿਚ ਭੱਟ ਕਲਸਹਾਰ ਜੀ ਨੇ ਅਕਾਲ ਪੁਰਖ ਦਾ ਮੰਗਲਾਚਰਨ ਕਰਨ ਉਪਰੰਤ ਪਹਿਲੇ ਸਵੱਈਏ ਵਿਚ ਹੀ ਆਖਿਆ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਕਰ ਕੇ ‘ਪਰਮ ਪਦ’ ਪਾਇਆ ਹੈ ਅਤੇ ਅਬਿਨਾਸ਼ੀ ਤੇ ਅਦ੍ਰਿਸ਼ਟ ਹਰੀ ਨੂੰ ਸਿਮਰਿਆ ਹੈ। ਉਹ ਸ੍ਰੀ ਗੁਰੂ ਰਾਮਦਾਸ ਜੀ ਦੇ ਨਿਰਮਲ ਗੁਣ ਗਾਉਂਦਾ ਹੈ ਜਿਨ੍ਹਾਂ ਨੂੰ ਆਤਮਿਕ ਜੀਵਨ ਦੇਣ ਵਾਲਾ ਨਾਮ ਅਨੁਭਵ ਹੋਇਆ ਹੈ:
ਜੰਪਉ ਗੁਣ ਬਿਮਲ ਸੁਜਨ ਜਨ ਕੇਰੇ ਅਮਿਅ ਨਾਮੁ ਜਾ ਕਉ ਫੁਰਿਆ॥ (ਪੰਨਾ 1396)
ਗਯੰਦ ਭੱਟ ਜੀ ਚੌਥੇ ਪਾਤਸ਼ਾਹ ਦੇ ਵਿਰਾਟ ਸਰੂਪ ਦਾ ਵਰਣਨ ਕਰਦਿਆਂ ਹੋਇਆਂ ਕ੍ਰਿਸ਼ਨ, ਰਾਮ, ਵਿਸ਼ਨੂੰ, ਨਰ ਸਿੰਘ, ਬਾਵਨ ਰੂਪ ਅਵਤਾਰ, ਸਾਰੀ ਸ੍ਰਿਸ਼ਟੀ ਦਾ ਰਚਣਹਾਰ, ਸਰਬ-ਵਿਆਪਕ ਪਰਮਾਤਮਾ, ਨਿਰੰਕਾਰ ਰੂਪ ਵਿਚ ਵੇਖਦੇ ਹਨ। ਇਸ ਅਲੌਕਿਕ ਨਜ਼ਾਰੇ ਨੂੰ ‘ਵਾਹੁ ਵਾਹੁ ਕਾ ਬਡਾ ਤਮਾਸਾ’ ਦੱਸ ਕੇ ‘ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਓ’ ਦੀ ਧੁਨੀ ਅਲਾਪਦੇ ਹਨ। ਭੱਟ ਮਥੁਰਾ ਜੀ ਨੇ ਗੁਰੂ ਜੀ ਨੂੰ ‘ਧ੍ਰੰਮੁ ਧੁਜਾ’, ‘ਧ੍ਰੰਮ ਪੰਥੁ’, ‘ਨਿਰਮਲ ਨਾਮੁ ਸੁਧਾ ਪਰਪੂਰਨ’ ਅਰਥਾਤ ਧਰਮ ਦਾ ਝੰਡਾ ਲਹਿਰਾਉਣ ਵਾਲੇ, ਧਰਮ ਦਾ ਪੰਥ ਚਲਾਉਣ ਵਾਲੇ ਅਤੇ ਪਰਮਾਤਮਾ ਦੇ ਨਾਮ ਦਾ ਭਰਿਆ ਸਰੋਵਰ ਆਖ ਕੇ ਵਡਿਆਈ ਕੀਤੀ ਹੈ। ਭੱਟਾਂ ਦੀਆਂ ਨਜ਼ਰਾਂ ਵਿਚ ਸ੍ਰੀ ਗੁਰੂ ਰਾਮਦਾਸ ਜੀ ‘ਹਰਿ ਨਾਮ ਰਸਿਕ’, ਸਮ-ਦ੍ਰਿਸ਼ਟ, ਗੂੜ੍ਹ ਮਤਿ ਵਾਲੇ, ਸੰਜਮੀ, ਸੰਤੋਖੀ ਤੇ ਸੀਲ ਸੁਭਾਅ ਦੇ ਮਾਲਕ ਹਨ। ਭੱਟ ਮਥੁਰਾ ਜੀ ਅਨੁਸਾਰ ਗੁਰੁ ਜੀ ਦਾਨੀ ਤੇ ਮਹਾਂ ਬਲੀ ਹਨ:
ਦਾਨਿ ਬਡੌ ਅਤਿਵੰਤੁ ਮਹਾਬਲਿ ਸੇਵਕਿ ਦਾਸਿ ਕਹਿਓ ਇਹੁ ਤਥੁ॥
ਤਾਹਿ ਕਹਾ ਪਰਵਾਹ ਕਾਹੂ ਕੀ ਜਾ ਕੈ ਬਸੀਸਿ ਧਰਿਓ ਗੁਰਿ ਹਥੁ॥ (ਪੰਨਾ 1405)
ਭੱਟ ਕਲਸਹਾਰ ਜੀ ਚੌਥੇ ਪਾਤਸ਼ਾਹ ਨੂੰ ਰਾਜੇ ਜਨਕ ਵਾਲੀ ਆਤਮਿਕ ਅਡੋਲਤਾ ਦੇ ਅਧਿਕਾਰੀ ਮੰਨਦੇ ਹਨ:
ਇਹੁ ਜਨਕ ਰਾਜੁ ਗੁਰ ਰਾਮਦਾਸ ਤੁਝ ਹੀ ਬਣਿ ਆਵੈ॥ (ਪੰਨਾ 1398)
ਨ ਕਿ ਸਮਰੱਥ ਗੁਰੂ (ਸ੍ਰੀ ਗੁਰੂ ਅਮਰਦਾਸ ਜੀ) ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਿਆ ਹੈ ਤੇ ਆਪ ਨੂੰ ਹਰੀ ਦਾ ਨਾਮ ਬਖ਼ਸ਼ਿਆ ਹੈ (ਜਿਸ ਦੇ ਸੁਣਨ ਨਾਲ ਜਮ-ਰਾਜ ਨੇੜੇ ਨਹੀਂ ਆਉਂਦਾ), ਆਪ ਜੀ ਦਾ ਧਿਆਨ ਇਕਰਸ ਨਾਮ ਵਿਚ ਲੱਗਾ ਰਹਿੰਦਾ ਹੈ। ਆਪ ਜੀ ਨੇ ਪਾਰਸ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੂੰ ਪਰਸਿਆ ਜਿਸ ਦਾ ਫਲ ਇਹ ਹੋਇਆ ਕਿ ਅਟੱਲ ਪਦਵੀ ਪ੍ਰਾਪਤ ਹੋ ਗਈ ਹੈ:
ਗੁਰਿ ਕੀਨੀ ਕ੍ਰਿਪਾ ਹਰਿ ਨਾਮੁ ਦੀਅਉ ਜਿਸੁ ਦੇਖਿ ਚਰੰਨ ਅਘੰਨ ਹਰ੍ਹਉ॥
ਨਿਸਿ ਬਾਸੁਰ ਏਕ ਸਮਾਨ ਧਿਆਨ ਸੁ ਨਾਮ ਸੁਨੇ ਸੁਤੁ ਭਾਨ ਡਰ੍ਹਉ॥
ਭਨਿ ਦਾਸ ਸੁ ਆਸ ਜਗਤ੍ਰ ਗੁਰੂ ਕੀ ਪਾਰਸੁ ਭੇਟਿ ਪਰਸੁ ਕਰ੍ਹਉ॥
ਰਾਮਦਾਸੁ ਗੁਰੂ ਹਰਿ ਸਤਿ ਕੀਯਉ ਸਮਰਥ ਗੁਰੂ ਸਿਰਿ ਹਥੁ ਧਰ੍ਹਉ॥ (ਪੰਨਾ 1400)
ਤੀਸਰੇ ਪਾਤਸ਼ਾਹ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ‘ਰਾਜੁ ਜੋਗੁ ਤਖਤੁ’ ਦੇ ਕੇ ਨਿਵਾਜਿਆ ਹੈ। ਪਰਮ ਪਦਵੀ ’ਤੇ ਬਿਰਾਜਮਾਨ ਸਤਿਗੁਰੂ ਨੂੰ ਬਲ੍ਹ ਭੱਟ ਜੀ ‘ਮਿਲਿ ਸੰਗਤਿ ਧੰਨਿ ਧੰਨਿ ਕਰਹੁ’ ਤੇ ਭੱਟ ਨਲ੍ਹ ਜੀ ਸ਼ਰਧਾ ਨਾਲ ‘ਗੁਰੂ ਗੁਰੁ, ਗੁਰੂ ਗੁਰੁ, ਗੁਰੁ ਜਪੁ, ਮੰਨ ਰੇ’ ਸ਼ਬਦਾਂ ਦੁਆਰਾ ਧਿਆਉਣ ਲਈ ਪ੍ਰੇਰਨਾ ਦਿੰਦੇ ਹਨ।
ਸ੍ਰੀ ਗੁਰੂ ਅਰਜਨ ਦੇਵ ਜੀ: ‘ਸਵੱਈਏ ਮਹਲੇ ਪੰਜਵੇਂ ਕੇ’ ਸਿਰਲੇਖ ਅਧੀਨ ਸਵੱਈਆਂ ਦੇ ਅਰੰਭ ਵਿਚ ਭੱਟ ਕਲਸਹਾਰ ਜੀ ‘ਅਚਲੁ ਅਬਿਨਾਸ਼ੀ’ ਅਕਾਲ ਪੁਰਖ ਨੂੰ ਧਿਆਉਣ ਤੋਂ ਬਾਅਦ ਕਹਿੰਦੇ ਹਨ ਕਿ ‘ਸਤਿਗੁਰ ਚਰਣ ਕਵਲ’ ਹਿਰਦੇ ਵਿਚ ਟਿਕਾ ਕੇ ‘ਗੁਰ ਅਰਜੁਨ ਗੁਣ ਸਹਿਜ ਬਿਚਾਰੰ’ ਅਰਥਾਤ ਪ੍ਰੇਮ ਤੇ ਸਹਿਜ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਣ ਵਿਚਾਰਦਾ ਹਾਂ ਜਿਨ੍ਹਾਂ ਨੇ ‘ਜਨਮਤ ਗੁਰਮਤਿ ਬ੍ਰਹਮ’ (1407) ਪਛਾਣਿਆ ਹੈ।
ਹਰਿਬੰਸ ਭੱਟ ਜੀ ਦੇ ਸ਼ਬਦਾਂ ਵਿਚ ਗੁਰੂ ਜੀ ਦੇ ਸੀਸ ਉੱਤੇ ਪਰਮੇਸ਼ਰ ਨੇ ਆਪ ‘ਛਤਰ’ ਝੁਲਾਇਆ ਹੈ:
ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ॥ (ਪੰਨਾ 1409)
ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ॥ (ਪੰਨਾ 1409)
ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ॥ (ਪੰਨਾ 1409)
ਭੱਟ ਸਾਹਿਬਾਨ ਨੇ ਗੁਰੂ ਸਾਹਿਬ ਨੂੰ ‘ਬੋਹਿਥਾ’ ਤੇ ‘ਜਹਾਜੁ’ ਨਾਲ ਉਪਮਾ ਦਿੱਤੀ ਹੈ, ਜੋ ਜਗਤ-ਰੂਪੀ ਸਾਗਰ ਵਿੱਚੋਂ ਲੋਕਾਈ ਨੂੰ ਤਾਰਨ ਦਾ ਕਾਰਜ ਕਰਦਾ ਹੈ:
ਭਵਜਲੁ ਸਾਇਰੁ ਸੇਤੁ ਨਾਮੁ ਹਰੀ ਕਾ ਬੋਹਿਥਾ॥ (ਪੰਨਾ 1408)
ਕਲਜੁਗਿ ਜਹਾਜੁ ਅਰਜੁਨੁ ਗੁਰੂ ਸਗਲ ਸ੍ਰਿਸਿ† ਲਗਿ ਬਿਤਰਹੁ॥ (ਪੰਨਾ 1408)
ਭੱਟ ਸਾਹਿਬਾਨ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਸਾਖਿਆਤ ਅਕਾਲ ਪੁਰਖ- ‘ਪੁਰਖੁ ਪ੍ਰਮਾਣੁ’ ਭਾਵ ਪ੍ਰਮਾਣੀਕ ਪੁਰਖ ਹਨ। ਭੱਟ ਜੀ ਨੇ ਅਨੁਭਵ ਕੀਤਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਨਮ ਤੋਂ ਹੀ ਗੁਰੂ ਦੀ ਮਤਿ ਦੁਆਰਾ ਬ੍ਰਹਮ ਨੂੰ ਪਛਾਣਿਆ ਹੈ ਭਾਵ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੋਈ ਹੈ। ਗੁਰ ਵਿਅਕਤੀ ਦੇ ਰੂਪ ਵਿਚ ਉਹ ਭਵ ਭੰਜਨ, ਬਿਮਲ ਬੁਧਿ ਦੇ ਮਾਲਕ, ਧ੍ਰੰਮ ਧੀਰ ਭਾਵ ਸਹਿਜ ਅਵਸਥਾ ਵਿਚ ਵਿਚਰਨ ਵਾਲੇ, ਅਜਰ ਅਵਸਥਾ ਜਰਨ ਵਾਲੇ, ਦੀਨ ਦਿਆਲ, ਉਦਾਰਚਿੱਤ, ਮਹਾਂਦਾਨੀ, ਗਿਆਨ ਰੂਪ, ਪਰ ਪੀਰ ਤੇ ਦੁੱਖ ਦਰਦ ਨਿਵਾਰਨ ਵਾਲੇ, ਸਤਿ-ਸੰਤੋਖ, ਧੀਰਜ ਆਦਿ ਅਨੇਕਾਂ ਗੁਣਾਂ ਨਾਲ ਭਰਪੂਰ ਸ਼ਖ਼ਸੀਅਤ ਹਨ। ਪ੍ਰਿੰਸੀਪਲ ਸਤਿਬੀਰ ਸਿੰਘ ਦੇ ਸ਼ਬਦਾਂ ਵਿਚ, “ਭੱਟ ਬਾਣੀਕਾਰਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਗੰਗਾ ਵਾਂਗ ਪਵਿੱਤਰ, ਸਮੁੰਦਰ ਵਾਂਗ ਸ਼ਾਂਤ, ਚੰਦਨ ਵਾਂਗ ਠੰਡਾ ਅਤੇ ਬ੍ਰਿਛ ਵਾਂਗ ਸਹਿਜ ਅਵਸਥਾ ਵਿਚ ਵਿਚਰਦੇ ਵੇਖਿਆ। ਉਨ੍ਹਾਂ ਨੇ ਗੁਰੂ ਜੀ ਨੂੰ ਸਹਿਜ ਹੀ ਸਹਿਜ (ਸਹਿਜ ਚੰਦੋਆ ਤਾਣਿਓ), ਠੰਢ ਹੀ ਠੰਢ (ਸੀਤਲ ਸੁਖਦਾਤਾ), ਨਿਰਮਲ ਹੀ ਨਿਰਮਲ (ਗੰਗਾ ਜਲ), ਧਰਮ ਦਾ ਯੱਗ (ਧਰਮ ਧਰਿ), ਗੁਰਮਤਿ ਦਾ ਗਿਆਨ ਦਾਤਾ, ਗੰਭੀਰ, ਸਭ ਕੁਝ ਛੱਡ ਖੁਸ਼ੀ ਮਨਾਉਣ ਵਾਲਾ (ਮਹਾਂਦਾਨੀ), ਸਦਾ ਖੇੜੇ ਤੇ ਚਾਅ ਵਿਚ ਰਹਿਣ ਵਾਲਾ (ਮਨਿ ਚਾਉ ਨ ਹੁਟੈ) ਕਦੇ ਵੀ ਪਿੱਛੇ ਨਾ ਰਹਿਣ ਵਾਲਾ, ਇਸ ਸੰਸਾਰ ਦੇ ਮਹਾਂ ਯੁੱਧ ਵਿਚ ਦੂਜਾ ਅਰਜਨ ਤੇ ਰਾਜ ਵਿਚ ਜੋਗ ਕਮਾਉਣ ਵਾਲਾ ਰਾਜਾ ਜਨਕ ਕਹਿ ਸਤਿਕਾਰਿਆ।”8 ਭੱਟ ਮਥੁਰਾ ਜੀ ਨੇ ਪੰਜਵੇਂ ਗੁਰੂ ਜੀ ਨੂੰ ‘ਪ੍ਰਤੱਖ ਹਰੀ’ ਦਾ ਰੂਪ ਜਾਣਿਆ ਹੈ:
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ॥ (ਪੰਨਾ 1409)
ਭੱਟ ਬਾਣੀਕਾਰਾਂ ਨੂੰ ਇਹ ਵੀ ਭਰੋਸਾ ਹੈ ਕਿ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਿਮਰਿਆ ਭਾਵ ਗੁਰੂ ਜੀ ਦਾ ਉਪਦੇਸ਼ ਗ੍ਰਹਿਣ ਕੀਤਾ ਹੈ ਉਨ੍ਹਾਂ ਦਾ ਜਨਮ-ਮਰਨ ਦਾ ਚੱਕਰ ਖਤਮ ਹੋ ਗਿਆ ਹੈ:
ਜਪ੍ਹਉ ਜਿਨ੍ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ॥ (ਪੰਨਾ 1409)
ਸਾਹਿਤਕ ਪੱਖ:
ਸਾਹਿਤਕ ਪੱਖ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਭੱਟ ਸਾਹਿਬਾਨ ਦੀ ਬਾਣੀ ਵਿਸ਼ਾ ਵਸਤੂ, ਕਾਵਿ-ਕਲਾ, ਲਿੱਪੀ, ਭਾਸ਼ਾ ਤੇ ਸ਼ੈਲੀ, ਸ਼ਬਦਾਵਲੀ, ਅਲੰਕਾਰ ਯੋਜਨਾ, ਛੰਦ ਆਦਿ ਪੱਖਾਂ ਤੋਂ ਵਿਲੱਖਣ ਰਚਨਾ ਹੈ।
ਭੱਟ ਸਾਹਿਬਾਨ ਦੀ ਬਾਣੀ ਦਾ ਵਿਸ਼ਾ-ਵਸਤੂ ਅਧਿਆਤਮਿਕਤਾ ਨਾਲ ਓਤ-ਪੋਤ ਹੈ। ਇਹ ਕਾਵਿ-ਕਲਾ ਦੇ ਪੱਖ ਤੋਂ ਉਸਤਤਿ-ਕਾਵਿ ਦਾ ਸੁੰਦਰ ਨਮੂਨਾ ਹੈ ਜੋ ਗੁਰਮੁਖੀ ਲਿੱਪੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਹੈ। ਭੱਟਾਂ ਦੇ ਸਵੱਈਆਂ ਦਾ ਭਾਸ਼ਾ ਪੱਖ ਤੋਂ ਅਧਿਐਨ ਕੀਤਿਆਂ ਪਤਾ ਲੱਗਦਾ ਹੈ ਕਿ ਭੱਟ ਬਾਣੀਕਾਰਾਂ ਕੋਲ ਸ਼ਬਦਾਵਲੀ ਦਾ ਭਰਪੂਰ ਖਜ਼ਾਨਾ ਸੀ ਜਿਸ ਕਾਰਨ ਉਨ੍ਹਾਂ ਨੇ ਅਨੇਕਾਂ ਨਵੇਂ ਤੇ ਵਿਲੱਖਣ ਅੱਖਰ-ਜੋੜ ਤੇ ਸ਼ਬਦ-ਜੋੜ ਘੜੇ ਹਨ। ਭੱਟ ਬਾਣੀਕਾਰ ਮੱਧ-ਕਾਲੀਨ ਭਾਰਤੀ ਅਧਿਆਤਮਿਕ ਪਰੰਪਰਾ ਦੇ ਪ੍ਰਤੀਨਿਧ ਮੰਨੇ ਜਾਂਦੇ ਹਨ ਜਿਨ੍ਹਾਂ ਤੇ ਕਈ ਭਾਸ਼ਾਵਾਂ (ਉਸ ਸਮੇਂ ਦੀ ਪੰਜਾਬੀ, ਬ੍ਰਿਜ ਭਾਸ਼ਾ, ਸੰਸਕ੍ਰਿਤ, ਹਿੰਦੀ, ਪ੍ਰਾਕ੍ਰਿਤ ਆਦਿ) ਦਾ ਪ੍ਰਭਾਵ ਜਾਪਦਾ ਹੈ। ਪ੍ਰਸਿੱਧ ਭਾਸ਼ਾ ਵਿਗਿਆਨੀ ਡਾ. ਹਰਕੀਰਤ ਸਿੰਘ ਦੇ ਸ਼ਬਦਾਂ ਵਿਚ, “ਭੱਟਾਂ ਦੀ ਭਾਸ਼ਾ ਦੀ ਆਪਣੀ ਹੀ ਨਿਵੇਕਲੀ ਨੁਹਾਰ ਹੈ। ਉਨ੍ਹਾਂ ਦੀ ਭਾਸ਼ਾ ਦੇ ਕੁਝ ਅੰਸ਼ ਅਜਿਹੇ ਹਨ, ਜਿਨ੍ਹਾਂ ਨੂੰ ਕਿਸੇ ਵੀ ਭਾਸ਼ਾ ਜਾਂ ਉਪਭਾਸ਼ਾ ਨਾਲ ਸੰਬੰਧਿਤ ਨਹੀਂ ਕੀਤਾ ਜਾ ਸਕਦਾ- ਇਹ ਭੱਟਾਂ ਦੇ ਆਪਣੇ ਬੋਲੇ ਹਨ। 9 ਬੇਸ਼ੱਕ ਭੱਟਾਂ ਦੀ ਭਾਸ਼ਾ ਮਿਸ਼੍ਰਿਤ ਮੰਨੀ ਗਈ ਹੈ ਤੇ ਇਸ ਨੂੰ ਭੱਟ-ਭਾਸ਼ਾ ਦਾ ਨਾਂ ਦਿੱਤਾ ਗਿਆ ਹੈ ਪਰ ਕਈ ਸਵੱਈਆਂ ਵਿਚ ਠੇਠ ਪੰਜਾਬੀ ਦਾ ਰੰਗ ਵੀ ਰੂਪਮਾਨ ਹੋਇਆ ਹੈ। ਇਸ ਲਈ ਇਹ ਪੰਜਾਬੀ ਸਾਹਿਤ ਦੀ ਅਨੂਠੀ ਰਚਨਾ ਹੈ।
ਛੰਦ :
ਭੱਟ ਬਾਣੀਕਾਰਾਂ ਦੁਆਰਾ ਆਪਣੀ ਰਚਨਾ ਵਿਚ ਸਵੈਯਾ ਛੰਦ ਕਾਵਿ-ਰੂਪ ਅਪਣਾਇਆ ਮੰਨਿਆ ਜਾਂਦਾ ਹੈ ਤੇ ਭੱਟ ਸਾਹਿਬਾਨ ਦੀ ਬਾਣੀ ਨੂੰ ‘ਭੱਟਾਂ ਦੇ ਸਵਈਏ’ ਨਾਂ ਨਾਲ ਜਾਣਿਆ ਜਾਂਦਾ ਹੈ। ਪਰ ਡਾ. ਜੋਸ਼ੀ ਦਾ ਵਿਚਾਰ ਹੈ ਕਿ ਸਵੈਯਾ ਛੰਦ ਲੈਅ ਅਤੇ ਰਵਾਨੀ ਦੇ ਪੱਖ ਤੋਂ ਵਿਸ਼ੇਸ਼ ਗੁਣਾਂ ਦਾ ਧਾਰਨੀ ਮੰਨਿਆ ਜਾਂਦਾ ਹੈ ਪਰ ਸਿਰਲੇਖ ਸਵੈਯੇ ਹੋਣ ਦੇ ਬਾਵਜੂਦ ਵੀ ਇਨ੍ਹਾਂ ਉੱਪਰ ਚਰਣਾਂ ਤੋਂ ਲੈ ਕੇ ਵਰਣਾਂ ਤਕ ਸਵੈਯੇ ਦੇ ਲੱਛਣ ਲਾਗੂ ਕਰਨਾ ਸਰਲ ਕੰਮ ਨਹੀਂ। ਭੱਟ ਬਾਣੀਕਾਰਾਂ ਨੇ ਛੰਦ ਦੇ ਸ਼ਾਸਤਰੀ ਸਰੂਪ ਦੇ ਬੰਧਨਾਂ ਨੂੰ ਤੋੜ ਕੇ ਭਾਵਾਂ ਦੇ ਪ੍ਰਗਟਾਵੇ ਨੂੰ ਪਹਿਲ ਦਿੱਤੀ ਹੈ। ਇਸ ਮਨੋਰਥ ਵਿਚ ਉਨ੍ਹਾਂ ਦੀ ਸਫਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗ ਬਣ ਕੇ ਅਮਰਤਾ ਪ੍ਰਾਪਤ ਕਰ ਸਕੀ।10 ਭੱਟਾਂ ਦੇ ਸਵੱਈਆਂ ਵਿਚ ਛੰਦਾਂ ਦੇ ਕੁਝ ਸਿਰਲੇਖ ਦਿੱਤੇ ਹਨ ਜਿਵੇਂ ਸੋਰਠੇ, ਝੋਲਨਾ, ਰੱਡ ਛੰਦ ਆਦਿ।
ਭੱਟ ਸਾਹਿਬਾਨ ਦੀ ਬਾਣੀ ਵਿਚ ਉਪਮਾ, ਰੂਪਕ, ਅਨੁਪ੍ਰਾਂਸ ਆਦਿ ਅਲੰਕਾਰਾਂ ਦੀ ਵਰਤੋਂ ਬਾਖੂਬੀ ਹੋਈ ਹੈ। ਉਦਾਹਰਣ ਦੇ ਤੌਰ ’ਤੇ ਹੇਠ ਲਿਖੇ ਸਵੱਈਏ ਵਿਚ ਅਲੰਕਾਰਾਂ ਦੀ ਵਰਤੋਂ ਵੇਖਣ ਯੋਗ ਹੈ:
ਘਨਹਰ ਬੂੰਦ ਬਸੁਅ ਰੋਮਾਵਲਿ ਕੁਸਮ ਬਸੰਤ ਗਨੰਤ ਨ ਆਵੈ॥
ਰਵਿ ਸਸਿ ਕਿਰਣਿ ਉਦਰੁ ਸਾਗਰ ਕੋ ਗੰਗ ਤਰੰਗ ਅੰਤੁ ਕੋ ਪਾਵੈ॥
ਰੁਦ੍ਰ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲ੍ਹ ਉਨਹ ਜੋੁਗਾਵੈ॥
ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ॥ (ਪੰਨਾ 1396)
ਭਾਸ਼ਾ ਵਿਗਿਆਨੀਆਂ ਦੇ ਵਿਸ਼ਲੇਸ਼ਣ ਅਨੁਸਾਰ ‘ਭਲੇ’ ਸ਼ਬਦ ਵਿਚ ਸਲੇਸ਼ ਅਲੰਕਾਰ ਹੈ। ਸਲੇਸ਼ ਅਲੰਕਾਰ ਇਕ ਸ਼ਬਦ ਦੇ ਇੱਕ ਤੋਂ ਵੱਧ ਅਰਥ ਹੋਣ ’ਤੇ ਮੰਨਿਆ ਜਾਂਦਾ ਹੈ। ਇੱਥੇ ਇਸ ਦੇ ਅਰਥ ‘ਭੱਲਿਆਂ ਦੀ ਕੁਲ ਵਿਚ ਪ੍ਰਗਟ ਹੋਏ’ ਅਤੇ ‘ਭਲੇ ਗੁਣਾਂ ਦੇ ਸਵਾਮੀ’ ਦੋਵੇਂ ਹੋ ਸਕਦੇ ਹਨ। ਉਪਮਾ ਅਲੰਕਾਰ ਵਿਚ ਕਿਸੇ ਵਸਤੂ ਦੀ ਕਿਸੇ ਸਮਾਨ ਗੁਣ ਵਾਲੀ ਹੋਰ ਵਸਤੂ ਨਾਲ ਤੁਲਨਾ ਕੀਤੀ ਜਾਂਦੀ ਹੈ। ਇਸ ਸਵੈਯੇ ਵਿਚ ਭੱਟ ਬਾਣੀਕਾਰ, ਗੁਰੂ ਅਮਰਦਾਸ ਜੀ ਦੇ ਗੁਣਾਂ ਦੇ ਸਮਾਨ ਹੋਰ ਕੁਝ ਲੱਭਣ ਵਿਚ ਅਸਮਰੱਥ ਹੈ। ਜਦੋਂ ਉਹ ਕੁਝ ਵੀ ਲੱਭਣ ਵਿਚ ਅਸਫਲ ਹੁੰਦਾ ਹੈ ਤਾਂ ਉਸ ਪਾਸ ਇਸ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਹੈ ਕਿ ਹੇ ਸਤਿਗੁਰੂ! ਤੇਰੇ ਜਿਹਾ ਤੂੰ ਆਪ ਹੀ ਹੈਂ। ਕਿਹਾ ਵੀ ਹੈ- ਡਿਠੇ ਸਭੈ ਥਾਂਵ ਨਹੀਂ ਤੁਧੁ ਜੇਹਿਆ।11
ਭੱਟ ਸਾਹਿਬਾਨ ਦੀ ਬਾਣੀ ਨੂੰ ਇਕਾਗਰਚਿੱਤ ਹੋ ਕੇ ਪੜ੍ਹਨ ਅਤੇ ਸੁਣਨ ਵਾਲੇ ਦੇ ਮਨ ’ਤੇ ਇਸ ਵਿਚ ਪਰੋਏ ਸ਼ਬਦਾਂ ਦੁਆਰਾ ਰਵਾਨੀ ਤੇ ਲੈਅ ਦਾ ਸੰਗੀਤਾਤਮਕ ਪ੍ਰਭਾਵ ਸੁਭਾਵਿਕ ਹੀ ਪੈਂਦਾ ਹੈ। ਉਦਾਹਰਣ ਲਈ ਵੇਖੋ:
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥
ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ॥
ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ॥ ( ਪੰਨਾ 1402)
ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ॥ (ਪੰਨਾ 1400)
ਇਤਿਹਾਸਿਕ ਪੱਖ:
ਪ੍ਰੋ. ਸ਼ੇਰ ਸਿੰਘ ਦਾ ਵਿਚਾਰ ਹੈ ਕਿ “ਸੱਤਾ ਬਲਵੰਡ, ਬਾਬਾ ਸੁੰਦਰ ਤੇ ਭੱਟ ਸਾਹਿਬਾਨ ਤੋਂ ਬਿਨਾਂ ਸਾਨੂੰ ਕਿਸੇ ਬਾਣੀ ਵਿਚੋਂ ‘ਨਾਨਕ’ ਤੋਂ ਬਿਨਾਂ ਹੋਰ ਕਿਸੇ ਗੁਰੂ ਦੇ ਨਾਉਂ ਦਾ ਹੀ ਨਹੀਂ ਪਤਾ ਲੱਗਦਾ। ਕੇਵਲ ‘ਮਹਲਾ’ ਵੱਲ ਇਸ਼ਾਰਾ ਹੈ।12 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਤੇ ਵੀ ਗੁਰੂ ਸਾਹਿਬਾਨ ਨੇ ਆਪਣੇ ਨਿੱਜੀ ਜੀਵਨ ਸੰਬੰਧੀ ਕੋਈ ਸੰਕੇਤ ਨਹੀਂ ਦਿੱਤਾ। ਬੇਸ਼ੱਕ ਭੱਟ ਸਾਹਿਬਾਨ ਦੀ ਬਾਣੀ ਦਾ ਉਦੇਸ਼ ਵੀ ਗੁਰ-ਇਤਿਹਾਸ ਲਿਖਣਾ ਨਹੀਂ ਹੈ ਪਰ ਭੱਟ ਬਾਣੀਕਾਰਾਂ ਦੁਆਰਾ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਦਿੱਤੀ ਜਾਣਕਾਰੀ ਪ੍ਰਮਾਣਿਕ ਮੰਨੀ ਜਾਂਦੀ ਹੈ।ਹੇਠ ਲਿਖੀਆਂ ਉਦਾਹਰਣਾਂ ਇਤਿਹਾਸਿਕ ਦ੍ਰਿਸ਼ਟੀਕੋਣ ਤੋਂ ਵਿਚਾਰਨਯੋਗ ਹਨ:
ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਫੇਰੂ ਜੀ ਦੇ ਸਪੁੱਤਰ ਹਨ:
ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ॥ (ਪੰਨਾ 1391)
ਗੁਰੁ ਜਗਤ ਫਿਰਣਸੀਹ ਅੰਗਰਉ ਰਾਜੁ ਜੋਗੁ ਲਹਣਾ ਕਰੈ॥ (ਪੰਨਾ 1391-92)
ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਤੇਜ ਭਾਨ ਜੀ ਦੀ ਪ੍ਰਸਿੱਧ ਭੱਲਿਆਂ ਦੀ ਕੁਲ ਵਿਚ ਪ੍ਰਗਟ ਹੋਏ:
ਭਲਉ ਪ੍ਰਸਿਧੁ ਤੇਜੋ ਤਨੌ ਕਲ੍ਹ ਜੋੜਿ ਕਰ ਧ੍ਹਾਇਅਓ॥ (ਪੰਨਾ 1393)
ਭਲਉ ਭੂਹਾਲੁ ਤੇਜੋ ਤਨਾ ਨ੍ਰਿਪਤਿ ਨਾਥੁ ਨਾਨਕ ਬਰਿ॥ (ਪੰਨਾ 1396)
ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਬੈਕੁੰਠ ਵਰਗਾ ਗੋਇੰਦਵਾਲ ਨਗਰ ਬਿਆਸ ਦਰਿਆ ਦੇ ਕੰਢੇ ਉੱਤੇ ਬਣਾਉਣ ਦਾ ਸੰਕੇਤ ਭੱਟ ਨਲ੍ਹ ਜੀ ਨੇ ਦਿੱਤਾ ਹੈ।
ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਹਰਦਾਸ ਜੀ ਦੇ ਸਪੁੱਤਰ ਤੇ ਸੋਢੀ ਕੁਲ ਵਿੱਚੋਂ ਹਨ:
ਕਵਿ ਕਲ੍ਹ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ॥ (ਪੰਨਾ 1396)
ਸੋਢੀ ਸ੍ਰਿਸਿ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ॥ (ਪੰਨਾ 1406)
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਜਨਮ ਲਿਆ ਹੈ:
ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ॥
ਸਗਲ ਮਨੋਰਥ ਪੂਰੀ ਆਸਾ॥ (ਪੰਨਾ 1407)
ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ॥1॥ (ਪੰਨਾ 1407)
ਭੱਟ ਸਾਹਿਬਾਨ ਦੀ ਬਾਣੀ ਦੇ ਅਖੀਰਲੇ ਸਵੱਈਏ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਗੱਦੀ ਸੌਂਪਣ ਤੇ ਜੋਤੀ ਜੋਤਿ ਸਮਾਉਣ ਦੀ ਘਟਨਾ ਬਾਰੇ ਅੰਕਿਤ ਇਹ ਤੱਥ ਬਹੁਤ ਮਹਤੱਵ ਪੂਰਨ ਹਨ:
ਅਜੈ ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ॥
ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ॥
ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ॥
ਹਰਿਬੰਸ ਜਗਤਿ ਜਸੁ ਸੰਚਰ੍ਹਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ॥1॥
ਦੇਵ ਪੁਰੀ ਮਹਿ ਗਯਉ ਆਪਿ ਪਰਮੇਸ੍ਵਰ ਭਾਯਉ॥
ਹਰਿ ਸਿੰਘਾਸਣੁ ਦੀਅਉ ਸਿਰੀ ਗੁਰੁ ਤਹ ਬੈਠਾਯਉ॥
ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ॥2॥ (ਪੰਨਾ 1409)
ਲੇਖਕ ਬਾਰੇ
ਪਿੰਡ ਤੇ ਡਾਕ: ਸੂਲਰ, ਜ਼ਿਲ੍ਹਾ ਪਟਿਆਲਾ-147001
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/December 1, 2007
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/April 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/May 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/July 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/September 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/October 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/February 1, 2009