editor@sikharchives.org

ਭੱਟ ਬਾਣੀ – ਸਿਧਾਂਤਕ ਤੇ ਸੰਸਥਾਗਤ ਪਰਿਪੇਖ

ਭੱਟ ਬਾਣੀਕਾਰਾਂ ਨੇ ਇਸ ਰੂਪਾਕਾਰ ਦੀ ਕੁਸ਼ਲ ਵਰਤੋਂ ਕਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਸਿਧਾਂਤਕ ਸੰਸਥਾਗਤ ਰੂਪ ਵਿਚ ਸਥਾਪਤ ਕਰਨ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਇਕ ਨਵੀਂ ਅਧਿਆਤਮਿਕ ਸਮਾਜਕ ਜੀਵਨ-ਜਾਚ ਰਾਹੀਂ ਭਾਰਤੀ ਜਨ-ਜੀਵਨ ਦੇ ਕ੍ਰਾਂਤੀਕਾਰੀ ਰੂਪਾਂਤਰਣ ਦਾ ਜੋ ਦੀਰਘ ਕਾਲੀ ਪ੍ਰੋਗਰਾਮ ਉਲੀਕਿਆ ਗਿਆ ਸੀ, ਉਸ ਦਾ ਇਹ ਇਕ ਮਹੱਤਵਪੂਰਨ ਪੜਾਅ ਸੀ। ਕਰਮਕਾਂਡ, ਜਾਤ-ਪਾਤ ਵਿਚ ਗ੍ਰਸੇ ਨਿਰਬਲ ਨਿਤਾਣੇ ਸਮਾਜਿਕ ਸਰੋਕਾਰਾਂ ਤੋਂ ਟੁੱਟੇ ਆਤਮ ਵਿਸ਼ਵਾਸ ਗੁਆ ਚੁਕੇ ਜਨ-ਸਾਧਾਰਨ ਨੂੰ ਇਕ ਅਕਾਲ ਪੁਰਖ ਨਾਲ ਜੁੜ ਕੇ ਕਰਮਸ਼ੀਲ ਤੇ ਸਾਰਥਕ ਜੀਵਨ-ਜਾਚ ਨਾਲ ਜੋੜਨਾ ਸੌਖਾ ਨਹੀਂ ਸੀ। ਸਦੀਆਂ ਦੇ ਵਹਿਮ-ਭਰਮ, ਮਿਥਿਹਾਸਕ ਕਥਾ-ਕਹਾਣੀਆਂ ਨੇ ਉਨ੍ਹਾਂ ਨੂੰ ਨਿੱਕੇ-ਨਿੱਕੇ ਰੱਬਾਂ ਨਾਲ ਹੀ ਜੋੜ ਦਿੱਤਾ ਸੀ। ਉਹ ਅਧਿਆਤਮਕ ਜੀਵਨ ਦੇ ਅਸਲ ਤੱਤ ਦੀ ਥਾਂ ਉਸ ਦੇ ਬਾਹਰੀ ਕਰਮਕਾਂਡ ਵਿਚ ਖਚਤ ਹੋ ਕੇ ਰਹਿ ਗਏ ਸਨ। ਵਿਭਿੰਨ ਮਤਾਂ-ਮਤਾਂਤਰਾਂ ਵਾਲੇ ਆਪਸ ਵਿਚ ਇਕ ਦੂਜੇ ਨਾਲ ਮਿਲਣ ਵਰਤਣ ਤੋਂ ਵੀ ਕਿਨਾਰਾ ਕਰਨ ਲੱਗੇ ਸਨ। ਅਜਿਹੀ ਸਥਿਤੀ ਵਿਚ ਸੱਚ ਕਿਨਾਰੇ ਰਹਿ ਗਿਆ ਸੀ। ਪੂਰੀ ਤਰ੍ਹਾਂ ਪਤਨ ਗ੍ਰਸਤ ਜਨ-ਮਾਨਸ ਨੂੰ ਸਵੈ-ਵਿਸ਼ਵਾਸ ਨਾਲ ਭਰ ਕੇ ਮੁੜ ਪੁਰਾਣੀ ਜੀਵਨ-ਜਾਚ ਵਿਚ ਤਿਲ੍ਹਕ ਜਾਣ ਤੋਂ ਬਚਾਉਣ ਲਈ ਬਾਨ੍ਹਣੂ ਬੰਨ੍ਹਣੇ ਜ਼ਰੂਰੀ ਸਨ। ਲੋਕਾਂ ਨੂੰ ਅਧਿਆਤਮਕ-ਸਮਾਜਕ ਦਰਸ਼ਨਾਂ ਦਾ ਨਵਾਂ ਕ੍ਰਾਂਤੀਕਾਰੀ ਬਦਲ ਪੇਸ਼ ਕਰਨਾ ਜ਼ਰੂਰੀ ਸੀ। ਅਜਿਹਾ ਬਦਲ ਜਿਸ ਨਾਲ ਜੁੜਨ ਸਮੇਂ ਉਹ ਆਪਣੀ ਸਦੀਆਂ ਤੋਂ ਤੁਰੀ ਆ ਰਹੀ ਗਲਤ ਜਾਂ ਪਤਨ ਗ੍ਰਸਤ ਜੀਵਨ-ਸ਼ੈਲੀ ਤੋਂ ਸਹਿਜੇ ਹੀ ਟੁੱਟ ਜਾਣ ਪਰ ਆਪਣੇ ਸੁੱਚੇ ਤੇ ਗੌਰਵਮਈ ਵਿਰਸੇ ਨਾਲ ਨਿਰੰਤਰ ਜੁੜੇ ਰਹਿਣ ਦਾ ਅਹਿਸਾਸ ਵੀ ਉਨ੍ਹਾਂ ਅੰਦਰ ਬਣਿਆ ਰਹੇ।

ਉਕਤ  ਕਾਰਜ  ਦੀਰਘ-ਕਾਲੀ  ਪ੍ਰੋਗਰਾਮ  ਨਾਲ  ਹੀ  ਸੰਭਵ  ਸੀ।  ‘ਵੇਦਾ  ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ’   ਤੇ ‘ਕਥਾ ਕਹਾਣੀ ਬੇਦੀਂ ਆਣੀ’ ਜਹੇ ਬਾਣੀ ਦੇ ਮਹਾਂਵਾਕ ਦੱਸਦੇ ਹਨ ਕਿ ਲੋਕ ਵੇਦਾਂ ਤੇ ਧਾਰਮਿਕ ਗ੍ਰੰਥਾਂ ਦੇ ਸਾਰ-ਤੱਤ ਤੇ ਉਸ ਵਿਚ ਬੀਜ ਰੂਪ ਵਿਚ ਅੰਕਿਤ ਇਕ ਅਕਾਲ ਪੁਰਖ ਦੀ ਪਛਾਣ ਭੁੱਲ ਕੇ ਕਥਾ ਕਹਾਣੀਆਂ ਵਿਚ ਗਵਾਚ ਚੁਕੇ ਸਨ। ਸਮਾਜਕ ਜੀਵਨ ਤੋਂ ਪਲਾਇਨ ਕਰ ਕੇ, ਰਿਧੀਆਂ-ਸਿਧੀਆਂ ਤੇ ਕਰਾਮਾਤਾਂ ਦੇ ਜ਼ੋਰ ਨਾਲ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਭੇਖੀ ਸਾਰੇ ਪਾਸੇ ਛਾਏ ਹੋਏ ਸਨ। ਅਜਿਹੇ ਲੋਕਾਂ ਨੂੰ ਧਰਮ ਦੇ ਬਾਹਰੀ ਮੁਲੰਮੇ ਤੋਂ ਉੱਪਰ ਉੱਠ ਕੇ ਉਸ ਦੇ ਸਾਰ-ਤੱਤ ਦੀ ਪ੍ਰਥਮ ਪਛਾਣ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਵਾਈ। ਸਾਰੀ ਮਨੁੱਖ ਜਾਤੀ ਦੀ ਏਕਤਾ, ਮਨੁੱਖੀ ਭਾਈਚਾਰੇ ਦੀ ਸਾਂਝ, ਪਰਸਪਰ ਸਹਿਹੋਂਦ ਤੇ ਕੁਦਰਤ ਨਾਲ ਇਕ-ਸੁਰ ਹੋ ਕੇ ਇਕ ਕਾਦਰ ਨਾਲ ਜੁੜ ਕੇ ਕਰਮਸ਼ੀਲ ਹੋਣ ਦਾ ਸਬਕ ਉਨ੍ਹਾਂ ਨੇ ਦਿੱਤਾ। ਹੱਕ ਸੱਚ ਤੇ ਨਿਆਂ ਲਈ ਲੜਨ ਮਰਨ ਦਾ ਸੱਦਾ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਦਰਸ਼ਨ ਉਨ੍ਹਾਂ ਦੇ ਜੀਵਨ ਕਾਲ ਵਿਚ ਹੀ ਸਮੁੱਚੇ ਭਾਰਤੀ ਜਨ-ਜੀਵਨ ਦਾ ਰੂਪਾਂਤਰਣ ਨਹੀਂ ਸੀ ਕਰ ਸਕਦਾ। ਸ੍ਰੀ ਗੁਰੂ ਨਾਨਕ ਦੇਵ ਜੀ ਇਸ ਗੱਲ ਨੂੰ ਸਮਝਦੇ ਸਨ। ਉਨ੍ਹਾਂ ਇਸ ਕਾਰਜ ਨੂੰ ਦਸ ਗੁਰੂਆਂ ਦੀ ਨਿਰੰਤਰ ਲੜੀ ਦੁਆਰਾ ਸਹਿਜੇ ਸਹਿਜੇ ਲੋਕ-ਮਾਨਸਿਕਤਾ ਵਿਚ ਡੂੰਘੀ ਤਰ੍ਹਾਂ ਅੰਕਿਤ ਕੀਤਾ।

ਲੋਕ-ਮਾਨਸਿਕਤਾ ਵਿਚ ਇਸ ਸਿਧਾਂਤਕ ਪਰਿਵਰਤਨ ਲਈ ਜ਼ਰੂਰੀ  ਸੀ ਕਿ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਵਰਤੀ ਗੁਰੂਆਂ ਵਿਚ ਉਸੇ ਤਰ੍ਹਾਂ ਦਾ ਅਡੋਲ ਵਿਸ਼ਵਾਸ ਰੱਖਣ ਜਿਹੋ ਜੇਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਤੇ ਵਿਵਹਾਰਾਂ ਦੁਆਰਾ ਆਪਣੇ ਲਈ ਸਿਰਜਿਆ ਸੀ। ਉਹ ਗੁਰੂ ਦੇ ਮਹੱਤਵ ਨੂੰ ਸਰਵੋਪਰੀ ਸਵੀਕਾਰਨ। ਗੁਰੂ ਦੀ ਬਾਣੀ ਦੇ ਮਹੱਤਵ ਨੂੰ ਪਛਾਣਨ ਅਤੇ ਮੁੜ ਕੇ ਕਿਸੇ ਵੀ ਤਰ੍ਹਾਂ ਪੁਰਾਣੀ ਜੀਵਨ-ਜਾਚ ਵਿਚ ਨਾ ਜਾ ਡਿੱਗਣ।

ਭੱਟ ਸਾਹਿਬਾਨ ਦੀ ਬਾਣੀ ਨੂੰ ਸਿਧਾਂਤਕ, ਦਾਰਸ਼ਨਿਕ ਤੇ ਸੰਸਥਾਗਤ ਪਰਿਪੇਖ ਵਿਚ ਸਮਝਣਾ ਬਣਦਾ ਹੈ। ਇਹ ਬਾਣੀ ਇਕ ਅਕਾਲ ਪੁਰਖ, ਉਸ ਦੀ ਪ੍ਰਗਟ ਜੋਤਿ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਉਸ ਦੀ ਰੂਪਾਂਤਰਿਤ ਜੋਤਿ ਦੇ ਸਰੂਪ ਵਜੋਂ ਉਸ ਸਮੇਂ ਭਾਵ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਪ੍ਰਗਟੇ ਗੁਰੂਆਂ ਦੀ ਮੁਕਤ ਕੰਠ ਨਾਲ ਸਿਫ਼ਤ ਸਲਾਹ ਕਰਦੀ ਹੈ। ਸਵੱਈਆਂ ਹੈ ਹੀ ਸਿਫ਼ਤ ਸਲਾਹ ਕਰਨ ਵਾਲਾ ਰੂਪਾਕਾਰ। ਭੱਟ ਬਾਣੀਕਾਰਾਂ ਨੇ ਇਸ ਰੂਪਾਕਾਰ ਦੀ ਕੁਸ਼ਲ ਵਰਤੋਂ ਕਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਸਿਧਾਂਤਕ ਸੰਸਥਾਗਤ ਰੂਪ ਵਿਚ ਸਥਾਪਤ ਕਰਨ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਇਸ ਯੋਗਦਾਨ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਥੋੜ੍ਹੀ ਹੈ।

ਸਿੱਖੀ ਦੇ ਸਿਧਾਂਤਕ ਸੰਸਥਾਗਤ ਸਰੂਪ ਦੀ ਸਹਿਜ ਸੁਚੇਤ ਉਸਾਰੀ ਪੱਖੋਂ ਭੱਟ ਬਾਣੀਕਾਰਾਂ ਦੀ ਬਾਣੀ ਤੋਂ ਫੌਰਨ ਪਹਿਲਾਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਰਚਿਤ 20 ਸਵੱਈਏ ਇਸ ਪਰਿਪੇਖ ਨੂੰ ਨਿਸ਼ਚਿਤ ਕਰਦੇ ਹਨ। ਭੱਟ ਸਾਹਿਬਾਨ ਦੀ ਬਾਣੀ ਦੇ 123 ਸਵੱਈਏ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਇਨ੍ਹਾਂ ਸਵੱਈਆਂ ਵਿਚਲੇ ਵਿਸ਼ਾ-ਵਸਤੂ ਨੂੰ ਗੁਰੂ ਸਾਹਿਬ ਦੁਆਰਾ ਇੱਛਿਤ ਦਿਸ਼ਾ ਵਿਚ ਹੀ ਵਿਆਖਿਆਉਂਦੇ ਹਨ। ਇਹ ਹੀ ਨਹੀਂ ਇਨ੍ਹਾਂ ਸਵੱਈਆਂ ਉਪਰੰਤ ਅੰਕਿਤ ਸਲੋਕ ਵਾਰਾਂ ਤੋਂ ਵਧੀਕ ਦੇ ਆਰੰਭਕ ਸਲੋਕਾਂ ਵਿਚ ਵੀ ਇਸੇ ਵਿਸ਼ਾ-ਵਸਤੂ ਦੀ ਝਲਕ ਪੈਂਦੀ ਹੈ। ‘ਉਤੰਗੀ ਪੈਓਹਰੀ ਗਹਿਰੀ ਗੰਭੀਰੀ॥ ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ॥’ਤੋਂ ਆਰੰਭ ਹੋ ਕੇ ‘ਜਮੁ ਜਾਗਾਤਿ ਨ ਲਗਈ ਜੇ ਚਲੈ ਸਤਿਗੁਰ ਭਾਇ॥ ਨਾਨਕ ਨਿਰਮਲੁ ਅਮਰ ਪਦੁ ਗੁਰੁ ਹਰਿ ਮੇਲੈ ਮੇਲਾਇ॥’ ਤਕ ਪਹਿਲੇ ਨੌ ਸਲੋਕਾਂ ਦਾ ਮੂਲ ਵਿਸ਼ਾ-ਵਸਤੂ ਇਸੇ ਧਾਰਨਾ ਨੂੰ ਪ੍ਰਮਾਣਿਤ ਕਰਦਾ ਹੈ। ਮੂਲ ਮੰਤਰ ਉਪਰੰਤ ਸਲੋਕ ਵਾਰਾਂ ਤੋਂ ਵਧੀਕ ਸਿਰਲੇਖ ਹੇਠ ਦਰਜ ਇਹ ਪਹਿਲੇ ਨੌ ਸਲੋਕ ਸਾਨੂੰ ਇਹ ਦ੍ਰਿੜ੍ਹ ਕਰਵਾਉਂਦੇ ਹਨ ਕਿ ਸਾਨੂੰ ਆਪਣਾ ਹੰਕਾਰ ਛੱਡ ਕੇ ਕਿਸੇ ਅਜਿਹੇ ਸਿਆਣੇ ਦਾ ਪੱਲਾ ਫੜਨਾ ਚਾਹੀਦਾ ਹੈ ਜੋ ਜ਼ਿੰਦਗੀ ਦੀਆਂ ਮੁਸ਼ਕਿਲਾਂ ਤੋਂ ਬਚਾ ਸਕੇ। ਅਜਿਹਾ ਸਿਆਣਾ ਕੇਵਲ ਗੁਰੂ ਹੋ ਸਕਦਾ ਹੈ- ਕੋਈ ਸਾਕ ਸੰਬੰਧੀ ਨਹੀਂ। ਗੁਰੂ ਹੀ ਬੰਦੇ ਨੂੰ ਹਰੀ ਦੇ ਪ੍ਰੇਮ ਵਿਚ ਲਾ ਸਕਦਾ ਹੈ। ਇੰਞ ਭੱਟ ਬਾਣੀਕਾਰਾਂ ਦੀ ਬਾਣੀ ਦੇ ਅੱਗੇ ਤੇ ਪਿੱਛੇ ਜਿਸ ਸਿਧਾਂਤਕ ਸੰਸਥਾਗਤ ਪਰਿਪੇਖ ਨੂੰ ਨਿਸ਼ਚਿਤ ਕੀਤਾ ਗਿਆ ਹੈ, ਭੱਟ ਸਾਹਿਬਾਨ ਦੀ ਬਾਣੀ ਉਸੇ ਦੇ ਅਨੁਰੂਪ ਹੀ ਸਮਝਣੀ ਬਣਦੀ ਹੈ। ਇਹ ਪਰਿਪੇਖ ਹੈ ਅਕਾਲ ਪੁਰਖ ਦੀ ਸਿਫ਼ਤ, ਹਰੀ ਦੀ ਸਿਫ਼ਤ, ਆਦਿ ਅਨੰਤ ਸਦੀਵੀ ਹਰੀ ਦੇ ਰੂਪ ਗੁਰੂ ਦੀ ਸਿਫ਼ਤ, ਗੁਰੂ ਦੀ ਵਾਹ-ਵਾਹ। ਵਿਸਮਾਦ ਵਿਚ ਆ ਕੇ ਗੁਰੂ ਦੀ ਕੀਤੀ ਇਸ ਵਾਹ ਵਾਹ ਦੌਰਾਨ ਹੀ ਭੱਟ ਸਾਹਿਬਾਨ ਦੀ ਬਾਣੀ ਵਾਹਿਗੁਰੂ ਦਾ ਚਿਹਨਕ ਵਰਤਦੀ ਹੈ। ਇਹ ਚਿਹਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੋਰ ਕਿਤੇ ਨਹੀਂ, ਕੇਵਲ ਭੱਟ ਬਾਣੀਕਾਰਾਂ ਦੀ ਬਾਣੀ ਵਿਚ ਹੈ। ਤੇਰਾਂ ਵਾਰ ਗਯੰਦ ਭੱਟ ਜੀ ਵੱਲੋਂ ਵਰਤਿਆ ਇਹ ਚਿਹਨਕ ਵਿਸਮਾਦ ਵਿਚ ਆ ਕੇ ਗੁਰੂ ਦੀ ਵਾਹ-ਵਾਹ ਕਰਦੇ ਹੋਏ ਰੂਪਮਾਨ ਹੋਇਆ ਹੈ। ਪਰ ਗੁਰੂ ਅਕਾਲ ਪੁਰਖ ਦਾ ਹੀ ਰੂਪ ਹੈ। ਇਸ ਲਈ ਇਹ ਸਮਾਂ ਪਾ ਕੇ ਅਕਾਲ ਪੁਰਖ ਦਾ ਚਿਹਨਕ ਬਣ ਗਿਆ। ਸਿਧਾਂਤਕ ਸੰਸਥਾਗਤ ਪੱਖੋਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੱਥੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਰੰਭਿਆ ਇਹ ਪ੍ਰਾਜੈਕਟ ਸੰਪੂਰਨਤਾ ਦੀ ਸਿਖਰ ’ਤੇ ਪੁੱਜਾ ਤਾਂ ਵਾਹਿਗੁਰੂ ਦਾ ਚਿਹਨਕ ਸਪੱਸ਼ਟ ਰੂਪ ਵਿਚ ਅਕਾਲ ਪੁਰਖ ਦੇ ਚਿਹਨਕ ਵਜੋਂ ਅਪਣਾ ਲਿਆ ਗਿਆ। ਗੁਰੂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਲੀਨ ਕਰ ਦਿੱਤਾ ਗਿਆ। ਨਾਮ ਤੇ ਨਾਮੀ ਵਿਚ ਭੇਦ ਮਿਟਾ ਦਿੱਤਾ ਗਿਆ। ਇੰਞ ਵਾਹਿਗੁਰੂ ਗੁਰੂ ਮੰਤ੍ਰ ਵੀ ਬਣ ਗਿਆ ਤੇ ਅਕਾਲ ਪੁਰਖ ਦਾ ਨਾਮ ਭੀ।

ਉਕਤ  ਸਿਧਾਂਤਕ  ਪਿੱਠ-ਭੂਮੀ  ਵਿਚ  ਭੱਟ  ਬਾਣੀਕਾਰਾਂ  ਦੀ  ਬਾਣੀ  ਦੇ  ਨਿਕਟ ਦਰਸ਼ਨ ਕਰਨ ਵਾਲੀ ਸਾਰੀ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1385 ਉੱਪਰ ਮੂਲ ਮੰਤਰ ਉਪਰੰਤ ਸਿਰਲੇਖ ਹੈ ‘ਸਵਯੇ ਸ੍ਰੀ ਮੁਖ- ਬਾਕ੍ਹ ਮਹਲਾ 5’ (ਪੰਜਵਾਂ)। ਇਸ ਸਿਰਲੇਖ ਅਧੀਨ ਸ੍ਰੀ ਗੁਰੂ ਅਰਜਨ ਦੇਵ ਜੀ ਰਚਿਤ ਨੌਂ ਸਵੱਈਏ ਹਨ। ਪੰਨਾ 1387 ਉੱਤੇ ਇਹ ਸਮਾਪਤ ਹੁੰਦੇ ਹਨ ਤੇ ਸਵਯੇ ਸ੍ਰੀ ਮੁਖਬਾਕ੍ਹ ਮਹਲਾ 5 ਉਪਰੰਤ ੴ ਸਤਿਗੁਰ ਪ੍ਰਸਾਦਿ ਦੇ ਰੂਪ ਵਿਚ ਸੰਖਿਪਤ ਮੂਲ ਮੰਤਰ ਦੇ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ 11 ਹੋਰ ਸਵੱਈਏ ਅੰਕਿਤ ਹਨ। ਇਨ੍ਹਾਂ ਸਾਰੇ ਸਵੱਈਆਂ ਦਾ ਸਾਰ-ਤੱਤ ਕੁਝ ਇਉਂ ਹੈ: ਅਕਾਲ ਪੁਰਖ ਹਰੀ ਜੀਵਾਂ ਨੂੰ ਤਾਰਨ ਦੇ ਸਮਰੱਥ ਹੈ। ਹੇ ਜੀਵ! ਉਸ ਨੂੰ ਸਿਮਰ। ਸਭ ਕੁਝ ਨਾਸ਼ਮਾਨ ਹੈ। ਹੇ ਅਕਾਲ ਪੁਰਖ! ਮੈਂ ਤੇਰੀ ਸ਼ਰਨ ਆਇਆ ਹਾਂ। ਬ੍ਰਹਮਾ, ਸ਼ਿਵ ਵਰਗੇ ਦੇਵਤੇ ਤੇ ਵੱਡੇ-ਵੱਡੇ ਮੁਨੀ ਅਕਾਲ ਪੁਰਖ ਦੇ ਗੁਣ ਗਾਉਂਦੇ ਹਨ। ਕੋਈ ਉਸ ਦੇ ਭੇਦ ਨਹੀਂ ਪਾ ਸਕਦਾ। ਅਸੀਂ ਉਸੇ ਸਮਰੱਥ ਹਰੀ ਦੀ ਓਟ ਫੜੀ ਹੈ। ਹੇ ਅਕਾਲ ਪੁਰਖ! ਤੂੰ ਹੀ ਮੂਲ ਹੈਂ। ਤੂੰ ਹੀ ਸਰਵ ਵਿਆਪਕ ਹੈਂ। ਤੇਰੇ ਵਰਗਾ ਹੋਰ ਕੋਈ ਨਹੀਂ। ਹਰੀ ਦਾ ਸੇਵਕ (ਗੁਰੂ) ਨਾਨਕ ਦੇਵ ਜੀ ਹਰੀ ਵਰਗਾ ਹੈ। ਮੇਰੀ ਜੀਭ ਉਸ ਗੁਰੂ ਨਾਨਕ ਦੇਵ ਜੀ ਦੇ ਗੁਣ ਨਹੀਂ ਦੱਸ ਸਕਦੀ। ਮੈਂ ਤਾਂ ਉਸ ਤੋਂ ਬਲਿਹਾਰ ਹੀ ਜਾਂਦਾ ਹਾਂ। ਹਰੀ ਦਾ ਸੇਵਕ (ਗੁਰੂ) ਨਾਨਕ ਦੇਵ ਜੀ ਉਸ ਦੇ ਦਰਬਾਰ ’ਤੇ ਪ੍ਰਵਾਨ ਹੋਇਆ ਹੈ। ਉਹ ਹਰੀ ਵਰਗਾ ਹੈ। ਮੈਂ ਉਸ ਦੇ ਕਿਹੜੇ ਗੁਣ ਗਾਵਾਂ? ਮੈਂ ਤਾਂ ਉਸ ਤੋਂ ਸਦਕੇ ਹੀ ਜਾ ਸਕਦਾ ਹਾਂ। ਭਾਗਾਂ ਵਾਲੇ ਹਨ ਉਹ ਲੋਕ ਜਿਨ੍ਹਾਂ ਹਰੀ ਦੇ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਰਸਿਆ ਹੈ। ਉਹ ਜਨਮ ਮਰਨ ਦੋਹਾਂ ਤੋਂ ਬਚ ਗਏ ਹਨ। ਜਿਨ੍ਹਾਂ ਨੇ ਹਰੀ ਰੂਪ (ਗੁਰੂ) ਨਾਨਕ ਦੇਵ ਜੀ ਦੇ ਚਰਨ ਪਰਸੇ ਹਨ, ਉਨ੍ਹਾਂ ਦੀਆਂ ਕੁਲਾਂ ਤਰ ਗਈਆਂ ਹਨ। ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ। ਉਹ ਲੋਕ-ਪਰਲੋਕ ਵਿਚ ਮਾਇਆ ਦੇ ਬੰਧਨਾਂ ਤੋਂ ਬਚ ਗਏ ਹਨ। ਹੇ ਅਕਾਲ ਪੁਰਖ! ਤੇਰਾ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਵਿਚ ਪ੍ਰਗਟ ਹੋਇਆ ਹੈ। ਉਸ ਦੇ ਦੱਸੇ ਨਾਮ ਦੀ ਬਰਕਤ ਨਾਲ ਦੁਨੀਆਂ ਦਾ ਉਧਾਰ ਹੋ ਰਿਹਾ ਹੈ। ਇਸੇ ਆਸ਼ੇ ਦੇ ਕੁਝ ਪ੍ਰਮਾਣ ਇਥੇ ਅੰਕਿਤ ਕਰਨੇ ਉਚਿਤ ਪ੍ਰਤੀਤ ਹੁੰਦੇ ਹਨ:

ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ॥
ਸਰਬ ਰਹਿਓ ਭਰਪੂਰਿ ਸਗਲ ਘਟ ਰਹਿਓ ਬਿਆਪੇ॥
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ॥
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ॥ (ਪੰਨਾ 1385)

ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ॥
ਹਰਿ ਗੁਰੁ ਨਾਨਕੁ ਜਿਨ੍‍ ਪਰਸਿਓ ਤਿਨ੍‍ ਸਭ ਕੁਲ ਕੀਓ ਉਧਾਰੁ॥
ਹਰਿ ਗੁਰੁ ਨਾਨਕੁ ਜਿਨ੍‍ ਪਰਸਿਓ ਤੇ ਬਹੁੜਿ ਫਿਰਿ ਜੋਨਿ ਨ ਆਏ॥
ਹਰਿ ਗੁਰੁ ਨਾਨਕੁ ਜਿਨ੍‍ ਪਰਸਿਓ ਤੇ ਇਤ ਉਤ ਸਦਾ ਮੁਕਤੇ॥ (ਪੰਨਾ 1386)

ਬਲਿਓ ਚਰਾਗੁ ਅੰਧ੍ਹਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ॥
ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ॥
ਕਾਰਣ ਕਰਣ ਸਮਰਥ ਸਿਰੀਧਰ ਰਾਖਿ ਲੇਹੁ ਨਾਨਕ ਕੇ ਸੁਆਮੀ॥ (ਪੰਨਾ 1387)

ਬ੍ਰਹਮਾਦਿਕ ਸਿਵ ਛੰਦ ਮੁਨੀਸੁਰ ਰਸਕਿ ਰਸਕਿ ਠਾਕੁਰ ਗੁਨ ਗਾਵਤ॥
ਇੰਦ੍ਰ ਮੁਨਿੰਦ੍ਰ ਖੋਜਤੇ ਗੋਰਖ ਧਰਣਿ ਗਗਨ ਆਵਤ ਫੁਨਿ ਧਾਵਤ॥
ਸਿਧ ਮਨੁਖ੍ਹ ਦੇਵ ਅਰੁ ਦਾਨਵ ਇਕੁ ਤਿਲੁ ਤਾ ਕੋ ਮਰਮੁ ਨ ਪਾਵਤ॥ (ਪੰਨਾ 1388)

ਅਕਾਲ ਪੁਰਖ ਹਰੀ ਤੇ ਉਸ ਦੇ ਰੂਪ ਸ੍ਰੀ ਗੁਰੂ ਨਾਨਕ  ਦੇਵ ਜੀ ਦੀ  ਇਸੇ ਕੀਰਤੀ ਨੂੰ ਅੱਗੇ ਤੋਰਦੇ ਹਨ ਭੱਟ ਕਲਸਹਾਰ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1389 ਉੱਪਰ ਸਿਰਲੇਖ ਹੈ ‘ਸਵਈਏ ਮਹਲੇ ਪਹਿਲੇ ਕੇ’। ਪਹਿਲੇ ਉਪਰੰਤ ਪਹਿਲੇ ਨੂੰ ਅੰਕਾਂ ਵਿਚ ਲਿਖ ਕੇ ੴ ਸਤਿਗੁਰ ਪ੍ਰਸਾਦਿ ਦੇ ਮੰਗਲਾਚਰਣ ਨਾਲ ਅਕਾਲ ਪੁਰਖ ਤੇ ਗੁਰੂ ਦੀ ਕ੍ਰਿਪਾ ਸਵੀਕਾਰ ਕਰ ਕੇ ਭੱਟ ਆਪਣੇ ਵੱਲੋਂ ਸਵੱਈਆਂ ਦਾ ਉਚਾਰਣ ਕਰਦੇ ਹਨ। ਪਹਿਲਾ ਸਵੱਈਆਂ ਇਉਂ ਆਰੰਭ ਹੁੰਦਾ ਹੈ:

ਇਕ ਮਨਿ ਪੁਰਖੁ ਧਿਆਇ ਬਰਦਾਤਾ॥
ਸੰਤ ਸਹਾਰੁ ਸਦਾ ਬਿਖਿਆਤਾ॥
ਤਾਸੁ ਚਰਨ ਲੇ ਰਿਦੈ ਬਸਾਵਉ॥
ਤਉ ਪਰਮ ਗੁਰੂ ਨਾਨਕ ਗੁਨ ਗਾਵਉ॥ (ਪੰਨਾ 1389)

ਭਾਵ ਬਖਸ਼ਿਸ਼ਾਂ ਕਰਨ ਵਾਲੇ, ਸੰਤਾਂ ਦੇ ਆਸਰੇ ਸਦਾ ਹਾਜ਼ਰ ਨਾਜ਼ਰ ਅਕਾਲ ਪੁਰਖ ਦੇ ਚਰਨ ਹਿਰਦੇ ਵਿਚ ਵਸਾ ਕੇ ਮੈਂ ਪਰਮ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਉਣ ਲੱਗਾ ਹਾਂ। ਦੂਜੇ ਸਵੱਈਏ ਵਿਚ ਭੱਟ ਕਲਸਹਾਰ ਜੀ ਕਹਿੰਦੇ ਹਨ ਕਿ ਮੈਂ ਉਸ ਗੁਰੂ ਨਾਨਕ ਦੇਵ ਜੀ ਦਾ ਜਸ ਗਾਉਣ ਲੱਗਾ ਹਾਂ ਜੋ ਸੁਖਾਂ ਦਾ ਸਾਗਰ ਹੈ। ਪਾਪ ਦੂਰ ਕਰਨ ਵਾਲਾ ਹੈ। ਬਾਣੀ ਦਾ ਸੋਮਾ ਹੈ। ਜਿਸ ਦੇ ਗੁਣ ਜੋਗੀ, ਜੰਗਮ, ਇੰਦ੍ਰਾਦਕ ਦੇਵਤੇ ਤੇ ਪ੍ਰਹਿਲਾਦ ਜਹੇ ਭਗਤ ਗਾਉਂਦੇ ਹਨ। ਜੋ ਸੱਚਾ ਰਾਜ ਜੋਗੀ ਹੈ। ਗ੍ਰਿਸਤੀ ਵੀ ਹੈ ਤੇ ਉਦਾਸੀ ਵੀ।

ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥ (ਪੰਨਾ 1389)

ਜਸ ਗਾਇਣ ਦਾ ਇਹ ਕਾਰਜ ਅੱਗੇ ਵੱਧਦਾ ਹੈ। ਭੱਟ ਕਲਸਹਾਰ ਜੀ ਧਰੂ, ਅਕਰੂਰ ਤੇ ਬਿਦਰ ਜਿਹੇ ਭਗਤਾਂ, ਕਪਲ ਤੇ ਸੋਮ ਜਹੇ ਰਿਸ਼ੀਆਂ, ਜੋਗੀਆਂ ਤੇ ਅਵਤਾਰਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਸ ਗਾਉਂਦੇ ਦੱਸਦਾ ਹੈ। ਸ਼ਿਵ ਜੀ, ਬ੍ਰਹਮਾ, ਬ੍ਰਹਮਾ ਦੇ ਪੁੱਤਰ, ਸ਼ੇਸ਼ਨਾਗ, ਛੇ ਦੇ ਛੇ ਦਰਸ਼ਨ, ਚਾਰੇ ਵਰਣ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਸ ਗਾਉਂਦੇ ਹਨ।

ਇਸ ਉਪਰੰਤ ‘ਸਵਈਏ ਮਹਲੇ ਦੂਜੇ ਕੇ’ ਆਰੰਭ ਹੁੰਦੇ ਹਨ। ਇਨ੍ਹਾਂ ਦਾ ਆਰੰਭ ਕਰਦੇ ਹੋਏ ਭੱਟ ਬਾਣੀਕਾਰ ਕਹਿੰਦਾ ਹੈ ਕਿ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਧੰਨ ਹੈ ਤੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਧੰਨ ਹਨ ਜਿਨ੍ਹਾਂ ਨੇ ਹੇ ਸ੍ਰੀ ਗੁਰੂ ਅੰਗਦ ਦੇਵ ਜੀ! ਤੁਹਾਡੇ ਸਿਰ ਉੱਤੇ ਹੱਥ ਧਰਿਆ ਹੈ, ਜਿਸ ਨਾਲ ਤੁਹਾਡੇ ਹਿਰਦੇ ਵਿਚ ਨਾਮ ਦੀ ਛਹਿਬਰ ਹੋਣ ਲੱਗੀ। ਹੇ ਸ੍ਰੀ ਗੁਰੂ ਅੰਗਦ ਦੇਵ ਜੀ! ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ  ਦਰ  ’ਤੇ  ਪੈ  ਕੇ  ਜਗਤ  ਨੂੰ  ਜਿੱਤ  ਲਿਆ  ਹੈ।  ਤੁਹਾਡੀ  ਸ਼ੋਭਾ  ਚਾਰੇ  ਪਾਸੇ  ਫੈਲ  ਰਹੀ ਹੈ। ਤੁਹਾਡੇ ਦਰਸ਼ਨ ਪਾਪਾਂ ਦੀ ਕਾਲਖ ਧੋ ਦਿੰਦੇ ਹਨ। ਅਗਿਆਨ ਹਨੇਰਾ ਕੱਟ ਦਿੰਦੇ ਹਨ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਰਸ ਕੇ ਭਾਈ ਲਹਿਣਾ ਜੀ ਦੀ ਸ਼ੋਭਾ ਚਾਰੇ ਪਾਸੇ ਖਿੱਲਰ ਗਈ ਹੈ। ਹੇ ਗੁਰੂ ਅੰਗਦ ਪਾਤਸ਼ਾਹ! ਤੁਸੀਂ ਕੰਵਲ ਵਾਂਗ ਨਿਰਲੇਪ ਹੋ। ਤੁਸੀਂ ਕਲਪ ਬਿਰਖ ਹੋ। ਸਭ ਦੁੱਖ ਦਰਦ ਹਰਨ ਯੋਗ। ਤੁਸੀਂ ਉਸ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਮਾਨ ਪ੍ਰਾਪਤ ਕੀਤਾ ਹੈ ਜਿਨ੍ਹਾਂ ਦੇ ਦਰਸ਼ਨ ਹਰੀ ਸਮਾਨ ਹਨ। ਜੋ ਪ੍ਰਭੂ ਦਾ ਰੂਪ ਹਨ। ਅੱਗੇ ਚੱਲ ਕੇ ਭੱਟ ਬਾਣੀਕਾਰ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਸਿਧੀ-ਕੀਰਤੀ ਗਾਉਂਦੇ ਹਨ ਤੇ ਆਖਦੇ ਹਨ ਕਿ ਗੁਰੂ ਅੰਗਦ ਸਾਹਿਬ ਸ਼ਿਰੋਮਣੀ ਗੁਰੂ ਹਨ। ਜੋ ਉਨ੍ਹਾਂ ਦੇ ਚਰਨੀਂ ਲੱਗਦਾ ਹੈ, ਉਹ ਤਰ ਜਾਂਦਾ ਹੈ। ਹੇ ਸ੍ਰੀ ਗੁਰੂ ਅੰਗਦ ਦੇਵ ਜੀ! ਤੁਸੀਂ ਗੁਰੂ ਨਾਨਕ ਸਾਹਿਬ ਵਾਲਾ ਰੁਤਬਾ ਹਾਸਲ ਕਰ ਲਿਆ ਹੈ। ਜਿਨ੍ਹਾਂ ਨੂੰ ਲਹਿਣਾ ਜੀ ਭਾਵ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਹੋਏ ਹਨ, ਉਨ੍ਹਾਂ ਸਮਝੋ ਕਿ ਅਕਾਲ ਪੁਰਖ ਦੇ ਦਰਸ਼ਨ ਕਰ ਲਏ ਹਨ। ਸ੍ਰੀ ਗੁਰੂ ਅੰਗਦ ਸਾਹਿਬ ਅਕਾਲ ਪੁਰਖ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਦੇ ਦਰਸ਼ਨਾਂ ਨਾਲ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ। ਜਿਸ ਉੱਤੇ ਸ੍ਰੀ ਗੁਰੂ ਅੰਗਦ ਦੇਵ ਜੀ ਮਿਹਰ ਭਰੀ ਨਿਗਾਹ ਹੋ ਜਾਵੇ, ਉਸ ਦੇ ਪਾਪ ਤੇ ਮਨ ਦੀ ਮੈਲ ਧੁਲ ਜਾਂਦੇ ਹਨ। ਉਸ ਦੇ ਜਨਮ ਮਰਨ ਦੇ ਦੁੱਖ ਮਿਟ ਜਾਂਦੇ ਹਨ। ਭੱਟ ਬਾਣੀਕਾਰਾਂ ਦੀ ਬਾਣੀ ਵਿੱਚੋਂ ਉਕਤ ਵਿਚਾਰਾਂ ਦੀ ਪੁਸ਼ਟੀ ਲਈ ਕੁਝ ਪੰਕਤੀਆਂ ਵੇਖੋ:

ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ॥
ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ॥
ਦਰਸਨਿ ਪਰਸਿਐ ਗੁਰੂ ਕੈ ਅਠਸਠਿ ਮਜਨੁ ਹੋਇ॥
ਗੁਰ ਗਮਿ ਪ੍ਰਮਾਣੁ ਤੈ ਪਾਇਓ ਸਤੁ ਸੰਤੋਖੁ ਗ੍ਰਾਹਜਿ ਲਯੌ॥ (ਪੰਨਾ 1392)

ਤੈ ਤਾ ਹਦਰਥਿ ਪਾਇਓ ਮਾਨੁ ਸੇਵਿਆ ਗੁਰੁ ਪਰਵਾਨੁ ਸਾਧਿ ਅਜਗਰੁ ਜਿਨਿ ਕੀਆ ਉਨਮਾਨੁ॥
ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ॥
ਸੋਈ ਪੁਰਖੁ ਧੰਨੁ ਕਰਤਾ ਕਾਰਣ ਕਰਤਾਰੁ ਕਰਣ ਸਮਰਥੋ॥
ਸਤਿਗੁਰੂ ਧੰਨੁ ਨਾਨਕੁ ਮਸਤਕਿ ਤੁਮ ਧਰਿਓ ਜਿਨਿ ਹਥੋ॥
ਤ ਧਰਿਓ ਮਸਤਕਿ ਹਥੁ ਸਹਜਿ ਅਮਿਉ ਵੁਠਉ ਛਜਿ ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ॥ (ਪੰਨਾ 1391)

‘ਸਵਈਏ  ਮਹਲੇ  ਤੀਜੇ  ਕੇ’  ਵਿਚ  ਵੀ  ਇਹ  ਵਿਧੀ  ਕਾਰਜਸ਼ੀਲ  ਹੈ।  ਪਹਿਲੇ ਸਵੱਈਏ ਦਾ ਆਰੰਭ ਕਰਦੇ ਹੋਏ ਬਾਣੀਕਾਰ ਕਹਿੰਦਾ ਹੈ ਕਿ ਉਸ ਅਕਾਲ ਪੁਰਖ ਨੂੰ ਸਿਮਰੋ ਜਿਸ ਦਾ ਨਾਮ ਅਛੱਲ ਹੈ। ਜਿਸ ਦਾ ਆਨੰਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਣਿਆ ਹੈ। ਜਿਸ ਦੁਆਰਾ ਭਾਈ ਲਹਿਣਾ ਜੀ ਨੂੰ ਸਭ ਸ਼ਕਤੀਆਂ ਹਾਸਲ ਹੋਈਆਂ। ਜਿਸ ਦੀ ਬਰਕਤ ਨਾਲ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ੋਭਾ ਤੇ ਜੈ ਜੈ ਕਾਰ ਸਭ ਪਾਸੇ ਹੋ ਰਹੀ ਹੈ। ਜਿਸ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਸੇਵਿਆ ਹੈ ਉਹ ਭੀ ਧੰਨ ਹਨ। ਉਹ ਜੀਭ ਸਕਾਰਥੀ ਹੈ ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਣ ਗਾਉਂਦੀ ਹੈ। ਉਹ ਅੱਖਾਂ ਤੇ ਕੰਨ ਸਕਾਰਥ ਹਨ ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ/ ਬੋਲ ਸੁਣਦੇ ਹਨ। ਹੇ ਸ੍ਰੀ ਗੁਰੂ ਅਮਰਦਾਸ ਜੀ! ਤੁਸੀਂ ਇਕੋ ਅਕਾਲ ਪੁਰਖ ਨੂੰ ਸਿਮਰਦੇ ਹੋ। ਹੇ ਭਾਈ! ਆਓ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨ ਪਰਸੀਏ ਜਿਸ ਨਾਲ ਧਰਤੀ ਦੇ ਪਾਪ ਦੂਰ ਹੋ ਜਾਂਦੇ ਹਨ। ਜਨਮ ਮਰਨ ਦੇ ਗੇੜ ਮੁਕ ਜਾਂਦੇ ਹਨ। ਹੇ ਸ੍ਰੀ ਗੁਰੂ ਅਮਰਦਾਸ  ਜੀ!  ਮੈਨੂੰ  ਬਚਾ  ਲਓ।  ਮੈਂ  ਤੁਹਾਡੀ  ਸ਼ਰਣ  ਪਿਆ  ਹਾਂ:

ਸੋਈ ਪੁਰਖੁ ਸਿਵਰਿ ਸਾਚਾ ਜਾ ਕਾ ਇਕੁ ਨਾਮੁ ਅਛਲੁ ਸੰਸਾਰੇ॥ (ਪੰਨਾ 1392)

ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ॥ (ਪੰਨਾ 1393)

ਚਰਣ ਤ ਪਰ ਸਕਯਥ ਚਰਣ ਗੁਰ ਅਮਰ ਪਵਲਿ ਰਯ॥
ਹਥ ਤ ਪਰ ਸਕਯਥ ਹਥ ਲਗਹਿ ਗੁਰ ਅਮਰ ਪਯ॥
ਨੈਣ ਤ ਪਰ ਸਕਯਥ ਨਯਣਿ ਗੁਰੁ ਅਮਰੁ ਪਿਖਿਜੈ॥
ਸ੍ਰਵਣ ਤ ਪਰ ਸਕਯਥ ਸ੍ਰਵਣਿ ਗੁਰੁ ਅਮਰੁ ਸੁਣਿਜੈ॥
ਗੁਰੁ ਅਮਰਦਾਸੁ ਪਰਸੀਐ ਪੁਹਮਿ ਪਾਤਿਕ ਬਿਨਾਸਹਿ॥
ਗੁਰੁ ਅਮਰਦਾਸੁ ਪਰਸੀਐ ਸਿਧ ਸਾਧਿਕ ਆਸਾਸਹਿ॥ (ਪੰਨਾ 1394)

ਗੁਰ ਅਮਰਦਾਸ ਕੀਰਤੁ ਕਹੈ ਤ੍ਰਾਹਿ ਤ੍ਰਾਹਿ ਤੁਅ ਪਾ ਸਰਣ॥
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ॥
ਨਾਨਕ ਕੁਲਿ ਨਿੰਮਲੁ ਅਵਤਰ੍ਹਿਉ ਗੁਣ ਕਰਤਾਰੈ ਉਚਰੈ॥
ਗੁਰੁ ਅਮਰਦਾਸੁ ਜਿਨ੍‍ ਸੇਵਿਅਉ ਤਿਨ੍‍ ਦੁਖੁ ਦਰਿਦ੍ਰੁ ਪਰਹਰਿ ਪਰੈ॥
ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ॥
ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ॥ (ਪੰਨਾ 1395)

ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍‍ ਕੇ ਗੁਣ ਹਉ ਕਿਆ ਕਹਉ॥
ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ॥
ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ॥ (ਪੰਨਾ 1396)

ਭੱਟ ਬਾਣੀਕਾਰਾਂ ਦੀ ਬਾਣੀ ਵਿਚ ਸਭ ਤੋਂ ਵਧੇਰੇ ਬਾਣੀ ‘ਸਵਈਏ ਮਹਲੇ ਚਉਥੇ ਕੇ’ ਦੇ ਸਿਰਲੇਖ ਹੇਠ ਅੰਕਿਤ ਹੈ। ਇਸ ਵਿਚ ਸੱਤ ਭੱਟ ਸਾਹਿਬਾਨ ਦੇ 60 ਸਵੱਈਏ ਸ਼ਾਮਲ ਹਨ। ਇਨ੍ਹਾਂ ਦਾ ਆਰੰਭ ਭੱਟ ਕਲਸਹਾਰ ਜੀ, ਸਤਿਗੁਰੂ ਅੱਗੇ ਇਸ ਬੇਨਤੀ ਨਾਲ ਕਰਦੇ ਹਨ ਕਿ ਹੇ ਸਤਿਗੁਰੂ! ਮੇਰੀ ਇਹ ਆਸ ਪੂਰੀ ਕਰ ਕਿ ਮੈਂ ਤੇਰੀ ਕਿਰਪਾ ਨਾਲ ਅਕਾਲ ਪੁਰਖ ਨੂੰ ਸਿਮਰਾਂ। ਇਸ ਉਪਰੰਤ ਉਹ ਤੁਰੰਤ ਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਣ ਗਾਉਣ ਲੱਗਦੇ ਹਨ। ਸਪੱਸ਼ਟ ਹੈ ਕਿ ਉਨ੍ਹਾਂ ਵਾਸਤੇ ਹਰੀ ਤੇ ਗੁਰੂ ਵਿਚ ਕੋਈ ਅੰਤਰ ਨਹੀਂ। ਕਲਸਹਾਰ ਜੀ ਕਹਿੰਦੇ ਹਨ ਕਿ ਸ੍ਰੀ ਗੁਰੂ ਰਾਮਦਾਸ ਜੀ ਹਿਰਦੇ ਦੇ ਖਾਲੀ ਸਰੋਵਰ ਨੂੰ ਨਾਮ ਅੰਮ੍ਰਿਤ ਨਾਲ ਭਰ ਦਿੰਦੇ ਹਨ। ਸ੍ਰੀ ਗੁਰੂ ਅਮਰਦਾਸ ਜੀ ਨੇ ਉਨ੍ਹਾਂ ਨੂੰ ਨਾਮ ਦ੍ਰਿੜ੍ਹਾਇਆ ਹੈ। ਪਾਰਸ ਸਮਾਨ ਸ੍ਰੀ ਗੁਰੂ ਅਮਰਦਾਸ ਜੀ ਦੀ ਬਰਕਤ ਨਾਲ ਸ੍ਰੀ ਗੁਰੂ ਰਾਮਦਾਸ ਜੀ ਨੇ ਉੱਚ ਪਦਵੀ ਪਾਈ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਸਿਰ ’ਤੇ ਸਮਰੱਥ ਸ੍ਰੀ ਗੁਰੂ ਅਮਰਦਾਸ ਜੀ ਦਾ ਹੱਥ ਹੈ।

ਭੱਟ ਗਯੰਦ ਜੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਹਰੀ ਦੇ ਨੇੜੇ ਵੱਸਦੇ ਹਨ। ਉਨ੍ਹਾਂ ਨੇ ਲਹਿਣਾ ਜੀ ਨੂੰ ਨਿਵਾਜ ਕੇ ਰੱਬੀ ਜੋਤਿ ਦਾ ਪ੍ਰਕਾਸ਼ ਕੀਤਾ। ਉਨ੍ਹਾਂ ਅੱਗੋਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਨਾਮ ਦੀ ਦਾਤ ਬਖਸ਼ੀ, ਜਿਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਨਾਮ ਦਾ ਖਜ਼ਾਨਾ ਬਖਸ਼ਿਆ। ਸ੍ਰੀ ਗੁਰੂ ਰਾਮਦਾਸ ਜੀ ਸੰਸਾਰ ਸਾਗਰ ਨੂੰ ਤਾਰਨ ਲਈ ਗੁਰੂ ਰਾਮਦਾਸ ਜਹਾਜ਼ ਹਨ। ਮੇਰੀ ਨਜ਼ਰ ਵਿਚ ਤਾਂ ਉਹ ਹੀ ਰਾਮ ਹਨ। ਜਿਨ੍ਹਾਂ ਨੂੰ ਇਸ ਗੱਲ ’ਤੇ ਯਕੀਨ ਆਇਆ ਹੈ, ਉਨ੍ਹਾਂ ਦੀ ਪਦਵੀ ਉੱਚੀ ਹੋਈ ਹੈ। ਹੇ ਗੁਰੂ! ਤੂੰ ਧੰਨ ਹੈਂ। ਤੇਰੀ ਹੀ ਸਾਰੀ ਬਰਕਤ ਹੈ। ਤੂੰ ਹੀ ਚੁਰਾਸੀ ਲੱਖ ਜੂਨਾਂ ਪੈਦਾ ਕਰ ਕੇ ਉਨ੍ਹਾਂ ਨੂੰ ਰਿਜ਼ਕ ਦਿੱਤਾ ਹੈ। ਤੂੰ ਹੀ ਜਲ-ਥਲ ਸਭ ਕਾਸੇ ਵਿਚ ਵਿਆਪਕ ਹੈਂ।

ਸ੍ਰੀ ਮਥਰਾ ਭੱਟ ਜੀ ਅਨੁਸਾਰ ਜਿਸ ਅਕਾਲ ਪੁਰਖ ਨੇ ਨਾਨਾ ਪ੍ਰਕਾਰ ਦਾ ਜਗਤ ਰਚਿਆ ਹੈ, ਉਹ ਸ੍ਰੀ ਗੁਰੂ ਰਾਮਦਾਸ ਜੀ ਦੇ ਹਿਰਦੇ ਵਿਚ ਹੈ। ਜੋ ਮਨੁੱਖ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਮਨ ਜੋੜਦੇ ਹਨ, ਉਹ ਭਾਗਾਂ ਵਾਲੇ ਹਨ। ਜਿਸ ਦੇ ਸਿਰ ਉੱਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਹੱਥ ਧਰਿਆ ਹੈ, ਉਸ ਨੂੰ ਕਾਹਦੀ ਪ੍ਰਵਾਹ ਹੈ। ਭੱਟ ਬਲ੍ਹ ਜੀ ਆਖਦੇ ਹਨ ਕਿ ਹੇ ਸ੍ਰੀ ਗੁਰੂ ਰਾਮਦਾਸ ਜੀ! ਤੁਹਾਡੀ ਜੈ ਜੈ ਕਾਰ ਹੋ ਰਹੀ ਹੈ, ਕਿਉਂਕਿ ਤੁਸੀਂ ਤਿੰਨਾਂ ਭਵਨਾਂ ਵਿਚ ਵਿਆਪਕ ਹਰੀ ਦੀ ਪਦਵੀ ਪਾ ਲਈ ਹੈ। ਹੇ ਪ੍ਰਾਣੀਓਂ! ਜਿਸ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗ ਕੇ ਪ੍ਰਭੂ ਨੂੰ ਮਿਲੀਦਾ ਹੈ, ਉਸ ਨੂੰ ਧੰਨ-ਧੰਨ ਕਹੋ। ਭੱਟ ਕੀਰਤ ਜੀ ਅਨੁਸਾਰ ਜਿਵੇਂ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿਚ ਰਹੇ ਤਿਵੇਂ ਹੀ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿਚ ਰਹੇ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਨਾਮ ਪਛਾਣਿਆ। ਪ੍ਰੇਮ ਨਾਲ ਭਗਤੀ ਕੀਤੀ। ਉਨ੍ਹਾਂ ਤੋਂ ਸ੍ਰੀ ਗੁਰੂ ਅੰਗਦ ਸਾਹਿਬ ਹੋਏ ਜਿਨ੍ਹਾਂ ਨੇ ਸ਼ਬਦ-ਵਰਖਾ ਕੀਤੀ। ਸ੍ਰੀ ਗੁਰੂ ਅਮਰਦਾਸ ਜੀ ਦੀ ਕਥਾ ਤਾਂ ਕਥਨਾਂ ਤੋਂ ਬਾਹਰੀ ਹੈ। ਮੇਰੀ ਇਕ ਜੀਭ ਕੀ ਕਹੇ। ਉਸੇ ਸ੍ਰੀ ਗੁਰੂ ਅਮਰਦਾਸ ਜੀ ਤੋਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਵਡਿਆਈ ਮਿਲੀ ਹੈ। ਅਸੀਂ ਤਾਂ ਅਉਗਣਾਂ ਦੇ ਭਰੇ ਹੋਏ ਹਾਂ। ਗੁਰੂ ਦੀ ਸੰਗਤ ਦਾ ਰਾਹ ਉੱਤਮ ਹੈ- ਅਸੀਂ ਤਾਂ ਇਹੀ ਸੁਣਿਆ ਹੈ। ਹੇ ਸ੍ਰੀ ਗੁਰੂ ਰਾਮਦਾਸ ਜੀ! ਆਪਣੀ ਸ਼ਰਨ ਵਿਚ ਰੱਖ ਲਓ। ਭੱਟ ਸਲ੍ਹ ਜੀ ਵੀ ਇਉਂ ਹੀ ਗੁਰੂ-ਜਸ ਗਾਉਂਦੇ ਹੋਏ ਕਹਿੰਦੇ ਹਨ- ਹੇ ਸ੍ਰੀ ਗੁਰੂ ਰਾਮਦਾਸ ਜੀ! ਤੁਸੀਂ ਚਾਰੇ ਜੁਗਾਂ ਵਿਚ ਥਿਰ ਹੋ। ਪਰਮੇਸ਼ਰ ਹੋ। ਦੇਵਤੇ, ਸਿਧ, ਸਾਧਕ ਤੁਹਾਨੂੰ ਹੀ ਸਿਮਰਦੇ ਹਨ। ਤੁਸੀਂ ਆਦਿ ਅਨਾਦੀ ਹੋ। ਜੋ ਮਨੁੱਖ ਤੁਹਾਡੀ ਸ਼ਰਨ ਆਉਂਦੇ ਹਨ, ਉਹ ਪਾਪਾਂ ਤੇ ਜਮਾਂ ਦੀ ਪ੍ਰਵਾਹ ਨਹੀਂ ਕਰਦੇ। ਉਕਤ ਵਿਚਾਰਾਂ ਦੇ ਪ੍ਰਮਾਣ ਵਜੋਂ ਕੁਝ ਕੁ ਪੰਕਤੀਆਂ ਇਸ ਪ੍ਰਕਾਰ ਹਨ:

ਇਕ ਮਨਿ ਪੁਰਖੁ ਨਿਰੰਜਨੁ ਧਿਆਵਉ॥
ਗੁਰ ਪ੍ਰਸਾਦਿ ਹਰਿ ਗੁਣ ਸਦ ਗਾਵਉ॥
ਸਤਿਗੁਰੁ ਸੇਵਿ ਪਰਮ ਪਦੁ ਪਾਯਉ॥
ਅਬਿਨਾਸੀ ਅਬਿਗਤੁ ਧਿਆਯਉ॥
ਕਵਿ ਕਲ੍ਹ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ॥ (ਪੰਨਾ 1396)

ਨਾਨਕ ਪ੍ਰਸਾਦਿ ਅੰਗਦ ਸੁਮਤਿ ਗੁਰਿ ਅਮਰਿ ਅਮਰੁ ਵਰਤਾਇਓ॥
ਗੁਰ ਰਾਮਦਾਸ ਕਲ੍ਹੁਚਰੈ ਤੈਂ ਅਟਲ ਅਮਰ ਪਦੁ ਪਾਇਓ॥ (ਪੰਨਾ 1397)

ਗੁਰੁ ਨਾਨਕੁ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇ॥
ਇਹੁ ਰਾਜ ਜੋਗ ਗੁਰ ਰਾਮਦਾਸ ਤੁਮ੍‍ ਹੂ ਰਸੁ ਜਾਣੇ॥
ਸਤਿਗੁਰ ਨਾਮੁ ਏਕ ਲਿਵ ਮਨਿ ਜਪੈ ਦ੍ਰਿੜੁ੍ ਤਿਨ੍‍ ਜਨ ਦੁਖ ਪਾਪੁ ਕਹੁ ਕਤ ਹੋਵੈ ਜੀਉ॥ (ਪੰਨਾ 1398)

ਸਭ ਬਿਧਿ ਮਾਨ੍ਹਿਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥
ਜਾਮਿ ਗੁਰੂ ਹੋਇ ਵਲਿ ਲਖ ਬਾਹੇ ਕਿਆ ਕਿਜਇ॥
ਜੋ ਗੁਰੂ ਨਾਮੁ ਰਿਦ ਮਹਿ ਧਰੈ ਸੋ ਜਨਮ ਮਰਣ ਦੁਹ ਥੇ ਰਹੈ॥
ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥
ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ॥
ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ॥
ਗੁਰੁ ਕਰੁ ਸਬਦ ਸਪੁੰਨ ਅਘਨ ਕਟਹਿ ਸਭ ਤੇਰੇ॥ (ਪੰਨਾ 1399)

ਰਾਮਦਾਸੁ ਗੁਰੂ ਹਰਿ ਸਤਿ ਕੀਯਉ ਸਮਰਥ ਗੁਰੂ ਸਿਰਿ ਹਥੁ ਧਰ੍ਹਉ॥
ਸੋਦਾਮਾ ਅਪਦਾ ਤੇ ਰਾਖਿਆ ਗਨਿਕਾ ਪੜ੍ਹਤ ਪੂਰੇ ਤਿਹ ਕਾਜ॥
ਸ੍ਰੀ ਸਤਿਗੁਰ ਸੁਪ੍ਰਸੰਨ ਕਲਜੁਗ ਹੋਇ ਰਾਖਹੁ ਦਾਸ ਭਾਟ ਕੀ ਲਾਜ॥
ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ॥ (ਪੰਨਾ 1400)

ਗੁਰੁ ਨਾਨਕੁ ਨਿਕਟਿ ਬਸੈ ਬਨਵਾਰੀ॥
ਤਿਨਿ ਲਹਣਾ ਥਾਪਿ ਜੋਤਿ ਜਗਿ ਧਾਰੀ॥
ਲਹਣੈ ਪੰਥੁ ਧਰਮ ਕਾ ਕੀਆ॥
ਅਮਰਦਾਸ ਭਲੇ ਕਉ ਦੀਆ॥
ਤਿਨਿ ਸ੍ਰੀ ਰਾਮਦਾਸੁ ਸੋਢੀ ਥਿਰੁ ਥਪ੍ਹਉ॥
ਹਰਿ ਕਾ ਨਾਮੁ ਅਖੈ ਨਿਧਿ ਅਪ੍ਹਉ॥ (ਪੰਨਾ 1401)

ਪਰਤੀਤਿ ਹੀਐ ਆਈ ਜਿਨ ਜਨ ਕੈ ਤਿਨ੍‍ ਕਉ ਪਦਵੀ ਉਚ ਭਈ॥
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥
ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ॥
ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ ਛਦਮ ਅਪਰੰਪਰ ਪਾਰਬ੍ਰਹਮ ਲਖੈ ਕਉਨੁ ਤਾਹਿ ਜੀਉ॥
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥ (ਪੰਨਾ 1402)

ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭ ਹੂ ਕਉ ਤਦ ਕਾ॥
ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ॥
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ॥ (ਪੰਨਾ 1403)

ਤਾਹਿ ਕਹਾ ਪਰਵਾਹ ਕਾਹੂ ਕੀ ਜਾ ਕੈ ਬਸੀਸਿ ਧਰਿਓ ਗੁਰਿ ਹਥੁ॥
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ॥
ਜਿਹ ਸਤਿਗੁਰ ਲਗਿ ਪ੍ਰਭੁ ਪਾਈਐ ਸੋ ਸਤਿਗੁਰੁ ਸਿਮਰਹੁ ਨਰਹੁ॥ (ਪੰਨਾ 1405)

ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ॥
ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ॥
ਤੂ ਸਤਿਗੁਰੁ ਚਹੁ ਜੁਗੀ ਆਪਿ ਆਪੇ ਪਰਮੇਸਰੁ॥
ਸੁਰਿ ਨਰ ਸਾਧਿਕ ਸਿਧ ਸਿਖ ਸੇਵੰਤ ਧੁਰਹ ਧੁਰੁ॥ (ਪੰਨਾ 1406)

ਭੱਟ ਬਾਣੀ ਦੀ ਸਮਾਪਤੀ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਕੀਰਤੀ ਵਿਚ ਉਚਾਰੇ ਤਿੰਨ ਭੱਟ ਬਾਣੀਕਾਰਾਂ ਦੇ 21 ਸਵੱਈਆਂ ਨਾਲ ਹੁੰਦੀ ਹੈ। ਕੀਰਤੀ ਦਾ ਆਰੰਭ ਭੱਟ ਕਲਸਹਾਰ ਜੀ ਇਉਂ ਕਰਦੇ ਹਨ- ਮੈਂ ਉਸ ਅਕਾਲ ਪੁਰਖ ਨੂੰ ਸਿਮਰਦਾ ਹਾਂ, ਜਿਸ ਦੇ ਸਿਮਰਨ ਨਾਲ ਦੁਰਮਤਿ ਦੀ ਮੈਲ ਦੂਰ ਹੁੰਦੀ ਹੈ। ਮੈਂ ਸਤਿਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਟਿਕਾ ਕੇ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਗੁਣ ਦੱਸਦਾ ਹਾਂ। ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਵਿਚ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਵਰ ਬਖ਼ਸ਼ਿਆ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖ਼ਜ਼ਾਨਾ ਸ੍ਰੀ ਗੁਰੂ ਅਮਰਦਾਸ ਜੀ ਨੂੰ ਬਖ਼ਸ਼ਿਆ। ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਵਰ ਦਿੱਤਾ ਅਤੇ ਉਨ੍ਹਾਂ ਦੇ ਚਰਨਾਂ ਦੀ ਛੋਹ ਪਾਰਸ ਛੋਹ ਜੇਹੀ ਹੋ ਗਈ ਹੈ। ਸ੍ਰੀ ਗੁਰੂ ਰਾਮਦਾਸ ਜੀ ਧੰਨ ਹਨ, ਜਿਨ੍ਹਾਂ ਨੇ ਪਾਰਸ ਵਾਂਗ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਜੇਹਾ ਕਰ ਦਿੱਤਾ ਹੈ।

ਭੱਟ ਮਥੁਰਾ ਜੀ ਗੁਰੂ ਜੋਤਿ ਦੀ ਏਕਤਾ ਨੂੰ ਦ੍ਰਿੜ੍ਹਾਉਂਦੇ ਹੋਏ ਆਖਦੇ ਹਨ: ਪ੍ਰਕਾਸ਼ ਰੂਪ ਹਰੀ ਨੇ ਆਪਣੇ ਆਪ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਖਵਾਇਆ। ਉਸ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਪ੍ਰਗਟ ਹੋਏ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕ੍ਰਿਪਾ ਕਰ ਕੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰੂ ਥਾਪਿਆ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣਾ ਛਤ੍ਰ ਸ੍ਰੀ ਗੁਰੂ ਰਾਮਦਾਸ ਜੀ ਨੂੰ ਦਿੱਤਾ। ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਆਤਮਕ ਜੀਵਨ ਬਖਸ਼ਣ ਵਾਲੇ ਹੋ ਗਏ। ਸ੍ਰੀ ਗੁਰੂ ਅਰਜਨ ਦੇਵ ਜੀ ਕਲਜੁਗ ਦੇ ਜਹਾਜ਼ ਹਨ। ਹੇ ਦੁਨੀਆਂ ਦੇ ਲੋਕੋ! ਉਨ੍ਹਾਂ ਦੇ ਚਰਨੀਂ ਲੱਗ ਕੇ ਭਵ ਸਾਗਰ ਤਰ ਜਾਓ। ਭੱਟ ਮਥੁਰਾ ਜੀ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਸਰਬ-ਵਿਆਪਕ ਪ੍ਰਭੂ ਹਨ। ਸ੍ਰੀ ਗੁਰੂ ਰਾਮਦਾਸ ਜੀ ਨੇ ਜਗਤ ਨੂੰ ਤਾਰਨ ਲਈ ਗੁਰੂ ਜੋਤਿ, ਸ੍ਰੀ ਗੁਰੂ ਅਰਜਨ ਦੇਵ ਜੀ ਵਿਚ ਟਿਕਾਈ ਹੈ। ਹੇ ਮਨ! ਭੁੱਲ ਨਾ ਕਰੀਂ। ਹਰੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਇਕ ਹੀ ਹਨ। ਇਨ੍ਹਾਂ ਵਿਚ ਕੋਈ ਭੇਦ ਨਹੀਂ। ਜਦ ਤਕ ਸਾਡੇ ਭਾਗਾਂ ਵਿਚ ਭਟਕਣ ਲਿਖੀ ਸੀ, ਅਸੀਂ ਇਧਰ-ਉਧਰ ਭਟਕਦੇ ਰਹੇ। ਹੁਣ ਸਮਝ ਪਈ ਹੈ ਕਿ ਜਗ ਨੂੰ ਤਾਰਨ ਲਈ ਹਰੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਵਤਾਰ ਬਣਾਇਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਹਰੀ ਦਾ ਪ੍ਰਤੱਖ ਰੂਪ ਹਨ। ਭੱਟ ਹਰਿਬੰਸ ਜੀ ਅਨੁਸਾਰ ਪਰਮੇਸ਼ਰ ਨੇ ਆਪ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਛਤਰ ਦੀ ਬਖ਼ਸ਼ਿਸ਼ ਕੀਤੀ ਹੈ। ਜਿਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਮਿਲ ਗਏ, ਉਨ੍ਹਾਂ ਦੇ ਤਮਾਮ ਪਾਪ ਕੱਟੇ ਗਏ। ਗੁਰੂ ਰਾਮਦਾਸ ਜੀ ਹਰੀ ਦੀ ਰਜ਼ਾ ਵਿਚ ਸਚਖੰਡ ਚਲੇ ਗਏ ਹਨ ਤੇ ਉਨ੍ਹਾਂ ਆਪਣਾ ਧਰਤੀ ਵਾਲਾ ਛੱਤ੍ਰ ਤੇ ਸਿੰਘਾਸਣ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਖ਼ਸ਼ ਦਿੱਤਾ ਹੈ। ਭੱਟ ਬਾਣੀਕਾਰਾਂ ਦੀ ਬਾਣੀ ਉਕਤ ਵਿਚਾਰਾਂ ਦਾ ਪ੍ਰਗਟਾਵਾ ਜਿਸ ਅਨੂਠੇ ਤਰੀਕੇ ਨਾਲ ਕਰਦੀ ਹੈ, ਉਸ ਦਾ ਪ੍ਰਮਾਣ ਨਿਮਨ ਅੰਕਿਤ ਪੰਕਤੀਆਂ ਵਿਚ ਪ੍ਰਾਪਤ ਹੈ:

ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ॥
ਜਿਸੁ ਸਿਮਰਤ ਦੁਰਮਤਿ ਮਲੁ ਨਾਸੀ॥
ਸਤਿਗੁਰ ਚਰਣ ਕਵਲ ਰਿਦਿ ਧਾਰੰ॥
ਗੁਰ ਅਰਜੁਨ ਗੁਣ ਸਹਜਿ ਬਿਚਾਰੰ॥ (ਪੰਨਾ 1406-07)

ਗੁਰਿ ਨਾਨਕਿ ਅੰਗਦੁ ਵਰ੍ਹਉ ਗੁਰਿ ਅੰਗਦਿ ਅਮਰ ਨਿਧਾਨੁ॥
ਗੁਰਿ ਰਾਮਦਾਸ ਅਰਜੁਨੁ ਵਰ੍ਹਉ ਪਾਰਸੁ ਪਰਸੁ ਪ੍ਰਮਾਣੁ॥ (ਪੰਨਾ 1407)

ਗੁਰੁ ਅਰਜੁਨੁ ਪੁਰਖੁ ਪ੍ਰਮਾਣੁ ਪਾਰਥਉ ਚਾਲੈ ਨਹੀ॥
ਅਬ ਨਾਹਿ ਅਵਰ ਸਰਿ ਕਾਮੁ ਬਾਰੰਤਰਿ ਪੂਰੀ ਪੜੀ॥3॥12॥

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥
ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥
ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥
ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ॥
ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ॥
ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ॥
ਕਲਜੁਗਿ ਜਹਾਜੁ ਅਰਜੁਨੁ ਗੁਰੂ ਸਗਲ ਸ੍ਰਿਸਿ† ਲਗਿ ਬਿਤਰਹੁ॥ (ਪੰਨਾ 1408)

ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ॥
ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਅਉ॥
ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ॥5॥
ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ॥
ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ॥
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ॥
ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ॥
ਕਾਟੇ ਸੁ ਪਾਪ ਤਿਨ੍‍ ਨਰਹੁ ਕੇ ਗੁਰੁ ਰਾਮਦਾਸੁ ਜਿਨ੍‍ ਪਾਇਯਉ॥
ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ॥ (ਪੰਨਾ 1409)

ਭੱਟ ਬਾਣੀਕਾਰਾਂ ਦੇ ਨਿਕਟ ਅਧਿਐਨ ਤੋਂ ਇਹ ਗੱਲ ਭਲੀਭਾਂਤ ਉਜਾਗਰ ਹੋ ਜਾਂਦੀ ਹੈ ਕਿ ਭੱਟ ਬਾਣੀਕਾਰਾਂ ਨੇ ਸਿੱਖੀ ਦੇ ਸਿਧਾਂਤਕ ਤੇ ਸੰਸਥਾਗਤ ਸਰੂਪ ਨੂੰ ਭਾਰਤੀ ਜਨ-ਮਾਨਸ ਵਿਚ ਦ੍ਰਿੜ੍ਹਤਾ ਨਾਲ ਸਥਾਪਤ ਕਰਨ ਪੱਖੋਂ ਇਤਿਹਾਸਕ ਯੋਗਦਾਨ ਪਾਇਆ ਹੈ। ਉਹ ਇਕ ਅਕਾਲ ਪੁਰਖ ਨੂੰ ਸਰਵ-ਸ਼ਕਤੀਮਾਨ ਕਰਨ ਕਾਰਣ ਕਰਤਾਰ ਜਾਣਦੇ ਹਨ। ਉਸ ਦੇ ਨਾਮ ਨੂੰ ਮਨੁੱਖ ਦੇ ਨਿਸਤਾਰੇ ਦਾ ਇੱਕੋ-ਇਕ ਸਾਧਨ ਮੰਨਦੇ ਹਨ। ਉਹ ਇਸ ਤੱਥ ਨੂੰ ਜ਼ੋਰਦਾਰ ਤਰੀਕੇ ਨਾਲ ਦ੍ਰਿੜ੍ਹ ਕਰਵਾਉਂਦੇ ਹਨ ਕਿ ਨਾਮ ਦਾ ਸਰਲ ਮਾਰਗ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਵਾਂ ਦੇ ਨਿਸਤਾਰੇ ਲਈ ਪੇਸ਼ ਕੀਤਾ। ਨਾਮ ਨੂੰ ਹਿਰਦੇ ਵਿਚ ਧਾਰਨ ਵਾਲੇ ਨਾਮ ਦਾ ਰੂਪ ਹੋ ਚੁਕੇ ਸ੍ਰੀ ਗੁਰੂ ਨਾਨਕ ਦੇਵ ਜੀ ਹਰੀ ਨਾਲ ਇਕਮਿਕ ਸਨ। ਉਨ੍ਹਾਂ ਦੀ ਜੋਤਿ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਉਨ੍ਹਾਂ ਦੇ ਪਰਵਰਤੀ ਗੁਰੂਆਂ ਵਿਚ ਰੂਪ ਵਟਾਂਦੀ ਰਹੀ। ਸ੍ਰੀ ਗੁਰੂ ਨਾਨਕ ਦੇਵ ਜੀ ਨਿਰੰਕਾਰੀ ਜੋਤਿ ਸਨ। ਉਨ੍ਹਾਂ ਦੀ ਜੋਤਿ ਬਾਕੀ ਗੁਰੂਆਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਵਿਚ ਕੋਈ ਭੇਦ ਨਹੀਂ ਸੀ। ਭੱਟ ਬਾਣੀਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਦਰ ਘਰ ਨਾਲ ਸਮੂਹ ਭਾਰਤੀ ਜਨ-ਸਮੂਹ ਨੂੰ ਜੋੜਨ ਲਈ ਪੂਰੀ ਸ਼ਰਧਾ ਨਾਲ ਸਮਰਪਿਤ ਸਨ। ਇਸੇ ਲਈ ਉਹ ਹੋਰ ਸਭ ਦਰ ਛੱਡ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰ ਘਰ ਨਾਲ ਜੁੜਨ ਦਾ ਆਵਾਹਣ ਕਰਦੇ ਹਨ। ਗੁਰੂ ਦਾ ਜਸ ਗਾਉਂਦੇ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Kuldeep Singh Dhir
ਸਾਬਕਾ ਪ੍ਰੋਫੈਸਰ ਤੇ ਡੀਨ ਅਕਾਦਮਿਕ ਮਾਮਲੇ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕੁਲਦੀਪ ਸਿੰਘ ਧੀਰ (15 ਨਵੰਬਰ 1943 - 16 ਨਵੰਬਰ 2020) ਇੱਕ ਪੰਜਾਬੀ ਵਿਦਵਾਨ ਅਤੇ ਵਾਰਤਕ ਲੇਖਕ ਸੀ। ਡਾ. ਕੁਲਦੀਪ ਸਿੰਘ ਧੀਰ ਨੇ ਸਾਹਿਤ ਜਗਤ, ਸਿੱਖ ਧਰਮ ਅਤੇ ਗਿਆਨ ਵਿਗਿਆਨ ਵਿਚ ਵਡਮੁੱਲਾ ਯੋਗਦਾਨ ਪਾਇਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਡੀਨ ਅਕਾਦਮਿਕ ਤੇ ਪੰਜਾਬੀ ਵਿਭਾਗ ਮੁਖੀ ਰਹੇ ਡਾ. ਕੁਲਦੀਪ ਸਿੰਘ ਧੀਰ ਨੇ ਲੇਖਕਾਂ ਦਾ ਰੇਖਾ ਚਿੱਤਰ ਲਿਖਣ ਦੇ ਨਾਲ ਹੋਰ ਕਈ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾਈਆਂ।
ਕਿਤਾਬਾਂ-
ਸਾਹਿਤ ਅਧਿਐਨ: ਪਾਠਕ ਦੀ ਅਨੁਕ੍ਰਿਆ, ਵੈਲਵਿਸ਼ ਪਬਲਿਸ਼ਰਜ਼,. ਦਿੱਲੀ, 1996.
ਨਵੀਆਂ ਧਰਤੀਆਂ ਨਵੇਂ ਆਕਾਸ਼ (1996)
ਵਿਗਿਆਨ ਦੇ ਅੰਗ ਸੰਗ (2013)[2]
ਸਿੱਖ ਰਾਜ ਦੇ ਵੀਰ ਨਾਇਕ
ਦਰਿਆਵਾਂ ਦੀ ਦੋਸਤੀ
ਵਿਗਿਆਨ ਦੀ ਦੁਨੀਆਂ
ਗੁਰਬਾਣੀ
ਜੋਤ ਅਤੇ ਜੁਗਤ
ਗਿਆਨ ਸਰੋਵਰ
ਕੰਪਿਊਟਰ
ਕਹਾਣੀ ਐਟਮ ਬੰਬ ਦੀ
ਜਹਾਜ਼ ਰਾਕਟ ਅਤੇ ਉਪਗ੍ਰਹਿ
ਤਾਰਿਆ ਵੇ ਤੇਰੀ ਲੋਅ
ਧਰਤ ਅੰਬਰ ਦੀਆਂ ਬਾਤਾਂ[3]
ਬਿੱਗ ਬੈਂਗ ਤੋਂ ਬਿੱਗ ਕਰੰਚ (੨੦੧੨)
ਹਿਗਸ ਬੋਸਨ ਉਰਫ ਗਾਡ ਪਾਰਟੀਕਲ (੨੦੧੩)

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)