editor@sikharchives.org
Guru Arjan Dev ji

ਭੱਟ ਬਾਣੀਕਾਰਾਂ ਦੀ ਨਜ਼ਰ ਵਿਚ ਗੁਰੂ ਅਰਜਨ ਦੇਵ ਜੀ

ਭੱਟ ਕੱਲ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਨੇਕਾਂ ਗੁਣਾਂ ਨਾਲ ਸੰਪੰਨ ਬਿਆਨ ਕਰਦੇ ਹੋਏ ਉਨ੍ਹਾਂ ਨੂੰ ਨਿਰਮਲ ਬੁੱਧ, ਸਬਰ, ਸੰਤੋਖ ਦੇ ਮਾਲਕ, ਬੇਦਾਗ਼ ਸ਼ਖ਼ਸੀਅਤ ਵਾਲੇ ਦੈਵੀ ਅਨੁਭਵ ਪ੍ਰਾਪਤ, ਦੂਰ ਦ੍ਰਿਸ਼ਟਾ, ਉਦਾਰ, ਦਾਨੀ ਆਦਿ ਗੁਣਾਂ ਦੇ ਮਾਲਕ ਪ੍ਰਵਾਨ ਕਰਦੇ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਧਰਮ ਦੇ ਵਿਕਾਸ ਅਤੇ ਸਥਾਪਤੀ ਵਿਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਸ਼ੇਸ਼ ਯੋਗਦਾਨ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਪਹਿਲੇ ਸਿੱਖ ਗੁਰੂ ਸਨ, ਜਿਨ੍ਹਾਂ ਦਾ ਪ੍ਰਕਾਸ਼ ਗੁਰੂ ਪਰਵਾਰ ਵਿਚ ਹੀ ਹੋਇਆ ਅਤੇ ਜਿਨ੍ਹਾਂ ਨੂੰ ਗੁਰਮਤਿ ਦੀ ਗੁੜ੍ਹਤੀ ਘਰ ਵਿੱਚੋਂ ਹੀ ਪ੍ਰਾਪਤ ਹੋਈ। ‘ਬਾਣੀ ਦੇ ਬੋਹਿਥ’ ਦਾ ਵਰ ਆਪ ਜੀ ਨੂੰ ਸ੍ਰੀ ਗੁਰੂ ਅਮਰਦਾਸ ਜੀ ਤੋਂ ਮਿਲਿਆ। ਆਪ ਜੀ ਵਿਚ ਨਿਮਰਤਾ, ਦਇਆ, ਹਲੀਮੀ ਅਤੇ ਪ੍ਰੇਮ ਦੇ ਸਦਗੁਣ ਗੁਰਬਾਣੀ ਦੇ ਅਨੁਸਾਰੀ ਹੋਣ ਕਾਰਨ ਘਰ ਕਰ ਗਏ ਸਨ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿਚ ਚਰਚਾ ਕਰਦੇ ਹਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਖ਼ਸੀਅਤ ਅਤੇ ਗੁਣਾਂ ਨੂੰ ਬਿਆਨ ਕਰਨਾ ਔਖਾ ਹੈ। ਉਹ ਮਾਇਆ ਤੋਂ ਉੱਚੇ, ਜੂਨੀ ਤੋਂ ਰਹਿਤ, ਕਾਲ ਦੇ ਘੇਰੇ ਵਿਚ ਨਾ ਆਉਣ ਵਾਲੇ, ਸੂਰਜ ਤੇ ਚੰਦਰਮਾਂ ਤੋਂ ਵੀ ਵੱਧ ਪ੍ਰਕਾਸ਼ ਦੇਣ ਵਾਲੇ ਪ੍ਰਭੂ ਦੇ ਪਿਆਰੇ ਹਨ। ਸਾਰਾ ਜਗਤ ਉਨ੍ਹਾਂ ਦੀ ਜੈ-ਜੈ ਕਾਰ ਕਰਦਾ ਹੈ। ਉਹ ਦੁੱਖ ਸਹਿ ਕੇ ਵੀ ਸੱਚ ਦਾ ਪ੍ਰਚਾਰ ਕਰਦੇ ਹਨ। ਉਨ੍ਹਾਂ ਦੀ ਸਮਰੱਥਾ ਦਾ ਅੰਤ ਨਹੀਂ ਪਾਇਆ ਜਾ ਸਕਦਾ:

ਕੁਦਰਤਿ ਕੀਮ ਨ ਜਾਣੀਐ ਅਕਥ ਕਥਾ ਅਬਿਗਤ ਅਬਿਗਤਾ।(ਵਾਰ 24:20)

ਸ੍ਰੀ ਗੁਰੂ ਅਰਜਨ ਦੇਵ ਜੀ ਅੰਤਰਮੁਖੀ ਅਤੇ ਬਾਹਰਮੁਖੀ ਪ੍ਰਤਿਭਾ ਦੇ ਮਾਲਕ ਸਨ। ਆਪ ਜੀ ਨੇ ਸੁਖਮਨੀ, ਬਾਵਨ ਅਖਰੀ, ਬਾਰਹਮਾਹ ਮਾਝ, ਥਿਤੀ, ਬਿਰਹੜੇ, ਦਿਨ-ਰੈਣ ਅਤੇ ਸੋਲਹੇ ਆਦਿ ਪ੍ਰਸਿੱਧ ਬਾਣੀਆਂ ਬਖਸ਼ਿਸ਼ ਕੀਤੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪਾਦਿਤ ਕਰ ਕੇ ਇਕ ਲਾਸਾਨੀ ਧਰਮ-ਗ੍ਰੰਥ ਸੰਗਤਾਂ ਦੇ ਮਾਰਗ-ਦਰਸ਼ਨ ਹਿਤ ਬਖਸ਼ਿਸ਼ ਕੀਤਾ। ਆਪ ਜੀ ਦੀ ਸੰਗਠਨਦਾਰੀ ਪ੍ਰਤਿਭਾ ਸਦਕਾ ਕਈ ਨਗਰ, ਸਰੋਵਰ ਅਤੇ ਗੁਰਦੁਆਰੇ ਹੋਂਦ ਵਿਚ ਆਏ। ਆਪ ਜੀ ਨੇ ਸ੍ਰੀ ਹਰਿਗੋਬਿੰਦਪੁਰ, ਤਰਨਤਾਰਨ ਤੇ ਕਰਤਾਰਪੁਰ ਜਿਹੇ ਨਗਰ ਵਸਾਏ। ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਅਤੇ ਤਰਨਤਾਰਨ ਵਿਖੇ ਸ੍ਰੀ ਦਰਬਾਰ ਸਾਹਿਬ ਅਤੇ ਸਰੋਵਰ ਅਤੇ ਲਾਹੌਰ ਡੱਬੀ ਬਾਜ਼ਾਰ ਵਿਖੇ ਇਕ ਬਾਉਲੀ ਦਾ ਨਿਰਮਾਣ ਕਰਵਾਇਆ। ਅੰਮ੍ਰਿਤ ਸਰ, ਸੰਤੋਖ ਸਰ ਅਤੇ ਰਾਮਸਰ ਸਰੋਵਰਾਂ  ਦਾ ਕਾਰਜ ਸੰਪੂਰਨ ਕਰਵਾਇਆ। ਤਰਨ ਤਾਰਨ ਵਿਖੇ ਕੋਹੜ ਦੇ ਰੋਗੀਆਂ ਦੇ ਇਲਾਜ ਲਈ ਆਸ਼ਰਮ ਸਥਾਪਤ ਕੀਤਾ। ਆਪ ਸਿੱਖ ਧਰਮ ਦੇ ਪਹਿਲੇ ਸ਼ਹੀਦ ਸਨ। ਉਨ੍ਹਾਂ ਦੀ ਸ਼ਹਾਦਤ ਨੇ ਸਿੱਖ ਧਰਮ ਦੇ ਇਤਿਹਾਸ ਨੂੰ ਸ਼ਹੀਦਾਂ ਦਾ ਇਤਿਹਾਸ ਬਣਾ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਕੁਰਬਾਨੀ ਸਿੱਖਾਂ ਨੂੰ ਸੰਘਰਸ਼ ਦੇ ਸਮੇਂ ਪ੍ਰੇਰਨਾ ਪ੍ਰਦਾਨ ਕਰਦੀ ਰਹੀ ਹੈ। ਸਿੱਖ ਧਰਮ ਦੇ ਵਿਕਾਸ ਵਿਚ ਪਾਏ ਯੋਗਦਾਨ ਅਤੇ ਉਨ੍ਹਾਂ ਦੀ ਲਾਸਾਨੀ ਸ਼ਖ਼ਸੀਅਤ ਕਾਰਨ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੇ ਉਨ੍ਹਾਂ ਦੀ ਉਸਤਤਿ ਵਿਚ ਕਿਹਾ ਹੈ:

ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ॥
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ॥ (ਪੰਨਾ 968)

ਭੱਟ ਮਥੁਰਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਪਾਰਬ੍ਰਹਮ ਵਿਚ ਕੋਈ ਭੇਦ ਪ੍ਰਵਾਨ ਨਾ ਕਰਦੇ ਹੋਏ ਉਨ੍ਹਾਂ ਨੂੰ ਪਰਤਖ ਹਰਿ ਸਵੀਕਾਰਦੇ ਹਨ:

ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ॥ (ਪੰਨਾ 1409)

ਭੱਟ ਕੱਲ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਨੇਕਾਂ ਗੁਣਾਂ ਨਾਲ ਸੰਪੰਨ ਬਿਆਨ ਕਰਦੇ ਹੋਏ ਉਨ੍ਹਾਂ ਨੂੰ ਨਿਰਮਲ ਬੁੱਧ, ਸਬਰ, ਸੰਤੋਖ ਦੇ ਮਾਲਕ, ਬੇਦਾਗ਼ ਸ਼ਖ਼ਸੀਅਤ ਵਾਲੇ ਦੈਵੀ ਅਨੁਭਵ ਪ੍ਰਾਪਤ, ਦੂਰ ਦ੍ਰਿਸ਼ਟਾ, ਉਦਾਰ, ਦਾਨੀ ਆਦਿ ਗੁਣਾਂ ਦੇ ਮਾਲਕ ਪ੍ਰਵਾਨ ਕਰਦੇ ਹਨ। ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤੁਲਨਾ ਭਵ ਸਾਗਰ ਤੋਂ ਪਾਰ ਲੰਘਾਉਣ ਵਾਲੇ ਜਹਾਜ਼ ਨਾਲ ਕਰਦੇ ਹਨ:

ਕਲਜੁਗਿ ਜਹਾਜੁ ਅਰਜੁਨੁ ਗੁਰੂ ਸਗਲ ਸ੍ਰਿਸਿ ਲਗਿ ਬਿਤਰਹੁ॥ (ਪੰਨਾ 1408)

ਉਹ ਇਹ ਬਿਆਨ ਕਰਦੇ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਿਆਈ ਜਗਤ ਦੇ ਉਧਾਰ ਹਿੱਤ ਪ੍ਰਦਾਨ ਕੀਤੀ:

ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ॥ (ਪੰਨਾ 1409)

ਭੱਟ ਹਰਬੰਸ ਜੀ ਦੇ ਵਿਚਾਰ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਗੁਰਿਆਈ ਵਿਸ਼ਵਵਿਆਪੀ ਹੈ:

ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ॥ (ਪੰਨਾ 1409)

ਭੱਟ ਮਥੁਰਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਵਿਚ ਸ਼ਰਧਾ ਰੱਖਣ ਵਾਲੇ ਨੂੰ ਆਵਾਗਉਣ ਦੇ ਚੱਕਰ ਵਿੱਚੋਂ ਮੁਕਤ ਹੋਣ ਵਾਲਾ ਬਿਆਨ ਕਰਦੇ ਹੋਏ ਕਹਿੰਦੇ ਹਨ:

ਜਪ੍ਹਉ ਜਿਨ੍‍ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ॥ (ਪੰਨਾ 1409)

ਭੱਟ ਮਥੁਰਾ ਜੀ ਬਿਆਨ ਕਰਦੇ ਹਨ ਕਿ ਦੈਵੀ ਜੋਤ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਵਿਚ ਸੀ ਉਹ ਹੀ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਵਿਚ ਬਿਰਾਜਮਾਨ ਸੀ ਅਤੇ ਉਹੀ ਜੋਤਿ ਸ੍ਰੀ ਗੁਰੂ ਅਰਜਨ ਦੇਵ ਜੀ ਵਿਚ ਵਿਦਮਾਨ ਹੈ:

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥
ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥
ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥
ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ॥
ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ॥
ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ॥ (ਪੰਨਾ 1408)

ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਿਰਦੇ ਵਿਚ ਪ੍ਰਭੂ ਦੇ ਬਿਰਾਜਮਾਨ ਹੋਣ ਦਾ ਬਿਆਨ ਕਰਦੇ ਹੋਏ ਕਹਿੰਦੇ ਹਨ:

ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ॥ (ਪੰਨਾ 1409)

ਭੱਟ ਕਲ੍ਹ ਜੀ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੱਸ ਸਾਰੇ ਸੰਸਾਰ ਵਿਚ ਫੈਲ ਚੁੱਕਿਆ ਹੈ:

ਜੈ ਜੈ ਕਾਰੁ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ॥ (ਪੰਨਾ 1407)

ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜੋ ਸਿਫ਼ਤਿ-ਸਲਾਹ ਭੱਟ ਬਾਣੀਕਾਰਾਂ ਨੇ ਕੀਤੀ ਹੈ ਉਸ ਵਿਚ ਸ੍ਰੀ ਗੁਰੂ ਸਾਹਿਬਾਨ ਵਿਚ ਦੈਵੀ ਤੱਤ ਨੂੰ ਸਵੀਕਾਰ ਕੀਤਾ ਹੈ। ਸਾਰੇ ਗੁਰੂ ਸਾਹਿਬਾਨ ਵਿਚ ਇਕ ਜੋਤਿ ਦੇ ਸਿਧਾਂਤ ਨੂੰ ਦ੍ਰਿੜ੍ਹ ਕੀਤਾ ਹੈ। ਭੱਟ ਬਾਣੀਕਾਰਾਂ ਨੇ ਪੌਰਾਣਿਕ ਹਵਾਲਿਆਂ ਰਾਹੀਂ ਆਪਣੇ ਵਿਚਾਰਾਂ ਨੂੰ ਹੋਰ ਸਪੱਸ਼ਟ ਕਰਨ ਦਾ ਯਤਨ ਵੀ ਕੀਤਾ ਹੈ। ਉਨ੍ਹਾਂ ਨੂੰ ਰਾਜ ਵਿਚ ਜੋਗ ਕਮਾਉਂਦੇ ਦੇਖ ਭੱਟ ਬਾਣੀਕਾਰ ਉਨ੍ਹਾਂ ਲਈ ‘ਜਨਕ’ ਸ਼ਬਦ ਦੀ ਵਰਤੋਂ ਵੀ ਕਰਦੇ ਹਨ। ਸੰਸਾਰੀ ਹੋ ਕੇ ਨਾਮ ਵਿਚ ਰੱਤੇ ਰਹਿਣਾ ਹੀ ਰਾਜ ਜੋਗ ਹੈ, ਜਿਸ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਬੀਨ ਸਨ। ਅਜਿਹੀ ਜੀਵਨ-ਜੁਗਤਿ ਅਪਣਾਉਣ ਕਾਰਨ ਉਹ ਆਦਰਸ਼ ਹਨ। ਅਡੋਲਤਾ ਉਨ੍ਹਾਂ ਦੀ ਸ਼ਖ਼ਸੀਅਤ ਦਾ ਅਹਿਮ ਗੁਣ ਸੀ, ਜਿਸ ਲਈ ਭੱਟ ਬਾਣੀਕਾਰਾਂ ਨੇ ‘ਸਹਿਜ ਚੰਦੋਆ ਤਾਣਿਆ’ ਸ਼ਬਦ ਦਾ ਪ੍ਰਯੋਗ ਕੀਤਾ ਹੈ। ਉਨ੍ਹਾਂ ਦੀ ਨਿਰਮਲ ਬੁਧਿ ਦੀ ਉਸਤਤਿ ਕਰਦੇ ਹੋਏ ਭੱਟ ਬਾਣੀਕਾਰ ‘ਬਿਮਲ ਬੁਧਿ ਸਤਿਗੁਰ ਸਮਾਣਉ, ਬਾਸਨਾ ਤੇ ਬਾਹਰਿ’ ਆਦਿ ਸ਼ਬਦਾਂ ਦੀ ਵਰਤੋਂ ਕਰਦੇ ਹਨ। ਗਿਆਨ ਨਾਲ ਉਨ੍ਹਾਂ ਦਾ ਜੀਵਨ ਪ੍ਰਕਾਸ਼ਿਤ ਹੋ ਰਿਹਾ ਹੈ (ਜਨਕਹ ਕਲਸੁ ਦੀਪਾਇਅਉ) ਅਤੇ ਆਪਣੇ ਬਚਨਾਂ ਨਾਲ ਉਹ ਅੰਮ੍ਰਿਤ ਦੀ ਵਰਖਾ ਕਰ ਰਹੇ ਹਨ (ਅਮਿਉ ਰਸਨਾ ਬਦਨਿ ਬਰ ਦਾਤਿ)। ਇਸ ਅੰਧਕਾਰਮਈ ਜਗਤ ਵਿਚ ਉਹ ਪ੍ਰਕਾਸ਼ ਦੇ ਸ੍ਰੋਤ ਹਨ:

ਜਗ ਅਉਰੁ ਨ ਯਾਹਿ ਮਹਾ ਤਮ ਮੈ ਅਵਤਾਰੁ ਉਜਾਗਰੁ ਆਨਿ ਕੀਅਉ॥ (ਪੰਨਾ 1409)

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਣਾਂ ਦਾ ਵਿਖਿਆਨ ਕਰਦੇ ਹੋਏ ਭੱਟ ਕਲ੍ਹ ਉਨ੍ਹਾਂ ਦੀ ਤੁਲਨਾ ਕਰਦੇ ਹਨ, ਜਿਨ੍ਹਾਂ ਦੇ ਸੰਪਰਕ ਵਿਚ ਘਟੀਆ ਧਾਤ (ਭਾਵ ਮਨਮੁਖ) ਵੀ ਸੋਨਾ (ਗੁਰਮੁਖ) ਬਣ ਜਾਂਦੀ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਇਹ ਸਪੁੱਤਰ ਸਭ ਦੀਆਂ ਆਸਾਂ ਪੂਰੀਆਂ ਕਰਨ ਵਾਲੇ ਹਨ (ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ॥ ਸਗਲ ਮਨੋਰਥ ਪੂਰੀ ਆਸਾ॥)। ਪਰਮਾਤਮਾ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਗਤ ਵਿੱਚੋਂ ਅੰਧਕਾਰ ਦੂਰ ਕਰ ਕੇ ਪ੍ਰਕਾਸ਼ਮਾਨ ਕਰਨ ਲਈ ਇਥੇ ਭੇਜਿਆ ਹੈ ਅਤੇ ਉਨ੍ਹਾਂ ਵਿਚ ਆਪਣੇ ਵਰਗੇ ਗੁਣਾਂ ਦੀ ਸਥਾਪਨਾ ਕੀਤੀ ਹੈ। ਇਸੇ ਲਈ ਭੱਟ ਉਨ੍ਹਾਂ ਨੂੰ ‘ਪਰਤੱਖ ਹਰੀ’ ਵਜੋਂ ਬਿਆਨਦੇ ਹਨ। ਭੱਟ ਮਥੁਰਾ ਜੀ ਕਹਿੰਦੇ ਹਨ ਕਿ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਿਮਰਦਾ ਹੈ, ਉਸ ਦੇ ਸਾਰੇ ਸੰਕਟ ਦੂਰ ਹੋ ਜਾਂਦੇ ਹਨ। ਪਰ ਚੰਗੇ ਭਾਗਾਂ ਵਾਲੇ ਹੀ ਇਸ ਰਾਹ ’ਤੇ ਪਹੁੰਚ ਪਾਉਂਦੇ ਹਨ।

ਭੱਟ ਹਰਿਬੰਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ‘ਅਟਲ ਗੰਗਾ’ ਕਹਿੰਦੇ ਹੋਏ ਬਿਆਨ ਕਰਦੇ ਹਨ ਕਿ ਸਮੂਹ ਸਿੱਖ ਸੰਗਤ ਇਸ ਗੰਗਾ ਦੇ ਸੰਪਰਕ ਵਿਚ ਆ ਕੇ ਪਵਿੱਤਰ ਹੁੰਦੀ ਹੈ। ਉਨ੍ਹਾਂ ਦੇ ਸਿਰ ਉੱਪਰ ਆਪ ਪ੍ਰਭੂ ਨੇ ਛਤਰ ਧਰਿਆ ਹੈ।

ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਭੱਟ ਸਾਹਿਬਾਨ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਿੱਥੇ ਪੂਰਵਵਰਤੀ ਗੁਰੂ ਸਾਹਿਬਾਨ ਦੀ ਜੋਤ ਸਵੀਕਾਰਿਆ ਹੈ, ਉਥੇ ਉਨ੍ਹਾਂ ਵਿਚ ਅਜਿਹੇ ਅਦੁੱਤੀ ਗੁਣਾਂ ਨੂੰ ਸਮਾਇਆ ਹੋਇਆ ਵੀ ਮੰਨਿਆ ਹੈ, ਜੋ ਉਨ੍ਹਾਂ ਨੂੰ ਪਰਮਾਤਮਾ ਸਰੂਪ ਬਿਆਨਦੇ ਹਨ। ਉਨ੍ਹਾਂ ਦੇ ਆਦਰਸ਼ ਗੁਣਾਂ ਸਦਕਾ ਹੀ ਉਹ ਗੁਰਗੱਦੀ ਦੇ ਉਤਰਾਧਿਕਾਰੀ ਸਿੱਧ ਹੋਏ ਅਤੇ ਸਿੱਖ-ਪੰਥ ਨੂੰ ਉੱਨਤੀ ਦੇ ਮਾਰਗ ’ਤੇ ਤੋਰਦੇ ਹੋਏ ਇਕ ਪ੍ਰਤਿਭਾਸ਼ਾਲੀ ਸੰਗਠਨਾਤਮਕ ਰੂਪ ਪ੍ਰਦਾਨ ਕਰਨ ਵਿਚ ਸਫ਼ਲਤਾ ਪ੍ਰਾਪਤ ਕਰ ਸਕੇ।

ਭੱਟ ਬਾਣੀਕਾਰਾਂ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਭੇਟ ਕੀਤੇ ਸ਼ਰਧਾ ਸੁਮਨ ਮਿਸ਼੍ਰਿਤ ਭਾਸ਼ਾ ਵਿਚ ਹਨ, ਸੰਸਕ੍ਰਿਤ ਦਾ ਪ੍ਰਯੋਗ ਵੀ ਉਨ੍ਹਾਂ ਵਿਚ ਹੈ, ਪਰ ਫਿਰ ਵੀ ਉਨ੍ਹਾਂ ਦੀ ਸਰਲਤਾ ਹਿਰਦੇ ’ਤੇ ਅਜਿਹਾ ਪ੍ਰਭਾਵ ਛੱਡ ਜਾਂਦੀ ਹੈ ਕਿ ਅਸੀਂ ਭੱਟ ਸਾਹਿਬਾਨ ਦੀ ਪ੍ਰਤਿਭਾ ਦੇ ਕਾਇਲ ਹੋਏ ਬਿਨਾਂ ਨਹੀਂ ਰਹਿ ਸਕਦੇ। ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਅਕਤਿਤਵ ਦੇ ਮੁੱਖ ਪਹਿਲੂਆਂ ਨੂੰ ਪ੍ਰਸਤੁਤ ਕਰਦੇ ਹੋਏ ਜਿੱਥੇ ਆਪ ਉਨ੍ਹਾਂ ਦੇ ਸਤਿਕਾਰ ਵਿਚ ਨਤ-ਮਸਤਕ ਹੁੰਦੇ ਹਨ, ਉਥੇ ਪਾਠਕਾਂ ਦੇ ਹਿਰਦੇ ਵਿਚ ਵੀ ਸ਼ਰਧਾ-ਭਾਵ ਪੈਦਾ ਕਰਨ ਵਿਚ ਸਹਾਈ ਹੁੰਦੇ ਹਨ। ਉਨ੍ਹਾਂ ਦੇ ਇਸ ਲਾਸਾਨੀ ਯੋਗਦਾਨ ਦੀ ਜਿਤਨੀ ਉਸਤਤਿ ਕੀਤੀ ਜਾਵੇ, ਘੱਟ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪਿੰਡ ਭਟੇੜੀ ਕਲਾਂ, ਡਾਕ: ਦੌਣ ਕਲਾਂ (ਪਟਿਆਲਾ)-147021

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)