ਸ੍ਰੀ ਹਰਿਮੰਦਰ ਸਾਹਿਬ ਜੀ ਅਰੰਭ ਤੋਂ ਹੀ ਜਗਿਆਸੂਆਂ ਦੀ ਖਿੱਚ ਦਾ ਕੇਂਦਰ ਰਿਹਾ ਹੈ। ਬੇਅੰਤ ਜਿਊੜੇ ਇਥੋਂ ਦੀ ਅੰਮ੍ਰਿਤ-ਬੂੰਦ ਪ੍ਰਾਪਤ ਕਰ ਕੇ ਅਮਰ ਹੋਏ, ਅਨੇਕਾਂ ਜਗਿਆਸੂਆਂ ਨੇ ਆਪਣੇ ਹਿਰਦੇ ਅੰਦਰ ਗੁਪਤ ਵੱਸ ਰਹੇ ਨਾਮ ਨੂੰ ਇਸ ਥਾਂ ਤੋਂ ਜਾਗ ਲਾ ਕੇ ਪ੍ਰਗਟ ਕੀਤਾ। ਗੁਰੂ ਜੀ ਦਾ ਨਿਸ਼ਾਨਾ ਹੀ ਇਹ ਸੀ ਕਿ ਇਕ ਐਸੇ ਅਸਥਾਨ ਦੀ ਰਚਨਾ ਕਰਨੀ ਹੈ ਜਿੱਥੋਂ ਦੇ ਦਰਸ਼ਨ ਕਰ ਕੇ ਪ੍ਰਾਣੀ ਆਪਣੇ ਆਪੇ ਦੀ ਪਹਿਚਾਣ ਕਰ ਸਕੇ।
ਮਨੁੱਖ ਦਾ ਸਰੀਰ ਵੀ ਹਰੀ ਦਾ ਮੰਦਰ ਹੈ। ਹਰ ਪ੍ਰਾਣੀ ਦੇ ਅੰਦਰ ਹਰੀ ਵੱਸਦਾ ਹੈ। ਇਸ ਸਰੀਰ ਰੂਪੀ ਮੰਦਰ ਵਿਚ ਬ੍ਰਹਮ ਵੀਚਾਰ ਦਾ ਜਵਾਹਰ ਪ੍ਰਗਟ ਹੁੰਦਾ ਹੈ। ਗੁਰੂ ਅਮਰਦਾਸ ਜੀ ਦੇ ਬਚਨ ਹਨ:
ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥
ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ॥ (ਪੰਨਾ 1346)
ਹਰਿਮੰਦਰ ਵਿਚ ਵਸ ਰਹੇ ਹਰੀ ਦੀ ਸੂਝ ਸਿਆਣ ਲਈ ਹੀ ਗੁਰਦੇਵ ਜੀ ਦਾ ਮਨੁੱਖਤਾ ਉੱਪਰ ਇਹ ਪਰਉਪਕਾਰ ਹੈ ਕਿ ਉਨ੍ਹਾਂ ਇਸ ਧਰਤੀ ’ਪਰ ਐਸਾ ਹਰਿਮੰਦਰ ਪ੍ਰਗਟ ਕਰ ਦਿੱਤਾ ਜਿਸ ਦੇ ਦਰਸ਼ਨ ਕਰ, ਅੰਮ੍ਰਿਤ-ਸਰੋਵਰ ਵਿਚ ਟੁੱਭੀ ਲਾ, ਅਲਾਹੀ ਬਾਣੀ ਦਾ ਕੀਰਤਨ ਸੁਣ ਅਤੇ ਪੰਗਤ ਸੰਗਤ ਦੀ ਹੱਥੀਂ ਸੇਵਾ ਕਰ ਜਗਿਆਸੂ ਨੇ ਇਥੇ ਹਰੀ ਦੇ ਪ੍ਰਤੱਖ ਦਰਸ਼ਨ ਕਰਦਿਆਂ ਆਪਣੇ ਅੰਦਰ ਵੀ ਹਰੀ ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰ ਲੈਣਾ ਹੈ ਅਤੇ ਫਿਰ ਨਾਮ, ਦਾਨ, ਇਸ਼ਨਾਨ ਦੀ ਇਹ ਬਖਸ਼ਿਸ਼ ਜੋ ਹਰਿਮੰਦਰ ਸਾਹਿਬ ਆ ਕੇ ਪ੍ਰਾਣੀ ਨੇ ਪ੍ਰਾਪਤ ਕੀਤੀ ਹੁੰਦੀ ਹੈ, ਉਸ ਉੱਪਰ ਅਮਲ ਜਾਰੀ ਰਖਦਿਆਂ ਪ੍ਰਭੂ ਪਰਮਾਤਮਾ ਨਾਲ ਸਦੀਵ ਜੁੜੇ ਰਹਿਣਾ ਹੈ।
ਸੋ ਮਾਨਵਤਾ ਦੇ ਭਲੇ ਲਈ ਗੁਰਦੇਵ ਜੀ ਨੇ ਰਾਮਦਾਸਪੁਰੇ ਵਿਖੇ ਹਰਿਮੰਦਰ ਪ੍ਰਗਟ ਕਰ ਦਿੱਤਾ, ਜਿੱਥੇ ਬਿਨਾਂ ਕਿਸੇ ਊਚ-ਨੀਚ, ਛੂਆ-ਛੂਤ ਜਾਂ ਭਿੰਨ-ਭੇਦ ਦੀ ਰੋਕ-ਟੋਕ ਦੇ ਹਰ ਜਗਿਆਸੂ ਨੇ ਜਾ ਕੇ ਹਰੀ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਕਰਦਿਆਂ ਆਪਣੇ ਹਿਰਦੇ ਵਿਚ ਵੱਸਦੇ ਹਰੀ ਨੂੰ ਪ੍ਰਗਟ ਕਰ ਕੇ ਵਿਸਮਾਦਤ ਹੋ, ਅਨੰਦ ਮਾਣਨਾ ਹੈ। ਇਥੋਂ ਦਾ ਮਾਹੌਲ, ਨਿਰੰਤਰ ਨਾਮ ਦਾ ਪ੍ਰਵਾਹ, ਅੰਮ੍ਰਿਤ-ਸਰੋਵਰ, ਲੰਗਰ ਪੰਗਤ ਪ੍ਰਬੰਧ, ਇਹ ਸਭ ਮਨੁੱਖ ਨੂੰ ਆਪਣੇ ਪਰਮ ਸੋਮੇ ਨਾਲ ਜੁੜਨ ਲਈ ਸਹਾਈ ਹੁੰਦੇ ਹਨ। ਇਸ ਦਾ ਸਿੱਟਾ ਕੀ ਨਿਕਲਦਾ ਹੈ? ਪ੍ਰਾਪਤੀ ਕੀ ਹੁੰਦੀ ਹੈ? ਭਾਵ ਇਸ ਹਰਿਮੰਦਰ ਦੇ ਦਰਸ਼ਨ ਨਾਲ ਮਨੁੱਖ ਦੇ ਜੀਵਨ ਵਿਚ ਕੀ ਤਬਦੀਲੀ ਆਉਂਦੀ ਹੈ? ਉਹ ਤਬਦੀਲੀ ਇਹ ਹੈ ਕਿ ਮਨੁੱਖ ਇਕ ਸਰਬਵਿਆਪਕ ਪਰਮਾਤਮਾ ਦੀ ਹੋਂਦ ਵਿਚ ਵਿਸ਼ਵਾਸ ਕਰਦਾ ਹੈ, ਉਸ ਨੂੰ ਨਿਸਚਾ ਹੋ ਜਾਂਦਾ ਹੈ ਕਿ ਉਸ ਦੇ ਅੰਦਰ ਵੀ ਉਸੇ ਪਰਮਾਤਮਾ ਦੀ ਅੰਸ਼ ਵਿਦਮਾਨ ਹੈ ਅਤੇ ਉਹ ਅੰਸ਼ ਸਦੀਵ ਹੈ ਭਾਵ ਕਿ ਮਰਦੀ ਨਹੀਂ, ਅਮਰ ਹੈ। ਇਸ ਤਰ੍ਹਾਂ ਮਨੁੱਖ ਉੱਪਰ ਛਾਇਆ ਸਭ ਤੋਂ ਵੱਡਾ ਮੌਤ ਦਾ ਡਰ ਸਦਾ ਲਈ ਖ਼ਤਮ ਹੋ ਜਾਂਦਾ ਹੈ ਅਤੇ ਉਹ ਸਚਾਈ ਉੱਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੰਦਾ ਹੈ; ਝੂਠ ਵਿਰੁੱਧ ਡਟ ਜਾਣ ਦੀ ਉਸ ਵਿਚ ਦਲੇਰੀ ਆ ਜਾਂਦੀ ਹੈ। ਉਹ ਨਾ ਕਿਸੇ ਉੱਪਰ ਜ਼ੁਲਮ ਕਰਦਾ ਹੈ, ਨਾ ਕਿਸੇ ਦਾ ਜ਼ੁਲਮ ਸਹਾਰਦਾ ਹੈ। ਉਹ ਗਰੀਬ ਮਜ਼ਲੂਮ ਦੀ ਰਖਿਆ ਲਈ ਢਾਲ ਬਣ ਜਾਂਦਾ ਹੈ ਅਤੇ ਦੁਸ਼ਟ ਬਿਰਤੀ ਵਾਲਿਆਂ ਨਾਲ ਟੱਕਰ ਲੈਣ ਲਈ ਮੈਦਾਨ ਵਿਚ ਵੀ ਨਿੱਤਰ ਪੈਂਦਾ ਹੈ। ਜਗਿਆਸੂ ਦੀ ਸ਼ਖ਼ਸੀਅਤ ਵਿਚ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ-ਇਸ਼ਨਾਨ ਨਾਲ ਇਹ ਤਬਦੀਲੀ ਆਉਣੀ ਕੁਦਰਤੀ ਹੈ ਅਤੇ ਇਹ ਤਬਦੀਲੀ ਹੈ ਵੀ ਉਸਾਰੂ, ਭਾਵ ਮਨੁੱਖ ਨੂੰ ਉਚੇਰੇ ਪਾਸੇ ਲਿਜਾਣ ਵਾਲੀ। ਪਰ ਹਕੂਮਤਾਂ, ਸਰਕਾਰਾਂ, ਸਮੇਂ ਦੇ ਹਾਕਮਾਂ ਉਨ੍ਹਾਂ ਦੇ ਮੁਕੱਦਮਾਂ ਜਾਂ ਹਮਲਾਵਰਾਂ, ਜਰਵਾਣਿਆਂ ਸਭਨਾਂ ਨੂੰ ਮਨੁੱਖੀ ਸੁਭਾਅ ਵਿਚ ਆਈ ਇਹ ਤਬਦੀਲੀ, ਮਨੁੱਖ ਦੀ ਸ਼ਖ਼ਸੀਅਤ ਵਿਚ ਚੰਗੇ ਗੁਣਾਂ ਦਾ ਹੋਇਆ ਵਾਧਾ ਕਦਾਚਿਤ ਨਹੀਂ ਭਾਇਆ।
ਇਤਿਹਾਸ ਗਵਾਹ ਹੈ ਕਿ ਐਸਾ ਵਾਪਰਦਾ ਜਗਤ ਨੇ ਇਕ ਤੋਂ ਵੱਧ ਵਾਰ ਡਿੱਠਾ ਹੈ। ਮਨੁੱਖਤਾ ਨੂੰ ਨਵਾਂ ਜੀਵਨ ਦਾਨ ਦੇਣ ਵਾਲੇ ਇਸ ਸੋਮੇ ਨੂੰ ਖ਼ਤਮ ਕਰਨ ਦੇ ਘਿਨਾਉਣੇ ਯਤਨ ਜ਼ਰਵਾਣਿਆਂ ਵੱਲੋਂ ਇਸ ਦੇ ਪ੍ਰਗਟ ਹੋਣ ਦੇ ਸਮੇਂ ਤੋਂ ਹੀ ਸ਼ੁਰੂ ਕਰ ਦਿੱਤੇ ਗਏ ਸਨ। ਸੁਲਹੀ ਖਾਂ, ਸੁਲਬੀ ਖਾਂ ਤੇ ਬੀਰਬਲ ਵਰਗਿਆਂ ਦਾ ਹਰਿਮੰਦਰ ਸਾਹਿਬ ਵੱਲ ਹਮਲਾਵਰ ਬਣ, ਚੜ੍ਹ ਆਉਣ ਦੇ ਮਨਸੂਬੇ ਬਣਾਉਣੇ ਤੇ ਫਿਰ ਚੜ੍ਹ ਵੀ ਆਉਣਾ; ਇਹ ਵੱਖਰੀ ਗੱਲ ਹੈ ਕਿ ਉਹ ਇਥੇ ਪਹੁੰਚਣ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦੇ ਰਹੇ, ਪਰ ਇਹ ਇਤਿਹਾਸਕ ਘਟਨਾਵਾਂ ਪ੍ਰਗਟ ਕਰਦੀਆਂ ਹਨ ਕਿ ਇਹ ਲੋਕ ਇਸ ਅੰਮ੍ਰਿਤ ਦੇ ਸੋਮੇ ਨੂੰ ਇਸ ਦੇ ਪ੍ਰਗਟ ਹੋਣ ਦੇ ਸਮੇਂ ਤੋਂ ਹੀ ਖ਼ਤਮ ਕਰਨ ਦੀ ਕੋਸ਼ਿਸ਼ ਵਿਚ ਸਨ। ਕੇਵਲ ਇਤਨਾ ਹੀ ਨਹੀਂ ਬਲਕਿ ਹਕੂਮਤ ਵੱਲੋਂ ਕੁਝ ਲੋਕਾਂ ਨੂੰ ਸ਼ਹਿ ਦੇ ਕੇ ਹਰਿਮੰਦਰ ਸਾਹਿਬ ਦੀ ਤਰਜ਼ ਦਾ ਹੋਰ ਅਸਥਾਨ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਯਤਨ ਵੀ ਹੋਏ ਸਨ। ਪ੍ਰਿਥੀ ਚੰਦ ਨੇ ਹੋ ਰਹੀ ਇਸ ਬਦਨੀਯਤੀ ਨਾਲ ਹੀ ਐਸਾ ਕੀਤਾ ਸੀ, ਪਰ ਉਹ ਵੀ ਅਸਫਲ ਹੋਇਆ। ਸੱਚ ਦੀ ਹੀ ਹਮੇਸ਼ਾ ਜੈ ਹੁੰਦੀ ਹੈ।
18ਵੀਂ ਸਦੀ ਵਿਚ ਤਾਂ ਹਮਲਾਵਰਾਂ ਤੇ ਹਾਕਮਾਂ ਦੀ ਨਿਗ੍ਹਾ ਵਿਸ਼ੇਸ਼ ਤੌਰ ’ਤੇ ਇਸ ਅਸਥਾਨ ਉੱਪਰ ਹੀ ਰਹੀ। ਜਦ ਵਾਪਸ ਜਾਂਦੇ ਨਾਦਰ ਨੂੰ ਸਿੰਘਾਂ ਨੇ ਆਪਣੇ ਕਰੜੇ ਹੱਥ ਦਿਖਾਏ ਤਾਂ ਨਾਦਰ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਉਸ ਨੇ ਸਿੰਘਾਂ ਦੇ ਇਸ ਬਹਾਦਰੀ ਤੇ ਦਲੇਰਾਨਾ ਕਾਰਨਾਮੇ ਨੂੰ ਦੇਖ ਜ਼ਕਰੀਆ ਖਾਂ ਤੋਂ ਸਿੱਖਾਂ ਬਾਰੇ ਪੁੱਛਿਆ ਤਾਂ ਜ਼ਕਰੀਆ ਖਾਂ ਨੇ ਸਿੰਘਾਂ ਦੇ ਆਚਰਨ ਤੇ ਬਾਕੀ ਗੁਣਾਂ ਬਾਰੇ ਵਿਸਥਾਰ ਨਾਲ ਦੱਸਿਆ। ਨਾਦਰ ਸ਼ਾਹ ਨੇ ਜ਼ਕਰੀਆ ਖਾਂ ਨੂੰ ਸੁਚੇਤ ਕੀਤਾ ਕਿ ਜ਼ਕਰੀਆ ਖਾਂ! ਖਿਆਲ ਰੱਖ, ਇਹ ਲੋਕ ਇਕ ਦਿਨ ਜ਼ਰੂਰ ਰਾਜ-ਭਾਗ ਦੇ ਮਾਲਕ ਬਣਨਗੇ। ਜ਼ਕਰੀਆ ਖਾਂ ਪਹਿਲਾਂ ਵੀ ਕਾਫ਼ੀ ਸੁਚੇਤ ਸੀ। ਪਰ ਨਾਦਰ ਸ਼ਾਹ ਦੀ ਇਸ ਭਵਿੱਖ-ਬਾਣੀ ਉਸ ਨੇ ਪੱਲੇ ਬੰਨ੍ਹ ਲਈ ਅਤੇ ਸਿੱਖਾਂ ਨੂੰ ਖ਼ਤਮ ਕਰਨ ਦੀ ਪੱਕੀ ਧਾਰ ਲਈ। ਸਿੰਘਾਂ ਉੱਪਰ ਸਭ ਤਰ੍ਹਾਂ ਦੀਆਂ ਸਖ਼ਤੀਆਂ ਕਰ ਦਿੱਤੀਆਂ ਗਈਆਂ। ਪਰ ਸਖ਼ਤੀਆਂ ਦੇ ਬਾਵਜੂਦ ਸਿੰਘਾਂ ਨੂੰ ਚੜ੍ਹਦੀ ਕਲਾ ਵਿਚ ਦੇਖ ਕੇ ਜ਼ਕਰੀਆ ਖਾਂ ਬਹੁਤ ਘਬਰਾ ਗਿਆ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਸਿੰਘਾਂ ਨਾਲ ਕਿਵੇਂ ਨਜਿੱਠਿਆ ਜਾਵੇ? ਇਸ ’ਤੇ ਕੁਝ ਮੌਲਵੀਆਂ, ਕਾਜ਼ੀਆਂ ਨੇ ਉਸ ਨੂੰ ਯਕੀਨ ਦਿਵਾਇਆ ਕਿ ਸਿੰਘਾਂ ਦੀ ਸ਼ਕਤੀ ਦਾ ਰਾਜ਼ ਹਰਿਮੰਦਰ ਸਾਹਿਬ ਅਤੇ ਉਥੋਂ ਦੇ ਸਰੋਵਰ ਦਾ ਜਲ ਉਨ੍ਹਾਂ ਲਈ ਆਬੇ-ਹਯਾਤ (ਅੰਮ੍ਰਿਤ) ਦੀ ਤਰ੍ਹਾਂ ਹੈ ਜਿਸ ਨੂੰ ਪੀ ਕੇ ਅਤੇ ਜਿਸ ਵਿਚ ਇਸ਼ਨਾਨ ਕਰ ਕੇ ਇਹ ਮੌਤ ਨੂੰ ਵੀ ਕੁਝ ਨਹੀਂ ਸਮਝਦੇ। ਇਸ ਲਈ ਜ਼ਕਰੀਆ ਖਾਨ! ਜੇ ਤੂੰ ਸਿੰਘਾਂ ਨੂੰ ਖ਼ਤਮ ਕਰਨਾ ਚਾਹੁੰਦਾ ਹੈਂ ਤਾਂ ਪਹਿਲਾਂ ਇਨ੍ਹਾਂ ਦੀ ਸ਼ਕਤੀ ਦੇ ਸੋਮੇ ਨੂੰ ਬੰਦ ਕਰ। ਮੌਲਵੀਆਂ ਦੀ ਇਸ ਸਲਾਹ ’ਤੇ ਯਕੀਨ ਕਰ ਕੇ ਜ਼ਕਰੀਆ ਖਾਨ ਨੇ ਕਾਜ਼ੀ ਅਬਦੁਲ ਰਜ਼ਾਕ ਤੇ ਮੁਹੰਮਦ ਬਖਸ਼ ਨੂੰ ਦੋ ਹਜ਼ਾਰ ਦੀ ਫੌਜ ਦੇ ਕੇ ਹਰਿਮੰਦਰ ਸਾਹਿਬ ਦੇ ਚੁਫੇਰੇ ਚੌਂਕੀਆਂ ਬਣਾਉਣ ਲਈ ਇਹ ਆਦੇਸ਼ ਦੇ ਕੇ ਭੇਜਿਆ ਸੀ ਕਿ ਕਿਸੇ ਵੀ ਸੂਰਤ ਵਿਚ ਇਸ ਸਰੋਵਰ ਵਿੱਚੋਂ ਨਾ ਕਿਸੇ ਸਿੰਘ ਨੂੰ ਇਸ਼ਨਾਨ ਕਰਨ ਦਿੱਤਾ ਜਾਵੇ ਅਤੇ ਨਾ ਹੀ ਇਥੇ ਇਕੱਠੇ ਹੋਣ ਦਿੱਤਾ ਜਾਵੇ।
‘ਮੈਲਕਮ’ ਆਪਣੀ ਪੁਸਤਕ ‘ਸਕੈਚ ਆਫ਼ ਦੀ ਸਿੱਖਜ਼’ ਵਿਚ ਲਿਖਦਾ ਹੈਕਿ- “ਇਤਨੀਆਂ ਸਖ਼ਤੀਆਂ ਅਤੇ ਹਰਿਮੰਦਰ ਸਾਹਿਬ ਦੁਆਲੇ ਇਤਨੇ ਸਖ਼ਤ ਘੇਰੇ ਦੇ ਬਾਵਜੂਦ; ‘ਸਿੱਖ ਸਵਾਰ ਆਪਣੇ ਤੇਜ਼ ਤਰਾਰ ਘੋੜਿਆਂ ’ਤੇ ਅਸਵਾਰ ਹੋ ਹਰਿਮੰਦਰ ਸਾਹਿਬ ਦੇ ਦਰਸ਼ਨ ਲਈ ਤੇ ਸਰੋਵਰ ਦੇ ਇਸ਼ਨਾਨ ਲਈ ਆਉਂਦੇ ਸਨ। ਇਸ ਕੋਸ਼ਿਸ਼ ਵਿਚ ਉਹ ਕਈ ਵਾਰ ਸ਼ਹੀਦ ਵੀ ਹੋ ਜਾਂਦੇ ਸਨ, ਕਈ ਵੇਰ ਫੜੇ ਵੀ ਜਾਂਦੇ ਸਨ ਪਰ ਅਜਿਹੇ ਮੌਕਿਆਂ ’ਤੇ ਆਪਣੀ ਜਾਨ ਬਚਾਉਣ ਦੀ ਥਾਂ ਉਹ ਸ਼ਹੀਦੀ ਨੂੰ ਹੱਸ-ਹੱਸ ਪ੍ਰਵਾਨ ਕਰਦੇ ਸਨ।”
ਖੁਸ਼ਵਕਤ ਰਾਇ ਵੀ ਲਿਖਦਾ ਹੈ ਕਿ-
“ਜ਼ਕਰੀਆ ਖਾਂ ਦੀ ਇਤਨੀ ਸਖ਼ਤੀ ਅਤੇ ਅੰਮ੍ਰਿਤਸਰ ਦੇ ਦੁਆਲੇ ਸਖ਼ਤ ਪਹਿਰੇ ਦੇ ਬਾਵਜੂਦ ਸਿੰਘ ਜਿਸ ਵੇਲੇ ਵੀ ਸਮਾਂ ਲੱਗੇ ਸਰੋਵਰ ਵਿਚ ਛੇਤੀ-ਛੇਤੀ ਇਸ਼ਨਾਨ ਕਰ ਜਾਂਦੇ ਸਨ। ਇਸ ਨੱਠ-ਭੱਜ ਵਿਚ ਜਿਹੜਾ ਵੀ ਮੰਦਭਾਗਾ ਕਿਸੇ ਸਿੰਘ ਨੂੰ ਰੋਕਣ ਦਾ ਯਤਨ ਕਰਦਾ ਸੀ, ਉਹ ਆਪਣੀ ਜਾਨ ਗੁਆ ਬੈਠਦਾ ਸੀ।”
ਇਸ ਉਪਰੰਤ ਇਸ ਪਵਿੱਤਰ ਅਸਥਾਨ ਨੂੰ ਢਾਹੁਣ ਤੇ ਅਪਵਿੱਤਰ ਕਰਨ ਦੇ ਲਈ ਕਈ ਯਤਨ ਹੋਏ, ਪਰ ਉਹ ਸਿੰਘਾਂ ਨੂੰ ਇਸ ਅਸਥਾਨ ਤੋਂ ਸ਼ਕਤੀ ਪ੍ਰਾਪਤ ਕਰਨ ਤੋਂ ਰੋਕ ਨਾ ਸਕੇ, ਬਲਕਿ ਸਿੰਘ ਹਰ ਹਮਲੇ ਦੌਰਾਨ ਪਹਿਲਾਂ ਤੋਂ ਵੱਧ ਸ਼ਕਤੀ ਨਾਲ ਉੱਠੇ, ਦੂਣੇ-ਚੋਣੇ ਹੋ ਵਿਚਰਦੇ ਰਹੇ ਅਤੇ ਉਨ੍ਹਾਂ ਇਸ ਅਸਥਾਨ ਦੀ ਬੇਹੁਰਮਤੀ ਕਰਨ ਵਾਲੇ ਹਰ ਪਾਪੀ ਨੂੰ ਸਬਕ ਵੀ ਸਿਖਾਇਆ। ਜੂਨ 1984 ਦੇ ਮਨਹੂਸ ਦਿਨ, ਜਦ ਇਸ ਧਰਤੀ ਦੇ ਸਭ ਜੀਵਾਂ ਨੂੰ ਆਤਮਿਕ ਸ਼ਾਂਤੀ ਅਤੇ ਅੰਮ੍ਰਿਤ ਜੀਵਨ ਪ੍ਰਦਾਨ ਕਰਨ ਵਾਲੇ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਨੂੰ ਗੋਲੀਆਂ ਲੱਗੀਆਂ, ਤਾਂ ਹਰ ਸਿੱਖ ਅਤੇ ਹਰ ਧਰਮੀ ਪੁਰਖ ਦਾ ਸਰੀਰ ਪੱਛਿਆ ਗਿਆ, ਆਤਮਾ ਵਿੰਨ੍ਹੀ ਗਈ ਅਤੇ ਫਿਰ ਇਸ ਸਾਲ ਦਾ ਹਰ ਪਲ ਇੰਞ ਬੀਤਿਆ ਜਿਵੇਂ ਵੱਢੇ-ਫੱਟੇ ਸਰੀਰ ਨੂੰ ਕਿਸੇ ਲੂਣ ਦੀ ਖਾਨ ਵਿਚ ਘੜੀਸਿਆ ਜਾਂਦਾ ਰਿਹਾ ਹੋਵੇ।
ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਪੰਥ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੀ ਆਰਥਕ ਹਾਲਤ ਨੂੰ ਬਿਹਤਰ ਬਣਾਉਣ ਲਈ ਜੋ ਧਰਮ ਯੁੱਧ ਮੋਰਚਾ ਚਲਾਇਆ ਸੀ ਉਸ ਵਿਚ ਦੋ ਲੱਖ ਤੋਂ ਉੱਪਰ ਸ਼ਾਂਤਮਈ ਗ੍ਰਿਫ਼ਤਾਰੀਆਂ ਅਤੇ ਦੋ ਸੌ ਤੋਂ ਉੱਪਰ ਸ਼ਹਾਦਤਾਂ ਦੇ ਕੇ ਦੁਨੀਆਂ ਦੇ ਇਤਿਹਾਸ ਵਿਚ ਇਕ ਐਸੀ ਉਦਾਹਰਣ ਕਾਇਮ ਕੀਤੀ ਗਈ ਸੀ ਕਿ ਲੋਕਤੰਤਰੀ ਵਿਧਾਨਾਂ ਦੀਆਂ ਕਦਰਾਂ-ਕੀਮਤਾਂ ਜਾਣਨ ਵਾਲੇ ਲੋਕ ਦੰਗ ਰਹਿ ਗਏ। ਮੋਰਚੇ ਦਾ ਹਰ ਪੜਾਅ ਬੇਸ਼ੱਕ ਉਹ ਰੇਲ ਰੋਕੋ, ਸੜਕ ਰੋਕੋ, ਕੰਮ ਰੋਕੋ ਆਦਿ ਸੀ, ਇਤਨੇ ਸ਼ਾਂਤਮਈ ਅਤੇ ਸਫਲ ਹੋਏ ਕਿ ਮੌਕੇ ਦੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ। ਪਰ ਸਰਕਾਰ ਨੇ ਹਰ ਮੁਹਾਜ਼ ’ਤੇ ਪੰਜਾਬ ਦਾ ਮਸਲਾ ਹੱਲ ਕਰਨ ਦੀ ਬਜਾਏ ਬਦ-ਨੀਯਤੀ ਵਰਤੀ। ਸਰਕਾਰੀ ਪ੍ਰਚਾਰ-ਪ੍ਰਸਾਰ ਸਾਧਨਾਂ ਰਾਹੀਂ ਅਤੇ ਨੈਸ਼ਨਲ ਪ੍ਰੈਸ ਰਾਹੀਂ ਸਿੱਖਾਂ ਵਿਰੁੱਧ ਪ੍ਰਚਾਰ ਕੀਤਾ ਗਿਆ। ਸਿੱਖਾਂ ਉੱਪਰ ‘ਅੱਤਵਾਦੀ’ ਅਤੇ ‘ਵੱਖਵਾਦੀ’ ਹੋਣ ਦੇ ਗ਼ਲਤ ਇਲਜ਼ਾਮ ਲਗਾ ਕੇ ਦੇਸ਼ ਦੀ ਬਹੁਗਿਣਤੀ ਦੇ ਮਨਾਂ ਵਿਚ ਸਿੱਖਾਂ ਪ੍ਰਤੀ ਨਫ਼ਰਤ, ਈਰਖਾ ਅਤੇ ਸਾੜੇ ਦੇ ਐਸੇ ਬੀਜ ਬੀਜ ਦਿੱਤੇ ਗਏ ਕਿ ਸਦੀਆਂ ਤੋਂ ਇਕੱਠੇ ਰਹਿ ਰਹੇ ਲੋਕ ਇਕ ਦੂਸਰੇ ਦੇ ਖ਼ੂਨ ਦੇ ਪਿਆਸੇ ਬਣ ਬੈਠੇ। ਕਿੰਨੇ ਦੁੱਖ ਦੀ ਗੱਲ ਹੈ ਕਿ ਜਿਸ ਦੇਸ਼ ਦੀ ਰੱਖਿਆ ਤੇ ਆਜ਼ਾਦੀ ਲਈ ਬਹਾਦਰ ਸਿੱਖ ਕੌਮ ਨੇ ਸਦੀਆਂ ਕੁਰਬਾਨੀਆਂ ਕੀਤੀਆਂ, ਘਰ-ਘਾਟ ਛੱਡ ਪਹਿਲਾਂ ਮੁਗਲਾਂ ਅਤੇ ਫਿਰ ਅੰਗਰੇਜ਼ਾਂ ਨਾਲ ਟੱਕਰਾਂ ਲਈਆਂ, ਜਿਨ੍ਹਾਂ ਨੂੰ ਅੰਗਰੇਜ਼ ਇਥੋਂ ਜਾਣ ਵੇਲੇ ਵੱਖਰਾ ਦੇਸ਼ ਲੈਣ ਦੀਆਂ ਖੁੱਲ੍ਹੀਆਂ ਪੇਸ਼ਕਸ਼ਾਂ ਕਰਦੇ ਰਹੇ, ਪਰ ਉਨ੍ਹਾਂ ਠੁਕਰਾ ਕੇ ਹਮੇਸ਼ਾ ਦੇਸ਼ ਭਗਤੀ ਦਾ ਸਬੂਤ ਪੇਸ਼ ਕੀਤਾ। ਉਨ੍ਹਾਂ ਨਾਲ ਜੋ ਸਲੂਕ ਕੀਤਾ ਗਿਆ ਉਹ ਬਹੁਤ ਦੁਖਦਾਈ ਅਤੇ ਮੰਦਭਾਗਾ ਹੋ ਨਿਬੜਿਆ।
ਜੂਨ ’84 ਵਿਚ ਸ੍ਰੀ ਹਰਿਮੰਦਰ ਸਾਹਿਬ ’ਤੇ ਹੋਏ ਹਮਲੇ ਦੀ ਘਟਨਾ ਦੁਨੀਆਂ ਭਰ ਦੇ ਅਮਨਪਸੰਦ ਲੋਕਾਂ ਦੇ ਲੂੰ-ਕੰਡੇ ਖੜ੍ਹੇ ਕਰਨ ਵਾਲੀ ਸੀ। ਇਸ ਹਮਲੇ ਦੌਰਾਨ ਜੋ ਕਤਲੋਗਾਰਤ ਕੀਤੀ ਗਈ, ਧਾਰਮਿਕ ਅਸਥਾਨ ਤੋਪਾਂ, ਟੈਂਕਾਂ ਨਾਲ ਢਾਹੇ ਗਏ, ਸਭਿਆਚਾਰਕ ਵਿਰਸਾ, ਧਾਰਮਿਕ ਗ੍ਰੰਥ ਅਗਨ ਭੇਂਟ ਕੀਤੇ ਗਏ, ਲੁੱਟਮਾਰ ਕੀਤੀ ਗਈ, ਇਹ ਸਿੱਖਾਂ ਨੂੰ ਆਪਣੇ ਹੀ ਦੇਸ਼ ਵਿਚ ਬੇਗਾਨੇ ਹੋਣ ਦਾ ਅਹਿਸਾਸ ਕਰਵਾ ਰਹੀ ਸੀ। ਐਸਾ ਤਾਂ ਹੁਕਮਰਾਨ ਦੇਸ਼ ਦੀ ਫੌਜ ਵੀ ਆਪਣੇ ਅਧੀਨ ਮੁਲਕ ਉੱਪਰ ਨਹੀਂ ਕਰਦੀ। ਦੁਨੀਆਂ ਦੇ ਇਤਿਹਾਸ ਵਿਚ ਇਹ ਪਹਿਲੀ ਘਟਨਾ ਸੀ ਜਦੋਂ ਆਪਣੇ ਹੀ ਦੇਸ਼ ਦੀ ਫੌਜ ਆਪਣੇ ਦੇਸ਼ ਵਾਸੀਆਂ ’ਤੇ ਚੜ੍ਹ ਆਈ ਸੀ ਜਿਵੇਂ ਕਿਸੇ ਦੁਸ਼ਮਣ ਦੇਸ਼ ’ਤੇ ਜਿੱਤ ਪ੍ਰਾਪਤ ਕਰਦੀ ਹੈ। ਸਭ ਤੋਂ ਵੱਡੀ ਗੱਲ ਇਹ ਕਿ ਸਰਕਾਰ ਨੇ ਆਪਣੀ ਇਸ ਨਾਦਰਸ਼ਾਹੀ ਕਾਰਗੁਜ਼ਾਰੀ ਨੂੰ ਆਪਣੀ ਗਲਤੀ ਮੰਨਣ ਦੀ ਬਜਾਏ ਇਸ ਨੂੰ ਬੜੀ ਵੱਡੀ ਜਿੱਤ ਸਮਝਿਆ। ਸ੍ਰੀ ਦਰਬਾਰ ਸਾਹਿਬ ’ਤੇ ਮਹੀਨਿਆਂ ਬੱਧੀ ਫੌਜੀ ਕਬਜ਼ਾ ਰੱਖਿਆ ਗਿਆ ਅਤੇ ਇਸ ਕਬਜ਼ੇ ਨੂੰ ਹਟਾਉਣ ਲਈ ਵੀ ਮੋਰਚਾ ਲਾਉਣਾ ਪਿਆ। ਫੌਜੀ ਹਮਲੇ ਤੋਂ ਬਾਅਦ ਫੌਜ, ਨੀਮ ਫੌਜੀ ਦਸਤਿਆਂ ਅਤੇ ਰਾਜ ਦੀ ਪੁਲੀਸ ਨੇ ਸ਼ਹਿਰਾਂ ਅਤੇ ਵਿਸ਼ੇਸ਼ ਤੌਰ ’ਤੇ ਪਿੰਡਾਂ ਵਿਚ ਜੋ ਦਮਨਕਾਰੀ ਚੱਕਰ ਚਲਾਇਆ ਇਸ ਨੇ ਅੰਗਰੇਜ਼, ਅਬਦਾਲੀ, ਜਸਪਤ, ਲਖਪਤਿ ਅਤੇ ਮੀਰ ਮੰਨੂੰ, ਜ਼ਕਰੀਆ ਆਦਿ ਸਭ ਦੇ ਜ਼ੁਲਮਾਂ ਨੂੰ ਮਾਤ ਕਰ ਦਿੱਤਾ। ਰਾਤ ਸਮੇਂ ਪਿੰਡ ਨੂੰ ਘੇਰਾ ਪਾਇਆ ਜਾਂਦਾ, ਸਾਰੇ ਪਿੰਡ ਵਿਚ ਦਹਿਸ਼ਤ ਪਾਉਣ ਲਈ ਇਕ ਦੋ ਨੌਜੁਆਨ ਅੰਮ੍ਰਿਤਧਾਰੀ ਸਿੱਖਾਂ ਨੂੰ ਪਕੜਿਆ ਜਾਂਦਾ, ਨੇੜੇ ਹੀ ਕਿਤੇ ਬਣਾਈ ਕਤਲਗਾਹ ਬੁੱਚੜਖਾਨਾ (ਇੰਟੈਰੋਗੇਸ਼ਨ ਸੈਂਟਰ) ਵਿਚ ਲਜਾਇਆ ਜਾਂਦਾ। ਫਿਰ ਬੇਹੱਦ ਜ਼ੁਲਮ ਤਸ਼ੱਦਦ ਕਰ ਕੇ, ਚਰਖੜ੍ਹੀ ਚਾੜ੍ਹਨ ਦੀ ਤਰ੍ਹਾਂ ਹੱਡੀ-ਹੱਡੀ, ਅੰਗ-ਅੰਗ ਤੋੜ ਦਿੱਤਾ ਜਾਂਦਾ। ਜੇ ਕੋਈ ਫੇਰ ਵੀ ਬਚ ਗਿਆ ਤਾਂ ਸੱਤ-ਅੱਠ ਕੇਸ ਬਣਾ ਜੇਲ੍ਹ ਭੇਜ ਦਿੱਤਾ ਜਾਂਦਾ, ਜੇ ਚੜ੍ਹਾਈ ਕਰ ਜਾਂਦਾ ਤਾਂ ਕਿਸੇ ਨਹਿਰ ਦੇ ਕੰਢੇ ਜਾਂ ਚੌਂਕ ਵਿਚ ਮੁਕਾਬਲਾ ਬਣਾ ਕੇ ਮਰਿਆ ਪ੍ਰਗਟ ਕਰ ਦਿੱਤਾ ਜਾਂਦਾ। ਇਨ੍ਹਾਂ ਜ਼ੁਲਮਾਂ-ਤਸ਼ੱਦਦਾਂ ਦੀਆਂ ਕਹਾਣੀਆਂ ਸੁਣ, ਅਨੇਕਾਂ ਨੌਜਵਾਨ ਘਬਰਾ ਕੇ ਘਰਾਂ ਤੋਂ ਭੱਜ ਗਏ, ਲੁਕ-ਛਿਪ ਗਏ। ਜੇਲ੍ਹੀਂ ਡੱਕੇ ਨਿਰਦੋਸ਼ ਸਿੱਖ ਨੌਜੁਆਨਾਂ ਨੂੰ ਵੱਧ ਤੋਂ ਵੱਧ ਕੈਦ ਅਤੇ ਮੌਤ ਆਦਿ ਦੀਆਂ ਸਜ਼ਾਵਾਂ ਦੇਣ ਲਈ ਨਿਤ ਦਿਹਾੜੇ ਨਵੇਂ ਤੋਂ ਨਵੇਂ ਕਾਨੂੰਨ ਬਣਾਏ ਜਾਂਦੇ ਰਹੇ, ਜਿਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ, ਇਸ ਵਿਚ ਕੀਤੀਆਂ ਸੋਧਾਂ, ਗੜਬੜੀ ਵਾਲਾ ਖੇਤਰ, ਵਿਸ਼ੇਸ਼ ਅਦਾਲਤਾਂ ਬਣਾਉਣ ਦਾ ਕਾਨੂੰਨ ਅਤੇ ਆਤੰਕਵਾਦ ਵਿਰੋਧੀ ਕਾਨੂੰਨ। ਇਨ੍ਹਾਂ ਕਾਨੂੰਨਾਂ ਅਨੁਸਾਰ ਪਕੜੇ ਗਏ ਸਿੱਖ ਨੌਜਆਨਾਂ ਨੂੰ ਅੱਤਵਾਦੀ ਗਰਦਾਨਦਿਆਂ ਉਮਰ ਕੈਦ ਜਾਂ ਫਾਂਸੀ ਦੀ ਸਜ਼ਾਵਾਂ ਤੱਕ ਦਿੱਤੀਆਂ ਗਈਆਂ। ਦੋਸ਼ੀ ਕੌਣ ਹੈ ਅਤੇ ਨਿਰਦੋਸ਼ ਕੌਣ, ਇਸ ਦਾ ਫੈਸਲਾ ਵਿਸ਼ੇਸ਼ ਅਦਾਲਤਾਂ ਵਿਚ ਹੋਣਾ ਸੀ ਜਿਨ੍ਹਾਂ ਦੀ ਕਾਰਵਾਈ ਤਕਰੀਬਨ ਇਕ-ਪਾਸੜ ਅਤੇ ਗੁਪਤ ਹੋਇਆ ਕਰਦੀ ਸੀ।
1984 ਦੇ ਸਾਲ ਦੀਆਂ ਘਟਨਾਵਾਂ ਵਿਚ ਅਤਿਆਚਾਰ ਤੇ ਜ਼ੁਲਮ ਦੀ ਕੋਈ ਹੱਦ ਨਹੀਂ ਸੀ ਰਹੀ। ਸਿੱਖ ਇਤਿਹਾਸ ਮੁਗ਼ਲਾਂ ਦੇ ਅੱਤਿਆਚਾਰਾਂ ਨਾਲ ਭਰਿਆ ਪਿਆ ਹੈ, ਪਰ ਇਸ ਵਿਚ ਜੂਨ 1984 ਦੇ ਇਸ ਘੱਲੂਘਾਰੇ ਨਾਲ ਜਿਸ ਚੈਪਟਰ ਦਾ ਵਾਧਾ ਹੋਇਆ ਹੈ, ਇਹ ਪਹਿਲੇ ਜ਼ੁਲਮਾਂ, ਅਤਿਆਚਾਰਾਂ ਨੂੰ ਮਾਤ ਪਾਉਣ ਵਾਲਾ ਸਾਬਤ ਹੋਇਆ। ਇਸਦੇ ਨਾਲ ਹੀ ਇਸ ਘੱਲੂਘਾਰੇ ਦੌਰਾਨ ਜਿਨ੍ਹਾਂ ਗੁਰਸਿੱਖ ਪਰਵਾਨਿਆਂ ਨੇ ਆਪਣੇ ਪਵਿੱਤਰ ਗੁਰਧਾਮਾਂ ਦੀ ਰੱਖਿਆ ਲਈ ਸ਼ਹਾਦਤਾਂ ਪ੍ਰਾਪਤ ਕਰਕੇ ਸੂਰਮਗਤੀ ਦੇ ਜੌਹਰ ਦਿਖਾਏ, ਇਹ ਸਾਰੀ ਲੋਕਾਈ ਨੂੰ ਅਚੰਭਤ ਕਰ ਦੇਣ ਵਾਲੇ ਹਨ।
ਲੇਖਕ ਬਾਰੇ
- ਸ. ਵਰਿਆਮ ਸਿੰਘhttps://sikharchives.org/kosh/author/%e0%a8%b8-%e0%a8%b5%e0%a8%b0%e0%a8%bf%e0%a8%86%e0%a8%ae-%e0%a8%b8%e0%a8%bf%e0%a9%b0%e0%a8%98/February 1, 2008
- ਸ. ਵਰਿਆਮ ਸਿੰਘhttps://sikharchives.org/kosh/author/%e0%a8%b8-%e0%a8%b5%e0%a8%b0%e0%a8%bf%e0%a8%86%e0%a8%ae-%e0%a8%b8%e0%a8%bf%e0%a9%b0%e0%a8%98/April 1, 2008
- ਸ. ਵਰਿਆਮ ਸਿੰਘhttps://sikharchives.org/kosh/author/%e0%a8%b8-%e0%a8%b5%e0%a8%b0%e0%a8%bf%e0%a8%86%e0%a8%ae-%e0%a8%b8%e0%a8%bf%e0%a9%b0%e0%a8%98/May 1, 2008
- ਸ. ਵਰਿਆਮ ਸਿੰਘhttps://sikharchives.org/kosh/author/%e0%a8%b8-%e0%a8%b5%e0%a8%b0%e0%a8%bf%e0%a8%86%e0%a8%ae-%e0%a8%b8%e0%a8%bf%e0%a9%b0%e0%a8%98/July 1, 2008
- ਸ. ਵਰਿਆਮ ਸਿੰਘhttps://sikharchives.org/kosh/author/%e0%a8%b8-%e0%a8%b5%e0%a8%b0%e0%a8%bf%e0%a8%86%e0%a8%ae-%e0%a8%b8%e0%a8%bf%e0%a9%b0%e0%a8%98/November 1, 2010
- ਸ. ਵਰਿਆਮ ਸਿੰਘhttps://sikharchives.org/kosh/author/%e0%a8%b8-%e0%a8%b5%e0%a8%b0%e0%a8%bf%e0%a8%86%e0%a8%ae-%e0%a8%b8%e0%a8%bf%e0%a9%b0%e0%a8%98/December 1, 2010