ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ-ਬਿਰਤਾਂਤ ਲਿਖਣ ਲਈ ਸਾਡੇ ਪਾਸ ਕੋਈ ਵੀ ਸਮਕਾਲੀ ਜਾਂ ਨਿਕਟ-ਸਮਕਾਲੀ ਸ੍ਰੋਤ ਨਹੀਂ ਹੈ। ਜੋ ਸ੍ਰੋਤ ਸਾਡੇ ਪਾਸ ਹਨ, ਉਨ੍ਹਾਂ ਵਿੱਚੋਂ ਸਭ ਤੋਂ ਪਹਿਲੀ ਲਿਖਤ ਭਾਈ ਗੁਰਦਾਸ ਜੀ ਦੀ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਤਕਰੀਬਨ 70-80 ਸਾਲ ਪਿੱਛੋਂ ਦੀ ਲਿਖੀ ਹੋਈ ਹੈ। ਇਸ ਤੋਂ ਪਹਿਲਾਂ ਦੀ ਕੋਈ ਵੀ ਲਿਖਤ ਸਾਡੇ ਪਾਸ ਅੱਜ ਤਕ ਉਪਲਬਧ ਨਹੀਂ ਹੈ।
ਭਾਈ ਗੁਰਦਾਸ ਜੀ ਦੀਆਂ ਵਾਰਾਂ 1610 ਈ: ਤੋਂ ਲੈ ਕੇ 1628 ਈ: ਦੇ ਵਿਚਕਾਰਲੇ ਸਮੇਂ ਦੀਆਂ ਲਿਖਤਾਂ ਹਨ। ਇਹੀ ਲਿਖਤ ਸਾਡੇ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪਿੱਛੋਂ ਇੱਕੋ-ਇੱਕ ਅਜਿਹੀ ਪਹਿਲੀ ਲਿਖਤ ਹੈ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਮੁਹੱਈਆ ਕਰਦੀ ਹੈ। ਇਹ ਜਾਣਕਾਰੀ ਭਾਵੇਂ ਬਹੁਤ ਸੰਖੇਪ ਅਤੇ ਪ੍ਰਤੀਕਾਤਮਿਕ ਹੈ ਪਰ ਇਸ ਤਰ੍ਹਾਂ ਦੀ ਹੋਣ ਦੇ ਬਾਵਜੂਦ ਵੀ ਸਾਡੇ ਲਈ ਇਹ ਬੜੀ ਮਹੱਤਵਪੂਰਨ ਹੈ।
ਕੁਝ ਇਤਿਹਾਸਕਾਰ ਇਸ ਮੱਤ ਦੇ ਹਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਤੇ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੀ ਰਚਨਾ ਉਸ ਸਮੇਂ ਤੋਂ ਪਿੱਛੋਂ ਕੀਤੀ ਸੀ ਜਦੋਂ ਕਿ ਗੁਰੂ-ਘਰ ਦੇ ਵਿਰੋਧੀ ਲੋਕ ਖਾਸ ਕਰਕੇ ਪ੍ਰਿਥੀ ਚੰਦ ਦੀ ਸੰਤਾਨ, ਆਪਣੀਆਂ ਰਚਨਾਵਾਂ ਨੂੰ ਗੁਰੂ-ਘਰ ਦੇ ਬਰਾਬਰ ਪ੍ਰਚਾਰਨ ਲੱਗ ਪਏ ਸਨ। ਇਹ ਗੱਲ ਦਰੁੱਸਤ ਨਹੀਂ ਹੈ। ਲਿਖਤੀ ਰੂਪ ਵਿਚ, ਗੁਰੂ-ਘਰ ਦੇ ਵਿਰੋਧ ਵਿਚ ਸਭ ਤੋਂ ਪਹਿਲਾਂ ਸੋਢੀ ਮਿਹਰਬਾਨ ਨੇ ਲਿਖਣਾ ਸ਼ੁਰੂ ਕੀਤਾ ਸੀ ਜਿਸ ਦਾ ਸਮਾਂ 1581-1640 ਈ: ਦਾ ਸੀ। ਮਿਹਰਬਾਨ ਦੀ ਮ੍ਰਿਤੂ ਤੋਂ ਤਕਰੀਬਨ 36 ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋ ਚੁੱਕੀ ਸੀ ਅਤੇ ਭਾਈ ਗੁਰਦਾਸ ਜੀ ਵੀ ਆਪਣੀਆਂ ਲਿਖਤਾਂ ਲਿਖ ਚੁੱਕੇ ਸਨ। ਸੋਢੀ ਮਿਹਰਬਾਨ ਨੇ ਅਤੇ ਉਸ ਦੇ ਪੁੱਤਰ ਸੋਢੀ ਹਰਿ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਬਰਾਬਰ ਲੱਗਭਗ ਉਨ੍ਹਾਂ ਹੀ ਸਿਰਲੇਖਾਂ ਹੇਠ ਆਪਣੀਆਂ ਰਚਨਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਇਨ੍ਹਾਂ ਲਿਖਤਾਂ ਦਾ ਕੋਈ ਜ਼ਿਕਰ ਨਹੀਂ ਹੈ। ਇਸ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਇਹ ਸਭ ਕੁਝ ਉਨ੍ਹਾਂ ਦੇ ਜੀਵਨ ਤੋਂ ਪਿੱਛੋਂ ਲਿਖਿਆ ਗਿਆ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਸੰਬੰਧੀ ਜੋ ਲਿਖਤਾਂ ਸਾਡੇ ਸਾਹਮਣੇ ਹਨ ਇਨ੍ਹਾਂ ਵਿਚ ਗੁਰਮੁਖੀ ਦੀਆਂ ਲਿਖਤਾਂ ਹੀ ਮੁੱਖ ਰੂਪ ਵਿਚ ਜਾਣਕਾਰੀ ਦੇਣ ਵਾਲੀਆਂ ਹਨ। ਇਨ੍ਹਾਂ ਗੁਰਮੁਖੀ ਦੀਆਂ ਮੁੱਢਲੀਆਂ ਲਿਖਤਾਂ ਵਿਚ ਦੋ ਕਿਸਮ ਦੀਆਂ ਲਿਖਤਾਂ ਹਨ। ਇਕ ਉਹ ਜੋ ਗੁਰੂ-ਘਰ ਨਾਲ ਸੰਬੰਧਿਤ ਵਿਅਕਤੀਆਂ ਨੇ ਲਿਖੀਆਂ ਜਿਵੇਂ ਕਿ ਭਾਈ ਗੁਰਦਾਸ ਜੀ ਅਤੇ ਭੱਟ ਸਾਹਿਬਾਨ। ਦੂਜੀਆਂ ਉਹ ਜੋ ਗੁਰੂ-ਘਰ ਨਾਲ ਬਰਾਬਰੀ ਦਾ ਦਾਅਵਾ ਰੱਖਣ ਵਾਲੇ ਲੋਕਾਂ ਨੇ ਲਿਖੀਆਂ ਜਾਂ ਉਨ੍ਹਾਂ ਵੱਲੋਂ ਲਿਖਵਾਈਆਂ ਗਈਆਂ ਜਿਵੇਂ ਕਿ ਸੋਢੀ ਮਿਹਰਬਾਨ, ਹਰਿ ਜੀ, ਚਤੁਰਭੁਜ ਅਤੇ ਹਿੰਦਾਲੀਏ। ਜਦੋਂ ਇਨ੍ਹਾਂ ਦੋਵਾਂ ਕਿਸਮ ਦੀਆਂ ਲਿਖਤਾਂ ਦਾ ਅਧਿਐਨ ਕਰ ਕੇ ਦੇਖਿਆ ਜਾਂਦਾ ਹੈ ਤਾਂ ਇਨ੍ਹਾਂ ਦੋਵਾਂ ਕਿਸਮਾਂ ਦਾ ਇਕ ਦੂਜੇ ਦਾ ਵਿਰੋਧੀ ਸੰਕਲਪ ਸਪੱਸ਼ਟ ਨਜ਼ਰੀਂ ਪੈਂਦਾ ਹੈ। ਤੀਜੀ ਕਿਸਮ ਦੀਆਂ ਲਿਖਤਾਂ ਉਹ ਹਨ ਜੋ ਗੁਰੂ ਜੀ ਦੇ ਸਮੇਂ ਤੋਂ ਕਾਫ਼ੀ ਦੇਰ ਪਿੱਛੋਂ ਲਿਖੀਆਂ ਗਈਆਂ ਸਨ ਜਿਵੇਂ ਕਿ ਸ. ਕੇਸਰ ਸਿੰਘ ਛਿੱਬਰ ਅਤੇ ਭਾਈ ਸਰੂਪ ਦਾਸ ਭੱਲਾ ਦੀਆਂ ਲਿਖਤਾਂ ਹਨ। ਇਨ੍ਹਾਂ ਵਿਚ ਸ. ਕੇਸਰ ਸਿੰਘ ਅਤੇ ਭਾਈ ਸਰੂਪ ਦਾਸ ਨੇ ਵੀ ਵੱਖ-ਵੱਖ ਪਹੁੰਚ ਅਪਣਾਈ ਹੈ। ਇਨ੍ਹਾਂ ਵਿਚਲਾ ਇਕ ਸਪੱਸ਼ਟ ਵਿਰੋਧ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ-ਮਿਤੀ ਬਾਰੇ ਹੈ। ਦੂਜਾ ਵਿਰੋਧ ਇਨ੍ਹਾਂ ਲਿਖਤਾਂ ਦਾ ਇਹ ਹੈ ਕਿ ਇਨ੍ਹਾਂ ਵਿਚ ਸਿੱਖ ਧਰਮ ਦਾ ਸਿਧਾਂਤਕ ਵਖਰੇਵਾਂ ਹੈ। ਗੁਰੂ-ਘਰ ਦੇ ਵਿਰੋਧੀ ਲੋਕਾਂ ਵੱਲੋਂ ਲਿਖੀਆਂ ਗਈਆਂ ਜਨਮ ਸਾਖੀਆਂ ਵਿਚ ਸਿੱਖ ਧਰਮ ਦੇ ਸਿਧਾਂਤਾਂ ਦੀ ਅਲੱਗ ਵਿਆਖਿਆ ਕੀਤੀ ਗਈ ਹੈ ਜਿਵੇਂ ਕਿ ਇਨ੍ਹਾਂ ਵਿਚ ਪਰਮਾਤਮਾ ਜਾਂ ਅਕਾਲ ਪੁਰਖ ਦੇ ਸੰਕਲਪ ਦੀ ਵਿਆਖਿਆ ਰੱਬ ਨੂੰ ਜਿਊਂਦਾ-ਜਾਗਦਾ ਮਨੁੱਖ ਮੰਨ ਕੇ ਕੀਤੀ ਗਈ ਹੈ ਜਦੋਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੱਬ ਇਕ ਨਿਰੰਕਾਰ ਅਤੇ ਰੂਪ ਰਹਿਤ ਹੈ। ਇਸ ਤਰ੍ਹਾਂ ਦੋਵਾਂ ਕਿਸਮਾਂ ਦੀਆਂ ਲਿਖਤਾਂ ਵਿਚ ਸਿਧਾਂਤਕ ਵਿਰੋਧ ਭਲੀ-ਭਾਂਤ ਨਜ਼ਰੀਂ ਪੈਂਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸੰਨ 1469 ਈ. ਵਿਚ ਲਾਹੌਰ ਤੋਂ ਦੱਖਣ-ਪੱਛਮ ਵੱਲ ਚਾਲੀ ਕੁ ਮੀਲ (ਤਕਰੀਬਨ 52-53 ਕਿਲੋਮੀਟਰ) ਦੀ ਦੂਰੀ ’ਤੇ ਸਥਿਤ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ। ਮਾਤਾ ਜੀ ਦਾ ਨਾਂ ਤ੍ਰਿਪਤਾ ਜੀ ਸੀ ਅਤੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ (ਕਲਿਆਣ ਦਾਸ) ਜੀ ਸੀ। ਪਿਤਾ ਜੀ ਪਟਵਾਰੀ ਦੀ ਅਤੀ ਅਹਿਮ ਪਦਵੀ ਉੱਪਰ ਸਨ ਅਤੇ ਇਸ ਦੇ ਨਾਲ-ਨਾਲ ਆਪ ਜ਼ਿਮੀਂਦਾਰ ਵੀ ਸਨ। ਗੁਰੂ ਜੀ ਦੇ ਜਨਮ-ਅਸਥਾਨ ਨੂੰ ਅੱਜਕਲ੍ਹ ਸ੍ਰੀ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਜੋ 1947 ਈ. ਦੀ ਦੇਸ਼ ਦੀ ਵੰਡ ਸਦਕਾ ਪਾਕਿਸਤਾਨ ਵਿਚ ਆ ਗਿਆ ਹੈ।
ਗੁਰੂ ਜੀ ਦੇ ਸਮੁੱਚੇ ਜੀਵਨ-ਫ਼ਲਸਫ਼ੇ ਨੂੰ ਅਤੇ ਉਨ੍ਹਾਂ ਦੇ ਪਰਵਾਰਿਕ ਪਿਛੋਕੜ ਨੂੰ ਦੇਖਦੇ ਹੋਏ ਇਤਨਾ ਹੀ ਕਹਿਣਾ ਕਾਫ਼ੀ ਹੈ ਕਿ ਉਨ੍ਹਾਂ ਦਾ ਜੀਵਨ ਬਹੁਤ ਹੀ ਅੱਛੇ ਮਾਹੌਲ ਵਾਲਾ ਅਤੇ ਹਰ ਸੁਖ-ਸਹੂਲਤ ਵਾਲਾ ਸੀ। ਗੁਰੂ ਜੀ ਦਾ ਪਰਵਾਰ ਆਪਣੇ ਸਮੇਂ ਦਾ ਇਕ ਤਕੜਾ ਅਮੀਰ ਅਤੇ ਅਸਰ-ਰਸੂਖ ਰੱਖਣ ਵਾਲਾ ਪਰਵਾਰ ਸੀ। ਇਸੇ ਤਰ੍ਹਾਂ ਹੀ ਗੁਰੂ ਜੀ ਮੁੱਢ ਤੋਂ ਹੀ ਹੁੰਦੜਹੇਲ ਅਤੇ ਬੌਧਿਕ ਤੌਰ ’ਤੇ ਹੁਸ਼ਿਆਰ ਸਨ। ਜਿਸ ਤਰ੍ਹਾਂ ਉਨ੍ਹਾਂ ਦੀ ਬਾਣੀ ਵਿਚ ਜੀਵਨ ਦੇ ਮਹਾਨ ਫ਼ਲਸਫ਼ਿਆਂ ਦੀਆਂ ਗੱਲਾਂ ਕੀਤੀਆਂ ਗਈਆਂ ਹਨ ਉਨ੍ਹਾਂ ਤੋਂ ਜਾਪਦਾ ਹੈ ਕਿ ਉਨ੍ਹਾਂ ਦੀ ਪੜ੍ਹਾਈ-ਲਿਖਾਈ ਬਹੁਤ ਹੀ ਉੱਚ-ਪੱਧਰ ਦੀ ਅਤੇ ਹਰ ਕਿਸਮ ਦੀ ਸੀ। ਜਿਸ ਤਰ੍ਹਾਂ ਉਨ੍ਹਾਂ ਨੂੰ ਸੁਲਤਾਨਪੁਰ ਦੇ ਨਵਾਬ ਦੇ ਮੋਦੀਖਾਨੇ ਵਿਚ ਇਕ ਮੋਦੀ ਭਾਵ ਇੰਚਾਰਜ ਦੇ ਤੌਰ ’ਤੇ ਨੌਕਰੀ ਦਿੱਤੀ ਗਈ ਸੀ, ਇਸ ਤੋਂ ਵੀ ਸਾਬਤ ਹੁੰਦਾ ਹੈ ਕਿ ਉਹ ਬਹੁਤ ਹੀ ਉੱਚ-ਪੱਧਰ ਦੀ ਬੌਧਿਕ ਯੋਗਤਾ ਦੇ ਮਾਲਕ ਸਨ। ਕਿਸੇ ਅਨਪੜ੍ਹ ਜਾਂ ਘੱਟ ਯੋਗਤਾ ਰੱਖਣ ਵਾਲੇ ਨੂੰ ਤਾਂ ਕਿਸੇ ਮੋਦੀਖਾਨੇ ਦਾ ਇੰਚਾਰਜ ਨਹੀਂ ਬਣਾਇਆ ਜਾ ਸਕਦਾ ਸੀ। ਮੋਦੀਖਾਨੇ ਦਾ ਰੋਜ਼ਾਨਾ ਦਾ ਹਿਸਾਬ-ਕਿਤਾਬ ਰੱਖਣ ਦੀ ਬਹੁਤ ਹੀ ਅਹਿਮ ਜ਼ਿੰਮੇਵਾਰੀ ਹੁੰਦੀ ਹੈ। ਲੇਕਿਨ ਆਪਣੀ ਉੱਚ-ਕੋਟੀ ਦੀ ਬੌਧਿਕ ਯੋਗਤਾ ਰੱਖਣ ਦੇ ਬਾਵਜੂਦ ਅਤੇ ਸਰਕਾਰੀ ਦਫ਼ਤਰਾਂ ’ਚ ਬਹੁਤ ਅੱਛਾ ਰਸੂਖ ਰੱਖਣ ਦੇ ਬਾਵਜੂਦ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰਿਕ ਮੋਹ-ਮਮਤਾ ਵਾਲੇ ਬੰਧਨਾਂ ਵਿਚ ਆਪਣੇ ਆਪ ਨੂੰ ਉਲਝਾ ਨਹੀਂ ਸਕੇ। ਸੰਸਾਰਿਕ ਜ਼ਿੰਮੇਵਾਰੀਆਂ ਵਿਚ ਜੁੜੇ ਰਹਿਣ ਲਈ ਭਾਵੇਂ ਆਪ ਜੀ ਦੇ ਮਾਪਿਆਂ ਵੱਲੋਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਜਿਵੇਂ ਕਿ ਵਪਾਰ ਵਿਚ ਪਾਉਣਾ, ਖੇਤੀਬਾੜੀ ਦੇ ਧੰਦੇ ਵਿਚ ਪਾਉਣ ਦੀ ਕੋਸ਼ਿਸ਼ ਕਰਨਾ, ਅੱਛੀ ਨੌਕਰੀ ਦਿਵਾਉਣਾ, ਵਿਆਹ ਕਰ ਦੇਣਾ ਆਦਿ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਕਿਉਂਕਿ ਇਕ ਮਹਾਨ ਮਿਸ਼ਨ ਸੀ ਜਿਸ ਨੂੰ ਉਹ ਪੂਰਾ ਕਰਨਾ ਚਾਹੁੰਦੇ ਸਨ, ਇਸ ਲਈ ਉਹ ਪਰਵਾਰਿਕ ਸਹਾਇਤਾ ਅਤੇ ਸਰਕਾਰੀ ਸੁਰੱਖਿਆ ਹੋਣ ਦੇ ਬਾਵਜੂਦ ਵੀ ਇਨ੍ਹਾਂ ਖੇਤਰਾਂ ਤਕ ਸੀਮਿਤ ਨਹੀਂ ਰਹਿ ਸਕੇ।
ਸ੍ਰੀ ਗੁਰੂ ਨਾਨਕ ਦੇਵ ਜੀ ਹਰ ਸਮੇਂ ਅਕਾਲ ਪੁਰਖ ਦੇ ਸਿਮਰਨ ਵਿਚ ਲੀਨ ਰਹਿੰਦੇ ਸਨ। ਜੋ ਵੀ ਉਨ੍ਹਾਂ ਜ਼ਿੰਮੇ ਕੰਮ ਲਾਇਆ ਜਾਂਦਾ ਸੀ ਉਸ ਨੂੰ ਕਰਨ ਸਮੇਂ ਵੀ ਆਪ ਅਕਾਲ ਪੁਰਖ ਦਾ ਹੀ ਧਿਆਨ ਰੱਖਦੇ ਸਨ। ਇਸ ਤਰ੍ਹਾਂ ਸੁਲਤਾਨਪੁਰ ਲੋਧੀ ਰਹਿਣ ਸਮੇਂ ਹਰ ਰੋਜ਼ ਸਵੇਰੇ-ਸ਼ਾਮ ਵੇਈਂ ਨਦੀ ਦੇ ਇਕਾਂਤ ਵਾਲੇ ਅਤੇ ਰਮਣੀਕ ਵਾਤਾਵਰਨ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸਨ। ਇਸੇ ਕਾਰਵਾਈ ਵਿਚ ਆਪ ਇਕ ਦਿਨ ਅਕਾਲ ਪੁਰਖ ਦੇ ਧਿਆਨ ਵਿਚ ਇਤਨਾ ਲੀਨ ਹੋ ਗਏ ਕਿ ਕਈ ਦਿਨ ਵਾਪਸ ਘਰ ਨਾ ਪਰਤੇ। ਇਹ ਵੇਈਂ ਨਦੀ ਦਾ ਰਮਣੀਕ ਅਤੇ ਇਕਾਂਤ ਅਸਥਾਨ ਆਪ ਲਈ ਆਤਮ-ਗਿਆਨ ਦਾ ਸਾਧਨ ਬਣ ਗਿਆ ਸੀ। ਇਹ ਆਤਮ-ਗਿਆਨ ਆਪ ਲਈ ਅਗੰਮੀ ਇਲਹਾਮ ਹੋ ਨਿੱਬੜਿਆ ਅਤੇ ਰੱਬ ਦੇ ਗਿਆਨ ਦਾ ਪ੍ਰਕਾਸ਼ ਬਣ ਗਿਆ। ਇਥੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਜਗਤ ਦੇ ਸੁਧਾਰ ਦਾ ਸਫ਼ਰ ਸ਼ੁਰੂ ਹੁੰਦਾ ਹੈ। ਭਾਵੇਂ ਇਸ ਸਮੇਂ ਬਾਰੇ ਪ੍ਰਮਾਣੀਕ ਰੂਪ ਵਿਚ ਕੁਝ ਵੀ ਕਹਿਣਾ ਸੰਭਵ ਨਹੀਂ ਹੈ ਕਿਉਂਕਿ ਕਿਸੇ ਵੀ ਭਰੋਸੇਯੋਗ ਲਿਖਤ ਤੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਪਰ ਅੰਦਾਜ਼ਾ ਹੈ ਕਿ ਇਹ ਸਮਾਂ ਆਪ ਜੀ ਦੇ ਜੀਵਨ ਦੇ 30 ਸਾਲਾਂ ਦੀ ਉਮਰ ਦੇ ਨੇੜੇ-ਤੇੜੇ ਦਾ ਹੋਣਾ ਹੈ। ਇਹ ਸਮਾਂ ਤਕਰੀਬਨ 1499 ਈ. ਦਾ ਬਣਦਾ ਹੈ।
ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਤਮ-ਗਿਆਨ ਪ੍ਰਾਪਤ ਹੋਇਆ ਜਾਂ ਉਨ੍ਹਾਂ ਨੇ ਜਦੋਂ ਆਪਣਾ ਪ੍ਰਚਾਰ ਸ਼ੁਰੂ ਕੀਤਾ ਤਾਂ ਆਪ ਦਾ ਸਭ ਤੋਂ ਪਹਿਲਾ ਨਾਅਰਾ ਸੀ ਕਿ ਇਸ ਧਰਤੀ ’ਤੇ ਨਾ ਕੋਈ ਹਿੰਦੂ ਹੈ ਅਤੇ ਨਾ ਹੀ ਮੁਸਲਮਾਨ ਸਗੋਂ ਇਹ ਸਭ ਇੱਕ ਅਕਾਲ ਪੁਰਖ ਦੇ ਪੈਦਾ ਕੀਤੇ ਜੀਵ ਹਨ। ਅਰਥਾਤ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਜਨ-ਸਾਧਾਰਨ ਦੇ ਤੌਰ ’ਤੇ ਪਛਾਣਿਆ, ਹਿੰਦੂ ਅਤੇ ਮੁਸਲਮਾਨ ਦੇ ਤੌਰ ’ਤੇ ਨਹੀਂ। ਉਨ੍ਹਾਂ ਨੇ ਨਾ ਹਿੰਦੂ ਰਸਮਾਂ-ਰੀਤਾਂ ਨੂੰ ਅਪਣਾਇਆ ਅਤੇ ਨਾ ਹੀ ਮੁਸਲਿਮ ਨਿਯਮਾਂ ਨੂੰ। ਉਹ ਨਿਰੋਲ ਇਕ ਮਾਨਵਵਾਦੀ ਨੇਤਾ ਹੋ ਕੇ ਵਿਚਰਨ ਲੱਗੇ। ਉਹ ਹਰ ਸਮੇਂ ਗੰਭੀਰ ਅਵਸਥਾ ਵਿਚ ਰਹਿੰਦੇ ਸਨ। ਉਨ੍ਹਾਂ ਦੀ ਇਹ ਗੰਭੀਰਤਾ ਕਿਸੇ ਮਹਾਨ ਮਿਸ਼ਨ ਦਾ ਪ੍ਰਤੀਕ ਸੀ। ਇਹ ਮਿਸ਼ਨ ਸੀ ਦੇਸ਼-ਵਿਆਪੀ ਦੌਰਿਆਂ ਦਾ। ਇਨ੍ਹਾਂ ਦੇਸ਼-ਵਿਆਪੀ ਦੌਰਿਆਂ ਲਈ ਗੁਰੂ ਜੀ ਨੇ ਕਾਫ਼ੀ ਸਮੇਂ ਤੋਂ ਪਹਿਲੋਂ ਹੀ ਆਪਣੇ ਆਪ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤਿਆਰੀ ਦੇ ਤੌਰ ’ਤੇ ਆਪ ਜੀ ਨੇ ਆਪਣੇ ਸਰੀਰ ਨੂੰ ਉਨ੍ਹਾਂ ਸਭ ਕਠਿਨਾਈਆਂ ਨੂੰ ਸਹਾਰਨ ਦੇ ਯੋਗ ਬਣਾ ਲਿਆ ਸੀ ਜਿਹੜੀਆਂ ਬਿਖੜੇ ਰਾਹਾਂ ਉੱਪਰ ਪੈਦਲ ਚੱਲਣ ਸਮੇਂ ਆਮ ਯਾਤਰੀਆਂ ਨੂੰ ਆਉਂਦੀਆਂ ਸਨ। ਅਜਿਹੀਆਂ ਮੁਸ਼ਕਲਾਂ ਵਿਚ ਭੁੱਖ-ਪਿਆਸ ਝੱਲਣਾ, ਰਾਤਾਂ ਨੂੰ ਜ਼ਮੀਨ ਉੱਪਰ ਹੀ ਸੌਂ ਜਾਣਾ, ਸਰਦੀ ਅਤੇ ਗ਼ਰਮੀ ਨੂੰ ਬਰਦਾਸ਼ਤ ਕਰਨਾ, ਜੰਗਲ ਜਾਂ ਰੇਗਿਸਤਾਨਾਂ ਜੈਸੇ ਭਿਆਨਕ ਰਸਤਿਆਂ ਵਿੱਚੋਂ ਦੀ ਗੁਜ਼ਰਨਾ ਆਦਿ। ਇਸ ਬਾਰੇ ਸਾਨੂੰ ਦੋ ਪ੍ਰਮਾਣਿਕ ਮੁੱਢਲੀਆਂ ਲਿਖਤਾਂ ਤੋਂ ਸੰਖੇਪ ਅਤੇ ਇਸ਼ਾਰੇ ਮਾਤਰ ਜਾਣਕਾਰੀ ਮਿਲਦੀ ਹੈ। ਇਕ ਗਵਾਹੀ ਹੈ ਭਾਈ ਗੁਰਦਾਸ ਜੀ ਦੀ ਅਤੇ ਦੂਜੀ ਹੈ ਜ਼ੁਲਿਫ਼ਕਾਰ ਅਰਧਿਸਤਾਨੀ ਦੀ। ਭਾਈ ਗੁਰਦਾਸ ਜੀ ਲਿਖਦੇ ਹਨ:
ਪਹਿਲਾ ਬਾਬੇ ਪਾਯਾ ਬਖਸੁ ਦਰਿ ਪਿਛੋ ਦੇ ਫਿਰਿ ਘਾਲਿ ਕਮਾਈ।
ਰੇਤੁ ਅੱਕੁ ਆਹਾਰੁ ਕਰਿ ਰੋੜਾ ਕੀ ਗੁਰ ਕੀਅ ਵਿਛਾਈ।
ਭਾਰੀ ਕਰੀ ਤਪਸਿਆ ਵਡੇ ਭਾਗਿ ਹਰਿ ਸਿਉ ਬਣਿ ਆਈ। (ਵਾਰ 1:24)
ਇਹ ਤੁਕਾਂ ਪ੍ਰਤੀਕਾਤਮਕ ਜਾਣਕਾਰੀ ਦੇਣ ਵਾਲੀਆਂ ਹਨ ਜਾਂ ਜੇ ਇਉਂ ਕਹਿ ਲਿਆ ਜਾਵੇ ਕਿ ਇਹ ਜਾਣਕਾਰੀ ਮੁਹਾਵਰੇਦਾਰ ਬੋਲੀ ਵਿਚ ਹੈ। ਇਨ੍ਹਾਂ ਤੁਕਾਂ ਨੂੰ ਅੱਖਰੀ ਅਰਥਾਂ ਵਿਚ ਨਹੀਂ ਲੈਣਾ ਚਾਹੀਦਾ। ਇਸ ਤਰ੍ਹਾਂ ਇਨ੍ਹਾਂ ਦਾ ਭਾਵ ਇਹ ਬਣਦਾ ਹੈ: “ਬਾਬੇ ਨਾਨਕ ਨੇ ਸਭ ਤੋਂ ਪਹਿਲਾਂ ਅਕਾਲ ਪੁਰਖ ਦੇ ਗਿਆਨ ਦੀ ਬਖ਼ਸ਼ਿਸ਼ ਪ੍ਰਾਪਤ ਕੀਤੀ। ਉਸ ਪਿੱਛੋਂ ਉਨ੍ਹਾਂ ਨੇ ਆਪਣੇ ਆਪ ਨੂੰ ਇਸ ਸੰਘਰਸ਼ ਲਈ ਤਿਆਰ ਕੀਤਾ। ਇਸ ਤਿਆਰੀ ਵਜੋਂ ਉਨ੍ਹਾਂ ਨੇ ਭੁੱਖ-ਪਿਆਸ ਸਹਿ ਸਕਣ ਲਈ ਅਤੇ ਜ਼ਮੀਨ ਉੱਪਰ ਬਿਨਾਂ ਬਿਸਤਰੇ ਤੋਂ ਸੌਣ ਲਈ ਆਪਣੇ ਆਪ ਨੂੰ ਤਿਆਰ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਭਾਰੀ ਮਿਹਨਤ ਕਰ ਕੇ ਆਪਣੇ ਆਪ ਨੂੰ ਸੰਘਰਸ਼ਮਈ ਰਸਤੇ ’ਤੇ ਚੱਲਣ ਲਈ ਤਿਆਰ ਕੀਤਾ।” ਜ਼ੁਲਿਫ਼ਕਾਰ ਅਰਧਿਸਤਾਨੀ ਨੇ ਇਸ ਬਾਰੇ ਕੁਝ ਸਪੱਸ਼ਟ ਕਰਦਿਆਂ ਸਿੱਧੇ ਤੌਰ ’ਤੇ ਲਿਖਿਆ ਹੈ: ਸੰਖੇਪ ਵਿਚ, “(ਗੁਰੂ) ਨਾਨਕ (ਦੇਵ ਜੀ) ਨੇ ਕਰੜੀ ਤਪੱਸਿਆ ਕੀਤੀ। ਪਹਿਲਾਂ ਉਨ੍ਹਾਂ ਨੇ ਆਪਣਾ ਭੋਜਨ ਘਟਾਇਆ ਅਤੇ ਕੁਝ ਸਮੇਂ ਪਿੱਛੋਂ ਉਹ ਸਿਰਫ਼ ਘਿਉ ਹੀ ਖਾਂਦੇ ਸਨ ਅਤੇ ਫਿਰ ਪਾਣੀ ਪੀ ਕੇ ਗੁਜ਼ਾਰਾ ਕਰਦੇ ਸਨ। ਅਖੀਰ ਵਿਚ, ਉਹ ਸਿਰਫ ਹਵਾ ਦੇ ਸਿਰ ’ਤੇ ਹੀ ਰਹਿਣ ਲੱਗ ਪਏ ਸਨ। ਮੁਢਲਾ ਅੰਗਰੇਜ਼ ਲਿਖਾਰੀ ਮੈਕਾਲਫ਼ ਵੀ ਲੱਗਭਗ ਇਨ੍ਹਾਂ ਗੱਲਾਂ ਦੀ ਹੀ ਪੁਸ਼ਟੀ ਕਰਦਾ ਹੈ। ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਆਪ ਨੂੰ ਮਹਾਨ ਯਾਤਰਾ ਲਈ ਤਿਆਰ ਕਰ ਕੇ ਆਪਣੀ ਪਹਿਲੀ ਯਾਤਰਾ ਅਰੰਭ ਕੀਤੀ। ਭਾਈ ਗੁਰਦਾਸ ਜੀ ਨੇ ਇਸ ਬਾਰੇ ਪ੍ਰਮਾਣਿਕ ਤੌਰ ’ਤੇ ਲਿਖਿਆ ਹੈ: ਬਾਬੇ ਨਾਨਕ ਨੇ ਦੇਸ਼ ਭਰ ਦੇ ਸਾਰੇ ਤੀਰਥ ਅਸਥਾਨ ਘੁੰਮ ਕੇ ਦੇਖੇ। ਪਰ ਕਿਤੇ ਵੀ ਉਨ੍ਹਾਂ ਨੂੰ ਉਹ ਕੁਝ ਨਹੀਂ ਦਿੱਸਿਆ ਜਿਸ ਬਾਰੇ ਵੇਦਾਂ ਅਤੇ ਸਿਮਰਤੀਆਂ ਵਿਚ ਲਿਖਿਆ ਹੋਇਆ ਹੈ। ਉਨ੍ਹਾਂ ਨੇ ਸਾਰੀ ਸ੍ਰਿਸ਼ਟੀ ਨੂੰ ਵਾਚਿਆ, ਸਤਿਯੁੱਗ, ਦੁਆਪੁਰ ਅਤੇ ਤ੍ਰੇਤੇ ਯੁੱਗ ਦੀਆਂ ਮਿਥਿਹਾਸਕ ਘਟਨਾਵਾਂ ਨੂੰ ਵੀ ਵਾਚਿਆ ਪਰ ਸਭ ਕੁਝ ਅੰਧੇਰੇ ਅਤੇ ਭਰਮ-ਭੁਲੇਖੇ ਵਿਚ ਹੀ ਜਕੜਿਆ ਦਿੱਸਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜਗਤ-ਭ੍ਰਮਣ ਦੇ ਸਮੇਂ ਹਰ ਕਿਸਮ ਦੀ ਸਾਧਨਾ ਕਰਨ ਵਾਲੇ ਸਿੱਧਾਂ, ਨਾਥਾਂ, ਰਿਖੀਆਂ, ਦੇਵੀ-ਦੇਵਤਿਆਂ, ਭੈਰੋਆਂ, ਖੇਤਰੀ ਸਾਧਾਂ, ਗੰਧਰਵਾਂ, ਅਪਸਰਾਂ, ਕਿੰਨਰਾਂ, ਜੱਖਾਂ, ਭਾਂਤ-ਭਾਂਤ ਦੇ ਰਾਖਸ਼-ਬਿਰਤੀ ਕਿਸਮ ਦੇ ਲੋਕਾਂ ਨੂੰ ਮਿਲ ਕੇ ਦੇਖਿਆ ਪਰ ਕਿਤੇ ਵੀ ਕੋਈ ਗੁਰਮੁਖ ਵਿਅਕਤੀ ਅਰਥਾਤ ਅਕਾਲ ਪੁਰਖ ਦਾ ਭਗਤ ਨਹੀਂ ਮਿਲਿਆ। ਸਭ, ਲੋਕਾਂ ਨੂੰ ਕਤਲ ਕਰਨ ਵਾਲੇ ਹੀ ਸਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਪ੍ਰਿਥਵੀ ਅਤੇ ਇਸ ਦੇ ਨੌਆਂ ਖੰਡਾਂ ਦਾ ਅਧਿਐਨ ਕੀਤਾ। ਫਿਰ ਉਹ ਪਰਬਤਾਂ ’ਤੇ ਗਏ ਜਿੱਥੇ ਸਿੱਧਾਂ ਦੀਆਂ ਮੰਡਲੀਆਂ ਰਹਿੰਦੀਆਂ ਸਨ। ਇਨ੍ਹਾਂ ਵਿਚ ਗੋਰਖ ਦੇ ਚੇਲੇ ਚੌਰਾਸੀ ਸਿੱਧ ਸਨ ਜਿੱਥੇ ਉਨ੍ਹਾਂ ਨਾਲ ਗੁਰੂ ਜੀ ਨੇ ਗੋਸ਼ਟਾਂ ਕੀਤੀਆਂ। ਫਿਰ ਬਾਬਾ ਮੱਕੇ ਗਿਆ ਅਤੇ ਉਨ੍ਹਾਂ ਦਾ ਭੇਸ ਨੀਲੇ ਬਸਤਰਾਂ ਵਾਲਾ ਸੀ। ਹੱਥ ਵਿਚ ਸੋਟਾ, ਕੱਛ ਵਿਚ ਕਿਤਾਬ ਪਕੜੀ ਹੋਈ, ਲੋਟਾ ਅਤੇ ਬਾਂਗ ਦੇਣ ਸਮੇਂ ਹੇਠ ਵਿਛਾਉਣ ਵਾਲੀ ਫੂੜ੍ਹੀ ਵੀ ਸੀ। ਮੱਕੇ ਪਹੁੰਚ ਕੇ ਗੁਰੂ ਜੀ ਉਸ ਮਸੀਤ ਵਿਚ ਜਾ ਬੈਠੇ ਜਿੱਥੇ ਪਹੁੰਚੇ ਹੋਏ ਹਾਜੀ ਰਹਿ ਰਹੇ ਸਨ। ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਰਾਤ ਨੂੰ ਮਹਿਰਾਬ (ਮੱਕੇ ਦਾ ਕੇਂਦਰੀ ਅਸਥਾਨ) ਵੱਲ ਜਾਣੇ ਜਾਂ ਅਣਜਾਣੇ, ਪੈਰ ਕਰ ਕੇ ਸੌਂ ਗਏ। ਇਹ ਦੇਖ ਕੇ ਉਥੋਂ ਦੇ ਜ਼ਿੰਮੇਵਾਰ ਵਿਅਕਤੀ ਨੇ ਗੁੱਸੇ ਵਿਚ ਆ ਕੇ ਕਿਹਾ ਕਿ ਉਨ੍ਹਾਂ ਨੇ ਮੱਕੇ ਦੀ ਤਰਫ ਪੈਰ ਕਿਉਂ ਕੀਤੇ ਹੋਏ ਸਨ। ਇਹ ਸੁਣ ਕੇ ਸ੍ਰੀ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਉਨ੍ਹਾਂ ਦੇ ਪੈਰ ਉਸ ਤਰਫ਼ ਕਰ ਦਿਓ ਜਿਸ ਤਰਫ਼ ਮੱਕੇ ਦਾ ਕੇਂਦਰ ਨਹੀਂ ਹੈ। ਇਸ ਦੀ ਪੂਰਤੀ ਲਈ ਉਹ ਜ਼ਿੰਮੇਵਾਰ ਵਿਅਕਤੀ ਨੇ ਜਦ ਉਨ੍ਹਾਂ ਦੀਆਂ ਲੱਤਾਂ ਪਕੜ ਕੇ ਦੂਜੇ ਪਾਸੇ ਕੀਤੀਆਂ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਕਿ ਕੀ ਇਸ ਪਾਸੇ ਖੁਦਾ ਦਾ ਘਰ ਨਹੀਂ ਹੈ? ਭਾਈ ਗੁਰਦਾਸ ਜੀ ਨੇ ਇਸ ਦਾ ਵਰਣਨ ਕਰਨ ਸਮੇਂ ਜੋ ਭਾਸ਼ਾ ਵਰਤੀ ਹੈ ਉਹ ਮੁਹਾਵਰੇਦਾਰ ਹੈ। ਇਸਲਾਮ ਧਰਮ ਅਨੁਸਾਰ ਖੁਦਾ ਹਰ ਥਾਂ ਮੌਜੂਦ ਹੈ। ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਨੇ ਮੱਕੇ ਦੇ ਕਾਜ਼ੀ ਨੂੰ ਇਹ ਸਵਾਲ ਕੀਤਾ ਕਿ ਜਿਸ ਤਰਫ਼ ਉਨ੍ਹਾਂ ਦੀਆਂ ਲੱਤਾਂ ਕੀਤੀਆਂ ਗਈਆਂ ਹਨ ਕੀ ਇਧਰ ਖੁਦਾ ਨਹੀਂ ਹੈ ਤਾਂ ਕਾਜ਼ੀ ਦਾ ਜਵਾਬ ਕਿਸ ਤਰ੍ਹਾਂ ਦਾ ਹੋ ਸਕਦਾ ਸੀ, ਇਸ ਦਾ ਜਵਾਬ ਲੱਭਣਾ ਕੋਈ ਔਖਾ ਨਹੀਂ ਹੈ।
ਇਸ ਗੱਲ ’ਤੇ ਲੰਮੀ-ਚੌੜੀ ਬਹਿਸ ਹੋਈ ਹੋਵੇਗੀ। ਇਸ ਬਹਿਸ ਵਿਚ ਅਨੇਕਾਂ ਲੋਕ, ਧਾਰਮਿਕ ਆਗੂ ਇਕੱਠੇ ਹੋਏ ਹੋਣਗੇ। ਇਸ ਕਰਕੇ ਹੀ ਅਗਲੀ ਪਉੜੀ ਵਿਚ ਭਾਈ ਗੁਰਦਾਸ ਜੀ ਨੇ ਇਸ ਬਹਿਸ ਬਾਰੇ ਚਾਨਣਾ ਪਾਇਆ ਹੈ। ਭਾਈ ਸਾਹਿਬ ਅਨੁਸਾਰ, “ਉੱਥੋਂ ਦੇ ਸਾਰੇ ਕਾਜ਼ੀ ਅਤੇ ਮੌਲਵੀ ਇਕੱਠੇ ਹੋ ਕੇ ਬਾਬੇ ਨਾਨਕ ਨੂੰ ਪੁੱਛਣ ਲੱਗੇ ਕਿ ਉਨ੍ਹਾਂ ਦੀਆਂ ਨਿਗਾਹਾਂ ਵਿਚ ਹਿੰਦੂ ਵੱਡਾ ਹੈ ਜਾਂ ਮੁਸਲਮਾਨ?” ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਲੰਮੀ-ਚੌੜੀ ਬਹਿਸ ਵਿਚ ਇਸ ਗੱਲ ਨੂੰ ਸ਼ਪੱਸ਼ਟ ਕੀਤਾ ਗਿਆ ਹੋਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੁਸਤਾਨ ਵਿੱਚੋਂ ਗਏ ਸਨ। ਤਦੋਂ ਹੀ ਹਿੰਦੂ ਦੀ ਗੱਲ ਸਾਹਮਣੇ ਆਈ ਹੈ ਨਹੀਂ ਤਾਂ ਹੋਰ ਤੁਰਕੀ, ਅਰਬੀ ਜਾਂ ਇਰਾਨੀ ਕੋਲੋਂ ਹਿੰਦੂ ਬਾਰੇ ਪੁੱਛਣ ਦੀ ਕੋਈ ਤੁਕ ਨਹੀਂ ਬਣਦੀ। ਉਪਰੋਕਤ ਜਵਾਬ ਦੇ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਨੇ ਦੱਸਿਆ ਕਿ “ਦੋਵੇਂ ਧਿਰਾਂ ਹੀ ਸ਼ੁਭ ਅਮਲਾਂ ਤੋਂ ਦੂਰ ਚਲੀਆਂ ਗਈਆਂ ਹਨ, ਜਿਹੜੇ ਭੈੜੇ ਕਰਮ ਉਹ ਕਰ ਰਹੇ ਹਨ ਉਨ੍ਹਾਂ ਕਰਕੇ ਉਨ੍ਹਾਂ ਨੂੰ ਅਗਲੀ ਦਰਗਾਹ ਅੰਦਰ ਕੋਈ ਢੋਈ ਨਹੀਂ ਮਿਲਣੀ। ਉਨ੍ਹਾਂ ਦਾ ਈਮਾਨ ਕੁਸੰਭੜੇ ਦੇ ਰੰਗ ਵਾਂਗ ਕੱਚਾ ਹੈ। ਜਿਵੇਂ ਇਹ ਰੰਗ ਧੋਤੇ ਜਾਣ ’ਤੇ ਲਹਿ ਜਾਂਦਾ ਹੈ ਉਸੇ ਤਰ੍ਹਾਂ ਹਿੰਦੂ-ਮੁਸਲਮਾਨ ਦਾ ਈਮਾਨ ਬਦਲ ਜਾਂਦਾ ਹੈ। ਉਹ ਆਪਸ ਵਿਚ ਇਕ ਦੂਜੇ ਦੀ ਨਿੰਦਿਆ-ਚੁਗ਼ਲੀ ਕਰਦੇ ਹਨ ਭਾਵ ਕਿ ਉਹ ਲੋਕ ਭਟਕੇ ਹੋਏ ਹਨ। ਇਹ ਸਾਰੇ ਲੋਕ ਸ਼ੈਤਾਨ ਦੇ ਰਸਤੇ ਦੇ ਧਾਰਨੀ ਹੋਏ ਫਿਰਦੇ ਹਨ।” ਮੱਕੇ ਦੀ ਯਾਤਰਾ ਦਾ ਸਿੱਟਾ ਕੱਢਦਿਆਂ ਭਾਈ ਗੁਰਦਾਸ ਜੀ ਨੇ ਕਿਹਾ ਹੈ ਕਿ ਬਾਬੇ ਨਾਨਕ ਨੇ ਮੱਕੇ ਵਿਚ ਆਪਣੇ ਚਰਨ ਪਾ ਕੇ ਆਪਣੇ ਮੱਤ ਦੀ ਦਲੀਲ ਨਾਲ ਉਨ੍ਹਾਂ ਨੂੰ ਆਪਣੇ ਸ਼ਿਸ਼ ਬਣਾ ਲਿਆ:
ਧਰੀ ਨੀਸਾਨੀ ਕਉਸਿ ਦੀ ਮਕੇ ਅੰਦਰਿ ਪੂਜ ਕਰਾਈ। (ਵਾਰ 1:34)
“ਮੱਕੇ ਤੋਂ ਪਿੱਛੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਬਗਦਾਦ ਪਹੁੰਚੇ। ਉੱਥੇ ਪਹੁੰਚ ਕੇ ਸ਼ਹਿਰ ਦੇ ਬਾਹਰਵਾਰ ਹੀ ਆਪਣਾ ਠਹਿਰਾਅ ਕੀਤਾ। ਇਥੇ ਪਹੁੰਚਣ ਸਮੇਂ ਆਪ ਜੀ ਦੇ ਨਾਲ ਰਬਾਬੀ ਮਰਦਾਨਾ ਸੀ।” ਇਥੇ ਦਾ ਵਰਣਨ ਕਰਦਿਆਂ ਭਾਈ ਸਾਹਿਬ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਨੂੰ ‘ਅਕਾਲ ਰੂਪ’ ਕਹਿ ਕੇ ਸੰਬੋਧਨ ਕੀਤਾ। ਇਹ ਵਿਸ਼ੇਸ਼ਣ ਸਿਰਫ਼ ਵਡਿਆਉਣ ਵਾਸਤੇ ਹੀ ਨਹੀਂ ਹਨ ਸਗੋਂ ਜਿਸ ਆਤਮ-ਵਿਸ਼ਵਾਸ ਨਾਲ ਅਤੇ ਜਿਸ ਤਰਕ ਦੇ ਜ਼ੋਰ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਇਨ੍ਹਾਂ ਅਸਥਾਨਾਂ ’ਤੇ ਫਿਰ ਰਹੇ ਸਨ ਇਹ ਵਿਸ਼ੇਸ਼ਣ ਉਸ ਨੂੰ ਪ੍ਰਗਟ ਕਰਨ ਲਈ ਵਰਤੇ ਗਏ ਹਨ। ਮੱਕੇ ਅਤੇ ਬਗ਼ਦਾਦ ਦੀ ਇਕ ਗ਼ੈਰ-ਮੁਸਲਮਾਨ ਯਾਤਰੀ ਵੱਲੋਂ ਯਾਤਰਾ ਕਰਨਾ ਅਤੇ ਉਥੇ ਜਾ ਕੇ ਉਥੋਂ ਦੇ ਕਾਜ਼ੀਆਂ ਅਤੇ ਮੌਲਵੀਆਂ ਨਾਲ ਬਹਿਸ ਕਰਨਾ ਆਦਿ ਨਾ ਹੀ ਕਿਸੇ ਸਾਧਾਰਨ ਵਿਅਕਤੀ ਦਾ ਕੰਮ ਸੀ ਅਤੇ ਨਾ ਹੀ ਕਿਸੇ ਸਾਧਾਰਨ ਨੇਤਾ ਦਾ। ਇਹ ਕੰਮ ਕਿਸੇ ਐਸੀ ਮਹਾਨ ਸ਼ਖ਼ਸੀਅਤ ਦਾ ਹੀ ਹੋ ਸਕਦਾ ਸੀ ਜਿਸ ਨੇ ਆਪਣੇ ਆਪ ਨੂੰ ਰੱਬ ਦੀ ਜੋਤ ਨਾਲ ਮਿਲਾ ਕੇ ਰੱਬੀ ਜੋਤ ਹੀ ਬਣਾ ਲਿਆ ਹੋਵੇ ਅਤੇ ਜਿਸ ਦੇ ਸਾਹਮਣੇ ਦੁਨੀਆਂ ਦਾ ਸਮੁੱਚਾ ਗਿਆਨ ਪੱਸਰਿਆ ਪਿਆ ਹੋਵੇ। ਇਸੇ ਕਰਕੇ ਹੀ ਭਾਈ ਗੁਰਦਾਸ ਜੀ ਨੇ ਬਾਬੇ ਨਾਨਕ ਨੂੰ ‘ਅਕਾਲ ਰੂਪ’ ਕਹਿ ਕੇ ਸੰਬੋਧਨ ਕੀਤਾ ਹੈ। “ਸਵੇਰੇ ਹੀ ਜਦੋਂ ਬਾਬਾ ਨਾਨਕ ਜੀ ਨੇ ਨਿਵਾਜਿ ਕਰ ਕੇ ਬਾਂਗ ਦਿੱਤੀ ਤਾਂ ਉਨ੍ਹਾਂ ਦੀ ਇਸ ਪ੍ਰਭਾਵਸ਼ਾਲੀ ਕਾਰਵਾਈ ਨੂੰ ਤੱਕ ਕੇ ਉਸ ਨੂੰ ਸੁਣਨ ਵਾਲੇ ਹੈਰਾਨ ਹੋ ਗਏ। ਉਸ ਨਗਰੀ ਦਾ ਪੀਰ ਵੀ ਹੈਰਾਨ ਹੋ ਗਿਆ। ਜਦੋਂ ਉਸ ਪੀਰ ਨੇ ਸਾਰੀ ਜਾਣਕਾਰੀ ਲਈ ਤਾਂ ਉਸ ਨੂੰ ਪਤਾ ਲੱਗਿਆ ਕਿ ਰੱਬ ਦੇ ਸਿਮਰਨ ਵਿਚ ਮਸਤ ਰਹਿਣ ਵਾਲਾ ਇਕ ਮਹਾਨ ਫ਼ਕੀਰ ਆਇਆ ਹੋਇਆ ਹੈ। ਫਿਰ ਉਸ ਪੀਰ ਨੇ ਬਾਬਾ ਨਾਨਕ ਜੀ ਦੇ ਪਾਸ ਆ ਕੇ ਦਸਤਪੰਜਾ ਕਰ ਕੇ ਪੁੱਛਿਆ ਕਿ ਉਹ ਕੌਣ ਹਨ ਅਤੇ ਉਨ੍ਹਾਂ ਦਾ ਪਰਵਾਰਿਕ ਪਿਛੋਕੜ ਕੀ ਹੈ? ਬਾਬਾ ਨਾਨਕ ਜੀ ਨੇ ਜਵਾਬ ਦਿੱਤਾ ਕਿ ਉਹ ਝੂਠ ਦੇ ਖ਼ਿਲਾਫ਼ ਸੰਘਰਸ਼ ਕਰਨ ਵਾਲਾ ਰੱਬ ਦਾ ਉਹ ਫ਼ਕੀਰ ਹੈ ਜਿਸ ਨੇ ਸਭ ਨੂੰ ਇੱਕੋ ਜਿਹਾ ਪਹਿਚਾਣਿਆ ਹੈ। ਉਸ ਦਾ ਮਿਸ਼ਨ ਸਾਰੀ ਸ੍ਰਿਸ਼ਟੀ ਲਈ ਹੈ।”
“ਸ੍ਰੀ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਸੁਣ ਕੇ, ਉਸ ਪੀਰ ਨੇ ਮਹਿਸੂਸ ਕੀਤਾ ਕਿ ਇਹ ਫ਼ਕੀਰ ਤਾਂ ਅਗੰਮੀ ਗਿਆਨ ਵਾਲਾ ਹੈ ਜਿਸ ਨੇ ਬਗਦਾਦ ਵਿਚ ਆ ਕੇ ਵੀ ਆਪਣੇ ਗਿਆਨ ਦੀ ਕਰਾਮਾਤ ਦਿਖਲਾ ਦਿੱਤੀ ਹੈ ਜਿਸ ਨੇ ਲੱਖਾਂ ਆਕਾਸ਼ਾਂ ਅਤੇ ਪਾਤਾਲਾਂ ਦਾ ਗਿਆਨ ਦ੍ਰਿੜ੍ਹ ਕਰਵਾ ਦਿੱਤਾ ਹੈ। ਇਤਨਾ ਕੁਝ ਸਮਝ ਲੈਣ ਤੋਂ ਬਾਅਦ ਉਸ ਪੀਰ ਨੇ ਸ੍ਰੀ ਗੁਰੂ ਨਾਨਕ ਸਾਹਿਬ ਨਾਲ ਫੇਰ ਦਸਤਪੰਜਾ ਕਰਦੇ ਹੋਏ ਕਿਹਾ ਕਿ ਉਹ ਵੀ ਇਹੀ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹੈ। ਇਸ ’ਤੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਪਾਸ ਉਸ ਪੀਰ ਦਾ ਪੁੱਤਰ ਵੀ ਆ ਗਿਆ। ਸ੍ਰੀ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਵੀ ਸਮੁੱਚੀ ਸ੍ਰਿਸ਼ਟੀ ਦਾ ਗਿਆਨ ਕਰਵਾਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ-ਵਿਆਪੀ ਯਾਤਰਾਵਾਂ ਕੀਤੀਆਂ। ਉਨ੍ਹਾਂ ਦਾ ਸਿੱਟਾ ਕੱਢਦੇ ਹੋਏ ਬੜੇ ਹੀ ਸੰਖੇਪ ਸ਼ਬਦਾਂ ਵਿਚ ਭਾਈ ਗੁਰਦਾਸ ਜੀ ਨੇ ਇਉਂ ਕਿਹਾ ਹੈ : “ਬਾਬੇ ਨਾਨਕ ਨੇ ਮੱਕਾ, ਮਦੀਨਾ ਅਤੇ ਬਗਦਾਦ ਆਦਿ ਇਸਲਾਮ ਦੇ ਸਭ ਕੇਂਦਰਾਂ ਨੂੰ ਆਪਣੇ ਗਿਆਨ ਦੇ ਜ਼ੋਰ ਨਾਲ ਜਿੱਤ ਲਿਆ ਸੀ। ਉਨ੍ਹਾਂ ਨੇ ਚਉਰਾਸੀ ਸਿੱਧਾਂ ਦੀ ਮੰਡਲੀ ਨੂੰ ਅਤੇ ਉਨ੍ਹਾਂ ਦੇ ਛੇ ਫ਼ਲਸਫ਼ਿਆਂ ਨੂੰ ਮਾਤ ਪਾ ਦਿੱਤੀ ਸੀ। ਉਨ੍ਹਾਂ ਨੇ ਸ੍ਰਿਸ਼ਟੀ ਦੇ ਨੌਂ ਖੰਡਾਂ ਦਾ ਅਧਿਐਨ ਕਰ ਕੇ ਆਪਣੇ ਮਤ ‘ਸਤਿ ਨਾਮੁ’ ਦਾ ਡੰਕਾ ਵਜਾ ਦਿੱਤਾ ਸੀ। ਜਿੰਨੇ ਵੀ ਹਿੰਦੂ ਮਿਥਿਹਾਸ ਦੇ ਇੰਦਰ ਆਦਿ ਦੇਵਤੇ ਅਤੇ ਰਾਖਸ਼ ਸਨ ਉਨ੍ਹਾਂ ਸਭ ਨੂੰ ਮਿਥਿਹਾਸਕ ਦਰਸਾ ਕੇ ਮਾਤ ਪਾ ਦਿੱਤੀ ਸੀ। ਜੋ ਮਤ ਉਨ੍ਹਾਂ ਨੇ ਸੰਸਾਰ ਵਿਚ ਪ੍ਰਚਾਰਿਆ ਇਹ ਅਨੰਦ ਪ੍ਰਦਾਨ ਕਰਨ ਵਾਲਾ ਸੀ। ਇਸੇ ਨੂੰ ਮੁਹੱਈਆ ਕਰਨ ਲਈ ਸ੍ਰੀ ਗੁਰੂ ਨਾਨਕ ਸਾਹਿਬ ਨੇ ਸੰਘਰਸ਼ ਸ਼ੁਰੂ ਕੀਤਾ ਸੀ।”
ਸਭ ਤੋਂ ਪਹਿਲੀ ਲਿਖਤ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਦਾ ਜੋ ਪ੍ਰਵਾਨ ਕਰਨ ਯੋਗ ਵਰਣਨ ਹੈ ਉਹ ਉੱਪਰ ਆ ਚੁੱਕਿਆ ਸੀ। ਆਧੁਨਿਕ ਲੇਖਕਾਂ ਵਿੱਚੋਂ ਗਿਆਨੀ ਗਿਆਨ ਸਿੰਘ ਨੇ ਇਨ੍ਹਾਂ ਯਾਤਰਾਵਾਂ ਨੂੰ ਕੁਝ ਹੋਰ ਵਿਸਥਾਰ ਦੇ ਕੇ ਚਾਰ ਉਦਾਸੀਆਂ (ਯਾਤਰਾਵਾਂ) ਵਿਚ ਵੰਡਿਆ ਹੈ ਜਿਸ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ (ਯਾਤਰਾ) ਪੂਰਬੀ ਭਾਰਤ ਦੀ ਕੀਤੀ। ਇਸ ਯਾਤਰਾ ਵਿਚ ਪ੍ਰਮੁੱਖ ਅਸਥਾਨ ਸ਼ਾਮਲ ਹਨ: ਗੋਇੰਦਵਾਲ ਵਾਲਾ ਅਸਥਾਨ, ਫਤਿਹਾਬਾਦ, ਸੁਲਾਤਾਨਵਿੰਡ, ਖ਼ਾਲੜਾ, ਲਾਹੌਰ, ਐਮਨਾਬਾਦ, ਸੀਓ ਕੇ, ਸਾਹੋ ਕੇ, ਪਸਰੂਰ, ਛਾਂਗਾ-ਮਾਂਗਾ, ਕਸੂਰ, ਚੂਹਣੀਏ ਆਦਿ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਮਾਲਵੇ ਵਿਚ ਆਏ। ਇਥੋਂ ਬਾਂਗਰ ਦੇ ਇਲਾਕੇ ਵਿਚ ਦਾਖ਼ਲ ਹੋ ਕੇ ਪਿਹੋਵੇ, ਕੁਰਕਸ਼ੇਤਰ, ਕਰਨਾਲ, ਹਰਿਦੁਆਰ, ਦਿੱਲੀ, ਬਨਾਰਸ, ਪਟਨਾ, ਰਾਜਗਿਰੀ, ਗਯਾ, ਮਾਲਦਾ, ਥਲੁਵਾ, ਕੁੰਡ, ਧੂਬੜੀ, ਜਗਨਨਾਥ ਪੁਰੀ, ਸਨਾਰਗੜ੍ਹ, ਜਬਲਪੁਰ, ਭੁਪਾਲ, ਝਾਂਸੀ, ਗਵਾਲੀਅਰ, ਭਰਤਪੁਰ, ਗੁੜਗਾਵਾਂ, ਝੱਜਰ, ਨਾਰਨੌਲ, ਜੀਂਦ, ਕੈਥਲ, ਸੁਨਾਮ, ਸੰਗਰੂਰ ਆਦਿ ਸ਼ਹਿਰਾਂ ਵਿੱਚੋਂ ਹੁੰਦੇ ਹੋਏ ਵਾਪਸ ਸੁਲਤਾਨਪੁਰ ਪਹੁੰਚ ਗਏ।
ਇਹ ਪਹਿਲੀ ਉਦਾਸੀ ਸਭ ਤੋਂ ਲੰਮੀ ਉਦਾਸੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁਝ ਹੀ ਸਮਾਂ ਸੁਲਤਾਨਪੁਰ ਲੋਧੀ ਵਿਖੇ ਬਤੀਤ ਕੀਤਾ। ਫਿਰ ਦੂਸਰੀ ਯਾਤਰਾ (ਉਦਾਸੀ) ’ਤੇ ਚੱਲ ਪਏ ਸਨ। ਇਹ ਉਦਾਸੀ ਦੱਖਣ ਵੱਲ ਦੀ ਸੀ ਜਿਸ ਵਿਚ ਸਰਸਾ, ਬੀਕਾਨੇਰ, ਅਜਮੇਰ, ਪੁਸ਼ਕਰ, ਹੈਦਰਾਬਾਦ, ਕੋਡਾਈ ਕੈਨਾਲ, ਮਦਰਾਸ, ਪਾਂਡੀਚੇਰੀ, ਸ੍ਰੀਲੰਕਾ, ਵਾਪਸ ਗੁਜਰਾਤ ਦੇ ਬੜੌਦਾ, ਸੂਰਤ, ਅਹਿਮਦਾਬਾਦ,ਭਾਵਨਗਰ, ਗਾਯਕਵਾੜ, ਜੂਨਾਗੜ੍ਹ, ਗਿਰਨਾਰ ਪਰਬਤ, ਦੁਆਰਕਾ, ਅਮਰਕੋਟ, ਬਹਾਵਲਪੁਰ ਵਿੱਚੋਂ ਦੀ ਮੁਲਤਾਨ ਹੁੰਦੇ ਹੋਏ ਤੁਲੰਭਾ ਹੋ ਕੇ ਵਾਪਸ ਪੰਜਾਬ ਪਹੁੰਚ ਗਏ। ਤੀਜੀ ਉਦਾਸੀ ਸਮੇਂ ਕਲਾਨੌਰ, ਸੁਜਾਨਪੁਰ, ਗੁਰਦਾਸਪੁਰ, ਦਸੂਹਾ, ਪਾਲਮਪੁਰ, ਕਾਂਗੜਾ, ਜਵਾਲਾਮੁਖੀ, ਧਰਮਸ਼ਾਲਾ, ਮੰਡੀ, ਰਵਾਲਸਰ, ਚੰਬਾ, ਕਹਿਲੂਰ, ਕੀਰਤਪੁਰ ਸਾਹਿਬ ਵਾਲੀ ਥਾਂ, ਰੋਪੜ, ਸਿਆਲਬਾ, ਪਿੰਜੋਰ ਵਾਲੀ ਥਾਂ, ਡਿਗਸਈ, ਸਿਰਮੌਰ, ਚਕਰਾਤਾ, ਹੇਮਕੁੰਟ, ਬਦਰੀਨਾਥ, ਰਾਣੀਖੇਤ, ਅਲਮੋੜਾ, ਨੈਣੀਤਾਲ, ਨਾਨਕਮਤਾ, ਪੀਲੀ ਭੀਤ, ਰੀਠਾ ਸਾਹਿਬ, ਗੋਰਖਪੁਰ, ਲਖੀਮਪੁਰ, ਨੇਪਾਲ, ਤਿੱਬਤ, ਕਸ਼ਮੀਰ ਆਦਿ ਪਰਬਤੀ ਅਸਥਾਨਾਂ ਵਿੱਚੋਂ ਦੀ ਹੁੰਦੇ ਹੋਏ ਕੁੱਲੂ, ਜੰਮੂ, ਮਨਕੋਟ ਵਿੱਚੋਂ ਦੀ ਵਾਪਸ ਪੰਜਾਬ ਪਹੁੰਚ ਗਏ ।
ਚੌਥੀ ਉਦਾਸੀ ਦੌਰਾਨ ਵਜੀਰਾਬਾਦ, ਰੋਹਤਾਸ, ਡੇਰਾ ਇਸਮਾਈਲ ਖਾਂ, ਸੱਖਰ, ਭੱਖਰ, ਰੋੜੀ, ਸ਼ਿਕਾਰਪੁਰ, ਲੜਕਾਣਾ, ਹੈਦਰਾਬਾਦ (ਸਿੰਧ), ਠੱਟਾ, ਕਰਾਚੀ ਹੁੰਦੇ ਹੋਏ ਅਰਬ ਮੁਲਕਾਂ ਵਿਚ ਮੱਕਾ, ਮਦੀਨਾ, ਬਗ਼ਦਾਦ, ਬੁਖਾਰਾ, ਸਮਰਕੰਦ, ਕਾਬੁਲ, ਹਜ਼ਾਰਾ, ਜਲਾਲਾਬਾਦ, ਪਿਸ਼ਾਵਰ, ਹੋਤੀ ਮਰਦਾਨ, ਹਸਨ ਅਬਦਾਲ, ਪੋਠੋਹਾਰ ਦੇ ਇਲਾਕੇ ਵਿੱਚੋਂ ਦੀ ਵਾਪਸ ਗੁਜਰਾਤ, ਐਮਨਾਬਾਦ (ਦੂਜੀ ਵਾਰ) ਵਿੱਚੋਂ ਦੀ ਵਾਪਸ ਕਰਤਾਰਪੁਰ ਪਹੁੰਚ ਗਏ।
ਕਨਿੰਘਮ ਲਿਖਦਾ ਹੈ ਕਿ ਉਨ੍ਹਾਂ (ਗੁਰੂ ਨਾਨਕ ਸਾਹਿਬ) ਨੇ ਸ਼ਾਇਦ ਭਾਰਤੀ ਸੀਮਾ ਤੋਂ ਵੀ ਪਰ੍ਹੇ ਯਾਤਰਾ ਕੀਤੀ ਸੀ। ਉਨ੍ਹਾਂ ਨੇ ਇਕਾਂਤ ਵਿਚ ਪ੍ਰਾਰਥਨਾਵਾਂ ਕੀਤੀਆਂ, ਉਨ੍ਹਾਂ ਨੇ ਵੇਦਾਂ ਅਤੇ ਮੁਹੰਮਦ ਦੇ ਮਿਸ਼ਨ ਬਾਰੇ ਆਪਣੇ ਵਿਚਾਰ ਰੱਖੇ। ਉਨ੍ਹਾਂ ਨੇ ਪਰਮਾਤਮਾ ਦੇ ਹੁਕਮ ਬਾਰੇ ਅਤੇ ਖੁਸ਼ੀ ਪ੍ਰਾਪਤ ਕਰਨ ਵਾਲੇ ਮਾਰਗ ਬਾਰੇ, ਪੁਜਾਰੀਆਂ ਅਤੇ ਸਾਧਾਰਨ ਸ਼ਰਧਾਲੂਆਂ ਨਾਲ ਇੱਕੋ ਜਿਹੇ ਜੋਸ਼ ਨਾਲ ਸਵਾਲ-ਜਵਾਬ ਕੀਤੇ।
ਇਨ੍ਹਾਂ ਯਾਤਰਾਵਾਂ ਦੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਹਮਲਾਵਰ ਬਾਬਰ ਨਾਲ ਵੀ ਹੋਈ ਦੱਸੀ ਗਈ ਹੈ। ਭਾਵੇਂ ਇਸ ਮੁਲਾਕਾਤ ਦੀ ਪੁਸ਼ਟੀ ਬਾਬਰ ਦੀ ਆਪਣੀ ਕਿਸੇ ਵੀ ਲਿਖਤ ਤੋਂ ਨਹੀਂ ਹੁੰਦੀ ਪਰ ਹੋਰ ਮੁੱਢਲੀਆਂ ਲਿਖਤਾਂ ਇਸ ਗੱਲ ਦੀ ਜ਼ਰੂਰ ਜਾਣਕਾਰੀ ਦਿੰਦੀਆਂ ਹਨ। ਬਾਬਰ ਦੀ ਆਪਣੀ ਕਿਸੇ ਲਿਖਤ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਦਾ ਜ਼ਿਕਰ ਨਾ ਹੋਣਾ ਇਸ ਗੱਲ ਦਾ ਪ੍ਰਤੀਕ ਨਹੀਂ ਹੈ ਕਿ ਇਹ ਮੁਲਾਕਾਤ ਹੋਈ ਹੀ ਨਹੀਂ ਸੀ। ਜਿਸ ਤਰ੍ਹਾਂ ਗੁਰੂ ਜੀ ਨੇ ਬਾਬਰ ਦੇ ਹਮਲੇ (ਸੰਭਵ ਤੌਰ ’ਤੇ ਅਖੀਰਲੇ) ਦੀ ਆਪਣੀ ਬਾਣੀ ਵਿਚ ਜਾਣਕਾਰੀ ਦਿੱਤੀ ਹੈ ਅਤੇ ਇਸ ਵਿਚ ਗੁਰੂ ਜੀ ਨੇ ਆਪਣੇ ਜਜ਼ਬਾਤਾਂ ਦਾ ਜਿਸ ਤਰ੍ਹਾਂ ਦਾ ਪ੍ਰਗਟਾਵਾ ਕੀਤਾ ਹੈ ਉਸ ਤੋਂ ਜਾਪਦਾ ਹੈ ਕਿ ਇਕ ਤਾਂ ਉਹ ਇਸ ਹਮਲੇ ਨੂੰ ਅਤੇ ਹਮਲੇ ਦੁਆਰਾ ਲੋਕਾਂ ਦੀ ਹੋਈ ਦੁਰਦਸ਼ਾ ਨੂੰ ਬਹੁਤ ਨੇੜਿਓਂ ਹੋ ਕੇ ਤੱਕ ਰਹੇ ਸਨ ਅਤੇ ਦੂਜਾ, ਉਹ ਲੋਕਾਂ ਦੇ ਇਕ ਸੱਚੇ ਹਮਦਰਦ ਨੇਤਾ ਦੇ ਤੌਰ ’ਤੇ ਵਿਚਰ ਰਹੇ ਸਨ:
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗ਼ਲੁ ਚੜਾਇਆ॥ (ਪੰਨਾ 360)
ਗੁਰੂ ਜੀ ਨੇ ਬਾਬਰ ਜਿਹੇ ਹਮਲਾਵਰ ਨੂੰ ਵੀ ਨਿੰਦਿਆ ਅਤੇ ਉਸ ਦਾ ਮੁਕਾਬਲਾ ਕਰ ਰਹੇ ਲੋਧੀ ਸੁਲਾਤਾਨਾਂ ਦੀ ਕਾਇਰਤਾ ਨੂੰ ਵੀ ਭੰਡਿਆ:
ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ॥ (ਪੰਨਾ 360)
ਆਪਣੇ ਮਹਾਨ ਸਫ਼ਰਾਂ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਰਾਵੀ ਦਰਿਆ ਦੇ ਕੰਢੇ ਉੱਪਰ ਕਰਤਾਰਪੁਰ ਵਾਲੀ ਥਾਂ ’ਤੇ ਰਹਿਣ ਲੱਗ ਪਏ ਸਨ। ਇਥੇ ਰਹਿੰਦਿਆਂ ਉਨ੍ਹਾਂ ਨੇ ਆਪਣਾ ਉਹ ਬਾਣਾ ਜੋ ਉਹ ਉਦਾਸੀਆਂ ਦੌਰਾਨ ਪਹਿਨ ਕੇ ਰੱਖਦੇ ਸਨ, ਲਾਹ ਦਿੱਤਾ ਸੀ ਅਤੇ ਇਕ ਸੰਸਾਰੀ ਵਿਅਕਤੀ ਦਾ ਬਾਣਾ ਧਾਰਨ ਕਰ ਲਿਆ ਸੀ। ਕਰਤਾਰਪੁਰ ਦੀ ਥਾਂ ਉੱਪਰ ਰਹਿਣ ਦਾ ਵੀ ਇਕ ਵਿਸ਼ੇਸ਼ ਮਕਸਦ ਸੀ। ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਨਵੇਂ ਸਮਾਜ ਦੇ ਨੇਤਾ ਸਨ, ਇਕ ਨਵੇਂ ਫ਼ਲਸਫ਼ੇ ਦੇ ਸਿਰਜਣਹਾਰ ਸਨ ਅਤੇ ਇਕ ਨਵੇਂ ਮਾਰਗ ਦੇ ਧਾਰਨੀ ਸਨ। ਉਨ੍ਹਾਂ ਨੇ ਨਵੇਂ ਥਾਂ ਉੱਪਰ ਰਹਿਣਾ ਸ਼ੁਰੂ ਕਰ ਦਿੱਤਾ ਸੀ। ਇਹ ਨਵੀਂ ਥਾਂ ਕਰਤਾਰਪੁਰ ਸੀ, ਅਰਥਾਤ ਵਾਹਿਗੁਰੂ ਦੀ ਸਿਰਜੀ ਹੋਈ ਨਗਰੀ। ਇਹ ਸਿੱਖ ਸੰਗਤਾਂ ਦਾ ਕੇਂਦਰੀ ਅਸਥਾਨ ਸੀ। ਇਥੇ ਰਹਿੰਦਿਆਂ ਗੁਰੂ ਜੀ ਨੇ ਸਿੱਖ ਸੰਗਤਾਂ ਨੂੰ ਧਾਰਮਿਕ ਉਪਦੇਸ਼ ਦੇਣਾ ਸ਼ੁਰੂ ਕੀਤਾ। ਇਥੇ ਉਨ੍ਹਾਂ ਨੇ ਆਪਣੀਆਂ ਯਾਤਰਾਵਾਂ ਦੀਆਂ ਯਾਦਾਂ ਨੂੰ, ਯਾਤਰਾਵਾਂ ਦੌਰਾਨ ਵੱਖ-ਵੱਖ ਧਰਮਾਂ ਦੇ ਮੁਖੀਆਂ ਨਾਲ ਹੋਈਆਂ ਗੋਸ਼ਟਾਂ ਨੂੰ ਅਤੇ ਵਿਚਾਰਧਾਰਕ ਪੱਖਾਂ ਨੂੰ ਲਿਖਤੀ ਰੂਪ ਦੇਣਾ ਸ਼ੁਰੂ ਕਰ ਦਿੱਤਾ। ਇਉਂ ਉਨ੍ਹਾਂ ਦੀ ਬਾਣੀ ਸਿਰਜੀ ਜਾਣੀ ਸ਼ੁਰੂ ਹੋਈ। ਹਰ ਰੋਜ਼ ਪਰਮਾਤਮਾ ਦੇ ਨਾਮ-ਸਿਮਰਨ ਬਾਰੇ ਚਰਚਾਵਾਂ ਹੁੰਦੀਆਂ ਸਨ ਅਤੇ ਇਉਂ ਪਰਮਾਤਮਾ ਦੇ ਜਾਪ ਦੀਆਂ ਧੁਨਾਂ ਬੁਲੰਦ ਹੋਈਆਂ। ਸਵੇਰੇ-ਸ਼ਾਮ ਉਨ੍ਹਾਂ ਦੀ ਬਾਣੀ ਜਪੁਜੀ ਸਾਹਿਬ, ਸੋਦਰੁ ਅਤੇ ਆਰਤੀ ਦਾ ਪਾਠ ਹੁੰਦਾ:
ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ।
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ।……
ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਾਰਾ।
ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧੁਨਕਾਰਾ।
ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ। (ਵਾਰ 1:38)
ਕਰਤਾਰਪੁਰ ਵਿਖੇ ਰਹਿਣ ਪਿੱਛੋਂ ਗੁਰੂ ਜੀ ਨੇ ਭਾਵੇਂ ਕੋਈ ਲੰਮੀ ਯਾਤਰਾ ਨਹੀਂ ਕੀਤੀ ਪਰ ਸਮੇਂ-ਸਮੇਂ ’ਤੇ ਇਥੇ ਲਾਗਲੇ ਇਲਾਕਿਆਂ ਵਿਚ ਆਪ ਧਰਮ ਪ੍ਰਚਾਰ ਲਈ ਚਲੇ ਜਾਇਆ ਕਰਦੇ ਸਨ। ਭਾਈ ਗੁਰਦਾਸ ਜੀ ਦੀ ਗਵਾਹੀ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਇਥੋਂ ਇਕ ਵਾਰੀ ਅਚੱਲ ਵਟਾਲੇ ਪਹੁੰਚੇ ਸਨ। ਗੁਰੂ ਜੀ ਦਾ ਆਉਣਾ ਸੁਣ ਕੇ ਮੇਲੇ ਵਿਚ ਹਾਜ਼ਰ ਲੋਕ ਹੁੰਮ-ਹੁਮਾ ਕੇ ਗੁਰੂ ਜੀ ਦੇ ਦਰਸ਼ਨ ਕਰਨ ਨੂੰ ਆਉਣੇ ਸ਼ੁਰੂ ਹੋ ਗਏ ਸਨ। ਲੋਕ ਗੁਰੂ ਜੀ ਦੇ ਦਰਸ਼ਨ ਕਰਨ ਸਮੇਂ ਸ਼ਰਧਾ ਵਜੋਂ ਕੁਝ ਪੈਸੇ ਵੀ ਚੜ੍ਹਾਉਂਦੇ ਸਨ। ਇਸ ਤਰ੍ਹਾਂ ਉਥੇ ਦੇਖਦਿਆਂ-ਦੇਖਦਿਆਂ ਹੀ ਬਹੁਤ ਮਾਇਆ ਇਕੱਠੀ ਹੋ ਗਈ। ਉਥੇ ਰਹਿ ਰਹੇ ਜੋਗੀਆਂ ਨੇ ਜਦ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਤਿਕਾਰ ਹੁੰਦਾ ਦੇਖਿਆ ਤਾਂ ਉਨ੍ਹਾਂ ਨੂੰ ਬਹੁਤ ਈਰਖਾ ਹੋਈ। ਉਥੇ ਭਗਤੀਆਂ ਕਰਨ ਵਾਲੇ ਹੋਰ ਭਗਤ ਵੀ ਸਨ ਜਿਨ੍ਹਾਂ ਨੂੰ ਇਕੱਠੀ ਹੋਈ ਮਾਇਆ ਵਿੱਚੋਂ ਕੁਝ ਹਿੱਸਾ ਮਿਲਣ ਦੀ ਉਮੀਦ ਸੀ। ਇਸੇ ਭੀੜ ਵਿੱਚੋਂ ਹੀ ਇਕ ਜੋਗੀ ਨੇ ਇਕੱਤਰ ਹੋਈ ਮਾਇਆ ਵਿੱਚੋਂ ਇਕ ਲੋਟਾ ਭਰ ਕੇ ਛੁਪਾ ਲਿਆ। ਇਹ ਦੇਖ ਕੇ ਭਗਤੀ ਕਰਨ ਵਾਲੇ ਭਗਤਾਂ ਨੂੰ ਭਗਤੀ ਭੁੱਲ ਗਈ ਅਤੇ ਉਨ੍ਹਾਂ ਦੀ ਸੁਰਤ ਉਸ ਛੁਪਾਏ ਹੋਏ ਲੋਟੇ ਵਿਚ ਹੀ ਲੱਗ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋਗੀਆਂ ਵੱਲੋਂ ਮਾਇਆ ਦੇ ਭਰੇ ਲੋਟੇ ਨੂੰ ਵਾਪਸ ਖੋਹ ਕੇ ਉਥੇ ਰਖਵਾ ਦਿੱਤਾ। ਗੁਰੂ ਜੀ ਦੀ ਦਲੇਰੀ ਦੇਖ ਕੇ ਸਭ ਜੋਗੀਆਂ ਨੂੰ ਬੜਾ ਕ੍ਰੋਧ ਆਇਆ।
ਗੁੱਸੇ ਵਿਚ ਭਰੇ-ਪੀਤੇ ਜੋਗੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਤਕਰਾਰ ਕਰਨ ਲੱਗ ਪਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਥੇ ਆ ਕੇ ਉਨ੍ਹਾਂ ਦੇ ਖ਼ਿਲਾਫ਼ ਪ੍ਰਚਾਰ ਕਰਨਾ ਕਿਉਂ ਸ਼ੁਰੂ ਕੀਤਾ ਹੈ? ਇਸ ਵਿਰੋਧੀ ਪ੍ਰਚਾਰ ਵਿੱਚੋਂ ਉਨ੍ਹਾਂ ਨੂੰ ਕੁਝ ਵੀ ਹੱਥ ਨਹੀਂ ਆਵੇਗਾ, ਉਨ੍ਹਾਂ ਨੇ ਉਦਾਸੀਆਂ ਵਾਲਾ ਬਾਣਾ ਲਾਹ ਕੇ ਅਤੇ ਸੰਸਾਰਿਕ ਜੀਵਾਂ ਵਾਲਾ ਬਾਣਾ ਪਹਿਨ ਕੇ ਬਹੁਤ ਗ਼ਲਤ ਕੰਮ ਕੀਤਾ ਹੈ। ਗੁਰੂ ਜੀ ਨੇ ਇਸ ਦੇ ਜਵਾਬ ਵਿਚ ਕਿਹਾ ਕਿ ਇਸ ਵਿਚ ਤੁਹਾਡਾ ਕੋਈ ਦੋਸ਼ ਨਹੀਂ ਹੈ, ਅਸਲ ਦੋਸ਼ ਤਾਂ ਤੁਹਾਡੀ ਮਾਂ ਦਾ ਹੈ ਜਿਸ ਨੇ ਤੁਹਾਨੂੰ ਜਨਮ ਦੇ ਕੇ ਸੰਸਾਰ ਵਿਚ ਰਹਿਣ ਦੀ ਰੀਤ ਨਹੀਂ ਸਿਖਾਈ। ਤੁਸੀਂ ਲੋਕ ਗ੍ਰਿਹਸਤ ਨੂੰ ਤਿਆਗ ਕੇ ਫਿਰ ਉਨ੍ਹਾਂ ਗ੍ਰਿਹਸਤੀਆਂ ਦੇ ਘਰਾਂ ਵਿਚ ਹੀ ਮੰਗਣ ਜਾਂਦੇ ਹੋ।
ਅਜਿਹੀਆਂ ਕਰਾਰੀਆਂ ਅਤੇ ਸਪੱਸ਼ਟ ਗੱਲਾਂ ਸੁਣ ਕੇ ਜੋਗੀਆਂ ਨੂੰ ਹੋਰ ਵੀ ਜ਼ਿਆਦਾ ਗੁੱਸਾ ਚੜ੍ਹ ਗਿਆ। ਉਨ੍ਹਾਂ ਨੇ ਗੁਰੂ ਜੀ ਨੂੰ ਡਰਾਉਣ-ਧਮਕਾਉਣ ਲਈ ਭਾਂਤ-ਭਾਂਤ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪਰ ਗੁਰੂ ਜੀ ਉੱਪਰ ਉਨ੍ਹਾਂ ਦਾ ਕੋਈ ਅਸਰ ਨਾ ਹੋਇਆ। ਹਾਰ ਕੇ ਜੋਗੀਆਂ ਨੇ ਕਿਹਾ ਕਿ ਜੇ ਉਹ ਇਤਨਾ ਹੀ ਵੱਡਾ ਪੀਰ ਹੈ ਤਾਂ ਕੋਈ ਕਰਾਮਾਤ ਦਿਖਾਵੇ। ਇਸ ’ਤੇ ਗੁਰੂ ਜੀ ਨੇ ਕਿਹਾ ਕਿ ਉਨ੍ਹਾਂ ਪਾਸ ਵਾਹਿਗੁਰੂ ਦੇ ਨਾਮ-ਸਿਮਰਨ ਦੀ ਹੀ ਤਾਕਤ ਹੈ, ਹੋਰ ਕੁਝ ਨਹੀਂ। ਵਾਹਿਗੁਰੂ ਦੇ ਸੱਚੇ ਸਿਮਰਨ ਤੋਂ ਬਿਨਾਂ ਬਾਕੀ ਸਭ ਬੇਕਾਰ ਹੈ। ਇਸ ਤਰ੍ਹਾਂ ਉਨ੍ਹਾਂ ਜੋਗੀਆਂ ਨੂੰ ਸਤਿ ਨਾਮੁ ਦਾ ਉਪਦੇਸ਼ ਦਿੱਤਾ ਅਤੇ ਉਥੋਂ ਗੁਰੂ ਜੀ ਮੁਲਤਾਨ ਚਲੇ ਗਏ। ਮੁਲਤਾਨ ਪਹੁੰਚਣ ’ਤੇ ਉਥੋਂ ਦੇ ਪੀਰਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੁੱਧ ਨਾਲ ਪਹਿਲੋਂ ਭਰੇ ਕਟੋਰੇ ਵਿਚ ਹੋਰ ਦੁੱਧ ਨਹੀਂ ਸਮਾ ਸਕਦਾ, ਉਸੇ ਤਰ੍ਹਾਂ ਮੁਲਤਾਨ ਵਿਚ ਤਾਂ ਪਹਿਲਾਂ ਹੀ ਬਹੁਤ ਪੀਰ-ਫ਼ਕੀਰ ਹਨ ਇਸ ਕਰਕੇ ਉਨ੍ਹਾਂ ਦਾ ਇਥੇ ਆ ਕੇ ਪ੍ਰਚਾਰ ਕਰਨਾ ਠੀਕ ਨਹੀਂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ ਕਿ ਜਿਵੇਂ ਦੁੱਧ ਦੇ ਭਰੇ ਕਟੋਰੇ ਵਿਚ ਚੰਬੇਲੀ ਦਾ ਫੁੱਲ ਬੜੇ ਅਰਾਮ ਨਾਲ ਟਿਕ ਸਕਦਾ ਹੈ ਅਤੇ ਜਿਵੇਂ ਸਾਗਰ ਵਿਚ ਗੰਗਾ ਸ਼ਾਮਲ ਹੋ ਕੇ ਸਮਾ ਜਾਂਦੀ ਹੈ ਉਸੇ ਤਰ੍ਹਾਂ ਉਹ ਵੀ ਇਥੋਂ ਦੇ ਪੀਰਾਂ-ਫ਼ਕੀਰਾਂ ਵਿਚ ਸਮਾ ਸਕਣਗੇ। ਮੁਲਤਾਨ ਦੇ ਪੀਰਾਂ ਨਾਲ ਅਜਿਹੀਆਂ ਗੋਸ਼ਟਾਂ ਕਰਦੇ ਹੋਏ ਗੁਰੂ ਜੀ ਵਾਪਸ ਕਰਤਾਰਪੁਰ ਨੂੰ ਆ ਗਏ। ਇਥੇ ਉਨ੍ਹਾਂ ਨੇ ਭਾਈ ਲਹਿਣਾ ਜੀ ਨੂੰ ਆਪਣਾ ਅਗਲਾ ਉਤਰਾਧਿਕਾਰੀ ਥਾਪਿਆ ਅਤੇ ਆਪ 8 ਅੱਸੂ, ਸੰਮਤ 1596 ਬਿ. ਮੁਤਾਬਕ 7 ਸਤੰਬਰ, 1539 ਈ. 8 ਅੱਸੂ ਸੰਮਤ ਨਾਨਕਸ਼ਾਹੀ 71 ਵਿਚ ਜੋਤੀ-ਜੋਤਿ ਸਮਾ ਗਏ।
ਲੇਖਕ ਬਾਰੇ
ਡਾ. ਸੁਖਦਿਆਲ ਸਿੰਘ ਉੱਘੇ ਸਿੱਖ ਇਤਿਹਾਸਕਾਰ ਹਨ। ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਮੁਖੀ ਪ੍ਰਫੈਸਰ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਡਾ. ਸਾਹਿਬ ਨੇ ਪੰਜਾਬ ਦੇ ਇਤਿਹਾਸ ਤੇ ਸਿੱਖ ਇਤਿਹਾਸ ਨਾਲ ਸਬੰਧਤ ਖੋਜ ਭਰਪੂਰ ਕਿਤਾਬਾਂ ਪਾਠਕਾਂ ਦੀ ਝੋਲੀ ਪਾਈਆਂ ਹਨ ਅਤੇ ਲਗਾਤਾਰ ਖੋਜ ਕਾਰਜਾਂ ਵਿੱਚ ਪਾਉਂਦੇ ਆ ਰਹੇ ਹਨ।
- ਡਾ. ਸੁਖਦਿਆਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b8%e0%a9%81%e0%a8%96%e0%a8%a6%e0%a8%bf%e0%a8%86%e0%a8%b2-%e0%a8%b8%e0%a8%bf%e0%a9%b0%e0%a8%98/July 1, 2007
- ਡਾ. ਸੁਖਦਿਆਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b8%e0%a9%81%e0%a8%96%e0%a8%a6%e0%a8%bf%e0%a8%86%e0%a8%b2-%e0%a8%b8%e0%a8%bf%e0%a9%b0%e0%a8%98/April 1, 2008