editor@sikharchives.org
Sri Guru Angad Dev Ji

ਸ੍ਰੀ ਗੁਰੂ ਅੰਗਦ ਦੇਵ ਜੀ-ਸ਼ਖ਼ਸੀਅਤ, ਜੀਵਨ ਤੇ ਰਚਨਾ

ਸ੍ਰੀ ਗੁਰੂ ਅੰਗਦ ਦੇਵ ਜੀ ਦੀ ਉਸਤਤਿ ਕਰਦਿਆਂ ਭੱਟ ਬਾਣੀਕਾਰ ਕਹਿ ਉੱਠੇ ਸਨ ਕਿ ਹਰੀ-ਰੂਪ ਜਗਤ ਦੇ ਗੁਰੂ ਨੂੰ ਪਰਸ ਕੇ ਲਹਿਣਾ ਜੀ ਦੀ ਸ਼ੋਭਾ ਸਾਰੇ ਸੰਸਾਰ ਵਿਚ ਫੈਲ ਰਹੀ ਹੈ ਅਤੇ ਬਾਬਾ ਫੇਰੂ ਜੀ ਦੇ ਸਪੁੱਤਰ, ਲਹਿਣਾ ਜੀ ਜਗਤ ਦੇ ਗੁਰੂ ਬਣ ਕੇ ਰਾਜ ਜੋਗ ਮਾਣਦੇ ਹਨ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਅੰਗਦ ਦੇਵ ਜੀ ਨੂੰ (ਅਕਾਲ ਰੂਪ) ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਸਦਕਾ ਸੇਵਕ ਤੋਂ ਗੁਰੂ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਵਾਸਤਵ ਵਿਚ ਇਹ ਆਤਮਿਕ ਵਿਰਸਾ (spiritual succession) ਸੀ ਜਿਸ ਨੂੰ ਪ੍ਰਾਪਤ ਕਰ ਕੇ ਇਕ ਸੇਵਕ ਨੇ ਗੁਰੂ ਵਾਲਾ ਦਰਜਾ ਹਾਸਲ ਕਰ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੇਠ ਲਿਖੇ ਗੁਰ-ਸ਼ਬਦ ਭਾਈ ਲਹਿਣਾ ਜੀ ਵੱਲੋਂ ਆਪਣੇ ਮਾਲਕ ਦੀ ਰਜ਼ਾ ਵਿਚ ਰਾਜ਼ੀ ਰਹਿ ਕੇ ਘਾਲ-ਕਮਾਈ ਕਰਨ ਅਤੇ ਪ੍ਰਭੂ ਦੀ ਦਰਗਾਹ ਵਿਚ ਕਬੂਲ ਹੋ ਕੇ ਗੁਰਗੱਦੀ ਦੇ ਵਾਰਸ ਬਣਨ ਤਕ ਦੇ ਸਮੁੱਚੇ ਘਟਨਾ-ਕ੍ਰਮ ਨੂੰ ਬਾਖ਼ੂਬੀ ਦਰਸਾਉਂਦੇ ਹਨ:

ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ॥
ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ॥
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ॥
ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ॥
ਤਾ ਦਰਗਹ ਪੈਧਾ ਜਾਇਸੀ॥ (ਪੰਨਾ 471)

ਸ੍ਰੀ ਗੁਰੂ ਅੰਗਦ ਦੇਵ ਜੀ ਦੀ ਉਸਤਤਿ ਕਰਦਿਆਂ ਭੱਟ ਬਾਣੀਕਾਰ ਕਹਿ ਉੱਠੇ ਸਨ ਕਿ ਹਰੀ-ਰੂਪ ਜਗਤ ਦੇ ਗੁਰੂ ਨੂੰ ਪਰਸ ਕੇ ਲਹਿਣਾ ਜੀ ਦੀ ਸ਼ੋਭਾ ਸਾਰੇ ਸੰਸਾਰ ਵਿਚ ਫੈਲ ਰਹੀ ਹੈ ਅਤੇ ਬਾਬਾ ਫੇਰੂ ਜੀ ਦੇ ਸਪੁੱਤਰ, ਲਹਿਣਾ ਜੀ ਜਗਤ ਦੇ ਗੁਰੂ ਬਣ ਕੇ ਰਾਜ ਜੋਗ ਮਾਣਦੇ ਹਨ:

ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ॥…

ਗੁਰੁ ਜਗਤ ਫਿਰਣ ਸੀਹ ਅੰਗਰਉ ਰਾਜੁ ਜੋਗੁ ਲਹਣਾ ਕਰੈ॥ (ਪੰਨਾ 1391)

ਜੀਵਨ

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਦਾ ਅਧਿਐਨ ਅਸੀਂ ਦੋ ਪੜਾਵਾਂ ਵਿਚ ਕਰਦੇ ਹਾਂ। ਪਹਿਲੇ ਪੜਾਅ ਵਿਚ- ਜਨਮ, ਮਾਤਾ-ਪਿਤਾ, ਵਿਆਹ, ਔਲਾਦ, ਗੁਰੂ ਮਿਲਾਪ ਦੀ ਤਾਂਘ ਤੇ ਗੁਰੂ ਮਿਲਾਪ, ਗੁਰੂ ਸੇਵਾ ਤੇ ਪ੍ਰੀਖਿਆਵਾਂ ਅਤੇ ਗੁਰਿਆਈ ਦੀ ਪ੍ਰਾਪਤੀ ਅਤੇ ਦੂਸਰੇ ਪੜਾਅ ਵਿਚ- ਗੁਰਗੱਦੀ ਪ੍ਰਾਪਤੀ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਸਿੱਖ ਧਰਮ ਦੇ ਵਿਕਾਸ ਵਿਚ ਪਾਏ ਗਏ ਯੋਗਦਾਨ ਦਾ ਸੰਖੇਪ ਵਰਣਨ ਕਰਨਾ ਹੈ।

ਪਹਿਲਾ ਪੜਾਅ: ਆਪ ਜੀ ਦਾ ਪਹਿਲਾ ਨਾਂ ਭਾਈ ਲਹਿਣਾ ਜੀ ਸੀ। ਭਾਈ ਲਹਿਣਾ ਜੀ ਦਾ ਜਨਮ ਮਾਤਾ ਦਇਆ ਕੌਰ (ਸਭਰਾਈ) ਜੀ ਦੀ ਕੁੱਖੋਂ, ਮੱਤੇ ਦੀ ਸਰਾਂ, ਜ਼ਿਲ੍ਹਾ ਫਿਰੋਜ਼ਪੁਰ ਬਾਬਾ ਫੇਰੂ ਜੀ ਦੇ ਗ੍ਰਹਿ ਵਿਖੇ, 5 ਵੈਸਾਖ ਸੰਮਤ ਨਾਨਕਸ਼ਾਹੀ 36 ਅਨੁਸਾਰ 31 ਮਾਰਚ 1504 ਈ. ਨੂੰ ਹੋਇਆ।1 ਆਪ ਜੀ ਦੇ ਮਾਤਾ ਜੀ ਧਾਰਮਿਕ ਵਿਚਾਰਾਂ ਵਾਲੇ ਸਨ। ਬਾਬਾ ਫੇਰੂ ਮੱਲ ਜੀ ਸਾਧਾਰਨ ਵਪਾਰੀ ਸਨ ਜੋ ਕਾਰ-ਵਿਹਾਰ ਵਿਚ ਸੁੱਚੇ ਵਤੀਰੇ ਤੇ ਨਿੱਘੇ ਮਿਲਾਪੜੇ ਸੁਭਾਅ ਦੇ ਮਾਲਕ ਸਨ। ਉਹ ਧਾਰਮਿਕ ਰੁਚੀਆਂ ਵਾਲੇ ਹੋਣ ਕਰਕੇ ਹਰ ਸਾਲ ਦੇਵੀ-ਭਗਤਾਂ ਦਾ ਜਥਾ ਲੈ ਕੇ ਦੇਵੀ ਦੇ ਦਰਸ਼ਨਾਂ ਲਈ ਜਾਇਆ ਕਰਦੇ ਸਨ। ਮਾਤਾ-ਪਿਤਾ ਦੇ ਧਾਰਮਿਕ ਸੰਸਕਾਰਾਂ ਦਾ ਪ੍ਰਭਾਵ ਭਾਈ ਲਹਿਣਾ ਜੀ ’ਤੇ ਵੀ ਪਿਆ।

ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਬਾਬਰ ਦੇ ਹਮਲਿਆਂ ਸਮੇਂ ਮੱਤੇ ਦੀ ਸਰਾਂ ਦੇ ਉਜੜਨ ਕਰਕੇ ਆਪ ਦੇ ਪਿਤਾ ਜੀ ਪਰਵਾਰ ਸਮੇਤ ਆਪਣੀ ਧਰਮ ਭੈਣ ਬੀਬੀ ਵਿਰਾਈ (ਜਾਂ ਵਿਰਾਹੀ) ਜੀ ਦੇ ਪਿੰਡ ਖਡੂਰ ਆ ਟਿਕੇ। ਇੱਥੇ ਹੀ ਭਾਈ ਲਹਿਣਾ ਜੀ ਦਾ ਵਿਆਹ 1519 ਈ. ਵਿਚ ਸੰਘਰ ਪਿੰਡ ਦੇ ਵਸਨੀਕ ਸ੍ਰੀ ਦੇਵੀ ਚੰਦ ਜੀ ਦੀ ਸਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ। ਬੀਬੀ ਖੀਵੀ ਜੀ ਦੀ ਪਾਵਨ ਕੁੱਖ ਤੋਂ ਦੋ ਪੁੱਤਰ- ਭਾਈ ਦਾਸੂ ਜੀ ਤੇ ਭਾਈ ਦਾਤੂ ਜੀ ਹੋਏ ਅਤੇ ਦੋ ਪੁੱਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਪੈਦਾ ਹੋਈਆਂ।

ਭਾਈ ਲਹਿਣਾ ਜੀ ਆਪਣੇ ਪਿਤਾ (ਬਾਬਾ ਫੇਰੂ ਮੱਲ ਜੀ) ਵਾਂਗ ਹਰ ਸਾਲ ਦੇਵੀ ਭਗਤਾਂ ਦੇ ਸੰਗ ਦੇ ਮੁਖੀ ਬਣ ਕੇ ਦੇਵੀ ਦਰਸ਼ਨਾਂ ਲਈ ਜਾਇਆ ਕਰਦੇ ਸਨ ਪਰ ਆਪ ਦਾ ਮਨ ਬਹੁਤ ਉਚਾਟ ਰਹਿੰਦਾ ਸੀ। ਇਸੇ ਦੌਰਾਨ ਇਕ ਦਿਨ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਸਿੱਖ ਭਾਈ ਜੋਧਾ ਜੀ ਤੋਂ ਗੁਰੂ ਜੀ ਦੀ ਬਾਣੀ ਸੁਣੀ ਤਾਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਦੇ ਧੁਰ-ਅੰਦਰ ਧੂਹ ਜਹੀ ਪਈ, ਮਨ ਖੇੜੇ ਵਿਚ ਆ ਗਿਆ ਤੇ ਅਕਹਿ ਸ਼ਾਂਤੀ ਮਿਲੀ। ਭਾਈ ਜੋਧਾ ਜੀ ਨੂੰ ਪੁੱਛਣ ’ਤੇ ਪਤਾ ਲੱਗਾ ਕਿ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ ਜੋ ਕਰਤਾਰਪੁਰ ਵਿਖੇ ਨਿਵਾਸ ਕਰਦੇ ਹਨ ਅਤੇ ਲੋਕਾਂ ਨੂੰ ਸੱਚ ਦਾ ਰਸਤਾ ਵਿਖਾ ਰਹੇ ਹਨ। ਉਸੇ ਸਮੇਂ ਤੋਂ ਭਾਈ ਲਹਿਣਾ ਜੀ ਦੇ ਦਿਲ ਵਿਚ ਗੁਰੂ-ਦਰਸ਼ਨਾਂ ਲਈ ਤੀਬਰ ਤਾਂਘ ਪੈਦਾ ਹੋ ਗਈ।

ਉਸੇ ਸਾਲ ਦੇਵੀ ਦੀ ਯਾਤਰਾ ਲਈ ਜਾਂਦੇ ਹੋਏ ਕਰਤਾਰਪੁਰ ਪਹੁੰਚ ਗਏ। ਭਾਈ ਲਹਿਣਾ ਜੀ ਨੇ ਕਰਤਾਰਪੁਰ ਪਹੁੰਚ ਕੇ ਦੇਵੀ-ਭਗਤਾਂ ਦਾ ਡੇਰਾ ਬਾਹਰਵਾਰ ਲਵਾ ਦਿੱਤਾ ਤੇ ਆਪ ਘੋੜੀ ’ਤੇ ਸਵਾਰ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਤੁਰ ਪਏ। ਰਸਤੇ ਵਿਚ ਹੀ (ਆਮ ਪਹਿਰਾਵੇ ਵਿਚ) ਸ੍ਰੀ ਗੁਰੂ ਨਾਨਕ ਦੇਵ ਜੀ ਮਿਲੇ। ਉਨ੍ਹਾਂ ਤੋਂ ਗੁਰੂ ਜੀ ਦੇ ਨਿਵਾਸ ਬਾਰੇ ਪੁੱਛਿਆ। ਗੁਰੂ ਜੀ ਨੇ ਮੁਸਕਰਾ ਕੇ ਕਿਹਾ, “ਪੁਰਖਾ! ਮੇਰੇ ਮਗਰ-ਮਗਰ ਘੋੜੀ ਲਈ ਆ, ਮੈਂ ਵੀ ਉਧਰ ਹੀ ਜਾਣਾ ਹੈ।” ਧਰਮਸਾਲ ਪਹੁੰਚ ਕੇ ਭਾਈ ਲਹਿਣਾ ਜੀ ਨੂੰ ਆਖਿਆ, “ਘੋੜੀ ਕਿੱਲੇ ਨਾਲ ਬੰਨ੍ਹ ਕੇ ਇਸ ਦਰਵਾਜ਼ੇ ਰਾਹੀਂ ਅੰਦਰ ਲੰਘ ਆ।” ਇਹ ਕਹਿ ਕੇ ਗੁਰੂ ਜੀ ਦੂਜੇ ਦਰਵਾਜ਼ੇ ਰਾਹੀਂ ਅੰਦਰ ਆ ਕੇ ਆਸਣ ’ਤੇ ਬੈਠ ਗਏ। ਸ੍ਰੀ ਲਹਿਣਾ ਜੀ ਨੇ ਜਦੋਂ ਅੰਦਰ ਆ ਕੇ ਮੱਥਾ ਟੇਕ ਕੇ ਉਤਾਂਹ ਵੇਖਿਆ ਤਾਂ ਹੈਰਾਨ ਹੀ ਨਹੀਂ ਸ਼ਰਮਸਾਰ ਵੀ ਹੋ ਗਏ ਕਿ ਗੁਰੂ ਮੇਰੇ ਅੱਗੇ ਅੱਗੇ ਪੈਦਲ ਤੁਰ ਰਹੇ ਸਨ ਤੇ ਮੈਂ ਘੋੜੀ ’ਤੇ ਚੜ੍ਹਿਆ ਹੋਇਆ ਸੀ। ਇਸ ਭੁੱਲ ਲਈ ਭਾਈ ਲਹਿਣਾ ਜੀ ਨੇ ਗੁਰੂ ਜੀ ਤੋਂ ਮਾਫ਼ੀ ਮੰਗੀ ਪਰ ਦਿਆਲਤਾ ਦੇ ਪੁੰਜ ਗੁਰੂ ਜੀ ਨੇ ਉਨ੍ਹਾਂ ਦੇ ਸਿਰ ’ਤੇ ਹੱਥ ਫੇਰਿਆ ਤੇ ਦਿਲਾਸਾ ਦਿੱਤਾ।

ਗੁਰੂ ਜੀ ਦੇ ਦਰਸ਼ਨ ਕਰ ਕੇ ਤੇ ਸੁੰਦਰ ਉਪਦੇਸ਼ ਸੁਣ ਕੇ ਆਪ ਜੀ ਦਾ ਹਿਰਦਾ ਅਜਿਹਾ ਸ਼ਾਂਤ ਤੇ ਪ੍ਰਸੰਨ ਹੋਇਆ ਕਿ ਦੇਵੀ ਦਰਸ਼ਨਾਂ ’ਤੇ ਜਾਣ ਦਾ ਵਿਚਾਰ ਤਿਆਗ ਦਿੱਤਾ। ਆਪ ਜੀ ਨੇ ਅਨੁਭਵ ਕੀਤਾ ਕਿ ਪੂਰਨ ਸਤਿਗੁਰੂ ਦੀ ਪ੍ਰਾਪਤੀ ਹੋ ਗਈ ਹੈ ਤੇ ਪੱਕਾ ਟਿਕਾਣਾ ਲੱਭ ਗਿਆ ਹੈ। ਉਨ੍ਹਾਂ ਨੂੰ ਨਿਸਚਾ ਹੋ ਗਿਆ ਕਿ ਜੋ ਕੁਝ ਇਸ ਦਰ ਤੋਂ ਮਿਲ ਸਕਦਾ ਹੈ, ਉਸੇ ਦੀ ਹੀ ਉਨ੍ਹਾਂ ਨੂੰ ਲੋੜ ਸੀ। ਉਨ੍ਹਾਂ ਨੇ ਆਪ ਕਰਤਾਰਪੁਰ ਰਹਿਣ ਦਾ ਫੈਸਲਾ ਕਰ ਲਿਆ ਤੇ ਨਾਲ ਦੇ ਦੇਵੀ ਭਗਤਾਂ ਨੂੰ ਜਾਣ ਦੀ ਆਗਿਆ ਦੇ ਦਿੱਤੀ। ਇਸ ਤਰ੍ਹਾਂ ਭਾਈ ਲਹਿਣਾ ਜੀ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਇਕ ਯਾਦਗਾਰੀ ਘਟਨਾ ਬਣ ਗਈ ਹੈ। ਕੁਝ ਦਿਨਾਂ ਬਾਅਦ ਆਪ ਜੀ ਗੁਰੂ ਜੀ ਦੇ ਹੁਕਮ ਕਰਨ ’ਤੇ ਸੰਘਰ-ਖਡੂਰ ਗਏ ਪਰ ਸਾਰਾ ਕੰਮ-ਕਾਜ ਭਣੇਵੇਂ ਨੂੰ ਸੌਂਪ ਦਿੱਤਾ। ਪ੍ਰਿੰ. ਸਤਿਬੀਰ ਸਿੰਘ ਨੇ ‘ਮਹਿਮਾ ਪ੍ਰਕਾਸ਼’ ਦੇ ਹਵਾਲੇ ਨਾਲ ਲਿਖਿਆ ਹੈ:

‘ਘਰ ਕਾ ਕਾਰਜ ਬਾਰ ਸਭ ਬਿਲਾ ਬੰਦ ਕੀਆ। ਚਿੱਤ ਇਕਾਗਰ ਕਰ ਕੇ ਚਟਾਈ ਅਰ ਲੋਣ ਕੀ ਪੋਟ ਬਾਂਧ ਕਰ ਸਾਥ ਲੀਆ। ਬਾਬਾ ਜੀ ਕੇ ਦਰ ਪੁਰ ਚਲੇ।’2

ਕਰਤਾਰਪੁਰ ਪਹੁੰਚ ਕੇ ਲਿਆਂਦਾ ਹੋਇਆ ਲੂਣ ਲੰਗਰ ਵਿਚ ਭੇਟ ਕਰ ਕੇ ਖੇਤਾਂ ਵਿਚ ਚਲੇ ਗਏ। ਮਾਤਾ ਸੁਲੱਖਣੀ ਜੀ ਨੇ ਭਾਈ ਲਹਿਣਾ ਜੀ ਨੂੰ ਆਰਾਮ ਕਰਨ ਲਈ ਕਿਹਾ ਪਰ ਪਿਆਰੇ ਦੇ ਦਰਸ਼ਨਾਂ ਦੀ ਤਾਂਘ ਵਾਲੇ ਕਦੋਂ ਆਰਾਮ ਕਰਦੇ ਨੇ? ਭਾਈ ਲਹਿਣਾ ਜੀ ਨੇ ਖੇਤਾਂ ਵਿਚ ਪਹੁੰਚ ਕੇ ਸਤਿਗੁਰਾਂ ਦੇ ਪਵਿੱਤਰ ਦੀਦਾਰ ਕੀਤੇ ਜੋ ਨਦੀਨ ਕੱਢ ਰਹੇ ਸਨ। ਆਪ ਵੀ ਨਾਲ ਲੱਗ ਪਏ। ਘਾਹ ਦੀ ਪੰਡ ਤਿਆਰ ਹੋ ਗਈ। ਭਾਈ ਲਹਿਣਾ ਜੀ ਨੇ ਸਿਰ ’ਤੇ ਚੁੱਕ ਲਈ ਤੇ ਘਰ ਪਹੁੰਚ ਗਏ। ਭਾਈ ਲਹਿਣਾ ਜੀ ਨੂੰ ਵੇਖ ਕੇ ਮਾਤਾ ਸੁਲੱਖਣੀ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਭਾਈ ਲਹਿਣਾ ਜੀ ਤਾਂ ਆਪ ਜੀ ਨੂੰ ਮਿਲਣ ਵਾਸਤੇ ਆਏ ਸਨ, ਇਨ੍ਹਾਂ ਨੂੰ ਕਿਉਂ ਚਿੱਕੜ ਵਾਲਾ ਘਾਹ ਚੁਕਾਇਆ ਹੈ। ਇਨ੍ਹਾਂ ਦੇ ਬਸਤਰ ਚਿੱਕੜ ਨਾਲ ਭਿੱਜ ਗਏ ਹਨ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਕਿ ਇਨ੍ਹਾਂ ਦੇ ਸਿਰ ਘਾਹ ਦੀ ਪੰਡ ਨਹੀਂ, ਦੀਨ ਦੁਨੀਆਂ ਦਾ ਛਤ੍ਰ ਦਿੱਤਾ ਹੈ। ਇਹ ਚਿੱਕੜ ਦੇ ਛਿੱਟੇ ਨਹੀਂ, ਕੇਸਰ ਦੇ ਹਨ ਜੋ ਅਕਾਲ ਪੁਰਖ ਦੀ ਦਰਗਾਹ ਤੋਂ ਪ੍ਰਵਾਨ ਹੋ ਕੇ ਆਏ ਹਨ। ਇਹ ਵੱਡਾ ਭਾਗਵਾਨ ਪੁਰਖ ਹੈ। ਗੁਰੂ ਜੀ ਦੀ ਇਸ ਗੱਲ ਵਿਚ ਗੁੱਝਾ ਭੇਦ ਸੀ। ‘ਮਹਿਮਾ ਪ੍ਰਕਾਸ਼’ ਦੇ ਲੇਖਕ ਅਨੁਸਾਰ:

ਮੈਂ ਦੀਨ ਦੁਨੀ ਕਾ ਛਤਰ ਸਿਰਧਾਰਾ।
ਵਹ ਕੀਚ ਜਲ ਨਹੀਂ ਕੇਸਰ ਸਿਰ ਡਾਰਾ।
ਇਹ ਲਹਨ, ਮੈਂ ਇਸ ਕੋ ਦੇਨਾ।
ਕਹੋਂ ਸਤ, ਮਿਥਿਆ ਨਹੀਂ ਬੇਨਾ।
ਇਨ ਕੀ ਮੋ ਸੋ ਹੈ ਬਿਧ ਬਨੀ।
ਮੇਰੇ ਰਾਜ ਕੋ ਆਇਓ ਧਨੀ। (ਸਾਖੀ 51, ਗੁਰੂ ਨਾਨਕ ਦੇਵ ਜੀ ਕੇ ਮਿਲਾਪ ਕੀ)3

ਭਾਈ ਲਹਿਣਾ ਜੀ ਕਰਤਾਰਪੁਰ ਵਿਚ ਗੁਰੂ ਚਰਨਾਂ ਵਿਚ ਟਿਕ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਆਪ ਸਮਰਪਤ ਕਰ ਕੇ ਪੂਰੀ ਲਗਨ ਨਾਲ ਗੁਰ- ਸੇਵਾ ਵਿਚ ਜੁੜ ਗਏ। ਭਾਈ ਲਹਿਣਾ ਜੀ ਨੇ ਸੱਤ ਸਾਲ ਕਰਤਾਰਪੁਰ ਰਹਿ ਕੇ ਸੱਚੇ ਸੇਵਕ ਤੇ ਚਾਕਰ ਵਾਂਗ ਗੁਰੂ ਘਰ ਦੀ ਨਿਸ਼ਕਾਮ ਸੇਵਾ ਕੀਤੀ। ਉਹ ਹਰ ਸਮੇਂ ਨਾਮ ਜਪਦੇ, ਕਿਰਤ ਕਰਦੇ ਤੇ ਗੁਰੂ ਜੀ ਦੀ ਆਗਿਆ ਦਾ ਪਾਲਣ ਕਰਨ ਲਈ ਤਿਆਰ ਰਹਿੰਦੇ ਸਨ। ਗੁਰੂ ਜੀ ਜੋ ਵੀ ਹੁਕਮ ਕਰਦੇ ਉਸ ਦੀ ‘ਸਤ ਬਚਨ’ ਕਹਿ ਕੇ ਚਾਅ ਨਾਲ ਪਾਲਣਾ ਕਰਦੇ ਹੋਏ ਆਪਣੇ ਧੰਨ ਭਾਗ ਸਮਝਦੇ ਸਨ। ਬਾਣੀਕਾਰ ਬਲਵੰਡ ਜੀ ਦੇ ਸ਼ਬਦਾਂ ਵਿਚ ਆਪ ਜੀ ਨੇ ਮਰਦਾਂ ਵਾਲੀ ਘਾਲ ਘਾਲੀ ਤਾਂ ਆਪਣੇ ਮਾਲਕ (ਸ੍ਰੀ ਗੁਰੂ ਨਾਨਕ ਦੇਵ ਜੀ) ਦੇ ਦਰ ਕਬੂਲ ਹੋਏ:

ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ॥   (ਪੰਨਾ 967)

ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜੀਵਨ ‘ਹੁਕਮਿ ਮੰਨਿਐ’ ਸਿਧਾਂਤ ਦੀ ਜਿਉਂਦੀ- ਜਾਗਦੀ ਇਤਿਹਾਸਿਕ ਗਵਾਹੀ ਹੈ ਜਿਨ੍ਹਾਂ ਨੇ ਸੱਚੇ ਸੇਵਕ ਤੇ ਚਾਕਰ ਵਾਂਗ ਬਿਨਾਂ ਹੀਲ-ਹੁੱਜਤ ਕੀਤਿਆਂ ਗੁਰੂ ਦੇ ਹੁਕਮਾਂ ਨੂੰ ਸਿਰ-ਮੱਥੇ ਮੰਨਿਆ ਤੇ ਨਿਸ਼ਕਾਮ ਸੇਵਾ ਕੀਤੀ। ਆਪਾ-ਭਾਵ ਗਵਾ ਕੇ ਕੀਤੀ ਸੇਵਾ ਦਾ ਫਲ ਇਹ ਹੋਇਆ ਕਿ ਆਪ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ। ਪਰ ਭਾਈ ਲਹਿਣਾ ਜੀ ਨੂੰ ਗੁਰੂ-ਸੇਵਾ ਦੌਰਾਨ ਸਤਿਗੁਰੂ ਦੀ ਕਿਰਪਾ ਹਾਸਲ ਕਰਨ ਲਈ ਕਈ ਕਰੜੀਆਂ ਪ੍ਰੀਖਿਆਵਾਂ ਵਿੱਚੋਂ ਲੰਘਣਾ ਪਿਆ। ਇਨ੍ਹਾਂ ਪ੍ਰੀਖਿਆਵਾਂ ਸੰਬੰਧੀ ਅਨੇਕਾਂ ਸਾਖੀਆਂ ਸਿੱਖ ਇਤਿਹਾਸ ਵਿਚ ਪ੍ਰਚਲਿਤ ਹਨ। ਇਨ੍ਹਾਂ ਵਿੱਚੋਂ ਕੁਝ ਸਾਖੀਆਂ ਨੂੰ ਵਿਚਾਰਦੇ ਹਾਂ ਤੇ ਉਨ੍ਹਾਂ ਵਿਚ ਛੁਪੇ ਗੁਰਮਤਿ ਦੇ ਗੁੱਝੇ ਰਾਜ਼ ਨੂੰ ਵੀ ਸਮਝਣ ਦਾ ਯਤਨ ਕਰਦੇ ਹਾਂ:

ਪਹਿਲੀ ਸਾਖੀ (ਜਿਸ ਦਾ ਜ਼ਿਕਰ ਪਹਿਲਾਂ ਕਰ ਚੁੱਕੇ ਹਾਂ) ਇਸ ਤਰ੍ਹਾਂ ਬਿਆਨ ਕੀਤੀ ਜਾਂਦੀ ਹੈ ਕਿ ਭਾਈ ਲਹਿਣਾ ਜੀ ਨੇ ਚਿੱਕੜ ਭਰੀ ਘਾਹ ਦੀ ਪੰਡ ਬਿਨਾਂ ਨਾਂਹ- ਨੁੱਕਰ ਕੀਤਿਆਂ ਸਿਰ ’ਤੇ ਚੁੱਕ ਕੇ ਲਿਆਂਦੀ। ਇਸ ਸਾਖੀ ਦੁਆਰਾ ਕਿਰਤ ਕਰਨ ਦੇ ਸਿਧਾਂਤ ਨੂੰ ਦਰਸਾਇਆ ਗਿਆ ਹੈ। ਗੁਰੂ ਜੀ ਕਿਰਤ ਕਰਨ ਨੂੰ ਕੇਸਰ ਦੀ ਖੁਸ਼ਬੂ ਤੇ ਰੰਗਣ ਨਾਲ ਤੁਲਨਾ ਦਿੰਦੇ ਹਨ। ਦੂਜੀ, ਗੰਦੇ ਪਾਣੀ ਵਿੱਚੋਂ ਕਟੋਰਾ ਕੱਢਣ ਵਾਲੀ ਸਾਖੀ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਇਕ ਵਾਰੀ ਇਕ ਕਟੋਰਾ ਗੰਦੇ ਟੋਏ ਵਿਚ ਡਿੱਗ ਪਿਆ। ਗੁਰੂ ਜੀ ਨੇ ਆਪਣੇ ਦੋਵਾਂ ਪੁੱਤਰਾਂ ਨੂੰ ਕਟੋਰਾ ਕੱਢਣ ਲਈ ਕਿਹਾ ਪਰ ਉਨ੍ਹਾਂ ਨੇ ਇਹ ਨੀਚਾਂ ਦੁਆਰਾ ਕਰਨ ਵਾਲਾ ਕੰਮ ਕਹਿ ਕੇ ਜਵਾਬ ਦੇ ਦਿੱਤਾ। ਜਦੋਂ ਭਾਈ ਲਹਿਣਾ ਜੀ ਨੂੰ ਹੁਕਮ ਹੋਇਆ ਤਾਂ ਉਹ ਕੱਢ ਲਿਆਏ। ਇਸ ਸਾਖੀ ਅਨੁਸਾਰ ਦਰਸਾਇਆ ਗਿਆ ਹੈ ਕਿ ਕੋਈ ਵੀ ਕੰਮ ਨੀਵਾਂ ਨਹੀਂ ਹੁੰਦਾ। ਤੀਜੀ, ਮੋਈ ਚੂਹੀ ਨੂੰ ਬਾਹਰ ਸੁੱਟਣ ਦੀ ਸਾਖੀ ਹੈ। ਜਦੋਂ ਪੁੱਤਰਾਂ ਨੇ ਇਨਕਾਰ ਕਰ ਦਿੱਤਾ ਤਾਂ ਭਾਈ ਲਹਿਣਾ ਜੀ ਨੇ ਚੁੱਕ ਕੇ ਸੁੱਟ ਦਿੱਤੀ। ਓਪਰੀ ਨਜ਼ਰੇ ਤਾਂ ਇਹ ਘਟਨਾਵਾਂ ਨਿੱਕੀਆਂ ਜਾਪਦੀਆਂ ਹਨ ਪਰ ਇਹ ਉਸ ਸਮੇਂ ਦੀਆਂ ਹਨ ਜਦੋਂ ਸਮਾਜ ਵਿਚ ਛੋਟੇ ਕੰਮ ਕਰਨ ਵਾਲਿਆਂ ਨੂੰ ਦੁਰਕਾਰਿਆ ਜਾਂਦਾ ਸੀ ਤੇ ਉਨ੍ਹਾਂ ਨਾਲ ਛੂਹ ਜਾਣ ’ਤੇ ਭਿੱਟ ਮੰਨੀ ਜਾਂਦੀ ਸੀ। ਆਪ ਜੀ ਗੁਰੂ ਜੀ ਦੀ ਕਸੌਟੀ ’ਤੇ ਪੂਰੇ ਉੱਤਰੇ ਤੇ ਊਚ-ਨੀਚ ਦਾ ਭੇਦ ਮਿਟਾਉਣ ਦੀ ਪ੍ਰੇਰਨਾ ਦਿੱਤੀ।

ਇਕ ਸਾਖੀ ਸਿਆਲ ਦੀ ਰੁੱਤ ਵਿਚ ਅੱਧੀ ਰਾਤ ਨੂੰ ਰਾਵੀ ਦਰਿਆ ਤੋਂ ਬਸਤਰ ਧੋ ਕੇ ਲਿਆਉਣ ਦੀ ਪ੍ਰਚਲਿਤ ਹੈ ਜਿਸ ਰਾਹੀਂ ਦੱਸਿਆ ਹੈ ਕਿ ਬਿਨਾਂ ਕਿੰਤੂ-ਪ੍ਰੰਤੂ ਕੀਤੇ ਹੁਕਮ ਦੀ ਪਾਲਣਾ ਕਰਨੀ ਸੇਵਕ ਦਾ ਫਰਜ਼ ਹੈ। ਪੰਜਵੀਂ ਸਾਖੀ ਠੰਢੀ ਰੁੱਤ ਵਿਚ ਢੱਠੀ ਕੰਧ ਦੀ ਬਾਰ-ਬਾਰ ਉਸਾਰੀ ਵਿਚ ਲੱਗੇ ਰਹਿਣ ਦੀ ਹੈ।‘ਹੁਕਮਿ ਮੰਨਿਐ ਹੋਵੈ ਪਰਵਾਣੁ’ ਦੇ ਸਿਧਾਂਤ ਨੂੰ ਉਜਾਗਰ ਕਰਦੀ ਹੈ। ਅਗਲੀ ਸਾਖੀ ਗੁਰੂ ਜੀ ਦੇ ਇਸ਼ਨਾਨ ਸਮੇਂ ਰਾਵੀ ਦੇ ਕੰਢੇ ਚਮਕਦੀ ਬਿਜਲੀ ਤੇ ਵਰ੍ਹਦੇ ਮੀਂਹ ਵਿਚ ਇਕੱਲੇ ਉਡੀਕ ਕਰਨ ਵਾਲੀ ਹੈ ਜਿਸ ਅਨੁਸਾਰ ਗੁਰੂ ਜੀ ਨੇ ਰਾਵੀ ਵਿਚ ਇਸ਼ਨਾਨ ਕਰਨ ਲਈ ਟੁੱਭੀ ਮਾਰੀ ਹੀ ਸੀ ਕਿ ਗੜੇ ਪੈਣ ਲੱਗ ਪਏ। ਸਾਰੇ ਦਰੱਖਤਾਂ ਦੇ ਓਹਲੇ ਹੋ ਗਏ ਪਰ ਭਾਈ ਲਹਿਣਾ ਜੀ ਉੱਥੇ ਖੜ੍ਹੇ ਗੁਰੂ ਜੀ ਦੇ ਨਿਕਲਣ ਦੀ ਉਡੀਕ ਕਰਦੇ ਰਹੇ। ਉਨ੍ਹਾਂ ਨੇ ਗੁਰੂ ਜੀ ਨੂੰ ਪੁੱਛਣ ’ਤੇ ਦੱਸਿਆ ਕਿ ਉਨ੍ਹਾਂ ਦਾ ਕਿਸੇ ਹੋਰ ਨਾਲ ਕੋਈ ਮਤਲਬ ਨਹੀਂ ਹੈ, ਕੇਵਲ ਗੁਰੂ ਨਾਲ ਹੈ। ਇਹ ਸਾਖੀ ਸਿੱਖ ਦੇ ਗੁਰੂ ਨਾਲ ਅਕਹਿ ਪਿਆਰ ਦਾ ਪ੍ਰਗਟਾਵਾ ਕਰਦੀ ਹੈ।

ਇਹ ਪ੍ਰੀਖਿਆ ਭਾਈ ਲਹਿਣਾ ਜੀ (ਸਿੱਖ) ਦੇ ਆਪਣੇ ਗੁਰੂ ’ਤੇ ਅਡੋਲ ਸਿਦਕ ਤੇ ਭਰੋਸੇ ਦੀ ਮਿਸਾਲ ਪੇਸ਼ ਕਰਦੀ ਹੈ। ਸਿੱਖ ਹਮੇਸ਼ਾਂ ਗੁਰੂ ਵਿਚ ਦ੍ਰਿੜ੍ਹ ਵਿਸ਼ਵਾਸ਼ ਰੱਖੇ ਕਿਉਂਕਿ ਸਭ ਕੁਝ ਗੁਰੂ ਦੇ ਭਾਣੇ ਵਿਚ ਹੋ ਰਿਹਾ ਹੈ।

ਆਖਰੀ ਪ੍ਰੀਖਿਆ ਗੁਰੂ ਜੀ ਦੇ ਧਾਣਕ (ਜੰਗਲੀਆਂ ਵਾਲਾ) ਰੂਪ ਧਾਰਨ ਸਮੇਂ ਵੀ ਭਾਈ ਲਹਿਣਾ ਜੀ ਦੇ ਸਾਥ ਨਾ ਛੱਡਣ ਤੇ ਮੁਰਦਾ ਖਾਣ ਦੇ ਹੁਕਮ ਨੂੰ ਸਿਰ-ਮੱਥੇ ਮੰਨਣ ਦੀ ਹੈ। ਇਸ ਸਮੇਂ ਭਾਈ ਲਹਿਣਾ ਜੀ ਦੀ ਸਖ਼ਤ ਪ੍ਰੀਖਿਆ ਸੀ ਜਿਸ ਵਿਚ ਸਫਲ ਹੋ ਕੇ ਆਪ ਗੁਰੂ-ਕਿਰਪਾ ਦੇ ਪਾਤਰ ਬਣ ਗਏ। ਸਿੱਖ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ “ਗੁਰੂ ਨਾਨਕ ਜੀ ਇਹ ਦੇਖ ਰਹੇ ਸਨ ਕਿ ਭਾਈ ਲਹਿਣਾ ਜੀ, ਜਿਨ੍ਹਾਂ ਦੇ ਜ਼ਿੰਮੇ ਸਮੁੱਚੀ ਮਨੁੱਖਤਾ ਦਾ ਕਲਿਆਣ ਕਰਨ ਦਾ ਕੰਮ ਸੌਂਪਣਾ ਹੈ, ਮਾਣਸ ਖਾਣਿਆਂ ਨਾਲ ਤਾਂ ਨਫ਼ਰਤ ਨਹੀਂ ਕਰਦੇ? ਸੋ ਇਕ ਦਿਨ ਨਵੀਂ ਭਿਆਨਕ ਸ਼ਕਲ ਬਣਾ ਕੇ, ਹੱਥ ਵਿਚ ਡੰਡਾ ਲੈ ਕੇ, ਮਸਾਣਾਂ ਵੱਲ ਗੁਰੂ ਜੀ ਚੱਲ ਪਏ। ਬਹੁਤ ਲੋਕ ਪਿੱਛੇ ਹੋ ਪਏ ਕਿ ਗੁਰੂ ਜੀ ਦਾ ਕੀ ਕੌਤਕ ਹੈ! ਗੁਰੂ ਜੀ ਨੇ ਦੇਖਿਆ ਕਿ ਸੰਗਤਾਂ ਨਹੀਂ ਹਟਦੀਆਂ ਤਾਂ ਪੈਸੇ ਸੁੱਟੇ। ਬਹੁਤ ਸਾਰੇ ਲੋਕੀਂ ਪੈਸੇ ਚੁੱਕਣ ਲੱਗ ਪਏ। ਫਿਰ ਆਪ ਜੀ ਨੇ ਰੁਪਏ ਸੁੱਟੇ। ਬਾਕੀਆਂ ਵਿੱਚੋਂ ਕੁਝ ਰੁਪਏ ਚੁੱਕਣ ਲੱਗ ਪਏ। ਆਪ ਜੀ ਨੇ ਫਿਰ ਮੋਤੀ ਸੁੱਟੇ। ਕੁਝ ਮੋਤੀ ਚੁੱਕਣ ਲੱਗ ਪਏ। ਆਪ ਨੇ ਫਿਰ ਹੀਰੇ ਸੁੱਟੇ। ਕੁਝ ਹੀਰੇ ਚੁੱਕਣ ਲੱਗ ਪਏ। ਜਦ ਫਿਰ ਕੁਝ ਲੋਕੀਂ ਪਿੱਛੇ ਆਉਂਦੇ ਦਿੱਸੇ ਤਾਂ ਆਪ ਜੀ ਨੇ ਕੁੱਤੇ ਛੱਡ ਦਿੱਤੇ। ਕੁੱਤਿਆਂ ਤੋਂ ਡਰਦੇ ਸਭ ਹੀ ਹਟ ਗਏ। ਆਖਰ ਇੱਕੋ ਭਾਈ ਲਹਿਣਾ ਜੀ ਹੀ ਰਹਿ ਗਏ। ਉਨ੍ਹਾਂ ਨੂੰ ਮੁਰਦਾ ਖਾਣ ਦਾ ਹੁਕਮ ਹੋਇਆ। ਭਾਈ ਲਹਿਣਾ ਜੀ ਖਾਣ ਲਈ ਤਿਆਰ ਹੋ ਗਏ। ਜਦ ਉਨ੍ਹਾਂ ਮੁਰਦੇ ਤੋਂ ਕੱਪੜਾ ਉਤਾਰਿਆ ਤਾਂ ਉਹ ਕੜਾਹ ਪ੍ਰਸ਼ਾਦ ਦਿੱਸਿਆ। ਭਾਈ ਲਹਿਣਾ ਜੀ ਵਿਚ ਸ਼ਕਤੀ ਆ ਗਈ ਸੀ ਕਿ ਉਹ ਮੁਰਦਿਆਂ ਨੂੰ ਜੀਵਨ-ਸ਼ਕਤੀ, ਮਿਠਾਸ ਤੇ ਸੁਗੰਧੀ ਦੇ ਸਕਦੇ ਸਨ:

ਸੇਤ ਸੋ ਬਸਤ੍ਰ ਉਤਾਰਾ ਜਬ ਹੀ।
ਤ੍ਰਿਹਾਵਲ ਪਿਖਹੀ ਤਬ ਹੀ। (ਮਹਿਮਾ ਪ੍ਰਕਾਸ਼)4

ਗੁਰੂ ਜੀ ਨੇ ਛਾਤੀ ਨਾਲ ਲਗਾਇਆ ਤੇ ਬਚਨ ਕੀਤੇ: ‘ਪੁਰਖਾ! ਤੁਝ ਮੰਨੇਗਾ ਸੋ ਮੁਝੇ ਮੰਨੇਗਾ, ਤਉ ਕਰ ਸੇਵੇਗਾ ਸੋ ਮੈ ਕਉ ਸੇਵੇਗਾ, ਤੂੰ-ਮੈਂ, ਮੈਂ-ਤੂੰ, ਤੁਮ ਹਮ ਕਊ ਭਿੰਨ ਜਾਨੇਗਾ, ਸੋ ਗੁਰੂ ਤੇ ਬਿਛਰਿਆ ਰਹੇਗਾ।’ (ਪਰਚੀਆਂ ਭਾਈ ਸੇਵਾ ਦਾਸ)5 ਗੁਰਗੱਦੀ ਦੀ ਪ੍ਰੀਖਿਆ ਕਰਨ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਸੇਵਾ ਭਾਵ’ ਤੇ ‘ਹੁਕਮ ਮੰਨਣ ਦੀ ਤੱਤਪਰਤਾ’ ਦੇ ਗੁਣ ਨੂੰ ਕਸਵੱਟੀ ਮੰਨਿਆ। ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਵਿਚ ਹੋਰ ਸਾਰੇ ਗੁਣ ਸਨ ਪਰ ਅਨਿੰਨ ਸੇਵਾ- ਭਾਵ ਤੇ ਆਗਿਆ ਪਾਲਣ ਦੀ ਘਾਟ ਸੀ ਜਿਸ ਕਾਰਨ ਪ੍ਰੀਖਿਆ ਵਿਚ ਫੇਲ੍ਹ ਹੋ ਗਏ। ਭਾਈ ਗੁਰਦਾਸ ਜੀ ਅਨੁਸਾਰ:

ਪੁਤਰੀਂ ਕਉਲੁ ਨ ਪਾਲਿਆ ਮਨਿ ਖੋਟੇ ਆਕੀ ਨਸਿਆਰਾ। (ਵਾਰ 1:38)

ਇਸ ਸੰਦਰਭ ਵਿਚ ਪ੍ਰੋ: ਜੋਗਿੰਦਰ ਸਿੰਘ ਲਿਖਦੇ ਹਨ, “ਗੁਰੂ ਸਿੱਖਿਆ ਦੇ ਪਾਂਧੀ ਤਾਂ ਉਸ ਵਕਤ ਕਈ ਹੋਣਗੇ…ਬਾਬਾ ਬੁੱਢਾ ਜੀ ਦਾ ਨਾਮ ਬੜਾ ਪ੍ਰਸਿੱਧ ਹੈ। ਹੋਰ ਵੀ ਅਨੇਕਾਂ ਆਤਮਾਵਾਂ ਸਿੱਖੀ ਜੀਵਨ ਵਿਚ ਢਲ ਰਹੀਆਂ ਹੋਣਗੀਆਂ। ਪਰ ਪ੍ਰਵਾਨ ਸ਼ਖ਼ਸੀਅਤ ਕੇਵਲ ਭਾਈ ਲਹਿਣਾ ਜੀ ਦੀ ਹੀ ਸੀ, ਜਿਹੜੀ ਪ੍ਰਤੱਖ ਤੌਰ ’ਤੇ ਲੋਕਾਂ ਦੇ ਸਾਹਮਣੇ ਆਈ।…” ਭਾਈ ਲਹਿਣਾ ਜੀ ਘਾਲ ਕਮਾਈ ਕਰਕੇ ‘ਲਹਿਣੇ’ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਨਿਬੜੇ।6 ਇਕ ਸ਼ਾਇਰ ਲਿਖਦਾ ਹੈ:

ਹਰ ਕਿ ਖ਼ਿਦਮਤ ਕਰਦ ਓ ਮਖਦੂਮ ਸੂਦ।
ਹਰ ਕਿ ਖੁਦ ਰਾ ਦੀਦ ਓ ਮਹਰੂਮ ਸੁਦ।

ਅਰਥਾਤ ਜਿਸ ਕਿਸੇ ਨੇ ਸੇਵਾ ਕੀਤੀ ਉਹ ਮਾਲਕ ਹੋ ਗਿਆ ਪਰ ਜੋ ਹਉਮੈ ਭਾਵ ਵਿਚ ਗ੍ਰਸਿਆ ਰਿਹਾ, ਉਹ ਖਾਲੀ ਰਹਿ ਗਿਆ।7 ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਆਪਣੇ ਅੰਗ ਨਾਲ ਲਗਾ ਕੇ ‘ਅੰਗਦ’ ਬਣਾ ਦਿੱਤਾ। ਇਹ ਆਤਮਿਕ ਵਿਰਸਾ (spiritual succession) ਸੀ ਜਿਸ ਨੂੰ ਪ੍ਰਾਪਤ ਕਰਕੇ ਇਕ ਸੇਵਕ ਨੇ ਗੁਰੂ ਨਾਨਕ ਵਾਲਾ ਦਰਜਾ ‘ਗੁਰਗਮਿ ਪ੍ਰਮਾਣੁ’ ਹਾਸਲ ਕਰ ਲਿਆ। ਗੁਰੂ ਜੀ ਨੇ ਬਚਨ ਕੀਤਾ,

ਅਬ ਤੂੰ ਮੇਰੇ ਅੰਗ ਤੇ ਭਇਆ।
ਤੂੰ ਲਹਿਨਾ ਮੈਂ ਦੇਨਾ ਭਇਆ।(ਮਹਿਮਾ ਪ੍ਰਕਾਸ਼)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜ ਪੈਸੇ ਤੇ ਨਾਰੀਅਲ ਭਾਈ ਲਹਿਣਾ ਜੀ ਅੱਗੇ ਰੱਖ ਕੇ ਮੱਥਾ ਟੇਕ ਦਿੱਤਾ ਤੇ ‘ਨਾਨਕ-ਜੋਤਿ’ ਉਨ੍ਹਾਂ ਵਿਚ ਧਰ ਕੇ ਗੁਰਤਾ ਗੱਦੀ ਸੌਂਪ ਦਿੱਤੀ। ਇਸ ਤਰ੍ਹਾਂ ਨਾਨਕ-ਜੋਤ ਭਾਈ ਲਹਿਣਾ ਜੀ ਵਿਚ ਪ੍ਰਵੇਸ਼ ਕਰ ਗਈ। ਜੋਤ ਤੋਂ ਜੋਤ ਜਗ ਪਈ ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਲਹਿਣਾ ਜੀ ਵਿਚ ਕੋਈ ਭੇਦ ਨਾ ਰਿਹਾ। ਭਾਈ ਗੁਰਦਾਸ ਜੀ ਨੇ ‘ਬਾਬਾਣੈ ਘਰਿ ਚਾਨਣੁ ਲਹਿਣਾ’ ਸ਼ਬਦਾਂ ਦੁਆਰਾ ਭੇਦ ਖੋਲ੍ਹ ਦਿੱਤਾ ਹੈ ਕਿ ਗੁਰੂ ਜੀ ਨੇ ‘ਗੁਰੂ ਸਿਖੁ ਸਿਖੁ ਗੁਰੂ ਹੈ ਏਕੋ’ (ਪੰਨਾ 444) ਦਾ ਆਦਰਸ਼ ਕਾਇਮ ਕਰ ਦਿੱਤਾ ਹੈ, ਦੀਵੇ ਤੋਂ ਦੀਵਾ ਬਲ ਪਿਆ ਹੈ ਤੇ ਹੀਰੇ ਨਾਲ ਹੀਰਾ ਬੇਧਿਆ ਹੈ:

ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕਿ ਰੂਪੁ ਵਟਾਇਆ। (ਵਾਰ 1:45)

ਗੁਰੁ ਅੰਗਦ ਗੁਰੁ ਅੰਗ ਤੇ ਅੰਮ੍ਰਿਤ ਬਿਰਖੁ ਅੰਮ੍ਰਿਤ ਫਲ ਫਲਿਆ।
ਜੋਤੀ ਜੋਤਿ ਜਗਾਈਅਨੁ ਦੀਵੇ ਤੇ ਜਿਉ ਦੀਵਾ ਬਲਿਆ।
ਹੀਰੈ ਹੀਰਾ ਬੇਧਿਆ ਛਲੁ ਕਰਿ ਅਛੁਲੀ ਅਛਲੁ ਛਲਿਆ।
ਕੋਇ ਬੁਝਿ ਨ ਹੰਘਈ ਪਾਣੀ ਅੰਦਰਿ ਪਾਣੀ ਰਲਿਆ। (ਵਾਰ 24:8)

ਇਸ ਤੱਥ ਦੀ ਪ੍ਰੋੜ੍ਹਤਾ ਦਸਮੇਸ਼ ਪਿਤਾ ਜੀ ਨੇ ਆਪਣੀ ਆਤਮ ਕਥਾ ‘ਬਚਿੱਤ੍ਰ ਨਾਟਕ’ ਵਿਚ ਵੀ ਕੀਤੀ ਹੈ:

ਨਾਨਕ ਅੰਗਦ ਕੋ ਬਪੁ ਧਰਾ॥
ਧਰਮ ਪ੍ਰਚੁਰਿ ਇਹ ਜਗ ਮੋ ਕਰਾ॥ (5:7)

ਇੱਥੇ ਇਹ ਸਪੱਸ਼ਟ ਕਰਨਾ ਜ਼ਰੂਰੀ ਜਾਪਦਾ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਤਾ ਗੱਦੀ ਦੀ ਪ੍ਰਾਪਤੀ ਨੂੰ ਕਿਸੇ ਤਾਣ ਜਾਂ ਮਾਣ ਦਾ ਸਿੱਟਾ ਨਹੀਂ ਮੰਨਦੇ ਸਗੋਂ ਅਕਾਲ ਪੁਰਖ ਦੀ ਬਖਸ਼ਿਸ਼ ਪ੍ਰਵਾਨ ਕਰਦੇ ਹਨ:

ਸਿਫਤਿ ਜਿਨਾ ਕਉ ਬਖਸੀਐ ਸੇਈ ਪੋਤੇਦਾਰ॥
ਕੁੰਜੀ ਜਿਨ ਕਉ ਦਿਤੀਆ ਤਿਨਾ੍ ਮਿਲੇ ਭੰਡਾਰ॥
ਜਹ ਭੰਡਾਰੀ ਹੂ ਗੁਣ ਨਿਕਲਹਿ ਤੇ ਕੀਅਹਿ ਪਰਵਾਣੁ॥
ਨਦਰਿ ਤਿਨਾ੍ ਕਉ ਨਾਨਕਾ ਨਾਮੁ ਜਿਨਾ੍ ਨੀਸਾਣੁ॥ (ਪੰਨਾ 1239)

ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ॥
ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ॥ (ਪੰਨਾ 474-75)

“ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਇਨਕਲਾਬੀ ਕਦਮ ਸੀ। ਅੱਜ ਤਕ ਕਿਸੇ ਅਚਾਰੀਆ, ਗੁਰੂ ਪੀਰ, ਨਬੀ ਰਸੂਲ ਨੇ ਆਪਣੇ ਸਿੱਖ ਸੇਵਕ ਸਾਹਵੇਂ ਝੁਕ ਕੇ ਉਹਨੂੰ ਆਪਣੇ ਵਰਗਾ ਗੁਰੂ ਪੀਰ ਨਹੀਂ ਸੀ ਬਣਾਇਆ। ਗੁਰੂ ਨਾਨਕ ਸਾਹਿਬ ਜੀ ਨੇ ਉਲਟੀ ਗੰਗਾ ਵਹਾ ਕੇ ਧਾਰਮਿਕ ਸੰਸਾਰ ਵਿਚ ਨਵੀਂ ਲੀਹ ਪਾ ਦਿੱਤੀ।” ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਰਾਇ ਬਲਵੰਡ ਜੀ ਅਤੇ ਸਤਾ ਜੀ ਦੀਆਂ ਹੇਠ ਲਿਖੀਆਂ ਗਵਾਹੀਆਂ ਵੀ ਪ੍ਰਮਾਣਿਕ ਹਨ:

ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ॥…

ਸਹਿ ਟਿਕਾ ਦਿਤੋਸੁ ਜੀਵਦੈ॥
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥
ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ॥ (ਪੰਨਾ 966)

ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ॥…

ਲਹਣੇ ਧਰਿਓਨੁ ਛਤ੍ਰੁ ਸਿਰਿ ਅਸਮਾਨਿ ਕਿਆੜਾ ਛਿਕਿਓਨੁ॥
ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ॥
ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ॥
ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ॥ (ਪੰਨਾ 967)

ਇਤਿਹਾਸਿਕ ਨਜ਼ਰੀਏ ਤੋਂ ਵੇਖਿਆਂ ਗੁਰਿਆਈ ਦੀ ਘਟਨਾ ਦਾ ਸਿੱਖ ਇਤਿਹਾਸ ’ਤੇ ਬਹੁਤ ਡੂੰਘਾ ਪ੍ਰਭਾਵ ਪਿਆ। ਇਸ ਨਾਲ ਸਿੱਖ ਲਹਿਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਨਿਸ਼ਚਿਤ ਅਗਵਾਈ ਪ੍ਰਾਪਤ ਹੋਈ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਰਹਿਨੁਮਾਈ ਤੇ ਦੇਖ-ਰੇਖ ਵਿਚ ਸਿੱਖ ਲਹਿਰ ਦਾ ਵਿਕਾਸ ਹੁੰਦਾ ਰਿਹਾ। ਵਿਦਵਾਨਾਂ ਦੀ ਰਾਇ ਹੈ ਕਿ ਜੇ ਪਹਿਲੇ ਗੁਰੂ ਸਾਹਿਬ ਭਾਈ ਲਹਿਣਾ ਜੀ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਨਾ ਕਰਦੇ ਤਾਂ ਸਿੱਖ ਧਰਮ ਦੀ ਹੋਂਦ ਹੌਲੀ-ਹੌਲੀ ਖ਼ਤਮ ਹੋ ਜਾਣੀ ਸੀ। ਆਈ. ਬੀ. ਬੈਨਰਜੀ ਦਾ ਇਹ ਕਹਿਣਾ ਬਿਲਕੁਲ ਠੀਕ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਗੁਰਗੱਦੀ ’ਤੇ ਨਿਯੁਕਤੀ ਸਿੱਖ ਇਤਿਹਾਸ ਦੀ ਸਭ ਤੋਂ ਵੱਧ ਮਹੱਤਵਪੂਰਨ ਘਟਨਾ ਸੀ ਕਿਉਂਕਿ ਇਸ ਨੇ ਸਿੱਖ ਲਹਿਰ ਨੂੰ ਇਕ ਨਿਸ਼ਚਿਤ ਤੇ ਵਿਵਾਦ-ਮੁਕਤ ਅਗਵਾਈ ਅਤੇ ਨਿਯੰਤਰਨ ਅਧੀਨ ਕਰ ਦਿੱਤਾ ਅਤੇ ਅਰੰਭ ਤੋਂ ਹੀ ਇਕ ਸਪੱਸ਼ਟ ਮੋੜ ਦੇ ਦਿੱਤਾ। ਵਿਦਵਾਨਾਂ ਦੀ ਰਾਇ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਅਜੇ ਮਨੁੱਖ ਨੂੰ ਦੇਵਤਾ ਬਣਾਉਣ ਦਾ ਕਾਰਜ ਨੌਂ ਜਾਮਿਆਂ ਵਿਚ ਹੋਣਾ ਸੀ। ਸ੍ਰੀ ਗੋਕਲ ਚੰਦ ਨਾਰੰਗ ਅਨੁਸਾਰ: “Had Nanak died without a successor there would have been no Sikhism today or at best simply Kabirism.”8

ਦੂਜਾ ਪੜਾਅ: ਸਿੱਖ ਇਤਿਹਾਸ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰੂ-ਜੀਵਨ (ਗੁਰਗੱਦੀ ਪ੍ਰਾਪਤੀ ਤੋਂ ਬਾਅਦ ਦਾ ਜੀਵਨ) ਵਿਸ਼ੇਸ਼ ਮਹੱਤਵ ਰੱਖਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਆਪ ਜੀ ਕਰਤਾਰਪੁਰ ਛੱਡ ਕੇ ਖਡੂਰ ਆ ਗਏ। ਨਾਨਕ-ਜੋਤਿ ਖਡੂਰ ਸਾਹਿਬ ਵਿਚ ਜਗਮਗ ਹੋ ਗਈ। ਭਾਈ ਸੱਤਾ ਜੀ ਭਾਈ ਬਲਵੰਡ ਜੀ ਤੇ ਭਾਈ ਗੁਰਦਾਸ ਜੀ ਇਸ ਤੱਥ ਦੀ ਗਵਾਹੀ ਦਿੰਦੇ ਹਨ:

ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ॥ (ਪੰਨਾ 967)

ਦਿਤਾ ਛੋੜਿ ਕਰਤਾਰ ਪੁਰੁ ਬੈਠਿ ਖਡੂਰੇ ਜੋਤਿ ਜਗਾਈ॥ (ਵਾਰ 1:46)

ਸਤਿਗੁਰੂ ਜੀ ਦੇ ਦਰਸ਼ਨਾਂ ਲਈ ਖਡੂਰ ਸਾਹਿਬ ਵਿਖੇ ਦੂਰ-ਦੁਰਾਡਿਓਂ ਸੰਗਤਾਂ ਆਉਣ ਲੱਗ ਪਈਆਂ। ਆਪ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਗੁਰਮਤਿ ਗਾਡੀ ਰਾਹ ’ਤੇ ਤੁਰਨ ਦੀ ਅਗਵਾਈ ਦੇਣੀ ਸ਼ੁਰੂ ਕਰ ਦਿੱਤੀ। ਗਿਆਨੀ ਗਿਆਨ ਸਿੰਘ ਦੇ ਸ਼ਬਦਾਂ ਵਿਚ ‘ਹਰ ਵੇਲੇ ਗੁਰੂ ਅੰਗਦ ਪਾਸ ਸਤਿਸੰਗ ਦਾ ਪਰਚਾ, ਲੰਗਰ ਦਾ ਖ਼ਰਚਾ ਤੇ ਹਰੀ ਦਾ ਚਰਚਾ ਬਣੇ ਰਹਿੰਦੇ ਸਨ।’9

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰੂ ਜੀਵਨ ਨਾਲ ਸੰਬੰਧਿਤ ਕਈ ਸਾਖੀਆਂ ਪ੍ਰਚਲਿਤ ਹਨ ਜਿਵੇਂ- ਗੁਪਤਵਾਸ ਤੇ ਗੁਰੂ ਲਾਧੋ, ਤਪੇ ਸ਼ਿਵਨਾਭ ਦੀ ਈਰਖਾ, ਹਮਾਯੂੰ ਦੀ ਗੁਰੂ ਅੰਗਦ ਦੇਵ ਜੀ ਨਾਲ ਮੁਲਾਕਾਤ, ਭਾਈ ਮਾਹਣਾ ਜੀ ਨੂੰ ਗਰੀਬਾਂ ਦੀ ਸੇਵਾ ਕਰਨ ਦਾ ਉਪਦੇਸ਼, ਜੋਗੀਆਂ ਦਾ ਖਡੂਰ ਸਾਹਿਬ ਆਉਣਾ, ਚੌਧਰੀ ਬਖਤਾਵਰ ਦਾ ਹੰਕਾਰ ਦੂਰ ਕਰਨਾ, ਭਾਈ ਜੀਵਾ ਜੀ ਦੀ ਧੀ ਜੀਵਾਈ ਨੂੰ ਰੱਬ ਦੀ ਰਜ਼ਾ ਵਿਚ ਰਹਿਣ ਦਾ ਉਪਦੇਸ਼, ਆਦਿ।10

ਸਿੱਖ ਧਰਮ ਦੇ ਵਿਕਾਸ ਵਿਚ ਯੋਗਦਾਨ: ਸ੍ਰੀ ਗੁਰੂ ਅੰਗਦ ਦੇਵ ਜੀ ਨੇ ਜਿਸ ਸੂਝ ਤੇ ਸਿਆਣਪ, ਲਗਨ ਤੇ ਮਿਹਨਤ ਨਾਲ ਸਿੱਖ ਧਰਮ ਦੇ ਵਿਕਾਸ ਵਿਚ ਯੋਗਦਾਨ ਪਾਇਆ ਉਹ ਅਦੁੱਤੀ ਹੈ। ਪਰ ਆਪ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੁਆਰਾ ਚਲਾਏ ਨਿਰਮਲ ਪੰਥ ਨੂੰ ਪ੍ਰਪੱਕਤਾ ਦੇਣ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ ਹੈ। ਗੁਰੂ ਜੀ ਨੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਲਾਈ ਮਰਯਾਦਾ ਨੂੰ ਦ੍ਰਿੜ੍ਹ ਕਰਵਾਇਆ ਤੇ ਪਹਿਲਾਂ ਅਰੰਭੇ ਕਾਰਜਾਂ ਨੂੰ ਅਗਾਂਹ ਤੋਰਿਆ ਉੱਥੇ ਹੋਰ ਅਨੇਕਾਂ ਕੰਮ ਸ਼ੁਰੂ ਕੀਤੇ। ਜਿਵੇਂ ਸਮਾਜਿਕ ਬਰਾਬਰੀ ਲਈ ਸੰਗਤ ਤੇ ਪੰਗਤ ਦੀ ਰੀਤੀ, ਆਦਰਸ਼ਕ ਲੰਗਰ, ਗੁਰਬਾਣੀ ਸੰਭਾਲ ਦੇ ਯਤਨ, ਬਾਣੀ ਦੇ ਉਤਾਰੇ, ਗੁਰਮੁਖੀ ਲਿਪੀ ਨੂੰ ਯੋਜਨਾਬੱਧ ਕਰਨ ਉਪਰੰਤ ਇਸ ਦਾ ਪ੍ਰਚਾਰ ਤੇ ਪ੍ਰਸਾਰ, ਗੁਰਮੁਖੀ ਬਾਲ ਬੋਧ ਅਤੇ ਪਹਿਲੀ ਜਨਮ ਸਾਖੀ ਦੀ ਰਚਨਾ, ਸ਼ਬਦ ਚੌਂਕੀਆਂ ਦੀ ਆਰੰਭਤਾ, ਨਸ਼ਿਆਂ ਦੀਆਂ ਬੁਰਾਈਆਂ ਬਾਰੇ ਸੁਚੇਤਨਾ, ਨਰੋਏ ਮਨ ਲਈ ਨਰੋਏ ਤਨ ਦੀ ਲੋੜ ਭਾਂਪਦੇ ਹੋਏ ਮੱਲ ਅਖਾੜਿਆਂ ਦੀ ਸਿਰਜਨਾ, ਪੱਤ ਸਿਓਂ ਜ਼ਿੰਦਗੀ ਜਿਊਣ ਦੀ ਜਾਚ ਆਦਿ। ਹਰੇਕ ਪਹਿਲੂ ਆਪਣੀ ਥਾਂ ਮਹਾਨ ਹੈ।11 ਗੁਰੂ ਜੀ ਦੀ ਵਿਸ਼ੇਸ਼ ਦੇਣ ਇਹ ਵੀ ਹੈ ਕਿ ਆਪ ਜੀ ਨੇ ਸਿੱਖ ਧਰਮ ਦੀ ਵੱਖਰੀ ਹੋਂਦ ਕਾਇਮ ਰੱਖੀ ਅਤੇ ਗੋਇੰਦਵਾਲ (ਸਿੱਖੀ ਦਾ ਧੁਰਾ) ਦੀ ਸਥਾਪਨਾ ਲਈ ਸ੍ਰੀ ਅਮਰਦਾਸ ਜੀ ਨੂੰ ਘੱਲਿਆ।

ਲੰਗਰ ਤੇ ਪੰਗਤ ਦੀ ਸੰਸਥਾ: ਜਿਹੜੀ ਲੰਗਰ ਦੀ ਪ੍ਰਥਾ ਦਾ ਅਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਪ੍ਰਚਲਿਤ ਜਾਤੀ-ਪ੍ਰਥਾ (ਜਿਸ ਨੇ ਸਮਾਜ ਨੂੰ ਘੁਣ ਵਾਂਗ ਖੋਖਲਾ ਬਣਾ ਦਿੱਤਾ ਸੀ) ਤੇ ਊਚ-ਨੀਚ ਦੇ ਪਾੜੇ ਨੂੰ ਸਮਾਪਤ ਕਰਨ ਅਤੇ ਲੋੜਵੰਦਾਂ ਦੀ ਸਰੀਰਕ ਭੁੱਖ ਮਿਟਾਉਣ ਦੇ ਉਦੇਸ਼ ਨਾਲ ਕੀਤਾ ਸੀ, ਉਸ ਨੂੰ ਸੰਸਥਾ ਦਾ ਰੂਪ ਦੂਸਰੇ ਗੁਰੂ ਜੀ ਦੇ ਸਮੇਂ ਪ੍ਰਾਪਤ ਹੋਇਆ। ਆਪ ਜੀ ਨੇ ਪੰਗਤ ਵਿਚ ਬੈਠ ਕੇ ਲੰਗਰ ਛਕਣ ਦੀ ਮਰਯਾਦਾ ਬੰਨ੍ਹੀ। ਇਤਿਹਾਸਕਾਰਾਂ ਨੇ ਲੰਗਰ ਦੀ ਸੰਸਥਾ ਦਾ ਜ਼ਿਕਰ ਆਪਣੀਆਂ ਲਿਖਤਾਂ ਵਿਚ ਕੀਤਾ ਹੈ:

ਲੰਗਰ ਦੋ ਵਕਤ ਹੋਵੇ, ਜੋ ਕੁਛ ਆਵੇ ਸਭ ਲੰਗਰ ਵਿਚ ਪਾ ਦੇਣ।
ਖੀਰ ਕੜਾਹ ਪ੍ਰਸਾਦਿ ਲੱਗਾ ਹੋਣ।
ਭਾਵੇ ਰਾਤ ਦਿਨ ਸੰਗਤ ਦੀ ਭੀੜ ਬਣੀ ਰਹੇ।12

ਪੁੰਨ ਪ੍ਰਸਾਦਿ ਤਿਆਰ ਜਬ ਹੋਈ।
ਸਭ ਰਸ ਹੋਵੈ ਪਾਕ ਰਸੋਈ।
ਸਤਿਗੁਰ ਲੰਗਰ ਦਿਆਲ ਜਬ ਆਵੈ।
ਸਭ ਸੰਗੀ ਸਖਾ ਸੰਗ ਲੈ ਜਾਵੈ।
ਚਾਰ ਬਰਨ ਊਹਾਂ ਸਮਸਰੇ।
ਮਾਟੀ ਕੇ ਬਰਤਨ ਭੋਜਨ ਕਰੇ।13
ਬਡੀ ਮਹਿਮਾ ਜਗਤ ਮਹਿ ਹੋਈ।
ਜੋ ਕੋਈ ਸੁਣੈ ਦਰਸਨ ਆਵੈ ਸੋਈ।
ਨਜਰ ਭੇਟ ਅਰਦਾਸਿ ਲਗੀ ਮਾਇਆ ਚੜ੍ਹਨੇ।
ਸਾਹਿਬ ਗੁਰੂ ਅੰਗਦ ਜੀ ਲੱਗੇ ਲੰਗਰ ਕਰਨੇ।14

ਲੰਗਰ ਤੇ ਪੰਗਤ ਦੀ ਸੰਸਥਾ ਵਿਚ ਅਧਿਆਤਮਿਕ, ਸਮਾਜਿਕ ਤੇ ਆਰਥਿਕ ਤੱਤਾਂ ਦਾ ਸੁਮੇਲ ਮੰਨਿਆ ਗਿਆ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਜਿੱਥੇ ਪ੍ਰਵਚਨਾਂ ਦੁਆਰਾ ਗੁਰੂ-ਦਰਬਾਰ ਵਿਚ ਆਉਣ ਵਾਲੇ ਜਗਿਆਸੂਆਂ ਨੂੰ ਆਤਮਕ ਗਿਆਨ ਦੇ ਭੋਜਨ ਦੁਆਰਾ ਤ੍ਰਿਪਤ ਕਰ ਕੇ ਉਨ੍ਹਾਂ ਦੇ ਮਨਾਂ ਦੀ ਭਟਕਣਾ ਨੂੰ ਦੂਰ ਕਰਦੇ ਸਨ, ਉਥੇ ਮਾਤਾ ਖੀਵੀ ਜੀ ਆਉਣ ਵਾਲੀਆਂ ਸੰਗਤਾਂ ਵਾਸਤੇ ਲੰਗਰ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਨੂੰ ਸੰਭਾਲਦੇ ਸਨ। ਮਾਤਾ ਖੀਵੀ ਜੀ ਦੇ ਇਸ ਯੋਗਦਾਨ ਦਾ ਜ਼ਿਕਰ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੇ ਗੁਰਬਾਣੀ ਵਿਚ ਕੀਤਾ ਹੈ। ਇਨ੍ਹਾਂ ਨੇ ਮਾਤਾ ਜੀ ਦੀ ਸ਼ਖ਼ਸੀਅਤ ਦੇ ਉੱਘੜਵੇਂ ਗੁਣਾਂ ਦਾ ਵਰਣਨ ਕਰਦਿਆਂ ਜਿੱਥੇ ਨੇਕ ਜਨ ਕਹਿ ਕੇ ਸਨਮਾਨਿਆ ਹੈ, ਉਥੇ ਨਾਲ ਹੀ ਮਾਤਾ ਜੀ ਦੀ ਸੰਗਤ ਵਿਚ ਮਿਲਣ ਵਾਲੇ ਸੁਖ ਤੇ ਸ਼ਾਂਤੀ ਨੂੰ ਬਹੁਤੀ ਛਾਉ ਪਤ੍ਰਾਲੀ ਦੇ ਰੂਪਕ ਨਾਲ ਰੂਪਮਾਨ ਕੀਤਾ ਹੈ। ਭਾਵ ਜਿਵੇਂ ਮਾਂ ਦੀ ਠੰਡੀ ਛਾਂ ਵਿਚ ਸੰਤਾਨ ਸੁਖ ਮਾਣਦੀ ਹੈ, ਉਸੇ ਪ੍ਰਕਾਰ ਮਾਤਾ ਜੀ ਦੀ ਸਨੇਹ ਤੇ ਪ੍ਰੇਮ ਰੂਪੀ ਸੰਘਣੀ ਛਾਂ ਸਿੱਖ ਸੰਗਤਾਂ ਨੂੰ ਅਥਾਹ ਸੁਖ ਪ੍ਰਦਾਨ ਕਰਦੀ ਹੈ:

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (ਪੰਨਾ 967)

ਮਾਤਾ ਖੀਵੀ ਜੀ ਨੂੰ ਲੰਗਰ ਦੀ ਸੇਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੁਕਮਾਂ ਅਨੁਸਾਰ ਹੀ ਸੰਭਾਲੀ ਗਈ ਸੀ। ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ ਕਿ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਆਪ ਜੀ ਨੇ ਫ਼ੁਰਮਾਇਆ- ਜਦੋਂ ਮੇਰੇ ਦਾਤੇ ਨੇ ਮੈਨੂੰ ਸ਼ਬਦ-ਦਾਨ ਦਾ ਕੜਛਾ ਬਖਸ਼ਿਆ ਸੀ ਤਦੋਂ ਤੇਰੇ ਹਿੱਸੇ ਅੰਨ ਦੇਗ ਦਾ ਕੜਛਾ ਆਇਆ ਸੀ। ਵਰਤਾ, ਰਮਜ਼ਾਂ ਸਮਝਣ ਵਾਲੀ ਵਿਰਾਈ ਲੰਗਰ ਵੱਲ ਉਠ ਗਈ ਤੇ ਇਕ ਵੱਡੀ ਕੜਛੀ ਲਿਆ ਕੇ ਸਾਹਿਬਾਂ ਦੇ ਅੱਗੇ ਧਰ ਦਿੱਤੀ, ਪਾਤਸ਼ਾਹ! ਮੇਰੇ ਗੁਰੂ ਨਾਨਕ ਰਾਜ ਦੇ ਰਾਜ ਧਨੀ! ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ-ਦਾਨ ਦਾ ਕੜਛਾ ਆਪ ਆਪਣੇ ਹੱਥੀਂ ਆਪ ਨੂੰ ਸੌਂਪਿਆ ਸੀ। ਅੰਨ ਦਾਨ ਦਾ ਇਹ ਕੜਛਾ ਆਪ ਆਪਣੇ ਹੱਥੀਂ ਰਜ਼ਾ ਵਿਚ ਰਾਜ਼ੀ ਮੇਰੀ ਭਰਜਾਈ ਨੂੰ ਦਾਨ ਕਰੋ।15 ‘ਸ੍ਰੀ ਗੁਰੂ ਅੰਗਦ ਦੇਵ ਜੀ ਨੇ ਅੰਨ ਦੇਗ ਦਾ ਕੜਛਾ ਮਾਤਾ ਖੀਵੀ ਜੀ ਨੂੰ ਇਵੇਂ ਫੜਾਇਆ ਜਿਵੇਂ ਭਵਿੱਖ ਵਿਚ ਬੋਹੜ ਬਣ ਜਾਣ ਵਾਲੇ ਕਿਸੇ ਵੱਡੇ ਦਰਖ਼ਤ ਦੀ ਪੌਦ ਉਨ੍ਹਾਂ ਦੇ ਸਪੁਰਦ ਕੀਤੀ ਗਈ ਹੋਵੇ। ਮਾਤਾ ਖੀਵੀ ਜੀ ਨੇ ਇਸ ਨਵੀਂ ਅੰਕੁਰਿਤ ਹੋ ਰਹੀ ਲੰਗਰ ਰੂਪੀ ਸੰਸਥਾ ਦੀ ਪੌਦ ਨੂੰ ਸਿੰਜਿਆ, ਸਵਾਰਿਆ ਤੇ ਜਰਖੇਜ਼ ਕੀਤਾ। ਨਤੀਜੇ ਵਜੋਂ ਉਨ੍ਹਾਂ ਦੀ ਸੁਚੱਜੀ ਸਰਪ੍ਰਸਤੀ ਹੇਠਾਂ ਲੰਗਰ ਇਕ ਪੂਰੀ ਤਰ੍ਹਾਂ ਵਿਕਸਿਤ ਤੇ ਸੰਪੂਰਨ ਸੰਸਥਾ ਦੇ ਰੂਪ ਵਿਚ ਸਿੱਖ ਪਰੰਪਰਾ ਦਾ ਅੰਗ ਬਣ ਗਿਆ। ਨਿਰਸੰਦੇਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਿਆਈ ਕਾਲ ਵਿਚ ਮਾਤਾ ਖੀਵੀ ਜੀ ਦਾ ਇਹ ਚਮਤਕਾਰੀ ਯੋਗਦਾਨ ਸੀ।’16

ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਉਨ੍ਹਾਂ ਦੇ ਹੋਰ ਉਤਰਾਧਿਕਾਰੀ ਗੁਰੂ ਸਾਹਿਬਾਨ ਦੇ ਯੋਗਦਾਨ ਸਦਕਾ ਹੀ ਅੱਜ ਸਿੱਖ ਧਰਮ ਵਿਚ ਲੰਗਰ ਦੀ ਪ੍ਰਥਾ ਦੂਸਰੇ ਧਰਮਾਂ ਦੇ ਮੁਕਾਬਲੇ ਆਪਣੀ ਵਿਲੱਖਣ, ਨਿਰਾਲੀ ਤੇ ਅਦੁੱਤੀ ਹੋਂਦ ਰੱਖਦੀ ਹੈ। ਇਸ ਸੰਸਥਾ ਨੇ ਸਿੱਖ ਧਰਮ ਦੀ ਵਿਲੱਖਣਤਾ ਨੂੰ ਉਭਾਰਿਆ ਹੈ ਅਤੇ ਸੰਗਤ ਤੇ ਪੰਗਤ ਦੇ ਸਿਧਾਂਤ ਨੂੰ ਪ੍ਰਪੱਕ ਕੀਤਾ ਹੈ। ਗੁਰੂ ਦੇ ਲੰਗਰ ਵਿਚ ਹਰ ਵਿਅਕਤੀ ਬਗ਼ੈਰ ਕਿਸੇ ਵਿਤਕਰੇ ਦੇ ਪਰਸ਼ਾਦਾ ਛਕ ਸਕਦਾ ਹੈ।

ਗੁਰਮੁਖੀ ਲਿੱਪੀ ਦੀ ਸਿਰਜਣਾ ਤੇ ਪ੍ਰਚਾਰ: ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਸਿੱਖ ਧਰਮ ਦੇ ਵਿਕਾਸ ਵਿਚ ਕੀਤੇ ਕਾਰਜਾਂ ਵਿੱਚੋਂ ਮੁੱਖ ਕਾਰਜ ਗੁਰਮੁਖੀ ਲਿੱਪੀ ਦੀ ਸਿਰਜਣਾ ਅਤੇ ਇਸ ਨੂੰ ਹਰਮਨ ਪਿਆਰਾ ਬਣਾਉਣ ਲਈ ਯਤਨ ਕਰਨੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਾਈ ਬੋਲੀ ਬੋਲਣ ਵਾਲਿਆਂ ਨੂੰ ਚੰਗਾ ਨਾ ਸਮਝ ਕੇ ਟਕੋਰ ਕੀਤੀ ਹੈ ਕਿ ‘ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥’ ਇਸ ਲਈ ਦੂਸਰੇ ਪਾਤਸ਼ਾਹ ਨੇ ਆਪਣੀ ਬੋਲੀ ਤੇ ਲਿੱਪੀ (ਪੰਜਾਬੀ ਤੇ ਗੁਰਮੁਖੀ) ਨੂੰ ਪੜ੍ਹਨ- ਪੜ੍ਹਾਉਣ ’ਤੇ ਬਹੁਤ ਜ਼ੋਰ ਦਿੱਤਾ। ਇਕ ਰਵਾਇਤ ਅਨੁਸਾਰ ਆਪ ਜੀ ਨੇ ਆਪਣੇ ਸਿੱਖਾਂ ਨੂੰ ਪੈਂਤੀ ਪੜ੍ਹਾਉਣ ਲਈ ਇਕ ‘ਬਾਲਬੋਧ’ ਵੀ ਤਿਆਰ ਕਰਵਾਇਆ ਸੀ। “Guru Angad like Professor Huxley, did not consider it beneath his dignity to write primers for children, and he accordingly composed a number of mottoes and moral maxims which accompany the letters of the Alphabets.”17

ਪ੍ਰਸਿੱਧ ਭਾਸ਼ਾ-ਵਿਗਿਆਨੀ ਡਾ. ਹਰਕੀਰਤ ਸਿੰਘ ਨੇ ਤੱਤਾਂ ਦੇ ਅਧਾਰ ’ਤੇ ਸਿੱਧ ਕੀਤਾ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਨ ਭਾਸ਼ਾ ਵਿਗਿਆਨੀ ਤੇ ਲਿੱਪੀ-ਵਿਗਿਆਨੀ ਸਨ ਜਿਨ੍ਹਾਂ ਨੇ ਗੁਰਮੁਖੀ ਦੀ ਸਿਰਜਣਾ ਕੀਤੀ।

ਇਸ ਤਰ੍ਹਾਂ ਆਪ ਜੀ ਨੇ ਪੈਂਤੀ ਅੱਖਰਾਂ ਨੂੰ ਤਰਤੀਬ ਨਾਲ ਜੋੜ ਕੇ ਗੁਰਮੁਖੀ ਭਾਸ਼ਾ ਪ੍ਰਚਲਿਤ ਕੀਤੀ। ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਠਾ ਕਰ ਕੇ ਗੁਰਮੁਖੀ ਵਿਚ ਲਿਖਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ-ਬ੍ਰਿਤਾਂਤ ਗੁਰਮੁਖੀ ਵਿਚ ਲਿਖਵਾਉਣ ਦਾ ਉਪਰਾਲਾ ਕੀਤਾ। ਇਸ ਤੱਥ ਦੀ ਪੁਸ਼ਟੀ ਗਿਆਨੀ ਗਿਆਨ ਸਿੰਘ ਨੇ ਵੀ ਕੀਤੀ ਹੈ-

ਅੱਖਰ ਰਚ ਕੇ ਗੁਰਮੁਖੀ ਫਿਰ ਸਿੱਖਨ ਪੜ੍ਹਾਏ।
ਗੁਰ ਕੀ ਬਾਣੀ ਅਰ ਕਥਾ ਇਕ ਮੈਂ ਲਿਖਵਾਏ।

ਉਤਰਾਧਿਕਾਰੀ ਦੀ ਚੋਣ ਅਤੇ ਜੋਤੀ ਜੋਤਿ ਸਮਾਉਣਾ: ਸ੍ਰੀ ਗੁਰੂ ਅੰਗਦ ਦੇਵ ਜੀ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਦ-ਚਿੰਨ੍ਹਾਂ ’ਤੇ ਚਲਦਿਆਂ ਆਪਣੇ ਉਤਰਾਧਿਕਾਰੀ ਦੀ ਚੋਣ ਪੂਰੀ ਘੋਖ-ਪੜਤਾਲ (ਸੇਵਾ ਤੇ ਸਿਮਰਨ ਦੀ ਕਸਵੱਟੀ ’ਤੇ ਪਰਖ ਕੇ) ਕਰਕੇ ਸੰਪੂਰਨ ਕੀਤੀ। ਆਪਣੇ ਪੁੱਤਰਾਂ ਨੂੰ ਅਯੋਗ ਸਮਝ ਕੇ ਤੇ ਸ੍ਰੀ ਅਮਰਦਾਸ ਜੀ ਨੂੰ ਯੋਗ ਜਾਣ ਕੇ ਉਨ੍ਹਾਂ ਅੱਗੇ ਪੰਜ ਪੈਸੇ ਤੇ ਨਰੇਲ ਰੱਖ ਕੇ ਮੱਥਾ ਟੇਕਿਆ ਤੇ ਗੁਰਤਾ ਗੱਦੀ ਸੰਭਾਲ ਦਿੱਤੀ। ਗੁਰੂ-ਕਿਰਪਾ ਦੁਆਰਾ ਸ੍ਰੀ ਅਮਰਦਾਸ ਜੀ ਨੂੰ ਸੇਵਕ ਤੋਂ(ਤੀਸਰੇ ਗੁਰੂ) ਸ੍ਰੀ ਗੁਰੂ ਅਮਰਦਾਸ ਜੀ ਬਣਨ ਦਾ ਮਾਣ ਪ੍ਰਾਪਤ ਹੋਇਆ ਤੇ ਉਨ੍ਹਾਂ ਵਿਚ ਨਾਨਕ-ਜੋਤਿ ਪ੍ਰਵੇਸ਼ ਕਰ ਗਈ:

ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ॥ (ਪੰਨਾ 968)

ਗੁਰਿ ਨਾਨਕਿ ਅੰਗਦੁ ਵਰ੍ਹਉ ਗੁਰਿ ਅੰਗਦਿ ਅਮਰ ਨਿਧਾਨੁ॥ (ਪੰਨਾ 1407)

ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥ (ਪੰਨਾ 1408)

ਸ੍ਰੀ ਗੁਰੂ ਅੰਗਦ ਦੇਵ ਜੀ 3 ਵੈਸਾਖ, ਨਾਨਕਸ਼ਾਹੀ 84 (29 ਮਾਰਚ, 1552 ਈ.) ਨੂੰ ਖਡੂਰ ਸਾਹਿਬ ਵਿਖੇ ਜੋਤੀ ਜੋਤਿ ਸਮਾ ਗਏ।

ਰਚਨਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ 62 (ਕੁਝ ਵਿਦਵਾਨ 63 ਮੰਨਦੇ ਹਨ) ਸਲੋਕ ਦਰਜ ਹਨ। ਇਨ੍ਹਾਂ ਸਲੋਕਾਂ ਦੀ ਗਿਣਤੀ ਹੇਠ ਲਿਖੇ ਚਾਰਟ ਵਿਚ ਵਾਰਾਂ ਦੀ ਤਰਤੀਬ ਅਨੁਸਾਰ ਦਰਸਾਈ ਗਈ ਹੈ:

ਕ੍ਰਮ ਸੰਖਿਆਵਾਰ ਦਾ ਨਾਂਸਲੋਕਾਂ  ਦੀ  ਗਿਣਤੀ
1ਸਿਰੀਰਾਗੁ ਮਹਲਾ 42
2ਮਾਝ ਮਹਲਾ12
3ਆਸਾ ਮਹਲਾ 1 14 (ਜਾਂ 15)
4ਸੋਰਠਿ ਮਹਲਾ 4 1
5ਸੂਹੀ ਮਹਲਾ 311
6ਰਾਮਕਲੀ ਮਹਲਾ 37
7ਮਾਰੂ ਮਹਲਾ 31
8ਸਾਰੰਗ ਮਹਲਾ 49
9ਮਲਾਰ ਮਹਲਾ 15

ਬੇਸ਼ੱਕ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਦਾ ਅਕਾਰ ਬਹੁਤ ਘੱਟ ਹੈ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦ੍ਰਿੜ੍ਹਾਏ ਗਏ ਗੁਰਮਤਿ ਤੇ ਗੁਰ-ਦਰਸ਼ਨ ਸੰਬੰਧੀ ਸਾਰੇ ਬੁਨਿਆਦੀ ਸਿਧਾਂਤ ਆਪ ਜੀ ਦੀ ਬਾਣੀ ਵਿਚ ਆਏ ਹੋਏ ਹਨ। ਸਲੋਕਾਂ ਵਿਚ ਵਿਚਾਰਾਂ ਦਾ ਅਥਾਹ ਸਾਗਰ ਭਰਿਆ ਹੋਇਆ ਹੈ। ਉਨ੍ਹਾਂ ਵਿੱਚੋਂ ਕੁਝ ਵਿਸ਼ਿਆਂ ਨੂੰ ਵਿਚਾਰਨ ਦਾ ਯਤਨ ਕਰਦੇ ਹਾਂ:

ਅਕਾਲ ਪੁਰਖ: ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਲੋਕਾਂ ਵਿਚ ਅਕਾਲ ਪੁਰਖ ਦੇ ਸਰੂਪ ਤੇ ਉਸ ਦੇ ਅਨੰਤ ਗੁਣਾਂ ਦਾ ਬਿਆਨ ਕੀਤਾ ਗਿਆ ਹੈ- ਪਰਮਾਤਮਾ ਇਕ ਹੈ (‘ਸਭਨਾ ਸਾਹਿਬੁ ਏਕੁ ਹੈ’), ਸ੍ਰਿਸ਼ਟੀ ਦਾ ਕਰਤਾ ਹੈ (‘ਜਿਨਿ ਕੀਤਾ ਆਕਾਰੁ’), ਸਭ ਕੁਝ ਕਰਨ ਦੇ ਸਮਰੱਥ (‘ਕਰਣ ਕਾਰਣ ਸਮਰਥੁ’) ਹੈ, ਅੰਤਰਜਾਮੀ (‘ਆਪੇ ਜਾਣੈ ਜਾਣੁ’) ਹੈ, ਸਦਾ ਕਾਇਮ ਰਹਿਣ ਵਾਲਾ (‘ਸਦੀਵ ਹੈ’) ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ (‘ਅੰਤੁ ਨ ਪਾਰਾਵਾਰੁ’), ਆਪ ਹੀ ਸਾਰਾ ਖੇਲ ਰਚਾਉਣ ਵਾਲਾ ਹੈ ਕੋਈ ਦੂਜਾ ਨਹੀਂ ਹੈ, ਸਾਰਿਆਂ ਵਿਚ ਜੋਤਿ ਸਰੂਪ ਹੋ ਕੇ ਵਿਚਰ ਰਿਹਾ ਹੈ, ਆਦਿ। ਅਕਾਲ ਪੁਰਖ ਦੀ ਵਡਿਆਈ ਵਿਚ ਲਿਖੇ ਹੇਠ ਲਿਖੇ ਸਲੋਕ ਵਿਚਾਰਨ ਯੋਗ ਹਨ:

ਸਭਨਾ ਸਾਹਿਬੁ ਏਕੁ ਹੈ ਵੇਖੈ ਧੰਧੈ ਲਾਇ॥ (ਪੰਨਾ 1238)

ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ॥ (ਪੰਨਾ 148)

ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ॥ (ਪੰਨਾ 148)

ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ
ਵਿਣੁ ਜੋਤੀ ਕੋਈ ਕਿਛੁ ਕਰਿਹੁ ਦਿਖਾ ਸਿਆਣੀਐ॥ (ਪੰਨਾ 138)

ਗੁਰੂ ਜੀ ਅਨੁਸਾਰ ਕੇਵਲ ਅਕਾਲ ਪੁਰਖ ਹੀ ਸਾਰੇ ਜੀਵਾਂ ਨੂੰ ਸਦੀਵ-ਕਾਲ ਰੋਜ਼ੀ ਦੇਣ ਵਾਲਾ ਵੱਡਾ ਦਾਤਾ ਹੈ:

ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ॥…

ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ॥ (ਪੰਨਾ 955)

ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹਿ॥ (ਪੰਨਾ 1239)

ਸ੍ਰਿਸ਼ਟੀ /ਜਗਤ: ਗੁਰੂ ਜੀ ਨੇ ਇਸ ਜਗਤ ਨੂੰ ਸੱਚਾ ਆਖਿਆ ਹੈ ਕਿਉਂਕਿ ਇਸ ਵਿਚ ਅਕਾਲ ਪੁਰਖ ਦਾ ਨਿਵਾਸ ਹੈ:

ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥ (ਪੰਨਾ 463)

ਅਕਾਲ ਪੁਰਖ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਆਪ ਹੀ ਇਸ ਨੂੰ ਸਜਾਉਂਦਾ ਤੇ ਆਪ ਹੀ ਸੰਭਾਲ ਕਰਦਾ ਹੈ। ਇਸ ਸ੍ਰਿਸ਼ਟੀ ਵਿਚ ਜੀਵਾਂ ਨੂੰ ਆਪ ਹੀ ਪੈਦਾ ਕਰ ਕੇ ਵੇਖਦਾ, ਟਿਕਾਉਂਦਾ ਤੇ ਆਪ ਹੀ ਢਾਹ ਦਿੰਦਾ ਹੈ:

ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ॥
ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ॥
ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ॥ (ਪੰਨਾ 475)

ਜੀਵ: ਸਭ ਜੀਵਾਂ ਨੂੰ ਪਰਮਾਤਮਾ ਨੇ ਆਪਣੇ ਹੁਕਮ ਦੁਆਰਾ ਸਾਜਿਆ ਹੈ ਤੇ ਆਪਣੇ ਹੁਕਮ ਵਿਚ ਰੱਖ ਕੇ ਹੀ ਸਾਰਿਆਂ ਦੀ ਸੰਭਾਲ ਕਰਦਾ ਹੈ:

ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ॥ (ਪੰਨਾ 1243)

ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ ਇਸ ਸੰਸਾਰ-ਸਾਗਰ ਵਿੱਚੋਂ ਬਚਾ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਅਤੇ ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ ਹੀ ਇਸੇ ਵਿਚ ਡੋਬ ਦੇਂਦਾ ਹੈ । ਕਈ ਜੀਵਾਂ ਨੂੰ ਆਪਣੀ ਰਜ਼ਾ ਅਨੁਸਾਰ ਮਾਇਆ ਦੇ ਮੋਹ ਵਿੱਚੋਂ ਕੱਢ ਲੈਂਦਾ ਹੈ, ਕਈਆਂ ਨੂੰ ਇਸੇ ਵਿਚ ਫਸਾਈ ਰੱਖਦਾ ਹੈ। ਇਹ ਗੱਲ ਭੀ ਦੱਸੀ ਨਹੀਂ ਜਾ ਸਕਦੀ ਕਿ ਰੱਬ ਕਿਸ ਦਾ ਬੇੜਾ ਪਾਰ ਕਰਦਾ ਹੈ। ਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਗਿਆਨ ਰੂਪੀ ਚਾਨਣ ਬਖ਼ਸ਼ਦਾ ਹੈ, ਉਸ ਨੂੰ ਸਮਝ ਪੈ ਜਾਂਦੀ ਹੈ:

ਇਕਨਾ੍ ਹੁਕਮਿ ਸਮਾਇ ਲਏ ਇਕਨਾ੍ ਹੁਕਮੇ ਕਰੇ ਵਿਣਾਸੁ॥
ਇਕਨਾ੍ ਭਾਣੈ ਕਢਿ ਲਏ ਇਕਨਾ੍ ਮਾਇਆ ਵਿਚਿ ਨਿਵਾਸੁ॥
ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ॥
ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ॥ (ਪੰਨਾ 463)

ਜੀਵ ਅਕਾਲ ਪੁਰਖ ਦੇ ਹੁਕਮ ਨਾਲ ਇਸ ਜਗਤ ਵਿਚ ਆਇਆ ਹੈ ਤੇ ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਇਸ ਨੇ ਚਲੇ ਜਾਣਾ ਹੈ। ਜੰਮਣਾ ਤੇ ਮਰਨਾ ਇਸ ਦੇ ਹੱਥ ਵਿਚ ਨਹੀਂ ਹੈ:

ਜਿਨਾ੍ ਚੀਰੀ ਚਲਣਾ ਹਥਿ ਤਿਨਾ੍ ਕਿਛੁ ਨਾਹਿ॥
ਸਾਹਿਬ ਕਾ ਫੁਰਮਾਣੁ ਹੋਇ ਉਠੀ ਕਰਲੈ ਪਾਹਿ॥
ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ॥
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥ (ਪੰਨਾ 1239)

ਗੁਰੂ ਜੀ ਨੇ ਹੇਠ ਲਿਖੀਆਂ ਤੁਕਾਂ ਵਿਚ ਜੀਵਨ ਦੇ ਥੋੜ੍ਹਚਿਰੇ ਹੋਣ ਦਾ ਅਹਿਸਾਸ ਕਰਵਾਇਆ ਹੈ:

ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ॥
ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ॥ (ਪੰਨਾ 787)

ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ॥
ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ॥ (ਉਹੀ)

ਸੱਚ ਤਾਂ ਇਹ ਹੈ ਕਿ ਮਨੁੱਖ ਦੇ ਹੱਥ ਵਿਚ ਕੁਝ ਵੀ ਨਹੀਂ ਹੈ। ਮਾਲਕ ਦੀ ਰਜ਼ਾ ਅਨੁਸਾਰ ਜਿੱਥੇ ਉਸ ਦਾ ਦਾਣਾ-ਪਾਣੀ ਹੁੰਦਾ ਹੈ ਉੱਥੇ ਖਾਣਾ ਪੈਂਦਾ ਹੈ ਅਰਥਾਤ ਮਨੁੱਖ ਨੂੰ ਰਿਜ਼ਕ ਹੀ (ਦੇਸ ਪਰਦੇਸ ਵਿਚ) ਖਿੱਚੀ ਫਿਰਦਾ ਹੈ:

ਨਕਿ ਨਥ ਖਸਮ ਹਥ ਕਿਰਤੁ ਧਕੇ ਦੇ॥
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ॥ (ਪੰਨਾ 653)

ਜੀਵਨ-ਉਦੇਸ਼: ਗੁਰਬਾਣੀ ਵਿਚ ਮਨੁੱਖੀ ਜੀਵਨ ਦਾ ਉਦੇਸ਼ ਬ੍ਰਹਮ ਨੂੰ ਪਛਾਣਨਾ ਭਾਵ ਆਪਣੇ ਮੂਲ ਨਾਲ ਸਾਂਝ ਪਾਉਣੀ ਦੱਸਿਆ ਹੈ। ਗੁਰੂ ਦੀ ਕਿਰਪਾ ਨਾਲ ਜੋ ਜੀਵ ਪਰਮਾਤਮਾ ਦੇ ਨਾਮ ਵਿਚ ਜੁੜਦੇ ਹਨ ਉਹ ਸੰਸਾਰ ਰੂਪੀ ਸਮੁੰਦਰ ਤੋਂ ਤਰ ਜਾਂਦੇ ਹਨ। ਇਸ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਜੀਵ ਨੂੰ ਸਚਾਈ ਤੋਂ ਜਾਣੂ ਕਰਵਾਇਆ ਹੈ ਕਿ ਅਕਾਲ ਪੁਰਖ ਨੂੰ ਪਛਾਣੇ ਬਿਨਾਂ ਉਸ ਦਾ ਜਨਮ ਵਿਅਰਥ ਜਾ ਰਿਹਾ ਹੈ:

ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ॥
ਸਾਗਰੰ ਸੰਸਾਰਸਿ ਗੁਰ ਪਰਸਾਦੀ ਤਰਹਿ ਕੇ॥ (ਪੰਨਾ 148)

ਹਉਮੈ: ਸ੍ਰੀ ਗੁਰੂ ਅੰਗਦ ਦੇਵ ਜੀ ਅਨੁਸਾਰ ਪ੍ਰਭੂ-ਮਿਲਣ ਵਿਚ ਹਉਮੈ ਸਭ ਤੋਂ ਵੱਡੀ ਰੁਕਾਵਟ ਹੈ ਕਿਉਂਕਿ ਇਸ ਕਾਰਨ ਜੀਵ ਵੱਖਰੀ ਹੋਂਦ ਬਣਾ ਲੈਂਦਾ ਹੈ। ਹਉਮੈ ਮਨੁੱਖ ਦੇ ਜਨਮ-ਮਰਨ ਦੇ ਚੱਕਰ ਦਾ ਕਾਰਨ ਬਣਦੀ ਹੈ। ਸਲੋਕ ਵਿਚ ਤਿੰਨ ਗੱਲਾਂ ਸਾਹਮਣੇ ਆਉਂਦੀਆਂ ਹਨ- ਪਹਿਲੀ, ਹਉਮੈ ਦੀਰਘ ਰੋਗ ਹੈ; ਦੂਸਰੇ, ਇਹ ਲਾ-ਇਲਾਜ ਨਹੀਂ ਹੈ; ਤੀਸਰੇ, ਪ੍ਰਭੂ ਦੀ ਕਿਰਪਾ ਨਾਲ ਗੁਰੂ ਦੇ ਸ਼ਬਦ ਦੀ ਕਮਾਈ ਦੁਆਰਾ ਇਹ ਰੋਗ ਕੱਟਿਆ ਜਾ ਸਕਦਾ ਹੈ:

ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ॥
ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ॥…

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥ (ਪੰਨਾ 466)

ਗੁਰੂ: ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਦਾ ਵਿਸ਼ੇਸ਼ ਵਿਸ਼ਾ ਗੁਰੂ ਦੀ ਮਹਿਮਾ ਹੈ। ਆਪ ਜੀ ਦਾ ਵਿਸ਼ਵਾਸ ਹੈ ਕਿ ਗੁਰੂ ਚਾਨਣ-ਮੁਨਾਰਾ ਹੈ- ਜੇ ਅਨੰਤ ਰੋਸ਼ਨੀਆਂ ਹੋ ਜਾਣ ਫਿਰ ਵੀ ਗੁਰੂ ਦੇ ਗਿਆਨ ਤੋਂ ਬਿਨਾਂ ਅਗਿਆਨ ਰੂਪੀ ਘੁੱਪ ਹਨੇਰਾ ਖ਼ਤਮ ਨਹੀਂ ਹੁੰਦਾ। ਗੁਰੂ ਕੁੰਜੀ ਹੈ- ਇਸ ਤੋਂ ਬਿਨਾਂ ਮਨ ਦਾ ਬੂਹਾ ਨਹੀਂ ਖੁੱਲ੍ਹ ਸਕਦਾ ਭਾਵ, ਮਨ ਤੋਂ ਮਾਇਆ ਦਾ ਪ੍ਰਭਾਵ ਗੁਰੂ ਹੀ ਦੂਰ ਕਰ ਸਕਦਾ ਹੈ। ਗੁਰ-ਵਾਕ ਹਨ:

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥  (ਪੰਨਾ 463)

ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ॥
ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ॥ (ਪੰਨਾ 123)

ਗੁਰੂ ਜੀ ਨੇ ਗੁਰ-ਉਪਦੇਸ਼ ਭਾਵ, ਪ੍ਰਭੂ ਦੇ ਨਾਮ ਵਿਚ ਜੁੜਨ ਦੀ ਸਿੱਖਿਆ ਨੂੰ ਹੋਰ ਸਾਰੀਆਂ ਸਿੱਖਿਆਵਾਂ ਤੋਂ ਉੱਪਰ ਮੰਨਿਆ ਹੈ। ਜਿਨ੍ਹਾਂ ਨੂੰ ਗੁਰੂ ਨੇ ਸਿੱਖਿਆ ਦੇ ਕੇ ਗਿਆਨ ਦਿੱਤਾ ਹੈ ਤੇ ਸਿਫ਼ਤਿ-ਸਾਲਾਹ ਦੀ ਰਾਹੀਂ ਸੱਚ ਵਿਚ ਜੋੜਿਆ ਹੈ, ਉਨ੍ਹਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ:

ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ॥
ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ॥ (ਪੰਨਾ 150)

ਜਦੋਂ ਅਸੀਂ ਆਪਣੇ ਮਨ ਵਿਚ ਚਤਰ ਬਣ ਕੇ ਗੁਰੂ ਨੂੰ ਮਨੋਂ ਵਿਸਾਰ ਦੇਂਦੇ ਹਾਂ, ਗੁਰੂ ਦੀ ਰਾਹਬਰੀ ਦੀ ਲੋੜ ਨਹੀਂ ਸਮਝਦੇ, ਤਾਂ ਇਸ ਮਨ ਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਅਨੇਕਾਂ ਮਾਲਕ ਬਣ ਜਾਂਦੇ ਹਨ ਭਾਵ ਮਨ ਵਿਕਾਰਾਂ ਦਾ ਸ਼ਿਕਾਰ ਹੋ ਜਾਂਦਾ ਹੈ:

ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ॥
ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ॥
ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ॥…(ਪੰਨਾ 463)

ਅਕਾਲ ਪੁਰਖ  ਨਾਲ  ਮਿਲਣ  ਦੇ ਸਾਧਨ:

ਸ੍ਰੀ ਗੁਰੂ ਅੰਗਦ ਦੇਵ ਜੀ ਨੇ ਅਕਾਲ ਪੁਰਖ ਨੂੰ ਮਿਲਣ ਲਈ ਉਸ ਦੇ ਹੁਕਮ ਨੂੰ ਪਛਾਣਨਾ ਲਾਜ਼ਮੀ ਸ਼ਰਤ ਦੱਸੀ ਹੈ। ਆਪ ਜੀ ਨੇ ਆਪ ‘ਹੁਕਮੁ ਪਛਾਣਿ’ ਦੇ ਸਿਧਾਂਤ ਨੂੰ ਅਮਲੀ ਤੌਰ ’ਤੇ ਜੀਵਨ ਵਿਚ ਅਪਣਾ ਕੇ ਮਿਸਾਲ ਕਾਇਮ ਕੀਤੀ ਹੈ:

ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ॥ (ਪੰਨਾ 139)

ਜੀਵ ਰੂਪੀ ਇਸਤਰੀ ਨੂੰ ਸੇਧ ਦਿੱਤੀ ਹੈ ਕਿ ਜੇ ਉਹ ਪਰਮਾਤਮਾ-ਪਤੀ ਦਾ ਸੰਜੋਗ ਚਾਹੁੰਦੀ ਹੈ ਤਾਂ ਉਸ ਲਈ ਜ਼ਰੂਰੀ ਹੈ ਕਿ ਉਸ ਦੇ ਭਉ ਤੇ ਭਾਉ ਵਿਚ ਰਹਿ ਕੇ ਆਪਣੀ ਸੁਰਤਿ ਨੂੰ ਪ੍ਰਭੂ ਦੀ ਯਾਦ ਵਿਚ ਹਮੇਸ਼ਾਂ ਜੋੜ ਕੇ ਰੱਖੇ:

ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ॥
ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ॥ (ਉਹੀ)

ਜਿਨ੍ਹਾਂ ਜੀਵ-ਇਸਤਰੀਆਂ ਦਾ ਪਿਆਰ ਪ੍ਰਭੂ-ਪਤੀ ਨੂੰ ਛੱਡ ਕੇ ਹੋਰਨਾਂ ਨਾਲ ਹੁੰਦਾ ਹੈ ਉਹ ਮੰਦ-ਭਾਗਣਾਂ ਦੁਖੀ ਹੁੰਦੀਆਂ ਹਨ। ਦੂਜੇ ਪਾਸੇ ਜਿਨ੍ਹਾਂ ਦਾ ਪਰਮਾਤਮਾ ਨਾਲ ਪਿਆਰ ਬਣਿਆ ਹੈ ਉਹ ਭਾਗਾਂ ਵਾਲੀਆਂ ਸੁਖੀ ਜੀਵਨ ਬਿਤਾਉਂਦੀਆਂ ਹਨ:

ਨਾਨਕ ਝੂਰਿ ਮਰਹਿ ਦੋਹਾਗਣੀ ਜਿਨ੍‍ ਅਵਰੀ ਲਾਗਾ ਨੇਹੁ॥ (ਪੰਨਾ 1280)

ਨਾਨਕ ਸੁਖਿ ਸਵਨੁ ਸੋਹਾਗਣੀ ਜਿਨ੍‍ ਸਹ ਨਾਲਿ ਪਿਆਰੁ॥ (ਉਹੀ)

ਗੁਰੂ ਜੀ ਨੇ ਅਕਾਲ ਪੁਰਖ ਦੇ ਮਿਲਾਪ ਲਈ ਮਨੁੱਖ ਨੂੰ ਅਕਾਲ ਪੁਰਖ (ਪਰਮਾਤਮਾ) ਨੂੰ ਸਦਾ ਯਾਦ ਕਰਨ ਭਾਵ ਨਾਮ ਜਪਣ ਦੀ ਪ੍ਰੇਰਨਾ ਦਿੱਤੀ ਹੈ। ਆਪ ਜੀ ਨੇ ਨਿਸਚਾ ਕਰਵਾਇਆ ਹੈ ਕਿ ਜਿਨ੍ਹਾਂ ਮਨੁੱਖਾਂ ਨੇ ਨਾਮ ਸਿਮਰਿਆ ਹੈ, ਉਹ ਪਰਮਾਤਮਾ ਦੇ ਦਰ ’ਤੇ ਪ੍ਰਵਾਨ ਹੋ ਗਏ ਹਨ ਅਤੇ ਉਨ੍ਹਾਂ ਦੀ ਸੰਗਤ ਵਿਚ ਰਹਿ ਕੇ ਹੋਰ ਅਨੇਕਾਂ ਤਰ ਰਹੇ ਹਨ:

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ॥ (ਪੰਨਾ 146)

ਨਾਮ ਜਪਣ ਵਾਲਿਆਂ ਦੇ ਮਨ ਅੱਠੇ ਪਹਿਰ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ:

ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥ (ਪੰਨਾ 1238)

ਗੁਰੂ ਜੀ ਨੇ ਨਾਮ-ਸਿਮਰਨ ਤੋਂ ਬਿਨਾਂ ਹੋਰ ਸਾਰੇ ਕੰਮ (ਧਾਰਮਿਕ ਕਰਮ-ਕਾਂਡ) ਵਿਅਰਥ ਕਹੇ ਹਨ। ਨਾਮ ਜਪਣ ਵਾਲਾ ਪਰਮਾਤਮਾ ਦੇ ਦਰਬਾਰ ਵਿਚ ਆਦਰ ਪਾਉਂਦਾ ਹੈ:

ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ॥
ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪਰਸਾਦਿ॥ (ਪੰਨਾ 954)

ਗੁਰੂ ਜੀ ਨੇ ਨਾਮ ਨੂੰ ਅੰਮ੍ਰਿਤ ਆਖਿਆ ਹੈ ਜੋ ਹਰੇਕ ਮਨੁੱਖ ਦੇ ਮਨ ਵਿਚ ਹੀ ਹੈ, ਪਰ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ; ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਲਿਖਿਆ ਹੋਇਆ ਹੈ; ਉਨ੍ਹਾਂ ਨੇ ਹੀ ਸੁਆਦ ਨਾਲ ਪੀਤਾ ਹੈ:

ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ॥
ਤਿਨੀ੍ ਪੀਤਾ ਰੰਗ ਸਿਉ ਜਿਨ੍‍ ਕਉ ਲਿਖਿਆ ਆਦਿ॥ (ਪੰਨਾ 1238)

ਅਰਦਾਸ: ਅਰਦਾਸ ਸਿੱਖ ਦੇ ਜੀਵਨ ਦਾ ਅਟੁੱਟ ਅੰਗ ਹੈ। ਸੇਵਕ ਨੇ ਕੇਵਲ ਸਰਵ-ਸ਼ਕਤੀਮਾਨ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਹੈ ਕਿਉਂਕਿ ਉਹ ਹੀ ਸਾਰੇ ਕਾਰਜ ਰਾਸ ਕਰਨ ਵਾਲਾ ਹੈ ਅਤੇ ਅਰਦਾਸ ਸਤਿਕਾਰ ਸਹਿਤ ਕਰਨੀ ਹੈ:

ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ॥ (ਪੰਨਾ 474)

ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ॥
ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ॥ (ਪੰਨਾ 1093)

ਆਦਰਸ਼ਕ ਪ੍ਰਭੂ ਪ੍ਰੇਮ/ ਸੱਚਾ ਪਿਆਰ: ਗੁਰੂ ਜੀ ਨੇ ਪਿਆਰ ਕਰਨ ਵਾਲੇ ਸਿੱਖ ਨੂੰ ਸੱਚੇ ਪ੍ਰੇਮ ਦੀ ਪਰਿਭਾਸ਼ਾ ਦੱਸ ਕੇ ਸਮਝਾਇਆ ਹੈ ਕਿ ਪਿਆਰ ਨਿਸ਼ਕਾਮ ਹੋਵੇ ਭਾਵ ਇਸ ਨੂੰ ਵਪਾਰ ਦੀ ਚੀਜ਼ ਨਾ ਬਣਾਇਆ ਜਾਵੇ। ਸੱਚਾ ਪਿਆਰ ਹੈ- ਪਿਆਰੇ ਦੇ ਹੁਕਮ ਵਿਚ ਰਾਜ਼ੀ ਰਹਿਣਾ ਤੇ ਸਦਾ ਉਸ ਨੂੰ ਯਾਦ ਕਰਨਾ:

ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ॥
ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ॥
ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ॥
ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ॥ (ਪੰਨਾ 474)

ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ॥
ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ॥ (ਪੰਨਾ 791-92)

ਗੁਰਬਾਣੀ ਅਨੁਸਾਰ ਪਿਆਰੇ ਨਾਲ ਮਿਲਣ ਦਾ ਅਰਥ ਅੰਤਰ-ਆਤਮੇ ਦੋ ਆਤਮਾਵਾਂ ਦਾ ਜਾਂ ਆਤਮਾ ਦਾ ਪਰਮਾਤਮਾ ਨਾਲ ਮਿਲਣਾ ਹੈ:

ਮਿਲਿਐ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਇ॥
ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਇ॥ (ਪੰਨਾ 791)

ਆਪਣੇ ਸਹੁ ਨੂੰ ਸੱਚਾ ਪਿਆਰ ਕਰਨ ਵਾਲੀਆਂ ਸੁਹਾਗਣਾਂ ਸਦੀਵੀ ਸੁਖ ਦੀ ਪ੍ਰਾਪਤੀ ਕਰ ਲੈਂਦੀਆਂ ਹਨ:

ਨਾਨਕ ਸੁਖਿ ਸਵਨੁ ਸੋਹਾਗਣੀ ਜਿਨ੍‍ ਸਹ ਨਾਲਿ ਪਿਆਰੁ॥ (ਪੰਨਾ 1280)

ਸੇਵਕ/ਚਾਕਰ ਦੇ ਲੱਛਣ: ਸ੍ਰੀ ਗੁਰੂ ਅੰਗਦ ਦੇਵ ਜੀ ਅਨੁਸਾਰ ਆਪਾ-ਭਾਵ ਗਵਾ ਕੇ ਤੇ ਹੁਕਮ ਰਜ਼ਾ ਵਿਚ ਰਹਿ ਕੇ ਸੇਵਾ ਕਰਨ ਵਾਲਾ ਸੇਵਕ ਪ੍ਰਵਾਨ ਹੁੰਦਾ ਹੈ। ਆਪਣੇ ਮਾਲਕ ਦੀ ਮਰਜ਼ੀ ਅਨੁਸਾਰ ਤੁਰਨ ਵਾਲਾ ਸੇਵਕ ਬਹੁਤ ਇੱਜ਼ਤ ਪਾਉਂਦਾ ਹੈ ਤੇ ਤਨਖ਼ਾਹ ਵੀ ਵੱਧ ਲੈਂਦਾ ਹੈ। ਪਰ ਮਾਲਕ ਦੀ ਬਰਾਬਰੀ ਕਰਨ ਵਾਲਾ ਮਨ ਵਿਚ ਸ਼ਰਮਿੰਦਗੀ ਹੀ ਉਠਾਉਂਦਾ ਹੈ, ਆਪਣੀ ਪਹਿਲੀ ਤਨਖ਼ਾਹ ਭੀ ਗਵਾ ਬੈਠਦਾ ਹੈ ਤੇ ਸਦਾ ਮੂੰਹ ’ਤੇ ਜੁੱਤੀਆਂ ਖਾਂਦਾ ਭਾਵ ਬੇਇਜ਼ਤ ਹੁੰਦਾ ਹੈ:

ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ॥
ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ॥
ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ॥
ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ॥ (ਪੰਨਾ 474)

ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ॥
ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ॥
ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ॥
ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ॥ (ਉਹੀ)

ਜੋ ਸੇਵਕ ਆਪਣੇ ਮਾਲਕ ਦੇ ਹੁਕਮ ਅੱਗੇ ਕਦੇ ਤਾਂ ਸਿਰ ਨਿਵਾਉਂਦਾ ਹੈ ਅਤੇ ਕਦੇ ਉਸ ਦੇ ਕੀਤੇ ਉੱਤੇ ਇਤਰਾਜ਼ ਕਰਦਾ ਹੈ, ਉਹ ਮਾਲਕ ਦੀ ਰਜ਼ਾ ਦੇ ਰਾਹ ਉੱਤੇ ਤੁਰਨ ਤੋਂ ਉੱਕਾ ਹੀ ਖੁੰਝਿਆ ਜਾ ਰਿਹਾ ਹੈ:

ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥
ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ॥ (ਉਹੀ)

ਸੱਚਾ ਸੇਵਕ ਉਹੀ ਅਖਵਾਉਂਦਾ ਹੈ ਜੋ ਆਪਣੇ ਮਾਲਕ ਦੇ ਨਾਲ ਇਕ-ਰੂਪ ਹੋ ਜਾਂਦਾ ਹੈ, ਵਿੱਥ ਨਹੀਂ ਰਹਿੰਦੀ:

ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ॥
ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ॥  (ਪੰਨਾ 475)

ਗੁਰਸਿੱਖ ਦੀ ਜੀਵਨ-ਜਾਚ: ਗੁਰੂ ਜੀ ਨੇ ਸਿੱਖਾਂ ਨੂੰ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ, ਪਰਮਾਤਮਾ ਨੂੰ ਯਾਦ ਕਰਨ ਤੇ ਸਦਾਚਾਰੀ ਬਣਨ ਦੀ ਸਿੱਖਿਆ ਦਿੱਤੀ ਹੈ। ਗੁਰਮੁਖਾਂ ਦੀ ਸੰਗਤ ਕਰਨ ਨੂੰ ਗੁਰਸਿੱਖ ਦੀ ਜੀਵਨ-ਜਾਚ ਦਾ ਜ਼ਰੂਰੀ ਅੰਗ ਬਣਾਇਆ ਹੈ ਕਿਉਂਕਿ ਭਲਿਆਂ ਦੀ ਸੰਗਤ ਵਿਚ ਚੰਗੇ ਮੰਦੇ ਕੰਮ ਦੀ ਵਿਚਾਰ ਹੁੰਦੀ ਹੈ, ਬੁਰੇ ਕੰਮ ਕਰਨ ਤੋਂ ਵਰਜਿਆ ਜਾਂਦਾ ਹੈ ਤੇ ਚੰਗੇ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਓਥੇ ਇਹ ਭੀ ਸਮਝ ਪੈ ਜਾਂਦੀ ਹੈ ਕਿ ਕਿਸੇ ਵਾਪਰੇ ਦੁੱਖ ਦਾ ਗ਼ਿਲਾ ਕਰਨਾ ਵਿਅਰਥ ਹੈ, ਦੁੱਖ ਸੁਖ ਉਹ ਖਸਮ ਪ੍ਰਭੂ ਆਪ ਹੀ ਦੇਂਦਾ ਹੈ:

ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ॥
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ॥
ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ॥
ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ॥
ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ॥
ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ॥ (ਪੰਨਾ 146)

ਗੁਰਬਾਣੀ ਤੇ ਵੇਦਾਂ ਦੀ ਸਿੱਖਿਆ ਵਿਚ ਅੰਤਰ: ਗੁਰੂ ਜੀ ਅਨੁਸਾਰ ਵੇਦਾਂ ਨੇ ਜੋ ਤਾਲੀਮ ਦਿੱਤੀ ਹੈ ਉਸ ਵਿਚ ਪਾਪ ਤੇ ਪੁੰਨ, ਆਪਣੇ ਕੀਤੇ ਕਰਮਾਂ ਅਨੁਸਾਰ ਨਰਕ ਵਿਚ ਜਾਂ ਸੁਰਗ ਵਿਚ ਜਾਣ, ਉੱਚੀਆਂ ਨੀਵੀਆਂ ਜਾਤਾਂ ਤੇ ਵਹਿਮਾਂ ਆਦਿ ਬਾਰੇ ਦੱਸਿਆ ਹੈ। ਦੂਜੇ ਪਾਸੇ, ਗੁਰਬਾਣੀ ਨਾਮ-ਅੰਮ੍ਰਿਤ ਨਾਲ ਭਰੀ ਹੋਈ ਹੈ ਤੇ ਪ੍ਰਭੂ ਦੇ ਗੁਣ ਬਿਆਨ ਕਰਦੀ ਹੈ। ਬਾਣੀ ਦੀ ਬਰਕਤਿ ਨਾਲ ਜੀਵ ਦੀ ਹਉਮੈ ਦੂਰ ਹੋ ਜਾਂਦੀ ਹੈ ਤੇ ਜੀਵ ਪ੍ਰਭੂ ਦੀ ਹਜ਼ੂਰੀ ਵਿਚ ਪ੍ਰਵਾਨ ਹੁੰਦਾ ਹੈ:

ਕਥਾ ਕਹਾਣੀ ਬੇਦੀਂ ਆਣੀ ਪਾਪੁ ਪੁੰਨੁ ਬੀਚਾਰੁ॥
ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ॥
ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ॥
ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ॥
ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀਂ ਕਰਮਿ ਧਿਆਈ॥
ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ॥
ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ॥ (ਪੰਨਾ 1243)

ਚੰਗਾ ਵੈਦ ਤੇ ਅਸਲ ਪਾਰਖੂ: ਗੁਰੂ ਜੀ ਨੇ ਚੰਗੇ ਵੈਦ ਦੀ ਪਛਾਣ ਇਹ ਦੱਸੀ ਹੈ ਕਿ ਉਸ ਨੂੰ ਰੋਗ ਤੇ ਦਾਰੂ ਭਾਵ ਇਲਾਜ ਦੀ ਪੂਰੀ ਸਮਝ ਹੋਣੀ ਲਾਜ਼ਮੀ ਹੈ ਅਤੇ ਚੰਗੀ ਦਵਾਈ ਉਹ ਹੈ ਜਿਸ ਨਾਲ ਰੋਗ ਖ਼ਤਮ ਹੋ ਜਾਵੇ ਤੇ ਸਰੀਰ ਅਰੋਗ ਹੋ ਸਕੇ। ਐਨਾ ਹੀ ਨਹੀਂ, ਉਹ ਆਪ ਬਿਮਾਰੀ ਨਾਲ ਗ੍ਰਸਤ ਨਾ ਹੋਵੇ। ਇੱਥੇ ਆਤਮਿਕ ਰੋਗ ਅਤੇ ਧਾਰਮਿਕ ਆਗੂਆਂ ਵੱਲ ਵੀ ਸੰਕੇਤ ਕੀਤਾ ਜਾਪਦਾ ਹੈ ਜੋ ਲੋਕਾਂ ਨੂੰ ਆਤਮਿਕ ਤੌਰ ’ਤੇ ਠੀਕ ਕਰਨ ਦੇ ਦਾਅਵੇ ਕਰਦੇ ਹਨ ਪਰ ਆਪ ਰੋਗੀ ਹਨ। ਦੂਜਿਆਂ ਦੇ ਵਿਕਾਰ- ਰੂਪ ਰੋਗ ਲੱਭਣ ਦੀ ਥਾਂ ਜੇ ਮਨੁੱਖ ਆਪਣਾ (ਆਤਮਕ) ਰੋਗ ਤੇ ਰੋਗ ਦਾ ਇਲਾਜ ਦੋਵੇਂ ਸਮਝ ਲਏ ਤਾਂ ਉਸ ਨੂੰ ਸਿਆਣਾ ਹਕੀਮ ਸਮਝ ਲਵੋ। ਇਸੇ ਤਰ੍ਹਾਂ ਦੂਜਿਆਂ ਦੀ ਪੜਚੋਲ ਕਰਨ ਦੀ ਥਾਂ ਜੇ ਮਨੁੱਖ ਆਪਣੇ ਆਪ ਨੂੰ ਪਰਖੇ, ਤਾਂ ਉਸ ਨੂੰ ਅਸਲ ਪਾਰਖੂ ਜਾਣਨਾ ਚਾਹੀਦਾ ਹੈ:

ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ॥
ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ॥
ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ॥
ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ॥  (ਪੰਨਾ 1279)

ਅੰਧੇ ਆਗੂ: ਗੁਰੂ ਜੀ ਨੇ ਉਨ੍ਹਾਂ ਧਾਰਮਿਕ ਆਗੂਆਂ ਨੂੰ ਅੰਨ੍ਹੇ ਕਹਿ ਕੇ ਫਿਟਕਾਰ ਪਾਈ ਹੈ ਜਿਹੜੇ ਆਪ ਪਰਮਾਤਮਾ ਬਾਰੇ ਕੁਝ ਨਹੀਂ ਜਾਣਦੇ ਪਰ ਦੂਜਿਆਂ ਨੂੰ ਰਾਹ ਦੱਸਦੇ ਫਿਰਦੇ ਹਨ। ਅੰਨ੍ਹੇ ਦੁਆਰਾ ਵਿਖਾਏ ਰਾਹ ’ਤੇ ਅੰਨ੍ਹਾ ਹੀ ਤੁਰਦਾ ਹੈ, ਸੁਜਾਖਾ ਮਨੁੱਖ (ਅੰਨ੍ਹੇ ਦੇ ਆਖੇ) ਕੁਰਾਹੇ ਨਹੀਂ ਪੈਂਦਾ। ਪਰ ਆਤਮਕ ਜੀਵਨ ਵਿਚ ਇਹੋ ਜਿਹੇ ਬੰਦਿਆਂ ਨੂੰ ਅੰਨ੍ਹੇ ਨਹੀਂ ਕਹੀਦਾ ਜਿਨ੍ਹਾਂ ਦੇ ਮੂੰਹ ਉਤੇ ਅੱਖਾਂ ਨਹੀਂ ਹਨ, ਅਸਲ ਵਿਚ ਅੰਨ੍ਹੇ ਉਹੀ ਹਨ ਜੋ ਮਾਲਕ-ਪ੍ਰਭੂ ਤੋਂ ਖੁੰਝੇ ਜਾ ਰਹੇ ਹਨ। ਗੁਰੂ ਜੀ ਨੇ ਹੋਰ ਸਪੱਸ਼ਟ ਕੀਤਾ ਹੈ ਕਿ ਜੋ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਨੇਤ੍ਰ-ਹੀਣ ਹੋ ਗਿਆ ਉਸ ਨੂੰ ਅਸੀਂ ਅੰਨ੍ਹਾ ਨਹੀਂ ਆਖਦੇ, ਉਹ ਮਨੁੱਖ ਅੰਨ੍ਹਾ ਕਿਹਾ ਜਾਂਦਾ ਹੈ ਜੋ ਰਜ਼ਾ ਨੂੰ ਸਮਝਦਾ ਨਹੀਂ। ਗੁਰ ਫੁਰਮਾਨ ਹਨ:

ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ॥
ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ॥…

ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ॥
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ॥…

ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ॥
ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ॥…

ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ॥
ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ॥ (ਪੰਨਾ 954)

ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ॥
ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ॥ (ਪੰਨਾ 148)

ਕਲਜੁਗ ਦੇ ਲੱਛਣ: ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਲਜੁਗ ਦੇ ਲੱਛਣਾਂ ਦਾ ਬਿਆਨ ਇਵੇਂ ਕੀਤਾ ਹੈ: ਲੋਕਾਂ ਦੀ ਸੋਚ ਹੀ ਉਲਟੀ ਹੋ ਜਾਂਦੀ ਹੈ- ਕੰਗਾਲ (ਨਾਮ ਬਿਨਾਂ) ਨੂੰ ਪਾਤਸ਼ਾਹ, ਮੂਰਖ ਨੂੰ ਪੰਡਿਤ (ਗਿਆਨੀ) ਅਤੇ ਗਿਆਨਹੀਣ (ਅੰਨ੍ਹੇ) ਨੂੰ ਵਿਦਵਾਨ ਦੀ ਪਦਵੀ ਦਿੱਤੀ ਜਾਂਦੀ ਹੈ। ਸਮਾਜ ਵਿਚ ਝੂਠੇ, ਫ਼ਰੇਬੀ ਤੇ ਸ਼ਰਾਰਤੀ ਲੋਕਾਂ ਦਾ ਬੋਲ-ਬਾਲਾ ਹੁੰਦਾ ਹੈ। ਜਿੱਥੇ ਵੀ ਅਜਿਹੀ ਸਥਿਤੀ ਹੋਵੇ ਸਮਝੋ ਕਿ ਕਲਜੁਗ ਵਰਤ ਗਿਆ ਹੈ, ਪਰ ਗੁਰੂ ਦੀ ਕਿਰਪਾ ਨਾਲ ਹੀ ਇਹ ਸਮਝ ਆਉਂਦੀ ਹੈ:

ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ॥
ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ॥
ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ॥
ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ॥ (ਪੰਨਾ 1288)

ਸਾਹਿਤਕ ਪੱਖ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਰਚਨਾ ਕਾਵਿ-ਕਲਾ ਦਾ ਉੱਤਮ ਨਮੂਨਾ ਹੈ। ਇਸ ਵਿਚ ਸਮੁੱਚੇ ਗੁਰਮਤਿ ਸਿਧਾਂਤਾਂ ਨੂੰ ਸੰਖੇਪ ਵਿਚ ਬਿਆਨਿਆ ਗਿਆ ਹੈ। ਸੱਚ ਜਾਣਿਓਂ! ਜਿਉਂ ਜਿਉਂ ਗੁਰੂ ਜੀ ਦੇ ਸਲੋਕ ਪੜ੍ਹ ਕੇ ਵਿਚਾਰਦੇ ਹਾਂ ਗੁਰੂ ਦੀ ਕਿਰਪਾ ਨਾਲ ਕਈ ਗੁੱਝੇ ਭੇਦ ਖੁੱਲ੍ਹਦੇ ਜਾਂਦੇ ਹਨ। ਤਾਂ ਤੇ ਆਓ! ਆਪਾਂ ਪ੍ਰਣ ਕਰੀਏ ਕਿ ਸਮਾਂ ਕੱਢ ਕੇ ਗੁਰਬਾਣੀ ਪੜ੍ਹਾਂਗੇ, ਵਿਚਾਰਾਂਗੇ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਪਾਏ ਹੋਏ ਪੂਰਨਿਆਂ ’ਤੇ ਤੁਰਨ ਦਾ ਯਤਨ ਕਰਾਂਗੇ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪਿੰਡ ਤੇ ਡਾਕ: ਸੂਲਰ, ਜ਼ਿਲ੍ਹਾ ਪਟਿਆਲਾ-147001

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)