ਸਤਵੇਂ ਜਾਮੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਸ੍ਰੀ ਗੁਰੂ ਹਰਿ ਰਾਇ ਜੀ ਦੇ ਨੇ ਗੁਰਤਾਗੱਦੀ ਦੇ ਸਤਾਰ੍ਹਾਂ ਸਾਲ ਦੇ ਅਰਸੇ ਵਿਚ ਸਿੱਖ ਸੰਗਤਾਂ ਨੂੰ ਗੁਰੂ-ਘਰ ਦੀ ਰੀਤੀ ਦ੍ਰਿੜ੍ਹ ਕਰਵਾ ਕੇ ਅਤੇ ਗੁਰਬਾਣੀ ਦਾ ਅਦਬ ਸਤਿਕਾਰ ਅਤੇ ਗੁਰਮਤਿ ਸਿਧਾਂਤਾਂ ਨਾਲ ਪਿਆਰ ਕਰਨਾ ਅਤੇ ਇਨ੍ਹਾਂ ਸਿਧਾਂਤਾਂ ਅਨੁਸਾਰ ਅਮਲੀ ਜੀਵਨ ਜਿਊਣਾ ਸਿਖਾ ਕੇ ਸਿੱਖੀ ਦੇ ਮਹਿਲ ਦੀਆਂ ਨੀਹਾਂ ਨੂੰ ਪੱਕਿਆਂ ਕੀਤਾ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ 19 ਮਾਘ ਸੰਮਤ ਨਾਨਕਸ਼ਾਹੀ 161 (16 ਜਨਵਰੀ 1630 ਈ.) ਨੂੰ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ (ਗੁਰੂ) ਹਰਿ ਰਾਇ ਜੀ ਪ੍ਰਗਟ ਹੋਏ। ਬਚਪਨ ਕੀਰਤਪੁਰ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੰਗਤ ਵਿਚ ਬੀਤਿਆ। ਪੜ੍ਹਾਈ-ਲਿਖਾਈ, ਸ਼ਸਤਰ-ਵਿੱਦਿਆ, ਘੋੜ-ਸਵਾਰੀ ਦੀ ਸਿਖਿਆ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੀ ਦੇਖ-ਰੇਖ ਵਿਚ ਹੀ ਦਿਵਾਈ। ਗੁਰੂ ਜੀ ਬਾਲ ਹਰਿ ਰਾਇ ਜੀ ਨੂੰ ਨਾਮ-ਬਾਣੀ ਦਾ ਅਭਿਆਸ ਕਰਵਾਉਂਦੇ ਅਤੇ ਕਥਾ-ਕੀਰਤਨ ਸਮੇਂ ਆਪਣੇ ਪਾਸ ਹੀ ਬਿਠਾਉਂਦੇ:
ਜਬ ਗੁਰ ਬੈਠ ਦੀਵਾਨ ਮੇਂ ਭਾਖਤ ਕਥਾ ਵੈਰਾਗ।
ਸਦਾ ਸੰਗ ਰਾਖੈ ਪ੍ਰਭੂ ਹਰਿ ਰਾਇ ਬਡ ਭਾਗ।
ਬਾਲ ਹਰਿ ਰਾਇ ਜੀ ਗੁਰੂ ਜੀ ਦੇ ਉਪਦੇਸ਼ਾਂ ਨੂੰ ਕੇਵਲ ਸੁਣਦੇ ਹੀ ਨਹੀਂ ਸਨ ਬਲਕਿ ਨਿਤ ਜੀਵਨ ਵਿਚ ਕਮਾਉਂਦੇ ਸਨ। ਜੋ ਗੁਰੂ ਜੀ ਨੇ ਇਕ ਵਾਰ ਕਹਿ ਦਿੱਤਾ, ਗੰਢ ਮਾਰ ਪੱਲੇ ਬੰਨ੍ਹ ਲਿਆ ਅਤੇ ਸਾਰਾ ਜੀਵਨ ਉਸ ਉਪਦੇਸ਼ ਦੀ ਰਤੀ ਭਰ ਵੀ ਅਵੱਗਿਆ ਨਾ ਹੋਣ ਦਿੱਤੀ।
ਬਚਪਨ ਵਿਚ ਇਕ ਘਟਨਾ ਵਾਪਰੀ ਕਿ ਬਗੀਚੀ ਵਿਚ ਸੈਰ ਸਮੇਂ ਚਲਦਿਆਂ ਚੋਲੇ ਨਾਲ ਅੜ ਕੇ ਇਕ ਖਿੜਿਆ ਫੁੱਲ ਡਾਲੀ ਤੋਂ ਟੁੱਟ ਭੋਇਂ ਡਿੱਗ ਗਿਆ। ਟੁੱਟੇ ਫੁੱਲ ਨੂੰ ਤੱਕ ਕੋਮਲ ਹਿਰਦੇ ਉੱਪਰ ਬਹੁਤ ਅਸਰ ਹੋਇਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮਾਨਸਿਕ ਅਵਸਥਾ ਦੇਖ ਕੇ ਉਪਦੇਸ਼ ਕੀਤਾ ਕਿ ਦਾਮਨ ਸੰਕੋਚ ਕੇ ਚਲਣਾ ਚਾਹੀਏ:
ਸੁਨ ਬਚਨ ਕੀਨਾ ਭਲੋ।
ਸੰਕੋਚ ਦਾਮਨ ਚਲੋ।
ਸੰਕੇਤਕ ਤਰੀਕੇ ਨਾਲ ਗੁਰੂ ਸਾਹਿਬ ਜੀ ਨੇ ਸਮਝਾ ਦਿੱਤਾ ਕਿ- ਜਦ ਚੋਲਾ ਵੱਡਾ ਪਹਿਨਿਆ ਹੋਵੇ ਤਾਂ ਜ਼ਿੰਮੇਵਾਰੀਆਂ ਵੀ ਵਧ ਜਾਂਦੀਆਂ ਹਨ, ਸੰਭਲ ਕੇ ਤੁਰਨਾ ਚਾਹੀਦਾ ਹੈ।
ਬਸ, ਇਸ ਤੋਂ ਅੱਗੇ ਸਾਰੇ ਜੀਵਨ ਸਮੇਂ ਇਸ ਉਪਦੇਸ਼ ਉੱਪਰ ਅਮਲ ਕੀਤਾ। ‘ਮਹਿਮਾ ਪ੍ਰਕਾਸ਼’ ਅਨੁਸਾਰ-
ਜਬ ਬਸਤ੍ਰ ਪਹਰ ਪ੍ਰਭ ਕਤਹੂ ਜਾਹਿ।
ਦਾਮਨ ਸਮੇਟ ਲੇਵੈ ਕਰ ਮਾਹਿ।
ਜੋ ਛਠਵੈ ਮਹਲ ਬਚਨ ਗੁਰ ਕਹਾ।
ਪ੍ਰਭ ਉਮਰ ਪ੍ਰਜੰਤ ਸੋਈ ਪ੍ਰਨ ਗਹਾ।
ਐਸਾ ਸੰਜਮ ਧਾਰਨ ਕੀਤਾ ਕਿ ਕਿਸੇ ਇਕ ਵੀ ਹਿਰਦੇ ਨੂੰ ਠੇਸ ਨਹੀਂ ਪਹੁੰਚਣ ਦਿੱਤੀ। ਬਾਲਕਾਂ ਨਾਲ ਖੇਲਦੇ ਸੁਰਤ ਹਰੀ ਸਿਮਰਨ ਵਿਚ ਟਿਕੀ ਰਹਿੰਦੀ। ‘ਪੰਥ ਪ੍ਰਕਾਸ਼’ ਅਨੁਸਾਰ:
ਬਾਲਕ ਕੇ ਖੇਲਨ ਕੇ ਸਮੇਂ।
ਹਰਿ ਗੁਰ ਭਗਤ ਵਿਖੇ ਰਹਿ ਰਮੇਂ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਹਰਿ ਰਾਇ ਜੀ ਦੀ ਇਸ ਲੀਨਤਾ ਨੂੰ ਦੇਖ ਕੇ ਬਹੁਤ ਪ੍ਰਸੰਨ ਹੁੰਦੇ। ਭਗਤੀ, ਵੈਰਾਗ ਅਤੇ ਅਕਾਲ ਪੁਰਖ ਦੇ ਹੁਕਮ ਰਜ਼ਾ ਵਿਚ ਰਹਿਣਾ, ਉਨ੍ਹਾਂ ਦ੍ਰਿੜ੍ਹ ਕਰ ਲਿਆ ਸੀ। ਗਿਆਨ ਦੀ ਗੋਸ਼ਟ ਕਰਦੇ ਸਨ ਤਾਂ ਸੰਗਤਾਂ ਨੂੰ ਅਨੰਦ ਆ ਜਾਂਦਾ ਸੀ। ਸੋ ਹਰ ਪੱਖੋਂ ਯੋਗ ਤੱਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਾਰਖੂ ਅੱਖ ਨੇ ਗੁਰ-ਗੱਦੀ ਦੀ ਮਹਾਨ ਜ਼ਿੰਮੇਵਾਰੀ ਆਪ ਜੀ ਨੂੰ ਸੌਂਪੀ।
ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੀ ਸ੍ਰੀ ਗੁਰੂ ਹਰਿ ਰਾਇ ਜੀ ਨੇ ਧਰਮ ਪ੍ਰਚਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਅਤੇ ਗੁਰਮਤਿ ਰੀਤੀ ਦ੍ਰਿੜ੍ਹ ਕਰਵਾਉਣੀ ਅਰੰਭੀ। ਗੁਰੂ ਬਾਬਾ ਜੀ ਦੇ ਹੁਕਮ ਅਨੁਸਾਰ ਫੌਜ ਵੀ ਰੱਖੀ; ਪਰ ਯੁੱਧ ਕਰਨ ਤੋਂ ਵੀ ਸੰਕੋਚ ਹੀ ਕੀਤਾ। ਆਪ ਜੀ ਦੀ ਫੌਜ ਵਿਚ 2200 ਤਿਆਰ-ਬਰ-ਤਿਆਰ ਘੋੜ ਸੁਆਰ ਸ਼ਾਮਲ ਸਨ। ਆਪ ਜੀ ਨੇ ਮਾਣ ਹੁੰਦਿਆਂ ਨਿਮਾਣਾ ਅਤੇ ਤਾਣ ਹੁੰਦਿਆਂ ਨਿਤਾਣਾ ਬਣਨ ਦਾ ਸੁਜੀਵ ਸਬੂਤ ਦਿੱਤਾ।
ਜਦ ਮਾਲਵੇ ਦੇ ਇਲਾਕੇ ਵਿਚ ਕਾਲ ਪੈ ਗਿਆ ਤਾਂ ਗੁਰੂ ਜੀ ਨੇ ਸੰਗਤਾਂ ਨੂੰ ਹੁਕਮ ਭੇਜ ਕੇ ਘਰ-ਘਰ ਲੰਗਰ ਲਵਾ ਦਿੱਤੇ। ਹਰੇਕ ਧਰਮਸਾਲਾ ਵਿਚ ਵਿਸ਼ੇਸ਼ ਲੰਗਰ ਲਗਵਾਏ। ਆਪ ਜੀ ਦਾ ਹੁਕਮ ਸੀ ਕਿ ਕੇਵਲ ਦੋ ਵਕਤ ਹੀ ਪਰਸ਼ਾਦਾ ਨਹੀਂ ਦੇਣਾ, ਜਦ ਵੀ ਕੋਈ ਲੋੜਵੰਦ ਆ ਜਾਵੇ ਉਸ ਨੂੰ ਪਿਆਰ ਨਾਲ ਪਰਸ਼ਾਦਾ ਛਕਾਉਣਾ ਹੈ। ਲੰਗਰ ਵਰਤਾਉਣ ਤੋਂ ਪਹਿਲਾਂ ਨਗਾਰਾ ਵਜਾਉਣ ਦੀ ਰੀਤ ਵੀ ਚਲਾਈ ਤਾਂ ਕਿ ਦੂਰ ਬੈਠੇ ਵੀ ਆਵਾਜ਼ ਸੁਣ ਕੇ ਲੰਗਰ ਦਾ ਪਰਸ਼ਾਦਾ ਛਕ ਲੈਣ।
ਗੁਰੂ-ਘਰ ਵਿਚ ਸ਼ੁਰੂ ਤੋਂ ਹੀ ਐਸਾ ਰਿਹਾ ਸੀ ਕਿ ਗੁਰੂ ਸਾਹਿਬਾਨ ਜਿੱਥੇ ਨਾਮ-ਦਾਰੂ ਰਾਹੀਂ ਆਤਮਿਕ ਠੰਢ ਵਰਤਾਉਂਦੇ ਸਨ ਉਥੇ ਸਰੀਰਕ ਰੋਗਾਂ ਨੂੰ ਦੂਰ ਕਰਨ ਦਾ ਵੀ ਉਪਰਾਲਾ ਕਰਦੇ ਸਨ।
ਸ੍ਰੀ ਗੁਰੂ ਅਮਰਦਾਸ ਜੀ ਨੇ ਬੜੀ ਉੱਚ ਪੱਧਰ ’ਤੇ ਦਵਾਖਾਨਾ ਸ਼ੁਰੂ ਕੀਤਾ ਸੀ ਜਿਸ ਵਿਚ ਕੋਹੜ ਤੇ ਪਾਗਲਪਨ ਦਾ ਵੀ ਇਲਾਜ ਹੁੰਦਾ ਸੀ। ਹਰ ਧਰਮਸ਼ਾਲਾ ਨਾਲ ਦਵਾਖਾਨਾ ਰੱਖਣ ਦਾ ਆਮ ਰਿਵਾਜ ਸੀ। ਸ੍ਰੀ ਗੁਰੂ ਹਰਿ ਰਾਇ ਜੀ ਨੇ ਵੀ ਕੀਰਤਪੁਰ ਵਿਚ ਇਕ ਬਹੁਤ ਵੱਡਾ ਦਵਾਖਾਨਾ ਤੇ ਸ਼ਫ਼ਾਖਾਨਾ ਬਣਾਇਆ, ਜਿਸ ਵਿਚ ਐਸੀਆਂ ਅਮੋਲਕ ਦਵਾਈਆਂ ਮੌਜੂਦ ਸਨ ਜੋ ਦੇਸ਼ ਦੇ ਹੋਰ ਕਿਸੇ ਹਕੀਮ ਅਤੇ ਸ਼ਾਹੀ ਵੈਦਾਂ ਪਾਸ ਵੀ ਨਹੀਂ ਸਨ। ਇਤਿਹਾਸਕ ਗ੍ਰੰਥਾਂ ਤੋਂ ਇਹ ਗਵਾਹੀ ਮਿਲਦੀ ਹੈ ਕਿ ਸ਼ਹਿਜ਼ਾਦਾ ਦਾਰਾ ਸ਼ਿਕੋਹ ਨੂੰ ਉਸ ਦੇ ਭਰਾ ਔਰੰਗਜ਼ੇਬ ਨੇ ਧੋਖੇ ਨਾਲ ਸ਼ੇਰ ਦੀ ਮੁੱਛ ਦਾ ਵਾਲ ਖੁਆ ਦਿੱਤਾ ਤਾਂ ਸ਼ਾਹੀ ਹਕੀਮਾਂ ਨੂੰ ਦਾਰਾ ਸ਼ਿਕੋਹ ਦੇ ਇਲਾਜ ਲਈ ਯੋਗ ਦਵਾਈ ਕਿਧਰੋਂ ਨਹੀਂ ਸੀ ਮਿਲ ਰਹੀ। ‘ਮਹਿਮਾ ਪ੍ਰਕਾਸ਼’ ਅਨੁਸਾਰ-
ਹਰੜ ਤੋਲ ਚੌਦਹ ਸਰਸਾਹੀ।
ਇਹ ਗੁਨ ਸੋਭਾ ਤਾ ਮੋ ਆਹੀ।
ਲੇਤੇ ਹਾਥ ਉਦਰ ਦੁਖ ਰੋਗ।
ਸਭ ਝਰਪਰੇ ਮਿਟੇ ਸਭ ਸੋਗ।
ਸੀਤੰਗ ਰੋਗ ਬਾਈ ਸਨਮਾਤ।
ਵੈ ਲੌਂਗ ਹਾਥ ਤੇ ਲੇ ਮਿਟ ਜਾਤ।
ਏਕ ਲੌਂਗ ਮਾਸਾ ਭਰ ਤੋਲ।
ਕਹੂੰ ਨਾ ਮਿਲਾ ਫਿਰੇ ਜਗ ਟੋਲ।
ਸ਼ਾਹ ਜਹਾਨ ਦੇ ਦਰਬਾਰ ਵਿਚ ਜਦ ਗੱਲ ਚੱਲੀ ਤਾਂ ਕਿਸੇ ਦਰਬਾਰੀ ਨੇ ਦੱਸ ਪਾਈ ਕਿ-
ਗੁਰੂ ਹਰਿ ਰਾਇ ਜੀ ਕੇ ਘਰ ਆਹਿ।
ਬਾਦਸ਼ਾਹ ਨੇ ਆਪਣੇ ਪੁੱਤਰ ਦੀ ਰੋਗੀ ਹਾਲਤ ਦੇਖ ਜਦ ਨਿਮਰਤਾ ਸਹਿਤ ਨੁਸਖਾ ਮੰਗ ਭੇਜਿਆ ਤਾਂ ਨਿਰਵੈਰ ਤੇ ਸਮਦਰਸ਼ੀ ਗੁਰੂ ਜੀ ਨੇ ਸ਼ਹਿਜ਼ਾਦੇ ਦੀ ਜਾਨ ਬਚਾਉਣ ਖ਼ਾਤਰ ਆਪਣੇ ਦਵਾਖਾਨੇ ਤੋਂ ਬਗੈਰ ਦੇਰ ਕੀਤਿਆਂ ਇਹ ਨੁਸਖਾ ਭੇਜਣ ਦੀ ਇਜਾਜ਼ਤ ਦਿੱਤੀ। ਦਾਰਾ ਸ਼ਿਕੋਹ ਦੀ ਜਾਨ ਬਚਾਈ, ਉਹ ਨੌਂ-ਬਰ-ਨੌਂ ਹੋ ਗਿਆ। ਗੁਰੂ ਜੀ ਨੇ ਦੁਆਬੇ ਅਤੇ ਮਾਲਵੇ ਦੇ ਇਲਾਕਿਆਂ ਵਿਚ ਯਾਤਰਾ ਕਰ ਕੇ ਧਰਮ ਪ੍ਰਚਾਰ ਦੀ ਮੁਹਿੰਮ ਚਲਾਈ। ਇਸ ਯਾਤਰਾ ਸਮੇਂ ਆਪ ਜੀ ਦੇ ਨਾਲ ਚੋਣਵੇਂ ਸਵਾਰ, ਮੁਖੀ ਸਿੱਖ ਅਤੇ ਭਾਈ ਅਬਦੁੱਲਾ ਤੇ ਨੱਥਾ ਵਾਰਾਂ ਗਾਉਣ ਵਾਲੇ ਰਹੇ। ਰੋਪੜ, ਹਰੀਆਂ ਵੇਲਾਂ, ਹੁਸ਼ਿਆਰਪੁਰ, ਚੌਂਤਰਾ ਸਾਹਿਬ, ਕਰਤਾਰਪੁਰ ਸਾਹਿਬ, ਨੂਰਮਹਿਲ, ਪੁਆਂਦੜਾ ਆਦਿ ਅਸਥਾਨਾਂ ’ਤੇ ਟਿਕਾਣੇ ਕਰ, ਸੰਗਤਾਂ ਨੂੰ ਨਾਮ-ਬਾਣੀ ਨਾਲ ਜੋੜ, ਦਸਾਂ ਨਹੁੰਆਂ ਦੀ ਕਿਰਤ ਕਰਨ ਅਤੇ ਵੰਡ ਕੇ ਛਕਣ ਦਾ ਉਪਦੇਸ਼ ਕਰ ਕੇ ਅੱਗੋਂ ਮਾਲਵੇ ਦੇ ਇਲਾਕੇ ਵੱਲ ਚਲ ਪਏ। ਡਰੋਲੀ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਇਕ ਖੂਹ ਦੀ ਉਸਾਰੀ ਸ਼ੁਰੂ ਕਰਵਾਈ ਗਈ ਸੀ, ਗੁਰੂ ਜੀ ਨੇ ਉਸ ਨੂੰ ਸੰਪੂਰਨ ਕੀਤਾ। ਮਾਲਵੇ ਦੀਆਂ ਸੰਗਤਾਂ ਦਾ ਪਿਆਰ ਤੇ ਸ਼ਰਧਾ ਦੇਖ ਕੇ ਆਪ ਜੀ ਨੇ ‘ਸੁਭਾਗਾ.ਮਾਲਵਾ’ ਦਾ ਬਚਨ ਕੀਤਾ। ਜ਼ੀਰਾ, ਕਾਂਗੜਾ, ਮੈਹਰਾਜ, ਤਖ਼ਤੂਪੁਰਾ, ਪਹੋਆ ਸਾਹਿਬ, ਥਾਨੇਸਰ, ਮਾਰਕੰਡਾ, ਅੰਬਾਲਾ ਤੋਂ ਵਾਪਸ ਪਹਾੜੀ ਰਸਤੇ ਪਰਤ ਤਕਰੀਬਨ ਸਵਾ ਸਾਲ ਬਾਅਦ ਇਹ ਦੌਰਾ ਸੰਪੂਰਨ ਕਰ ਕੀਰਤਪੁਰ ਸਾਹਿਬ ਪਹੁੰਚੇ।
ਕੁਝ ਸਮਾਂ ਕੀਰਤਪੁਰ ਸਾਹਿਬ ਠਹਿਰਨ ਤੋਂ ਬਾਅਦ ਗੁਰੂ ਜੀ ਨੇ ਮਾਝੇ ਦਾ ਪ੍ਰਚਾਰ-ਦੌਰਾ ਅਰੰਭਿਆ। ਇਸ ਸਮੇਂ ਆਪ ਜੀ ਨੇ ਫਗਵਾੜਾ, ਕਰਤਾਰਪੁਰ, ਬਾਬਾ ਬਕਾਲਾ, ਗੋਇੰਦਵਾਲ ਦਾ ਪ੍ਰਚਾਰ ਦੌਰਾ ਕੀਤਾ ਜਿਸ ਦੌਰਾਨ ਸ਼ਹਿਜ਼ਾਦਾ ਦਾਰਾ ਸ਼ਿਕੋਹ ਨੇ ਗੁਰੂ ਜੀ ਦੇ ਦਰਸ਼ਨ ਕੀਤੇ। ਔਰੰਗਜ਼ੇਬ ਨੇ ਸ਼ਾਹ ਜਹਾਨ ਨੂੰ ਕੈਦ ਕਰ ਲਿਆ ਸੀ ਅਤੇ ਉਹ ਦਾਰਾ ਦੀ ਗ੍ਰਿਫਤਾਰੀ ਲਈ ਪਿੱਛਾ ਕਰ ਰਿਹਾ ਸੀ।
ਗੁਰੂ ਜੀ ਨੇ ਦਾਰਾ ਨੂੰ ਧੀਰਜ ਦਿੱਤੀ। ਦਾਰਾ ਨੇ ਗੁਰੂ ਜੀ ਨੂੰ ਔਰੰਗਜ਼ੇਬ ਦੀਆਂ ਫੌਜਾਂ ਨੂੰ ਬਿਆਸਾ ਦੇ ਕੰਢੇ ਕੁਝ ਸਮਾਂ ਅਟਕਾਉਣ ਲਈ ਬੇਨਤੀ ਕੀਤੀ ਤਾਂਕਿ ਉਹ ਲਾਹੌਰ ਪੁੱਜ ਸਕੇ। ਗੁਰੂ ਜੀ ਨੇ ਆਪਣੀਆਂ ਫੌਜਾਂ ਨੂੰ ਘਾਟ ’ਤੇ ਦੋ ਪਹਿਰ ਪਹਿਰਾ ਰੱਖਣ ਦਾ ਹੁਕਮ ਕੀਤਾ ਅਤੇ ਇਸ ਤਰ੍ਹਾਂ ਔਰੰਗਜ਼ੇਬ ਦੀਆਂ ਫੌਜਾਂ ਨੂੰ ਰੋਕ ਪਾਈ ਰੱਖੀ, ਇਤਨੇ ਨੂੰ ਦਾਰਾ ਲਾਹੌਰ ਪਹੁੰਚ ਗਿਆ ਅਤੇ ਉਸ ਨੇ ਕੁਝ ਫੌਜ ਵੀ ਇਕੱਤਰ ਕਰ ਲਈ। ਪਰ ਅਖੀਰ ਵਿਚ ਦਾਰਾ ਔਰੰਗਜ਼ੇਬ ਦੇ ਕਾਬੂ ਆ ਗਿਆ, ਜਿਸ ਨੇ ਉਸ ਨੂੰ ਕਤਲ ਕਰ ਦਿੱਤਾ।
ਔਰੰਗਜ਼ੇਬ, ਦਾਰਾ ਸ਼ਿਕੋਹ ਦੀ ਇਸ ਮਦਦ ਉੱਪਰ ਤਿਲਮਿਲਾ ਉੱਠਿਆ। ਸਭ ਤੋਂ ਦੁਖੀ ਉਹ ਇਸ ਗੱਲ ’ਤੇ ਸੀ ਕਿ ਗੁਰੂ ਜੀ ਨੇ ਉਸ ਦਾ ਰੱਤੀ ਭਰ ਵੀ ਡਰ ਨਹੀਂ ਰੱਖਿਆ। ਪਰ ਗੁਰੂ ਜੀ ਤਾਂ ਨਿਰਭਉ ਤੇ ਨਿਰਵੈਰ ਸਨ। ਉਨ੍ਹਾਂ ਨੂੰ ਨਾ ਤਾਂ ਔਰੰਗਜ਼ੇਬ ਦਾ ਭੈ ਸੀ ਅਤੇ ਨਾ ਹੀ ਦਾਰਾ ਸ਼ਿਕੋਹ ਨਾਲ ਉਨ੍ਹਾਂ ਦਾ ਕੋਈ ਵੈਰ ਸੀ।
ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਆਉਣ ਲਈ ਸੱਦਾ ਭੇਜਿਆ। ਗੁਰੂ ਜੀ ਨੇ ਐਸੇ ਜ਼ਾਲਮ ਦੇ ਮੱਥੇ ਲੱਗਣੋਂ ਇਨਕਾਰ ਕਰ ਦਿੱਤਾ। ਸੰਗਤਾਂ ਦੇ ਸੁਝਾਅ ’ਤੇ ਕਿ ਔਰੰਗਜ਼ੇਬ ਨੂੰ ਆਪਣੇ ਮੱਤ ਦੇ ਸਿਧਾਂਤਾਂ ਦੀ ਜਾਣਕਾਰੀ ਦੇਣੀ ਚਾਹੀਦੀ ਹੈ ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਬਾਬਾ ਰਾਮ ਰਾਇ ਨੂੰ ਜਾਣ ਦੀ ਆਗਿਆ ਕੀਤੀ ਅਤੇ ਨਾਲ ਹੀ ਇਹ ਪੱਕੀ ਕਰ ਦਿੱਤੀ ਕਿ-
ਸੱਚ ਉੱਪਰ ਦ੍ਰਿੜ੍ਹ ਰਹਿਣਾ ਹੈ, ਭੈ ਨਹੀਂ ਰੱਖਣਾ ਅਰ ਕਰਾਮਾਤਾਂ ਨਹੀਂ ਦਿਖਾਵਣੀਆਂ।
ਬਾਬਾ ਰਾਮ ਰਾਇ ਲਈ ਇਹ ਇਕ ਇਮਤਿਹਾਨ ਦੀ ਘੜੀ ਸੀ, ਜਿਸ ਵਿੱਚੋਂ ਸਫ਼ਲਤਾ ਪ੍ਰਾਪਤ ਕਰਨ ਵਿਚ ਉਹ ਅਸਫ਼ਲ ਰਹੇ। ਉਹ ਮਾਣ ਅਤੇ ਅਹੰਕਾਰ ਵਿਚ ਆ ਗਏ, ਉਨ੍ਹਾਂ ਨੇ ਗੁਰੂ ਜੀ ਦੇ ਬਚਨਾਂ ਨੂੰ ਵਿਸਾਰ ਦਿੱਤਾ। ਔਰੰਗਜ਼ੇਬ ਨੂੰ ਕਰਾਮਾਤਾਂ ਵੀ ਦਿਖਾਈਆਂ ਅਤੇ ਸਭ ਤੋਂ ਭਾਰੀ ਅਵੱਗਿਆ ਗੁਰਬਾਣੀ ਦੀ ਤੁਕ ਬਦਲ ਕੇ ਕੀਤੀ। ਔਰੰਗਜ਼ੇਬ ਨੂੰ ਤਾਂ ਰਾਮ ਰਾਇ ਨੇ ਖੁਸ਼ ਕਰ ਲਿਆ, ਪਰ ਗੁਰੂ ਜੀ ਨੇ ਉਸ ਨੂੰ ਮੱਥੇ ਲਾਉਣ ਤੋਂ ਇਨਕਾਰ ਕਰ ਦਿੱਤਾ।
ਗੁਰੂ ਜੀ ਨੇ ਜਾਣ ਲਿਆ ਕਿ ਰਾਮ ਰਾਇ ਦਾ ਮਨ ਕਮਜ਼ੋਰ ਨਿਕਲਿਆ ਹੈ, ਜ਼ਿਆਦਾ ਚਤਰ ਹੈ ਅਤੇ ਇਹ ਗੁਰਮਤਿ ਦ੍ਰਿੜ੍ਹ ਨਹੀਂ ਕਰ ਸਕਿਆ, ਇਹ ਗੁਰੂ ਰੀਤੀ ਨੂੰ ਜਾਰੀ ਰੱਖ ਸਕਣ ਦੇ ਯੋਗ ਨਹੀਂ। ਇਸ ਲਈ ਗੁਰੂ ਜੀ ਨੇ ਆਪਣੇ ਅਖੀਰੀ ਸਮੇਂ ਤੋਂ ਪਹਿਲਾਂ ਆਪਣੇ ਛੋਟੇ ਸਪੁੱਤਰ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਦੀ ਮਹਾਨ ਸੇਵਾ ਦੀ ਸੌਂਪਣਾ ਕੀਤੀ ਅਤੇ 6 ਕੱਤਕ ਨਾਨਕਸ਼ਾਹੀ 193 (6 ਅਕਤੂਬਰ 1661 ਈਸਵੀ) ਨੂੰ ਜੋਤੀ ਜੋਤਿ ਸਮਾ ਗਏ।
ਲੇਖਕ ਬਾਰੇ
- ਸ. ਵਰਿਆਮ ਸਿੰਘhttps://sikharchives.org/kosh/author/%e0%a8%b8-%e0%a8%b5%e0%a8%b0%e0%a8%bf%e0%a8%86%e0%a8%ae-%e0%a8%b8%e0%a8%bf%e0%a9%b0%e0%a8%98/February 1, 2008
- ਸ. ਵਰਿਆਮ ਸਿੰਘhttps://sikharchives.org/kosh/author/%e0%a8%b8-%e0%a8%b5%e0%a8%b0%e0%a8%bf%e0%a8%86%e0%a8%ae-%e0%a8%b8%e0%a8%bf%e0%a9%b0%e0%a8%98/April 1, 2008
- ਸ. ਵਰਿਆਮ ਸਿੰਘhttps://sikharchives.org/kosh/author/%e0%a8%b8-%e0%a8%b5%e0%a8%b0%e0%a8%bf%e0%a8%86%e0%a8%ae-%e0%a8%b8%e0%a8%bf%e0%a9%b0%e0%a8%98/May 1, 2008
- ਸ. ਵਰਿਆਮ ਸਿੰਘhttps://sikharchives.org/kosh/author/%e0%a8%b8-%e0%a8%b5%e0%a8%b0%e0%a8%bf%e0%a8%86%e0%a8%ae-%e0%a8%b8%e0%a8%bf%e0%a9%b0%e0%a8%98/June 1, 2008
- ਸ. ਵਰਿਆਮ ਸਿੰਘhttps://sikharchives.org/kosh/author/%e0%a8%b8-%e0%a8%b5%e0%a8%b0%e0%a8%bf%e0%a8%86%e0%a8%ae-%e0%a8%b8%e0%a8%bf%e0%a9%b0%e0%a8%98/November 1, 2010
- ਸ. ਵਰਿਆਮ ਸਿੰਘhttps://sikharchives.org/kosh/author/%e0%a8%b8-%e0%a8%b5%e0%a8%b0%e0%a8%bf%e0%a8%86%e0%a8%ae-%e0%a8%b8%e0%a8%bf%e0%a9%b0%e0%a8%98/December 1, 2010