editor@sikharchives.org

ਗੁਰੂ ਅਮਰਦਾਸ ਜੀ ਦੀਆਂ ਵਾਰਾਂ

ਸ੍ਰੀ ਗੁਰੂ ਅਮਰਦਾਸ ਜੀ ਦੀਆਂ ਵਾਰਾਂ ਨੂੰ, ਵਾਰਾਂ ਦੇ ਪ੍ਰਸੰਗ ਵਿਚ ਸ੍ਰੀ ਗੁਰੁ ਨਾਨਕ ਦੇਵ ਜੀ ਵੱਲੋਂ ਪਾਏ ਪੂਰਨਿਆਂ ਦੀ ਨਿਰੰਤਰਤਾ ਵਿਚ ਹੀ ਦੇਖਣਾ ਚਾਹੀਦਾ ਹੈ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਬੀਰ-ਸਾਹਿਤ ਦਾ ਮਹੱਤਵ ਸਾਰੇ ਸਮਿਆਂ ਵਿਚ ਪ੍ਰਵਾਣਿਤ ਰਿਹਾ ਹੈ। ਬੀਰ-ਸਾਹਿਤ ਵਿਚ ਵਾਰ ਉਹ ਕਾਵਿ-ਰਚਨਾ ਹੈ ਜਿਸ ਵਿਚ ਸੂਰਬੀਰਤਾ ਦਾ ਵਰਣਨ ਹੋਵੇ। ਇਸ ਦਾ ਇਕ ਹੋਰ ਅਰਥ ਪਉੜੀ ਛੰਦ ਭੀ ਹੋ ਗਿਆ ਹੈ ਕਿਉਂਕਿ ਯੋਧਿਆਂ ਦੀ ਸੂਰਬੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿਚ ਗਾਇਆ ਹੈ। ਬੀਰ-ਸਾਹਿਤ ਵਿਚ ਵਾਰ ਇਕ ਐਸੀ ਸਾਹਿਤਕ ਵਿਧਾ ਹੈ, ਜਿਸ ਨੂੰ ਪੰਜਾਬੀ ਸਾਹਿਤ ਵਿਚ ਬਹੁਤ ਮਾਨਤਾ ਪ੍ਰਾਪਤ ਰਹੀ ਹੈ। ਇਸ ਦਾ ਵੱਡਾ ਕਾਰਨ ਤਾਂ ਇਹ ਜਾਪਦਾ ਹੈ ਕਿ ਵਾਰਾਂ ਪੰਜਾਬੀ ਦੇ ਮੌਖਿਕ ਸਾਹਿਤ ਵਿਚ ਵੀ ਗਾਈਆਂ ਜਾਂਦੀਆਂ ਸਨ। ਇਨ੍ਹਾਂ ਨੂੰ ਲੋਕ-ਸਾਹਿਤ ਵਿਚ ਵੀ ਖਾਸ ਥਾਂ ਪ੍ਰਾਪਤ ਰਹੀ ਹੈ ਅਤੇ ਸਾਹਿਤਕ ਦ੍ਰਿਸ਼ਟੀਕੋਣ ਤੋਂ ਵਾਰਾਂ ਅਧਿਆਤਮਕ ਸਾਹਿਤ ਵਿਚ ਵੀ ਸਮਰੱਥ ਵਿਧਾ ਵਜੋਂ ਵਰਤੀਆਂ ਗਈਆਂ ਹਨ। ਵਾਰਾਂ ਕਾਵਿ ਦੀ ਇਕ ਐਸੀ ਵੰਨਗੀ ਹੈ ਜਿਸ ਨੂੰ ਢਾਡੀ ਢੱਡ ਅਤੇ ਸਾਰੰਗੀ ’ਤੇ ਗਾਉਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਾਹਿਗੁਰੂ ਦੀ ਉਸਤਤ ਭਰੀ ਬਾਣੀ, ਜੋ ਪਉੜੀ ਛੰਦਾਂ ਨਾਲ ਸਲੋਕ ਮਿਲਾ ਕੇ ਲਿਖੀ ਗਈ ਹੈ, ‘ਵਾਰ’ ਨਾਮ ਨਾਲ ਪ੍ਰਸਿੱਧ ਹੈ ਅਤੇ ਅਜਿਹੀਆਂ 22 ਵਾਰਾਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਵਾਰਾਂ ਦੇ ਮੁੱਢ ਵਿਚ ਉਨ੍ਹਾਂ ਵਾਰਾਂ ਦੀ ਧੁਨੀ ’ਤੇ ਗਾਉਣ ਦਾ ਆਦੇਸ਼ ਦਿੱਤਾ ਹੋਇਆ ਹੈ, ਜਿਹੜੀਆਂ ਵਾਰਾਂ ਲੋਕ-ਮਾਨਸਿਕਤਾ ਵਿਚ ਵੱਸੀਆਂ ਹੋਈਆਂ ਸਨ। ਉਦਾਹਰਣ ਵਜੋਂ ਆਸਾ ਕੀ ਵਾਰ ਦੇ ਮੁੱਢ ਵਿਚ ਲਿਖਿਆ ਹੋਇਆ ਹੈ, “ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ।” ਇਸ ਦਾ ਭਾਵ ਹੈ ਕਿ ਇਸ ਵਾਰ ਦੀਆਂ ਜਿੰਨੀਆਂ ਪਉੜੀਆਂ ਹਨ, ਉਹ ਗੁਰੂ ਨਾਨਕ ਸਾਹਿਬ ਨੇ ਰਚੀਆਂ ਹਨ ਅਤੇ ਸਲੋਕ ਭੀ ਜ਼ਿਆਦਾਤਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੀ ਹਨ ਅਤੇ ਇਸ ਵਾਰ ਨੂੰ ‘ਟੁੰਡੇ ਅਸਰਾਜ ਦੀ ਵਾਰ ਦੀ ਧੁਨੀ’ ’ਤੇ ਗਾਉਣਾ ਹੈ।

ਸ੍ਰੀ ਗੁਰੂ ਅਮਰਦਾਸ ਜੀ ਦੀਆਂ ਵਾਰਾਂ ਨੂੰ, ਵਾਰਾਂ ਦੇ ਪ੍ਰਸੰਗ ਵਿਚ ਸ੍ਰੀ ਗੁਰੁ ਨਾਨਕ ਦੇਵ ਜੀ ਵੱਲੋਂ ਪਾਏ ਪੂਰਨਿਆਂ ਦੀ ਨਿਰੰਤਰਤਾ ਵਿਚ ਹੀ ਦੇਖਣਾ ਚਾਹੀਦਾ ਹੈ। ਇਸੇ ਦ੍ਰਿਸ਼ਟੀ ਤੋਂ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਵਾਰਾਂ ਦਾ ਸੰਖੇਪ ਅਧਿਐਨ ਇਸ ਤਰ੍ਹਾਂ ਹੈ:

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੁੱਲ 22 ਵਾਰਾਂ ਵਿੱਚੋਂ ਚਾਰ ਵਾਰਾਂ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਹਨ। ਉਨ੍ਹਾਂ ਦੀ ਪਹਿਲੀ ਵਾਰ ਰਾਗ ਗੂਜਰੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 508 ਤੋਂ ਸ਼ੁਰੂ ਹੁੰਦੀ ਹੈ। ਇਸ ਵਾਰ ਨੂੰ ‘ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ’ ’ਤੇ ਗਾਉਣ ਦਾ ਆਦੇਸ਼ ਹੈ। ਇਸ ਵਾਰ ਦੇ ਕੁੱਲ 44 ਸਲੋਕ ਹਨ ਅਤੇ 22 ਪਉੜੀਆਂ ਹਨ। ਇਸ ਵਿਚ ਅੰਕਿਤ ਸਾਰੇ ਸਲੋਕ ਤੀਸਰੇ ਪਾਤਸ਼ਾਹ ਦੇ ਹਨ ਜਦ ਕਿ ਚੌਥੀ ਪਉੜੀ ਨਾਲ ਇਕ ਸਲੋਕ ਭਗਤ ਕਬੀਰ ਜੀ ਦਾ ਹੈ। ਦੂਸਰੀ ਵਾਰ ਰਾਗ ਸੂਹੀ ਵਿਚ ਪੰਨਾ 785 ’ਤੇ ਦਰਜ ਹੈ। ਇਸ ਵਾਰ ਦੀਆਂ 20 ਪਉੜੀਆਂ ਅਤੇ 47 ਸਲੋਕ ਹਨ ਜਿਨ੍ਹਾਂ ਵਿਚ 2 ਸਲੋਕ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਕੁਝ ਸਲੋਕ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹਨ। ਬਾਕੀ ਸਾਰੇ ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਹਨ। ਤੀਸਰੀ ਵਾਰ ਰਾਮਕਲੀ ਰਾਗ ਵਿਚ ਪੰਨਾ 947 ’ਤੇ ਦਰਜ ਹੈ ਜਿਸ ਨੂੰ ‘ਜੋਧੇ ਵੀਰੇ ਪੂਰਬਾਣੀ ਕੀ ਧੁਨੀ’ ’ਤੇ ਗਾਉਣ ਦਾ ਆਦੇਸ਼ ਹੈ। ਇਸ ਵਾਰ ਦੀਆਂ 21 ਪਉੜੀਆਂ ਤੇ 52 ਸਲੋਕ ਹਨ। ਇਸ ਵਿਚ ਤੀਸਰੇ ਪਾਤਸ਼ਾਹ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਭਗਤ ਕਬੀਰ ਜੀ ਦੇ ਸਲੋਕ ਵੀ ਸ਼ਾਮਲ ਹਨ। ਸ੍ਰੀ ਗੁਰੂ ਅਮਰਦਾਸ ਜੀ ਦੀ ਚੌਥੀ ਵਾਰ ਰਾਗ ਮਾਰੂ ਵਿਚ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1086 ਤੋਂ ਸ਼ੁਰੂ ਹੁੰਦੀ ਹੈ। ਇਸ ਵਾਰ ਦੀਆਂ ਕੁੱਲ 22 ਪਉੜੀਆਂ ਅਤੇ 47 ਸਲੋਕ ਹਨ। ਇਨ੍ਹਾਂ ਵਿੱਚੋਂ ਕੁਝ ਸਲੋਕ ਤੀਜੇ ਪਾਤਸ਼ਾਹ ਦੇ ਰਚੇ ਹਨ ਅਤੇ ਕੁਝ ਪਹਿਲੀ ਪਾਤਸ਼ਾਹੀ, ਚੌਥੀ ਪਾਤਸ਼ਾਹੀ ਅਤੇ ਪੰਜਵੀਂ ਪਾਤਸ਼ਾਹੀ ਦੇ ਹਨ।

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦੀ ਪ੍ਰਧਾਨ ਸੁਰ ਅਧਿਆਤਮਕ ਹੈ ਕਿਉਂਕਿ ਇਸ ਵਿਚ ਅਨੁਭਵੀ ਸਾਹਿਤ ਦਾ ਪ੍ਰਕਾਸ਼ਨ ਕੀਤਾ ਹੋਇਆ ਹੈ। ਜਿਸ ਸਤਿ ਦਾ ਅਨੁਭਵ ਗੁਰੂ ਸਾਹਿਬਾਨ ਨੂੰ ਪਰਮਾਤਮ- ਦਰਸ਼ਨ ਵਿਚ ਹੋਇਆ, ਉਸੇ ਦਾ ਪ੍ਰਕਾਸ਼ਨ ਉਨ੍ਹਾਂ ਨੇ ਬਾਣੀ ਵਿਚ ਕੀਤਾ। ਇਸੇ ਲਈ ਬਾਣੀ ਨੂੰ ‘ਧੁਰ ਕੀ ਬਾਣੀ’ ਜਾਂ ‘ਸੱਚੀ ਬਾਣੀ’ ਜਾਂ ‘ਅੰਮ੍ਰਿਤ ਬਾਣੀ’ ਕਿਹਾ ਹੈ। ਅਧਿਆਤਮਕ-ਸੁਰ ਪ੍ਰਧਾਨ ਹੋਣ ਦੇ ਬਾਵਜੂਦ ਵੀ ਬਾਣੀ ਮਨੁੱਖ ਦੇ ਸਦਾਚਾਰਕ, ਮਾਨਸਿਕ, ਸਮਾਜਿਕ ਇਥੋਂ ਤਕ ਕਿ ਰਾਜਨੀਤਕ ਪਹਿਲੂਆਂ ਬਾਰੇ ਵੀ ਚਾਨਣਾ ਪਾਉਂਦੀ ਹੈ, ਉਹ ਇਸੇ ਕਰਕੇ ਕਿ ਗੁਰਬਾਣੀ ਵਿਚ ਮਨੁੱਖ ਨੂੰ ਇਕ ਅਧੂਰਾ ਨਹੀਂ ਸਗੋਂ ਪੂਰਾ-ਸੂਰਾ ਮਨੁੱਖ ਹੋਣਾ ਪ੍ਰਵਾਨ ਕੀਤਾ ਗਿਆ ਹੈ। ਗੁਰਬਾਣੀ ਦਾ ਮਨੁੱਖ ਹਰ ਪਹਿਲੂ ਤੋਂ ਨਿਰੋਆ, ਸਜਿਆ, ਸੰਵਰਿਆ ਮਨੁੱਖ ਹੈ ਜਿਸ ਨੇ ਨਿਰੋਏ, ਸਜੇ ਅਤੇ ਸੰਵਰੇ ਸਮਾਜ ਦੀ ਸਿਰਜਣਾ ਕਰਨੀ ਹੈ। ਇਸ ਪੂਰਨਤਾ ਨੂੰ ਪ੍ਰਾਪਤ ਆਦਰਸ਼- ਮਨੁੱਖ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਜਪੁ ਜੀ ਸਾਹਿਬ’ ਵਿਚ ‘ਸਚਿਆਰ’ ਦੀ ਸੰਗਿਆ ਦਿੱਤੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਸੁਖਮਨੀ ਸਾਹਿਬ’ ਵਿਚ ਇਸ ਨੂੰ ‘ਬ੍ਰਹਮ ਗਿਆਨੀ’ ਕਿਹਾ ਹੈ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਵਿਚ ਅਜਿਹੇ ਮਨੁੱਖ ਨੂੰ ‘ਗੁਰਮੁਖਿ’ ਕਿਹਾ ਹੈ ਅਤੇ ਗੁਰਮੁਖ ਪਦ ਦੀ ਪ੍ਰਾਪਤੀ ਸ੍ਰੀ ਗੁਰੂ ਅਮਰਦਾਸ ਜੀ ਅਨੁਸਾਰ ਬਹੁਤ ਕਰੜੀ ਘਾਲਣਾ ਤੋਂ ਬਾਅਦ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਵਾਰਾਂ ਦੀ ਪ੍ਰਧਾਨ ਸੁਰ ਉਹ ਜੁਗਤਿ ਹੈ, ਜਿਸ ਰਾਹੀਂ ਇਸ ਗੁਰਮੁਖ ਦੀ ਅਵਸਥਾ ਨੂੰ ਪਹੁੰਚਣਾ ਹੈ। ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਵਾਰਾਂ ਵਿਚ ਸਿੱਖ ਧਰਮ-ਦਰਸ਼ਨ ਦੇ ਜਿਹੜੇ ਮੂਲ ਸਰੋਕਾਰਾਂ ਦੀ ਜਾਣਕਾਰੀ ਸਾਨੂੰ ਪ੍ਰਾਪਤ ਹੁੰਦੀ ਹੈ, ਉਨ੍ਹਾਂ ਨੂੰ ਵਿਸ਼ੇ-ਵਸਤੂ ਦੇ ਤੌਰ ’ਤੇ ਅਸੀਂ ਇਸ ਤਰ੍ਹਾਂ ਵੰਡ ਸਕਦੇ ਹਾਂ: ਅਕਾਲ ਪੁਰਖ, ਜਿਸ ਨੂੰ ਜਪੁ ਜੀ ਸਾਹਿਬ ਵਿਚ ਕਰਤਾ ਪੁਰਖ ਵੀ ਕਿਹਾ ਹੈ ਅਤੇ ਮੂਲ ਮੰਤਰ ਵਿਚ ਇਸ ਦੇ ਗੁਣਾਂ ਦਾ ਵਰਣਨ ਕੀਤਾ ਹੈ। ਫਿਰ ਕਰਤਾ ਪੁਰਖ ਦੀ ਰਚਨਾ ਹੈ ਜਿਸ ਨੂੰ ਅਸੀਂ ਸ੍ਰਿਸ਼ਟੀ ਕਹਿੰਦੇ ਹਾਂ। ਇਸ ਰਚਨਾ ਦਾ ਹੀ ਇਕ ਪ੍ਰਮੁੱਖ ਹਿੱਸਾ ਮਨੁੱਖ ਹੈ, ਜਿਸ ਬਾਰੇ ‘ਰਾਮਕਲੀ ਅਨੰਦ’ ਵਿਚ ਗੁਰੂ ਮਹਾਰਾਜ ਨੇ ਕਿਹਾ ਹੈ:

“ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥” (ਪੰਨਾ 921)

ਇਸ ਮਨੁੱਖ ਦਾ ਆਦਰਸ਼ ਹੈ, ਇਸ ਆਦਰਸ਼ ਦੀ ਪ੍ਰਾਪਤੀ ਦੀ ਜੁਗਤਿ ਅਤੇ ਆਦਰਸ਼ ਪ੍ਰਾਪਤੀ ਵਾਲੇ ਦਾ ਸਮਾਜਿਕ ਕਰਮ। ਇਨ੍ਹਾਂ ਸਰੋਕਾਰਾਂ ਪ੍ਰਤੀ ਪ੍ਰਸਤੁਤ ਕੀਤੇ ਚਿੰਤਨ ਦੀ ਜੋ ਮੈਨੂੰ ਸਮਝ ਆਈ ਹੈ, ਉਹ ਸੰਖੇਪ ਵਿਚ ਇਸ ਤਰ੍ਹਾਂ ਹੈ।

ਕਰਤਾ ਪੁਰਖ, ਸਿੱਖ ਧਰਮ-ਚਿੰਤਨ, ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਕ ਲਗਾਤਾਰਤਾ ਵਿਚ ਹੈ। ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਮਾਰੂ ਸੋਲਹੇ’, ‘ਸਿਧ ਗੋਸਟਿ’ ਅਤੇ ‘ਦਖਣੀ ਓਅੰਕਾਰ’ ਬਾਣੀਆਂ ਵਿਚ ਜ਼ਿਕਰ ਕੀਤਾ ਹੈ ਇਸੇ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਰਚੀਆਂ ਵਾਰਾਂ ਵਿੱਚੋਂ ਵੀ ਸਾਨੂੰ ਇਹ ਗਿਆਨ ਪ੍ਰਾਪਤ ਹੁੰਦਾ ਹੈ ਕਿ ਵਾਹਿਗੁਰੂ ਪਰਮ-ਸਤਿ ਹੈ, ਸਦੀਵੀ ਹੈ ਅਤੇ ਸੈਭੰ ਹੈ। ਰਚਨਾ ਤੋਂ ਪਹਿਲਾਂ ਵਾਹਿਗੁਰੂ ਅਫੁਰ ਅਵਸਥਾ ਵਿਚ ਸੀ। ਕਈ ਜੁੱਗਾਂ ਤਕ ਉਹ ਇਸੇ ਸੁੰਨ-ਸਮਾਧੀ ਦੀ ਅਵਸਥਾ ਵਿਚ ਰਿਹਾ ਅਤੇ ਫਿਰ ਪਰਗਟ ਰੂਪ ਵਿਚ ਆਇਆ ਜਿਵੇਂ ‘ਗੂਜਰੀ ਕੀ ਵਾਰ’ ਵਿਚ ਦੱਸਿਆ ਹੈ:

ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ॥
ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ॥
ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ॥
ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ॥ (ਪੰਨਾ 509)

ਫਿਰ ਉਸ ਨੇ ਆਪਣੇ ਹੁਕਮ ਵਿਚ ਹੀ ਆਪਣੇ ਆਪ ਤੋਂ ਇਸ ਬ੍ਰਹਿਮੰਡ ਦੀ ਰਚਨਾ ਕੀਤੀ। ਉਸ ਦੀ ਰਚਨਾ ਕਿਸੇ ਹੋਰ ਤੋਂ ਨਹੀਂ ਹੋਈ। ਆਪਣੇ ਆਪ ਤੋਂ ਹੋਈ ਹੈ।

ਇਸ ਰਚਨਾ ਵਿਚ ਉਸ ਨੇ ਧਰਤੀ ਨੂੰ ਧਰਮਸਾਲ ਕਰਕੇ ਸਾਜਿਆ। ਖਾਸ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਗੁਰੂ ਸਾਹਿਬਾਨ ਨੇ ਧਰਤੀ ਨੂੰ ਧਰਮਸਾਲ ਕਿਹਾ ਹੈ ਜਿਥੇ ਰਹਿ ਕੇ ਮਨੁੱਖ ਧਰਮ ਕਮਾ ਸਕਦਾ ਹੈ। ਇਸ ਸੰਸਾਰ ਨੂੰ ਨਕਾਰਿਆ ਨਹੀਂ ਸਗੋਂ ਧਰਤੀ ਦੀ ਰਚਨਾ ਨੂੰ ਥਾਪਣਾ ਜਾਂ ਸਾਜਣਾ ਕਿਹਾ ਹੈ। ਜਿਵੇਂ ਜਪੁ ਜੀ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ, ਇਸੇ ਤਰ੍ਹਾਂ ਸੂਹੀ ਕੀ ਵਾਰ ਵਿਚ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਫੁਰਮਾਇਆ ਹੈ:

ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ॥
ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ॥ (ਪੰਨਾ 785)

ਸੰਜੋਗ ਅਤੇ ਵਿਜੋਗ, ਪਰਮਾਤਮ-ਜੋਤਿ ਨਾਲ ਮਨੁੱਖ ਦਾ ਮਿਲਾਪ ਅਤੇ ਵਿਛੋੜਾ, ਇਸ ਸਿਧਾਂਤ ਦੀ ਰਚਨਾ ਕਰਕੇ ਸ੍ਰਿਸ਼ਟੀ ਦਾ ਮੂਲ ਰਚਿਆ। ਇਹ ਰਚਨਾ ਕਰਕੇ ਉਹ ਜੋਤਿ-ਰੂਪ ਹੋ ਕੇ ਸਾਰੇ ਸੰਸਾਰ ਵਿਚ ਵਿਆਪਕ ਹੋ ਗਿਆ। ਉਸ ਦੇ ਜੋਤਿ-ਰੂਪ ਹੋਣ ਦੀ ਸਮਝ ਗੁਰੂ ਦੇ ਸ਼ਬਦ ਰਾਹੀਂ ਆਉਂਦੀ ਹੈ।

ਮਨੁੱਖ ਵਿਚ ਵੀ ਕਿਉਂਕਿ ਪਰਮਾਤਮ-ਜੋਤਿ ਵਿਆਪਕ ਹੈ ਇਸ ਲਈ ਮਨੁੱਖ ਲਈ ਜੋ ਆਦਰਸ਼ ਰੱਖਿਆ ਹੈ, ਉਹ ਆਪਣੇ ਮੂਲ ਨੂੰ, ਆਪਣੇ ਜੋਤਿ ਸਰੂਪ ਹੋਣ ਨੂੰ ਅਨੁਭਵ ਕਰਨਾ ਹੈ। ਇਸ ਅਨੁਭਵ ਦੀ ਪ੍ਰਾਪਤੀ ਲਈ ਜੋ ਗੁਰਮਤਿ ਜੁਗਤਿ ਹੈ, ਉਹ ਸ਼ਬਦ ਦੀ ਵੀਚਾਰ ਰਾਹੀਂ ਸਮਝ ਆਉਂਦੀ ਹੈ। ਉਸ ਵਾਹਿਗੁਰੂ ਨਾਲ ਮਿਲਾਪ ਗੁਰੂ-ਅਨੁਸਾਰੀ ਹੋ ਕੇ ਚੱਲਣ ਨਾਲ ਹੀ ਸੰਭਵ ਹੈ। ਗੁਰੂ-ਅਨੁਸਾਰੀ ਹੋ ਕੇ ਚੱਲਿਆਂ, ਸਤਿਗੁਰੂ ਦੀ ਮਿਹਰ ਰਾਹੀਂ ਹੀ ਮਨੁੱਖ ਨੂੰ ਆਪਣੀ ਅਸਲੀਅਤ ਦਾ ਅਨੁਭਵ ਹੁੰਦਾ ਹੈ। ਇਸ ਤਰ੍ਹਾਂ ਇਸ ਅਨੁਭਵ ਦੀ ਪ੍ਰਾਪਤੀ ਲਈ ਮਨੁੱਖ ਨੂੰ ਯੋਗ ਬਣਨਾ ਪੈਂਦਾ ਹੈ। ਮਨੁੱਖ ਦੇ ਦੋ ਹੀ ਵਰਗ ਮੰਨੇ ਹਨ, ਇਕ ਗੁਰਮੁਖ ਅਤੇ ਦੂਸਰਾ ਮਨਮੁਖ। ਗੁਰੂ ਸਾਹਿਬਾਨ ਨੂੰ ਪਰਮਾਤਮਾ ਦਾ ਅਨੁਭਵ ਕਿਉਂਕਿ ਬਾਣੀ ਦੇ ਰੂਪ ਵਿਚ ਹੋਇਆ ਹੈ ਅਤੇ ਇਸ ਦੇ ਪ੍ਰਕਾਸ਼ਨ ਦਾ ਮਾਧਿਅਮ ਭਾਸ਼ਾ ਹੈ, ਇਸ ਲਈ ਵੱਖ-ਵੱਖ ਵਿਚਾਰਾਂ ਨੂੰ ਸਮਝਾਉਣ ਲਈ ਭਾਸ਼ਾ ਦੇ ਹੀ ਚਿੰਨ੍ਹ ਵਰਤੇ ਹਨ। ਜਿਵੇਂ ਸੂਹੀ ਕੀ ਵਾਰ ਵਿਚ ਗੁਰੂ ਪਾਤਸ਼ਾਹ ਨੇ ਜੀਵ ਨੂੰ ਇਸਤਰੀ ਦੇ ਚਿੰਨ੍ਹ ਰਾਹੀਂ ਅਤੇ ਵਾਹਿਗੁਰੂ ਨੂੰ ਪਤੀ ਦੇ ਚਿੰਨ੍ਹ ਰਾਹੀਂ ਦੱਸਿਆ ਹੈ ਇਸੇ ਤਰ੍ਹਾਂ ਜੋ ਆਪਣੇ ਮਨ ਦੀ ਮਤਿ ਅਨੁਸਾਰ ਚਲਦਾ ਹੈ ਕੁਲੱਖਣੀ ਇਸਤਰੀ ਦੇ ਬਿੰਬ ਰਾਹੀਂ ਪ੍ਰਗਟ ਕੀਤਾ ਹੈ। ਐਸੀ ਜੀਵ ਇਸਤਰੀ ਮਨ ਦੀ ਮਤਿ ਅਨੁਸਾਰੀ ਹੋਣ ਕਰਕੇ ਹਉਮੈ, ਲੋਭ, ਮੋਹ, ਅਹੰਕਾਰ, ਕਾਮ ਅਤੇ ਕ੍ਰੋਧ ਆਦਿ ਵਿਕਾਰਾਂ ਵਿਚ ਫਸ ਕੇ ਵਾਹਿਗੁਰੂ-ਰੂਪ ਪਤੀ ਤੋਂ ਸਦਾ ਵਿਯੋਗ ਵਿਚ ਹੀ ਰਹਿੰਦੀ ਹੈ, ਵਿੱਛੜੀ ਰਹਿੰਦੀ ਹੈ। ਦਿਖਾਵੇ ਲਈ ਭਾਵੇਂ ਉਸ ਨੇ ਸੂਹਾ ਵੇਸ ਪਹਿਨਿਆ ਹੈ ਜੋ ਸੁਹਾਗਣ ਹੋਣ ਦੀ ਨਿਸ਼ਾਨੀ ਹੈ। ਇਥੇ ਫਿਰ ਸੂਹਾ ਰੰਗ ਝੂਠ ਦਾ ਚਿੰਨ੍ਹ ਹੈ ਜੋ ਕਿ ਕੱਚਾ ਹੈ, ਸਦਾ ਨਹੀਂ ਰਹਿੰਦਾ, ਲੱਥ ਜਾਂਦਾ ਹੈ। ਇਸ ਦੇ ਉਲਟ ਗੁਰਮੁਖ ਰੂਪੀ ਇਸਤਰੀ ਹੈ ਜੋ ਗੁਰੂ ਦੀ ਸਿੱਖਿਆ ਅਨੁਸਾਰ ਚਲਦੀ ਹੈ ਅਤੇ ਸਦਾ ਪਤੀ ਦੇ ਸੰਜੋਗ ਵਿਚ ਰਹਿੰਦੀ ਹੈ। ਉਸ ਦੇ ਵੇਸ ਦਾ ਰੰਗ ਲਾਲ ਹੈ ਜੋ ਮਜੀਠ ਹੈ ਪੱਕਾ, ਕਦੇ ਨਹੀਂ ਉਤਰਦਾ। ਇਹ ਰੰਗ ਨਾਮ ਦਾ ਰੰਗ ਹੈ ਜੋ ਸਿਮਰਨ ਰਾਹੀਂ ਗ੍ਰਹਿਣ ਹੁੰਦਾ ਹੈ। ਉੱਪਰ ਦੱਸੇ ਵਿਕਾਰ ਮਾਇਆ ਰੋਗ ਰਾਹੀਂ ਪੈਦਾ ਹੁੰਦੇ ਹਨ ਅਤੇ ਇਨ੍ਹਾਂ ਦੀ ਦੁਆਈ ਨਾਮ ਹੈ, ਜੋ ਮਾਇਆ ਰੋਗ ਨੂੰ ਦੂਰ ਕਰਦੀ ਹੈ।

ਗੁਰੂ ਸਾਹਿਬਾਨ ਰਾਹੀਂ ਪ੍ਰਸਤੁਤ ਕੀਤਾ ਅਧਿਆਤਮਕ-ਚਿੰਤਨ ਸਮਾਜ ਨਾਲ ਜੁੜਿਆ ਹੋਇਆ ਹੈ, ਇਸ ਨਾਲੋਂ ਟੁੱਟਿਆ ਹੋਇਆ ਨਹੀਂ ਹੈ। ਇਹ ਇਕਾਂਤਕ ਨਹੀਂ, ਸੰਗਤੀ ਹੈ। ਨਾਮ-ਸਿਮਰਨ ਲਈ ਸਭ ਤੋਂ ਉੱਤਮ ਸਾਧਨ ਸਤਿ-ਸੰਗਤਿ ਹੈ। ਮਨੁੱਖ ਇਕ ਸਮਾਜਿਕ ਜੀਵ ਹੈ, ਇਸ ਲਈ ਉਸ ਦੇ ਸਮਾਜਿਕ ਸਰੋਕਾਰ ਅਤੇ ਜ਼ੁੰਮੇਵਾਰੀਆਂ ਹਨ। ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਦੀ ਗੱਲ ਕੀਤੀ ਹੈ ਕਿ ਪਤੀ ਦੀ ਮੌਤ ’ਤੇ ਉਸ ਦੀ ਲਾਸ਼ ਨਾਲ ਸੜਨ ਦੀ ਜ਼ਰੂਰਤ ਨਹੀਂ। ਉਸ ਦੀ ਮੌਤ ਦਾ ਦੁੱਖ ਹੀ ਆਪਣੇ ਆਪ ਵਿਚ ਬਹੁਤ ਵੱਡਾ ਹੈ ਜੋ ਉਸ ਨੂੰ ਸਹਿਣ ਕਰਨਾ ਪੈਣਾ ਹੈ। ਅਸਲੀ ਸਤੀ ਉਹ ਜੀਵ ਇਸਤਰੀ ਹੈ ਜੋ ਆਪਣੇ ਅੰਦਰ ਸਤਿ, ਸੰਤੋਖ, ਦਇਆ, ਗਿਆਨ ਆਦਿ ਚੰਗੇ ਗੁਣ ਪੈਦਾ ਕਰਦੀ ਹੈ। ਪਤੀ ਦਾ ਚਿੰਨ੍ਹ ਇਥੇ ਵਾਹਿਗੁਰੂ ਲਈ ਵਰਤਿਆ ਹੈ। ਸ੍ਰੀ ਗੁਰੂ ਅਮਰਦਾਸ ਜੀ ਅਨੁਸਾਰ ਧਾਰਮਿਕ ਹੋਣ ਦਾ ਮਹਿਜ਼ ਦਿਖਾਵਾ ਕਰਨ ਨਾਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਸਗੋਂ ਜੀਵ ਨੂੰ ਆਪਣੇ ਅੰਦਰ ਧਾਰਮਿਕ ਗੁਣ ਪੈਦਾ ਕਰਨੇ ਪੈਂਦੇ ਹਨ, ਤਾਂ ਹੀ ਅਸਲੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਫਿਰ ਜਿਸ ਤਰ੍ਹਾਂ ਸੂਰਜ ਦੇ ਚੜ੍ਹਨ ਨਾਲ ਚੰਦ੍ਰਮਾ ਨਜ਼ਰ ਨਹੀਂ ਆਉਂਦਾ, ਦੀਵਾ ਬਲਣ ਨਾਲ ਅੰਧੇਰਾ ਦੂਰ ਹੋ ਜਾਂਦਾ ਹੈ, ਇਸੇ ਤਰ੍ਹਾਂ ਗਿਆਨ ਦੀ ਰੋਸ਼ਨੀ ਨਾਲ ਅਗਿਆਨ ਰੂਪੀ ਅੰਧੇਰਾ ਕੱਟਿਆ ਜਾਂਦਾ ਹੈ। ਪਰਮਾਤਮਾ ਤੋਂ ਦੂਰੀ ਹਉਮੈ ਹੈ ਅਤੇ ਗਿਆਨ ਉਸ ਦੇ ਹੁਕਮ ਨੂੰ ਬੁੱਝਣਾ ਹੈ। ਇਸ ਪ੍ਰਾਪਤੀ ਤੋਂ ਬਾਅਦ ਮਨੁੱਖ ਦੁੱਖ ਅਤੇ ਸੁਖ ਦੋਹਾਂ ਵਿਚ ਹੀ ਸਹਿਜ ਨਾਲ ਵਿਚਰਦਾ ਹੈ ਕਿਉਂਕਿ ਦੋਵੇਂ ਹੀ ਉਸ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਹਨ। ਇਸ ਸਹਿਜ ਦਾ ਸੋਮਾ ਸਤਿਗੁਰੂ ਹੈ, “ਸਤਿਗੁਰੁ ਸਹਜੈ ਦਾ ਖੇਤੁ ਹੈ” (ਪੰਨਾ 947) ਅਤੇ “ਮਨਮੁਖੁ ਦੁਖ ਕਾ ਖੇਤੁ ਹੈ ਦੁਖੁ ਬੀਜੇ ਦੁਖੁ ਖਾਇ” (ਉਹੀ)। ਇਸ ਸਹਿਜ ਦੀ ਪ੍ਰਾਪਤੀ ਮਨ ਅੰਦਰੋਂ ਭਰਮ ਅਤੇ ਸੰਸੇ ਮੁੱਕ ਜਾਣ ਨਾਲ ਗ੍ਰਿਹਸਤ ਵਿਚ ਹੀ ਹੋ ਜਾਂਦੀ ਹੈ।

“ਜਿਉ ਜਲ ਮਹਿ ਕਮਲੁ ਅਲਿਪਤੋ ਵਰਤੈ ਤਿਉ ਵਿਚੇ ਗਿਰਹ ਉਦਾਸੁ॥” (ਪੰਨਾ 949)

ਜਿਹੜੇ ਚੰਗੇ ਪੁੱਤਰ ਹੁੰਦੇ ਹਨ ਉਹ ਆਪਣੇ ਬਜ਼ੁਰਗਾਂ ਦੇ ਚੰਗੇ ਗੁਣਾਂ ਨੂੰ ਲੈ ਕੇ ਅੱਗੇ ਤੁਰਦੇ ਹਨ ਅਤੇ ਉਨ੍ਹਾਂ ’ਤੇ ਅਮਲ ਕਰਦੇ ਹਨ,

“ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ॥” (ਪੰਨਾ 951)

ਇਸ ਗੁਰਮਤਿ ਜੁਗਤਿ ਦੀ ਸਮਝ ਸ਼ਬਦ ਦੀ ਵਿਚਾਰ ਰਾਹੀਂ ਆਉਂਦੀ ਹੈ। ਸ਼ਬਦ ਹੀ ਗੁਰੂ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Dr. Gurnam Kaur
ਸਾਬਕਾ ਡਾਇਰੈਕਟਰ ਸੈਮੀਨਾਰ, ਡੀਨ ਕਾਲਜ, ਪ੍ਰੋਫ਼ੈਸਰ ਤੇ ਮੁਖੀ, ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)