ਕੌਮਾਂ ਦੇ ਇਤਿਹਾਸ ਵਿਚ ਬਹੁਤ ਸਾਰੀਆਂ ਘਟਨਾਵਾਂ ਘਟਦੀਆਂ ਰਹਿੰਦੀਆਂ ਹਨ, ਜਿਨ੍ਹਾਂ ਤੋਂ ਕੌਮਾਂ ਦੇ ਵਿਕਾਸ ਅਮਲ ਦੇ ਪੜਾਅ ਨਿਰਧਾਰਤ ਹੁੰਦੇ ਰਹਿੰਦੇ ਹਨ। ਇਹ ਘਟਨਾਵਾਂ ਕੌਮਾਂ ਦੇ ਗੌਰਵ ਨੂੰ ਵਧਾ ਕੇ ਅੰਬਰਾਂ ਤਕ ਪਹੁੰਚਾਉਂਦੀਆਂ ਹਨ ਤੇ ਰਸਾਤਲ ਤਕ ਵੀ ਨਿਘਾਰ ਸਕਦੀਆਂ ਹਨ। ਕੌਮਾਂ ਨੂੰ ਸੇਧ ਤੇ ਸ਼ਕਤੀ ਵੀ ਦਿੰਦੀਆਂ ਹਨ ਤੇ ਕੌਮਾਂ ਦੇ ਮੱਥੇ ’ਤੇ ਸਦੀਵੀ ਦਾਗ ਬਣ ਕੇ ਕਲੰਕਿਤ ਕਰਨ ਦੀਆਂ ਭਾਗੀ ਵੀ ਬਣ ਜਾਂਦੀਆਂ ਹਨ। ਅਜਿਹੀ ਹੀ ਇਕ ਬੇਹੱਦ ਦੁਖਦਾਈ ਘਟਨਾ ਹੈ ‘ਸਾਕਾ ਸਰਹਿੰਦ’, ਜਿਸ ਵਿਚ ਹੱਕ, ਸੱਚ ਤੇ ਇਨਸਾਫ਼ ਲਈ ਧਰਮ ਯੁੱਧ ਲੜਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੋ ਕ੍ਰਮਵਾਰ ਨੌਂ ਸਾਲ ਤੇ ਸੱਤ ਸਾਲ ਦੇ ਮਾਸੂਮ ਸਨ, ਨੂੰ ਸੂਬਾ ਸਰਹਿੰਦ ਵਜ਼ੀਰ ਖ਼ਾਨ ਦੀ ਵਹਿਸ਼ਤ ਕਾਰਨ ਜਿਊਂਦੇ ਜੀਅ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕੀਤਾ ਗਿਆ ਸੀ। ਯਾਦ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਾਕਮਾਂ ਨਾਲ ਤੇ ਸਮੇਂ ਦੇ ਅਤਿ ਸ਼ਕਤੀਸ਼ਾਲੀ ਮੁਗ਼ਲ ਸਾਮਰਾਜ ਨਾਲ ਲੜਾਈ ਕਿਸੇ ਰਾਜ-ਭਾਗ ਜਾਂ ਜ਼ਮੀਨ ਦੇ ਟੁਕੜੇ ਜਾਂ ਰਿਆਸਤ ਪ੍ਰਾਪਤੀ ਦੀ ਲੜਾਈ ਨਹੀਂ ਸੀ ਸਗੋਂ ਮਨੁੱਖੀ ਅਣਖ ਤੇ ਆਨ-ਸ਼ਾਨ ਦੇ ਨਾਲ ਧਾਰਮਿਕ ਅਜ਼ਾਦੀ ਤੇ ਸਮਾਜਿਕ ਬਰਾਬਰਤਾ ਦੇ ਉੱਚ-ਆਦਰਸ਼ਾਂ ’ਤੇ ਆਧਾਰਤ ਸੀ।
ਹਾਕਮਾਂ ਦਾ ਕੋਈ ਧਰਮ ਨਹੀਂ ਹੁੰਦਾ ਸਗੋਂ ਹਕੂਮਤਾਂ ਧਰਮ ਨੂੰ ਆਪਣੇ ਵਿਰੋਧੀਆਂ ਨੂੰ ਦਬਾਉਣ, ਕੁਚਲਣ ਲਈ ਵਰਤਦੀਆਂ ਹਨ। ਜਦੋਂ ਉਪਰੋਕਤ ਘਟਨਾਵਾਂ ਮੁਗ਼ਲ ਹਕੂਮਤ ਨੇ ਇਸਲਾਮ ਦੀ ਸੇਵਾ ਤੇ ਬਿਹਤਰੀ ਲਈ ਕਰਨ ਦੀ ਗੱਲ ਕਰ ਕੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਤੇ ਧਾਰਮਿਕ ਲਿਬਾਸ ਵਿਚ ਛੁਪੇ ਸ਼ੈਤਾਨ ਕਾਜ਼ੀ ਤੋਂ ਫਤਵਾ ਜਾਰੀ ਕਰਵਾਇਆ ਤਾਂ ਇਸਲਾਮ ਦੇ ਪੈਰੋਕਾਰਾਂ ਨੇ ਹੀ ਇਸ ਦਾ ਵੱਡੀ ਪੱਧਰ ’ਤੇ ਬੁਰਾ ਮਨਾਇਆ। ਸੈਂਕੜੇ ਸਾਲਾਂ ਤੋਂ ਇਨ੍ਹਾਂ ਘਟਨਾਵਾਂ ਨੇ ਮਨੁੱਖੀ ਮਨ ਨੂੰ ਟੁੰਬਿਆ ਤੇ ਝੰਜੋੜਿਆ ਹੈ ਤੇ ਅਨੇਕਾਂ ਕਵੀਆਂ ਤੇ ਸਾਹਿਤਕਾਰਾਂ ਨੇ ਆਪਣੀਆਂ ਕਲਮਾਂ ਰਾਹੀਂ ਖੂਨ ਦੇ ਅੱਥਰੂ ਰੋਏ ਹਨ। ਪਰ ਜਿੰਨੀ ਸ਼ਿੱਦਤ ਤੇ ਦਰਦ ਨਾਲ ਇਨ੍ਹਾਂ ਘਟਨਾਵਾਂ ਨੂੰ ‘ਅੱਲਾ ਯਾਰ ਖ਼ਾਂ ਜੋਗੀ’ ਨਾਂ ਦੇ ਮੁਸਲਮਾਨ ਕਵੀ ਨੇ ਬਿਆਨ ਕੀਤਾ ਹੈ, ਉਹ ਆਪਣੀ ਮਿਸਾਲ ਆਪ ਹੈ। ਇਹ ਵੀ ਸਥਿਤੀ ਦਾ ਅਲੋਕਾਰ ਵਿਅੰਗ ਹੀ ਹੈ ਕਿ ਮੁਗ਼ਲ ਹਕੂਮਤ ਦੌਰਾਨ ਦੀਵਾਨ ਸੁੱਚਾ ਨੰਦ ਨੇ ਮਾਸੂਮ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਵਿਚ ਮੁੱਖ ਭੂਮਿਕਾ ਨਿਭਾਈ ਜਦ ਕਿ ਮਹਾਨ ਮਨੁੱਖ ਮੋਤੀ ਮਹਿਰੇ ਨੇ ਅਨੇਕਾਂ ਖ਼ਤਰੇ ਸਹੇੜ ਕੇ ਮਾਤਾ ਗੁਜਰੀ ਜੀ ਤੇ ਮਾਸੂਮ ਬੱਚਿਆਂ ਦੀ ਮਹਾਨ ਸੇਵਾ ਕੀਤੀ ਤੇ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਬਦਲੇ ਮਾਤਾ ਜੀ ਤੇ ਬੱਚਿਆਂ ਦੇ ਅੰਤਮ ਸੰਸਕਾਰ ਲਈ ਥਾਂ ਪ੍ਰਾਪਤ ਕੀਤੀ। ਇਨ੍ਹਾਂ ਸਭ ਮਹਾਨ ਸ਼ਖ਼ਸੀਅਤਾਂ ਤੋਂ ਬਿਨਾਂ ਇਤਿਹਾਸ ਦੇ ਪੰਨੇ ਮੁਗ਼ਲ ਹਕੂਮਤ ਦੇ ਅੰਗ ਮੰਨੇ ਜਾਂਦੇ ਮਲੇਰਕੋਟਲੇ ਦੇ ਨਵਾਬ ਮੁਹੰਮਦ ਸ਼ੇਰ ਖ਼ਾਨ ਦੀ ਇਸ ਸਾਕੇ ਵਿਚ ਨਿਭਾਈ ਮਾਨਵੀ ਭੂਮਿਕਾ ਨੂੰ ਹਮੇਸ਼ਾਂ ਲਈ ਸੰਭਾਲੀ ਬੈਠੇ ਹਨ। ਭਾਵੇਂ ਚਮਕੌਰ ਦੀ ਜੰਗ ਵਿਚ ਮੁਹੰਮਦ ਸ਼ੇਰ ਖ਼ਾਨ ਦਾ ਭਰਾ ਨਾਹਰ ਖ਼ਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਦਾ ਨਿਸ਼ਾਨਾ ਬਣ ਕੇ ਮਾਰਿਆ ਗਿਆ ਸੀ ਪਰ ਫਿਰ ਵੀ ਛੋਟੇ ਸਾਹਿਬਜ਼ਾਦਿਆਂ ਦੀ ਹੋਣੀ ਦਾ ਫ਼ੈਸਲਾ ਕਰਨ ਲਈ ਸਰਹਿੰਦ ਦੇ ਕਿਲ੍ਹੇ ਵਿਚ ਜੁੜੀ ਵਜ਼ੀਰ ਖ਼ਾਨ ਦੀ ‘ਚੰਡਾਲ ਚੌਕੜੀ’ ਵੱਲੋਂ ਮਾਸੂਮ ਬੱਚਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰਨ ਦੇ ਫ਼ੈਸਲੇ ਦਾ ਨਵਾਬ ਮਲੇਰਕੋਟਲੇ ਵੱਲੋਂ ਵਿਰੋਧ ਕੀਤਾ ਗਿਆ। ਉਸ ਨੇ ਧਾਰਮਿਕ ਤੁਅੱਸਬ ਤੇ ਜਨੂੰਨ ਵਿਚ ਸੜਦੇ ਵਜ਼ੀਰ ਖ਼ਾਨ ਨੂੰ ਸਮਝਾਉਣ ਦਾ ਯਤਨ ਕੀਤਾ ਸੀ ਕਿ ਇਸਲਾਮ ਪਿਤਾ ਦੇ ਕਸੂਰ ਦਾ ਬਦਲਾ ਉਸ ਦੇ ਮਾਸੂਮ ਬੱਚਿਆਂ ਤੋਂ ਲੈਣ ਦੀ ਆਗਿਆ ਨਹੀਂ ਦਿੰਦਾ। ਉਸ ਨੇ ਵਜ਼ੀਰ ਖ਼ਾਨ ਨੂੰ ਕਿਹਾ ਸੀ ਕਿ ਉਹ ਇਨ੍ਹਾਂ ਮਾਸੂਮਾਂ ਤੋਂ ਬਦਲਾ ਲੈਣ ਦੀ ਥਾਂ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਟੱਕਰ ਲਵੇ ਜਿਸ ਵਿਚ ਉਹ ਉਸ ਦੀ ਹਰ ਮੱਦਦ ਲਈ ਤਿਆਰ ਹੈ। ਜਦੋਂ ਵਜ਼ੀਰ ਖ਼ਾਨ ਤੇ ਉਸ ਦੀ ਚੰਡਾਲ ਚੌਕੜੀ ਆਪਣੇ ਫ਼ੈਸਲੇ ’ਤੇ ਅੜ ਗਈ ਤਾਂ ਇਹ ਸਭਾ ਵਿੱਚੋਂ ਉੱਠ ਆਇਆ ਸੀ। ਇਸ ਤਰ੍ਹਾਂ ਭਾਵੇਂ ਉਹ ਸਾਹਿਬਜ਼ਾਦਿਆਂ ਨੂੰ ਬਚਾ ਨਹੀਂ ਸੀ ਸਕਿਆ ਪਰ ਉਸ ਵੱਲੋਂ ਮਾਸੂਮ ਬੱਚਿਆਂ ਦੇ ਹੱਕ ਵਿਚ ਮਾਰਿਆ ਗਿਆ ‘ਹਾਅ ਦਾ ਨਾਹਰਾ’ ਜ਼ੁਲਮੀਂ ਹਨੇਰੀਆਂ ਵਿਚ ਸਦੀਵੀ ਤੌਰ ’ਤੇ ‘ਠੰਡੀ ਫੁਹਾਰ’ ਬਣ ਕੇ ਤੱਤੀਆਂ ਹਵਾਵਾਂ ਵਿਚ ਮਾਨਵਤਾ ਦਾ ‘ਦੀਪ’ ਜਗਦਾ ਰੱਖ ਰਿਹਾ ਹੈ। ਮੁਹੰਮਦ ਸ਼ੇਰ ਖ਼ਾਨ ਦੀ ਇਸ ਬਹਾਦਰੀ ਨੇ ਸਿੱਖਾਂ ਦੇ ਹਮੇਸ਼ਾਂ ਲਈ ਦਿਲ ਜਿੱਤ ਲਏ।
ਹਰ ਜ਼ਾਲਮ ਜ਼ੁਲਮ ਕਰਨ ਸਮੇਂ ਇਹ ਭੁੱਲ ਜਾਂਦਾ ਹੈ ਕਿ ਸ਼ਕਤੀ ਤੇ ਸੱਤਾ ਦਾ ਸੂਰਜ ਇਕ ਦਿਨ ਡੁੱਬਣਾ ਵੀ ਹੁੰਦਾ ਹੈ। ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੇ ਸਿੱਖਾਂ ਦੇ ਮਨ ਵਿਚ ਬੇਹੱਦ ਗ਼ਮ ਤੇ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ। ਖ਼ੁਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਸਾਹਿਬ ਤੋਂ ਮਾਛੀਵਾੜਾ, ਆਲਮਗੀਰ ਤੇ ਰਾਏਕੋਟ ਤਕ ਪਹੁੰਚ ਕੇ ਰਾਏਕੋਟ ਦੇ ਮੁਸਲਮਾਨ ਸ਼ਾਸਕ ‘ਰਾਏ ਕੱਲ੍ਹਾ’ ਦੇ ਪਾਸ ਰਹਿ ਕੇ ‘ਭਾਈ ਨੂਰਾ ਮਾਹੀ’ ਨੂੰ ਸਰਹਿੰਦ ਭੇਜ ਕੇ ਬੱਚਿਆਂ ਤੇ ਮਾਤਾ ਗੁਜਰੀ ਜੀ ਦਾ ਪਤਾ ਮੰਗਵਾਇਆ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਰਾਏਕੋਟ ਤਕ ਪਹੁੰਚਦਿਆਂ ਸਰਹਿੰਦ ਦੇ ਸੂਬੇਦਾਰ ਦੀ ਕੈਦ ਵਿਚ ਹੋਣ ਤੇ ਰਸੋਈਏ ‘ਗੰਗੂ’ ਦੀ ਬੇਵਫ਼ਾਈ ਬਾਰੇ ਜਾਣਕਾਰੀ ਮਿਲ ਚੁੱਕੀ ਸੀ। ਭਾਈ ਨੂਰੇ ਮਾਹੀ ਨੇ ਸਰਹਿੰਦ ਤੋਂ ਵਾਪਸ ਆ ਕੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ‘ਹੋਣੀ’ ਦੇ ਬੀਤ ਜਾਣ ਤੋਂ ਲੈ ਕੇ ਮਲੇਰਕੋਟਲੇ ਦੇ ਨਵਾਬ ਮੁਹੰਮਦ ਸ਼ੇਰ ਖਾਨ ਬਾਰੇ ਦੱਸਿਆ ਤਾਂ ਮੁਹੰਮਦ ਸ਼ੇਰ ਖ਼ਾਨ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਗੁਰੂ ਜੀ ਨੇ ਬੜੇ ਰੋਹ ਵਿਚ ‘ਦੱਭ’ ਦੇ ਬੂਟੇ ਨੂੰ ਪੁੱਟਦਿਆਂ ਕਿਹਾ ਸੀ ਕਿ ਹੁਣ ਜ਼ਾਲਮ ਮੁਗ਼ਲ ਹਕੂਮਤ ਦੀ ‘ਜੜ੍ਹ ਪੁੱਟੀ’ ਜਾਵੇਗੀ। ਸੱਚਮੁਚ ਹੀ ਪਾਪੀ ਨੂੰ ਮਾਰਨ ਲਈ ਪਾਪ ‘ਮਹਾਂਬਲੀ’ ਹੋ ਨਿੱਬੜਦਾ ਹੈ। ਰਾਏਕੋਟ ਤੋਂ ਅੱਗੇ ਜਾ ਕੇ ‘ਦੀਨਾ ਕਾਂਗੜ’ ਦੀ ਧਰਤੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਇਕ ਜਿੱਤ ਦੀ ਚਿੱਠੀ ‘ਜ਼ਫ਼ਰਨਾਮਾ’ ਲਿਖ ਕੇ ਭੇਜਿਆ ਸੀ ਜਿਸ ਵਿਚ ਔਰੰਗਜ਼ੇਬ ਨੂੰ ਕਾਫ਼ਰ ਤੇ ਜ਼ਾਲਮ ਕਹਿ ਕੇ ਵੰਗਾਰਿਆ ਸੀ ਕਿ ਕੀ ਹੋਇਆ ਜੇ ਚਾਰ ਪੁੱਤਰ ਸ਼ਹੀਦ ਹੋ ਗਏ ਹਨ, ਹਾਲੇ ਕੁੰਡਲੀਆ ਸੱਪ ਖਾਲਸਾ ਜਿਊਂਦਾ ਹੈ। ਇਤਿਹਾਸ ਗਵਾਹ ਹੈ ਕਿ ਖਾਲਸੇ ਦੀ ਅਜਿਹੀ ਚੜ੍ਹਦੀ ਕਲਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਜਿਹੀ ਬੇਬਾਕੀ ਨੂੰ ਪੜ੍ਹ ਕੇ ਔਰੰਗਜ਼ੇਬ ਦੀ ਰੂਹ ਕੰਬ ਉੱਠੀ ਸੀ ਤੇ ਇਸ ਤੋਂ ਬਾਅਦ ਹੀ ਉਸ ਨੇ ਗੁਰੂ ਜੀ ਨੂੰ ਸਤਿਕਾਰ ਸਹਿਤ ਸੁਲ੍ਹਾ ਲਈ ਦੱਖਣ ਵਿਚ ਸੱਦਿਆ ਸੀ ਪਰ ਮੁਗ਼ਲ ਹਕੂਮਤ ਵੱਲੋਂ ਵਜ਼ੀਰ ਖ਼ਾਨ ਵਿਰੁੱਧ ਕੋਈ ਕਾਰਵਾਈ ਨਾ ਕਰਨ ਤੇ ਖਾਲਸੇ ਨੂੰ ਨਾ ਸੌਂਪਣ ’ਤੇ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ਾਲਮਾਂ ਤੋਂ ਗਿਣ-ਗਿਣ ਕੇ ਬਦਲੇ ਲੈਣ ਲਈ ਤੇ ਮੁਗ਼ਲ ਹਕੂਮਤ ਦੀਆਂ ਜੜ੍ਹਾਂ ਹਿਲਾਉਣ ਲਈ ‘ਤੂਫਾਨ’ ਬਣਾ ਕੇ ਭੇਜਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਉੱਤਰੀ ਭਾਰਤ ਵਿੱਚੋਂ ਸ਼ਕਤੀਸ਼ਾਲੀ ਮੁਗ਼ਲ ਹਕੂਮਤ ਨੂੰ ਬੁਰੀ ਤਰ੍ਹਾਂ ਉਖਾੜ ਕੇ ‘ਪਹਿਲਾ ਸਿੱਖ ਰਾਜ’ ਸਥਾਪਤ ਕੀਤਾ ਸੀ ਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਚੜ੍ਹਤ ਸਮੇਂ ਜਦੋਂ ਕੈਥਲ, ਸਮਾਣਾ, ਸ਼ਾਹਬਾਦ, ਮੁਸਤਫਾਬਾਦ, ਸਢੌਰਾ ਤੇ ਸਰਹਿੰਦ ਦੇ ਮੁਗ਼ਲ ਸ਼ਾਸਕਾਂ ਦੇ ਰਾਜ ਢਹਿ-ਢੇਰੀ ਕੀਤੇ ਗਏ ਸਨ, ਮੁਹੰਮਦ ਸ਼ੇਰ ਖ਼ਾਨ ਦੀ ਮੁਸਲਿਮ ਰਿਆਸਤ ਨੂੰ ਪੂਰੀ ਤਰ੍ਹਾਂ ਸੁਰੱਖਿਆ ਦੇ ਕੇ ਨਵਾਬ ਸਾਹਿਬ ਦੇ ‘ਹਾਅ ਦੇ ਨਾਹਰੇ’ ਦਾ ਅਦਬ ਕੀਤਾ ਗਿਆ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਸਿੱਖ ਮਿਸਲਾਂ ਦੇ ‘ਲਹੂ ਵੀਟਵੇਂ’ ਸੰਘਰਸ਼ ਦੌਰਾਨ ਵੀ ਮਲੇਰਕੋਟਲਾ ਰਿਆਸਤ ਦੇ ਹਾਕਮਾਂ ਤੇ ਲੋਕਾਂ ਪ੍ਰਤੀ ਖਾਲਸੇ ਦੀ ਕਿਰਪਾ-ਦ੍ਰਿਸ਼ਟੀ ਬਰਕਰਾਰ ਰਹੀ। ਕੁੱਪ-ਰੋਹੀੜਾ ਤੇ ਕੁੱਤਬਾ-ਬਾਹਮਣੀਆਂ ਵਿਚ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਵੱਲੋਂ ਜਿਨ੍ਹਾਂ ਦੀ ਮੱਦਦ ਮਲੇਰਕੋਟਲਾ ਤੇ ਹੋਰ ਇਲਾਕਿਆਂ ਦੇ ਸ਼ਾਸਕ ਕਰ ਰਹੇ ਸਨ, ਵੱਡੇ ਘੱਲੂਘਾਰੇ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾ ਕੇ ਵੀ ਖਾਲਸੇ ਦਾ ਨਿਸ਼ਾਨਾ ਅਬਦਾਲੀ ਬਣਿਆ ਜਿਸ ਨੂੰ ਅਗਲੇ ਹੀ ਸਾਲ 1763 ਵਿਚ ਖਾਲਸਾ ਫੌਜਾਂ ਨੇ ਬੁਰੀ ਤਰ੍ਹਾਂ ਹਰਾਇਆ ਸੀ। ‘ਹਾਅ ਦੇ ਨਾਹਰੇ’ ਨਾਲ ਜੁੜੇ ਸਿੱਖ ਜਜ਼ਬਾਤਾਂ ਦੀ ਪਰਖ ਦੇਸ਼ ਦੀ ਵੰਡ ਸਮੇਂ ਵਾਪਰੇ ਭਿਆਨਕ ਫ਼ਿਰਕੂ ਫ਼ਸਾਦਾਂ ਸਮੇਂ ਵੀ ਇਤਿਹਾਸ ਨੇ ਕਰ ਕੇ ਵੇਖੀ ਹੈ। ਜਦੋਂ ਸਾਰਾ ਪੰਜਾਬ ਫ਼ਿਰਕੂ ਅੱਗ ਵਿਚ ਸੜ ਰਿਹਾ ਸੀ ਉਦੋਂ ਮਲੇਰਕੋਟਲਾ ਰਿਆਸਤ ਹਾਅ ਦੇ ਨਾਹਰੇ ਦੀਆਂ ਠੰਡੀਆਂ ਫੁਹਾਰਾਂ ਨਾਲ ਸ਼ਾਂਤ ਵੱਸ ਰਹੀ ਸੀ। ਸਿੱਖ ਮਿਸਲਾਂ ਤੋਂ ਬਾਅਦ ਉਸਰੇ ਸ਼ਕਤੀਸ਼ਾਲੀ ‘ਸਿੱਖ ਸਾਮਰਾਜ’ ਤੋਂ ਬਿਨਾਂ ਸਤਲੁਜ ਦੇ ਪੂਰਬ-ਦੱਖਣ ਦੀਆਂ ਸਿੱਖ ਰਿਆਸਤਾਂ ਕਪੂਰਥਲਾ, ਫਰੀਦਕੋਟ, ਪਟਿਆਲਾ, ਨਾਭਾ, ਜੀਂਦ ਆਦਿ ਦੇ ਐਨ ਵਿਚਕਾਰ ਕੇਵਲ ਮਲੇਰਕੋਟਲਾ ਮੁਸਲਿਮ ਰਿਆਸਤ ਗੁਲਦਸਤੇ ਵਾਂਗ ਸੁਸ਼ੋਭਿਤ ਰਹੀ ਤੇ ਪੂਰੇ ਸਿੱਖ ਸਮਾਜ ਵੱਲੋਂ ਸਤਿਕਾਰੀ ਜਾਂਦੀ ਰਹੀ। ਦੇਸ਼ ਦੀ ਵੰਡ ਸਮੇਂ ਵੀ ਮੁਹੰਮਦ ਸ਼ੇਰ ਖ਼ਾਨ ਜੀ ਦੀ ਖਾਲਸੇ ਪ੍ਰਤੀ ਭਾਵਨਾ ਤੇ ਸਾਹਿਬਜ਼ਾਦਿਆਂ ਪ੍ਰਤੀ ਮਾਰੇ ‘ਹਾਅ ਦੇ ਨਾਹਰੇ’ ਦੀ ਪੂਰੀ ਕਦਰ ਸੀ।
1947 ਵਿਚ ਸਾਰੇ ਪੰਜਾਬ ਵਿੱਚੋਂ ਲੱਖਾਂ ਆਦਮੀਆਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਤੇ ਕਰੋੜਾਂ ਲੋਕ ਇੱਧਰੋਂ-ਉਧਰ ਤੇ ਉਧਰੋਂ-ਇੱਧਰ ਧੱਕੇ ਗਏ ਪਰ ਰਿਆਸਤ ਮਲੇਰਕੋਟਲਾ ਗੁਰੂ ਦੀ ਕਿਰਪਾ ਨਾਲ ਪੂਰੀ ਤਰ੍ਹਾਂ ਸੁਰੱਖਿਅਤ ਹੋ ਕੇ ਅੱਜ ਵੀ ਉਸੇ ਰੂਪ ਵਿਚ ਸੁਭਾਇਮਾਨ ਹੈ। ਪੂਰੇ ਭਾਰਤੀ ਉਪ-ਮਹਾਂਦੀਪ ਵਿਚ ਮਲੇਰਕੋਟਲਾ ਰਿਆਸਤ ਅੱਜ ਵੀ ਫ਼ਿਰਕੂ ਇਕਸੁਰਤਾ ਦੀ ਜੀਵੰਤ ਉਦਾਹਰਣ ਹੈ ਜੋ 1947 ਤੋਂ ਪਹਿਲਾਂ ਦੇ ਭਾਰਤੀ ਸਮਾਜ ਦਾ ਉੱਤਮ ਨਮੂਨਾ ਹੈ।
ਲੇਖਕ ਬਾਰੇ
ਪਿੰਡ ਤੇ ਡਾਕ: ਜਲਾਲਦੀਵਾਲ, ਤਹਿ. ਰਾਏਕੋਟ ਲੁਧਿਆਣਾ
- ਸ. ਨਿਰਪਾਲ ਸਿੰਘ ਜਲਾਲਦੀਵਾਲhttps://sikharchives.org/kosh/author/%e0%a8%b8-%e0%a8%a8%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%9c%e0%a8%b2%e0%a8%be%e0%a8%b2%e0%a8%a6%e0%a9%80%e0%a8%b5%e0%a8%be%e0%a8%b2/November 1, 2007
- ਸ. ਨਿਰਪਾਲ ਸਿੰਘ ਜਲਾਲਦੀਵਾਲhttps://sikharchives.org/kosh/author/%e0%a8%b8-%e0%a8%a8%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%9c%e0%a8%b2%e0%a8%be%e0%a8%b2%e0%a8%a6%e0%a9%80%e0%a8%b5%e0%a8%be%e0%a8%b2/November 1, 2010