editor@sikharchives.org
Guru Nanak Sahib Di Bani Vich Babar Sanbandi Shabada Da Dharam-Darshan Pripekh

ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਬਾਬਰ ਸੰਬੰਧੀ ਸ਼ਬਦਾਂ ਦਾ ਧਰਮ-ਦਰਸ਼ਨ ਪਰਿਪੇਖ

ਗੁਰਬਾਣੀ ਦਾ ਮੁੱਖ ਮਨੋਰਥ ਮਨੁੱਖ ਤੇ ਅਕਾਲ ਪੁਰਖ ਵਿਚ ਸੰਬੰਧਾਂ ਨੂੰ ਜੋੜਨਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

‘ਰਾਗੁ ਆਸਾ ਮਹਲਾ 1 ਅਸਟਪਦੀਆ ਘਰੁ 3’ ਦੇ ਸੰਕੇਤ ਅਧੀਨ ਆਈਆਂ ਦੋ ਅਸਟਪਦੀਆਂ ਸਿਰਲੇਖ ਤੋਂ ਬਿਨਾਂ ਹਨ। ਡਾ. ਤਾਰਨ ਸਿੰਘ ‘ਗੁਰੂ ਨਾਨਕ ਬਾਣੀ ਪ੍ਰਕਾਸ਼’ (ਭਾਗ ਪਹਿਲਾ) ਵਿਚ ਇਕ ਨੋਟ ਲਿਖਦੇ ਹਨ ਕਿ “ਇਹ ਤੇ ਅਗਲੀ ਅਸਟਪਦੀ ਬਾਬਰ ਦੇ ਸੰਨ 1521 ਈ. ਵਾਲੇ ਐਮਨਾਬਾਦ ਉੱਤੇ ਹਮਲੇ ਵੇਲੇ ਉਚਾਰਨ ਹੋਈਆਂ ਉਸ ਸਮੇਂ ਜੋ ਦੇਸ਼ ਦੀ ਦੁਰਦਸ਼ਾ ਹੋਈ, ਜੋ ਹਿੰਦੂ ਤੇ ਮੁਸਲਮਾਨ ਇਸਤਰੀਆਂ ਦੀ ਬੇਪਤੀ ਹੋਈ ਤੇ ਜੋ ਰਣਵਾਸਾਂ ਦਾ ਹਾਲ ਹੋਇਆ ਉਹ ਗੁਰੂ ਜੀ ਨੇ ਅੱਖੀਂ ਡਿੱਠਾ ਅਤੇ ਆਪਣੇ ਦੇਸ਼-ਵਾਸੀਆਂ ਦੇ ਦੁਖੜੇ ਇਨ੍ਹਾਂ ਸ਼ਬਦਾਂ ਵਿਚ ਬਿਆਨ ਕੀਤੇ।”1 ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਇਨ੍ਹਾਂ ਅਸਟਪਦੀਆਂ ਬਾਰੇ ਕੋਈ ਜ਼ਿਕਰ ਨਹੀਂ। ਕੇਵਲ ਇਹੀ ਹੈ ਕਿ ਇਹ ਦੋਵੇਂ ਸ਼ਬਦ ਬਾਬਰ ਦੇ 1521 ਈ. ਵਾਲੇ ਐਮਨਾਬਾਦ ਉੱਤੇ ਹਮਲੇ ਵੇਲੇ ਉਚਾਰਨ ਹੋਈ।2 ਭਾਈ ਵੀਰ ਸਿੰਘ ਜੀ ਇਸ ਸੰਬੰਧ ਵਿਚ ਲਿਖਦੇ ਹਨ “ਇਹ ਸ਼ਬਦ ਬਾਬਰ ਦੀ ਸੈਦਪੁਰ ਸੰਡਯਾਲੀ ਦੇ ਕਤਲੇਆਮ ਤੇ ਲੁੱਟਮਾਰ ਦੀ ਦਸ਼ਾ ਦੇਖ ਕੇ ਰਚੇ ਗਏ ਮੰਨੇ ਜਾਂਦੇ ਹਨ। ਬੜੇ ਦਿਲਾਂ ਨੂੰ ਟੁੰਬਣ ਵਾਲੇ ਅੱਖਰਾਂ ਵਿਚ ਬਾਬਰ ਦੇ ਕਹਿਰ ਤੇ ਜ਼ੁਲਮ ਨਿਰੂਪਣ ਕੀਤੇ ਹਨ।”3 ਕਾਵਿ-ਰੂਪ ਵਿਚ ਇਹ ਦੋ ਅਸਟਪਦੀਆਂ ਹਨ। ਵਿਸ਼ੇ-ਸਰੂਪ ਤੋਂ ਇਹ ਦੋਵੇਂ ਅਸਟਪਦੀਆਂ ਸ਼ਬਦ ਬਹੁ-ਸਰੂਪੀ ਵਿਸ਼ਿਆਂ ਨਾਲ ਭਰਪੂਰ ਹਨ। ਇਨ੍ਹਾਂ ਸ਼ਬਦਾਂ ਦੀ ਧਾਰਮਿਕ, ਰਾਜਨੀਤਿਕ, ਇਤਿਹਾਸਕ, ਸਮਾਜਿਕ, ਸਭਿਆਚਾਰਕ ਤੇ ਸੁਹਜ ਪੱਖ ਤੋਂ ਵੀ ਵਿਸ਼ੇਸ਼ ਮਹੱਤਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਇਨ੍ਹਾਂ ਦੋਹਾਂ ਸ਼ਬਦਾਂ ਦੇ ਨਾਲ-ਨਾਲ ਦੋ ਹੋਰ ਸ਼ਬਦ ਮਿਲਦੇ ਹਨ ਜਿਨ੍ਹਾਂ ਦੀ ਧਾਰਮਿਕ, ਰਾਜਨੀਤਿਕ ਤੇ ਇਤਿਹਾਸਕ ਪਿੱਠਭੂਮੀ ਇਨ੍ਹਾਂ ਨਾਲ ਮਿਲਦੀ-ਜੁਲਦੀ ਹੈ। ਪਹਿਲਾ ਸ਼ਬਦ ਰਾਗ ਆਸਾ ਵਿਚ ਹੈ:

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥ (ਪੰਨਾ 360)

ਦੂਜਾ ਸ਼ਬਦ ਰਾਗ ਤਿਲੰਗ ਵਿਚ ਹੈ:

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ (ਪੰਨਾ 722)

ਹਥਲੇ ਪਰਚੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਇਨ੍ਹਾਂ ਸ਼ਬਦਾਂ ਦੀ ਧਰਮ-ਦਰਸ਼ਨ ਦੇ ਪਰਿਪੇਖ ਵਿਚ ਵਿਚਾਰ ਕਰਨੀ ਹੈ। ਇਨ੍ਹਾਂ ਸ਼ਬਦਾਂ ਦੀ ਇਤਿਹਾਸਕ ਤੇ ਰਾਜਨੀਤਿਕ ਤੌਰ ’ਤੇ ਭਾਵੇਂ ਆਪਣੀ ਮਹੱਤਤਾ ਹੈ ਪਰ ਇਹ ਇਤਿਹਾਸਕ ਤੇ ਰਾਜਨੀਤਿਕ ਵਿਚਾਰ ਧਾਰਮਿਕ ਪਰਿਪੇਖ ਵਿਚ ਹੀ ਰੱਖ ਕੇ ਕੀਤੀ ਜਾਣੀ ਚਾਹੀਦੀ ਹੈ। ਇਸ ਲਈ ਧਰਮ-ਦਰਸ਼ਨ ਪਰਿਪੇਖ ਵਿਚ ਅਧਿਐਨ ਦਾ ਮਹੱਤਵ ਹੋਰ ਵਧ ਜਾਂਦਾ ਹੈ। ਗੁਰਬਾਣੀ ਦਾ ਮੁੱਖ ਮਨੋਰਥ ਮਨੁੱਖ ਤੇ ਅਕਾਲ ਪੁਰਖ ਵਿਚ ਸੰਬੰਧਾਂ ਨੂੰ ਜੋੜਨਾ ਹੈ। ਸੰਬੰਧਾਂ ਦੀ ਵਿੱਥ ਲਈ ਜੋ ਕਾਰਨ ਤੇ ਹਾਲਾਤ ਜ਼ਿੰਮੇਵਾਰ ਹੁੰਦੇ ਹਨ, ਬਾਣੀ ਵਿਚ ਉਨ੍ਹਾਂ ਨੂੰ ਥਾਂ-ਪਰ-ਥਾਂ ਵਿਚਾਰਿਆ ਗਿਆ ਹੈ। ‘ਧਰਮ-ਦਰਸ਼ਨ ਦੇ ਪਰਿਪੇਖ’ ਵਿਚ ਜਦੋਂ ਕਿਸੇ ਰਚਨਾ ਦਾ ਅਧਿਐਨ ਹੁੰਦਾ ਹੈ ਤਾਂ ਉਸ ਦੀਆਂ ਆਪਣੀਆਂ ਸੀਮਾਵਾਂ ਤੇ ਵਿਧੀਆਂ ਹੁੰਦੀਆਂ ਹਨ। ਧਰਮ ਤੇ ਦਰਸ਼ਨ ਦੋਵੇਂ ਵੱਖਰੇ-ਵੱਖਰੇ ਹੁੰਦੇ ਵੀ ਇਕ ਥਾਂ ਮਿਲ ਜਾਂਦੇ ਹਨ। ਧਰਮ ਦਾ ਅਸਲਾ ਧਰਮ ਸਾਧਨਾ ਹੈ। ਧਰਮ ਦਾ ਨਿੱਜੀ ਅਨੁਭਵ ਕੇਵਲ ਸਾਧਕ ਨੂੰ ਹੁੰਦਾ ਹੈ ਨਾ ਕਿ ਦਰਸ਼ਕ, ਨਿਰੀਖਕ ਜਾਂ ਚਿੰਤਕ ਨੂੰ ਇਹ ਮਾਣੀ ਜਾਣ ਵਾਲੀ ਕਿਰਿਆ ਹੈ।4 ਪਰ ਜਦੋਂ ਕਦੇ ਧਰਮ ਵਿਚ ਬੌਧਿਕ ਦ੍ਰਿਸ਼ਟੀ ਤੋਂ ਕੋਈ ਸਮੱਸਿਆ ਜਾਂ ਅਧਿਐਨ ਦੀ ਗੱਲ ਹੋਵੇ ਤਾਂ ਧਰਮ ਦਾ ਚਿੰਤਨ ਅੱਗੇ ਆ ਜਾਂਦਾ ਹੈ। ਧਰਮ ਦੇ ਚਿੰਤਨ ਦੀਆਂ ਅੱਗੇ ਵਿਗਿਆਨਕ ਵਿਧੀਆਂ ਹਨ। ਇਨ੍ਹਾਂ ਵਿਚ ਪ੍ਰਮੁੱਖ ਹਨ-ਇਤਿਹਾਸਕ ਵਿਧੀ, ਸਮਾਜ ਵਿਗਿਆਨਕ, ਮਨੋਵਿਗਿਆਨਕ, ਅੰਤਰਬੋਧੀ-ਪਹੁੰਚ ਬੋਧੀ,ਦ੍ਰਿਸ਼ਗਿਆਨਵਾਦੀ ਵਿਧੀ, ਧਰਮ-ਦਰਸ਼ਨ ਵਿਧੀ ਅਤੇ ਧਰਮ ਮੀਮਾਂਸਾ ਆਦਿ।5 ‘ਧਰਮ ਦਾ ਦਰਸ਼ਨ’ ਧਰਮ ਦੇ ਸੰਬੰਧਿਤ ਸੰਕਲਪਾਂ, ਵਿਸ਼ਵਾਸਾਂ ਤੇ ਸਿਧਾਂਤਾਂ ਨੂੰ ਦਾਰਸ਼ਨਿਕ ਦ੍ਰਿਸ਼ਟੀਕੋਣ ਤੋਂ ਜਾਂਚਦਾ ਤੇ ਪਰਖਦਾ ਹੈ।6 ਸੱਚਾਈ ਦੀ ਖੋਜ ਲਈ ਦਰਸ਼ਨ ਆਪਣੀ ਪ੍ਰਕਿਰਤੀ ਕਰਕੇ ਰੁੱਖਾ ਲੱਗਦਾ ਹੈ ਪਰ ਇਹ ਉਦੇਸ਼- ਮੂਲਕ ਵੀ ਹੈ। ਡਾ. ਵਜ਼ੀਰ ਸਿੰਘ ਦਾ ਕਥਨ ਹੈ ਕਿ-ਫ਼ਲਸਫਾ ਕੇਵਲ ਸੱਚਾਈ ਤੇ ਵਿਆਖਿਆ ਤਕ ਸੀਮਤ ਨਹੀਂ, ਇਹ ਚੰਗੇਰੇ ਜੀਵਨ ਦਾ ਪੱਥ-ਪ੍ਰਦਰਸ਼ਕ ਵੀ ਹੈ। ਇਸ ਕਥਨ ਵਿਚ ਮਨੁੱਖ ਦੇ ਸਭਿਆਚਾਰ ਦਾ ਤੱਤ ਛੁਪਿਆ ਪਿਆ ਹੈ। ਇਹ ਮਨੁੱਖ ਦੇ ਬੌਧਿਕ ਜੀਵਨ ਦਾ, ਸੱਚਾਈ ਦੀ ਪ੍ਰੀਤ ਦਾ ਪ੍ਰਤੀਨਿਧ ਹੈ। ਫ਼ਲਸਫ਼ਾ ਜੀਵਨ-ਜਾਚ ਨਾ ਸਿਖਾਏ, ਕਦਰਾਂ-ਕੀਮਤਾਂ ਦੀ ਸੂਝ ਨਾ ਦੇਵੇ, ਮਨੁੱਖਤਾ ਨੂੰ ਆਪਣੀ ਹੋਣੀ ਬਾਰੇ ਸੁਚੇਤ ਨਾ ਕਰੇ ਤਾਂ ਸਮੁੱਚੇ ਵਿਸ਼ਵ ਜਾਂ ਪਰਾਭੌਤਿਕ ਹਸਤੀ ਸੰਬੰਧੀ ਇਸ ਦੀ ਕਿਆਸਕਾਰੀ ਮਨੁੱਖੀ ਜੀਵਨ ਲਈ ਅਰਥਹੀਣ ਹੋਵੇਗੀ।7 ਕਿਸੇ ਧਰਮ-ਗ੍ਰੰਥ ਦੀ ਬਾਣੀ ਦਾ ਅਧਿਐਨ ਦੋ ਤਰ੍ਹਾਂ ਹੁੰਦਾ ਹੈ। ਪਹਿਲਾ ਸ਼ਰਧਾ ਤੇ ਵਿਸ਼ਵਾਸ, ਦੂਜਾ ਬੁੱਧ ਬਿਬੇਕ ਨਾਲ ਹੁੰਦਾ ਹੈ। “ਦਾਰਸ਼ਨਿਕ ਵਿਧੀ ਸਮੁੱਚੇ ਰੂਪ ਵਿਚ ਵਿਵੇਕਸ਼ੀਲ ਵਿਧੀ ਹੈ ਅਤੇ ਦਰਸ਼ਨ ਬੌਧਿਕਤਾ ਦੇ ਲੜ ਨੂੰ ਪੀਡੀ ਗੰਢ ਪਾ ਕੇ ਰੱਖਦਾ ਹੈ।”8 ਜਦੋਂ ਅਸੀਂ ਇਨ੍ਹਾਂ ਸ਼ਬਦਾਂ ਨੂੰ ਇਸ ਵਿਧੀ ਰਾਹੀਂ ਅਧਿਐਨ ਕਰਦੇ ਹਾਂ ਤਾਂ ਹੇਠ ਲਿਖੇ ਵਿਚਾਰ ਪ੍ਰਸਤੁਤ ਹੁੰਦੇ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਇਹ ਸ਼ਬਦ ਧਰਮ-ਦਰਸ਼ਨ ਪੱਖ ਤੋਂ ਵਿਚਾਰ ਕਰਦਿਆਂ ‘ਅਕਾਲ ਪੁਰਖ ਤੇ ਮਨੁੱਖ’ ਦੋ ਧਿਰਾਂ ਸਾਹਮਣੇ ਆਉਂਦੀਆਂ ਹਨ। ਮਨੁੱਖ ਤੇ ਅਕਾਲ ਪੁਰਖ ਵਿਚ ਪਈ ਵਿੱਥ ਨੂੰ ਮਿਟਾ ਕੇ ਸਾਂਝ ਤੇ ਇਕਮਿਕਤਾ ਗੁਰਬਾਣੀ ਦਾ ਆਸ਼ਾ ਹੈ। ਇਹ ਸਾਂਝ ਕਿਵੇਂ ਟੁੱਟਦੀ ਹੈ, ਮਨੁੱਖ ਦੀ ਹੋਣੀ ਦੀ ਇਹ ਸਮੱਸਿਆ ਇਸ ਬਾਣੀ ਵਿਚ ਪੇਸ਼ ਹੋਈ ਹੈ। ਬੁਨਿਆਦੀ ਪ੍ਰਸ਼ਨਾਂ ਵਿਚ ਅਕਾਲ ਪੁਰਖ ਤੇ ਮਨੁੱਖ ਦੇ ਸੰਬੰਧ ਵਿਚ ਹਸਤੀ ਤੇ ਹੋਂਦ ਦੀ ਸਮੱਸਿਆ ਉੱਘੜ ਕੇ ਮੁੱਖ ਰੂਪ ਵਿਚ ਸਾਹਮਣੇ ਆਉਂਦੀ ਹੈ। ਅਕਾਲ ਪੁਰਖ ਦੀ ਬੇਅੰਤਤਾ, ਅਸੀਮ ਸ਼ਕਤੀਆਂ ਤੇ ਖੁਸ਼ੀ ਇਕ ਪਾਸੇ ਹੈ ਦੂਜੇ ਪਾਸੇ ਮਨੁੱਖ ਦੀ ਆਪਣੀ ਹੋਣੀ, ਉਸ ਦੁਆਰਾ ਸਹੇੜੇ ਜਾਂ ਕੀਤੇ ਕਾਰਜਾਂ ਅਤੇ ਉਸ ਤੋਂ ਜੋ ਉਸ ਦਾ ਸੁਭਾਅ ਬਣਦਾ ਹੈ ਬਾਰੇ ਚਰਚਾ ਇਸ ਬਾਣੀ ਵਿਚ ਹੋਈ ਹੈ। ਮਨੁੱਖ ਦੀ ਲਾਚਾਰ ਹੋਣੀ ਬਣਾਉਣ ਦੇ ਸਹਾਇਕ ਕਾਰਨ ਵੀ ਸਾਹਮਣੇ ਆਉਂਦੇ ਹਨ। ਇਸ ਦੇ ਸੰਕੇਤਕ ਹੱਲ ਵੀ ਇਸ ਵਿਚ ਸੰਮਿਲਤ ਹਨ।

ਅਕਾਲ ਪੁਰਖ ਦੇ ਸਰੂਪ ਨੂੰ ਚਿਤਰਦਿਆਂ ਬਾਣੀ ਦੇ ਇਨ੍ਹਾਂ ਸ਼ਬਦਾਂ ਵਿਚ ਉਸ ਨੂੰ ‘ਆਦਿ’ ਮੁੱਢ ਮੰਨਿਆ ਗਿਆ ਹੈ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਬੇਅੰਤ ਹੈ ਅਤੇ ਕਈ ਤਰ੍ਹਾਂ ਦੇ ਕੌਤਕਾਂ ਨੂੰ ਵਰਤਾਉਂਦਾ ਹੈ। ਇਨ੍ਹਾਂ ਕੌਤਕਾਂ ਦਾ ਭੇਦ ਮਨੁੱਖ ਦੇ ਪਹੁੰਚ-ਖੇਤਰ ਤੋਂ ਪਰ੍ਹੇ ਹੈ:

ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ॥ (ਪੰਨਾ 417)

ਉਸ ਦੇ ਭਾਣੇ ਜਾਂ ਕੌਤਕ ਭਾਵੇਂ ਬੇਅੰਤ ਹਨ, ਉਨ੍ਹਾਂ ਦੀ ਥਾਹ ਵੀ ਅਸੰਭਵ ਹੈ ਪਰ ਉਸ ਸਰਬ-ਸਮਰੱਥ ਨੂੰ ਜੇ ਭਾ ਜਾਵੇ ਤਾਂ ਉਹ ਵਡਿਆਈਆਂ ਦੇ ਭੰਡਾਰ ਵੀ ਬਖਸ਼ ਦਿੰਦਾ ਹੈ। ਜੇ ਉਸ ਦੀ ਰਜ਼ਾ ਹੋਵੇ ਤਾਂ ਵਡਿਆਈਆਂ ਖੋਹ ਕੇ ਸਜ਼ਾ ਵੀ ਦੇ ਸਕਦਾ ਹੈ:

ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ॥ (ਉਹੀ)

ਅਕਾਲ ਪੁਰਖ ਸਭ ਨੂੰ ਆਪਣੀ ਇੱਛਾ ਅਨੁਸਾਰ ਰਜ਼ਾ ਵਿਚ ਚਲਾਉਂਦਾ ਹੈ। ਸਭ ਕਾਰਜ ਉਸ ਦੀ ਮਰਜ਼ੀ ਅਨੁਸਾਰ ਹੁੰਦੇ ਹਨ। ਸਭ ਦੁੱਖ-ਸੁਖ ਉਸ ਦੇ ਭਾਣੇ ਅਨੁਸਾਰ ਹੀ ਮਿਲਦੇ ਹਨ:

ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ॥
ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ॥ (ਪੰਨਾ 418)

ਅਕਾਲ ਪੁਰਖ ਆਪਣੀ ਮਰਜ਼ੀ ਦਾ ਪ੍ਰਗਟਾਵਾ ਕਰਨ ਦਾ ਢੰਗ ਆਪੇ ਬਣਾ ਲੈਂਦਾ ਹੈ:

ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥ (ਪੰਨਾ 360)

ਅਕਾਲ ਪੁਰਖ ਹੀ ਸੰਸਾਰ ਦਾ ਕਰਤਾ ਹੈ,

ਕਰਤਾ ਤੂੰ ਸਭਨਾ ਕਾ ਸੋਈ॥ (ਪੰਨਾ 360)

ਰੰਗ-ਤਮਾਸ਼ੇ ਸਭ ਉਸੇ ਦੇ ਬਣਾਏ ਹੋਏ ਹਨ। ਉਸ ਨੇ ਹੀ ਸੰਸਾਰ ਨੂੰ ਮਾਇਆ ਦੇ ਮੋਹ ਵਿਚ ਪਰਵਿਰਤ ਕੀਤਾ ਹੋਇਆ ਹੈ ਪਰ ਉਹ ਨਿਰਲੇਪ ਰਹਿ ਕੇ ਸਭ ਘਟਨਾਵਾਂ ਤੇ ਰੰਗ-ਤਮਾਸ਼ਿਆਂ ਨੂੰ ਵੇਖਦਾ ਹੈ:

ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ॥ (ਪੰਨਾ 723)

ਉਸ ਦੇ ਨਿਯਮ ਅਟੱਲ ਹਨ, ਉਸ ਦਾ ਨਿਆਉਂ ਅਟੱਲ ਹੈ, ਹੁਕਮ ਅਟੱਲ ਹੈ। ਉਹ ਛਿਨ-ਪਲ ਵਿਚ ਜਗਤ ਪੈਦਾ ਅਤੇ ਤਬਾਹ ਕਰਨ ਦੇ ਸਮਰੱਥ ਹੈ। ਇਸ ਤਰ੍ਹਾਂ ਅਕਾਲ ਪੁਰਖ ਨੂੰ ਬਾਬਰਵਾਣੀ ਵਿਚ ਸਰਬ-ਸਮਰੱਥ ਸ਼ਕਤੀ ਵਜੋਂ ਮੰਨਿਆ ਗਿਆ ਹੈ। ਇਸ ਸਰਬ-ਸਮਰੱਥ ਸ਼ਕਤੀਮਾਨ ਅਕਾਲ ਪੁਰਖ ਨਾਲ ਮਨੁੱਖ ਦਾ ਮਿਲਾਪ ਜ਼ਰੂਰੀ ਹੈ ਪਰ ਜਦੋਂ ਮਿਲਾਪ ਟੁੱਟ ਜਾਂਦਾ ਹੈ ਤਾਂ ਖੁਆਰੀ ਸ਼ੁਰੂ ਹੋ ਜਾਂਦੀ ਹੈ। ਇਹ ਖੁਆਰੀ ਹੀ ਇਸ ਬਾਣੀ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਖੁਆਰੀ ਦਾ ਕਾਰਨ ਅਕਾਲ ਪੁਰਖ ਦੇ ਨਾਮ ਨੂੰ ਭੁੱਲਣਾ ਜਾਂ ਵਿਸਾਰਨਾ ਹੈ:

ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥…
ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ॥ (ਪੰਨਾ 417)

ਇਸ ਬਾਬ ਜਾਂ ਖੁਆਰੀ ਦਾ ਮੁੱਖ ਕਾਰਨ ਜਿੱਥੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਭੁਲਾਉਣਾ ਹੈ ਓਥੇ ਇਸ ਦੇ ਸਹਾਇਕ ਕਾਰਨ ਵੀ ਹਨ। ਇਨ੍ਹਾਂ ਸਹਾਇਕ ਕਾਰਨਾਂ ਵਿਚ ਮਾਇਆ, ਹਉਮੈ, ਹੰਕਾਰ ਅਤੇ ਦੁਨਿਆਵੀ ਰੰਗ-ਤਮਾਸ਼ੇ ਆਦਿ ਸ਼ਾਮਲ ਹਨ। ਮਾਇਆ ਤੇ ਹੰਕਾਰ ਆਦਿ ਵਿਕਾਰਾਂ ਦੇ ਕਾਰਨ ਹੀ ਉਸ ਦਾ ਚੇਤਾ ਵਿੱਸਰਦਾ ਹੈ। ਇਨ੍ਹਾਂ ਸ਼ਬਦਾਂ ਅਨੁਸਾਰ ਮਾਇਆ ਦੇ ਕਾਰਨ ਖੁਆਰੀ ਹੁੰਦੀ ਹੈ:

ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥ (ਪੰਨਾ 417)

ਦਾਰਸ਼ਨਿਕ ਪਰਿਪੇਖਾਂ ਵਿਚ ‘ਮਾਇਆ’ ਇਕ ਮਹੱਤਵਪੂਰਨ ਅਰਥ ਰੱਖਦੀ ਹੈ। ਮਾਇਆ ਦੀ ਲੱਛਣ-ਪ੍ਰਕ੍ਰਿਤੀ ਇਹ ਹੈ ਕਿ ਇਹ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ ਅਤੇ ਇਕੱਠੀ ਕਰਨ ਵਾਲੇ ਦੀ ਮੌਤ ਦੇ ਨਾਲ ਹੀ ਸਾਥ ਛੱਡ ਦਿੰਦੀ ਹੈ:

ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥ (ਪੰਨਾ 417)

ਅਕਾਲ ਪੁਰਖ ਨਾਲ ਸੰਬੰਧ ਟੁੱਟਣ ਜਾਂ ਨਾ ਬਣਨ ਦੇਣ ਵਿਚ ਮਨੁੱਖ ਦੀ ਹਉਮੈ ਅਤੇ ਹੰਕਾਰ ਪ੍ਰਮੁੱਖ ਹਨ। ਬਾਬਰਵਾਣੀ ਦੇ ਧਰਮ-ਦਰਸ਼ਨ ਪਰਿਪੇਖ ਵਿਚ ਇਸ ਦੀ ਪ੍ਰਕਿਰਤੀ ਤੇ ਕਾਰਨ ਨੂੰ ਵੇਖਿਆ ਜਾ ਸਕਦਾ ਹੈ। ਮਾਇਆ ਦੇ ਪ੍ਰਭਾਵ ਕਰਕੇ ਮਨੁੱਖ ਵਿਕਾਰੀ ਹੋ ਜਾਂਦਾ ਹੈ। ਇਨ੍ਹਾਂ ਵਿਕਾਰਾਂ ਵਿਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਪ੍ਰਮੁੱਖ ਹਨ ਪਰ ਆਦਮੀ ਉੱਤੇ ਹੰਕਾਰ ਦਾ ਵਿਕਾਰ ਸਭ ਤੋਂ ਵੱਧ ਪ੍ਰਭਾਵੀ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਸ ਬਾਣੀ ਵਿਚ ਦਰਸਾਇਆ ਹੈ ਕਿ ਮਨੁੱਖ ਕਈ ਤਰ੍ਹਾਂ ਦੇ ਹੰਕਾਰ ਵਿਚ ਫਸ ਜਾਂਦਾ ਹੈ। ਇਨ੍ਹਾਂ ਵਿਚ ਧਨ ਦਾ ਹੰਕਾਰ, ਜੋਬਨ ਤੇ ਰੂਪ ਦਾ ਹੰਕਾਰ, ਰਾਜ-ਸ਼ਕਤੀ ਦਾ ਹੰਕਾਰ, ਕੋਠੇ-ਮੰਡਪਾਂ ਦਾ ਹੰਕਾਰ, ਉੱਚੀ ਕੁਲ-ਜਾਤ ਦਾ ਹੰਕਾਰ ਆਦਿ ਪ੍ਰਮੁੱਖ ਹਨ:

ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍‍ੀ ਰਖੇ ਰੰਗੁ ਲਾਇ॥ (ਪੰਨਾ 417)

ਅਕਾਲ ਪੁਰਖ ਨੂੰ ਛੱਡ ਦੁਨਿਆਵੀ ਰੰਗ-ਤਮਾਸ਼ਿਆਂ ਵਿਚ ਡੁੱਬਣ ਅਤੇ ਕਾਮ, ਕ੍ਰੋਧ, ਲੋਭ, ਮੋਹ ਆਦਿ ਵਿਕਾਰਾਂ ਵਿਚ ਲੁਪਤ ਹੋ ਜਾਣ ਨਾਲ ਵੀ ਖੁਆਰੀ ਹੁੰਦੀ ਹੈ। ਬਾਣੀ ਦੇ ਇਨ੍ਹਾਂ ਸ਼ਬਦਾਂ ਵਿਚ ਬੜਾ ਸਪੱਸ਼ਟ ਉਲੇਖ ਹੈ ਕਿ ਦੁਨਿਆਵੀ ਰੰਗ- ਤਮਾਸ਼ਿਆਂ ਵਿਚ ਮਸਤ ਹੋ ਕੇ ਪ੍ਰਭੂ ਦਾ ਕਦੀ ਚੇਤਾ ਨਹੀਂ ਕੀਤਾ:

ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥ (ਪੰਨਾ 417)

ਇਕੁ ਲਖੁ ਲਹਨਿ੍ ਬਹਿਠੀਆ ਲਖੁ ਲਹਨਿ੍ ਖੜੀਆ॥
ਗਰੀ ਛੁਹਾਰੇ ਖਾਂਦੀਆ ਮਾਣਨਿ੍ ਸੇਜੜੀਆ॥
ਤਿਨ੍‍ ਗਲਿ ਸਿਲਕਾ ਪਾਈਆ ਤੁਟਨਿ੍ ਮੋਤਸਰੀਆ॥ (ਪੰਨਾ 417)

ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ॥ (ਪੰਨਾ 417)

ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ॥ (ਪੰਨਾ 417)

ਇਕ ਹੋਰ ਪੱਖ ਜੋ ਇਨ੍ਹਾਂ ਸ਼ਬਦਾਂ ਤੋਂ ਸਾਹਮਣੇ ਆਉਂਦਾ ਹੈ ਉਹ ਇਹ ਹੈ ਕਿ ਪ੍ਰਭੂ ਦੇ ਸਿਮਰਨ ਕਰਨ ਦੀ ਕੋਈ ਵਿਸ਼ੇਸ਼ ਉਮਰ, ਜਾਤ, ਧਰਮ, ਲਿੰਗ-ਭੇਦਤਾ ਨਹੀਂ ਹੈ ਕਿਉਂਕਿ ਜਦੋਂ ਕਿਤੇ ਉਹ ਆਪਣਾ ਭਾਣਾ ਵਰਤਾਉਂਦਾ ਹੈ ਤਾਂ ਸਭ ਬੱਚੇ, ਬਾਲ, ਨੌਜੁਆਨ, ਬੁੱਢੇ, ਇਸਤਰੀਆਂ, ਮਰਦ, ਸਭ ਧਰਮ ਦੇ ਲੋਕ, ਅਮੀਰਾਂ- ਗਰੀਬਾਂ ਨੂੰ ਇਹ ਕਸ਼ਟ ਸਹਿਣਾ ਪੈਂਦਾ ਹੈ:

ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ॥
ਇਕਨ੍‍ਾ ਪੇਰਣ ਸਿਰ ਖੁਰ ਪਾਟੇ ਇਕਨਾ੍ ਵਾਸੁ ਮਸਾਣੀ॥ (ਪੰਨਾ 418)

ਗੁਰੂ ਸਾਹਿਬ ਦੀ ਬਾਣੀ ਦੇ ਇਨ੍ਹਾਂ ਸ਼ਬਦਾਂ ਵਿਚ ਗੁਰੂ ਨਾਨਕ ਸਾਹਿਬ ਨੇ ਸੱਚੀ ਗੱਲ, ਸੱਚੀ ਕਹਾਣੀ ਠੀਕ ਸਮੇਂ ਲੋਕਾਂ ਨੂੰ ਇਹ ਦੱਸੀ ਕਿ ਜੇਕਰ ਪਰਮਾਤਮਾ ਦਾ ਸਿਮਰਨ ਸਮੇਂ ਸਿਰ ਕੀਤਾ ਹੁੰਦਾ ਤਾਂ ਇਹ ਬਾਬ ਨਾ ਹੁੰਦੀ। ਮਨੁੱਖ ਦੀ ਇਹ ਤ੍ਰਾਸਦੀ ਹੈ ਕਿ ਉਸ ਨੂੰ ਰੱਬ ਚੇਤੇ ਉਦੋਂ ਆਉਂਦਾ ਹੈ ਜਦੋਂ ਉਸ ਉੱਤੇ ਕੋਈ ਭੀੜ ਬਣ ਜਾਵੇ, ਆਫ਼ਤ ਆ ਜਾਵੇ, ਉਂਞ ਤਾਂ ਬਸ ‘ਮੈਂ ਹੀ ਹਾਂ’ ਦੀ ਹਉਮੈ ਵਿਚ ਗ੍ਰਸਤ ਹੋਇਆ ਰਹਿੰਦਾ ਹੈ:

ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ॥ (ਪੰਨਾ 417)

ਪਿੱਛੋਂ ਕੀਤੀਆਂ ਮਿੰਨਤਾਂ, ਅਰਜ਼ੋਈਆਂ ਕਿਸੇ ਕੰਮ ਨਹੀਂ ਆਉਂਦੀਆਂ:

ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥
ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ॥
ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ॥ (ਪੰਨਾ 417-18)

ਉਪਰੋਕਤ ਚਰਚਾ ਦਾ ਸਾਰ ਇਹ ਹੈ ਕਿ ਗੁਰੂ ਸਾਹਿਬ ਮਨੁੱਖ ਨੂੰ ਚਿਤਾਵਨੀ ਦਿੰਦੇ ਹਨ ਕਿ ਪ੍ਰਭੂ ਨੂੰ ਵਿਸਾਰਨ ਨਾਲ ਹੀ ਬਾਬ ਹੁੰਦੀ ਹੈ, ਖੁਆਰੀ ਮਿਲਦੀ ਹੈ। ਦੂਜੀ ਸਿਧਾਂਤਕ ਗੱਲ ਇਹ ਹੈ ਕਿ ਅਕਾਲ ਪੁਰਖ ਹੀ ਸਭ ਕੁਝ ਕਰਨ ਦੇ ਸਮਰੱਥ ਹੈ। ਕਿਸੇ ਤਰ੍ਹਾਂ ਦਾ ਗ਼ਿਲ਼ਾ ਜਾਂ ਦੁੱਖ ਪ੍ਰਗਟ ਕਰਨ ਯੋਗ ਨਹੀਂ। ਗੁਰੂ ਨਾਨਕ ਸਾਹਿਬ ਜੀ ਦੇ ਇਹ ਫ਼ਰਮਾਨ ਰੱਬੀ ਹੁਕਮ ਦੇ ਸੰਦਰਭ ਵਿਚ ਹਨ। ਇਹ ਉਸ ਦੀ ਮੌਜ ਹੈ। ਉਹ ਜਿਵੇਂ ਚਾਹੁੰਦਾ ਹੈ ਸੰਸਾਰ ਨੂੰ ਚਲਾਉਂਦਾ ਹੈ। ਗੁਰਮਤਿ ਕੇਵਲ ਇਸ ਭਾਣੇ ਨੂੰ ਮੰਨਣ ਵਿਚ ਹੀ ਹੈ। ਗੁਰੂ ਪਾਤਿਸਾਹ ਅਖ਼ੀਰ ਵਿਚ ਇਹੀ ਫ਼ੁਰਮਾਉਂਦੇ ਹਨ:

ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ॥
ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ॥
ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ॥ (ਪੰਨਾ 418)

ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ॥ (ਪੰਨਾ 417)

ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ॥ (ਪੰਨਾ 360)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Balwinder Singh Jorasingha
ਰੀਸਰਚ ਸਕਾਲਰ, ਸਿੱਖ ਇਤਿਹਾਸ ਰੀਸਰਚ ਬੋਰਡ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)