editor@sikharchives.org

ਕ੍ਰਾਂਤੀਕਾਰੀ ਵਿਚਾਰਧਾਰਾ ਦੇ ਪ੍ਰਚਾਰਕ ਭਗਤ ਰਵਿਦਾਸ ਜੀ

ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਭਾਵੇਂ ਅਧਿਆਤਮਕ ਅਵਸਥਾ ਦੇ ਅਧਾਰ ’ਤੇ ਰਚੀ ਹੈ ਪਰ ਇਸ ਤੋਂ ਸਮਾਜਕ ਸੇਧ ਵੀ ਪ੍ਰਾਪਤ ਹੁੰਦੀ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸੰਸਾਰ ਵਿਚ ਜਦੋਂ ਵੀ ਸਮਾਜਿਕ, ਧਾਰਮਿਕ ਜਾਂ ਰਾਜਨੀਤਿਕ ਗਿਰਾਵਟ ਆਉਂਦੀ ਹੈ ਜਾਂ ਆਰਥਿਕ ਕਾਣੀਵੰਡ ਹੁੰਦੀ ਹੈ, ਤਾਂ ਲੋਕਾਂ ਵਿਚ ਰੋਸ ਦੀ ਭਾਵਨਾ ਪੈਦਾ ਹੁੰਦੀ ਰਹਿੰਦੀ ਹੈ। ਇਨ੍ਹਾਂ ਹਾਲਾਤ ਵਿਚ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਮਹਾਂਪੁਰਖ ਪੈਦਾ ਹੁੰਦੇ ਹਨ ਜੋ ਮਨੁੱਖਤਾ ਦਾ ਮਾਰਗ-ਦਰਸ਼ਨ ਕਰਦੇ ਹਨ, ਵਿਗੜੀ ਵਿਵਸਥਾ ਨੂੰ ਉਸਾਰੂ ਲੀਹਾਂ ’ਤੇ ਲਿਆਉਣ ਦਾ ਯਤਨ ਕਰਦੇ ਹਨ। ਭਾਰਤ ਦੀ ਦਸ਼ਾ ਪੁਰਾਤਨ ਸਮੇਂ ਤੋਂ ਹੀ ਤਰਸਯੋਗ ਰਹੀ ਹੈ। 6ਵੀਂ ਸਦੀ ਪੂਰਵ ਈਸਵੀ ਤੋਂ ਲੈ ਕੇ ਇਥੋਂ ਦੇ ਲੋਕਾਂ ਨੂੰ ਬਦੇਸ਼ੀ ਹਮਲਾਵਰਾਂ ਦੇ ਜ਼ੁਲਮ ਤੇ ਤਸ਼ੱਦਦ ਬਰਦਾਸ਼ਤ ਕਰਨੇ ਪੈ ਰਹੇ ਸਨ। 12ਵੀਂ ਸਦੀ ਦੇ ਅਖੀਰ ਵਿਚ ਇਥੇ ਪੂਰੀ ਤਰ੍ਹਾਂ ਇਸਲਾਮੀ ਰਾਜ ਸਥਾਪਤ ਹੋ ਚੁੱਕਿਆ ਸੀ। ਭਾਰਤ ਦੇ ਲੋਕ ਇਨ੍ਹਾਂ ਵਿਦੇਸ਼ੀ ਹਮਲਾਵਰਾਂ ਦਾ ਡੱਟ ਕੇ ਮੁਕਾਬਲਾ ਕਰਨ ਤੋਂ ਅਸਮਰੱਥ ਸਨ ਕਿਉਂਕਿ ਇਹ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਦਾ ਸ਼ਿਕਾਰ ਸਨ। ਸਮਾਜਕ ਤੌਰ ’ਤੇ ਇਹ ਕਈ ਪੱਖਾਂ ਤੋਂ ਇਲਾਕਾਵਾਦ, ਜਾਤੀਵਾਦ ਆਦਿ ਦੇ ਤੌਰ ’ਤੇ ਵੰਡੇ ਹੋਏ ਸਨ, ਮਾਨਸਿਕ ਤੌਰ ’ਤੇ ਇਹ ਨਿਰਬਲ ਤੇ ਨਿਤਾਣੇ ਹੋ ਚੁੱਕੇ ਸਨ। ਇਨ੍ਹਾਂ ਨੂੰ ਵੰਡਣ ਵਾਲੀਆਂ ਤੇ ਕਮਜ਼ੋਰ ਕਰਨ ਵਾਲੀਆਂ ਭਾਰਤ ਦੀਆਂ ਅੰਦਰੂਨੀ ਤਾਕਤਾਂ ਹੀ ਸਨ। ਸਦੀਆਂ ਤੋਂ ਇਥੇ ਧਰਮ ਦੇ ਖੇਤਰ ਵਿਚ ਕਰਮਕਾਂਡ ਦਾ ਪ੍ਰਭਾਵ ਛਾਇਆ ਰਿਹਾ ਹੈ। ਇਨ੍ਹਾਂ ਨੇ ਆਮ ਲੋਕਾਂ ਨੂੰ ਸੱਚ ਧਰਮ ਤੋਂ ਦੂਰ ਰੱਖਿਆ ਹੈ ਅਤੇ ਅਗਿਆਨਤਾ ਦੇ ਭਰਮ-ਜਾਲ ਵਿਚ ਪਾਇਆ ਹੈ। ਸਮਾਜ ਦੀ ਵਰਨਵੰਡ ਤੇ ਕਰਮਕਾਂਡ ਦੇ ਪਖੰਡ ਕਰਕੇ ਭਾਰਤੀ ਜਨਤਾ ਦੀ ਸਮਾਜਿਕਤਾ ਅਤੇ ਮਾਨਸਿਕਤਾ ਵਿਚ ਬਹੁਤ ਵੱਡਾ ਨਿਘਾਰ ਆ ਚੁਕਿਆ ਸੀ। ਇਸ ਤੋਂ ਇਲਾਵਾ ਆਰਥਿਕ ਕਾਣੀ ਵੰਡ ਤੇ ਗਰੀਬੀ ਨੇ ਲੋਕਾਂ ਨੂੰ ਬਿਲਕੁਲ ਬੇਜਾਨ ਤੇ ਨਿਰਾਸ਼ ਕੀਤਾ ਹੋਇਆ ਸੀ। 14ਵੀਂ-15ਵੀਂ ਸਦੀ ਵਿਚ ਭਾਰਤ ਵਿਚ ਅਨੇਕ ਮਹਾਂਪੁਰਖ ਹੋਏ ਜਿਨ੍ਹਾਂ ਨੇ ਭਾਰਤੀ ਮਨੁੱਖ ਨੂੰ ਇਕ ਨਵਾਂ ਜੀਵਨ-ਦਰਸ਼ਨ ਤੇ ਅਧਿਆਤਮ-ਮਾਰਗ ਦਰਸਾਇਆ। ਭਗਤ ਰਵਿਦਾਸ ਜੀ ਦਾ ਜਨਮ 14ਵੀਂ ਸਦੀ ਦੇ ਦੂਜੇ ਅੱਧ ਵਿਚ ਬਨਾਰਸ ਦੇ ਨੇੜੇ (ਮਡੂਆਡੀਹ) ਮਾਂਡੂਰ ਪਿੰਡ ਵਿਚ ਹੋਇਆ ਮੰਨਿਆ ਜਾਂਦਾ ਹੈ। ਭਗਤ ਰਵਿਦਾਸ ਜੀ ਅਖੌਤੀ ਸ਼ੂਦਰ ਜਾਤੀ ਨਾਲ ਸੰਬੰਧਿਤ ਸਨ। ਇਨ੍ਹਾਂ ਦੇ ਮਾਤਾ-ਪਿਤਾ ਚਮੜੇ ਦਾ ਕੰਮ ਕਰਨ ਵਾਲੇ ਸਨ। ਇਹ ਵਰਗ ਉਸ ਵੇਲੇ ਦੇ ਸਮਾਜ ਦਾ ਸਭ ਤੋਂ ਪੱਛੜਿਆ ਤੇ ਦਲਿਤ ਵਰਗ ਸੀ। ਇਸ ਵਰਗ ਦੇ ਲੋਕਾਂ ਨੂੰ ਵਿੱਦਿਆ ਪੜ੍ਹਨ ਜਾਂ ਧਾਰਮਿਕ ਗਿਆਨ ਹਾਸਲ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਇਨ੍ਹਾਂ ਨੂੰ ਭਗਤੀ ਦੇ ਯੋਗ ਵੀ ਨਹੀਂ ਸਮਝਿਆ ਜਾਂਦਾ ਸੀ। ਬਨਾਰਸ ਸਦੀਆਂ ਤੋਂ ਤਥਾਕਥਿਤ ਉੱਚ ਜਾਤੀ ਲੋਕਾਂ ਦਾ ਮੁੱਖ ਕੇਂਦਰ ਰਿਹਾ ਹੈ। ਇਸ ਇਲਾਕੇ ਵਿਚ ਜਾਤ-ਪਾਤ ਅਤੇ ਕਰਮਕਾਂਡ ਦੇ ਬੰਧਨ ਬਹੁਤ ਸਖ਼ਤੀ ਨਾਲ ਲਾਗੂ ਕੀਤੇ ਜਾਂਦੇ ਹਨ। ਭਗਤ ਰਵਿਦਾਸ ਜੀ ਨੇ ਅੰਤਰ-ਪ੍ਰੇਰਨਾ ਅਨੁਸਾਰ ਜਦੋਂ ਭਗਤੀ ਤੇ ਅਧਿਆਤਮਕ ਖੇਤਰ ਵਿਚ ਪ੍ਰਵੇਸ਼ ਕੀਤਾ ਤਾਂ ਬ੍ਰਾਹਮਣਾਂ ਨੇ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ। ਪਰ ਭਗਤ ਜੀ ਨੇ ਆਪਣੀ ਅਧਿਆਤਮਕ ਸ਼ਕਤੀ ਨਾਲ ਉਨ੍ਹਾਂ ਨੂੰ ਪਰਾਜਿਤ ਕਰ ਦਿੱਤਾ। ਭਗਤ ਜੀ ਨੂੰ ਪਾਰਬ੍ਰਹਮ ਦੀ ਪ੍ਰਾਪਤੀ ਹੋ ਚੁੱਕੀ ਸੀ ਜਦੋਂ ਕਿ ਬ੍ਰਾਹਮਣਾਂ ਦਾ ਧਰਮ ਸਿਰਫ਼ ਪੂਜਾ ਅਰਚਨਾ ਤਕ ਸੀਮਿਤ ਸੀ। ਜਿਊਂਦੇ-ਜੀਅ ਪਰਮਾਤਮਾ ਦੀ ਪ੍ਰਾਪਤੀ ਸਿਰਫ਼ ਉਨ੍ਹਾਂ ਨੂੰ ਹੀ ਹੋ ਸਕਦੀ ਹੈ ਜੋ ਸੱਚੇ ਦਿਲੋਂ ਉਸ ਦਾ ਨਾਮ ਜਪਦੇ ਹਨ। ਗੁਰਬਾਣੀ ਵਿਚ ਦੱਸਿਆ ਹੈ:

ਜੀਵਤ ਪੇਖੇ ਜਿਨੀ੍ ਹਰਿ ਹਰਿ ਧਿਆਇਆ॥
ਸਾਧਸੰਗਿ ਤਿਨੀ੍ ਦਰਸਨੁ ਪਾਇਆ॥ (ਪੰਨਾ 740)

ਭਗਤ ਰਵਿਦਾਸ ਜੀ ਦਾ ਅਧਿਆਤਮਕ ਚਿੰਤਨ ਤੇ ਮਨਨ ਇੰਨਾਂ ਡੂੰਘਾ ਤੇ ਵਿਆਪਕ ਸੀ ਕਿ ਇਕ ਪੜਾਅ ’ਤੇ ਪਹੁੰਚ ਕੇ ਉਨ੍ਹਾਂ ਦੀ ਅਧਿਆਤਮਕ ਉੱਚਤਾ ਕਾਰਨ ਬ੍ਰਾਹਮਣ ਵਰਗ ਵੱਲੋਂ ਭਗਤ ਰਵਿਦਾਸ ਜੀ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਸੀ। ਇਸ ਦਾ ਉਲੇਖ ਬਾਣੀ ਵਿਚ ਮਿਲਦਾ ਹੈ।

ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ॥
ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ॥ (ਪੰਨਾ 1293)

ਉਨ੍ਹਾਂ ਨੇ ਆਪਣੀ ਬਾਣੀ ਵਿਚ ਜਾਤ-ਪਾਤ ਦਾ ਸਪੱਸ਼ਟ ਸ਼ਬਦਾਂ ਵਿਚ ਖੰਡਨ ਕੀਤਾ। ਉਨ੍ਹਾਂ ਅਨੁਸਾਰ ਜਾਤ-ਪਾਤ ਦੀ ਵੰਡ ਬਿਲਕੁਲ ਕੋਈ ਮਹੱਤਵ ਨਹੀਂ ਰੱਖਦੀ। ਕਿਸੇ ਵੀ ਜਾਤੀ ਦਾ ਮਨੁੱਖ ਜੇ ਪਰਮਾਤਮਾ ਦੀ ਭਗਤੀ ਕਰੇ ਉਸ ਦੀ ਪ੍ਰਾਪਤੀ ਕਰ ਸਕਦਾ ਹੈ:

ਬ੍ਰਹਮਨ ਬੈਸ ਸੂਦ ਅਰੁ ਖ੍ਹਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ॥
ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ॥ (ਪੰਨਾ 858)

ਕਹਿ ਰਵਿਦਾਸ ਜੋੁ ਜਪੈ ਨਾਮੁ॥
ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ॥ (ਪੰਨਾ 1196)

ਸਮਾਜ ਵਿਚ ਉਨ੍ਹਾਂ ਨੇ ਭਗਤ ਦਾ ਦਰਜਾ ਸਭ ਤੋਂ ਉੱਪਰ ਮੰਨਿਆ ਹੈ। ਪੁਜਾਰੀ ਵਰਗ, ਪ੍ਰਬੰਧਕੀ ਵਰਗ ਤੇ ਸ਼ਾਸਨ ਵਰਗ ਦਾ ਸਰਬ-ਉੱਚ ਅਧਿਕਾਰੀ ਵੀ ਭਗਤ ਦੇ ਬਰਾਬਰ ਨਹੀਂ ਹੁੰਦਾ। ਭਗਤਾਂ ਨੂੰ ਇਹ ਵਡਿਆਈ ਪਰਮਾਤਮਾ ਵੱਲੋਂ ਦਿੱਤੀ ਜਾਂਦੀ ਹੈ। ਉਨ੍ਹਾਂ ਅਨੁਸਾਰ ਪਰਮਾਤਮਾ ਸਰਬ-ਸ਼ਕਤੀਮਾਨ ਹੈ, ਉਹ ਨੀਵੇਂ ਸਮਝੇ ਜਾਂਦੇ ਲੋਕਾਂ ਨੂੰ ਉੱਚ ਪਦਵੀ ਦਾ ਮਾਲਕ ਬਣਾ ਸਕਦਾ ਹੈ। ਉਨ੍ਹਾਂ ਨੇ ਫ਼ਰਮਾਇਆ ਹੈ:

ਐਸੀ ਲਾਲ ਤੁਝ ਬਿਨੁ ਕਉਨੁ ਕਰੈ॥
ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ॥
ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀਂ ਢਰੈ॥
ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ॥ (ਪੰਨਾ 1106)

ਭਗਤ ਰਵਿਦਾਸ ਜੀ ਦਾ ਇਹ ਵਚਨ ਆਪਣੇ ਆਪ ਨੂੰ ਉੱਚੇ ਸਮਝਣ ਵਾਲਿਆਂ ਲਈ ਇਕ ਸਿੱਧੀ ਚੁਣੌਤੀ ਸੀ ਅਤੇ ਹੀਣ-ਭਾਵ ਵਿਚ ਜੀਅ ਰਹੇ ਲੋਕਾਂ ਲਈ ਉਤਸ਼ਾਹ ਦੇਣ ਵਾਲਾ ਸੰਦੇਸ਼ ਸੀ। ਉਨ੍ਹਾਂ ਨੇ ਦੁਨਿਆਵੀ ਊਚ-ਨੀਚ ਅਤੇ ਨਾ-ਬਰਾਬਰੀ ਦੇ ਖਿਆਲ ਨੂੰ ਇਕ ਦਮ ਰੱਦ ਕਰ ਦਿੱਤਾ। ਉਨ੍ਹਾਂ ਦੇ ਮੱਤ ਅਨੁਸਾਰ ਇਹ ਅੰਤਰ ਕੱਚੇ ਤੇ ਥੋੜ੍ਹ-ਚਿਰੇ ਹਨ, ਪਰਮਾਤਮਾ ਚਾਹੇ ਤਾਂ ਕਿਸੇ ਨੂੰ ਵੀ ਨੀਵੇਂ ਤੋਂ ਉੱਚਾ ਕਰ ਸਕਦਾ ਹੈ। ਇਸੇ ਤਰ੍ਹਾਂ ਦੇ ਭਾਵ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵੀ ਪ੍ਰਗਟ ਕੀਤੇ ਹਨ ਕਿ ਪਰਮਾਤਮਾ ਇੰਨਾ ਸਰਬ-ਸ਼ਕਤੀਮਾਨ ਹੈ ਕਿ ਰਾਜਿਆਂ ਨੂੰ ਰੰਕ ਅਤੇ ਰੰਕਾਂ ਨੂੰ ਰਾਜੇ ਬਣਾ ਸਕਦਾ ਹੈ:

ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ॥
ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ॥ (ਪੰਨਾ 537)

ਮਨੁੱਖ ਨੂੰ ਇਹ ਦਾਤ ਸਰਬ-ਵਿਆਪਕ ਪਰਮਾਤਮਾ ਦੀ ਸੇਵਾ ਕਰਨ ਨਾਲ ਹੀ ਪ੍ਰਾਪਤ ਹੋ ਸਕਦੀ ਹੈ ਜੋ ਹਰ ਥਾਂ ਮੌਜੂਦ ਹੈ ਤੇ ਸਰਬ-ਸਮਰੱਥ ਹੈ। ਉਸ ਵਰਗਾ ਮਾਲਕ ਹੋਰ ਕੋਈ ਨਹੀਂ ਹੈ। ਉਸ ਦੀ ਸੇਵਾ ਕਰਨੀ ਉਚਿਤ ਹੈ। ਭਗਤ ਰਵਿਦਾਸ ਜੀ ਨੇ ਸਦੀਆਂ ਤੋਂ ਲਿਤਾੜੇ ਤੇ ਨਿਹੱਥੇ ਹੋ ਚੁੱਕੇ ਮਨੁੱਖ ਨੂੰ ਸ਼ਕਤੀਆਂ ਦੇ ਖਜ਼ਾਨੇ ਨਿਰਾਕਾਰ ਪ੍ਰਭੂ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ ਹੈ। ਉਸ ਪਰਮਾਤਮਾ ਦੇ ਪ੍ਰਗਟ ਹੋਣ ਨਾਲ ਹੀ ਮਨੁੱਖ ਵਿਚ ਆਸ਼ਾ ਜਨਮ ਲੈਂਦੀ ਹੈ, ਬਾਕੀ ਜਿੰਨਾ ਵੀ ਦਿੱਸਦਾ ਸੰਸਾਰ ਹੈ ਇਹ ਥੋੜ੍ਹ-ਚਿਰਾ ਤੇ ਆਰਜ਼ੀ ਹੈ ਇਸ ਤੋਂ ਭੈ-ਮਾਨ ਹੋਣ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਉਨ੍ਹਾਂ ਨੇ ਸਦੀਆਂ ਤੋਂ ਨਿਰਾਸ਼ ਹੋਏ ਮਨੁੱਖਾਂ ਦੇ ਨਿਸਤਾਰੇ ਦਾ ਰਾਹ ਦਿਖਾਇਆ ਹੈ:

ਜਹ ਜਹ ਜਾਉ ਤਹਾ ਤੇਰੀ ਸੇਵਾ॥
ਤੁਮ ਸੋ ਠਾਕੁਰੁ ਅਉਰੁ ਨ ਦੇਵਾ॥ (ਪੰਨਾ 659)

ਬਿਨੁ ਦੇਖੇ ਉਪਜੈ ਨਹੀ ਆਸਾ॥
ਜੋ ਦੀਸੈ ਸੋ ਹੋਇ ਬਿਨਾਸਾ॥ (ਪੰਨਾ 1167)

ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਭਾਵੇਂ ਅਧਿਆਤਮਕ ਅਵਸਥਾ ਦੇ ਅਧਾਰ ’ਤੇ ਰਚੀ ਹੈ ਪਰ ਇਸ ਤੋਂ ਸਮਾਜਕ ਸੇਧ ਵੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਦੇ ਉਚਾਰੇ ਬੇਗਮਪੁਰੇ ਦੇ ਸ਼ਬਦ ਵਿਚ ਜਿੱਥੇ ਸਿਖਰ ਦੇ ਅਧਿਆਤਮਕ ਮੰਡਲ ਦਾ ਵਰਣਨ ਮਿਲਦਾ ਹੈ, ਉਥੇ ਇਹ ਮਨੁੱਖੀ ਸਮਾਜ ਲਈ ਵੀ ਇਕ ਆਦਰਸ਼ਕ ਨਮੂਨਾ ਹੈ। ਇਹ ਜਗਤ ਪਰਮਾਤਮਾ ਦੀ ਰਚਨਾ ਹੈ ਤੇ ਪਰਮਾਤਮਾ ਦਾ ਹੀ ਰੂਪ ਹੈ ਇਸ ਲਈ ਇਸ ਨੂੰ ਪਰਮਾਤਮਾ ਦੇ ਮੰਡਲ ਵਰਗਾ ਹੀ ਰੂਪ ਦਿੱਤਾ ਜਾ ਸਕਦਾ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇ ਮਨੁੱਖਤਾ ਵਿਚ ਭਾਈਚਾਰਕ ਸਾਂਝੀਵਾਲਤਾ ਹੋਵੇ। ਜਾਤੀਵਾਦ, ਧਾਰਮਕ ਕੱਟੜਤਾ ਤੇ ਆਰਥਕ ਨਾ ਬਰਾਬਰੀ ਖ਼ਤਮ ਹੋ ਜਾਵੇ। ਕੋਈ ਕਿਸੇ ਨੂੰ ਦੁੱਖ ਨਾ ਦੇ ਸਕੇ। ਦੁਖੀਆਂ ਦੀ ਸਹਾਇਤਾ ਕੀਤੀ ਜਾਵੇ। ਕਿਸੇ ਦਾ ਡਰ, ਭੈ ਤੇ ਦਹਿਸ਼ਤ ਨਾ ਹੋਵੇ। ਕੋਈ ਦੂਜੇ ਜਾਂ ਤੀਜੇ ਦਰਜੇ ਦਾ ਸ਼ਹਿਰੀ ਨਾ ਹੋਵੇ ਭਾਵ ਸਮਾਜ ਵਿਚ ਕੋਈ ਊਚ-ਨੀਚ ਦੀ ਭਾਵਨਾ ਨਾ ਹੋਵੇ ਤਾਂ ਇਹ ਸੰਸਾਰ ਬੇਗਮਪੁਰਾ ਬਣ ਸਕਦਾ ਹੈ:

ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥
ਖਉਫੁ ਨ ਖਤਾ ਨ ਤਰਸੁ ਜਵਾਲੁ॥1॥
ਅਬ ਮੋਹਿ ਖੂਬ ਵਤਨ ਗਹ ਪਾਈ॥
ਊਹਾਂ ਖੈਰਿ ਸਦਾ ਮੇਰੇ ਭਾਈ॥1॥ਰਹਾਉ॥
ਕਾਇਮੁ ਦਾਇਮੁ ਸਦਾ ਪਾਤਿਸਾਹੀ॥
ਦੋਮ ਨ ਸੇਮ ਏਕ ਸੋ ਆਹੀ॥ (ਪੰਨਾ 345)

ਭਗਤ ਸਾਹਿਬਾਨ ਦੀ ਸ਼ੁਰੂ ਕੀਤੀ ਇਸ ਕ੍ਰਾਂਤੀ ਨੂੰ ਗੁਰੂ ਸਾਹਿਬਾਨ ਨੇ ਮੁਕੰਮਲ ਰੂਪ ਦਿੱਤਾ, ਨਿਯਮਿਤ ਅਤੇ ਨਿਸ਼ਚਿਤ ਰੂਪ ਵਿਚ ਇਸ ਦਾ ਨਿਰੰਤਰ ਵਿਕਾਸ ਕੀਤਾ। ਉਨ੍ਹਾਂ ਨੇ ਸਿਰਫ਼ ਮੁਲਕ ਦੇ ਪੁਜਾਰੀ ਵਰਗ ਦਾ ਹੀ ਨਹੀਂ ਸਗੋਂ ਸ਼ਾਸਕ ਵਰਗ ਦੀ ਤੇਗ ਦਾ ਮੁਕਾਬਲਾ ਵੀ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਅਖੌਤੀ ਨੀਚਾਂ ਦੇ ਸਾਥੀ ਹੋਣ ਦਾ ਐਲਾਨ ਕੀਤਾ ਅਤੇ ਤਥਾਕਥਿਤ ਮਿਰਾਸੀ ਜਾਤ ਨਾਲ ਸੰਬੰਧਿਤ ਭਾਈ ਮਰਦਾਨਾ ਜੀ ਨੂੰ ਆਪਣਾ ਸੰਗੀ ਬਣਾਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਭਗਤੀ ਤੇ ਸ਼ਕਤੀ ਦੇ ਗੁਣਾਂ ਨਾਲ ਭਰਪੂਰ ਕਰ ਕੇ ਕ੍ਰਾਂਤੀ ਨੂੰ ਅਮਲੀ ਰੂਪ ਦੇਣ ਲਈ ਬਹੁਤ ਵੱਡਾ ਸੰਗਰਾਮ ਰਚਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਾਰਤੀ ਦਰਸ਼ਨ ਦੇ ਹੋਰ ਸਭ ਵਰਗਾਂ, ਸਿੱਧਾਂ, ਜੋਗੀਆਂ, ਸੰਨਿਆਸੀਆਂ, ਅਚਾਰੀਆਂ ਤੇ ਸਨਾਤਨੀਆਂ ਨੂੰ ਛੱਡ ਕੇ ਅਖੌਤੀ ਨੀਚ-ਜਾਤੀਆਂ ਨਾਲ ਸੰਬੰਧਿਤ ਨਿਰੰਕਾਰ ਦੇ ਭਗਤਾਂ ਦੀ ਬਾਣੀ ਸ਼ਾਮਲ ਕੀਤੀ ਗਈ। ਗੁਰੂ ਸਾਹਿਬਾਨ ਦਾ ਉਦੇਸ਼ ਮੂਰਤੀ ਪੂਜਾ, ਜਾਤ-ਪਾਤ, ਜ਼ੁਲਮ-ਜਬਰ ਦੇ ਖਿਲਾਫ਼ ਸਾਰੇ ਦੇਸ਼ ਵਿਚ ਕ੍ਰਾਂਤੀ ਲਿਆਉਣਾ ਸੀ ਕਿਉਂਕਿ ਇਹ ਭਗਤ ਸਾਹਿਬਾਨ ਹਿੰਦੁਸਤਾਨ ਦੇ ਵੱਖ-ਵੱਖ ਇਲਾਕਿਆਂ ਨਾਲ ਸੰਬੰਧਿਤ ਸਨ। ਗੁਰੂ ਸਾਹਿਬਾਨ ਨੇ ਇਨ੍ਹਾਂ ਦੀ ਵਿਚਾਰਧਾਰਾ ’ਤੇ ਮੋਹਰ ਲਾਈ ਅਤੇ ਥਾਂ-ਥਾਂ ਗੁਰਬਾਣੀ ਵਿਚ ਭਗਤਾਂ ਦੀ ਸ਼ਲਾਘਾ ਕੀਤੀ ਹੈ। ਭਗਤ ਰਵਿਦਾਸ ਜੀ ਬਾਰੇ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਫ਼ਰਮਾਇਆ ਹੈ:

ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ॥
ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ॥ (ਪੰਨਾ 733)

ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ੍ ਤਿਆਗੀ ਮਾਇਆ॥
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥ (ਪੰਨਾ 487)

ਅੱਜ ਜਦੋਂ ਕਿ ਵਿਗਿਆਨ ਬਹੁਤ ਤਰੱਕੀ ਕਰ ਰਿਹਾ ਹੈ, ਦੁਨੀਆਂ ਇਕ ਹੋ ਰਹੀ ਹੈ, ਮਨੁੱਖ ਪੁਲਾੜਾਂ ਵਿਚ ਪਹੁੰਚ ਚੁਕਾ ਹੈ ਉਦੋਂ ਵੀ ਸਾਡੇ ਦੇਸ਼ ਵਿਚ ਧਾਰਮਕ ਕੱਟੜਤਾਵਾਦ ਨੇ ਪੈਰ ਪਸਾਰੇ ਹੋਏ ਹਨ। ਜਾਤੀਵਾਦ ਦਾ ਕੋਹੜ ਸਾਡੇ ਸਮਾਜ ਦੇ ਸਰੀਰ ਨੂੰ ਚੰਬੜਿਆ ਹੋਇਆ ਹੈ। ਚਾਰੇ ਪਾਸੇ ਫਿਰਕੂ ਜ਼ਿਹਨੀਅਤ ਫੈਲਾਈ ਜਾ ਰਹੀ ਹੈ। ਇਸ ਲਈ ਅੱਜ ਲੋੜ ਹੈ ਸਰਬ-ਸ੍ਰੇਸ਼ਟ ਭਗਤ ਸਾਹਿਬਾਨ ਤੇ ਗੁਰੂ ਸਾਹਿਬਾਨ ਦੀ ਵਿਲੱਖਣ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਸਮਝੀਏ, ਅਨੁਭਵ ਕਰੀਏ, ਆਪਣੇ ਜੀਵਨ ਵਿਚ ਧਾਰੀਏ। ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਦੇ ਆਦਰਸ਼ ਅਨੁਸਾਰ ਮਹਾਨ ਗੁਰਮਤਿ ਮਾਰਗ ਦੇ ਪਾਂਧੀ ਬਣ ਕੇ ਚੱਲੀਏ ਅਤੇ ਭਗਤ ਰਵਿਦਾਸ ਜੀ ਦੇ ਦਰਸਾਏ ਬੇਗਮ ਪੁਰੇ ਸ਼ਹਿਰ ਵਰਗੇ ਨਵੇਂ ਸਮਾਜ ਦੀ ਸਿਰਜਣਾ ਕਰੀਏ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)