editor@sikharchives.org

ਗੁਰਬਾਣੀ ਦੇ ਅਧਿਐਨ/ਅਧਿਆਪਨ ਲਈ ਕੰਪਿਊਟਰ ਦੀ ਭੂਮਿਕਾ

ਗੁਰਬਾਣੀ ਅਤੇ ਸਿੱਖ ਧਰਮ ਨਾਲ ਸੰਬੰਧਿਤ ਅਨੇਕਾਂ ਵੈਬਸਾਈਟਾਂ ਅਤੇ ਸਾਫਟਵੇਅਰਾਂ ਦਾ ਵਿਕਾਸ ਹੋ ਚੁੱਕਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰਬਾਣੀ ਦੇ ਅਧਿਐਨ/ਅਧਿਆਪਨ ਲਈ ਕੰਪਿਊਟਰ ਅਤੇ ਇੰਟਰਨੈੱਟ ਮਹੱਤਵਪੂਰਨ ਉਪਕਰਣ ਦੇ ਰੂਪ ਵਿਚ ਸਾਹਮਣੇ ਆਏ ਹਨ। ਗੁਰਬਾਣੀ ਅਤੇ ਸਿੱਖ ਧਰਮ ਨਾਲ ਸੰਬੰਧਿਤ ਅਨੇਕਾਂ ਵੈਬਸਾਈਟਾਂ ਅਤੇ ਸਾਫਟਵੇਅਰਾਂ ਦਾ ਵਿਕਾਸ ਹੋ ਚੁੱਕਾ ਹੈ। ਇਸ ਲੇਖ ਵਿਚ ਕੰਪਿਊਟਰ ਅਤੇ ਇੰਟਰਨੈੱਟ ‘ਤੇ ਉਪਲਬਧ ਅਜਿਹੇ ਹੀ ਕੁਝ ਮਹੱਤਵਪੂਰਨ ਸ੍ਰੋਤਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

srigranth.org

ਇਸ ਵੈਬਸਾਈਟ ਦਾ ਨਿਰਮਾਣ ਅਮਰੀਕਾ ਦੇ ਡਾ. ਕੁਲਬੀਰ ਸਿੰਘ ਥਿੰਦ ਦੁਆਰਾ ਕੀਤਾ ਗਿਆ ਹੈ। ਡਾ. ਥਿੰਦ ਪਹਿਲੇ ਵਿਅਕਤੀ ਹਨ ਜਿਨ੍ਹਾਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਡਿਜ਼ੀਟਾਈਜ਼ੇਸ਼ਨ ਕੀਤੀ। ਇਸੇ ਪ੍ਰਕਾਰ ਗੁਰਬਾਣੀ ਦੀ ਸੀ.ਡੀ. ਵੀ ਸਭ ਤੋਂ ਪਹਿਲਾਂ ਉਨ੍ਹਾਂ ਨੇ ਤਿਆਰ ਕੀਤੀ। ਇਸ ਮਗਰੋਂ ਡਾ. ਥਿੰਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਡਾਟਾਬੇਸ ਅਤੇ ਹੋਰ ਮਹੱਤਵਪੂਰਨ ਤਕਨੀਕੀ ਫਾਈਲਾਂ ਦਾ ਵਿਕਾਸ ਕਰਕੇ ਇਕ ਉਪਕਾਰ ਵਾਲਾ ਕੰਮ ਕੀਤਾ।ਇਸ ਵੈਬਸਾਈਟ ਵਿਚ ਡਾ. ਥਿੰਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਵਿਸ਼ੇਸ਼ ਸਰਚ ਇੰਜਣ ਮੁਹੱਈਆ ਕਰਵਾਇਆ ਹੈ। ਇਸ ਸਰਚ ਇੰਜਣ ‘ਤੇ ਕੋਈ ਵੀ ਤੁਕ, ਸ਼ਬਦ, ਵਾਕਾਂਸ਼, ਜਾਂ ਪੰਕਤੀ ਟਾਈਪ ਕਰਕੇ ਉਸ ਬਾਰੇ ਮਹੱਤਵਪੂਰਨ ਜਾਣਕਾਰੀ ਲੱਭੀ ਜਾ ਸਕਦੀ ਹੈ।

Ik13.com

ਇਕ ਤੇਰਾ ਡਾਟ ਕਾਮ ’ਤੇ ਇਸ਼ਰ ਮਾਈਕ੍ਰੋਮੀਡੀਆ, ਗੁਰਬਾਣੀ ਕੀਰਤਨ, ਵੀਡੀਓ ਰਿਕਾਰਡਿੰਗ ਉਪਲਬਧ ਹੈ ਤੇ ਮਹਾਨ ਕੋਸ਼ ਨੂੰ ਡਾਊਨਲੋਡ ਕਰਨ ਦੀ ਵਿਵਸਥਾ ਹੈ। ਇਸ ਵੈੱਬਸਾਈਟ ’ਤੇ ਸੰਬੰਧਿਤ ਵਿਸ਼ੇ ਬਾਰੇ ਹੋਰ ਅਨੇਕਾਂ ਲਿੰਕ ਦਰਸਾਏ ਗਏ ਹਨ। ਈਸ਼ਰ ਮਾਈਕ੍ਰੋਮੀਡੀਆ ਸਾਫਟਵੇਅਰ ਸਿੱਖ ਵਿਦਵਾਨਾਂ, ਖੋਜਾਰਥੀਆਂ, ਕੰਪਿਊਟਰ ਤੇ ਇੰਟਰਨੈੱਟ ਵਰਤੋਂਕਾਰਾਂ ਲਈ ਇਕ ਅਨਮੋਲ ਤੋਹਫ਼ਾ ਹੈ। ਇਸ ਸਾਫਟਵੇਅਰ ਨੂੰ ਇਸ ਵੈੱਬਸਾਈਟ ਤੋਂ ਮੁਫ਼ਤ ਵਿਚ ਡਾਊਨਲੋਡ ਕਰਕੇ ਵਰਤਿਆ ਜਾ ਸਕਦਾ ਹੈ। ਇਹ ਗੁਰਬਾਣੀ, ਸਿੱਖੀ ਅਤੇ ਸਿੱਖ ਇਤਿਹਾਸ ਬਾਰੇ ਮੁੱਢਲੀ ਅਤੇ ਵਿਸਥਾਰ ਪੂਰਵਕ ਸਮੱਗਰੀ ਮੁਹੱਈਆ ਕਰਵਾਉਣ ਵਾਲਾ ਇਕ ਮਹੱਤਵਪੂਰਨ ਸੋਮਾ ਹੈ। ਇਸ ਸਾਫਟਵੇਅਰ ਦਾ ਨਾਮ ਸਿੱਖ ਧਰਮ ਦੇ ਮਹਾਨ ਸੰਤ ਬਾਬਾ ਈਸ਼ਰ ਸਿੰਘ ਅਤੇ ਬਾਬਾ ਕਿਸ਼ਨ ਸਿੰਘ ਦੇ ਨਾਮ ’ਤੇ ਰੱਖਿਆ ਗਿਆ। ਇਹ ਪਵਿੱਤਰ ਕਾਰਜ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਬਾਬਾ ਤੇਜਾ ਸਿੰਘ ਜੀ ਦੇ ਅਸ਼ੀਰਵਾਦ ਨਾਲ ਸੰਪੂਰਨ ਹੋਇਆ। ਇਸ ਮਹੱਤਵਪੂਰਨ ਸਾਫਟਵੇਅਰ ਦੇ ਨਿਰਮਾਣ ਲਈ ਬਾਬਾ ਬਲਜਿੰਦਰ ਸਿੰਘ ਨੇ ਨਿਰਸਵਾਰਥ ਸੇਵਾ ਕਰਕੇ ਇਕ ਉਪਕਾਰ ਵਾਲਾ ਕੰਮ ਕੀਤਾ ਹੈ। ਇਸ ਪ੍ਰੋਗਰਾਮ ਦਾ ਡਾਟਾਬੇਸ ਬਣਾਉਣ ‘ਚ ਅਮਰੀਕਾ ਦੇ ਡਾ. ਕੁਲਬੀਰ ਸਿੰਘ (ਥਿੰਦ) ਦਾ ਮਹੱਤਵਪੂਰਨ ਯੋਗਦਾਨ ਹੈ।

ਇਸ ਵਿਲੱਖਣ ਸਾਫਟਵੇਅਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਟੀਕੇ, ਵਾਰਾਂ, ਭਾਈ ਗੁਰਦਾਸ ਜੀ ਦੇ ਕਬਿੱਤ, ਮਹਾਨ ਕੋਸ਼, ਗੁਰੂ ਗ੍ਰੰਥ ਸਾਹਿਬ ਫਰੀਦਕੋਟ ਵਾਲਾ ਟੀਕਾ, ਭਾਈ ਸੰਤੋਖ ਸਿੰਘ ਦਾ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਗਿਆਨੀ ਗਿਆਨ ਸਿੰਘ ਦਾ ਤਵਾਰੀਖ ਗੁਰੂ ਖਾਲਸਾ ਆਦਿ ਸ੍ਰੋਤ ਸ਼ਾਮਿਲ ਹਨ। ਸਾਫਟਵੇਅਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਸ਼ਕਤੀਸ਼ਾਲੀ ਸਰਚ ਇੰਜਣ ਮੁਹੱਈਆ ਕਰਵਾਇਆ ਗਿਆ ਹੈ। ਇਸ ਸਰਚ ਇੰਜਣ ਦੀ ਮਦਦ ਨਾਲ ਵਰਤੋਂਕਾਰ ਕਿਸੇ ਵਿਸ਼ੇ ਸ਼ਬਦ, ਤੁਕ ਜਾਂ ਵਾਕ ਆਦਿ ਦੀ ਖੋਜ ਕਰ ਸਕਦਾ ਹੈ। ਵੈੱਬਸਾਈਟ ਵਿਚ ਸਿੱਖ ਧਰਮ ਨਾਲ ਸੰਬੰਧਿਤ ਹੋਰਨਾਂ ਸ੍ਰੋਤਾਂ ਬਾਰੇ ਜਾਣਕਾਰੀ ਦੇ ਲਿੰਕ ਉਪਲਬਧ ਹਨ। learnpunjabi.org.in/elib/unicode.aspx ਇਹ ਵੈੱਬਸਾਈਟ ਪੁਰਾਤਨ ਜਨਮ-ਸਾਖੀ ਨਾਲ ਸਬੰਧਿਤ ਹੈ। ਵੈੱਬਸਾਈਟ ‘ਤੇ ਸਰਚ ਕਰਨ ਦੀ ਸੁਵਿਧਾ ਵੀ ਉਪਲਬਧ ਹੈ। ਵਰਤੋਂਕਾਰ ਜਨਮ-ਸਾਖੀ ਨੂੰ ਗੁਰਮੁਖੀ, ਦੇਵਨਾਗਰੀ, ਰੋਮਨ ਅਤੇ ਸ਼ਾਹਮੁਖੀ ਵਿਚ ਪੜ੍ਹ ਸਕਦਾ ਹੈ। ਇਸ ਜਨਮ-ਸਾਖੀ ਦੀ ਬਹੁਤ ਵੱਡੀ ਇਤਿਹਾਸਕ ਮਹੱਤਤਾ ਹੈ। ਜਨਮ-ਸਾਖੀ ਦਾ ਆੱਨ-ਲਾਈਨ ਸ਼ਾਹਮੁਖੀ ਵਿਚ ਉਪਲਬਧ ਹੋਣਾ ਉਰਦੂ ਬੋਲਣ ਵਾਲੇ ਖੋਜ਼ਕਰਤਾਵਾਂ ਅਤੇ ਪਾਕਿਸਤਾਨ, ਅਫ਼ਗਾਨਿਸਤਾਨ, ਈਰਾਨ, ਈਰਾਕ ਅਤੇ ਹੋਰਨਾਂ ਮੁਸਲਿਮ ਦੇਸ਼ਾਂ ਵਿਚ ਵੱਸਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਲਈ ਕਾਫੀ ਲਾਹੇਵੰਦ ਸਿੱਧ ਹੋਵੇਗਾ। ਇਹ ਵੈੱਬਸਾਈਟ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦੇ ਉੱਚਤਮ ਕੇਂਦਰ ਵਿਖੇ ਡਾ. ਗੁਰਪ੍ਰੀਤ ਸਿੰਘ (ਲਹਿਲ) ਦੀ ਅਗਵਾਈ ਹੇਠ ਤਿਆਰ ਕੀਤੀ ਗਈ ਹੈ।

sgpc.net

ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਹੈ। ਇਸ ’ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜਾਰੀ ਹੁਕਮਨਾਮੇ ਨੂੰ ਪੜ੍ਹਿਆ ਅਤੇ ਸੁਣਿਆ ਜਾ ਸਕਦਾ ਹੈ। ਵੈੱਬਸਾਈਟ ’ਤੇ ਗੁਰਬਾਣੀ ਦੇ ਲਾਈਵ ਕੀਰਤਨ ਸੁਣਨ ਦੀ ਵਿਵਸਥਾ ਤਾਂ ਹੈ ਹੀ, ਇਸ ਨਾਲ ਹੀ ਤੁਸੀਂ ‘ਕੀਰਤਨ’ ਨਾਮਕ ਲਿੰਕ ਤੋਂ ਕੀਰਤਨ ਦੇ ਰਿਕਾਰਡ ਕੀਤੇ ਹੋਏ ਪ੍ਰੋਗਰਾਮ ਵੀ ਸੁਣ ਸਕਦੇ ਹੋ। ਵੈੱਬਸਾਈਟ ਉੱਤੇ ਆਨ-ਲਾਈਨ ਪ੍ਰਕਾਸ਼ਨਾਵਾਂ, ਖ਼ਬਰਾਂ, ਅਰਦਾਸ, ਪੁਸਤਕਾਂ ਅਤੇ ਇਤਿਹਾਸ ਤਰੀਕਾਂ ਬਾਰੇ ਵੱਖਰੇ-ਵੱਖਰੇ ਲਿੰਕਸ ਰਾਹੀਂ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।

ਵੈੱਬਸਾਈਟ ਦੇ ਮੁੱਖ ਪੰਨੇ ਦੇ ਐਨ ਖੱਬੇ ਪਾਸੇ ਨਜ਼ਰ ਆਉਣ ਵਾਲੇ ‘ਸਿੱਖਇਜ਼ਮ’ ਨਾਂ ਦੇ ਲਿੰਕ ਨੂੰ ਕਲਿੱਕ ਕਰਨ ਉਪਰੰਤ ਇਕ ਨਵਾਂ ਪੰਨਾ ਖੁੱਲ੍ਹਦਾ ਹੈ ਜਿਸ ’ਤੇ ਸਿੱਖੀ ਦੇ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ‘ਟੈੱਨ ਗੁਰੂਜ਼’ ਲਿੰਕ ’ਤੇ ਦਸ ਗੁਰੂ ਸਾਹਿਬਾਨਾ ਬਾਰੇ ਸੰਖੇਪ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਇਸ ਦੇ ਹੇਠਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ, ਸੰਗ੍ਰਹਿ, ਸੰਪਾਦਨਾ ਅਤੇ ਪ੍ਰਕਾਸ਼ਨਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ। ‘ਰਹਿਤ ਮਰਯਾਦਾ’ ਨਾਮਕ ਲਿੰਕ ਸੰਬੰਧਿਤ ਪੰਨੇ ਉੱਤੇ ਇਕ ਸੱਚੇ ਸਿੱਖ ਦੀ ਪਰਿਭਾਸ਼ਾ ਦਿੰਦਿਆਂ ਲਿਖਿਆ ਗਿਆ ਹੈ ਕਿ, “ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਕ), ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।”

ਜੇਕਰ ਆਪ ਨੂੰ ਪੰਜਾਬੀ ਟੈਕਸਟ ਪੜ੍ਹਨ ‘ਚ ਦਿੱਕਤ ਆ ਰਹੀ ਹੈ ਤਾਂ ਵੈੱਬਸਾਈਟ ਦੇ ਹੇਠਲੇ ਪਾਸੇ ਦਿੱਤੇ ‘ਫੌਂਟ ਡਾਊਨਲੋਡ’ ਲਿੰਕ ਤੋਂ ‘ਵੈੱਬ ਅੱਖਰ ਸਲਿੱਮ’ ਨਾਂ ਦਾ ਫੌਂਟ ਡਾਊਨਲੋਡ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਭਾਰਤ ਅਤੇ ਪਾਕਿਸਤਾਨ ਵਿਚ ਸਥਿਤ ਇਤਿਹਾਸਕ ਗੁਰਦੁਆਰਿਆਂ, ਹਰਿਮੰਦਰ ਸਾਹਿਬ ਦੇ ਇਤਿਹਾਸ, ਗੁਰਪੁਰਬ, ਸਿੱਖ ਧਰਮ ਨਾਲ ਸਬੰਧਿਤ ਇਤਿਹਾਸਕ ਤਾਰੀਖ਼ਾਂ ਅਤੇ ਘਟਨਾਵਾਂ ਬਾਰੇ ਵੱਖਰੇ ਲਿੰਕ ਪ੍ਰਦਾਨ ਕਰਵਾਏ ਗਏ ਹਨ। ਵੈੱਬਸਾਈਟ ਦੇ ਮੁੱਖ ਪੰਨੇ ਦੇ ਹੇਠਲੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਤਿਆਰ ਕਰਵਾਈ ਦਸਤਾਵੇਜ਼ੀ ਫ਼ਿਲਮ “ਚਰਨ ਚਲਉ ਮਰਗਿ ਗੋਬਿੰਦ” ਨੂੰ ਵੇਖਣ ਲਈ ਵਿਸ਼ੇਸ਼ ਲਿੰਕ ਮੁਹੱਈਆ ਕੀਤਾ ਗਿਆ ਹੈ। ਤਕਨੀਕੀ ਅਤੇ ਡਿਜ਼ਾਈਨਿੰਗ ਪੱਖ ਤੋਂ ਵੈੱਬਸਾਈਟ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ ਪਰ ਲੱਗਭਗ ਸਾਰੇ ਲਿੰਕ ਅਤੇ ਉਨ੍ਹਾਂ ਬਾਰੇ ਮੁਹੱਈਆ ਕਰਵਾਈ ਸਮੱਗਰੀ (ਇੱਕ ਅੱਧੇ ਪੰਨੇ ਨੂੰ ਛੱਡ ਕੇ) ਅਜੇ ਅੰਗਰੇਜ਼ੀ ਵਿਚ ਉਪਲਬਧ ਹੈ।

gurbanikatha.com

ਜੇਕਰ ਤੁਸੀਂ ਸਿੱਖ ਧਰਮ ਦੇ ਪ੍ਰਸਿੱਧ ਕਥਾ-ਵਾਚਕ ਪ੍ਰੋ. ਸਰਬਜੀਤ ਸਿੰਘ ਗੋਬਿੰਦਪੁਰੀ ਦੀ ਮਿੱਠੜੀ ਆਵਾਜ਼ ਵਿਚ ਕਥਾ ਸੁਣਨਾ ਚਾਹੁੰਦੇ ਹੋ ਤਾਂ ਸਿੱਧਾ ਇਸ ਵੈੱਬਸਾਈਟ ‘ਤੇ ਜਾਓ। ਵੈੱਬਸਾਈਟ ਦੇ ਪਹਿਲੇ ਪੰਨੇ ’ਤੇ ਦਰਸਾਇਆ ਗਿਆ ਹੈ ਕਿ ਅਜੋਕੀ ਪੀੜ੍ਹੀ ਪੰਜਾਬੀ (ਗੁਰਮੁਖੀ) ਤੋਂ ਮੂੰਹ ਮੋੜ ਰਹੀ ਹੈ। ਸੋ ਉਨ੍ਹਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਅੰਗਰੇਜ਼ੀ ਤਰਜਮੇ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਵੈੱਬਸਾਈਟ ਦੇ ‘ਪੰਜਾਬੀ ਕਥਾ’ ਨਾਮਕ ਲਿੰਕ ’ਤੇ ਕਲਿੱਕ ਕਰਦਿਆਂ ਕਥਾਵਾਂ ਦੀ ਸਿਰਲੇਖ ਸੂਚੀ ਖੁੱਲ੍ਹ ਜਾਂਦੀ ਹੈ। ਇਸ ਵਿਚ ਤੁਸੀਂ ਕਿਸੇ ਵੀ ਸਿਰਲੇਖ ਉੱਤੇ ਕਲਿੱਕ ਕਰ ਕੇ ਗੁਰਬਾਣੀ ਦਾ ਅਨੰਦ ਲੈ ਸਕਦੇ ਹੋ। ਵੈੱਬਸਾਈਟ ਤੋਂ ਨਿੱਤਨੇਮ ਦਾ ਉਚਾਰਨ ਅਤੇ ਸੁਖਮਨੀ ਸਾਹਿਬ ਦਾ ਪਾਠ ਵੀ ਸੁਣਿਆ ਜਾ ਸਕਦਾ ਹੈ। ਮੁੱਕਦੀ ਗੱਲ ਕਿ ਇਹ ਆਪਣੇ ਆਪ ਵਿਚ ਇਕ ਵਿਲੱਖਣ ਵੈੱਬਸਾਈਟ ਹੈ।

sikhnet.com

ਇਹ ਇਕ ਸੁੰਦਰ ਬੈਨਰ ਨਾਲ ਸਜੀ ਵੈੱਬਸਾਈਟ ਸਿੱਖ ਭਾਈਚਾਰੇ ਨੂੰ ਸਮਰਪਿਤ ਹੈ। ਵੈੱਬਸਾਈਟ ਦੁਨੀਆਂ ਭਰ ਦੇ 26,000 ਸਿੱਖਾਂ ਦੇ ਈ-ਮੇਲ ਨੈੱਟਵਰਕ ਨਾਲ ਜੁੜੀ ਹੋਈ ਹੈ। ਕੋਈ ਵਰਤੋਂਕਾਰ ਸਿੱਖ ਨੈੱਟ, ਅਨਾਊਂਸਮੈਂਟਸ, ਹੁਕਮਨਾਮਾ, ਸਿੱਖ ਖ਼ਬਰਾਂ, ਬੱਚਿਆਂ ਦੀਆਂ ਸ਼੍ਰਵਣੀ (ਆਡੀਓ) ਕਹਾਣੀਆਂ ਆਦਿ ਆਪਣੀ ਈ-ਮੇਲ ’ਤੇ ਪੜ੍ਹ ਸਕਦਾ ਹੈ। ਅਜਿਹਾ ਕਰਨ ਲਈ ਸਾਈਟ ਦੇ ਹੋਮ ਪੰਨੇ ਦੇ ਬਿਲਕੁਲ ਹੇਠਲੇ ਪਾਸੇ ਤੋਂ ਮਨ-ਮਰਜ਼ੀ ਦੀ ਆਪਸ਼ਨ ਲਓ।‘ਸਬ-ਸਕਰਾਈਬ’ ਵਾਲੇ ਪੰਨੇ ’ਚ ਆਪਣਾ ਈ-ਮੇਲ ਖਾਤਾ ਭਰ ਦਿਓ ਤੇ ਬਟਨ ਦਬਾ ਦਿਓ।

ਤਕਨੀਕੀ ਅਤੇ ਸਮੱਗਰੀ ਪੱਖੋਂ ਸੰਪੂਰਨ ਤੇ ਆਕਰਸ਼ਕ ਇਸ ਵੈੱਬਸਾਈਟ ਨੂੰ ਨਵੀਂ ਪੀੜ੍ਹੀ ਦੀ ਵੈੱਬਸਾਈਟ ਦਾ ਦਰਜਾ ਦਿੱਤਾ ਜਾ ਸਕਦਾ ਹੈ। ਵੈੱਬਸਾਈਟ ਦੇ ਉੱਪਰਲੇ ਕਿਨਾਰੇ ਤੇ ਖੱਬੇ ਤੋਂ ਸੱਜੇ ਈ-ਮੇਲ, ਡਿਸਕਸ਼ਨ, ਹੁਕਮਨਾਮਾ, ਮੈਟਰੀਮੋਨੀਅਲ, ਇੰਟਰੋਡਕਸ਼ਨ-ਟੂ-ਸਿੱਖਿਜ਼ਮ ਆਦਿ ਲਿੰਕ ਉਪਲਬਧ ਹਨ। ‘ਡਿਸਕਸ਼ਨ’ ਲਿੰਕ ’ਤੇ ਕਲਿੱਕ ਕਰ ਕੇ ਤੁਸੀਂ ਸਿੱਖ ਧਰਮ ਅਤੇ ਆਮ ਜ਼ਿੰਦਗੀ ਨਾਲ ਜੁੜੇ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕਰ ਸਕਦੇ ਹੋ।

‘ਹੁਕਮਨਾਮਾ’ ਵਾਲੇ ਲਿੰਕ ’ਤੇ ਰੋਜ਼ਾਨਾ ਹੁਕਮਨਾਮਾ ਦੇਖਣ ਤੇ ਸੁਣਨ ਦੀ ਸੁਵਿਧਾ ਹੈ। ਇਸੇ ਪ੍ਰਕਾਰ ਮੈਟਰੀਮੋਨੀਅਲ ਲਿੰਕ ’ਤੇ ਕਲਿੱਕ ਕਰ ਕੇ ਵਿਆਹ ਸੰਬੰਧੀ ਇਸ਼ਤਿਹਾਰ ਦੇਣ/ਪੜ੍ਹਨ ਦੀ ਸੁਵਿਧਾ ਵੀ ਉਪਲਬਧ ਹੈ। ‘ਇੰਟਰੋਡਕਸ਼ਨ’ ਵਾਲੇ ਲਿੰਕ ’ਤੇ ਸਿੱਖੀ ਬਾਰੇ ਸੰਖੇਪ ਜਾਣ-ਪਛਾਣ ਨੂੰ ਸ਼ਾਮਿਲ ਕੀਤਾ ਗਿਆ ਹੈ। ਵੈੱਬਸਾਈਟ ਦੇ ਬੈਨਰ ਦੇ ਹੇਠਾਂ ਨਜ਼ਰ ਆਉਣ ਵਾਲੀ ਨੀਲੀ ਪੱਟੀ ’ਤੇ ਕੁਝ ਲਿੰਕ ਅਤੇ ਉਪ-ਲਿੰਕ ਦਰਸਾਏ ਗਏ ਹਨ। ‘ਨਿਊਜ਼’ ਵਾਲੇ ਲਿੰਕ ’ਤੇ ਕਰਸਰ ਲੈ ਕੇ ਜਾਣ ਨਾਲ ਜਨਰਲ ਨਿਊਜ਼, ਸੇਵਾ, ਦਾ ਆਰਟਸ, ਰੀਵਿਊ, ਆਡੀਓ/ਵੀਡੀਓ, ਪਿਊਪਲ, ਫੂਡ ਐਂਡ ਹੈਲਥ ਨਾਮਕ ਵਿਸ਼ਿਆਂ ਦੀ ਸੂਚੀ ਖੁੱਲ੍ਹ ਜਾਂਦੀ ਹੈ। ਸੂਚੀ ਦੇ ਕਿਸੇ ਵੀ ਵਿਸ਼ੇ ਬਾਰੇ ਜਾਣਨ ਲਈ ਸੰਬੰਧਿਤ ਲਿੰਕ ’ਤੇ ਕਲਿੱਕ ਕੀਤਾ ਜਾ ਸਕਦਾ ਹੈ। ‘ਲਾਈਫ਼ ਸਟਾਈਲ’ ਵਾਲੇ ਲਿੰਕ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ, ਅਕਾਲ ਤਖ਼ਤ, ਅਨੰਦਪੁਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਹੇਮਕੁੰਟ ਸਾਹਿਬ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸੇ ਪ੍ਰਕਾਰ ਇਸ ਲਿੰਕ ’ਤੇ ਸ. ਹਰਭਜਨ ਸਿੰਘ ਖ਼ਾਲਸਾ ਯੋਗੀ ਜੀ ਦੇ ਭਾਸ਼ਣ ਸੁਣਨ ਦੀ ਸੁਵਿਧਾ ਵੀ ਹੈ। ‘ਕਮਿਊਨਿਟੀ’ ਨਾਂ ਦੇ ਲਿੰਕ ’ਤੇ ਗੁਰਦੁਆਰਾ ਮੈਪ, ਈਵੈਂਟ ਕੈਲੰਡਰ, ਮਿਸਟਰ ਸਿੱਖ ਬਲੌਗ, ਸਿੱਖ ਡਾਇਰੈਕਟਰੀ ਅਤੇ 300 ਸਾਲਾ ਗੁਰਗੱਦੀ ਵਰ੍ਹੇ ਨਾਲ ਸਬੰਧਿਤ ਜਾਣਕਾਰੀ ਮਿਲਦੀ ਹੈ। ਜੇਕਰ ਤੁਸੀਂ ਗੁਰਬਾਣੀ ਨਾਲ ਸੰਬੰਧਿਤ ਆਡੀਓ ਤੇ ਵੀਡੀਓ ਫਾਈਲਾਂ ਪ੍ਰਾਪਤ ਕਰਨਾ ਚਾਹੁੰਦੇ ਹੋ, ਬੱਚਿਆਂ ਦੀਆਂ ਆਡੀਓ ਸਟੋਰੀਆਂ ਨਾਲ ਜੁੜਨਾ ਚਾਹੁੰਦੇ ਹੋ, ਡੀ. ਵੀ. ਡੀਸ ਤੇ ਸੀ. ਡੀਸ ਮੰਗਵਾਉਣਾ ਚਾਹੁੰਦੇ ਹੋ ਜਾਂ ਯੁਵਕ ਫ਼ਿਲਮਾਂ, ਤਿਉਹਾਰਾਂ ਬਾਰੇ ਜਾਣਨਾ/ਵੇਖਣਾ ਚਾਹੁੰਦੇ ਹੋ ਜਾਂ ਸਿੱਖ ਨੈੱਟ ਟੀ. ਵੀ. ਅਤੇ ਰੇਡੀਓ ਦਾ ਅਨੰਦ ਮਾਣਨਾ ਚਾਹੁੰਦੇ ਹੋ ਤਾਂ ‘ਮੀਡੀਆ’ ਨਾਮਕ ਲਿੰਕ ’ਤੇ ਕਲਿੱਕ ਕਰੋ। ਉਂਞ ਫ਼ਿਲਮ, ਤਿਉਹਾਰ ਬਾਰੇ ਇਕ ਵੱਖਰਾ ਲਿੰਕ ਵੀ ਮੁਹੱਈਆ ਕਰਵਾਇਆ ਗਿਆ ਹੈ। ਇਸੇ ਪ੍ਰਕਾਰ ਕੁਝ ਲਿੰਕਸ ਦਾ ਦੁਹਰਾਉ ਵਰਤੋਂਕਾਰ ਨੂੰ ਭੁਲੇਖਾ ਜਿਹਾ ਪਾ ਦਿੰਦਾ ਹੈ। ਵੈੱਬਸਾਈਟ ’ਤੇ ਡਾਊਨਲੋਡ ਕਰਨ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ। ‘ਡਾਊਨਲੋਡ’ ਲਿੰਕ ’ਤੇ ਦਿਖਾਈ ਗਈ ਸੂਚੀ ਮੁਤਾਬਿਕ ਤੁਸੀਂ ਬੱਚਿਆਂ ਲਈ ਕਹਾਣੀਆਂ, ਰੇਡੀਓ, ਆਈ ਫ਼ੋਨ/ਆਈ ਪੋਡ ਐਪਲੀਕੇਸ਼ਨ, ਬਾਣੀ, ਈ-ਰੀਡਿੰਗ ਲਈ ਬਾਣੀ, ਗੁਰਬਾਣੀ ਫੌਂਟ, ਸਕਰੀਨ ਸੇਵਰ, ਵਾਲ ਪੇਪਰ ਆਦਿ ਡਾਊਨਲੋਡ ਕਰ ਸਕਦੇ ਹੋ।

gurugranthdarpan.com

ਸ੍ਰੀ ਗੁਰੂ ਗ੍ਰੰਥ ਦਰਪਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ’ਤੇ ਆਧਾਰਿਤ। ਇਸ ਵੈੱਬਸਾਈਟ ਵਿਚ ਪ੍ਰਸਿੱਧ ਟੀਕਾਕਾਰ ਪ੍ਰੋ. ਸਾਹਿਬ ਸਿੰਘ ਦੁਆਰਾ ਸੁਝਾਏ ਅਰਥ ਸ਼ਾਮਿਲ ਕੀਤੇ ਗਏ ਹਨ। ਵੈੱਬਸਾਈਟ ਦੇ ਇੱਕ ਪੰਨੇ ’ਤੇ ਪ੍ਰੋ. ਸਾਹਿਬ ਨੇ ਲਿਖਿਆ ਹੈ, “1925 ਤੋਂ 1961 ਤੱਕ 36 ਸਾਲਾਂ ਵਿਚ ਇਹ ਸਾਰਾ ਟੀਕਾ ਲਿਖਣ ਦੇ ਕਾਰਨ ਮੇਰੀ ਲਿਖੀ ਪੰਜਾਬੀ ਬੋਲੀ ਵਿਚ ਭੀ ਕਾਫ਼ੀ ਫ਼ਰਕ ਪੈਂਦਾ ਆ ਰਿਹਾ ਹੈ। ਟੀਕੇ ਦੇ ਛਪਣਾ ਸ਼ੁਰੂ ਹੋਣ ’ਤੇ ਮੈਂ ਸਾਰੇ ਕੀਤੇ ਕੰਮ ਦੀ ਸੁਧਾਈ ਤਾਂ ਨਾਲੋ-ਨਾਲ ਕਰਦਾ ਜਾਵਾਂਗਾ, ਫਿਰ ਭੀ ਹੋ ਸਕਦਾ ਹੈ ਕਿ ਲਿਖਤ ਇੱਕ ਸਾਰ ਨਾ ਹੋ ਸਕੇ”। ਇਸੇ ਪ੍ਰਕਾਰ ਟੀਕਾਕਾਰ ਨੇ ਵਿਆਕਰਨਿਕ ਜੋੜਾਂ ਅਤੇ ਵੈੱਬ ਪੰਨਿਆਂ ਦੀ ਸਮੁੱਚੀ ਬਣਤਰ ਬਾਰੇ ਕੁਝ ਸੁਝਾਅ/ਸਲਾਹ-ਮਸ਼ਵਰੇ ਵੀ ਪੇਸ਼ ਕੀਤੇ ਹਨ। ਵੈੱਬਸਾਈਟ ਦੇ ਰਾਗ ਇੰਡੈੱਕਸ ਨਾਮਕ ਲਿੰਕ ਨਾਲ ਜੁੜੇ ਪੰਨੇ ’ਤੇ ਵਿਭਿੰਨ ਰਾਗਾਂ ਦਾ ਤੁਕ-ਤਤਕਰਾ ਮੁਹੱਈਆ ਕਰਵਾਇਆ ਗਿਆ ਹੈ। ਰਾਗ ਨਾਲ ਸੰਬੰਧਿਤ ਪੰਨੇ ਉੱਤੇ ਕਲਿੱਕ ਕਰ ਕੇ ਵਰਤੋਂਕਾਰ ਸਿੱਧਾ ਹੀ ਤੁਕ-ਤਤਕਰੇ ’ਤੇ ਪਹੁੰਚ ਸਕਦਾ ਹੈ। ਇਹ ਠੀਕ ਹੈ ਕਿ ਵੈੱਬਸਾਈਟ ਦੇ ਮੁੱਖ ਪੰਨੇ ’ਤੇ ਦਿਖਾਵਟ ਨੂੰ ਹੋਰ ਬਿਹਤਰ ਬਣਾਉਣ ਦੇ ਢੰਗ-ਤਰੀਕੇ ਦੱਸੇ ਗਏ ਹਨ ਪਰ ਜੇਕਰ ਪੂਰੀ ਵੈੱਬਸਾਈਟ ਯੂਨੀਕੋਡ (ਫੌਂਟ) ਵਿਚ ਹੁੰਦੀ ਤਾਂ ਫੌਂਟਾਂ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਸੀ।

sikhitothemax.com

ਇਸ ਵੈੱਬਸਾਈਟ ਵਿਚ ਗੁਰਬਾਣੀ, ਸਰਚ ਇੰਜਣ, ਸ੍ਰੀ ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਅੰਮ੍ਰਿਤ ਕੀਰਤਨ ਦਾ ਤੁਕ-ਤਤਕਰਾ ਆਦਿ ਸ਼ਾਮਿਲ ਹੈ। ਵੈੱਬਸਾਈਟ ਵਿਚਲੇ ਪੰਜਾਬੀ ਦੇ ਪਾਠ (ਟੈਕਸਟ) ਨੂੰ ‘ਗੁਰਬਾਣੀ ਵੈੱਬ ਥਿੱਕ’ ਨਾਮਕ ਫੌਂਟ ਵਿਚ ਦਿਖਾਇਆ ਹੈ ਜਿਸ (ਫੌਂਟ) ਨੂੰ ਡਾਊਨਲੋਡ ਕਰਨ ਦੀ ਸੁਵਿਧਾ ਵੀ ਸਾਈਟ ਦੇ ਮੁੱਖ ਪੰਨੇ ਦੇ ਉੱਪਰਲੇ ਪਾਸੇ ਬਣੇ ਲਿੰਕ ’ਤੇ ਉਪਲਬਧ ਹੈ। ਜੇਕਰ ਤੁਹਾਨੂੰ ਗੁਰਮੁਖੀ ਲਿਪੀ ਦਾ ਗਿਆਨ ਨਹੀਂ ਤਾਂ ਤੁਸੀਂ ਰੋਮਨ ਲਿਪੀ ਦੀ ਵਰਤੋਂ ਰਾਹੀਂ ਸਰਚ ਇੰਜਣ ਤੋਂ ਜਾਣਕਾਰੀ ਦੀ ਭਾਲ ਕਰ ਸਕਦੇ ਹੋ। ਵੈੱਬਸਾਈਟ ਦੀ ਅੰਗਰੇਜ਼ੀ ਭਾਸ਼ਾ ਵਾਲੀ ਦਿੱਖ ਤੋਂ ਲੱਗਦਾ ਹੈ ਕਿ ਇਸ ਰਾਹੀਂ ਵਿਦੇਸ਼ਾਂ ਵਿਚ ਵੱਸਦੀ ਨਵੀਂ ਪੀੜ੍ਹੀ ਨੂੰ ਗੁਰਬਾਣੀ ਨਾਲ ਜੋੜਨ ਦਾ ਯਤਨ ਕੀਤਾ ਗਿਆ ਹੈ। ਸਰਚ ਇੰਜਣ ਰਾਹੀਂ ਕਿਸੇ ਅੱਖਰ, ਸ਼ਬਦ ਵਾਕਾਂਸ਼ ਜਾਂ ਪੰਕਤੀ ਦੇ ਆਧਾਰ ’ਤੇ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਵੈੱਬਸਾਈਟ ਵਿਚ ਖੋਜ ਨੂੰ ਸ਼ਬਦ, ਪੰਨਾ ਨੰਬਰ, ਰਾਗ ਅਤੇ ਲੇਖਕ ਦੇ ਨਾਮ ਦੇ ਆਧਾਰ ’ਤੇ ਸੀਮਤ ਕਰ ਕੇ ਵਰਤਿਆ ਜਾ ਸਕਦਾ ਹੈ। ਵੈੱਬਸਾਈਟ ਵਿਚ ਅੰਗਰੇਜ਼ੀ ਦੇ ਅੱਖਰਾਂ ’ਤੇ ਸਰਚ ਮਾਰ ਕੇ ਉਨ੍ਹਾਂ ਦੀ ਵਿਆਖਿਆ ਰੋਮਨ ਅਤੇ ਅੰਗਰੇਜ਼ੀ ਵਿਚ ਦੇਖਣ ਦੀ ਸੁਵਿਧਾ ਵੀ ਉਪਲਬਧ ਹੈ। ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਨਾਲ ਜੋੜਨ ਲਈ ‘ਸੁਪਰ-ਸੰਤ’ ਨਾਮ ਰਾਹੀਂ ਪ੍ਰਸ਼ਨਾਵਲੀ ਸ਼ਾਮਿਲ ਕੀਤੀ ਗਈ ਹੈ। ਇਸ ਪ੍ਰਸ਼ਨਾਵਲੀ ਵਿਚ ਪੰਜਾਬ ਦੇ ਇਤਿਹਾਸ, ਗੁਰੂ ਸਾਹਿਬਾਨ, ਸਿੱਖ ਧਰਮ ਬਾਰੇ ਅਤੇ ਹੋਰ ਮਹੱਤਵਪੂਰਨ ਵਿਸ਼ਿਆਂ ਬਾਰੇ ਆੱਨ- ਲਾਈਨ ਪ੍ਰਸ਼ਨ (ਗੇਮ) ਪੁੱਛੇ ਜਾਂਦੇ ਹਨ। ਵਰਤੋਂਕਾਰ ਸਪੇਸ ਵਾਲੀ ਵੈੱਬਸਾਈਟ ਨੂੰ ਮੁਫ਼ਤ ਵਿਚ ਡਾਊਨਲੋਡ ਕਰ ਕੇ ਆਪਣੇ ਕੰਪਿਊਟਰ ’ਤੇ ਚਲਾ ਸਕਦਾ ਹੈ। ਵੈੱਬਸਾਈਟ ਦੀ ਖ਼ਾਸ ਵਿਸ਼ੇਸ਼ਤਾ ਇਹ ਹੈ ਕਿ ਤਿਆਰ-ਕਰਤਾਵਾਂ ਨੇ ਇਸ ਨੂੰ ਇਕ ਪ੍ਰੋਫੈਸ਼ਨਲ ਲਹਿਜ਼ੇ ਨਾਲ ਤਿਆਰ ਕੀਤਾ ਹੈ ਜੋ ਕਿ ਵਰਤੋਂਕਾਰ ਨੂੰ ਆਕਰਸ਼ਿਤ ਕਰਦੀ ਹੈ।

gurbanifiles.org

ਇਸ ਵੈੱਬਸਾਈਟ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਵੱਖ-ਵੱਖ ਲਿੱਪੀਆਂ ਵਿਚ ਤਿਆਰ ਕੀਤੀਆਂ ਫਾਈਲਾਂ ਨੂੰ ਡਾਊਨਲੋਡ ਕਰਨ ਦੀ ਸੁਵਿਧਾ ਹੈ। ਵੈੱਬਸਾਈਟ ਦੇ ਮੁੱਖ ਪੰਨੇ ’ਤੇ ਡਾਊਨਲੋਡ ਕੀਤੀਆਂ ਜਾਣ ਵਾਲੀਆਂ ਫਾਈਲਾਂ ਨੂੰ ਵਪਾਰਕ ਮਕਸਦ ਲਈ ਵਰਤਣ ਤੋਂ ਪਹਿਲਾਂ ਲਿਖਤੀ ਪ੍ਰਵਾਨਗੀ ਲੈਣ ਦੀ ਹਦਾਇਤ ਕੀਤੀ ਗਈ ਹੈ। ਗੌਰਤਲਬ ਹੈ ਕਿ ਇਸ ਵੈੱਬਸਾਈਟ ਦੇ ਵਿਕਾਸ-ਕਰਤਾ ਡਾ. ਕੁਲਬੀਰ ਸਿੰਘ (ਥਿੰਦ) ਨੇ ਸਾਲ 1995 ਵਿਚ ਪਹਿਲੀ ਗੁਰਬਾਣੀ ਦੀ ਸੀ. ਡੀ. ਤਿਆਰ ਕੀਤੀ ਸੀ ਜੋ ਸਿੱਖ ਸੰਗਤਾਂ ਲਈ ਕਾਫ਼ੀ ਫ਼ਾਇਦੇਮੰਦ ਸਾਬਤ ਹੋਈ। ਵੈੱਬਸਾਈਟ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਿਆਰੀ ਦੇ ਸਮੁੱਚੇ ਇਤਿਹਾਸ ਨੂੰ ਉਜਾਗਰ ਕੀਤਾ ਗਿਆ ਹੈ। ਵੈੱਬਸਾਈਟ ਦੇ ਮੁੱਖ ਪੰਨੇ ’ਤੇ ਦੋ ਹੋਰ ਵੈੱਬਸਾਈਟਾਂ nrisikhs.com ਅਤੇ iuscanada.com ਦਾ ਹਵਾਲਾ ਦਿੱਤਾ ਗਿਆ ਹੈ ਜੋ ਸਿੱਖ ਧਰਮ ਅਤੇ ਸਿੱਖੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਉਂਦੀਆਂ ਹਨ।

ਵੈੱਬਸਾਈਟ ਦਾ “ਯੂਨੀਕੋਡ/ਫੌਂਟ” ਨਾਮ ਲਿੰਕ ਪੰਜਾਬੀ ਵਰਤੋਂਕਾਰਾਂ ਲਈ ਖ਼ਾਸ ਖਿੱਚ ਦਾ ਕੇਂਦਰ ਹੈ। ਇਸ ਲਿੰਕ ਨਾਲ ਸੰਬੰਧਿਤ ਪੰਨੇ ਉੱਤੇ ਯੂਨੀਕੋਡ ਪ੍ਰਣਾਲੀ, ਇਸ ਦੇ ਫ਼ਾਇਦੇ ਅਤੇ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਪੰਨੇ ਦੇ ਹੇਠਲੇ ਭਾਗ ’ਤੇ ਅਨੇਕਾਂ ਯੂਨੀਕੋਡ ਅਤੇ ਟੀ. ਟੀ. ਐਫ. ਫੌਂਟ ਡਾਊਨਲੋਡ ਕਰਨ ਦੀ ਵਿਵਸਥਾ ਹੈ। ਵੈੱਬ ਪੰਨੇ ਦੇ ਬਿਲਕੁਲ ਹੇਠਲੇ ਪਾਸੇ ਅਨਮੋਲ ਲਿੱਪੀ, ਡੀ. ਆਰ. ਚਾਤ੍ਰਿਕ ਵੈੱਬ ਅਤੇ ਅਸੀਸ ਆਧਾਰਤ ਯੂਨੀਕੋਡ ਕੀ- ਬੋਰਡ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਯੂਨੀਕੋਡ ਦੀ ਕੀ-ਬੋਰਡਾਂ ਦੀ ਮਦਦ ਨਾਲ ਯੂਨੀਕੋਡ ਟਾਈਪਿੰਗ ਦੇ ਖੇਤਰ ਵਿਚ ਇਕ ਨਵੀਂ ਕ੍ਰਾਂਤੀ ਆਈ ਹੈ। ਜ਼ਾਹਿਰ ਹੈ ਕਿ ਵੈੱਬਸਾਈਟ ਵਿਚ ਗੁਰਮਤਿ ਗਿਆਨ ਦੇ ਨਾਲ-ਨਾਲ ਕੰਪਿਊਟਰ ਦੇ ਤਕਨੀਕੀ ਗਿਆਨ ਨੂੰ ਪੂਰੀ ਪ੍ਰਮੁੱਖਤਾ ਨਾਲ ਪੇਸ਼ ਕੀਤਾ ਗਿਆ ਹੈ।

sridasam.org

ਇਹ ਵੈੱਬਸਾਈਟ ਸ੍ਰੀ ਦਸਮ ਗ੍ਰੰਥ ਨਾਲ ਸੰਬੰਧਿਤ ਹੈ। ਵੈੱਬਸਾਈਟ ਵਿਚ ਸ੍ਰੀ ਦਸਮ ਗ੍ਰੰਥ ਵਿਚਲੀਆਂ ਬਾਣੀਆਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਵੈੱਬਸਾਈਟ ਦੇ ਮੁੱਖ ਪੰਨੇ ’ਤੇ ਇਕ ਸ਼ਕਤੀਸ਼ਾਲੀ ਸਰਚ ਇੰਜਣ ਮੁਹੱਈਆ ਕਰਵਾਇਆ ਗਿਆ ਹੈ। ਇਸ ਸਰਚ ਇੰਜਣ ਵਿਚ ਪੰਨਾ-ਵਾਰ ਖੋਜ ਕਰਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਹਰੇਕ ਤੁਕ ਜਾਂ ਪੰਕਤੀ ਦਾ ਦੇਵਨਾਗਰੀ ਰੂਪ ਵੀ ਉਪਲਬਧ ਹੈ ਤੇ ਨਾਲ-ਨਾਲ ਅੰਗਰੇਜ਼ੀ ਵਿਚ ਵਿਆਖਿਆ ਵੀ ਕੀਤੀ ਗਈ ਹੈ। ਜੇਕਰ ਆਪ ਪੰਜਾਬੀ ਵਿਚ ਟਾਈਪ ਨਹੀਂ ਕਰ ਸਕਦੇ ਤਾਂ ਇਕ ਆੱਨ-ਸਕਰੀਨ ਕੀ-ਬੋਰਡ ਰਾਹੀਂ ਇਸ ਦਾ ਤੋੜ ਜਾਂ ਬਦਲ ਵੀ ਲੱਭ ਲਿਆ ਗਿਆ ਹੈ। ਇਹ ਵੈੱਬਸਾਈਟ ਪੂਰੀ ਤਰ੍ਹਾਂ ਯੂਨੀਕੋਡ ਫੌਂਟ ਵਿਚ ਡਿਜ਼ਾਈਨ ਕੀਤੀ ਗਈ ਹੈ ਜਿਸ ਕਾਰਨ ਇਸ ਦੀ ਸਮੱਗਰੀ ਨੂੰ ਸਰਚ ਇੰਜਣ ਰਾਹੀਂ ਲੱਭਣਾ ਬਹੁਤ ਆਸਾਨ ਹੈ।

shabadvichar.net

ਇਹ ਵੈੱਬਸਾਈਟ ਸਤਿਗੁਰੂ ਨੂੰ ਮਿਲਣ ਦੀ ਤਾਂਘ ਰੱਖਣ ਵਾਲੇ ਵਰਤੋਂਕਾਰ ਨੂੰ ਸਮਰਪਿਤ ਹੈ। ਵੈੱਬਸਾਈਟ ਦੇ ‘ਮਲਟੀਮੀਡੀਆ’ ਵਾਲੇ ਲਿੰਕ ’ਤੇ ਕਥਾ ਵਿਚਾਰ, ਸ਼ਬਦ ਕੀਰਤਨ, ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਆਡੀਓ ਅਤੇ ਕਈ ਮਹੱਤਵਪੂਰਨ ਲੇਖ ਉਪਲਬਧ ਹਨ। ਇਹ ਵੈੱਬਸਾਈਟ ਸਿੱਖ ਸੰਗਤਾਂ ਦਰਮਿਆਨ ਵਿਚਾਰ ਪਰਵਾਹ ਲਈ ਬਲੌਗ ਦੀ ਸੁਵਿਧਾ ਵੀ ਮੁਹੱਈਆ ਕਰਵਾਉਂਦੀ ਹੈ। ਵੈੱਬਸਾਈਟ ਵਿਚ ਮੁਹੱਈਆ ਕਰਵਾਈ ਐੱਸ. ਐਮ. ਐੱਸ ਦੀ ਸੁਵਿਧਾ ਵਰਤੋਂਕਾਰਾਂ ਲਈ ਨਿਵੇਕਲੀ ਤੇ ਲਾਭਕਾਰੀ ਸਿੱਧ ਹੋ ਸਕਦੀ ਹੈ। ਗੁਰਬਾਣੀ ਐੱਸ. ਐਮ. ਐੱਸ ਦੇ ਨਾਂ ਦੇ ਲਿੰਕ ’ਤੇ ਕਲਿੱਕ ਕਰਦਿਆਂ ਤੁਹਾਨੂੰ ਵਿਸ਼ੇ ਨਾਲ ਸੰਬੰਧਿਤ ਅਨੇਕਾਂ ਸ਼ਾਰਟ ਮੈਸੇਜ ਮਿਲਣਗੇ ਜਿਨ੍ਹਾਂ ਨੂੰ ਤੁਸੀਂ ਆਪਣੇ ਮੋਬਾਈਲ ਰਾਹੀਂ ਦੂਸਰਿਆਂ ਨੂੰ ਭੇਜ ਸਕਦੇ ਹੋ। ਜੇਕਰ ਤੁਸੀਂ ਗੁਰਮਤਿ ਵਿਚਾਰਾਂ ਨੂੰ ਆਪਣੀ ਈ-ਮੇਲ ’ਤੇ ਪੜ੍ਹਨਾ ਚਾਹੁੰਦੇ ਹੋ ਤਾਂ ਵੈੱਬਸਾਈਟ ਦੇ ਮੁੱਖ ਪੰਨੇ ’ਤੇ ਸੱਜੇ ਪਾਸੇ ਦਾ ‘ਨਿਊਜ਼ ਲੈਟਰ ਸਾਈਨ-ਅਪ’ ਹਿੱਸਾ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਇਸ ਭਾਗ ਵਿਚ ਦਰਸਾਈਆਂ ਥਾਵਾਂ ’ਤੇ ਨਾਮ, ਈ-ਮੇਲ ਪਤਾ, ਸ਼ਹਿਰ ਦਾ ਨਾਮ ਅਤੇ ਮੋਬਾਈਲ ਨੰਬਰ ਟਾਈਪ ਕਰਨ ਉਪਰੰਤ ‘ਸਬ- ਸਕਰਾਈਬ’ ਬਟਨ ਉੱਤੇ ਕਲਿੱਕ ਕਰਨ ’ਤੇ ਤੁਸੀਂ ਰਜਿਸਟਰਡ ਹੋ ਜਾਵੋਗੇ। ਹੁਣ ਤੁਹਾਨੂੰ ਗੁਰਬਾਣੀ ਬਾਰੇ ਸ਼ਾਰਟ ਮੈਸੇਜ ਈ-ਮੇਲ ਰਾਹੀਂ ਆਪਣੇ-ਆਪ ਆਉਣੇ ਸ਼ੁਰੂ ਹੋ ਜਾਣਗੇ। ਵੈੱਬਸਾਈਟ ਦਾ ਪੰਜਾਬੀ ਟੈਕਸਟ’ਵੈੱਬ ਅੱਖਰ ਹੈਵੀ’ ਫੌਂਟ ਵਿਚ ਹੈ ਜਿਹੜਾ ਕਿ ਵੈੱਬ ਪੰਨੇ ‘ਤੇ ਸਹੀ ਨਜ਼ਰ ਨਹੀਂ ਆਉਂਦਾ। ਇਸ ਨੂੰ ਯੂਨੀਕੋਡ ਦੀ ਪੁਸ਼ਾਕ ਦੇਣ ਦੀ ਲੋੜ ਹੈ।

satnaam.info

ਜੇਕਰ ਤੁਸੀਂ ਖੋਜ ਭਰਪੂਰ ਅਧਿਆਤਮਕ ਲੇਖ ਪੜ੍ਹਨਾ ਚਾਹੁੰਦੇ ਹੋ ਤਾਂ ਸਿੱਧਾ ‘ਸਤਨਾਮ ਡਾਟ ਇਨਫੋ’ ਵੈੱਬਸਾਈਟ ਉੱਤੇ ਜਾਵੋ। ਇਸ ਵੈੱਬਸਾਈਟ ਦਾ ਮੁੱਖ ਪੰਨਾ ਵੱਖ-ਵੱਖ ਲੇਖਾਂ ਦੇ ਸਿਰਲੇਖਾਂ ਨਾਲ ਭਰਿਆ ਹੋਇਆ ਹੈ। ਇਨ੍ਹਾਂ ਵਿੱਚੋਂ ਪ੍ਰਮੁੱਖ ਸਿਰਲੇਖ ਹਨ- ਸੁਖਮਨੀ ਸਾਹਿਬ, ਗੁਰਮੁਖ, ਧਰਮ ਕਿ ਭਰਮ, ਨਾਮ ਸਿਮਰਨ, ਸੱਚ ਖੰਡ, ਇਕ ਸ਼ੁਧ ਮੰਨ ਲਈ ਲਾਜ਼ਮੀ ਗੁਣ, ਅਨੰਦ ਕਾਰਜ, ਸੰਤ ਮਾਰਗ, ਸਤਿਗੁਰੂ। ਵੈੱਬਸਾਈਟ ਉੱਤੇ ਦਰਸਾਈ ਜਾਣਕਾਰੀ ਅਨੁਸਾਰ ਗੁਰਬਾਣੀ ਦੇ ਅਧਿਆਤਮਕ ਗਿਆਨ ਬਾਰੇ ਕੋਈ ਸਵਾਲ ਪੁੱਛਣ ਲਈ ਦੱਸੇ ਨਿਰਧਾਰਿਤ ਸਮੇਂ ’ਤੇ ਚੈਟਿੰਗ ਕੀਤੀ ਜਾ ਸਕਦੀ ਹੈ ਜਾਂ ਫਿਰ ਈ-ਮੇਲ ਸੰਦੇਸ਼ ਭੇਜਿਆ ਜਾ ਸਕਦਾ ਹੈ।

ਇੱਥੇ ਦੱਸਣਯੋਗ ਹੈ ਕਿ ਆਸਟਰੇਲੀਆ ਦੇ ਸ. ਬਲਵੰਤ ਸਿੰਘ ਉੱਪਲ ਨੇ ਸਾਲ 1995 ਵਿਚ ਗੁਰਬਾਣੀ ਨੂੰ ਕੰਪਿਊਟਰ ’ਤੇ ਪਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਸੀ। ਭਾਵੇਂ ਇਸ ਪ੍ਰੋਗਰਾਮ ਵਿਚ ਗੁਰਬਾਣੀ ਦੇ ਸਰਚ ਇੰਜਣ ਦੀ ਸੁਵਿਧਾ ਵੀ ਸ਼ੁਮਾਰ ਸੀ ਪਰ ਇਹ ਸਿਰਫ਼ ਡਾਸ ਆਪਰੇਟਿੰਗ ਸਿਸਟਮ ਉੱਤੇ ਹੀ ਚੱਲ ਸਕਦਾ ਸੀ। ਵੈੱਬਸਾਈਟ sikhs.org ਦੇ ਇਕ ਪੰਨੇ ’ਤੇ ਸ. ਉੱਪਲ ਬਾਰੇ ਲਿਖਿਆ ਹੋਇਆ ਹੈ ਕਿ “ਉਨ੍ਹਾਂ ਦਾ ਇਹ ਸੀ.ਡੀ.-ਰੋਮ ਨਹੀਂ ਸਗੋਂ ਫ਼ਲੌਪੀ ਆਧਾਰਿਤ ਪ੍ਰੋਗਰਾਮ ਹੈ”। ਸ. ਉੱਪਲ ਨੇ ਆਪਣੇ ਪ੍ਰੋਗਰਾਮ ਦੇ ਇਕ ਭਾਗ ਵਿਚ ਲਿਖਿਆ ਹੈ ਕਿ ਉਸ ਦੇ ਇਸ ਉਪਰਾਲੇ ਲਈ ਉਸ ਦੀ ਧਰਮ ਪਤਨੀ ਦਾ ਵਿਸ਼ੇਸ਼ ਯੋਗਦਾਨ ਹੈ। ਜੇਕਰ ਸ. ਉੱਪਲ ਇਸ ਵਿਲੱਖਣ ਪ੍ਰੋਗਰਾਮ ਨੂੰ ਅਜੋਕੀ ਤਕਨਾਲੋਜੀ ਦੇ ਹਾਣ ਦਾ ਬਣਾ ਕੇ ਇੰਟਰਨੈੱਟ ’ਤੇ ਪਾ ਦੇਣ ਤਾਂ ਬਹੁਤ ਹੀ ਚੰਗਾ ਹੋਵੇਗਾ।

ਇਸ ਤੋਂ ਇਲਾਵਾ sikhiwiki.org, punjabi.webdunia.com (ਲਿੰਕ: ਧਰਮ ਦਰਸ਼ਨ-ਸਿੱਖ-ਮਤ), pa.wikipedia.org (ਸਰਚ ਬਾਕਸ ਵਿਚ ‘ਗੁਰਬਾਣੀ’ ਟਾਈਪ ਕਰ ਕੇ), ggssc.net, ihues.com (ਲਿੰਕ: ਲਾਈਵ ਕੀਰਤਨ, ਗੁਰੂ ਗ੍ਰੰਥ ਸਾਹਿਬ, ਗੁਰਬਾਣੀ ਪਾਠ ਆਦਿ), sikhmarg.com, punjabisukhan.com (ਲਿੰਕ: ਸੱਜੇ ਹੱਥ ‘ਗੁਰਬਾਣੀ ਵਿਚਾਰ’), sikhpress.com (ਲਿੰਕ: ਗੁਰਮਤਿ ਵਿਚਾਰ), sikhyouth.com (ਲਿੰਕ: ਅਬਾਉਟ ਸਿੱਖਸ) ਆਦਿ ਅਹਿਮ ਜਾਣਕਾਰੀ ਪ੍ਰਦਾਨ ਕਰਵਾਉਂਦੀਆਂ ਹਨ। ਹਿੰਦੀ ਭਾਸ਼ਾ ਵਿਚ ਗੁਰਬਾਣੀ ਦੇ ਅਧਿਐਨ/ਅਧਿਆਪਨ ਲਈ sikhyouth.com (ਸਰਚ ਬਾਕਸ ਵਿਚ ‘ਸਿੱਖ ਧਰਮ’ ਟਾਈਪ ਕਰ ਕੇ), dharm.raftaar.in (ਲਿੰਕ: ਸਿੱਖ ਧਰਮ), hindi.webdunia.com (ਲਿੰਕ: ਧਰਮ ਸੰਸਾਰ) ਆਦਿ ਵੈੱਬਸਾਈਟਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਮੇਰੇ ਕੰਪਿਊਟਰ ਖੇਤਰ ਨਾਲ ਸੰਬੰਧਿਤ ਹੋਣ ਕਾਰਨ ਹੋ ਸਕਦਾ ਹੈ ਕਿ ਭਾਸ਼ਾਈ ਪੱਖੋਂ ਕੁਝ ਅਣੁਤਾਈਆਂ ਰਹਿ ਗਈਆਂ ਹੋਣ ਪਰ ਵੈੱਬਸਾਈਟਾਂ ਦੀ ਸਮੀਖਿਆ ਕਰਨ ਸਮੇਂ ਸਬੰਧਿਤ ਸਰੋਤਾਂ ਨੂੰ ਤਕਨੀਕੀ ਪੱਖੋਂ ਪੂਰੀ ਤਰ੍ਹਾਂ ਪਰਖ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸੇ ਪ੍ਰਕਾਰ ਇਨ੍ਹਾਂ ਕਾਲਮਾਂ ਵਿਚ ਸ਼ਾਮਿਲ ਕੀਤੀਆਂ ਵੈੱਬਸਾਈਟਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਵੈੱਬਸਾਈਟਾਂ ਹੋਣਗੀਆਂ ਜਿਹੜੀਆਂ ਮੇਰੇ ਗਿਆਨ ਦੇ ਘੇਰੇ ਤੋਂ ਬਾਹਰ ਹੋਣਗੀਆਂ। ਸੋ ਮੇਰੇ ਵੱਲੋਂ ਇਸ ਖੋਜ ਲੇਖ ਨੂੰ ਹੋਰ ਬਿਹਤਰ ਤੇ ਵਿਸਤਰਿਤ ਬਣਾਉਣ ਦੀ ਹਮੇਸ਼ਾਂ ਹੀ ਗੁੰਜਾਇਸ਼ ਰਹੇਗੀ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸਹਾਇਕ ਪ੍ਰੋਫੈਸਰ -ਵਿਖੇ: ਪੰਜਾਬੀ ਕੰਪਿਊਟਰ ਹੈਲਪ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ

ਸੀ ਪੀ ਕੰਬੋਜ ਪਹਿਲੇ ਲੇਖਕ ਹਨ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਵਿੱਚ 30 ਕੰਪਿਊਟਰ ਅਤੇ ਆਈ ਟੀ ਕਿਤਾਬਾਂ ਲਿਖੀਆਂ ਹਨ। ਨਾਲ ਹੀ, ਉਨ੍ਹਾਂ ਨੇ ਕਈ ਕੰਪਿਊਟਰ ਕਿਤਾਬਾਂ ਦਾ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ। ਉਹ ਰੋਜ਼ਾਨਾ ਅਜੀਤ, ਪੰਜਾਬੀ ਟ੍ਰਿਬਿਊਨ, ਦੇਸ਼ ਸੇਵਕ ਆਦਿ ਵਿੱਚ ਰੈਗੂਲਰ ਕਾਲਮਨਵੀਸ ਹਨ, ਇਸ ਲਈ ਵੱਖ-ਵੱਖ ਰਸਾਲਿਆਂ ਅਤੇ ਅਖਬਾਰਾਂ ਵਿੱਚ 2500 ਤੋਂ ਵੱਧ ਲੇਖ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਨੂੰ ਬਚਪਨ ਤੋਂ ਹੀ ਕੰਪਿਊਟਰ ਵਿੱਚ ਗਹਿਰੀ ਰੁਚੀ ਸੀ। ਵਰਤਮਾਨ ਵਿੱਚ, ਉਹ ਪੰਜਾਬੀ ਕੰਪਿਊਟਰ ਹੈਲਪ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਨੇ "ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ: ਸਮੱਸਿਆਵਾਂ, ਸਥਿਤੀ ਅਤੇ ਹੱਲ" ਵਿਸ਼ੇ 'ਤੇ ਆਪਣਾ ਡਾਕਟੋਰਲ ਕੰਮ ਪੂਰਾ ਕੀਤਾ ਹੈ- ਪੀ.ਐਚ.ਡੀ. । ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਭਾਸ਼ਾ ਵਿੱਚ ਆਧੁਨਿਕ ਟੈਕਨਾਲੋਜੀ ਅਤੇ ਕੰਪਿਊਟਰ ਨੂੰ ਉਤਸ਼ਾਹਿਤ ਕਰਨਾ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਉਹ ਕੰਪਿਊਟਰ ਨੂੰ ਆਮ ਆਦਮੀ ਤੱਕ ਪਹੁੰਚਾਉਣਾ ਚਾਹੁੰਦੇ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)