ਹਰ ਧਰਮ ਵਿਚ ਕੁਝ ਵਿਸ਼ੇਸ਼ ਲ਼ਫ਼ਜ਼ਾਂ ਦੀ ਆਪਣੀ ਖਾਸ ਪਹਿਚਾਣ, ਖਾਸ ਮਹੱਤਤਾ ਅਤੇ ਵਿਲੱਖਣਤਾ ਹੁੰਦੀ ਹੈ। ਇਨ੍ਹਾਂ ਖਾਸ ਲਫ਼ਜ਼ਾਂ ਦੀ ਤੁਲਨਾ ਕਈ ਵਾਰ ਇੰਨ-ਬਿੰਨ ਕਿਸੇ ਹੋਰ ਧਰਮ ਦੇ ਕਿਸੇ ਲਫ਼ਜ਼ ਨਾਲ ਕਰਨੀ ਬਹੁਤ ਕਠਿਨ ਹੁੰਦੀ ਹੈ। ਇਨ੍ਹਾਂ ਖਾਸ ਲਫਜ਼ਾਂ ਨੂੰ ਸਮਝਣਾ ਵੀ ਉਸ ਧਰਮ ਤੋਂ ਬਾਹਰ ਦੇ ਲੋਕਾਂ ਵਾਸਤੇ ਕਈ ਵਾਰ ਇਤਨਾ ਸੰਭਵ ਨਹੀਂ ਹੁੰਦਾ ਅਤੇ ਐਸੇ ਵਿਸ਼ੇਸ਼ ਲਫਜ਼ ਕਿਸੇ ਖਾਸ ਹਾਲਾਤ, ਹਾਲਤ, ਭਾਵਨਾ ਜਾਂ ਮਨੋ-ਦਸ਼ਾ ਆਦਿ ਨਾਲ ਸੰਬੰਧਿਤ ਹੁੰਦੇ ਹਨ ਜਾਂ ਉਨ੍ਹਾਂ ਨੂੰ ਪ੍ਰਗਟਾਉਂਦੇ ਹਨ। ਇਨ੍ਹਾਂ ਲਫ਼ਜ਼ਾਂ ਦਾ ਅਸਲੀ ਮਤਲਬ ਸਮਝਣਾ ਅਸਲ ਵਿਚ ਉਸ ਧਰਮ, ਭਾਸ਼ਾ ਅਤੇ ਵਿਰਸੇ ਨਾਲ ਜੁੜੇ ਬਿਨਾਂ ਅਸੰਭਵ ਹੁੰਦਾ ਹੈ।
ਸਿੱਖ ਧਰਮ ਵਿਚ ਐਸਾ ਹੀ ਇਕ ਲਫ਼ਜ਼ ਹੈ ‘ਚੜ੍ਹਦੀ ਕਲਾ’। ਵੈਸੇ ਕਿਸੇ ਵੀ ਸਿੱਖ ਨੂੰ ਇਹ ਲਫ਼ਜ਼ ਸੁਣਦੇ ਸਾਰ ਮੌਕੇ ਅਨੁਸਾਰ ਇਸ ਦਾ ਪੂਰਾ-ਪੂਰਾ ਮਤਲਬ ਅਤੇ ਮਹਾਨਤਾ ਸਮਝ ਵਿਚ ਆ ਜਾਂਦੀ ਹੈ। ਪਰ ਮੈਂ ਸਮਝਦਾ ਹਾਂ ਕਿ ਇਸ ਮਹਾਨ ਸ਼ਬਦ ਦਾ ਜਿੰਨਾ ਮਹਾਨ ਮਤਲਬ ਅਸਲ ਵਿਚ ਹੈ, ਉਸ ਨੂੰ ਲਿਖਣ ਲਈ ਕਿਸੇ ਵੀ ਭਾਸ਼ਾ ਦੇ ਲਫ਼ਜ਼ ਅਧੂਰੇ ਜਿਹੇ ਜਾਪਦੇ ਹਨ।
ਚੜ੍ਹਦੀ ਕਲਾ ਲਫ਼ਜ਼ ਸਿੱਖ ਧਰਮ ਵਿਚ ਉੱਚੀ ਮਾਨਸਿਕ ਦਸ਼ਾ ਨੂੰ ਪ੍ਰਗਟਾਉਣ ਲਈ ਵਰਤਿਆ ਜਾਂਦਾ ਹੈ (Being in high spirits)। ਅਸਲ ਵਿਚ ਇਹ ਲਫ਼ਜ਼ ਆਤਮਿਕ ਖੇੜੇ, ਮਾਨਸਿਕ ਤਸੱਲੀ, ਦਿਲੀ ਸ਼ੁਕਰਾਨੇ, ਮਿੱਠੇ ਭਾਣੇ, ਡੂੰਘੀ ਖੁਸ਼ੀ, ਸੰਪੂਰਨ ਬੇਪਰਵਾਹੀ, ਨਿਡਰਤਾ, ਅਧਿਆਤਮਕ ਅਨੰਦ, ਤਾਕਤ, ਜਿੱਤ, ਅਡੋਲਤਾ, ਸੰਪੂਰਨਤਾ, ਪ੍ਰਾਪਤੀ, ਤੰਦਰੁਸਤੀ ਜਿਹੀਆਂ ਭਾਵਨਾਵਾਂ ਜਾਂ ਹਾਲਾਤਾਂ ਅਤੇ ਹਾਲਤਾਂ ਨੂੰ ਪ੍ਰਗਟਾਉਣ ਲਈ ਵਰਤਿਆ ਜਾਂਦਾ ਹੈ।
ਇੰਞ ਪ੍ਰਤੀਤ ਹੁੰਦਾ ਹੈ ਕਿ ਚੜ੍ਹਦੀ ਕਲਾ ਜੋ ਅਸਲ ਵਿਚ ਉਹ ਉੱਚੀ ਮਾਨਸਿਕ ਅਵਸਥਾ ਹੈ ਜੋ ਕੇਵਲ ਸਿੱਖਾਂ ਦੀ ਝੋਲੀ ਵਿਚ, ਜਿਵੇਂ ਖੁਦ ਵਾਹਿਗੁਰੂ ਨੇ ਆਪਣੀ ਮਿਹਰ ਸਦਕਾ ਪਾਈ ਹੋਵੇ। ਚੜ੍ਹਦੀ ਕਲਾ ਬਿਨਾਂ ਸ਼ਾਇਦ ਸਿੱਖ ‘ਸਿੱਖ’ ਹੀ ਨਾ ਹੁੰਦਾ ਅਤੇ ਜੇ ਚੜ੍ਹਦੀ ਕਲਾ ਸਿੱਖਾਂ ਕੋਲ ਨਾ ਹੁੰਦੀ ਤਾਂ ਇਨ੍ਹਾਂ ਦੀ ਇਤਨੀ ਚੜ੍ਹਦੀ ਕਲਾ ਵੀ ਨਾ ਹੁੰਦੀ। ਮੈਂ ਸਮਝਦਾ ਹਾਂ ਕਿ ਜੋ ਸਿੱਖ ਕਦੀ ਚੜ੍ਹਦੀ ਕਲਾ ਨੂੰ ਨਹੀਂ ਸਮਝਦਾ ਅਤੇ ਮਾਣਦਾ ਤਾਂ ਉਹ ਜ਼ਰੂਰ ਹੀ ਮਾਨਸਿਕ ਰੋਗੀ ਹੁੰਦਾ ਹੈ ਜਾਂ ਫਿਰ ਬੜੀ ਅਸਾਨੀ ਨਾਲ ਮਾਨਸਿਕ ਰੋਗ ਦਾ ਸ਼ਿਕਾਰ ਹੋ ਸਕਦਾ ਹੈ। ਮੈਨੂੰ ਮਾਫ਼ ਕਰਨਾ ਉਹ ਸਿੱਖ ਅਖਵਾਉਣ ਦਾ ਅਧਿਕਾਰੀ ਹੀ ਨਹੀਂ ਹੋ ਸਕਦਾ।
ਮਨ ਦੀ ਚੜ੍ਹਦੀ ਕਲਾ ਵਿਚ ਉਹ ਤਾਕਤ ਹੈ ਜੋ ਗਿੱਦੜ ਨੂੰ ਸ਼ੇਰ, ਬੀਮਾਰ ਨੂੰ ਤੰਦਰੁਸਤ, ਬਲਹੀਨ ਨੂੰ ਬਲਵਾਨ, ਕਮਜ਼ੋਰ ਨੂੰ ਭਲਵਾਨ, ਗ਼ਰੀਬ ਨੂੰ ਅਮੀਰ, ਭਿਖਾਰੀ ਨੂੰ ਰਾਜਾ, ਸਵਾਰਥੀ ਨੂੰ ਪਰਉਪਕਾਰੀ, ਉਦਾਸ ਨੂੰ ਖੁਸ਼, ਅਸਹਿਣਸ਼ੀਲ ਨੂੰ ਸਹਿਣਸ਼ੀਲ, ਜਕੜੇ ਨੂੰ ਬੰਧਨ-ਮੁਕਤ, ਤੰਗਦਿਲ ਨੂੰ ਖੁੱਲ੍ਹਦਿਲਾ ਅਤੇ ਅਕ੍ਰਿਤਘਣ ਨੂੰ ਧੰਨਵਾਦੀ ਬਣਾ ਦਿੰਦੀ ਹੈ। ਗੱਲ ਕੀ ਅਸੰਭਵ ਨੂੰ ਸੰਭਵ ਕਰ ਦੇਣ ਦੀ ਕਰਾਮਾਤ ਕੇਵਲ ਮਨ ਦੀ ਚੜ੍ਹਦੀ ਕਲਾ ਦੀ ਹੀ ਕਰਾਮਾਤ ਹੈ। ਇਹ ਉਹ ਤਾਕਤ ਹੈ ਜੋ ਨਿਰਭਉ ਅਤੇ ਨਿਰਵੈਰ ਬਣਾ ਕੇ ਬਦ ਤੋਂ ਬਦਤਰ ਹਾਲਾਤਾਂ ਵਿਚ ਵੀ ਸਿੱਖਾਂ ਨੂੰ ਲਗਾਤਾਰ ਆਪਣੇ ਧਾਰਮਿਕ, ਆਰਥਿਕ, ਸਭਿਆਚਾਰਕ ਅਤੇ ਪਰਵਾਰਿਕ ਖੇਤਰ ਵਿਚ ਤਰੱਕੀ ਕਰਦੇ ਰਹਿਣ ਦੀ ਸਮਰੱਥਾ ਬਖਸ਼ਦੀ ਹੈ। ਸਖ਼ਤ ਮਿਹਨਤ, ਉੱਚਾ ਆਚਰਣ, ਦ੍ਰਿੜ੍ਹ ਵਿਸ਼ਵਾਸ ਅਤੇ ਜ਼ੁਲਮ ਦੇ ਵਿਰੁੱਧ ਡੱਟ ਕੇ ਖੜ੍ਹੇ ਹੋਣ ਦੀ ਤਾਕਤ, ਮਨ ਦੀ ਚੜ੍ਹਦੀ ਕਲਾ ਬਿਨਾਂ ਸੰਭਵ ਨਹੀਂ ਹੋ ਸਕਦੇ।
ਸਵੈ-ਨਿਰਭਰ ਹੋਣ ਵਿਚ ਮਨ ਦੀ ਚੜ੍ਹਦੀ ਕਲਾ ਹੀ ਸਹਾਇਤਾ ਕਰਦੀ ਹੈ ਅਤੇ ਚੜ੍ਹਦੀ ਕਲਾ ਦੀ ਹੀ ਕਰਾਮਾਤ ਹੈ ਕਿ ਕੋਈ ਸਿੱਖ ਭਿਖਾਰੀ ਨਹੀਂ ਹੈ ਸਗੋਂ ਹਰੇਕ ਸਿੱਖ ਆਪਣੇ ਵਿੱਤ ਅਨੁਸਾਰ ਆਪਣੀ ਕਿਰਤ-ਕਮਾਈ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰਨ ਅਤੇ ਗੁਰੂ ਭੇਟਾ ਕਰਨ ਤੋਂ ਵੀ ਪਿੱਛੇ ਨਹੀਂ ਹਟਦਾ:
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)
ਹਥਹੁ ਦੇ ਕੈ ਭਲਾ ਮਨਾਇ॥
ਅਤੇ ‘ਗਰੀਬ ਦਾ ਮੂੰਹ ਗੁਰੂ ਕੀ ਗੋਲਕ’ ਜਿਹੇ ਬਚਨਾਂ ਦੁਆਰਾ ਬਖਸ਼ੀ ਚੜ੍ਹਦੀ ਕਲਾ ਸਦਕਾ ਹੀ ਸਿੱਖ ਧਰਮ ਵਿਚ ਅਤੁੱਟ ਲੰਗਰ ਅਤੇ ਨਿਆਸਰਿਆਂ ਦੇ ਇਲਾਜ ਹਿਤ ਭੇਟਾ-ਰਹਿਤ ਹਸਪਤਾਲਾਂ ਅਤੇ ਯਤੀਮਖਾਨਿਆਂ ਜਿਹੀਆਂ ਸੰਸਥਾਵਾਂ ਹੋਂਦ ਵਿਚ ਆਈਆਂ ਅਤੇ ਬੜੀ ਆਨ-ਸ਼ਾਨ ਚੱਲ ਰਹੀਆਂ ਹਨ। ਕੈਨੇਡਾ ਦੇ ਇਕ ਗੁਰਦੁਆਰਾ ਸਾਹਿਬ ਵਿਚ ਲੰਗਰ ਤੋਂ ਪ੍ਰਭਾਵਿਤ ਹੋ ਕੇ ਇੱਥੋਂ ਦੀ ਇਕ ਮੰਤਰੀ ਗੋਰੀ ਇਹ ਕਹਿਣ ਤੋਂ ਬਿਨਾਂ ਰਹਿ ਨ ਸਕੀ ਕਿ ‘ਦੁਨੀਆਂ ਭਾਵੇਂ ਭੁੱਖ ਨਾਲ ਮਰ ਜਾਏ, ਪਰ ਸਿੱਖ ਕੌਮ ਕਦੀ ਭੁੱਖ ਕਾਰਨ ਨਹੀਂ ਮਰ ਸਕਦੀ’।
ਮਨ ਦੀ ਚੜ੍ਹਦੀ ਕਲਾ ਨੇ ਸਿੱਖਾਂ ਨੂੰ ਐਸੀ ਨਿਡਰਤਾ ਬਖਸ਼ੀ ਕਿ ਇਹ ਆਦਿ-ਕਾਲ ਤੋਂ ਸਮੇਂ ਦੀ ਜ਼ਾਲਮ ਹਕੂਮਤ ਨਾਲ ਟੱਕਰ ਲੈਣ ਤੋਂ ਕਦੇ ਪਿੱਛੇ ਨਹੀਂ ਹਟੇ। ਮਨ ਦੀ ਚੜ੍ਹਦੀ ਕਲਾ ਕਾਰਨ ਸਿੱਖ ਗ਼ਰੀਬੀ, ਭੁੱਖ ਅਤੇ ਸਰੀਰਿਕ ਤਸੀਹੇ ਝੱਲਦੇ ਹੋਏ ਚਾਰੇ ਪਾਸੇ ਦੁਸ਼ਮਣਾਂ ਦੇ ਘੇਰੇ ਤੋੜਦੇ ਹੋਏ ਆਪਣੀ ਹੋਂਦ ਅਤੇ ਵਿਲੱਖਣਤਾ ਨੂੰ ਬਚਾ ਕੇ ਅੱਜ ਸਾਰੇ ਸੰਸਾਰ ਦੇ ਲੋਕਾਂ ਨੂੰ ਆਪਣੀ ਖਾਸ ਹੋਂਦ, ਪਹਿਚਾਣ ਅਤੇ ਜੁਝਾਰੂ ਗੁਣ ਦੱਸਣ ਵਿਚ ਕਾਮਯਾਬ ਹੋਏ ਅਤੇ ਹੋ ਰਹੇ ਹਨ:
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥ (ਪੰਨਾ 1105)
ਚੜ੍ਹਦੀ ਕਲਾ ਹੀ ਧਰਮ ਹਿੱਤ ਅਤੇ ਪਰਉਪਕਾਰ ਹਿੱਤ ਜੰਗ ਕਰਨ ਵਾਲੇ ਨੂੰ ਅਸਲੀ ਸੂਰਮਾ ਐਲਾਨ ਕਰਦੀ ਹੈ:
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਪੰਨਾ 1105)
ਸਮਾਜਿਕ ਕੁਰੀਤੀਆਂ ਅਤੇ ਗਿਰੇ ਹੋਏ ਇਖ਼ਲਾਕ ਅਤੇ ਧਾਰਮਿਕ ਸੋਸ਼ਣ ਅਰਥਾਤ ਮਜ਼੍ਹਬੀ ਤੰਗਦਿਲੀ ਦੇ ਖਿਲਾਫ਼ ਜੰਗ ਦੀ ਸ਼ੁਰੂਆਤ ਅਤੇ ਯਥਾਰਥਕ ਧਾਰਮਿਕ ਗੁਣਾਂ ਨੂੰ ਅਪਣਾਉਣ ਦੇ ਪੈਗ਼ਾਮ ਦੇਣ ਦੀ ਜ਼ੁੱਰਅਤ, ਗੁਰੂ ਨਾਨਕ ਸਾਹਿਬ ਜੀ ਦੀ ਚੜ੍ਹਦੀ ਕਲਾ ਦੀ ਹੀ ਪ੍ਰਤੀਕ ਹੈ ਕਿ ਬਚਪਨ ਵਿਚ ਹੀ ਗੁਰੂ ਨਾਨਕ ਸਾਹਿਬ ਪਾਂਧੇ ਤੋਂ ਏਕੇ (1) ਦਾ ਅਰਥ ਪੁੱਛਦੇ ਹਨ ਅਤੇ ਪੰਡਤ ਨੂੰ ਜੰਞੂ ਦੇ ਜ਼ਰੂਰੀ ਗੁਣ ਦੱਸਦੇ ਹਨ ਅਤੇ ਐਸੇ ਦੈਵੀ ਗੁਣਾਂ ਵਾਲਾ ਜੰਞੂ ਧਾਰਨ ਕਰਨ ਵਾਲੇ ਨੂੰ ਧੰਨਤਾ ਦੇ ਯੋਗ ਦੱਸਦੇ ਹਨ:
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥ (ਪੰਨਾ 471)
ਮਾਨਸਿਕ ਚੜ੍ਹਦੀ ਕਲਾ ਦੁਆਰਾ ਬਖ਼ਸ਼ਿਸ਼ ਨਿਡਰਤਾ ਅਤੇ ਦਲੇਰੀ ਹੀ ਸੀ ਜਿਸ ਨੇ ਸਮੇਂ ਦੇ ਮਹਾਰਾਜੇ ਨੂੰ ਸੰਗਤ ਤੋਂ ਪਹਿਲਾਂ ਪੰਗਤ ਵਿਚ ਬੈਠ ਅਹੰਕਾਰ ਖ਼ਤਮ ਕਰਨ ਲਈ ਮਜਬੂਰ ਕਰਨ ਦੀ ਜ਼ੁਰੱਅਤ ਕੀਤੀ; ਜ਼ਾਲਮ ਰਾਜਿਆਂ ਤੇ ਵਜ਼ੀਰਾਂ ਦੀ ਤੁਲਨਾ ਸ਼ੀਂਹ ਅਤੇ ਕੁੱਤਿਆਂ ਨਾਲ ਕਰਕੇ ਜ਼ੁਲਮ ਵਿਰੁੱਧ ਅਵਾਜ਼ ਉਠਾਈ ਅਤੇ ਜ਼ਾਲਮ ਹਾਕਮ ਨੂੰ ਲਿਖਤੀ ਰੂਪ ਵਿਚ ਜ਼ਫ਼ਰਨਾਮੇ ਜਿਹਾ ਨਿਡਰਤਾ ਤੇ ਸੱਚਾਈ ਭਰਿਆ ਪੱਤਰ ਲਿਖ ਕੇ ਉਸ ਨੂੰ ਲਾਹਨਤ ਪਾਉਣ ਦਾ ਹੀਆ ਕੀਤਾ। ਚੜ੍ਹਦੀ ਕਲਾ ਹੀ ਹੈ ਜੋ ਸਿੱਖਾਂ ਨੂੰ ਸੁਖ ਅਤੇ ਦੁੱਖ ਅਤੇ ਮਾਨ ਅਤੇ ਅਪਮਾਨ ਦੀ ਅਵਸਥਾ ਵਿਚ ਵਿਚਲਿਤ ਹੋਣ ਤੋਂ ਬਚਾਉਂਦੀ ਹੈ ਅਤੇ ਖੁਸ਼ੀ ਅਤੇ ਗ਼ਮੀ ਦੀ ਅਵਸਥਾ ਤੋਂ ਉੱਪਰ ਉੱਠਣ ਦੀ ਪ੍ਰੇਰਨਾ ਦਿੰਦੀ ਹੈ। ਨਹੀਂ ਤਾਂ ਆਮ ਮਨੁੱਖ ਨੂੰ ਇਹ ਦੁਨਿਆਵੀ ਹਾਲਾਤ ਬੜੀ ਅਸਾਨੀ ਨਾਲ ਮਾਨਸਿਕਹੀਣਤਾ (Mental Depression), ਅਹੰਕਾਰ ਅਤੇ ਪਾਪ-ਬਿਰਤੀ ਜਿਹੇ ਮਾਨਸਿਕ ਰੋਗਾਂ ਦਾ ਸ਼ਿਕਾਰ ਕਰ ਸਕਦੇ ਹਨ।
ਮਨ ਦੀ ਚੜ੍ਹਦੀ ਕਲਾ ਵੱਲੋਂ ਬਖ਼ਸ਼ੀ ਸਹਿਨਸ਼ੀਲਤਾ ਦੀ ਇਸ ਤੋਂ ਉੱਤੇ ਕੋਈ ਹੋਰ ਮਿਸਾਲ ਦੁਨੀਆਂ ਦੇ ਕਿਸੇ ਇਤਿਹਾਸ ਵਿਚ ਲੱਭਣੀ ਮੁਸ਼ਕਿਲ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ ’ਤੇ ਬੈਠ, ਸੀਸ ਵਿਚ ਤੱਤਾ ਰੇਤਾ ਪੁਆਉਂਦੇ ਹੋਏ ਵੀ ਆਖਦੇ ਹਨ:
ਤੇਰਾ ਕੀਆ ਮੀਠਾ ਲਾਗੈ॥
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥ (ਪੰਨਾ 394)
ਮਨ ਦੀ ਐਸੀ ਚੜ੍ਹਦੀ ਕਲਾ ਕਿ ਬਾਲ ਸ੍ਰੀ ਗੋਬਿੰਦ ਰਾਏ ਜੀ ਆਪਣੇ ਪਿਤਾ ਨੂੰ ਪ੍ਰੇਰਦੇ ਹਨ ਅਤੇ ਫਿਰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਖੁਦ ਚੱਲ ਕੇ ਪੂਰਨ ਨਿਰਭੈਤਾ ਦੀ ਮਾਨਸਿਕ-ਆਤਮਿਕ ਅਵਸਥਾ ਨੂੰ ਕਾਇਮ ਰੱਖਦਿਆਂ ਆਪਣਾ ਸੀਸ ਭੇਟ ਕਰਦੇ ਹਨ ਅਤੇ ਇਸ ਨਿਰਭੈਤਾ ਭਰਪੂਰ ਵਿਸਮਾਦੀ ਕਾਰਨਾਮੇ ਨੂੰ ਅੰਜਾਮ ਦਿੰਦਿਆਂ ਸੀਅ ਤਕ ਨਹੀਂ ਕਰਦੇ। ਐਸਾ ਪਰਉਪਕਾਰੀ ਸੁਭਾਅ ਮਨ ਦੀ ਚੜ੍ਹਦੀ ਕਲਾ ਨਹੀਂ ਤਾਂ ਹੋਰ ਕੀ ਹੈ? ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਪਿਤਾ ਜੀ ਦੀ ਚੜ੍ਹਦੀ ਕਲਾ ਦੀ ਮਾਨਸਿਕ ਆਤਮਿਕ ਅਵਸਥਾ ਨੂੰ ਪ੍ਰਤੀਬਿੰਬਤ ਕਰਦਿਆਂ ‘ਬਚਿੱਤ੍ਰ ਨਾਟਕ’ ਵਿਚ ਲਿਖਦੇ ਹਨ:
ਸਾਧਨ ਹੇਤ ਇਤੀ ਜਿਨ ਕਰੀ॥
ਸੀਸ ਦੀਆ ਪਰ ਸੀ ਨ ਉਚਰੀ॥
ਫਿਰ ਸਿੱਖਾਂ ਦੀ ਚੜ੍ਹਦੀ ਕਲਾ ਵੇਖੋ ਕਿ ਜ਼ਾਲਮ ਰਾਜੇ ਨੂੰ ਆਪਣੀ ਸ਼ਹੀਦੀ ਵੇਲੇ ਆਖਰੀ ਖਾਹਿਸ਼ ਦੱਸਦੇ ਹਨ ਕਿ ਸਾਡੇ ਮੂੰਹ ਗੁਰੂ ਵੱਲ ਹੋਣ, ਹੋਰ ਕੁਝ ਨਹੀਂ। ਆਪ ਸਭ ਜਾਣੂ ਹੋ ਕਿ ਇਹ ਸ਼ਹੀਦੀ ਸਾਕਾ ਗੁਰੂ ਜੀ ਦੇ ਨਿਰਭੈਤਾ ਭਰਪੂਰ ਕਾਰਨਾਮੇ ਤੋਂ ਪਹਿਲਾਂ ਉਨ੍ਹਾਂ ਦੇ ਤਿੰਨ ਸਿੱਖਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੇ ਵਰਤਾਇਆ। ਮਨ ਦੀ ਚੜ੍ਹਦੀ ਕਲਾ ਛੋਟੇ-ਛੋਟੇ ਬੱਚਿਆਂ ਨੂੰ ਵੀ ਜ਼ੁਲਮ ਦੇ ਖਿਲਾਫ ਡੱਟ ਕੇ ਰਹਿਣ ਦੀ ਤਾਕਤ ਬਖਸ਼, ਦੁਨੀਆਂ ਵਿਚ ਵਿਲੱਖਣ ਉਦਾਹਰਣ ਦਿੰਦੀ ਹੈ। ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ ਇਸ ਦੀ ਮੂੰਹੋਂ-ਬੋਲਦੀ ਮਿਸਾਲ ਹੈ। ਇਹ ਮਨ ਦੀ ਚੜ੍ਹਦੀ ਕਲਾ ਹੀ ਹੈ ਕਿ ਜਿਸ ਰਾਜ-ਭਾਗ ਕਾਰਨ ਦੁਨੀਆਂ ਤਰਲੋਮੱਛੀ ਹੋਈ ਫਿਰਦੀ ਹੈ ਅਤੇ ਜਿਸ ਅਖੌਤੀ ਸ਼ਕਤੀ ਨੂੰ ਪਾਉਣ ਲਈ ਦੂਸਰੇ ਧਰਮਾਂ ਵਾਲੇ ਤਰਲੇ ਕਰਦੇ ਫਿਰਦੇ ਹਨ, ਉਸ ਰਾਜ ਅਤੇ ਸ਼ਕਤੀ ਨੂੰ ਪਵਿੱਤਰ ਬਾਣੀ, ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਬਦਲੇ ਠੁਕਰਾ ਦਿੰਦੀ ਹੈ:
ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥ (ਪੰਨਾ 534)
ਮਨ ਦੀ ਚੜ੍ਹਦੀ ਕਲਾ ਸਿੱਖ ਨੂੰ ਮਰਨ ਦਾ ਚਾਅ ਤਕ ਬਖਸ਼ਿਸ਼ ਕਰ ਦਿੰਦੀ ਹੈ, ਬਸ਼ਰਤੇ ਕਿ ਇਹ ਮੌਤ ਪ੍ਰਭੂ ਦੇ ਦਰ ਨਾਲ ਜੋੜ ਦੇਵੇ:
ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ॥ (ਪੰਨਾ 1367)
ਮਨ ਦੀ ਚੜ੍ਹਦੀ ਕਲਾ ਹੀ ਸਿੱਖ ਨੂੰ ਦੇਵਤਿਆਂ ਦੀ ਪੂਜਾ ਛੱਡ, ਇੱਕ ਅਕਾਲ ਪੁਰਖ ਨਾਲ ਦਿਲੀ ਸਾਂਝ ਪਾ ਕੇ ਸ਼ਬਦ ਦਾ ਪਰਚਾ ਪਾਉਣ ਦੀ ਰਹਿਤ ਮਰਯਾਦਾ ਦਾ ਧਾਰਨੀ ਬਣਾਉਂਦੀ ਹੈ; ਨਹੀਂ ਤਾਂ ਸਿੱਖ ਵੀ ਕਿਸੇ ਦੇਵਤੇ ਤੋਂ ਧਨ, ਕਿਸੇ ਹੋਰ ਤੋਂ ਔਲਾਦ ਅਤੇ ਫਿਰ ਕਿਸੇ ਹੋਰ ਤੋਂ ਕੋਈ ਹੋਰ ਦੁਨਿਆਵੀ ਸੁਖ ਮੰਗਣ ਲਈ ਤਰਲੇ ਕਰਦੇ ਫਿਰਦੇ ਵਿਖਾਈ ਦਿੰਦੇ। ਪਰ ਚੜ੍ਹਦੀ ਕਲਾ ਨੇ ਐਲਾਨ ਕਰ ਦਿੱਤਾ ਕਿ ਹੇ ਪਰਮਾਤਮਾ! ਜੇ ਤੂੰ ਮੇਰੇ ਵੱਲ ਹੈ ਤਾਂ ਮੈਨੂੰ ਤੈਥੋਂ ਹੀ ਸਭ ਕੁਝ ਮਿਲ ਜਾਵੇਗਾ ਕਿਉਂਕਿ ਮੈਂ ਤਾਂ ਹੈ ਹੀ ਤੇਰਾ ਹਾਂ। ਮੈਨੂੰ ਪੈਸੇ ਦੀ ਘਾਟ ਨਹੀਂ ਰਹੇਗੀ, ਸਾਰੀ ਲੋਕਾਈ ਮੇਰੀ ਸੇਵਾ ਕਰੇਗੀ, ਸਾਰੇ ਵੈਰੀ ਵੀ ਮਿੱਤਰਾਂ ਸਮਾਨ ਹੋ ਜਾਣਗੇ ਤੇ ਮੇਰਾ ਕੋਈ ਮੰਦਾ ਵੀ ਨਹੀਂ ਮੰਗੇਗਾ, ਮੈਥੋਂ ਕੋਈ ਲੇਖਾ ਵੀ ਨਹੀਂ ਮੰਗੇਗਾ, ਕਿਉਂਕਿ ਆਪਣੇ ਪਿਆਰ ਸਦਕਾ ਤੂੰ ਮੈਨੂੰ ਬਖਸ਼ਿਸ਼ਾਂ ਕਰ ਦਏਂਗਾ। ਫਿਰ ਚੜ੍ਹਦੀ ਕਲਾ ਇਸ ਨੂੰ ਗੁਰੂ ਦੇ ਮਿਲਾਪ ਦੇ ਸੁਖ ਅਨੰਦ ਬਖਸ਼ਿਸ਼ ਕਰ, ਇਸ ਦੇ ਸਭ ਕਾਰਜ ਸੁਆਰਨ ਵਿਚ ਸਹਾਈ ਹੁੰਦੀ ਹੈ:
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ॥
ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ॥
ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ॥
ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ॥
ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ॥
ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ॥
ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ॥
ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ॥ (ਪੰਨਾ 1096)
ਚੜ੍ਹਦੀ ਕਲਾ ਸਿੱਖ ਨੂੰ ਅਕਾਲ ਪੁਰਖ ਨੂੰ ਆਪਣੇ ਮਾਤਾ-ਪਿਤਾ, ਭੈਣ-ਭਰਾ ਅਤੇ ਹੋਰ ਅੰਗ-ਸਾਕ ਰਿਸ਼ਤਿਆਂ ਵਾਂਗੂ ਹਰ ਸਮੇਂ ਆਪਣੇ ਅੰਗ-ਸੰਗ ਮਹਿਸੂਸ ਕਰਨ ਵਿਚ ਸਹਾਈ ਹੁੰਦੀ ਹੈ ਅਤੇ ਹਰੇਕ ਡਰ ਤੋਂ ਬਚਾਉਂਦੀ ਹੈ:
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ॥
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ॥ (ਪੰਨਾ 103)
ਮਨ ਦੀ ਚੜ੍ਹਦੀ ਕਲਾ ਕਾਰਨ ਸਿੱਖ ਗੁਰੂ ਦੀ ਥਾਪੀ ਲੈ ਕੇ ਪੰਜ ਵਿਕਾਰਾਂ ਰੂਪੀ ਭਲਵਾਨਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੋ ਜਾਂਦਾ ਹੈ ਅਤੇ ਉਨ੍ਹਾਂ ਉੱਪਰ ਆਪਣੀ ਜਿੱਤ ਪ੍ਰਾਪਤ ਕਰ ਸਕਦਾ ਹੈ:
ਹਉ ਗੋਸਾਈ ਦਾ ਪਹਿਲਵਾਨੜਾ॥
ਮੈ ਗੁਰ ਮਿਲਿ ਉਚ ਦੁਮਾਲੜਾ॥
ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ॥17॥
ਵਾਤ ਵਜਨਿ ਟੰਮਕ ਭੇਰੀਆ॥
ਮਲ ਲਥੇ ਲੈਦੇ ਫੇਰੀਆ॥
ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ॥ (ਪੰਨਾ 74)
ਚੜ੍ਹਦੀ ਕਲਾ ਨੇ ਹੀ ਸਿੱਖਾਂ ਨੂੰ ਦੁਨਿਆਵੀ ਰੰਗਾਂ ਦੀ ਹੋਲੀ ਦੀ ਬਜਾਇ ਪਰਮਾਤਮਾ ਦੇ ਪਿਆਰ ਦੇ ਰੰਗ ਵਿਚ ਉਸ ਦੇ ਪਿਆਰੇ ਸੰਤਾਂ ਨਾਲ ਖੇਡਿਆ ਜਾਣ ਵਾਲਾ ਹੋਲਾ ਮਹੱਲਾ ਬਖਸ਼ਿਸ਼ ਕੀਤਾ:
ਹੋਲੀ ਕੀਨੀ ਸੰਤ ਸੇਵ॥
ਰੰਗੁ ਲਾਗਾ ਅਤਿ ਲਾਲ ਦੇਵ॥
ਚੜ੍ਹਦੀ ਕਲਾ ਹੀ ਸਿੱਖਾਂ ਨੂੰ ਅਖੌਤੀ ਕ੍ਰੋਧਵਾਨ ਦੇਵੀ-ਦੇਵਤਿਆਂ ਦੇ ਸਰਾਪ ਦੀ ਪਰਵਾਹ ਨਾ ਕਰਦੇ ਹੋਏ ਉਨ੍ਹਾਂ ਤੋਂ ਡਰਦੇ ਮਾਰੇ ਉਨ੍ਹਾਂ ਦੀ ਪੂਜਾ ਕਰਨ ਤੋਂ ਵਰਜ ਕੇ ਇਹ ਵਿਸ਼ਵਾਸ਼ ਦ੍ਰਿੜ੍ਹ ਕਰਵਾਉਂਦੀ ਹੈ ਕਿ ਅਕਾਲ ਪੁਰਖ ਦੀ ਪੂਜਾ ਬਿਨਾਂ ਹੋਰ ਕੋਈ ਸੇਵਾ ਪ੍ਰਵਾਨ ਨਹੀਂ:
ਤੋਰਉ ਨ ਪਾਤੀ ਪੂਜਉ ਨ ਦੇਵਾ॥
ਰਾਮ ਭਗਤਿ ਬਿਨੁ ਨਿਹਫਲ ਸੇਵਾ॥ (ਪੰਨਾ 1158)
ਮਾਨਸਿਕ ਚੜ੍ਹਦੀ ਕਲਾ ਨੇ ਹੀ ਸਿੱਖਾਂ ਨੂੰ ਮੜ੍ਹੀ ਤੇ ਕਬਰ-ਪੂਜਾ ਜਿਹੀਆਂ ਧਾਰਮਿਕ ਅਤੇ ਸਮਾਜਿਕ ਕੁਰੀਤੀਆਂ ਤੋਂ ਗੁਰੇਜ਼ ਕਰਨ ਦੀ ਸੋਚ ਬਖਸ਼ਿਸ਼ ਕੀਤੀ ਅਤੇ ਇਨ੍ਹਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ, ਨਹੀਂ ਤਾਂ ਬਹੁਤ ਸਾਰੇ ਲੋਕ ਮੋਇਆਂ ਹੋਇਆਂ ਤੋਂ ਡਰਦੇ ਅੱਜਕਲ੍ਹ ਵੀ ਵੱਡੇ-ਵਡੇਰਿਆਂ ਦੀਆਂ ਕਬਰਾਂ ਅਤੇ ਮੜ੍ਹੀਆਂ-ਮੱਠ ਪੂਜਣ ਲਈ ਮਜਬੂਰ ਦਿੱਸਦੇ ਹਨ।
ਚੜ੍ਹਦੀ ਕਲਾ ਖਾਲਸੇ ਨੂੰ ਨਿੱਤ ਧਰਮ ਹਿਤ ਜੰਗਾਂ ਕਰਨ ਲਈ ਘੋੜੇ ਦੀ ਸਵਾਰੀ ਕਰਨ ਲਈ ਪ੍ਰੇਰਿਤ ਕਰਦਿਆਂ ਹੋਇਆਂ, ਇਸ ਜੁਝਾਰੂ ਸੁਭਾਅ ਨੂੰ ਖਾਲਸੇ ਦੀ ਪਰਿਭਾਸ਼ਾ ਹੀ ਬਣਾ ਦਿੰਦੀ ਹੈ:
ਖਾਲਸਾ ਸੋ ਜੋ ਚੜੈ ਤੁਰੰਗ।
ਖਾਲਸਾ ਸੋ ਜੋ ਕਰੇ ਨਿੱਤ ਜੰਗ।
ਚੜ੍ਹਦੀ ਕਲਾ ਵਿਚ ਰਹਿਣਾ ਅਸਲ ਵਿਚ ਸਿੱਖੀ ਸੁਭਾਅ ਦਾ ਜ਼ਰੂਰੀ ਹਿੱਸਾ ਹੈ ਅਤੇ ਸਿੱਖ ਜੀਵਨ ਦੇ ਹਰ ਪੜਾਅ ਵਿਚ ਸਫਲਤਾ ਪ੍ਰਾਪਤ ਕਰਨ ਅਤੇ ਜੀਵਨ ਦੇ ਹਰ ਦੁੱਖ ਨੂੰ ਬਰਦਾਸ਼ਤ ਕਰਨ ਦੇ ਕਾਬਲ ਬਣਾਉਣ ਵਿਚ ਸਹਾਈ ਹੁੰਦਾ ਹੈ। ਚੜ੍ਹਦੀ ਕਲਾ ਬਿਨਾਂ ਸ਼ਾਇਦ ਸਿੱਖ ਹੋਣ ਦੇ ਮਾਣ ਤੋਂ ਵੀ ਇਸ ਨੂੰ ਵਾਂਝੇ ਹੋਣਾ ਪੈ ਜਾਏਗਾ। ਮਨ ਦੀ ਚੜ੍ਹਦੀ ਕਲਾ ਕਾਰਨ ਹੀ ਸਿੱਖ ਨੂੰ ਕਿਸੇ ਤਰ੍ਹਾਂ ਦੀ ਭੁੱਖ ਜਾਂ ਦੁੱਖ ਦੀ ਅਵਸਥਾ ਵੀ ਪ੍ਰੇਸ਼ਾਨ ਨਹੀਂ ਕਰ ਸਕਦੀ:
ਤੂੰ ਮੇਰੋ ਪਿਆਰੋ ਤਾ ਕੈਸੀ ਭੂਖਾ॥
ਤੂੰ ਮਨਿ ਵਸਿਆ ਲਗੈ ਨ ਦੂਖਾ॥ (ਪੰਨਾ 376)
ਬਾਅਦ ਵਿਚ ਮਨ ਦੀ ਚੜ੍ਹਦੀ ਕਲਾ ਤੋਂ ਉਪਜੀ ਇਹ ਪ੍ਰਭੂ-ਚਰਨਾਂ ਦੀ ਪ੍ਰੀਤ, ਮਨੁੱਖੀ ਮਨ ਦੇ ਕੀਤੇ ਸਾਰੇ ਕੁਕਰਮਾਂ ਦਾ ਸਾਰਾ ਲੇਖਾ-ਜੋਖਾ ਖ਼ਤਮ ਕਰਨ ਵਿਚ ਸਹਾਈ ਹੁੰਦੀ ਹੈ ਅਤੇ ਅਧਿਆਤਮ ਦੇ ਧਰਮਰਾਜ ਨੂੰ ਇਸ ਲੇਖੇ ਦਾ ਅਖੌਤੀ ਕਾਗਜ਼ ਪਾੜਨ ਅਤੇ ਉਸ ਧਰਮਰਾਜ ਨਾਲ ਸੰਬੰਧ ਬਣਾਉਣ ਅਤੇ ਧਰਮਰਾਜ ਤਕ ਦੁਆਰਾ ਇਸ ਦਾ ਆਦਰ-ਮਾਣ ਕਰਵਾਉਣ ਵਿਚ ਵੀ ਸਹਾਇਤਾ ਕਰਦੀ ਹੈ:
ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ॥ (ਪੰਨਾ 698)
ਮਨ ਦੀ ਚੜ੍ਹਦੀ ਕਲਾ ਇਸ ਨੂੰ ਦੁਨਿਆਵੀ ਨਸ਼ਿਆਂ ਦਾ ਗ਼ੁਲਾਮ ਨਾ ਹੋ ਕੇ ਇਸ ਨੂੰ ਪ੍ਰਭ ਦੇ ਨਾਮ ਦੀ ਖੁਮਾਰੀ ਦਾ ਅਨੰਦ ਬਖ਼ਸ਼ਦੀ ਹੈ। ਗੁਰੂ ਨਾਨਕ ਸਾਹਿਬ ਦੇ ਪਵਿੱਤਰ ਨਾਮ ਨਾਲ ਜੁੜਿਆ ਲੋਕ-ਪ੍ਰਚਲਤ ਕਥਨ ਹੈ:
ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ।
ਮਨ ਦੀ ਚੜ੍ਹਦੀ ਕਲਾ ਕਾਰਨ ਹੀ ਸਿੱਖ ਸਾਲਾਨਾ ਸ਼ਹੀਦੀ ਦਿਹਾੜੇ ਮਨਾਉਣ ਤੋਂ ਇਲਾਵਾ ਹਰ ਰੋਜ਼ ਦੋਨੋਂ ਵੇਲੇ ਆਪਣੀ ਅਰਦਾਸ ਵਿਚ ਧਰਮ ਹਿੱਤ ਕੁਰਬਾਨ ਹੋਏ ਸ਼ਹੀਦਾਂ ਨੂੰ ਯਾਦ ਕਰਦੇ ਹਨ ਅਤੇ ਚੜ੍ਹਦੀ ਕਲਾ ਕਾਰਨ ਹੀ ਸਿੱਖ ਵਾਹਿਗੁਰੂ ਤੋਂ ਆਪਣ ਵਿੱਛੜੇ ਗੁਰਧਾਮਾਂ ਦੀ ਸੇਵਾ-ਸੰਭਾਲ ਦਾ ਦਾਨ ਲੈਣ ਲਈ ਲਗਾਤਾਰ ਅਰਦਾਸਾਂ ਕਰਦੇ ਹਨ।
ਸਾਰੀ ਸਿੱਖ ਅਰਦਾਸ ਮਨ ਦੀ ਚੜ੍ਹਦੀ ਕਲਾ ਦਾ ਉੱਚਾ ਤੇ ਸੁੱਚਾ ਨਮੂਨਾ ਹੈ। ਅਰਦਾਸ ਚੜ੍ਹਦੀ ਕਲਾ ਵਿਚ ਰਹੇ ਬਿਨਾਂ ਕੀਤੀ ਹੀ ਨਹੀਂ ਜਾ ਸਕਦੀ ਅਤੇ ਅਰਦਾਸ ਸਿੱਖ ਨੂੰ ਸਹਿਜੇ ਹੀ ਹੋਰ ਵਧੇਰੇ ਚੜ੍ਹਦੀ ਕਲਾ ਵਿਚ ਰਹਿਣਾ ਬਖਸ਼ਿਸ਼ ਕਰ ਦੇਂਦੀ ਹੈ। ਚੜ੍ਹਦੀ ਕਲਾ ਕਾਰਨ ਹੀ ਸਿੱਖਾਂ ਦਾ ਹਰ ਖੁਸ਼ੀ ਅਤੇ ਗ਼ਮੀ ਦਾ ਸਮਾਗਮ, ਸ੍ਰੀ ਅਨੰਦ ਸਾਹਿਬ ਦੇ ਪਾਠ ਨਾਲ ਹੀ ਖ਼ਤਮ ਹੁੰਦਾ ਹੈ ਅਤੇ ਫਿਰ ਮਨ ਦੀ ਚੜ੍ਹਦੀ ਕਲਾ ਕਾਰਨ ਹੀ ਸਿੱਖ ਸੌੜੇ ਸੁਭਾਅ ਤੋਂ ਉੱਪਰ ਉੱਠ ਕੇ, ਪਰਮਾਰਥ ਨੂੰ ਲੋਚਦੇ ਹੋਏ, ਹਰ ਰੋਜ਼ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਨ ਅਤੇ ਪਰਮਾਤਮਾ ਦੇ ਨਾਮ ਵਿਚ ਇਕਮਿਕ ਹੋ ਕੇ ਅਕਾਲ ਪੁਰਖ ਨੂੰ ਬੇਨਤੀ ਕਰਦੇ ਹਨ:
ਨਾਨਕ ਨਾਮ ਚੜ੍ਹਦੀ ਕਲਾ॥
ਤੇਰੇ ਭਾਣੇ ਸਰਬੱਤ ਦਾ ਭਲਾ॥
ਲੇਖਕ ਬਾਰੇ
36-3525 BRANDON GATE DRIVE MISSISAGA ON, L 4T 3M3 CANADA
- ਸ. ਜੋਗਿੰਦਰ ਸਿੰਘ ਜੋਗੀhttps://sikharchives.org/kosh/author/%e0%a8%b8-%e0%a8%9c%e0%a9%8b%e0%a8%97%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8b%e0%a8%97%e0%a9%80/January 1, 2008